• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(1) Question:- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਕਦੋਂ ਤੇ ਕਿਥੇ ਪ੍ਰਕਾਸ਼ ਹੋਇਆ? ਆਪ ਜੀ ਦੇ ਮਾਤਾ ਪਿਤਾ ਦੇ ਕੀ ਨਾਮ ਸਨ? ਆਪ ਜੀ ਦੇ ਜਨਮ ਬਾਰੇ ਕੱਤਕ ਜਾਂ ਵੈਸਾਖ ਦਾ ਮਤਭੇਦ ਕੀ ਹੈ, ਸਥਿਤੀ ਸਪੱਸ਼ਟ ਕਰੋ?
Answer:- ਸ੍ਰੀ ਗੁਰੂ ਨਾਨਕ ਦੇ ਜੀ ਦਾ ਜਨਮ ਰਾਏ ਭੋਇੰ ਦੀ ਤਲਵੰਡੀ, ਜਿਸ ਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਤੇ ਜੋ ਹੁਣ ਪਾਕਿਸਤਾਨ ਵਿਚ ਹੈ, ਵਿਖੇ ਸੰਨ 1469 ਵਿਚ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਹੋਇਆ।
ਭਾਈ ਬਾਲੇ ਵਾਲੀ ਜਨਮ ਸਾਖੀ
ਗੁਰੂ ਨਾਨਕ ਦੇਵ ਜੀ ਬਾਰੇ ਸਾਨੂੰ ਜਿਆਦਾ ਜਾਣਕਾਰੀ ਉਨ੍ਹਾਂ ਦੇ ਜੀਵਨ ਬਾਰੇ ਲਿਖੀਆਂ ਜਨਮ ਸਾਖੀਆਂ ਵਿਚੋਂ ਮਿਲਦੀ ਹੈ। ਇਹਨਾਂ ਜਨਮ ਸਾਖੀਆਂ ਵਿਚੋਂ ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪ੍ਰਸਿੱਧ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਅੰਗਦ ਦੇਵ ਜੀ ਨੇ ਭਾਈ ਪੈੜੇ ਮੋਖੇ ਤੋਂ 1601 ਬਿਕ੍ਰਮੀ ਵਿਚ ਭਾਈ ਬਾਲੇ ਦੀ ਜੁਬਾਨੀ ਲਿਖਵਾਈ ਸੀ। ਇਸ ਜਨਮ ਸਾਖੀ ਵਿਚ ਗੁਰੂ ਮਹਾਰਾਜ ਜੀ ਦਾ ਅਵਤਾਰ ਕੱਤਕ ਦੀ ਪੂਰਨਮਾਸ਼ੀ ਸੰਮਤ 1526 ਲਿਖਿਆ ਹੈ। ਭਾਵੇਂ ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਆਪਣੀ ਜਨਮ ਸਾਖੀ ਵਿਚ ਅਵਤਾਰ ਧਾਰਨ ਦਾ ਮਹੀਨਾ ਵੈਸਾਖ 1526 ਦੱਸਿਆ ਤੇ ਮਾਸਟਰ ਕਰਮ ਸਿੰਘ ਹਿਸਟੋਰੀਅਨ ਨੇ ਆਪਣੀ ਪੁਸਤਕ 'ਕੱਤਕ ਕਿ ਵੈਸਾਖ' ਵਿਚ ਵੀ ਵੈਸਾਖ 1526 ਹੀ ਜਨਮ ਦਾ ਮਹੀਨਾ ਮੰਨਿਆ, ਪਰ ਇਸ ਧਾਰਨਾ ਨਾਲ ਪੰਥ ਵਿਚ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਵਜੋਂ ਸਿੱਖ ਪੰਥ ਦੀਆਂ ਦੋ ਮੁੱਖ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੀਫ ਖਾਲਸਾ ਦੀਵਾਨ ਨੇ ਕੌਮ ਦੇ ਲਈ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਰਹੇ। ਇਸ ਫੈਸਲੇ ਦੇ ਅੰਤਰਗਤ ਹੀ ਹੁਣ ਇਹ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ। ਐਸ.ਜੀ.ਪੀ.ਸੀ. ਦੁਆਰਾ ਨਾਨਕਸ਼ਾਹੀ ਜੰਤਰੀ ਜਾਰੀ ਕਰਨ ਜੋ ਬਾਅਦ ਵੀ ਇਸ ਪਰੰਪਰਾ ਨੂੰ ਬਰਕਰਾਰ ਰੱਖਿਆ ਗਿਆ ਹੈ।
(2) Question:- ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਪੰਜਾਬ ਦੀ ਸਮਾਜਿਕ, ਧਾਰਮਿਕ, ਆਰਥਿਕ ਤੇ ਰਾਜਨੀਤਕ ਹਾਲਤ ਕਿਸ ਤਰ੍ਹਾਂ ਦੀ ਸੀ?
Answer:- ਉਸ ਵੇਲੇ ਪੰਜਾਬ ਵਿਚ ਪ੍ਰਮੁੱਖ ਦੋ ਧਰਮ ਸਨ
ਹਿੰਦੂ ਧਰਮ ਤੇ ਇਸਲਾਮ। ਇਸਲਾਮ ਧਰਮ ਦੀ ਸਮਾਜਿਕ ਤੇ ਆਰਥਿਕ ਸਥਿਤੀ ਹਿੰਦੂ ਧਰਮ ਨਾਲੋਂ ਕੁਝ ਚੰਗੀ ਸੀ। ਕਿਉਂਕਿ ਮੁਸਲਿਮ ਰਾਜ ਸੀ, ਸੋ ਉਚ ਸ਼੍ਰੇਣੀ ਦੇ ਮੁਸਲਮਾਨ ਜਿਵੇਂ ਕਿ ਸਰਦਾਰ, ਖਾਨ, ਮਲਕ ਤੇ ਅਮੀਰ ਐਸ਼ ਆਰਾਮ ਵਾਲਾ ਜੀਵਨ ਬਿਤਾ ਰਹੇ ਸਨ। ਗਰੀਬ ਮੁਸਲਮਾਨਾਂ ਦੀ ਹਾਲਤ ਹਿੰਦੂਆਂ ਵਰਗੀ ਸੀ ਪਰ ਉਨ੍ਹਾਂ ਨੂੰ ਹਿੰਦੂਆਂ ਵਾਂਗ ਧਾਰਮਿਕ ਟੈਕਸ ਜਿਵੇਂ ਕਿ ਜਜੀਆ ਨਹੀਂ ਸੀ ਦੇਣੇ ਪੈਂਦੇ। ਹਿੰਦੂਆਂ ਤੇ ਕਈ ਤਰ੍ਹਾਂ ਦੇ ਹੋਰ ਵੀ ਜ਼ੁਲਮ ਹੁੰਦੇ ਸਨ ਤੇ ਉਨ੍ਹਾਂ ਨੂੰ ਨਫਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ। ਹਿੰਦੂ ਸਮਾਜ ਵਿਚ ਜਾਤਾਂ ਉਪਜਾਤਾਂ ਨੇ ਉਨ੍ਹਾਂ ਦੀ ਹਾਲਤ ਹੋਰ ਵੀ ਮਾੜੀ ਕਰ ਦਿੱਤੀ ਸੀ। ਇਸਤਰੀ ਨੂੰ ਦੋਨਾਂ ਧਰਮਾਂ ਵਿਚ ਇਕ ਐਸ਼ ਦੀ ਵਸਤੂ ਤੋਂ ਵੱਧ ਕੁਝ ਵੀ ਨਹੀਂ ਸੀ ਸਮਝਿਆ ਜਾਂਦਾ। ਹਿੰਦੂ ਧਰਮ ਵਿਚ ਵਰਤ, ਤੀਰਥ ਯਾਤਰਾ ਤੇ ਹੋਰ ਕਈ ਕਰਮ-ਕਾਂਡਾਂ ਨੂੰ ਮਹੱਤਤਾ ਦਿੱਤੀ ਜਾਂਦੀ ਸੀ। ਲੋਕ ਧਰਮ ਤੋਂ ਦੂਰ ਪਖੰਡਾਂ, ਵਹਿਮਾਂ ਭਰਮਾਂ ਵਿਚ ਫਸੇ ਹੋਏ ਮੂਰਤੀ ਪੂਜਨ ਨੂੰ ਪ੍ਰਧਾਨਤਾ ਦੇਂਦੇ ਸਨ। ਇਸਲਾਮ ਵਿਚ ਵੀ ਕਈ ਰਸਮਾਂ ਰਿਵਾਜਾਂ ਨੇ ਲੋਕਾਂ ਨੂੰ ਧਰਮ ਦੇ ਰਸਤੇ ਤੋਂ ਦੂਰ ਕਰ ਦਿੱਤਾ ਸੀ। ਬਾਬਰ ਦੇ ਹਮਲੇ ਨਾਲ ਰਾਜਨੀਤਕ ਅਵਸਥਾ ਵਿਚ ਵੀ ਤਨਾਵ ਬਣਿਆ ਹੋਇਆ ਸੀ।
(3) Question:- ਕੁਝ ਅਜਿਹੇ ਵਿਅਕਤੀਆਂ ਦੇ ਨਾਮ ਦੱਸੋ ਜਿਨ੍ਹਾਂ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਨਾਲ ਉਨ੍ਹਾਂ ਦੇ ਬਚਪਨ ਦੇ ਦਿਨਾਂ ਵਿਚ ਰਿਹਾ?
Answer:- ਗੁਰੂ ਜੀ ਦੇ ਜਨਮ ਵੇਲੇ ਦੀ ਦਾਈ ਦਾ ਨਾਂ ਦੌਲਤਾਂ ਸੀ। ਉਸਨੇ ਬਾਲਕ ਦੇ ਜਨਮ ਸਮੇਂ ਉਸ ਦੇ ਮੁਖ 'ਤੇ ਹਾਸਾ ਤੇ ਜਨਮ ਅਸਥਾਨ 'ਤੇ ਇਕ ਅਜਬ ਰੌਸ਼ਨੀ ਦੇਖੀ। ਪੰਡਿਤ ਹਰਦਿਆਲ ਨੇ ਵੀ ਬਾਲਕ ਨੂੰ ਇਕ ਅਸਾਧਾਰਨ ਬਾਲ ਦੱਸਦੇ ਹੋਏ ਭਵਿੱਖ ਬਾਣੀ ਕੀਤੀ ਕਿ ਇਹ ਸਾਰੇ ਜੱਗ ਦਾ ਉਧਾਰ ਕਰੇਗਾ। ਤਲਵੰਡੀ ਦਾ ਜ਼ਿਮੀਦਾਰ ਰਾਏ ਬੁਲਾਰ ਵੀ ਗੁਰੂ ਜੀ ਦੇ ਬਚਪਨ ਤੋਂ ਹੀ ਉਨ੍ਹਾਂ ਦੀ ਮਹਾਨਤਾ ਨੂੰ ਸਮਝਦਾ ਸੀ ਤੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਇਸ ਬਾਰੇ ਦੱਸਦਾ ਰਹਿੰਦਾ ਸੀ। ਗੁਰੂ ਜੀ ਦੀ ਭੈਣ ਬੇਬੇ ਨਾਨਕੀ ਵੀ ਬਚਪਨ ਤੋਂ ਹੀ ਆਪਣੇ ਵੀਰ ਨੂੰ ਰੱਬ ਦਾ ਰੂਪ ਸਮਝਦੀ ਸੀ ਜੋ ਸੰਸਾਰ ਵਿਚ ਲੋਕਾਂ ਨੂੰ ਧਰਮ ਦੇ ਰਾਹ 'ਤੇ ਪਾਉਣ ਲਈ ਪ੍ਰਗਟ ਹੋਇਆ ਸੀ।
(4) Question:- ਗੁਰੂ ਨਾਨਕ ਦੇਵ ਜੀ ਦੇ ਬਚਪਨ ਵਿਚ ਹੋਈਆਂ ਕੁਝ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਕਰੋ।
Answer:- ਗੁਰੂ ਜੀ ਆਮ ਬੱਚਿਆਂ ਤੋਂ ਅਲੱਗ ਸੁਭਾਅ ਦੇ ਸਨ। ਆਪ ਦਾ ਮਨ ਸੇਵਾ ਤੇ ਪ੍ਰੇਮ ਨਾਲ ਭਰਿਆ ਰਹਿੰਦਾ ਸੀ ਤੇ ਭਗਤੀ ਦੀ ਭਾਵਨਾ ਨਾਲ ਜੁੜਿਆ ਰਹਿੰਦਾ ਸੀ। ਕਈ ਤਰ੍ਹਾਂ ਦੀਆਂ ਅਲੌਕਿਕ ਕਹਾਣੀਆਂ ਆਪ ਦੇ ਬਚਪਨ ਨਾਲ ਜੁੜੀਆਂ ਹੋਈਆਂ ਹਨ। ਮਿਸਾਲ ਦੇ ਤੌਰ 'ਤੇ ਜਦ ਆਪ ਨੂੰ ਜਨੇਊ ਪਾਉਣ ਦੀ ਰਸਮ ਹੋਣ ਲੱਗੀ ਤਾਂ ਕੱਚਾ ਜਨੇਊ ਪਾਉਣ ਤੋਂ ਆਪ ਨੇ ਇਨਕਾਰ ਕਰਦੇ ਹੋਏ ਪਾਂਡੇ ਨੂੰ ਦੱਸਿਆ ਕਿ ਅਸਲੀ ਜਨੇਊ ਕਿਸ ਤਰ੍ਹਾਂ ਦਾ ਹੁੰਦਾ ਹੈ:-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤਾ ਪਾਂਡੇ ਘਤੁ।।
ਨਾ ਏਹੁ ਤੁਟੈ ਮਲੁ ਲਗੈ ਏਹੁ ਜਲੈ ਨ ਜਾਇ।।
ਧੰਨੁ ਸੁ ਮਾਣਸ ਨਾਨਕ ਜੋ ਗਲਿ ਚਲੇ ਪਾਇ।। (ਅੰਗ 471)
ਇਕ ਵਾਰ ਆਪ ਜੀ ਦੇ ਪਿਤਾ ਨੇ ਆਪ ਜੀ ਨੂੰ ਮੱਝਾਂ ਚਾਰਨ ਵਾਸਤੇ ਕਿਹਾ। ਮੱਝਾਂ ਚਾਰਦੇ ਹੋਏ ਆਪ ਦੇ ਧਿਆਨ ਤੋਂ ਹਟ ਕੇ ਮੱਝਾਂ ਇਕ ਜ਼ਿਮੀਦਾਰ ਦੇ ਖੇਤ ਵਿਚ ਜਾ ਵੜੀਆਂ ਤੇ ਉਸ ਦੀ ਸਾਰੀ ਖੇਤੀ ਖਾ ਗਈਆਂ। ਜਦ ਜ਼ਿਮੀਦਾਰ ਦੀ ਸ਼ਿਕਾਇਤ 'ਤੇ ਰਾਇ ਬੁਲਾਰ ਨੇ ਪਤਾ ਕਰਵਾਇਆ ਤਾਂ ਸਾਰਾ ਖੇਤ ਹਰਿਆ ਭਰਿਆ ਹੀ ਪਾਇਆ ਗਿਆ। ਇਸ ਤਰ੍ਹਾਂ ਹੀ ਇਕ ਵਾਰ ਮੱਝਾਂ ਚਾਰਦੇ ਆਪ ਪ੍ਰਭੂ ਦੇ ਧਿਆਨ ਵਿਚ ਲੀਨ ਇਕ ਬ੍ਰਿਛ ਹੇਠਾਂ ਬਿਰਾਜ ਰਹੇ ਸਨ ਤਾਂ ਆਪ ਦੇ ਮੁੱਖ 'ਤੇ ਆਈ ਧੁੱਪ ਨੂੰ ਦੂਰ ਕਰਨ ਲਈ ਇਕ ਸਰਪ ਨੇ ਆਪ ਦੇ ਮੁਖ 'ਤੇ ਛਾਂ ਕੀਤੀ। ਇਸ ਕੌਤਕ ਨੂੰ ਰਾਏ ਬੁਲਾਰ ਨੇ ਵੀ ਦੇਖਿਆ। ਇਸ ਅਸਥਾਨ 'ਤੇ ਇਕ ਗੁਰਦੁਆਰਾ ਮਾਲ ਜੀ ਸਾਹਿਬ (ਹੁਣ ਪਾਕਿਸਤਾਨ ਵਿਚ) ਸਥਿਤ ਹੈ।
ਪਿਤਾ ਕਾਲੂ ਨੇ ਬਾਲਕ ਨਾਨਕ ਨੂੰ ਕਿਸੇ ਵੀ ਕੰਮ ਵਿਚ ਦਿਲਚਸਪੀ ਨਾ ਲੈਂਦੇ ਅਤੇ ਹਮੇਸ਼ਾਂ ਇਕਾਂਤ ਵਿਚ ਆਪਣੀ ਬਿਰਤੀ ਵਿਚ ਲੀਨ ਦੇਖ, ਸਮਝਿਆ ਕਿ ਬਾਲਕ ਤੰਦਰੁਸਤ ਨਹੀਂ। ਜਦ ਵੈਦ ਨੂੰ ਬੁਲਾਇਆ ਗਿਆ ਤਾਂ ਵੈਦ ਨੂੰ ਨਬਜ਼ ਦੇਖ ਕੇ ਬਿਮਾਰੀ ਦਾ ਪਤਾ ਨਾ ਲੱਗਾ। ਗੁਰੂ ਜੀ ਨੇ ਉਸ ਵੇਲੇ ਇਹ ਬਚਨ ਕੀਤਾ:-
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ।।
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ।। (ਅੰਗ 1279)
ਗੁਰੂ ਜੀ ਦੇ ਬਚਪਨ ਦੀ ਸਭ ਤੋਂ ਮਹੱਤਵਪੂਰਨ ਘਟਨਾ ਹੈ 'ਖਰਾ ਸੌਦਾ' ਕਰਨ ਦੀ। ਜਦ ਪਿਤਾ ਨੇ ਆਪ ਨੂੰ ਕਿਸੇ ਕੰਮ ਕੰਮ ਲਾਉਣ ਦੇ ਆਸ਼ੇ ਨਾਲ ਵੀਹ ਰੁਪਏ ਦੇ ਕੇ ਕੋਈ ਲਾਹੇਵੰਦ ਸੌਦਾ ਕਰਨ ਲਈ ਭੇਜਿਆ ਤਾਂ ਗੁਰੂ ਜੀ ਨੇ ਉਹ ਪੈਸੇ ਇਕ ਭੁੱਖੀ ਸੰਤ ਮੰਡਲੀ ਨੂੰ ਭੋਜਨ ਖੁਵਾਉਣ ਵਿਚ ਖਰਚ ਕਰ ਦਿੱਤੇ। ਭਾਈ ਬਾਲਾ ਜੋ ਉਸ ਵਕਤ ਆਪ ਨਾਲ ਸਨ, ਆਪ ਜੀ ਨੂੰ ਪਿਤਾ ਜੀ ਦੇ ਮਨੋਰਥ ਬਾਰੇ ਦੱਸਦੇ ਰਹੇ, ਪਰ ਗੁਰੂ ਜੀ ਨੇ ਸਮਝਾਇਆ ਕਿ ਇਸ ਤੋਂ ਖਰਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ। ਇਸ ਘਟਨਾ ਦੀ ਯਾਦ ਵਿਚ ਪਿੰਡ ਚੂਹੜਕਾਣਾ (ਹੁਣ ਪਾਕਿਸਤਾਨ ਵਿਚ) ਵਿਚ ਗੁਰਦੁਆਰਾ 'ਖਰਾ ਸੌਦਾ' ਸੁਭਾਇਮਾਨ ਹੈ।
(5) Question:- ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਪ੍ਰਾਪਤੀ ਬਾਰੇ ਦੱਸੋ।
Answer:- ਗੁਰੂ ਜੀ ਦੀ ਰਚਨਾ ਪੱਟੀ - ਗੁਰੂ ਜੀ ਨੂੰ ਸਭ ਤੋਂ ਪਹਿਲਾਂ ਗੋਪਾਲ ਪਾਂਧੇ ਪਾਸ ਪੜ੍ਹਨ ਲਈ ਭੇਜਿਆ ਗਿਆ। ਜਦ ਗੁਰੂ ਜੀ ਨੇ ਪਾਂਧੇ ਨੂੰ ਅੱਖਰਾਂ ਦੇ ਅਰਥ ਪੁੱਛਣੇ ਸ਼ੁਰੂ ਕੀਤੇ ਤਾਂ ਉਹ ਲਾਜਵਾਬ ਹੋ ਗਿਆ। ਗੁਰੂ ਜੀ ਨੇ ਉਸ ਵਕਤ ਪੱਟੀ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਅੰਗ 432 'ਤੇ ਵਿਦਿਤ ਹੈ। ਪੱਟੀ ਪੰਜਾਬੀ ਦਾ ਉਹ ਕਾਵਿ ਰੂਪ ਹੈ ਜਿਸ ਵਿਚ ਵਰਣ-ਮਾਲਾ ਦੀ ਅੱਖਰ-ਕ੍ਰਮ ਅਨੁਸਾਰ ਵਿਆਖਿਆ ਕੀਤੀ ਹੋਵੇ। ਗੁਰੂ ਨਾਨਕ ਦੇਵ ਜੀ ਇਸ ਕਾਵਿ ਰੂਪ ਦੇ ਮੋਢੀ ਸਨ। ਆਪ ਜੀ ਦੀ ਇਹ ਰਚਨਾ ਪੰਜਾਬੀ ਵਿਚ ਉਸ ਵੇਲੇ ਪ੍ਰਚੱਲਿਤ ਲਿਪੀ ਦੇ 35 ਵਰਣਾਂ 'ਤੇ ਆਧਾਰਿਤ ਹੈ। ਕੁਝ ਵਿਦਵਾਨ ਇਸ ਨੂੰ ਗਰੂ ਜੀ ਦੀ ਬਾਲ ਅਵੱਸਥਾ ਦੀ ਰਚਨਾ ਨਹੀਂ ਮੰਨਦੇ। ਜੋ ਦਲੀਲਾਂ ਉਹ ਦਿੰਦੇ ਹਨ ਉਨ੍ਹਾਂ ਵਿਚ ਇਕ ਇਹ ਵੀ ਹੈ ਕਿ ਇਸ ਦੀ ਆਖਰੀ ਤੁਕ ਵਿਚ ਗੁਰੂ ਜੀ ਨੇ ਆਪਣੇ ਲਈ ਸ਼ਾਇਰ ਸ਼ਬਦ ਦੀ ਵਰਤੋਂ ਕੀਤੀ ਹੈ ਜੋ ਉਸ ਵੇਲੇ ਕੀਤੀ ਜਾ ਸਕਦੀ ਸੀ ਜਦ ਗੁਰੂ ਜੀ ਆਪਣੀ-ਕਾਵਿ-ਪ੍ਰਤਿਭਾ ਨੂੰ ਚੰਗੀ ਤਰ੍ਹਾਂ ਨਾਲ ਵਿਕਸਿਤ ਕਰ ਚੁਕੇ ਹੋਣਗੇ। ਪਰ 'ਪਟੀ ਸਾਹਿਬ' ਦੇ ਨਾਂ ਨਾਲ ਪ੍ਰਸਿੱਧ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਇਸ ਘਟਨਾ ਦੀ ਯਾਦਗਾਰ ਮੰਨਿਆ ਜਾਂਦਾ ਹੈ।
ਗੁਰੂ ਜੀ ਨੂੰ ਸੰਸਕ੍ਰਿਤ ਤੇ ਧਾਰਮਿਕ ਵਿਦਿਆ ਗ੍ਰਹਿਣ ਕਰਨ ਲਈ ਜਦ ਪੰਡਿਤ ਬ੍ਰਿਜ ਲਾਲ ਕੋਲ ਭੇਜਿਆ ਗਿਆ, ਤਾਂ ਉਹ ਆਪ ਦੇ ਗਿਆਨ ਤੇ ਬੁੱਧੀ ਨੂੰ ਦੇਖ ਕੇ ਦੰਗ ਰਹਿ ਗਿਆ। ਗੁਰੂ ਜੀ ਨੂੰ ਫਾਰਸੀ ਪੜ੍ਹਨ ਮੁੱਲਾਂ ਪਾਸ ਵੀ ਭੇਜਿਆ ਗਿਆ, ਪਰ ਜਦ ਉਨ੍ਹਾਂ ਨੇ ਮੁੱਲ੍ਹਾਂ ਨੂੰ ਹੇਠ ਲਿਖੇ ਬਚਨ ਸੁਣਾਏ:-
ਮਰਣਾ ਮੁਲਾ ਮਰਣਾ।। ਭੀ ਕਰਤਾਰਹੁ ਡਰਣਾ।।ਰਹਾਉ।
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ।।
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ।। (ਅੰਗ 24)
ਤਾਂ ਮੁੱਲ੍ਹਾਂ ਨੂੰ ਸਮਝ ਆ ਗਈ ਕਿ ਨਾਨਕ ਨੂੰ ਹੋਰ ਬਾਲਕ ਵਾਂਗ ਨਹੀਂ ਪੜ੍ਹਾਇਆ ਜਾ ਸਕਦਾ। ਸੋ ਗੁਰੂ ਜੀ ਨੇ ਤਿੰਨਾਂ ਉਸਤਾਦਾਂ ਨੂੰ ਆਪਣੀ ਅਧਿਆਤਮਕ ਜਾਣਕਾਰੀ ਤੇ ਸੂਝ-ਬੂਝ ਨਾਲ ਪ੍ਰਭਾਵਿਤ ਕਰ ਦਿੱਤਾ।
(6) Question:- ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਇਕ ਰੂਹਾਨੀ ਸ਼ਖਸੀਅਤ ਸਮਝਣ ਵਾਲੀ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਸੀ। ਗੁਰੂ ਜੀ ਦੀ ਭੈਣ ਦਾ ਨਾਮ ਦੱਸੋ ਤੇ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਵਿਚ ਦੱਸੋ।
Answer:- ਬੇਬੇ ਨਾਨਕੀ ਜੀ
ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਉਨਾਂ ਤੋਂ ਕਰੀਬ 6 ਸਾਲ ਵੱਡੇ ਸਨ। ਉਨ੍ਹਾਂ ਦਾ ਨਾਮ ਬੇਬੇ ਨਾਨਕੀ ਸੀ। ਬੇਬੇ ਨਾਨਕੀ ਜੀ ਆਪਣੇ ਵੀਰ ਨੂੰ ਬਹੁਤ ਪਿਆਰ ਕਰਦੇ ਸਨ। ਬੇਬੇ ਨਾਨਕੀ ਹਾਲੇ 11 ਵਰ੍ਹਿਆਂ ਦੇ ਹੀ ਸਨ ਜਦ ਉਨ੍ਹਾਂ ਦੀ ਸ਼ਾਦੀ ਜੈ ਰਾਮ ਜੀ ਨਾਲ ਹੋ ਗਈ। ਜੈ ਰਾਮ ਸੁਲਤਾਨਪੁਰ ਵਿਚ ਦੌਲਤ ਖਾਂ ਲੋਧੀ ਦੇ ਮੁਲਾਜ਼ਮ ਸਨ। ਜਦ ਮਹਿਤਾ ਕਾਲੂ ਜੀ ਨੇ ਚਾਹਿਆ ਕਿ ਗੁਰੂ ਨਾਨਕ ਕੋਈ ਕੰਮ ਕਰਨ ਤਾਂ ਉਨ੍ਹਾਂ ਨੂੰ ਸੁਲਤਾਨਪੁਰ ਭੇਂ ਦਿੱਤਾ ਗਿਆ, ਤਾਂ ਕਿ ਜੈ ਰਾਜ ਜੀ ਉਨਾਂ ਨੂੰ ਨੌਕਰੀ ਲਗਵਾ ਦੇਣ। ਜੈ ਰਾਜ ਜੀ ਨੇ ਗੁਰ ਨਾਨਕ ਨੂੰ ਮੋਦੀਖਾਨੇ ਵਿਚ ਲਗਵਾ ਦਿੱਤਾ ਜਿੱਥੇ ਉਹਨਾਂ ਦਾ ਕੰਮ ਸੀ ਖਾਣ ਤੇ ਪਹਿਨਣ ਵਾਲਾ ਸਾਮਾਨ ਵੇਚਣਾ। ਗੁਰੂ ਜੀ ਸੁਲਤਾਨਪੁਰ ਕਾਫੀ ਸਮਾਂ ਰਹੇ। ਗੁਰੂ ਜੀ ਦਾ ਆਪਣੀ ਭੈਣ ਨਾਲ ਐਨਾ ਪਿਆਰ ਸੀ ਕਿ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਕੋਲ ਲੈ ਕੇ ਗਏ। ਜਦ ਤੱਕ ਬੇਬੇ ਨਾਨਕੀ ਜਿਊਂਦੇ ਰਹੇ, ਗੁਰੂ ਜੀ ਹਰ ਉਦਾਸੀ ਤੋਂ ਬਾਅਦ ਉਨ੍ਹਾਂ ਨੂੰ ਆ ਕੇ ਮਿਲਦੇ ਰਹੇ। ਬੇਬੇ ਜੀ ਦੇ ਅਕਾਲ ਚਲਾਣਾ ਕਰਨ ਵੇਲੇ ਵੀ ਗੁਰੂ ਜੀ ਉਨ੍ਹਾਂ ਕੋਲ ਸੁਲਤਾਨਪੁਰ ਸਨ। ਉਨ੍ਹਾਂ ਨੇ ਆਪਣੀ ਹੱਥੀ ਬੇਬੇ ਜੀ ਦਾ ਦਾਹ ਸੰਸਕਾਰ ਕੀਤਾ।
(7) Question:- ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਖੇ ਬਿਤਾਏ ਹੋਏ ਸਮੇਂ ਦੀ ਜਾਣਕਾਰੀ ਦਿਓ। ਅੱਜ-ਕਲ੍ਹ ਉਥੇ ਕਿਹੜੇ ਗੁਰਦੁਆਰੇ ਹਨ ਜਿਹੜੇ ਉਨ੍ਹਾਂ ਦੀ ਯਾਦ ਨਾਲ ਸੰਬੰਧਿਤ ਹਨ?
Answer:- ਜਦ ਗੁਰੂ ਨਾਨਕ ਸੁਲਤਾਨਪੁਰ ਗਏ, ਤਦ ਉਨ੍ਹਾਂ ਦੇ ਭਣਵੱਈਏ ਜੈ ਰਾਮ ਜੀ ਨੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਚ ਉਨ੍ਹਾਂ ਨੂੰ ਨੌਕਰ ਕਰਵਾ ਦਿੱਤਾ। ਉਥੇ ਗੁਰੂ ਜੀ ਦਾ ਕੰਮ ਖਾਣ-ਪਹਿਨਣ ਦਾ ਸਾਮਾਨ ਵੇਚਣਾ ਸੀ। ਜਦ ਗੁਰੂ ਜੀ ਸੌਦਾ ਤੋਲਦੇ ਤਾਂ ਤੇਰਾਂ 'ਤੇ ਆ ਕੇ ਰੁੱਕ ਜਾਂਦੇ ਤੇ 'ਤੇਰਾ ਤੇਰਾ' ਕਰੀ ਜਾਂਦੇ। ਕਈ ਈਰਖਾਵਾਦੀਆਂ ਨੇ ਨਵਾਬ ਨੂੰ ਜਾ ਕੇ ਦੱਸ ਦਿੱਤਾ ਕਿ ਗੁਰੂ ਜੀ ਤੇਰਾਂ ਦੇ ਅੰਕੜੇ ਉਤੇ ਰੁੱਕ ਕੇ ਮੋਦੀਖਾਨਾ ਲੁਟਾਈ ਜਾ ਰਹੇ ਹਨ ਪਰ ਜਦ ਨਵਾਬ ਨੇ ਇਕ ਵਾਰ ਹਿਸਾਬ ਦੀ ਪੜਤਾਲ ਕਰਵਾਈ ਤਾਂ ਸਰਕਾਰੀ ਰਕਮ ਵਿਚ ਘਾਟੇ ਦੀ ਥਾਂ ਵਾਧਾ ਨਿਕਲਿਆ। ਇਸ ਦੌਰਾਨ ਗੁਰੂ ਜੀ ਦਾ ਵਿਆਹ ਵੀ ਹੋ ਗਿਆ ਤੇ ਵਿਆਹ ਤੋਂ ਬਾਅਦ ਵੀ ਆਪ ਸੁਲਤਾਨਪੁਰ ਰਹੇ। ਸੁਲਤਾਨਪੁਰ ਵਿਚ ਆਪ ਦੇ ਜੀਵਨ ਦੇ ਇਸ ਸਮੇਂ ਨਾਲ ਸਬੰਧਿਤ ਕਈ ਗੁਰਦੁਆਰੇ ਹਨ, ਜਿਵੇਂ ਕਿ ਗੁ: ਬੇਰ ਸਾਹਿਬ, ਗੁ: ਗੁਰੂ ਕਾ ਬਾਗ, ਗੁ: ਕੋਠਰੀ ਸਾਹਿਬ, ਗੁ: ਬੇਬੇ ਨਾਨਕੀ ਆਦਿ।
(8) Question:- ਵੇਈ ਨਦੀ ਕਿਥੇ ਹੈ ਤੇ ਇਸਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਕੀ ਸੰਬੰਧ ਹੈ?
Answer:- ਉਨ੍ਹਾਂ ਦਿਨਾਂ ਵਿਚ ਵੇਈਂ ਨਦੀ ਸੁਲਤਾਨਪੁਰ ਦੇ ਨੇੜੇ ਵੱਗਦੀ ਸੀ। ਗੁਰੂ ਜੀ ਜਦ ਸੁਲਤਾਨਪੁਰ ਰਹਿੰਦੇ ਸਨ ਤਾਂ ਇਸ ਨਦੀ ਵਿਚ ਇਸ਼ਨਾਨ ਕਰਦੇ ਸਨ। ਇਕ ਦਿਨ ਜਦ ਆਪ ਵੇਈਂ ਨਦੀ ਵਿਚ ਇਸ਼ਨਾਨ ਲਈ ਵੜੇ ਤਾਂ ਫਿਰ ਬਾਹਰ ਨਾ ਆਏ। ਉਨ੍ਹਾਂ ਦੀ ਬੜੀ ਭਾਲ ਕੀਤੀ ਗਈ, ਪਰ ਤਿੰਨ ਦਿਨ ਤਕ ਕੁਝ ਪਤਾ ਨਹੀਂ ਲੱਗਾ। ਜਦ ਸਾਰੇ ਬੇਉਮੀਦੇ ਹੋ ਗਏ ਤਾਂ ਤੀਜੇ ਦਿਨ ਸਵੇਰੇ ਆਪ ਨਦੀ ਦੇ ਕਿਨਾਰੇ ਬੈਠੇ ਪ੍ਰਮਾਤਮਾ ਦੇ ਧਿਆਨ ਵਿਚ ਲੀਨ ਪਾਏ ਗਏ। ਇਸ ਸਮੇਂ ਦੌਰਾਨ ਹੀ ਗੁਰੂ ਜੀ ਨੇ ਆਪਣੀ ਜ਼ਿੰਦਗੀ ਦਾ ਮਕਸਦ ਲੋਕਾਂ ਨੂੰ ਧਰਮ ਦਾ ਰਾਹ ਦਿਖਾਉਣਾ ਬਣਾ ਲਿਆ। ਆਪ ਜੀ ਦੇ ਪਹਿਲੇ ਬਚਨ ਸਨ, 'ਨਾ ਕੋਈ ਹਿੰਦੂ ਨ ਮੁਸਲਮਾਨ', ਜਿਸ ਤੋਂ ਭਾਵ ਸੀ ਕਿ ਹਿੰਦੂ ਮੁਸਲਮਾਨ ਦੋਵੇਂ ਦਿਖਾਵੇ ਦੇ ਹਨ। ਸੱਚਾ ਇਮਾਨਦਾਰ, ਆਪਣੇ ਧਰਮ 'ਤੇ ਦੋਹਾਂ ਵਿਚੋਂ ਕੋਈ ਵੀ ਨਹੀਂ।
(9) Question:- ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਸੰਤਾਨ ਬਾਰੇ ਜਾਣਕਾਰੀ ਦਿਓ
Answer:- ਜਦ ਗੁਰੂ ਜੀ ਦੀ ਆਯੂ 18 ਵਰ੍ਹਿਆਂ ਦੀ ਹੋਈ ਤੇ ਮੋਦੀਖਾਨੇ ਕੰਮ ਕਰਦੇ ਉਨ੍ਹਾਂ ਨੂੰ 2 ਸਾਲ ਹੋ ਗਏ ਸਨ ਤਦ ਆਪ ਦੀ ਸ਼ਾਦੀ ਬਟਾਲਾ ਨਿਵਾਸੀ ਮੂਲ ਚੰਦ ਖੱਤਰੀ ਦੀ ਸਪੁੱਤਰੀ ਬੀਰਬੀ ਸੁਲੱਖਣੀ ਜੀ ਨਾਲ ਹੋਈ। ਬਰਾਤ ਬਟਾਲਾ ਸ਼ਹਿਰ ਗਈ ਸੀ। ਬਟਾਲਾ ਵਿਚ ਸਥਿਤ ਗੁ: ਡੇਰਾ ਸਾਹਿਬ ਅਤੇ ਗੁ: ਕੰਧ ਸਾਹਿਬ ਉਨ੍ਹਾਂ ਦੇ ਵਿਆਹ ਨਾਲ ਸਬੰਧਤ ਹਨ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਕੱਚੀ ਕੰਧ ਕੋਲ ਬਿਠਾ ਦਿੱਤਾ ਗਿਆ ਸੀ, ਪਰ ਗੁਰੂ ਜੀ ਦੇ ਵਰ ਨਾਲ ਉਹ ਕੰਧ ਹਾਲੇ ਤਕ ਸਲਾਮਤ ਹੈ। ਗੁਰੂ ਜੀ ਆਪਣੀ ਪਤਨੀ ਨਾਲ ਸੁਲਤਾਨਪੁਰ ਰਹੇ ਤੇ ਉਥੇ  ਉਨ੍ਹਾਂ ਦੇ ਗ੍ਰਹਿ ਵਿਖੇ ਦੋ ਪੁੱਤਰ ਪੈਦਾ ਹੋਏ, ਜਿਨ੍ਹਾਂ ਦੇਨਾਂ ਸਨ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ। ਬਾਬਾ ਸ੍ਰੀ ਚੰਦ ਨੇ ਬਾਅਦ ਵਿਚ ਉਦਾਸੀ ਪ੍ਰਥਾ ਚਲਾਈ ਤੇ ਬਾਬਾ ਲਖਮੀ ਚੰਦ ਜੀ ਨੇ ਗ੍ਰਹਿਸਤ ਜੀਵਨ ਬਿਤਾਇਆ।
(10) Question:- ਉਦਾਸੀ ਤੋਂ ਕੀ ਭਾਵ ਹੈ? ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਵਿਚੋਂ ਪਹਿਲੀ ਉਦਾਸੀ ਦਾ ਸੰਖੇਪ ਵਿਵਰਣ ਦਿਉ।
Answer:- ਸਿੱਖ ਧਰਮ ਵਿਚ ਉਦਾਸੀ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਧਰਮ ਦੇ ਪ੍ਰਚਾਰ ਲਈ ਕੀਤੀਆਂ ਯਾਤਰਾਵਾਂ। ਗੁਰੂ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ। ਪਰੰਪਰਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਭਾਈ ਬਾਲਾ ਤੇ ਭਾਈ ਮਰਦਾਨਾ ਉਨ੍ਹਾਂ ਨਾਲ ਸਨ। ਭਾਵੇਂ ਭਾਈ ਬਾਲਾ ਬਾਰੇ ਕੁਝ ਸ਼ੰਕਾਵਾਂ ਹਨ ਪਰ ਭਾਈ ਮਰਦਾਨਾ ਜੀ ਗੁਰੂ ਸਾਹਿਬ ਨਾਲ ਹਮੇਸ਼ਾ ਰਹੇ। ਗੁਰੂ ਜੀ ਨੇ ਆਪਣੀ ਪਹਿਲੀ ਉਦਾਸੀ ਸੰਮਤ 1554 ਵਿਚ ਸ਼ੁਰੂ ਕੀਤੀ ਤੇ 1565 ਵਿਚ ਖਤਮ ਕੀਤੀ। ਇਸ ਉਦਾਸੀ ਦੌਰਾਨ ਉੱਤਰ-ਪੂਰਬ ਦੀ ਦਿਸ਼ਾ ਵੱਲ ਗਏ ਤੇ ਲਾਹੌਰ, ਮੁਲਤਾਨ, ਪਾਕਪਟਨ, ਕੁਰਕੁਸ਼ੇਤਰ, ਕਰਨਾਲ, ਪਾਨੀਪਤ, ਹਰਿਦੁਆਰ, ਦਿੱਲੀ, ਮਥੁਰਾ, ਬਨਾਰਸ, ਪਟਨਾ, ਬੁੱਧਗਯਾ, ਆਸਾਮ ਤੇ ਉੜੀਸਾ ਦੀ ਯਾਤਰਾ ਕਰਕੇ ਆਗਰਾ ਦੇ ਰਸਤੇ ਸੁਲਤਾਨਪੁਰ ਲੋਧੀ ਵਾਪਸ ਆ ਗਏ। ਏਸ ਉਦਾਸੀ ਦੌਰਾਨ ਆਪ ਇਕ ਵਾਰ ਫੇਰ ਲਾਹੌਰ, ਦੀਪਾਲਪੁਰ, ਪਾਕਪਟਨ, ਕੀਰਤਪੁਰ ਤੇ ਸਿਆਲਕੋਟ ਦੇ ਅਸਥਾਨਾਂ 'ਤੇ ਗਏ।
ਕਰਤਾਰਪੁਰ ਵਸਾਣਾ
ਇਸੇ ਉਦਾਸੀ ਦੌਰਾਨ ਹੀ ਜਦ ਆਪ ਲਾਹੌਰ ਤੋਂ ਪਰਤਦੇ ਹੋਏ ਰਾਵੀ ਦੇ ਕਿਨਾਰੇ ਪੱਖੋ ਕੇ ਰੰਧਾਵੇ ਪਿੰਡ ਦੇ ਅਸਥਾਨ 'ਤੇ ਇਕ ਬੋਹੜ ਹੇਠਾਂ ਬੈਠੇ ਸਨ ਕਿ ਆਪ ਨੂੰ ਪਿੰਡ ਦਾ ਚੌਧਰੀ ਅਜਿੱਤਾ ਰੰਧਾਵਾ ਮਿਲਣ ਆਇਆ ਸੀ। ਉਸ ਨੇ ਗੁਰੂ ਜੀ ਨੂੰ ਬੇਲਤੀ ਕਰਕੇ ਰਾਵੀ ਦੇ ਪਾਰ ਸੱਜੇ ਪਾਸੇ ਡੇਰਾ ਕਰਨ ਲਈ ਕਿਹਾ। ਉਸ ਅਸਥਾਨ 'ਤੇ ਗੁਰੂ ਜੀ ਵਾਸਤੇ ਇਕ ਧਰਮਸ਼ਾਲਾ ਤੇ ਲੋੜੀਂਦਾ ਰਿਹਾਇਸ਼ ਦਾ ਇੰਤਜ਼ਾਮ ਵੀ ਕਰ ਦਿੱਤਾ ਗਿਆ। ਉਪਰੰਤ ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਇਕੇ ਲੈ ਆਏ ਤੇ ਆਪਣੀ ਪਤਨੀ ਸੁਲੱਖਣੀ ਜੀ ਅਤੇ ਦੋਵੇਂ ਪੁੱਤਰਾਂ ਨੂੰ ਵੀ ਸੁਲਤਾਨਪੁਰ ਤੋਂ ਇਥੇ ਲੈ ਆਏ। ਇਸ ਤਰ੍ਹਾਂ ਇਕ ਨਵੇਂ ਸ਼ਹਿਰ ਦੀ ਨੀਂਹ ਰੱਖੀ ਗਈ। ਜਿਸਦਾ ਨਾਮ ਬਾਅਦ ਵਿਚ ਕਰਤਾਰਪੁਰ ਪੈ ਗਿਆ। ਇਸ ਉਦਾਸੀ ਦੌਰਾਨ ਕੁਝ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਅਗਲੇ ਸਵਾਲਾਂ ਦੇ ਜਵਾਬਾਂ ਵਿਚ ਦੱਸਿਆ ਜਾਵੇਗਾ।