(1) Question:- |
ਸਿੱਖ ਸ਼ਬਦ ਤੋਂ ਕੀ ਭਾਵ ਹੈ। ਰਹਿਤ ਮਰਿਯਾਦਾ ਅਨੁਸਾਰ ਸਿੱਖ ਕਿਸ ਨੂੰ ਕਿਹਾ ਜਾਂਦਾ ਹੈ? |
Answer:- |
'ਸਿੱਖ' ਸ਼ਬਦ ਸੰਸਕ੍ਰਿਤ ਦੇ 'ਸ਼ਿਸ਼ਯ' ਸ਼ਬਦ ਤੋਂ ਬਣਿਆ ਹੈ। ਜਿਸ ਦਾ ਅਰਥ ਹੈ ਸ਼ਗਿਰਦ। ਸਿੱਖ ਧਰਮ ਨੂੰ ਮੰਨਣ ਵਾਲੇ ਉਹ ਲੋਕ ਹਨ ਜੋ ਦਸਾਂ ਸਿੱਖਾਂ ਗੁਰੂਆਂ ਦੇ ਉਪਦੇਸ਼ 'ਤੇ ਅਮਲ ਕਰਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਾਰੀ ਕੀਤੀ ਹੋਈ ਸਿੱਖ ਰਹਿਤ ਮਰਿਯਾਦਾ ਅਨੁਸਾਰ ''ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।'' |
(2) Question:- |
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚੰਗੇ ਸਿੱਖ ਲਈ ਜੋ ਸ਼ਬਦ ਵਰਤੇ ਗਹੇ ਹਨ, ਉਨ੍ਹਾਂ ਵਿਚੋਂ ਕੁਝ ਸ਼ਬਦਾਂ ਬਾਰੇ ਜਾਣਕਾਰੀ ਦਿਉ। |
Answer:- |
ਸਿੱਖ ਸ਼ਬਦ ਬਾਰੇ ਅੱਗੇ ਚਰਚਾ ਹੋ ਚੁੱਕੀ ਹੈ। ਉਸਦੇ ਗੁਣਾਂ ਬਾਰੇ ਵੀ ਕਾਫੀ ਜ਼ਿਕਰ ਹੋਇਆ ਹੈ। ਇਕ ਚੰਗੇ ਸਿੱਖ ਲਈ ਜੋ ਕਈ ਸ਼ਬਦ ਵਰਤੇ ਗਏ ਹਨ ਉਨ੍ਹਾਂ ਵਿਚ ਹਨ ਗੁਰਸਿੱਖ, ਗੁਰਮੁਖ, ਜੀਵਨ ਮੁਕਤ, ਸਚਿਆਰ ਆਦਿ। ਗੁਰਸਿੱਖ ਤੋਂ ਭਾਵ ਹੈ ਗੁਰੂ ਦਾ ਸਿੱਖ। ਇਹ ਸ਼ਬਦ ਬਾਣੀ ਵਿਚ ਕਈ ਰੂਪਾਂ ਵਿਚ ਆਇਆ ਹੈ ਜਿਵੇਂ ਕਿ ਗੁਰਸਿਖੜਾ, ਗੁਰਸਿੱਖੋ, ਗੁਰਸਿੱਖੀ ਤੇ ਗੁਰਸਿੱਖਾ। ਇਹ ਸਾਰੇ ਰੂਪ ਗੁਰੂ ਗ੍ਰੰਥ ਸਾਹਿਬ ਵਿਚ 81 ਵਾਰੀ ਆਏ ਹਨ। ਇਹ ਉਹ ਸਿੱਖ ਹਨ ਜਿਨ੍ਹਾਂ ਵਿਚ ਗੁਰੂ ਦੁਆਰਾ ਦੱਸੇ ਸਾਰੇ ਗੁਣ ਹਨ, ਸੋ ਉਨ੍ਹਾਂ ਦੇ ਮੁੱਖ ਉਜਲੇ ਹਨ। ਜੋ ਉਨ੍ਹਾਂ ਨੂੰ ਭਾਵਦਾ ਹੈ ਮਿਲਦਾ ਹੈ, ਹਰ ਭੁੱਖ ਉਤਰ ਜਾਂਦੀ ਹੈ। ਐਸਾ ਗੁਰਸਿੱਖ ਗੁਰੂ ਸਮਾਨ ਹੋ ਜਾਂਦਾ ਹੈ ਭਾਵ ਗੁਰੂ ਤੇ ਸਿੱਖ ਵਿਚ ਕੋਈ ਫਰਕ ਨਹੀਂ ਰਹਿੰਦਾ ਤਦ ਹੀ ਤਾਂ ਬਾਣੀ ਵਿਚ ਆਉਂਦਾ ਹੈ-
ਗੁਰਸਿਖਾਂ ਦੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਹਿ।। (ਅੰਗ 1424)
ਗੁਰਸਿੱਖ
ਗੁਰਸਿੱਖ ਦਾ ਮੂੰਹ ਹਰ ਵੇਲੇ ਆਪਣੇ ਗੁਰੂ ਵਲ ਹੁੰਦਾ ਹੈ, ਸੋ ਉਸ ਨੂੰ ਗੁਰਮੁਖ ਅਥਵਾ ਸਨਮੁਖ ਵੀ ਕਿਹਾ ਗਿਆ ਹੈ। ਗੁਰਮੁਖ ਸ਼ਬਦ ਨੂੰ ਜਿੰਨਾਂ ਰੂਪਾਂ ਵਿਚ ਵਰਤਿਆ ਗਿਆ ਹੈ, ਉਹ ਹਨ ਗੁਰਮੁਖਾ, ਗੁਰਮੁਖਾਂ, ਗੁਰਮੁੱਖੀਆ ਤੇ ਗੁਰਮੁਖੀ। ਇਹ ਰੂਪ ਗੁਰ ਗ੍ਰੰਥ ਸਾਹਿਬ ਵਿਚ 41 ਵਾਰ ਇਸਤੇਮਾਲ ਹੋਏ ਹਨ। ਇਨ੍ਹਾਂ ਦੇ ਵਿਰੁਧ ਆਚਰਣ ਵਾਲੇ ਮਨਮਤੀਏ, ਮਨਮੁਖ ਅਤੇ ਬੇਮੁਖ ਕਹੇ ਜਾਂਦੇ ਹਨ, ਸਭ ਤੋਂ ਜ਼ਿਆਦਾ ਇਹ ਸ਼ਬਦ ਮਨਮੁਖ, ਮਨਮੁਖਾ, ਮਨਮੁਖੇ, ਮਨਮੁਖੀਆਂ ਤੇ ਮਨਮੁੱਖੇ ਵਜੋਂ ਵਰਤਿਆ ਗਿਆ ਹੈ (361 ਵਾਰ) ਕਈ ਜਗ੍ਹਾ ਤੇ ਨਾਲ-ਨਾਲ ਗੁਰਮੁਖ ਤੇ ਮਨਮੁਖ ਦੀਆਂ ਉਲਟ ਪ੍ਰਵਿਰਤੀਆਂ ਦਿਖਾਈਆਂ ਗਈਆਂ ਹਨ, ਜਿਵੇਂ ਗੁਰੂ ਅਮਰਦਾਸ ਜੀ ਇਕ ਸਲੋਕ ਵਿਚ ਦਸਦੇ ਹਨ ਕਿ ਮਨਮੁਖ ਨੂੰ ਮਾਇਆ ਦੇ ਹਨ੍ਹੇਰੇ ਵਿਚ ਕੁਝ ਨਜ਼ਰ ਨਹੀਂ ਆਉਂਦਾ ਤੇ ਗੁਰਮੁਖ ਸਤਿਗੁਰੂ ਦੀ ਸੇਵਾ ਕਰਦੇ ਹੋਏ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਜਿਥੇ ਗੁਰਮੁਖ ਭਲਕੇ ਉਠ ਹਰਿ ਨਾਮ ਧਿਆਉਂਦੇ ਹਨ, ਮਨਮੁਖ 'ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ।।' (ਅੰਗ 89)
ਜੀਵਨ ਮੁਕਤ
ਗੁਰਸਿੱਖ ਤੇ ਗੁਰਮੁਖ ਦਾ ਇਕ ਗੁਣ ਹੁੰਦਾ ਹੈ ਜੀਵਨ ਮੁਕਤ ਹੋਣਾ। ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਵਿਚ ਜੀਵਨ ਮੁਕਤ ਦੇ ਲੱਛਣ ਦੱਸੇ ਹਨ। ਇਹੀ ਲੱਛਣ ਗੁਰੂ ਤੇਗ ਬਹਾਦਰ ਜੀ ਨੇ 'ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ।।' ਵਾਲੇ ਸ਼ਬਦ ਵਿਚ ਦੱਸੇ ਹਨ। ਭਾਈ ਗੁਰਦਾਸ ਜੀ ਨੇ ਗੁਰਸਿੱਖੀ ਦੀਆਂ ਨਿਸ਼ਾਨੀਆਂ ਦਸੀਆਂ ਹਨ। ਆਪਣੀ ਛੇਵੀ ਵਾਰ ਵਿਚ ਗੁਰਮੁਖ ਦੇ ਗੁਣ ਜਿਵੇਂ ਸੱਚੀ ਸੁੱਚੀ ਕਿਰਤ ਕਰਨੀ, ਮਿੱਠਾ ਬੋਲਣਾ, ਸਤਿ ਸੰਤੋਖ ਨਾਲ ਜੀਣਾ, ਨਿਮਰਤਾ ਰੱਖਣੀ ਆਦਿ ਦੱਸਦੇ ਹੋਏ ਉਸਨੂੰ ਹੀ ਜੀਵਨ ਮੁਕਤ ਦੱਸਿਆ ਹੈ।
ਸਚਿਆਰ
ਜਦ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੇ ਸ਼ੁਰੂ ਵਿਚ ਇਕ ਆਦਰਸ਼ਕ ਜੀਵਨ ਲਈ ਸਚਿਆਰਾ ਸ਼ਬਦ ਦਾ ਇਸਤੇਮਾਲ ਕੀਤਾ ਤਾਂ ਸਚਿਆਰ ਬਨਣਾ ਗੁਰਸਿੱਖ ਦੀ ਜ਼ਿੰਦਗੀ ਦਾ ਸਭ ਤੋਂ ਉੱਚਾ ਮਕਸਦ ਬਣ ਗਿਆ। ਇਹ ਸ਼ਬਦ ਸਚਿਆਰ, ਸਚਿਆਰੇ, ਸਚਿਆਰੀ ਤੇ ਸਚਿਆਰੋਵਾ ਵੀ ਲਿਖਿਆ ਗਿਆ ਹੈ। ਇਸ ਦੇ ਵਿਪਰੀਤ ਸ਼ਬਦ ਹੈ ਕੂੜਿਆਰ। ਸਚਿਆਰੇ ਗੁਰੂ ਨੂੰ ਚੰਗੇ ਲੱਗਦੇ ਹਨ ਕਿਉਂਕਿ ਉਨ੍ਹਾਂ ਵਿਚ ਇਹ ਰੱਬੀ ਗੁਣ ਹੈ। ਰੱਬ ਵੀ ਤੇ ਸਚਿਆਰ ਹੈ 'ਤੂੰ ਕਰਤਾ ਸਚਿਆਰੁ ਮੈਡਾ ਸਾਈ।।' ਜਦ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਕਿ 'ਕਿਵ ਸਚਿਆਰਾ ਹੋਈਐ' ਤੇ ਨਾਲ ਹੀ ਇਸ ਦਾ ਉੱਤਰ ਦਿੱਤਾ ਕਿ ਇਸ ਲਈ 'ਹੁਕਮ ਰਜਾਈ ਚਲਣਾ' ਜ਼ਰੂਰੀ ਹੈ ਭਾਵ ਗੁਰੂ ਦੀ ਹਰ ਗੱਲ ਮੰਨਣੀ, ਜੋ ਵੀ ਗੁਰੂ ਗ੍ਰੰਥ ਸਾਹਿਬ ਵਿਚ ਉਪਦੇਸ਼ ਹੈ, ਉਸ ਨੂੰ ਪੂਰੀ ਤਰ੍ਹਾਂ ਮੰਨਣਾ। ਮਿਸਾਲ ਦੇ ਤੌਰ 'ਤੇ ਗੁਰੂ ਕਹਿੰਦਾ ਹੈ:-
ਊਠਤ ਬੈਠਤ ਹਰਿ ਹਰਿ ਧਿਆਈਐ ਮਨ (ਅੰਗ 621)
ਭਾਵ ਜਿਥੇ ਪ੍ਰਮਾਤਮਾ ਦੇ ਨਾਮ ਨੂੰ ਕਦੇ ਨਹੀਂ ਵਿਸਾਰਨਾ ਉਥੇ ਹੀ ਸ਼ੁਭ ਕਰਮ ਵੀ ਕਰਨੇ ਹਨ। ਇਹੋ ਜਿਹੇ ਅਨੇਕਾਂ ਸ਼ੁਭ ਕਰਮ ਜਿਵੇਂ ਕਿਰਤ ਕਰਨਾ, ਸੱਚ ਬੋਲਣਾ, ਇਨਸਾਫ ਕਰਨਾ, ਮਦਦ ਕਰਨੀ, ਜ਼ੁਲਮ ਵਿਰੁੱਧ ਅਵਾਜ਼ ਉਠਾਣੀ ਕਰਨੇ ਹੀ ਸੱਚਾ ਧਰਮ ਹੈ:-
ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। (ਅੰਗ 266)
ਗੁਰਬਾਣੀ ਵਿਚ ਸਚਿਆਰ ਤੇ ਕੂੜਿਆਰ ਦਾ ਫਰਕ ਬੜੀ ਜਗ੍ਹਾ ਸਪੱਸ਼ਟ ਕੀਤਾ ਗਿਆ ਹੈ। ਜੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਦਾ ਵਿਧਾਨ ਹੈ ਤਾਂ ਕੂੜਿਆਰ ਦੂਰ ਛੁਪ ਕੇ ਬਹਿੰਦੇ ਹਨ। ਦੋਨਾਂ ਦੇ ਕਰਮਾਂ ਕਰਕੇ ਪ੍ਰਮਾਤਮਾ ਇਨਸਾਫ ਵੀ ਕਰਦਾ ਹੈ। ਗੁਰੂ ਅਮਰਦਾਸ ਜੀ ਦੱਸਦੇ ਹਨ:-
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ।।
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ।। (ਅੰਗ 89)
|
(3) Question:- |
ਪੰਥ ਤੇ ਖਾਲਸਾ ਸ਼ਬਦਾਂ ਤੋਂ ਕੀ ਭਾਵ ਹੈ। ਇਸ ਬਾਰੇ ਚਰਚਾ ਕਰੋ। |
Answer:- |
ਪੰਥ ਸਮੂਹ - ਪੰਥ ਸ਼ਬਦ ਸੰਸਕ੍ਰਿਤ ਪੰਥ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਹੈ ਰਸਤਾ ਜਾਂ ਮਾਰਗ। ਧਾਰਮਿਕ ਭਾਸ਼ਾ ਵਿਚ ਪੰਥ ਸ਼ਬਦ ਕਿਸੇ ਵਿਚਾਰਧਾਰਾ ਦੇ ਮੰਨਣ ਵਾਲਿਆਂ ਦੇ ਸਮੂਹ ਲਈ ਵਰਤਿਆ ਜਾਂਦਾ ਹੈ। ਜਿਵੇਂ ਗੋਰਖ ਪੰਥ ਜਾਂ ਕਬੀਰ ਪੰਥ ਭਾਵ ਕਿ ਗੋਰਖ ਨਾਥ ਦੇ ਵਿਚਾਰਾਂ ਨੂੰ ਮੰਨਣ ਵਾਲੇ ਲੋਕ ਜਾਂ ਕਬੀਰ ਜੀ ਦੇ ਅਨੁਯਾਈ। ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੇ ਅਨੁਯਾਈਆਂ ਲਈ ਵੀ ਨਾਨਕ ਪੰਥੀ ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਜਦੋਂ ਭੱਟ ਕੀਰਤ ਜੀ ਇਸ ਪੰਥ ਦੀ ਗੱਲ ਕਰਦੇ ਹਨ ਤਾਂ ਇਸ ਨੂੰ ਉਹ 'ਉਤਮ ਪੰਥ' ਕਹਿੰਦੇ ਹਨ।
ਖਾਲਸਾ
ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਭਾਈ ਗੁਰਦਾਸ ਜੀ (ਦੂਜਾ) ਦੇ ਸ਼ਬਦਾਂ ਵਿਚ 'ਸੰਗਤ ਕੀਨੀ ਖਾਲਸਾ' ਦਾ ਨਵਾਂ ਰੂਪ ਇਸ ਪੰਥ ਨੂੰ ਦਿੱਤਾ। ਉਸ ਵੇਲੇ ਤੋਂ ਸਿੱਖ ਧਰਮ ਵਿਚ ਖਾਲਸਾ ਸ਼ਬਦ ਉਭਰ ਕੇ ਆਇਆ। ਅਰਬੀ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਹੈ ਸ਼ੁੱਧ ਜਾਂ ਨਿਰੋਲ। ਗੁਰਬਾਣੀ ਵਿਚ ਭਗਤ ਕਬੀਰ ਜੀ ਨੇ ਇਸ ਸ਼ਬਦ ਦਾ ਇਸਤੇਮਾਲ ਇਸ ਤਰ੍ਹਾਂ ਕੀਤਾ ਹੈ:-
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। (ਅੰਗ 655)
ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਪਣੇ ਹੁਕਮਨਾਮਿਆਂ ਵਿਚ ਸੰਗਤ ਨੂੰ ਖਾਲਸਾ ਕਹਿ ਕੇ ਸੰਬੋਧਨ ਕੀਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸਾ ਪੰਥ ਦੇ ਸਿਰਜਨਾ ਤੋਂ ਬਾਅਦ ਦੋਂ ਸ਼ਬਦ ਮਿਲਾ ਕੇ ਇਸਤੇਮਾਲ ਹੋਣ ਲੱਗੇ। ਗੁਰੂ ਸਾਹਿਬ ਨੇ ਜਦ ਆਦਿ ਗ੍ਰੰਥ ਨੂੰ ਗੁਰਿਆਈ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ਪੰਥ ਨੂੰ ਵੀ ਗੁਰੂ ਵਰਗੀ ਉਪਾਧੀ ਦਿੱਤੀ ਤਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਇਹ ਦੋਨੋਂ ਸ਼ਬਦ ਵੀ ਵਰਤੋਂ ਵਿਚ ਆ ਗਏ। ਇਸਦਾ ਭਾਵ ਹੈ ਕਿ ਜਿਥੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਧਿਆਤਮਿਕ ਸੇਧ ਦਿੰਦੇ ਹਨ, ਉਥੇ ਉਸ ਸੇਧ ਦੇ ਅਨੁਕੂਲ ਸਿੱਖਾਂ ਦਰਪੇਸ਼ ਸਮੱਸਿਆਵਾਂ ਦਾ ਹੱਲ ਲੱਭਣਾ ਗੁਰੂ ਪੰਥ ਦੇ ਕਾਰਜ ਖੇਤਰ ਵਿਚ ਆਉਂਦਾ ਹੈ। ਗੁਰੂ ਸਾਹਿਬ ਨੇ ਪੰਜ ਸਿੱਖਾਂ ਨੂੰ ਪੰਥ ਦੇ ਨੁਮਾਇੰਦੇ ਵਜੋਂ ਕੋਈ ਵੀ ਫੈਸਲਾ ਲੈਣ ਦਾ ਹੱਕ ਦਿੱਤਾ। ਇਹ ਪਰੰਪਰਾ ਗੁਰੂ ਸਾਹਿਬ ਨੇ ਪੰਜਾਂ ਤੋਂ ਆਪ ਅੰਮ੍ਰਿਤ ਛੱਕ ਕੇ ਸ਼ੁਰੂ ਕੀਤੀ। ਆਪ ਨੇ ਪੰਜ ਸਿੱਖਾਂ ਦੁਆਰਾ ਲਿਆ ਹੋਇਆ ਫੈਸਲਾ ਕਈ ਵਾਰ ਮੰਨਿਆ ਜਿਵੇਂ ਚਮਕੌਰ ਦੀ ਗੜ੍ਹੀ ਛੱਡਣ ਵੇਲੇ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਦਾ ਸੂਖਮ ਰੂਪ ਹੈ ਅਤੇ ਗੁਰੂ-ਪੰਥ ਸਥੂਲ ਰੂਪ ਹੈ। ਸੂਖਮ ਰੂਪ ਦਾ ਵਿਵਹਾਰੀਕਰਣ ਸਥੂਲ ਰੂਪ ਵਿਚ ਹੁੰਦਾ ਹੈ। ਪੰਥ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਿਸੇ ਸਰਬ-ਸਵੀਕ੍ਰਿਤ ਸੰਸਥਾ ਵਲੋਂ ਹੋਣਾ ਚਾਹੀਦਾ ਹੈ। ਉਹ ਸੰਸਥਾ ਹੀ ਗੁਰੂ-ਪੰਥ ਦਾ ਪ੍ਰਤੀਨਿਧ ਰੂਪ ਹੈ। |
(4) Question:- |
ਸਿੱਖ ਧਰਮ ਵਿਚ ਸਰੀਰ, ਮਨ, ਆਤਮਾ ਤੇ ਬੁੱਧੀ ਬਾਰੇ ਕੀ ਵਿਚਾਰ ਪ੍ਰਵਾਨਿਤ ਹਨ। |
Answer:- |
ਸਰੀਰ
ਇਨਸਾਨ ਦਾ ਸਰੀਰ ਪ੍ਰਮਾਤਮਾ ਦੀ ਉਹ ਦੇਣ ਹੈ ਜਿਸ ਵਿਚ ਆਪਣੇ ਅੰਸ਼ ਨੂੰ ਰੱਖਣ ਲਈ ਪ੍ਰਮਾਤਮਾ ਇਸ ਨੂੰ ਘਰ ਵਾਂਗ ਵਰਤਦਾ ਹੈ। ਸਿੱਖ ਧਰਮ ਅਨੁਸਾਰ ਇਨਸਾਨ ਸਰੀਰ ਹੀ ਐਸਾ ਹੈ ਜੋ ਪ੍ਰਮਾਤਮਾ ਨੂੰ ਮਿਲਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦੀ ਰਚਨਾ ਪੰਜ ਤੱਤਾਂ-ਧਰਤੀ, ਪਾਣੀ, ਅਗਨੀ, ਹਵਾ ਤੇ ਅਕਾਸ਼ ਨਾਲ ਹੋਈ ਹੈ। ਭਾਵੇਂ ਇਹ ਉਨ੍ਹਾਂ ਮਾਤ ਗਰਭ ਅੰਦਰ ਮਾਤਾ-ਪਿਤਾ ਦੇ ਰਕਤ ਬਿੰਦ ਨਾਲ ਸ਼ੁਰੂ ਹੁੰਦੀ ਹੈ, ਪਰ ਜਗ ਵਿਚ ਆਉਣ ਤੋਂ ਪਹਿਲਾਂ
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ (ਅੰਗ 920)
ਜਿਥੇ ਉਹ ਸਾਡੀ ਰੱਖਿਆ ਕਰਦਾ ਹੈ ਉਥੇ ਹੀ ਉਹ ਆਪਣੀ ਜੋਤੀ ਵਿਚ ਰੱਖ ਦਿੰਦਾ ਹੈ,
ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ।। (ਅੰਗ 921)
ਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿਚ ਸਰੀਰ ਦੀ ਬਣਤਰ ਦਾ ਜ਼ਿਕਰ ਕਰਦੇ ਹੋਏ ਅੱਗੇ ਦੱਸਦੇ ਹਨ ਕਿ ਇਹ ਸਰੀਰ ਪ੍ਰਭੂ ਦੀ ਗੁਫਾ ਹੈ, ਜਿਥੇ ਸੁਆਸਾਂ ਦਾ ਵਾਜਾ ਵਜ ਰਿਹਾ ਹੈ, ਇਸ ਦੇ 9 ਦੁਆਰ ਇਸ ਤਰ੍ਹਾਂ ਹਨ (2 ਅੱਖਾਂ, 2 ਕੰਨ, 2 ਨਾਸਿਕਾ, ਇਕ ਮੁੱਖ, ਇੰੰਦਰੀ ਤੇ ਗੁਦਾ) ਇਕ ਦੁਆਰ ਗੁਪਤ ਹੈ ਜਿਸ ਵਿਚ ਵਾਹਿਗੁਰੂ ਦਾ ਵਾਸਾ ਹੈ। ਤੇ ਜੋ ਉਸ ਬਾਰੇ ਚਾਨਣਾ ਹੋਵੇ ਤਾਂ ਸ਼ਬਦ ਨਾਲ ਜੁੜਣਾ ਪੈਂਦਾ ਹੈ, ਨਾਮ ਸਿਮਰਨ ਕਰਨਾ ਪੈਂਦਾ ਹੈ। ਇਹ ਦੁਆਰ ਜਿਥੇ ਪ੍ਰਭੂ ਵੱਸਦਾ ਹੈ ਇਸ ਨੂੰ ਆਤਮਾ ਕਿਹਾ ਜਾਂਦਾ ਹੈ, ਤੇ ਇਸ ਨੂੰ ਜਾਨਣ ਲਈ ਜੋ ਸ਼ਬਦ ਨਾਲ ਜੁੜਦਾ ਹੈ ਉਸ ਨੂੰ ਕਹਿੰਦੇ ਹਨ ਸੁਰਤਿ ਜਸ ਦੇ ਉਸ ਦਾ ਅਸਥਾਨ ਮਨ ਹੈ।
ਮਨ
ਮਨ ਸਰੀਰ ਦਾ ਉਹ ਸੂਖਸ਼ਮ ਭਾਗ ਹੈ ਜਿਥੇ ਸੁਰਤਿ ਜਾਂ ਬੁੱਧੀ, ਵਾਸ ਕਰਦੀ ਹੈ। ਇਹ ਜ਼ਰੂਰੀ ਨਹੀਂ ਕਿ ਸਾਡੀ ਬੁੱਧੀ ਸ਼ਬਦ ਨਾਲ ਜੁੜੇ, ਇਹ ਬੁਰਾਈਆਂ ਵੱਲ ਜਲਦੀ ਆਕਰਸ਼ਿਤ ਹੁੰਦੀ ਹੈ। ਜੇ ਇਹ ਕਿਸੇ ਬੁਰਾਈ ਨਾਲ ਜੁੜ ਜਾਵੇ ਤਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਹਉਮੈ ਨੂੰ ਜਨਮ ਦਿੰਦੀ ਹੈ, ਕਈ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਬਿਮਾਰੀਆਂ ਲੱਗ ਜਾਂਦੀਆਂ ਹਨ, ਹਰ ਤਰ੍ਹਾਂ ਦੀ ਤਕਲੀਫ ਮਨ ਤੇ ਸਰੀਰ ਨੂੰ ਘੇਰ ਲੈਂਦੀ ਹੈ, ਪਰ ਜੇ ਇਹ ਸੁਰਤਿ ਸ਼ਬਦ ਨਾਲ ਜੁੜ ਜਾਏ ਤੇ ਦਸਵੇਂ ਦੁਆਰ ਵਿਚ ਵਸੇ ਹੋਏ ਪ੍ਰਮਾਤਮਾ ਨੂੰ ਪਾ ਲਵੇ ਤਾਂ ਇਨਸਾਨ ਪ੍ਰਮਾਤਮਾ ਦਾ ਰੂਪ ਬਣ ਜਾਂਦਾ ਹੈ, ਉਸ ਦੀ ਸ਼ਕਤੀ ਕਈ ਗੁਣਾਂ ਵੱਧਦੀ ਹੈ।
ਬੁੱਧੀ
ਜਦੋਂ ਬੁੱਧੀ ਚੰਗੇ ਪਾਸੇ ਤੁਰ ਪਵੇ ਤੇ ਸ਼ਕਤੀ ਵਿਚ ਵਾਧਾ ਹੋਣ ਲੱਗੇ ਤਾਂ ਇਨਸਾਨ ਵਿਗਿਆਨਿਕ, ਵਿਦਵਾਨ, ਸੂਰਬੀਰ, ਦੇਸ਼ ਭਗਤ, ਪਰਉਪਕਾਰੀ ਬਣਦੇ ਹਨ ਤੇ ਜਦ ਇਹ ਚੰਗੇ ਪਾਸੇ ਤੁਰਦੇ ਹੋਏ ਅਧਿਆਤਮਿਕ ਉਚਾਈ ਤੇ ਪੁੱਜ ਜਾਵੇ ਤੇ ਦਸਮ ਦੁਆਰ ਵਿਚ ਪਹੁੰਚ ਜਾਵੇ ਤਾਂ ਭਗਤ, ਅਵਤਾਰ ਤੇ ਗੁਰੂਆਂ ਨੂੰ ਜਨਮ ਦਿੰਦੀ ਹੈ। ਜਦ ਕ੍ਰਿਸ਼ਨ ਨੇ ਅਰਜਨ ਨੂੰ ਮਨ ਨੂੰ ਵੱਸ ਵਿਚ ਕਰਨ ਲਈ ਕਿਹਾ ਸੀ ਜਾਂ ਮਹਾਤਮਾ ਬੁੱਧ ਨੇ ਧਮ ਪਦ ਵਿਚ ਕਿਹਾ ਸੀ ਕਿ ਮਨ ਨੂੰ ਜਿੱਤਣਾ ਸਭ ਦੁਸ਼ਮਣਾਂ ਨੂੰ ਜਿੱਤਣ ਤੋਂ ਵੱਡਾ ਹੈ ਤਾਂ ਉਨਾਂ ਦਾ ਭਾਵ ਇਹ ਹੀ ਸੀ। ਗੁਰੂ ਨਾਨਕ ਦੇਵ ਜੀ ਨੇ ਵੀ ਮਨ ਨੂੰ ਜਿੱਤਣਾ ਜੱਗ ਜਿੱਤਣ ਦੇ ਤੁਲ ਦੱਸਿਆ ਹੈ ਤੇ ਗੁਰੂ ਅਮਰਦਾਸ ਜੀ ਨੇ ਮਨ ਦੀ ਮਹਾਨਤਾ ਨੂੰ ਇੰਝ ਦਰਸਾਇਆ 'ਮਨ ਤੂੰ ਜੋਤ ਸਰੂਪ ਹੈ'। |
(5) Question:- |
ਕੀ ਸਿੱਖ ਲਈ ਕੇਸ ਰੱਖਣਾ ਜ਼ਰੂਰੀ ਹੈ। ਇਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਿੱਖ ਗੁਰੂਆਂ ਤੇ ਬਾਣੀ ਦੇ ਹੋਰ ਰਚਣਹਾਰਿਆਂ ਦੇ ਕੇਸ ਸਨ। |
Answer:- |
ਜਦ 2008 ਵਿਚ ਇਕ ਸਿੱਖ ਅਦਾਰੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਚ ਇਕ ਲੜਕੀ ਨੂੰ ਮਾਨਿਓਰਿਟੀ ਕੋਟਾ ਵਿਚ ਇਸ ਕਰਕੇ ਦਾਖਲਾ ਨਹੀਂ ਦਿੱਤਾ ਗਿਆ ਕਿ ਉਹ ਰੋਮਾਂ ਦੀ ਬੇਅਦਬੀ ਕਰਦੀ ਸੀ ਤਾਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਚਲੀ ਗਈ। ਅਦਾਲਤ ਸਾਹਮਣੇ ਸਵਾਲ ਇਹ ਉਠਿਆ ਕਿ ਕੇਸਾਂ ਦੀ ਸਿੱਖ ਹੋਣ ਵਿਚ ਕਿੰਨੀ ਮਹੱਤਤਾ ਹੈ। ਮਾਣਯੋਗ ਅਦਾਲਤ ਨੇ 30 ਮਈ, 2009 ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਕੇਸਾਂ ਤੋਂ ਬਿਨਾਂ ਸਿੱਖ ਨਹੀਂ।
ਇਕ ਸਿੱਖ ਦੇ ਜੀਵਨ ਨਾਲ ਸਬੰਧਿਤ ਜੋ ਵੀ ਜਾਣਕਾਰੀ ਲੈਣੀ ਹੋਵੇ ਉਸਦਾ ਸਭ ਤੋਂ ਪ੍ਰਮੁੱਖ ਸਰੋਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਗ੍ਰੰਥ ਜੋ ਕਿ ਸਿੱਖਾਂ ਲਈ ਗੁਰੂ ਦਾ ਦਰਜਾ ਰੱਖਦਾ ਹੈ, ਸਿੱਖ ਗੁਰੂਆਂ ਦੀ ਤੇ ਹਿੰਦੁਸਤਾਨ ਦੇ ਹੋਰ ਕਈ ਮਹਾਨ ਹਿੰਦੂ ਤੇ ਮੁਸਲਮਾਨ ਸੰਤਾਂ ਦੀ ਬਾਣੀ ਦਾ ਸੰਗ੍ਰਹਿ ਹੈ। ਇਸ ਬਾਣੀ ਵਿਚ ਅਸੇ ਬਹੁਤ ਸਾਰੇ ਗੁਣਾਂ ਦਾ ਜ਼ਿਕਰ ਹੈ ਜਿਨ੍ਹਾਂ ਗੁਣਾਂ ਕਰਕੇ ਕਿਸੇ ਵਿਅਕਤੀ ਨੂੰ ਸਿੱਖ ਕਿਹਾ ਜਾ ਸਕਦਾ ਹੈ। ਸਿੱਖ ਤੋਂ ਭਾਵ ਹੈ ਸਿੱਖਣ ਵਾਲਾ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਈਆਂ ਸਿੱਖਿਆਵਾਂ 'ਤੇ ਚਲਦਾ ਹੈ ਤੇ ਆਪਣੀ ਜ਼ਿੰਦਗੀ ਵਿਚ ਉਹਨਾਂ ਨੂੰ ਅਪਣਾਉਂਦਾ ਹੈ, ਉਹ ਸਿੱਖ ਹੈ।
ਸਿੱਖ ਤੇ ਸਿੰਘ
ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਵਿਚ ਭਗਤੀ ਤੇ ਸ਼ਕਤੀ ਦੇ ਯੋਗ ਨੂੰ ਪ੍ਰਪੱਕ ਕਰਨ ਲਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਪਰੰਪਰਾ ਸ਼ੁਰੂ ਕੀਤੀ ਤਾਂ ਅੰਮ੍ਰਿਤ ਛਕਣ ਵਾਲੇ ਸਿੱਖਾਂ ਨੂੰ ਸਿੰਘ ਦਾ ਦਰਜਾ ਪ੍ਰਾਪਤ ਹੋ ਗਿਆ। ਉਸ ਤੋਂ ਪਹਿਲਾਂ ਸਿੰਘ ਸ਼ਬਦ ਦਾ ਇਸਤੇਮਾਲ ਕਿਸੇ ਸਿੱਖ ਦੇ ਨਾਮ ਨਾਲ ਨਹੀਂ ਸੀ ਹੁੰਦਾ। ਪਰ ਦਸਮ ਪਿਤਾ ਨੇ ਹਰ ਸਿੱਖ ਦੇ ਨਾਮ ਨਾਲ ਸਿੰਘ ਸ਼ਬਦ ਜੋੜ ਕੇ ਉਹਨਾਂ ਨੂੰ ਭਗਤੀ ਤੇ ਸ਼ਕਤੀ ਦੋਹਾਂ ਦਾ ਪ੍ਰਤੀਕ ਬਣਾ ਦਿੱਤਾ। 18ਵੀਂ ਤੇ 19ਵੀਂ ਸਦੀ ਵਿਚ ਸਿੱਖ ਆਪਣੀ ਹੋਂਦ ਲਈ ਤੇ ਆਪਣੀ ਰਾਜਸੀ ਤਾਕਤ ਨੂੰ ਵਧਾਉਣ ਤੇ ਸੰਭਾਲਣ ਲਈ ਜੁਝਦੇ ਰਹੇ। ਜਦ ਕੇਸਾਧਾਰੀ ਸਿੱਖ ਤੇ ਅੰਮ੍ਰਿਤਧਾਰੀ ਸਿੰਘ ਮੁਗਲ ਰਾਜ ਦੇ ਜ਼ੁਲਮ ਤੋਂ ਦੂਰ ਰਹਿਣ ਲਈ ਜੰਗਲਾਂ ਤੇ ਪਹਾੜਾਂ ਵਿਚ ਆਪਣਾ ਟਿਕਾਣਾ ਕਰਦੇ ਸਨ ਤਦ ਉਹ ਲੋਕ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਸਨ ਪਰ ਅੰਦਰੋਂ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਦੇ ਅਨੁਕੂਲ ਜੀਵਨ ਬਿਤਾਉਂਦੇ ਸਨ, ਸਿੱਖ ਧਰਮ ਅਸਥਾਨਾਂ ਦੀ ਦੇਖ-ਭਾਲ ਕਰਦੇ ਸਨ।
ਸਿੱਖ ਦੀ ਪਰਿਭਾਸ਼ਾ
ਜਦੋਂ 20ਵੀਂ ਸਦੀ ਦੇ ਸ਼ੁਰੂ ਵਿਚ ਗੁਰਦੁਆਰਾ ਸੁਧਾਰ ਅੰਦੋਲਨ ਸ਼ੁਰੂ ਹੋਇਆ ਤਦ ਇਹ ਵੇਖਣ ਵਿਚ ਆਇਆ ਕਿ ਬਹੁਤ ਸਾਰੇ ਸਾਧ ਸੰਤ, ਮਹੰਤ ਆਦਿ ਜੋ ਗੁਰਦੁਆਰਿਆਂ ਦੀ ਦੇਖ-ਭਾਲ ਕਰਦੇ ਆ ਰਹੇ ਸਨ, ਗੁਰੂ ਧਾਮਾਂ ਦੀ ਮਰਿਯਾਦਾ ਨੂੰ ਦੂਸ਼ਿਤ ਕਰਨ ਲੱਗ ਗਏ ਸਨ। ਸੋ ਸੁਧਾਰ ਅੰਦੋਲਨ ਉਪਰੰਤ ਜੋ ਗੁਰਦੁਆਰਾ ਐਕਟ 1925 ਵਿਚ ਪਾਸ ਹੋਇਆ, ਉਸ ਵਿਚ ਸਿੱਖ ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਸ ਪਰਿਭਾਸ਼ਾ ਅਨੁਸਾਰ ਹਰ ਉਹ ਵਿਅਕਤੀ ਸਿੱਖ ਹੈ ਜੋ ਸਿੱਖ ਧਰਮ ਨੂੰ ਮੰਨਦਾ ਹੈ ਅਤੇ ਜੇ ਉਸਦੇ ਸਿੱਖ ਹੋਣ ਸੰਬੰਧੀ ਕੋਈ ਸ਼ੰਕਾ ਪੈਦਾ ਹੁੰਦੀ ਹੋਵੇ ਤ ਉਸ ਵਿਅਕਤੀ ਵਲੋਂ ਹੇਠਾਂ ਲਿਖੀਆਂ ਗੱਲਾਂ ਦਾ ਐਲਾਨ ਕਰਨ ਤੋਂ ਬਾਅਦ ਉਸ ਨੂੰ ਸਿੱਖ ਮੰਨਿਆ ਜਾ ਸਕਦੇਗਾ ਕਿ-
(1) ਮੈਂ ਤਸਦੀਕ ਕਰਦਾ ਹਾਂ ਕਿ ਮੈਂ ਸਿੱਖ ਹਾਂ,
(2) ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ
(3) ਮੈਂ ਦਸ ਗੁਰੂ ਸਾਹਿਬਾਨ ਵਿਚ ਵਿਸ਼ਵਾਸ ਰੱਖਦਾ ਹਾਂ ਅਤੇ ਕਿਸੇ ਧਰਮ ਨੂੰ ਨਹੀਂ ਮੰਨਦਾ।
ਸਿੱਖ ਗੁਰਦੁਆਰਾ ਐਕਟ ਵਿਚ 21 ਸਾਲ ਤੋਂ ਵੱਧ ਉਮਰ ਦੇ ਹਰ ਇਕ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਸੰਨ 1944 ਈ. ਵਿਚ ਇਸ ਐਕਟ ਦੀ ਧਾਰਾ 49 ਵਿਚ ਇਕ ਹੋਰ ਵਿਵਸਥਾ ਸ਼ਾਮਲ ਕੀਤੀ ਗਈ, ਜਿਸ ਵਿਚ ਵੋਟਰ ਦੀ ਯੋਗਤਾ ਇਸ ਪ੍ਰਕਾਰ ਨਿਰਧਾਰਤ ਕੀਤੀ ਗਈ ਕਿ-ਉਹ ਵਿਅਕਤੀ ਵੋਟ ਹੀਂ ਪਾ ਸਕਦਾ ਜੋ (1) ਆਪਣੀ ਦਾੜ੍ਹੀ ਜਾਂ ਕੇਸ ਕੱਟਦਾ ਹੋਵੇ (ਸਹਿਜਧਾਰੀ ਨੂੰ ਛੱਡ ਕੇ), (2) ਬੀੜੀ-ਸਿਗਰਟ ਪੀਂਦਾ ਹੋਵੇ, (3) ਸ਼ਰਾਬ ਪੀਂਦਾ ਹੋਵੇ।
ਇਥੇ ਇਹ ਵੀ ਗੱਲ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਕਿ ਕਾਨੂੰਨੀ ਤੌਰ 'ਤੇ ਜੋ ਸਿੱਖ ਦੀ ਪਰਿਭਾਸ਼ਾ ਗੁਰਦੁਆਰਾ ਐਕਟ 1925 ਵਿਚ ਦਿੱਤੀ ਗਈ ਸੀ ਉਸਦਾ ਆਧਾਰ ਗੁਰਬਾਣੀ ਤੇ ਪੁਰਾਤਨ ਸਿੱਖ ਅਤੇ ਹੋਰ ਲੇਖਕ ਦੇ ਬਿਆਨ ਤੇ ਲਿਖਤ ਸਨ। ਜਿਥੋਂ ਤੱਕ ਕੇਸਾਂ ਦਾ ਸਬੰਧ ਹੈ, ਸਿੱਖ ਦੇ ਸਰੂਪ ਲਈ ਉਹ ਸਭ ਤੋਂ ਜ਼ਰੂਰੀ ਹਨ। ਭਾਵੇਂ ਇਹ ਗੱਲ ਕਈ ਜਗ੍ਹਾ 'ਤੇ ਸਪੱਸ਼ਟ ਕੀਤੀ ਗਈ ਹੈ ਕਿ ਸਿਰਫ ਕੇਸ ਰੱਖਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਪਰ ਕੇਸ ਨਾ ਰੱਖਣ ਵਾਲਾ ਵੀ ਸਿੱਖ ਨਹੀਂ ਅਖਵਾ ਸਕਦਾ। ਜਦ ਦਸ਼ਮੇਸ਼ ਗੁਰੂ ਨੇ ਕੇਸ ਰੱਖਣੇ ਮਰਿਯਾਦਾ ਦਾ ਜ਼ਰੂਰੀ ਅੰਗ ਬਣਾਇਆ ਤਾਂ ਉਹਨਾਂ ਨੇ ਵਾਹਿਗੁਰੂ ਦੁਆਰਾ ਦਿੱਤੀ ਹੋਈ ਸਾਬਤ ਸੂਰਤ ਨੂੰ ਮੱਦੇ-ਨ॥ਰ ਰੱਖਦੇ ਹੋਏ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਆਧਾਰ 'ਤੇ ਸਿੱਖਾਂ ਨੂੰ ਇਕ ਅਲੱਗ ਪਹਿਚਾਣ ਬਣਾਉਂਦੇ ਹੋਏ, ਕੇਸ ਨਾ ਕਤਲ ਕਰਨ ਦਾ ਹੁਕਮਨਾਮਾ ਜਾਰੀ ਕੀਤਾ। ਕੁਝ ਲੋਕ ਇਹ ਦਲੀਲ ਦੇਣ ਲੱਗ ਜਾਂਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਈ ਅਸਥਾਨਾਂ 'ਤੇ ਕੇਸਾਂ ਦੀ ਮਹੱਤਤਾ ਦੱਸੀ ਹੈ, ਤੇ ਸਾਰੀ ਬਾਣੀ ਵਿਚ ਕਿਤੇ ਵੀ ਕੇਸਾਂ ਦੀ ਬੇਅਦਬੀ ਕਰਨਾ ਚੰਗਾ ਨਹੀਂ ਦੱਸਿਆ ਗਿਆ। ਕੇਸਾਂ ਨੂੰ ਰੱਖਣ ਦੀ ਪ੍ਰੋੜ੍ਹਤਾ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਸਾਰੇ ਗੁਰੂਆਂ ਨੇ ਤੇ ਭਗਤਾਂ ਨੇ ਆਪ ਕੇਸ ਰੱਖੇ ਸਨ। ਬਾਣੀ ਵਿਚ ਆਈਆਂ ਕਈ ਸਤਰਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੇਸਾਂ ਬਾਰੇ ਵਚਨ
ਗੁਰੂ ਅਮਰਦਾਸ ਜੀ ਆਪਣੇ ਮੁਖਾਰਬਿੰਦ ਤੋਂ ਦਾਹੜੀਆਂ ਬਾਰੇ ਇੰਝ ਫੁਰਮਾਉਂਦੇ ਹਨ-
ਸੇ ਦਾੜੀਆ ਸਚੀਆ ਜਿ ਗੁਰ ਚਰਨੀ ਲਗੰਨਿ।।
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ।। (ਅੰਗ 1419)
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ।। (ਅੰਗ 1419)
ਤੇ ਗੁਰੂ ਅਰਜਨ ਦੇਵ ਜੀ.... 'ਕੇਸਾ ਸੰਗ ਦਾਸ ਪਗ ਝਾਰਓ।।'
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਵੀ ਕੇਸਾਂ ਦੇ ਰੱਖਣ ਅਤੇ ਸਿਰ 'ਤੇ ਦਸਤਾਰ ਸਜਾਉਣ ਦੇ ਰਿਵਾਜ ਦਾ ਜ਼ਿਕਰ ਹੇਠਲੀ ਤੁਕ ਤੋਂ ਮਿਲਦਾ ਹੈ:-
ਬੰਕੇ ਬਾਲ ਪਾਗ ਸਿਰਿ ਡੇਰੀ।। (ਅੰਗ 659)
ਭਗਤ ਭੀਖਨ ਜੀ ਦੇ ਬਚਨ ਹਨ:
ਨੈਨਹੁ ਨੀਰੁ ਬਹੈ ਤਨੁ ਖੀਨਾ ਪਏ ਕੇਸ ਦੁਧ ਵਾਨੀ।। (ਅੰਗ 659)
ਇਸ ਸ਼ਬਦ ਵਿਚ ਭਗਤ ਜੀ ਚਿੱਟੇ ਦੁੱਧ ਕੇਸਾਂ ਦਾ ਵਰਣਨ ਕਰ ਰਹੇ ਹਨ। ਭਗਤ ਨਾਮਦੇਵ ਜੀ:
ਸੰਸਾਰੁ ਸਮੁੰਦੇ ਤਾਰਿ ਗੁਬਿੰਦੇ।।
ਤਾਰਿ ਲੈ ਬਾਪ ਬੀਠੁਲਾ।।
ਜਦੋਂ ਇਸ ਸ਼ਬਦ ਵਿਚ ਵਾਹਿਗੁਰੂ ਨੂੰ ਕੇਸਵ (ਸੋਹਦੇ ਕੇਸਾਂ ਵਾਲਾ) ਕਹਿ ਕੇ ਸੰਬੋਧਨ ਕਰਦੇ ਹਨ:-
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋਕਉ।। ਪਾਰਿ ਉਤਾਰੇ ਕੇਸਵਾ।। (ਅੰਗ 1186)
ਬਾਬਾ ਫਰੀਦ ਜੀ ਫੁਰਮਾਉਂਦੇ ਹਨ:
ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ।।
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ।। (ਅੰਗ 1380)
ਬਾਬਾ ਫਰੀਦ ਜੀ ਮੁਸਲਮਾਨ ਸੂਫੀ ਦਰਵੇਸ਼ ਸਨ ਅਤੇ ਉਨ੍ਹਾਂ ਦੇ ਉਕਤ ਸਲੋਕ ਤੋਂ ਪ੍ਰਤੱਖ ਪ੍ਰਤੀਤ ਹੁੰਦਾ ਹੈ ਕਿ ਉਨਾਂ ਦੇ ਸਿਰ 'ਤੇ ਕੇਸ ਤੇ ਦਾੜ੍ਹੀ ਮੁੱਛਾਂ ਦੇ ਰੋਮ ਪੂਰੀ ਤਰ੍ਹਾਂ ਕਾਇਮ ਸਨ। ਇਹ ਤੇਰ੍ਹਵੀਂ ਸਦੀ ਦੇ ਪੰਜਾਬ ਵਾਸੀਆਂ ਦੀ ਤਰਜਮਾਨੀ ਕਰਦੇ ਹਨ ਜੋ ਕਿਸੇ ਧਰਮ ਦੇ ਹੋ ਕੇ ਵੀ ਪੂਰਨ ਕੇਸਾਧਾਰੀ ਸਨ।
ਗੁਰੂ ਗ੍ਰੰਥ ਸਾਹਿਬ ਵਿਚ ਜਿੱਥੇ ਕਿਤੇ ਵੀ ਪ੍ਰਮਾਤਮਾ ਦੇ ਰੂਪ ਨੂੰ ਦਰਸਾਇਆ ਗਿਆ ਹੈ ਉਥੇ ਉਸ ਦੇ ਲੰਬੇ ਕੇਸ ਦੱਸੇ ਗਏ ਹਨ। ਮਿਸਾਲ ਦੇ ਤੌਰ 'ਤੇ ਗੁਰੂ ਨਾਨਕ ਜੀ ਨੇ ਪਰਮਾਤਮਾ ਦੇ ਰੂਪ ਨੂੰ ਇਸ ਤਰ੍ਹਾਂ ਬਿਆਨਿਆ ਹੈ:-
ਤੇਰੇ ਬੰਕੇ ਲੋਇਣ ਦੰਤ ਰੀਸਾਲਾ।।
ਸੋਹਣੇ ਨਕ ਜਿਨ ਲੰਮੜੇ ਵਾਲਾ।। (ਅੰਗ 569)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ''ਸਾਬਤ ਸੂਰਤਿ ਦਸਤਾਰ ਸਿਰਾ।" ਦੇ ਮੁਖਵਾਕ ਅਨੁਸਾਰ ਪ੍ਰਮਾਤਮਾ ਦੁਆਰਾ ਦਿਤੀ ਹੋਈ ਸੂਰਤ ਵਿਚ ਦਖਲ-ਅੰਦਾਜ਼ੀ ਨਾ ਕਰਨ ਦਾ ਆਦੇਸ਼ ਹੈ। ਸੋ ਬਾਣੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦੇ ਆਧਾਰ 'ਤੇ ਹੀ ਸਿੱਖਾਂ ਦਾ ਬਾਣਾ ਨਿਰਧਾਰਤ ਕੀਤਾ, ਜਿਸ ਦਾ ਕੇਸ ਉਹ ਮਹੱਤਵਪੂਰਨ ਹਿੱਸਾ ਹਨ, ਜਿਨ੍ਹਾਂ ਨੂ ਰੱਖ ਕੇ ਸਿੱਖ ਪ੍ਰਮਾਤਮਾ ਦੇ ਆਪਣੇ ਸਰੂਪ ਵਿਚ ਨਜ਼ਰ ਆਉਂਦਾ ਹੈ। ਇਹ ਹੀ ਉਹ ਸਰੂਪ ਹੈ ਜਿਸ ਕਰਕੇ ਸਾਰਾ ਜਗਤ ਸਿੱਖ ਨੂੰ ਸਿੱਖ ਕਹਿੰਦਾ ਹੈ, ਵਰਨਾ ਉਸ ਦੀ ਕੋਈ ਪਹਿਚਾਣ ਨਹੀਂ। ਜੇ ਪੁਰਾਣੇ ਸਮਿਆਂ ਦੇ ਵਿਦਵਾਨ ਲੇਖਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕੇਸਾਂ ਤੋਂ ਬਿਨਾਂ ਸਿੱਖ ਨਾ ਹੋਣ ਬਾਰੇ ਹੀ ਲਿਖਿਆ ਹੈ। ਰਹਿਤਨਾਮਿਆਂ ਤੋਂ ਇਲਾਵਾ ਗਿਆਨੀ ਗਿਆਨ ਸਿੰਘ, ਭਾਈ ਰਤਨ ਸਿੰਘ ਭੰਗੂ ਤੇ ਕਾਹਨ ਸਿੰਘ ਨਾਭਾ ਨੇ ਵੀ ਸਿੱਖ ਜ਼ਿੰਦਗੀ ਵਿਚ ਕੇਸਾਂ ਦੀ ਮਹੱਤਤਾ ਨੂੰ ਦਰਸਾਇਆ ਹੈ। ਜਦੋਂ ਵਿਦੇਸ਼ੀ ਭਾਰਤ ਵਿਚ ਆਏ ਤੇ ਉਹਨਾਂ ਨੇ ਭਾਰਤੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਤਦ ਜਦ ਵੀ ਉਹਨਾਂ ਨੇ ਸਿੱਖ ਦੀ ਗੱਲ ਕੀਤੀ ਉਸਦੀ ਪਹਿਚਾਣ ਉਨ੍ਹਾਂ ਨੇ ਉਸਦੇ ਕੇਸਾਂ ਤੇ ਪੱਗ ਤੋਂ ਹੀ ਕੀਤੀ। ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ 1925 ਦਾ ਐਕਟ ਪਾਸ ਕੀਤਾ ਗਿਆ ਸੀ। ਪਰ ਪਤਾ ਨਹੀਂ ਕਿਉਂ ਉਸ ਵਿਚ ਸਿੱਖ ਦੀ ਪਰਿਭਾਸ਼ਾ ਦੇਣ ਵੇਲੇ ਸਪੱਸ਼ਟ ਤੌਰ 'ਤੇ ਕੇਸਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਐਕਟ
ਜਦ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਪਾਸ ਹੋਇਆ ਤਦ ਪਾਰਲੀਮੈਂਟ ਨੇ ਸਿੱਖ ਦੀ ਬੜੀ ਸਪੱਸ਼ਟ ਪਰਿਭਾਸ਼ਾ ਨੂੰ ਮੰਨਿਆ ਜਿਸ ਅਨੁਸਾਰ ਸਿੱਖ ਦਾ ਕੇਸਾਧਾਰੀ ਹੋਣਾ ਲਾਜ਼ਮੀ ਕਰਾਰ ਦਿੱਤਾ ਗਿਆ। ਇਸ ਐਕਟ ਵਿਚ ਸਿੱਖ ਤੇ ਅੰਮ੍ਰਿਤਧਾਰੀ ਸਿੱਖ ਦੇ ਫ਼ਰਕ ਨੂੰ ਵੀ ਦਰਸਾਇਆ ਗਿਆ। ਸੋ ਮੌਜੂਦਾ ਸਥਿਤੀ ਅਨੁਸਾਰ ਸਿੱਖ ਨੇ ਭਾਵੇਂ ਅੰਮ੍ਰਿਤ ਛਕਿਆ ਹੈ ਜਾਂ ਨਹੀਂ, ਉਸਦਾ ਕੇਸ ਰੱਖਣਾ ॥ਰੂਰੀ ਹੈ। ਇਨ੍ਹਾਂ ਸਾਰੇ ਵਿਚਾਰਾਂ ਦੇ ਆਧਾਰ 'ਤੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ। |
(6) Question:- |
ਸਹਿਜਧਾਰੀ ਕੌਣ ਹੁੰਦਾ ਹੈ। ਇਸ ਬਾਰੇ ਖੁਲਾਸਾ ਕਰੋ। ਸਹਿਜਧਾਰੀ ਤੇ ਪਤਿਤ ਵਿਚ ਕੀ ਫ਼ਰਕ ਹੁੰਦਾ ਹੈ। |
Answer:- |
ਸਹਿਜਧਾਰੀ ਤੋਂ ਭਾਵ - ਸਿੱਖ ਦੀ ਪਰਿਭਾਸ਼ਾ ਬਾਰੇ ਸ਼ੰਕਾ ਸਹਿਜਧਾਰੀ ਸਿੱਖਾਂ ਕਰਕੇ ਹੁੰਦੀ ਹੈ। ਜਿਸ ਤਰ੍ਹਾਂ ਕਿ ਉਤੇ ਦੱਸਿਆ ਗਿਆ ਹੈ ਕਿ ਗੁਰੂ ਸਾਹਿਬਾਂ ਦੇ ਅਨੇਕਾਂ ਸ਼ਰਧਾਲੂ ਐਸੇ ਵੀ ਸਨ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਹੋਏ ਸਨ ਪਰ ਉਹਨਾਂ ਦੇ ਰਸਮੋਂ-ਰਿਵਾਜ ਸਭ ਸਿੱਖਾਂ ਵਾਲੇ ਸਨ। ਜਦੋਂ ਦਸਮ ਪਿਤਾ ਨੇ ਕੇਸ ਰੱਖਣ ਦੀ ਮਰਿਯਾਦਾ ਜ਼ਰੂਰੀ ਕਰ ਦਿੱਤੀ ਤਦ ਐਸੇ ਸਿੱਖ ਜੋ ਕੇਸ ਨਹੀਂ ਰੱਖਦੇ ਸਨ, ਸਹਿਜਧਾਰੀ ਸਿੱਖ ਕਹਿਲਾਏ ਜਾਣ ਲੱਗੇ। ਇਸ ਤੋਂ ਭਾਵ ਸੀ ਕਿ ਉਹ ਸਿੱਖ ਹਨ ਜੋ ਸਹਿਜ ਦੇ ਨਾਲ ਸਿੱਖ ਧਰਮ ਨੂੰ ਅਪਨਾ ਰਹੇ ਹਨ। ਦੂਸਰੇ ਸ਼ਬਦਾਂ ਵਿਚ ਜੋ ਸਿੱਖ ਧਰਮ ਦੇ ਅਸੂਲਾਂ ਨੂੰ ਤੇ ਸਰੂਪ ਨੂੰ ਸਹਿਜੇ-ਸਹਿਜੇ ਅਪਣਾਉਂਦਾ ਹੈ, ਉਹ ਸਹਿਜਧਾਰੀ ਸਿੱਖ ਹੁੰਦਾ ਹੈ।
ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਸਹਿਜਧਾਰੀ ਸਿੱਖਾਂ ਬਾਰੇ ਲਿਖਦੇ ਹੋਏ ਇਹ ਗੱਲ ਕਹੀ ਹੈ ਕਿ ਖੰਡੇ ਦਾ ਅੰਮ੍ਰਿਤ ਛਕਣ ਵਾਲੇ ਸਿੰਘਾਂ ਦੇ ਮੁਕਾਬਲੇ ਸਹਿਜਧਾਰੀ ਸ਼ਬਦ ਉਨ੍ਹਾਂ ਸਿੰਘਾਂ ਲਈ ਵਰਤਿਆ ਗਿਆ, ਜੋ ਕੇਸ, ਕ੍ਰਿਪਾਨ, ਕੱਛ ਦੀ ਪੂਰੀ ਰਹਿਤ ਨਹੀਂ ਰੱਖਦੇ ਸਨ। ਭਾਈ ਸਾਹਿਬ ਨੇ ਇਸ ਪੱਖ ਤੇ ਵਿਚਾਰ ਕਰਦੇ ਹੋਏ ਅੱਗੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਦਸਮੇਸ਼ ਜੀ ਦਾ ਸੰਕਲਪ ਸੀ ਕਿ ਸਹਿਜਧਾਰੀ ਹੌਲੀ-ਹੌਲੀ ਸਿੰਘ ਸੱਜ ਜਾਣ। ਇਸ ਭਾਵ ਲਈ ਭਾਈ ਮਨੀ ਸਿੰਘ ਜੀ ਦੀ ਲਿਖੀ 'ਭਗਤਾਵਾਲੀ' ਵਿਚ ਸਹਿਜਧਾਰੀਆਂ ਵੱਲੋਂ ਪੇਸ਼ ਹੋਈ 'ਵਾਜਿਬੁਲ ਅਰਜ' ਦੇ ਵਿਚਾਰ ਦਿੱਤੇ ਗਏ ਹਨ। ਇਹਨਾਂ ਵਿਚਾਰਾਂ ਵਿੱਚ ਗੁਰੂ ਜੀ ਸਹਿਜਧਾਰੀਆਂ ਨੂੰ ਕਹਿੰਦੇ ਹਨ ਕਿ ਕੇਸਧਾਰੀਆਂ ਦੀ ਤਰ੍ਹਾਂ ਸਾਬਤ ਸੂਰਤ ਰਹੋ ਤਾਂ ਭਲਾ ਹੈ, ਤੇ ਜੇ ਨਾ ਰੱਖੇ ਜਾਣ ਤਾਂ ਭੁੱਲ ਬਖਸ਼ਾਉਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਅਨੁਸਾਰ ਸਹਿਜਧਾਰੀਆਂ ਨੂੰ ਇਹ ਵੀ ਆਦੇਸ਼ ਹੈ ਕਿ ਸਿਰ ਗੁੰਮਾਂ ਨਾਲ ਵਰਤੋਂ ਵੀ ਨਹੀਂ ਰੱਖਣੀ ਚਾਹੀਦੀ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਤਿਆਰ ਕੀਤੇ ਗਏ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਦੇ ਭਾਗ ਚੌਥੇ ਦੇ ਪੰਨਾ 13 'ਤੇ ਸਹਿਜਧਾਰੀ ਬਾਰੇ ਵਿਚਾਰ ਦਿੱਤੇ ਗਏ ਹਨ। ਉਨ੍ਹਾਂ ਵਿਚਾਰਾਂ ਅਨੁਸਾਰ ਵੀ ਸਹਿਜਧਾਰੀ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੀ ਸਿਰਜਨਾ ਤੋਂ ਬਾਅਦ ਹੋਂਦ ਵਿਚ ਆਇਆ। ਇਸ ਦਾ ਮੁੱਖ ਕਾਰਨ ਇਹ ਸੀ ਕਿ ਭਾਵੇਂ ਜ਼ਿਆਦਾਤਰ ਗੁਰੂ ਘਰ ਦੇ ਸੇਵਕ ਪਹਿਲਾਂ ਵੀ ਕੇਸ ਰੱਖਦੇ ਸਨ, ਪਰ ਜਦੋਂ ਦਸਮ ਪਿਤਾ ਨੇ ਖੰਡੇ ਦੀ ਪਾਹੁਲ ਨਾਲ ਸਿੱਖ ਧਰਮ ਵਿੱਚ ਦਾਖਲਾ ਸ਼ੁਰੂ ਕੀਤਾ ਤਾਂ ਉਹ ਬਹੁਤ ਸਾਰੇ ਲੋਕ ਜੋ ਖੰਡੇ ਦੀ ਪਾਹੁਲ ਲੈ ਕੇ ਇਕ ਦਮ ਸਿੱਖ ਨਹੀਂ ਬਣ ਸਕੇ। ਉਹਨਾਂ ਲਈ ਇਹ ਸ਼ਬਦ ਹੋਂਦ ਵਿਚ ਆਇਆ ਤਾਂ ਕਿ ਉਹ ਹੌਲੀ-ਹੌਲੀ ਸਿੱਖ ਧਰਮ ਵਿਚ ਦਾਖਲ ਹੋਣ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ। ਤਿਆਰੀ ਤੋਂ ਭਾਵ ਇਹ ਸੀ ਕਿ ਜੋ ਮਰਿਯਾਦਾ ਦਸਮ ਪਿਤਾ ਨੇ ਸਿੱਖਾਂ ਲਈ ਨਿਰਧਾਰਤ ਕੀਤੀ ਸੀ, ਉਹ ਉਸ ਨੂੰ ਅਪਨਾ ਸਕਣ।
ਗੁਰੂ ਗੋਬਿੰੰਦ ਸਿੰਘ ਜੀ ਦੇ ਸਰੀਰਕ ਰੂਪ ਵਿਚ ਸੰਸਾਰ ਤਿਆਗਣ ਤੋਂ ਬਾਅਦ ਸਿੱਖਾਂ 'ਤੇ ਜੋ ਸਮਾਂ ਆਇਆ, ਉਹ ਬਹੁਤ ਭਿਆਨਕ ਸੀ। ਸਿੱਖਾਂ ਦੀ ਪਹਿਚਾਣ ਕੇਸਾਂ ਨਾਲ ਹੀ ਸੀ, ਤੇ ਸਾਰੇ ਕੇਸਾਂ ਵਾਲੇ ਲੋਕਾਂ ਨੂੰ ਮੁਲ ਸਾਮਰਾਜ ਨੇ ਜਿਵੇਂ ਖਤਮ ਕਰਨ ਦਾ ਪ੍ਰਣ ਲੈ ਲਿਆ ਸੀ। ਬਾਦਸ਼ਾਹ ਫਰੁਖਸੀਅਰ ਨੇ ਤਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਕੇਸ ਤੇ ਦਾੜ੍ਹੀ ਨਾ ਰੱਖਣ ਦਾ ਆਦੇਸ਼ ਦਿੱਤਾ ਸੀ, ਤਾਂ ਕਿ ਗਲਤੀ ਨਾਲ ਉਹਨਾਂ ਨੂੰ ਸਿੱਖ ਸਮਝ ਕੇ ਖਤਮ ਨਾ ਕਰ ਦਿੱਤਾ ਜਾਵੇ। ਇਹੋ ਜਿਹੇ ਹਾਲਾਤ ਵਿਚ ਬਹੁਤ ਸਾਰੇ ਸਿੱਖਾਂ ਨੇ ਕੇਸ ਨਹੀਂ ਰੱਖੇ, ਖੰਡੇ ਦੀ ਪਾਹੁਲ ਨਹੀਂ ਗ੍ਰਹਿਣ ਕੀਤੀ, ਪਰ ਗੁਰੂਆਂ ਦੀਆਂ ਸਿੱਖਿਆਵਾਂ ਤੇ ਉਹਨਾਂ ਦੀ ਬਾਣੀ ਨਾਲ ਜੁੜੇ ਰਹੇ। ਗੁਰਦੁਆਰਿਆਂ ਦੀ ਦੇਖ-ਭਾਲ ਵੀ ਉਹ ਕਰਦੇ ਰਹੇ। ਇਸ ਤਰ੍ਹਾਂ ਸਿੱਖਾਂ ਦਾ ਇਕ ਵੱਡਾ ਤਬਕਾ ਲੰਬੇ ਸਮੇਂ ਤੱਕ ਸਹਿਜਧਾਰੀ ਰਿਹਾ। ਐਸੇ ਸਹਿਜਧਾਰੀ ਪਰਿਵਾਰਾਂ ਨੇ ਹਾਲਾਤ ਬਦਲਣ ਨਾਲ ਕੇਸ ਰੱਖਣੇ ਸ਼ੁਰੂ ਕਰ ਦਿੱਤੇ, ਤੇ ਰਹਿਤ-ਮਰਿਯਾਦਾ ਦੀ ਪਾਲਣਾ ਅਪਣਾ ਲਈ।
ਸਰਬ ਹਿੰਦ ਸਹਿਜਧਾਰੀ ਕਾਨਫਰੰਸ
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਹਿਜਧਾਰੀਆਂ ਵਿੱਚ ਇਹ ਧਾਰਨਾ ਪ੍ਰਪੱਕ ਸੀ ਕਿ ਉਹਨਾਂ ਨੇ ਸਿੱਖੀ ਸਰੂਪ ਨਾਲ ਕਿਸੇ ਨਾ ਕਿਸੇ ਮੋੜ ਤੇ ਜੁੜਨਾ ਹੈ। ਜਦੋਂ ਪਾਕਿਸਤਾਨ ਤੋਂ ਐਸੇ ਸਹਿਜਧਾਰੀ ਸਿੱਖ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਆ ਕੇ ਵੱਸ ਗਏ, ਤਾਂ ਉਹਨਾਂ ਨੇ ਆਪਣੀ ਇਕ ਸੰਸਥਾ ਬਣਾ ਲਈ, ਜੋ ਸਰਬ ਹਿੰਦ ਸਹਿਜਧਾਰੀ ਕਾਨਫਰੰਸ ਕਈ ਸ਼ਹਿਰਾਂ ਵਿਚ ਵਿਚਰਦੀ ਰਹੀ ਹੈ। ਐਨਸਾਈਕਲੋਪੀਡੀਆ ਅਨੁਸਾਰ ਇਸ ਸੰਸਥਾ ਦੇ ਤਿੰਨ ਪ੍ਰਧਾਨ, ਮਹੰਤ ਕਰਮ ਚੰਦ, ਭਾਈ ਸੰਤਾ ਰਾਮ ਤੇ ਭਾਈ ਰਾਮ ਲਾਲ ਰਾਹੀ ਨੇ ਆਖਰਕਾਰ ਖੰਡੇ ਬਾਟੇ ਦੀ ਪਾਹੁਲ ਲੈ ਕੇ ਆਪਣੇ ਆਪ ਨੂੰ ਸਰਦਾਰ ਗੁਰਦਰਸ਼ਨ ਸਿੰਘ, ਸੰਤ ਰਾਮ ਸਿੰਘ ਤੇ ਰਾਮ ਲਾਲ ਸਿੰਘ ਰਾਹੀ ਬਣਾ ਲਿਆ ਸੀ। ਭਾਈ ਚਮਨ ਲਾਲ ਜੀ ਜੋ ਬਹੁਤ ਹੀ ਮਸ਼ਹੂਰ ਕੀਰਤਨੀਏ ਹਨ, ਸਹਿਜਧਾਰੀ ਸਿੱਖ ਤੋਂ ਹੀ ਸਿੰਘ ਸਜੇ ਹਨ।
ਸਹਿਜਧਾਰੀ ਤੇ ਪਤਿਤ
ਸਹਿਜਧਾਰੀ ਸਿੱਖ ਦੇ ਚਲਨ ਨੂੰ ਦੇਖਦੇ ਹੋਏ ਕੁਝ ਸਿੱਖਾਂ ਨੇ ਕੇਸ ਕਤਲ ਕਰਕੇ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਕਹਿਣਾ ਸ਼ੁਰੂ ਕਰ ਦਿੱਤਾ। ਪਰ ਐਸੇ ਸਿੱਖ ਸਹਿਜਧਾਰੀ ਸਿੱਖ ਨਹੀਂ ਹੋ ਸਕਦੇ। ਉਹ ਤੇ ਕੇਸ ਕਤਲ ਕਰਕੇ ਰਹਿਤ ਮਰਿਯਾਦਾ ਦਾ ਉਲੰਘਣ ਕਰਦੇ ਹੋਏ ਪਤਿਤ ਹੋ ਜਾਂਦੇ ਹਨ। ਭਾਵੇਂ ਸਿੱਖ ਗੁਰਦੁਆਰਾ ਐਕਟ 1925 ਵਿਚ ਸਿੱਖ ਦੀ ਪਰਿਭਾਸ਼ਾ ਵਿਚ ਕੇਸਾਂ 'ਤੇ ਜ਼ੋਰ ਨਹੀਂ ਦਿੱਤਾ ਗਿਆ ਸੀ ਪਰ ਸੰਨ 1959 ਈ. ਵਿਚ ਜਦ ਇਸ ਐਕਟ ਵਿਚ ਇਕ ਨਵੀਂ ਧਾਰਾ 2 (10-ਏ) ਸ਼ਾਮਿਲ ਕੀਤੀ ਗਈ ਤਾਂ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦੇ ਕੇ ਸਹਿਜਧਾਰੀ ਤੇ ਪਤਿਤ ਦਾ ਅੰਤਰ ਸਪੱਸ਼ਟ ਕਰ ਦਿੱਤਾ। ਇਸ ਪਰਿਭਾਸ਼ਾ ਅਨੁਸਾਰ ਸਹਿਜਧਾਰੀ ਉਹ ਹੈ ਜੋ (1) ਖੁਸ਼ੀ ਗਮੀ ਦੇ ਸਾਰੇ ਕਾਰਵਿਹਾਰ ਸਿੱਖ ਧਰਮ ਦੀਆਂ ਰੀਤਾਂ ਮੁਤਾਬਿਕ ਕਰਦਾ ਹੋਵੇ, (2) ਤੰਬਾਕੂ ਅਤੇ ਕੁੱਠੇ (ਹਲਾਲ ਮਾਸ) ਦਾ ਕਿਸੇ ਵੀ ਪ੍ਰਕਾਰ ਸੇਵਾਨ ਨਾ ਕਰਦਾ ਹੋਵੇ, (3) ਪਤਿਤ ਨਾ ਹੋਵੇ, (4) ਮੂਲ-ਮੰਤਰ ਸੁਣਾ ਸਕਦਾ ਹੋਵੇ।
ਸੋ ਸਹਿਜਧਾਰੀ ਸਿੱਖ ਪਤਿਤ ਨਹੀਂ ਹੋ ਸਕਦਾ ਤੇ ਪਤਿਤ ਸਹਿਜਧਾਰੀ ਸਿੱਖ ਨਹੀਂ ਹੋ ਸਕਦਾ। ਪਤਿਤ ਸਿੱਖ ਸਿੱਖੀ ਵੱਲ ਕਦਮ ਨਹੀਂ ਚੁੱਕਦਾ ਬਲਕਿ ਸਿੱਖੀ ਤੋਂ ਮੂੰਹ ਮੋੜ ਲੈਂਦਾ ਹੈ। ਸਹਿਜਧਾਰੀ ਸਿੱਖ ਦਾ ਹਰ ਕਦਮ ਸਿੱਖ ਵੱਲ ਉਸਨੂੰ ਅੱਗੇ ਲੈ ਜਾਂਦਾ ਹੈ ਪਿੱਛੇ ਨਹੀਂ।
|
(7) Question:- |
ਸਿੱਖ ਲਈ ਅੰਮ੍ਰਿਤ ਦੀ ਮਹਾਨਤਾ ਦਾ ਵਰਨਣ ਕਰੋ? ਕੀ ਅੰਮ੍ਰਿਤ ਕਿਸੇ ਖਾਸ ਸਥਾਨ 'ਤੇ ਖਾਸ ਜੱਥੇ ਬੰਦੀ ਕੋਲੋਂ ਜਾਂ ਖਾਸ ਸਿੰਘਾਂ ਕੋਲੋਂ ਛਕਿਆ ਜਾਣਾ ਚਾਹੀਦਾ ਹੈ? |
Answer:- |
ਪੰਜ ਕਕਾਰ
ਗੁਰੂ ਗੋਬਿੰਦ ਸਿੰਘ ਜੀ ਨੇ ਪਰਮ-ਪਿਤਾ ਪਰਮਾਤਮਾ ਦੁਆਰਾ ਇਨਸਾਨ ਨੂੰ ਦਿੱਤੇ ਹੋਏ ਸਰੂਪ ਨੂੰ ਬਰਕਰਾਰ ਰੱਖਦੇ ਹੋਏ ਹਰ ਸਿੱਖ ਨੂੰ ਕੇਸ ਨਾ ਕਤਲ ਕਰਨ ਦਾ ਹੁਕਮ ਦਿੱਤਾ। ਕੇਸਾਂ ਤੋਂ ਇਲਾਵਾ ਆਪ ਨੇ ਹੋਰ ਚਾਰ ਕਕਾਰ-ਕੇਸਾਂ ਦੀ ਸਫਾਈ ਲਈ ਕੰਘਾ, ਉਚੇ ਆਚਰਣ ਲਈ ਕਛਹਿਰਾ, ਸ਼ੁਭ ਕਰਮ ਕਰਨ ਲਈ ਕੜਾ, ਤੇ ਆਪਣੀ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਕ੍ਰਿਪਾਨ, ਸਿੱਖਾਂ ਲਈ ਬਖਸ਼ਿਸ਼ ਕੀਤੇ, ਇਨ੍ਹਾਂ ਕਕਾਰਾਂ ਨੂੰ ਜ਼ਿੰਦਗੀ ਦਾ ਇਕ ਹਿੱਸਾ ਬਣਾਉਂਦੇ ਹੋਏ ਸਿੱਖਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਜ਼ਰੂਰੀ ਕਰ ਦਿੱਤਾ। ਕਿਉਂਕਿ ਹਰ ਧਰਮ ਜਾਂ ਸਮਾਜ ਵਿਚ ਦਾਖਲ ਹੋਣ ਲਈ ਇਕ ਜੀਵਨ-ਵਿਧੀ ਅਪਨਾਉਣੀ ਪੈਂਦੀ ਹੈ, ਸਿੱਖ ਦੇ ਦਾਖਲੇ ਲਈ ਅੰਮ੍ਰਿਤ ਪਾਣ ਹੀ ਉਹ ਜੀਵਨ-ਵਿਧੀ ਹੈ। ਗੁਰੂ ਜੀ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਜੋ ਕੇਸ ਰੱਖ ਕੇ ਵੀ ਅੰਮ੍ਰਿਤ ਨਹੀਂ ਛਕੇਗਾ ਉਹ ਸਿੱਖ ਨਹੀਂ, ਬਹੁਰੂਪੀਆ ਹੋਵੇਗਾ-
ਧਰੇ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿਖ।
ਮੇਰਾ ਦਰਸਨ ਨਾਹਿ ਤਿਸ ਪਾਪੀ ਤਿਆਗੇ ਭਿਖ।
ਅੰਮ੍ਰਿਤ ਕਿਸ ਤੋਂ ਛਕਿਆ ਜਾਵੇ
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਪਰੰਪਰਾ ਚਲਾਉਂਦੇ ਹੋਏ ਕੋਈ ਵੀ ਪੰਜ ਅੰਮ੍ਰਿਤਧਾਰੀ ਪੰਜ ਸਿੰਘਾਂ ਕੋਲੋਂ ਅੰਮ੍ਰਿਤ ਛਕਣ ਦੀ ਖੁੱਲ੍ਹ ਦਿੱਤੀ ਹੈ। ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਕਿ ਕਿਸੇ ਖਾਸ ਡੇਰੇ ਜਾਂ ਜੱਥੇ ਬੰਦੀ ਜਾਂ ਖਾਸ ਵਿਅਕਤੀ ਤੋਂ ਅੰਮ੍ਰਿਤ ਛਕਿਆ ਜਾਵੇ। ਇਸ ਤਰ੍ਹਾਂ ਹੀ ਅੰਮ੍ਰਿਤ ਦੇ ਅਸਥਾਨ ਬਾਰੇ ਵੀ ਖਾਸ ਜਗ੍ਹਾ ਦਾ ਜ਼ਿਕਰ ਨਹੀਂ ਹੈ। ਦਸਮ-ਪਿਤਾ ਨੇ ਜੋ ਅੰਮ੍ਰਿਤ ਛਕਣ ਤੇ ਛਕਾਉਣ ਦਾ ਵਿਧਾਨ ਬਣਾਇਆ, ਉਸ ਨੂੰ ਗੁਰਸਿੱਖ ਵਿਦਵਾਨਾਂ ਨੇ ਇਸ ਤਰ੍ਹਾਂ ਦਰਸਾਇਆ ਹੈ:-
ਪ੍ਰਥਮ ਰਹਿਤ ਯਹਿ ਜਾਨ ਖੰਡੇ ਕੀ ਪਾਹੁਲ ਛਕੇ।।
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ।।
ਪਾਂਚ ਸਿੰਘ ਅੰਮ੍ਰਿਤ ਜੋ ਦੇਵੈ।।
ਤਾ ਕੋ ਸਿੰਘ ਧਰ ਛਕ ਪੁਨ ਲੇਵੈ।।
ਪੁਨ ਮਿਲ ਪਾਂਚੈ ਰਹਿਤ ਜੋ ਭਾਖੈ।।
ਤਾ ਜੋ ਮਨ ਮਹਿ ਦ੍ਰਿੜ ਕਰ ਰਾਖੈ।।
ਸੋ ਸਪੱਸ਼ਟ ਹੈ ਕਿ ਦਸਮੇਸ਼ ਪਿਤਾ ਦਾ ਅੰਮ੍ਰਿਤ ਇਕੋ ਹੀ ਹੈ ਇਸ ਵਿਚ ਸਮੇਂ ਅਸਥਾਨ ਜਾਂ ਵਿਅਕਤੀ ਦੀ ਕੋਈ ਮਹਾਨਤਾ ਨਹੀਂ ਹੈ।
|
(8) Question:- |
ਅੰਮ੍ਰਿਤ ਛਕਾਉਣ ਦੀ ਵਿਧੀ ਬਾਰੇ ਜਾਣਕਾਰੀ ਦਿਓ? |
Answer:- |
ਅੰਮ੍ਰਿਤ ਛਕਾਉਣ ਲਈ ਪੰਜ ਅੰਮ੍ਰਿਤਧਾਰੀ ਸਿੱਖ ਹੋਣੇ ਚਾਹੀਦੇ ਹਨ। ਅੰਮ੍ਰਿਤ ਛਕਣ ਲਈ ਕਿਸੇ ਖਾਸ ਸੰਪਰਦਾ ਜਾਂ ਮਹਾਂਪੁਰਸ਼ ਦੁਆਰਾ ਛਕਾਉਣ ਨੂ ਕੋਈ ਖਾਸ ਮਹੱਤਤਾ ਨਹੀਂ ਦਿੱਤੀ ਜਾਂਦੀ। ਕੋਈ ਵੀ ਪੰਜ ਪਿਆਰੇ ਜਿਨ੍ਹਾਂ ਵਿਚੋਂ ਸਿੰਘਣੀਆਂ ਵੀ ਹੋ ਸਕਦੀਆਂ ਹਨ, ਅੰਮ੍ਰਿਤ ਛਕਾਉਣ ਦੀ ਰਸਮ ਨੂੰ ਪੂਰਾ ਕਰ ਸਕਦੇ ਹਨ। ਅੰਮ੍ਰਿਤ ਛਕਣ ਦੇ ਇੱਛੁਕ ਪ੍ਰਾਣੀ ਨੂੰ ਕੇਸੀ ਇਸ਼ਨਾਨ ਕਰਕੇ ਤੇ ਪੰਜ ਕਕਾਰ ਧਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਦੇ ਸਨਮੁਖ ਜਾਣਾ ਪੈਂਦਾ ਹੈ। ਪੰਜਾਂ ਪਿਆਰਿਆਂ 'ਚੋਂ ਕੋਈ ਇਕ ਸੱਜਣ ਸਿੱਖ ਧਰਮ ਦੇ ਅਸੂਲਾਂ ਤੇ ਮਰਯਾਦਾ ਬਾਰੇ ਜਾਣਕਾਰੀ ਦਿੰਦਾ ਹੈ। ਅੰਮ੍ਰਿਤ ਤਿਆਰ ਕਰਨ ਵੇਲੇ ਬਾਟੇ ਵਿਚ ਸੁਅੱਛ ਜਲ ਤੇ ਪਤਾਸੇ ਪਾ ਕੇ ਖੰਡਾ ਫੇਰਦੇ ਹੋਏ ਪੰਜਾ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ। ਅੰਮ੍ਰਿਤ-ਅਭਿਲਾਖੀ ਨੂੰ ਰਸਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਪਹੁੰਚਣਾ ਚਾਹੀਦਾ ਹੈ, ਅੰਮ੍ਰਿਤ ਦੀ ਤਿਆਰੀ ਵੇਲੇ ਆਉਣ ਵਾਲੇ ਨੂੰ ਅੰਮ੍ਰਿਤ-ਸੰਚਾਰ ਵਿਚ ਆਉਣ ਦੀ ਇਜਾਜ਼ਤ ਨਹੀਂ।
ਜਦ ਅੰਮ੍ਰਿਤ ਤਿਆਰ ਹੋ ਜਾਂਦਾ ਹੈ ਤਾਂ ਅੰਮ੍ਰਿਤ ਛਕਣ ਵਾਲੇ ਨੂੰ ਬੀਰ-ਆਸਨ ਕਰਾ ਕੇ ਉਸ ਦੇ ਖੱਬੇ ਹੱਥ ਉੱਪਰ ਸੱਜਾ ਹੱਥ ਰਖਾ ਕੇ ਪੰਜ ਚੂਲ੍ਹੇ ਅੰਮ੍ਰਿਤ ਦੇ ਛਕਾਈ ਜਾਂਦੇ ਹਨ ਤੇ ਹਰ ਚੂਲ੍ਹੇ ਬਾਅਦ ''ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।'' ਉਚਾਰਣ ਕੀਤਾ ਜਾਂਦਾ ਹੈ। ਫਿਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਂ ਵਿਚ ਪਾਏੇ ਜਾਂਦੇ ਹਨ ਤੇ ਪੰਜ ਹੀ ਕੇਸਾਂ ਵਿਚ ਵੀ ਪਾਏ ਜਾਂਦੇ ਹਨ। ਹਰ ਇਕ ਛੱਟੇ ਨਾਲ ਅੰਮ੍ਰਿਤ ਛਕਣ ਵਾਲਾ, ਛਕਾਉਣ ਵਾਲੇ ਦੇ ਪਿੱਛੇ-ਪਿੱਛੇ ''ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।'' ਗਜਾਉਂਦਾ ਹੈ। ਜੋ ਅੰਮ੍ਰਿਤ ਬਚ ਜਾਂਦਾ ਹੈ ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ ਸਿੰਘ ਤੇ ਸਿੰਘਣਦੀਆਂ ਰਲ ਕੇ ਛਕਦੇ ਹਨ। ਫਿਰ ਮੂਲ-ਮੰਤਰ ਦਾ ਰਟਨ ਕਰਾਇਆ ਜਾਂਦਾ ਹੈ। ਤੇ ਰਹਿਤ-ਮਰਿਯਾਦਾ ਦੱਸੀ ਜਾਂਦੀ ਹੈ। ਅੰਮ੍ਰਿਤ ਛਕਣ ਵਾਲੇ ਰਹਿਤ-ਮਰਿਯਾਦਾ ਨੂੰ ਮੰਨਣ ਲਈ ''ਸਤਿ ਬਚਨ'' ਕਹਿ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਉਂਦੇ ਹਨ। ਇਸ ਉਪਰੰਤ ਅਰਦਾਸ ਤੇ ਫਿਰ ਹੁਕਮਨਾਮਾ ਤੇ ਕੜਾਹ ਪ੍ਰਸ਼ਾਦ ਦੇ ਵਰਤਾਉਣ ਨਾਲ ਅੰਮ੍ਰਿਤ ਛਕਣ ਦੀ ਰਸਮ ਸੰਪੂਰਨ ਹੁੰਦੀ ਹੈ। |
(9) Question:- |
ਇਕ ਅੰਮ੍ਰਿਤਧਾਰੀ ਸਿੱਖ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ? |
Answer:- |
ਇਕ ਅੰਮ੍ਰਿਤਧਾਰੀ ਸਿੱਖ ਨੂੰ ਅੰਮ੍ਰਿਤ ਵੇਲੇ ਉਠ ਕੇ, ਇਸ਼ਨਾਨ ਕਰਕੇ ਨਿਤਨੇਮ ਦੀਆਂ ਪੰਜਾ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਰਾਤ ਨੂੰ ਸੌਂਣ ਵੇਲੇ ਕੀਰਤਨ ਸੋਹਿਲਾ ਦਾ ਪਾਠ ਕਰਨਾ ਚਾਹੀਦਾ ਹੈ। ਅੰਮ੍ਰਿਤ ਵੇਲੇ ਅਤੇ ਸ਼ਾਮ ਨਿਤਨੇਮ ਉਪਰੰਤ ਅਰਦਾਸ ਕਰਨੀ ਵੀ ਜ਼ਰੂਰੀ ਹੈ। ਉਹ ਸਿਰਫ ਗੁਰੂ ਗ੍ਰੰਥ ਸਾਹਿਬ 'ਤੇ ਟੇਕ ਰੱਖਦਾ ਹੈ ਤੇ ਹੋਰ ਕਿਸੇ ਦੇਹਧਾਰੀ ਗੁਰੂ, ਸਮਾਧ, ਮੜ੍ਹੀ, ਮਸਾਣ ਦੀ ਪੂਜਾ ਹੀਂ ਕਰਦਾ। ਉਸ ਨੂੰ ਮਿਹਨਤ ਤੇ ਈਮਾਨਦਾਰੀ ਦੀ ਕਿਰਤ-ਕਮਾਈ ਕਰਨੀ ਚਾਹੀਦੀ ਹੈ ਅਤੇ ਇਕ ਸਾਦਾ ਤੇ ਸਾਫ-ਸੁਥਰਾ ਜੀਵਨ ਬਿਤਾਉਣਾ ਚਾਹੀਦਾ ਹੈ। ਕਿਸੇ ਵੀ ਸਿੱਖ ਲਈ ਨਸ਼ਿਆਂ ਦੇ ਸੇਵਨ ਦੀ ਸਖਤ ਮਨਾਹੀ ਹੈ। ਅੰਮ੍ਰਿਤਧਾਰੀ ਸਿੱਖ ਸ਼ੁੱਭ ਕਰਮਾਂ 'ਤੇ ਵਿਸ਼ਵਾਸ ਕਰਦਾ ਹੈ ਤੇ ਐਸਾ ਕੋਈ ਕਰਮ ਨਹੀਂ ਕਰਦਾ ਜਿਸ ਨਾਲ ਉਸ ਦੀ ਤੇ ਉਸ ਦੀ ਕੌਮ ਦੀ ਬਦਨਾਮੀ ਹੁੰਦੀ ਹੋਵੇ। ਉਹ ਭਾਵੇਂ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਉਹ ਇਕ ਚੰਗਾ ਸ਼ਹਿਰੀ, ਦੇਸ਼-ਪ੍ਰੇਮੀ ਤੇ ਇਨਸਾਨੀਅਤ ਦਾ ਸੇਵਾਦਾਰ ਹੁੰਦਾ ਹੈ। ਉਹ ਹਰ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰ ਗੁਜ਼ਾਰਦਾ ਹੈ ਤੇ ਹਰ ਨਾ-ਕਾਮਯਾਬੀ ਤੇ ਮੁਸ਼ਕਿਲ ਨੂੰ ਆਪਣੇ ਕਰਮਾਂ ਦਾ ਫਲ ਸਮਝਦੇ ਹੋਏ ਪਰਮਾਤਮਾ ਦੇ ਭਾਣੇ ਨੂੰ ਮੰਨਦਾ ਹੈ। |
(10) Question:- |
ਕੁਰਹਿਤੀਆ ਅਤੇ ਤਨਖਾਹੀਆ ਵਿਚ ਕੀ ਫਰਕ ਹੈ? ਦੋਹਾਂ ਲਈ ਕੀ ਸਜ਼ਾ ਹੈ? ਉਹ ਕਿਸ ਤਰ੍ਹਾਂ ਦਿਤੀ ਜਦੀ ਹੈ? ਉਸ ਉਪਰੰਤ ਦੋਸ਼ੀ ਕਿਸ ਤਰ੍ਹਾਂ ਆਪਣੇ ਦੋਸ਼ ਤੋਂ ਮੁਕਤ ਹੁੰਦਾ ਹੈ? |
Answer:- |
ਚਾਰ ਕੁਰਹਿਤਾਂ
ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸ਼ਬਦਾਂ ਵਿਚ ਸਿੱਖਾਂ ਲਈ ਚਾਰ ਕੁਰਹਿਤਾਂ ਕਰਾਰ ਦਿੱਤੀਆਂ ਗਈਆਂ ਹਨ। ਇਹ ਕੁਰਹਿਤਾਂ ਹਨ:
1. ਕੇਸਾਂ ਦੀ ਬੇ-ਅਦਬੀ (ਕੇਸ ਕਤਲ ਕਰਾਉਣੇ)
2. ਕੁੱਠਾ ਖਾਣਾ, ਯਾਨੀ ਕਿ ਮੁਸਲਮਾਨੀ ਢੰਗ ਨਾਲ ਤਿਆਰ ਕੀਤਾ ਮਾਸ ਖਾਣਾ।
3. ਪਰ ਇਸਤਰੀ ਜਾਂ ਪਰ ਪੁਰਸ਼ ਦਾ ਸੰਗ ਕਰਨਾ।
4. ਤੰਬਾਕੂ ਵਰਤਣਾ ਜਾਂ ਪੀਣਾ।
ਇਨ੍ਹਾਂ ਚਾਰ ਕੁਰਹਿਤਾਂ ਵਿਚੋਂ ਇਕ ਵੀ ਹੋ ਜਾਵੇ ਤਾਂ ਸਿੱਖ ਨੂੰ ਪਤਿਤ ਕਿਹਾ ਜਾਂਦਾ ਹੈ। ਪਤਿਤ ਤੋਂ ਭਾਵ ਇਹ ਗਿਣਿਆ ਜਾਂਦਾ ਹੈ ਕਿ ਉਹ ਸਿੱਖ ਤੋਂ ਖਾਰਜ਼ ਹੋ ਗਿਆ ਹੈ। ਸਿੱਖੀ ਵਿਚ ਦੁਬਾਰਾ ਦਾਖਲਾ ਲੈਣ ਲਈ ਉਸ ਨੂੰ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਾਰੀ ਕੀਤੀ ਹੋਈ ਸਿੱਖ ਰਹਿਤ ਮਰਯਾਦਾ ਅਨੁਸਾਰ ਅਗਰ ਕੋਈ ਕੁਰਹਿਤ ਆਪਣੀ ਇੱਛਾ ਵਿਰੁੱਧ ਅਨਭੁੱਲ ਹੀ ਹੋ ਜਾਵੇ ਤਾਂ ਉਸ ਦਾ ਕੋਈ ਦੰਡ ਨਹੀਂ। ਗੁਰੂ ਸਾਹਿਬ ਨੇ ਕਝ ਲੋਕਾਂ ਦਾ ਸੰਗ ਕਰਨੋਂ ਵੀ ਸਾਨੂੰ ਮਨ੍ਹਾਂ ਕੀਤਾ ਜਿਵੇਂ ਕਿ ਐਸੇ ਇਨਸਾਨ ਦਾ ਜੋ ਕਿ ਸਿੱਖ ਹੋ ਕੇ ਕੇਸ ਕਟਾ ਦੇਵੇ ਜਾਂ ਨੜੀਮਾਰ ਹੋਵੇ। ਅਗਰ ਇਸ ਮਾਮਲੇ ਵਿਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿਚ ਹਾਜ਼ਰ ਹੋ ਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ। ਅਗਰ ਕੋਈ ਤਨਖਾਹ ਉਸ ਉਤੇ ਲਾਈ ਜਾਂਦੀ ਹੈ ਤਾਂ ਉਹ ਦੰਡ ਉਸ ਨੂੰ ਖਿੜੇ ਮੱਥੇ ਕਬੂਲ ਕਰ ਕੇ ਭੁਗਤਣਾ ਚਾਹੀਦਾ ਹੈ। ਐਸਾ ਦੰਡ ਭੁਗਤਣ ਵਾਲੇ ਇਨਸਾਨ ਨੂੰ ਤਨਖਾਹੀਆ ਕਿਹਾ ਜਾਂਦਾ ਹੈ। ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਾਂ ਗੁਰਮਤਿ ਅਨੁਸਾਰ ਕੰਮ ਨਾ ਕਰਨ ਵਾਲੇ ਨੂੰ ਜਾਂ ਹੋਰ ਰਹਿਤ ਦੀ ਭੁੱਲ ਕਰਨ ਵਾਲੇ ਨੂੰ ਵੀ ਤਨਖਾਹੀਆ ਕਿਹਾ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਅਗਰ ਕੋਈ ਨਸ਼ਾ ਕਰਦਾ ਹੈ ਉਹ ਤਨਖਾਹੀਆ ਹੈ। |