• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(1) Question:- ਸਿੱਖ ਵਿਰਾਸਤ ਅਤੇ ਸਭਿਆਚਾਰ ਤੋਂ ਕੀ ਭਾਵ ਹੈ? ਕੀ ਇਹ ਪੰਜਾਬ ਦੀ ਵਿਰਾਸਤ ਤੇ ਸਭਿਆਚਾਰ ਤੋਂ ਅਲੱਗ ਹੈ?
Answer:- ਵਿਰਾਸਤ ਉਸ ਨੂੰ ਕਹਿੰਦੇ ਹਨ ਜੋ ਸਾਨੂੰ ਵਿਰਸੇ ਵਿਚ ਪ੍ਰਾਪਤ ਹੁੰਦੀ ਹੈ ਤੇ ਸਭਿਆਚਾਰ ਇਕ ਸਮੇਂ ਦੇ ਲੋਕਾਂ ਦੁਆਰਾ ਵਿਚਰ ਕੇ ਅਲੱਗ-ਅਲੱਗ ਪੱਖ ਤੋਂ ਬਣਾਇਆ ਜਾਂਦਾ ਹੈ। ਜਿੱਥੋਂ ਤਕ ਪੰਜਾਬੀ ਵਿਰਾਸਤ ਦਾ ਸਵਾਲ ਹੈ ਉਸ ਸਿੱਖ ਵਿਰਾਸਤ ਤੋਂ ਪੁਰਾਣੀ ਹੈ। ਉਸ ਵਿਰਾਸਤ ਅਨੁਸਾਰ ਪੁਰਾਤਨ ਸਮਿਆਂ ਤੋਂ ਚਲੇ ਆ ਰਹੇ ਇਤਿਹਾਸ ਨਾਲ ਜੁੜੀਆਂ ਹੋਈਆਂ ਕਈ ਇਮਾਰਤਾਂ, ਕਲਾਕ੍ਰਿਤੀਆਂ ਤੇ ਸਾਹਿੱਤ ਸ਼ਾਮਲ ਹਨ। ਜਿਸ ਵੇਲੇ ਗੁਰੂ ਸਾਹਿਬਾਂ ਦਾ ਆਗਮਨ ਪੰਜਾਬ ਵਿਚ ਹੋਇਆ ਤਾਂ ਉਨ੍ਹਾਂ ਦੇ ਜੀਵਨ ਤੇ ਸਿਖਿਆਵਾਂ ਨੇ ਸਾਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ। ਸਿੱਖ ਧਰਮ ਦੀਆਂ ਸਿੱਖਿਆਵਾਂ ਤੇ ਉਸ ਨਾਲ ਜੁੜਿਆ ਹੋਇਆ ਇਤਿਹਾਸ ਪੰਜਾਬ ਦੀ ਸਭਿਆਚਾਰਕ ਅਤੇ ਇਤਿਹਾਸਕ ਪਹਿਚਾਣ ਬਣ ਗਏ। ਹੁਣ ਜਦ ਅਸੀਂ ਸਿੱਖ ਸਭਿਆਚਾਰ ਜਾਂ ਵਿਰਾਸਤ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਉਹ ਸਭ ਕੁਝ ਸ਼ਾਮਲ ਹੁੰਦਾ ਹੈ ਜਿਸ ਦਾ ਸੰਬੰਧ ਸਿੱਖ ਧਰਮ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹੈ। ਪੁਰਾਤਨ ਪੰਜਾਬੀ ਪਰੰਪਰਾਵਾਂ ਵੀ ਸਿੱਖ ਵਿਰਾਸਤ ਦਾ ਹਿੱਸਾ ਬਣ ਜਾਂਦੀਆਂ ਹਨ ਜਿਵੇਂ ਬਾਬਾ ਫਰੀਦ ਜੀ ਦੀ ਬਾਣੀ ਪੰਜਾਬ ਦੀ ਵਿਰਾਸਤ ਵੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੋਣ ਕਰਕੇ ਸਿੱਖ ਵਿਰਾਸਤ ਦਾ ਵਡਮੁੱਲਾ ਅੰਗ ਵੀ ਹੈ। ਇਹ ਕਹਿਣਾ ਕੋਈ ਅਤਕਥਨੀ ਨਹੀਂ ਹੋਵੇਗਾ ਕਿ ਗੁਰੂ ਸਾਹਿਬਾਂ ਦੇ ਆਗਮਨ ਤੋਂ ਬਾਅਦ ਜਦ ਸਿੱਖ ਧਰਮ ਹੋਂਦ ਵਿਚ ਆਇਆ ਤਾਂ ਸਾਰਾ ਪੰਜਾਬ ਹੀ ਉਸਦੇ ਰੰਗ ਵਿਚ ਰੰਗ ਗਿਆ। ਤਦ ਹੀ ਤੇ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ 'ਪੰਜਾਬ ਜੀਉਂਦਾ ਗੁਰਾਂ ਦੇ ਨਾਮ 'ਤੇ'। ਅੱਜ ਸਿੱਖ ਵਿਰਾਸਤ ਚੰਗੀ ਹਾਲਤ ਵਿਚ ਨਹੀਂ ਕਿਉਂਕਿ ਇਸ ਵਿਰਾਸਤ ਨਾਲ ਜੁੜੇ ਹੋਏ ਬਹੁਤ ਸਾਰੇ ਕਿਲ੍ਹੇ, ਹਵੇਲੀਆਂ, ਗੁਰਦੁਆਰਾ ਸਾਹਿਬ, ਕਲਾਕ੍ਰਿਤੀਆਂ ਤੇ ਸਾਹਿੱਤ ਦੇ ਕੇਂਦਰ ਪਾਕਿਸਤਾਨ ਤੇ ਬੰਗਲਾ ਦੇਸ਼ (ਜੋੋ ਪਹਿਲਾਂ ਪਾਕਿਸਤਾਨ ਹੀ ਸੀ) ਵਿਚ ਰਹਿ ਗਏ ਜਿੱਥੇ ਉਨ੍ਹਾਂ ਦੀ ਕੋਈ ਦੇਖ ਸੰਭਾਲ ਨਹੀਂ ਹੋਈ। ਆਪਣੇ ਮੁਲਕ ਵਿਚ ਵੀ ਸਿੱਖਾਂ ਨੇ ਬਹੁਤ ਸਾਰੀਆਂ ਵਿਰਾਸਤੀ ਬਿਲਡਿੰਗਾਂ ਜਿਨ੍ਹਾਂ ਵਿਚ ਗੁਰਦੁਆਰੇ ਵੀ ਸ਼ਾਮਲ ਹਨ, ਵਲ ਜਾਂ ਤਾਂ ਧਿਆਨ ਨਹੀਂ ਦਿੱਤਾ ਤੇ ਜਾਂ ਉਨ੍ਹਾਂ ਨਾਲ ਇੰਨੀ ਛੇੜਛਾੜ ਕੀਤੀ ਕਿ ਅੱਜ ਵਿਰਾਸਤ ਦੇ ਨਿਸ਼ਾਨ ਨਹੀਂ ਲਭਦੇ।
(2) Question:- ਜ਼ਿਆਦਾਤਰ ਸਿੱਖ ਵਿਰਾਸਤ ਪਾਕਿਸਤਾਨ ਵਿਚ ਰਹਿ ਗਈ। ਉਸ ਵਿਰਾਸਤ ਦੀ ਅੱਜ ਦੀ ਸਥਿਤੀ ਬਾਰੇ ਵਿਦਵਾਨਾਂ ਦੀ ਕੀ ਰਾਇ ਹੈ?
Answer:- ਕਿਉਂਕਿ ਸਿੱਖ ਧਰਮ ਦਾ ਮੁੱਢ ਗੁਰੂ ਨਾਨਕ ਸਾਹਿਬ ਦੇ ਵੇਲੇ ਬੰਨਿਆ ਗਿਆ ਅਤੇ ਗੁਰੂ ਸਾਹਿਬ ਦਾ ਜਨਮ ਅੱਜ ਦੇ ਪਾਕਿਸਤਾਨ ਦੇ ਇਲਾਕੇ ਵਿਚ ਹੋਇਆ ਸੀ, ਸਾਡੀ ਵਢਮੁੱਲੀ ਵਿਰਾਸਤ ਪਾਕਿਸਤਾਨ ਵਿਚ ਰਹਿ ਗਈ। ਬਾਅਦ ਵਿਚ ਵੀ ਜਦ ਸਿੱਖ ਰਾਜ ਸਥਾਪਤ ਕੀਤਾ ਗਿਆ ਤਦ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਤੇ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਉਧਰ ਰਹਿ ਗਈਆਂ। ਹੁਣ ਕੁਝ ਸਿੱਖ ਵਿਦਵਾਨਾਂ ਨੇ ਪੁਸਤਕਾਂ ਲਿਖ ਕੇ ਸਾਡਾ ਧਿਆਨ ਉਸ ਵਿਰਾਸਤ ਵਲ ਦਵਾਇਆ ਹੈ। ਸਿੰਗਾਪੁਰ ਦੇ ਗੁਰਸਿੱਖ ਵਿਦਵਾਨ ਸ. ਅਮਨਦੀਪ ਸਿੰਘ ਨੇ ਦੋ ਪੁਸਤਕਾਂ ਲਿਖੀਆਂ ਹਨ ਬ੍ਰਿਟੇਨ ਦੇ ਸ. ਬੋਬੀ ਸਿੰਘ ਬੰਸਲ ਨੇ ਵੀ ਪਾਕਿਸਤਾਨ ਦੇ ਇਲਾਕਿਆਂ ਦੀ ਯਾਤਰਾ ਕਰਨ ਤੋਂ ਬਾਅਦ ਵਡਮੁੱਲੀ ਜਾਣਕਾਰੀ ਇਕੱਠੀ ਕਰਕੇ ਸਾਨੂੰ ਦਿੱਤੀ ਹੈ। ਇਸ ਜਾਣਕਾਰੀ ਅਨੁਸਾਰ ਹਜ਼ਾਰਾ ਤੋਂ ਅਫਗਾਨਿਸਤਾਨ ਤਕ 78 ਕਿਲ੍ਹੇ ਹਰੀ ਸਿੰਘ ਨਲੂਆ ਦੁਆਰਾ ਬਣਾਏ ਗਏ ਸਨ ਜਿਨ੍ਹਾਂ ਵਿਚ ਜਮਰੂਦ ਦਾ ਕਿਲ੍ਹਾ ਵੀ ਸ਼ਾਮਲ ਹੈ। ਪਾਕਿਸਤਾਨ ਦੀ ਸਰਕਾਰ ਦਾ ਧਿਆਨ ਇਨ੍ਹਾਂ ਕਿਲ੍ਹਿਆ ਵਲ ਦਵਾਇਆ ਗਿਆ ਹੈ ਤੇ ਯਤਨ ਜਾਰੀ ਹਨ ਕਿ ਉਨ੍ਹਾਂ ਦੀ ਦੇਖ-ਰੇਖ ਠੀਕ ਢੰਗ ਨਾਲ ਕੀਤੀ ਜਾ ਸਕੇ। ਵਿਦਵਾਨਾਂ ਦਾ ਇਹ ਖਿਆਲ ਹੈ ਕਿ ਅਗਰ ਸਿੱਖ ਵਿਰਾਸਤ ਦੀਆਂ ਬਿਲਡਿੰਗਾਂ ਨੂੰ ਠੀਕ ਰੱਖਿਆ ਜਾਵੇ ਤਾਂ ਓਸ ਇਲਾਕੇ ਵਿਚ ਟੂਰਿਜ਼ਮ ਵਧਾਇਆ ਜਾ ਸਕਦਾ ਹੈ।
(3) Question:- ਸਿੱਖ ਵਿਰਸੇ ਨਾਲ ਜੁੜੇ ਹੋਏ ਗੁਰੂ ਸਾਹਿਬਾਂ ਦੇ ਸਮੇਂ ਤੋਂ ਬਾਅਦ ਬਣੇ ਹੋਏ ਕੁਝ ਪ੍ਰਮੁੱਖ ਕਿਲ੍ਹਿਆਂ ਦਾ ਜ਼ਿਕਰ ਕਰੋ।
Answer:- ਸਿੱਖ ਇਤਿਹਾਸ ਵਿਚ ਕਿਲ੍ਹੇ ਬਣਾਉਣ ਦਾ ਕੰਮ ਗੁਰੂ ਸਾਹਿਬਾਂ ਵੇਲੇ ਸ਼ੁਰੂ ਹੋੋ ਗਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਿਖੇ ਪੰਜ ਕਿਲ੍ਹੇ ਬਣਵਾਏ। ੧੮ਵੀਂ ਸਦੀ ਵਿਚ ਜਦੋੋਂ ਸਿੱਖ ਸਟੇਟਾਂ ਹੋੋਂਦ ਵਿਚ ਆਈਆਂ ਤਦ ਕਈ ਕਿਲ੍ਹੇ ਬਣਵਾਏ ਗਏ। ਗੋਵਿੰਦਗੜ੍ਹ ਦਾ ਕਿਲ੍ਹਾ ਸ. ਗੁੱਜਰ ਸਿੰਘ ਭੰਗੀ ਮਿਸਲ ਵੱਲੋਂ ਬਣਵਾਇਆ ਗਿਆ ਸੀ। ਇਸ ਨੂੰ ਪਹਿਲਾਂ ਭੰਗੀਆਂ ਦਾ ਕਿਲ੍ਹਾ ਹੀ ਕਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲ੍ਹੇ ਵਲ ਧਿਆਨ ਦੇਕੇ ਇਸ ਨੂੰ ਠੀਕ ਕਰਵਾਇਆ ਸੀ ਪਰ ਅੰਗ੍ਰੇਜ਼ਾਂ ਵੇਲੇ ਇਸ ਦੀ ਹਾਲਤ ਫਿਰ ਖਰਾਬ ਹੋ ਗਈ। ਅੰਮ੍ਰਿਤਸਰ ਵਿਚ ਸਥਿਤ ਇਸ ਕਿਲ੍ਹੇ ਨੂੰ ਅੰਗ੍ਰੇਜ਼ਾਂ ਨੇ ਸੈਨਾ ਲਈ ਇਸਤੇਮਾਲ ਕੀਤਾ। ਸੰਨ 2017 ਵਿਚ ਪੰਜਾਬ ਸਰਕਾਰ ਨੇ ਫਿਰ ਇਸ ਨੂੰ ਠੀਕ ਕਰਵਾ ਕੇ ਪਬਲਿਕ ਲਈ ਖੋਲ੍ਹਿਆ। ਹੁਣ ਲੋਕ ਇਸ ਕਿਲ੍ਹੇ ਵਿਚ ਜਾ ਸਕਦੇ ਹਨ ਅਤੇ ਮਸ਼ਹੂਰ ਤੋਪ ਯਮਯਮ ਦੀ ਨਕਲ ਵਾਲੀ ਤੋਪ ਦੇ ਦਰਸ਼ਨ ਵੀ ਕਰ ਸਕਦੇ ਹਨ। ਯਮਯਮ ਤੋਪ ਅਹਿਮਦਸ਼ਾਹ ਅਬਦਾਲੀ ਨੇ ਮਰਾਠਿਆਂ ਵਿਰੁੱਧ ਇਸਤੇਮਾਲ ਕੀਤੀ ਸੀ। ਅਸਲੀ ਤੋਪ ਹੁਣ ਲਾਹੌਰ ਵਿਚ ਅਜਾਇਬ ਘਰ ਵਿਚ ਹੈ। ਉਸਦੀ ਨਕਲ ਬਣਾ ਕੇ ਅੰਮ੍ਰਿਤਸਰ ਦੇ ਕਿਲ੍ਹੇ ਵਿਚ ਰੱਖੀ ਗਈ ਹੈ। ਇਥੇ ਇਸਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ 1762 ਵਿਚ ਇਹ ਤੋਪ ਭੰਗੀ ਮਿਸਲ ਦੇ ਕਬਜ਼ੇ ਵਿਚ ਆ ਗਈ ਸੀ ਅਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਭੰਗੀਆਂ ਨੂੰ ਹਰਾਇਆ ਮਹਾਰਾਜਾ ਸਾਹਿਬ ਕੋਲ ਆ ਗਈ। ਪਰ ਕਿਉਂਕਿ ਲੜਾਈ ਵਿਚ ਇਹ ਖਰਾਬ ਹੋ ਗਈ ਸੀ ਸੋ ਇਸ ਨੂੰ ਫਿਰ ਲਾਹੌਰ ਲਿਜਾਇਆ ਗਿਆ ਤੇ ਹੁਣ ਉਥੇ ਹੀ ਮੌਜੂਦ ਹੈ। ਕਿਲ੍ਹਾ ਮੁਬਾਰਕ ਪਟਿਆਲਾ ਦੇ ਮਹਾਰਾਜਾ ਆਲਾ ਸਿੰਘ ਨੇ ਸੰਨ 1764 ਵਿਚ ਬਣਵਾਇਆ ਸੀ ਤੇ ਹੁਣ ਇਹ ਸੈਨਾ ਦੇ ਇਸਤੇਮਾਲ ਵਿਚ ਹੈ। ਇਕ ਕਿਲ੍ਹਾ ਮੁਬਾਰਕ ਨਾਭਾ ਵਿਖੇ ਵੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧਤ ਕੁਝ ਹਸਤ ਲੇਖ ਤੇ ਹੋਰ ਚੀਜ਼ਾਂ ਰੱਖੀਆਂ ਗਈਆਂ ਹਨ। ਪਟਿਆਲਾ ਵਿਚ ਇਕ ਮੋਤੀ ਬਾਗ ਕਿਲ੍ਹਾ ਵੀ ਹੈ ਜਿਸ ਦੇ ਨੇੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਸਥਿਤ ਹੈ। ਇਹ ਕਿਲ੍ਹਾ 1658 ਵਿਚ ਨਵਾਬ ਸੈਫ ਖਾਨ ਨੇ ਬਣਵਾਇਆ ਸੀ। ਪੰਜਾਬ ਦਾ ਇਕ ਹੋਰ ਮਸ਼ਹੂਰ ਕਿਲ੍ਹਾ ਫਿਲੌਰ ਵਿਚ ਹੈ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੈਨਾ ਲਈ ਇਸਤੇਮਾਲ ਕਰਦੇ ਸਨ ਤੇ ਉਥੇ ਹੁਣ ਪੁਲਿਸ ਅਕੈਡਮੀ ਸਥਿਤ ਹੈ।
(4) Question:- ਕਿਹਾ ਜਾਂਦਾ ਹੈ ਕਿ ਪੰਜਾਬ ਦੇ ਉੱਚ ਤਬਕੇ ਦੁਆਰਾ ਮਹਿਲ ਤੇ ਹਵੇਲੀਆਂ ਉਸਾਰੇ ਜਾਂਦੇ ਰਹੇ ਹਨ। ਕੀ ਉਹ ਵੀ ਪੰਜਾਬੀ ਵਿਰਾਸਤ ਦਾ ਹਿੱਸਾ ਹਨ? ਅੱਜ ਉਨ੍ਹਾਂ ਦੀ ਕੀ ਸਥਿਤੀ ਹੈ?
Answer:- ਗੁਰੂ ਸਾਹਿਬਾਨ ਦੇ ਵੇਲੇ ਤੋਂ ਬਾਅਦ ਜਦ ਸਿੱਖਾਂ ਨੂੰ ਆਪਣੇ-ਆਪਣੇ ਰਾਜ ਸਥਾਪਤ ਕਰਨ ਦਾ ਮੌਕਾ ਮਿਲਿਆ ਤਾਂ ਉਸ ਵੇਲੇ ਉਨ੍ਹਾਂ ਦੀ ਆਰਥਿਕ ਸਥਿਤੀ ਕਾਫ਼ੀ ਚੰਗੀ ਹੋ ਗਈ। ਜਿੱਥੇ ਰਾਜੇ-ਮਹਾਰਾਜਿਆਂ ਨੇ ਆਪਣੇ ਲਈ ਮਹਿਲ ਉਸਾਰੇ ਉੱਥੇ ਧਨਾਢ ਵਿਅਕਤੀਆਂ ਨੇ ਆਪਣੇ ਰਹਿਣ ਲਈ ਵੱਡੀਆਂ-ਵੱਡੀਆਂ ਹਵੇਲੀਆਂ ਬਣਾਈਆਂ। ਜ਼ਿਆਦਾਤਰ ਹਵੇਲੀਆਂ ਪੰਜਾਬ ਦੇ ਉਸ ਇਲਾਕੇ ਵਿਚ ਸਨ ਜੋ ਅੱਜ ਪਾਕਿਸਤਾਨ ਵਿਚ ਹੈ। ਆਜ਼ਾਦੀ ਤੋਂ ਬਾਅਦ ਉਨ੍ਹਾਂ ਹਵੇਲੀਆਂ ਦੀ ਵਿਰਾਸਤ ਦੇ ਤੌਰ 'ਤੇ ਕੋਈ ਦੇਖਭਾਲ ਨਹੀਂ ਕੀਤੀ ਗਈ। ਸ. ਅਮਨਦੀਪ ਸਿੰਘ ਜਿਨ੍ਹਾਂ ਨੇ ਪਾਕਿਸਤਾਨ ਵਿਚ ਸਿੱਖਾਂ ਦੀ ਰਹਿ ਗਈ ਵਿਰਾਸਤ ਬਾਰੇ ਦੋ ਪੁਸਤਕਾਂ ਲਿਖੀਆਂ ਹਨ, ਉਨ੍ਹਾਂ ਅਨੁਸਾਰ ਜ਼ਿਆਦਾਤਰ ਹਵੇਲੀਆਂ ਹੁਣ ਖੰਡਰ ਬਣ ਚੁੱਕੇ ਹਨ। ਜਿੱਥੋੋਂ ਤਕ ਮਹਿਲਾਂ ਦਾ ਸਵਾਲ ਹੈ ਬਹੁਤ ਸਾਰੀਆਂ ਸਿੱਖ ਸਟੇਟਸ ਅੱਜ ਦੇ ਭਾਰਤੀ ਪੰਜਾਬ ਵਿੱਚ ਹੀ ਸਨ ਸੋ ਜੋ ਅਲੱਗ-ਅਲੱਗ ਰਾਜਿਆਂ ਨੇ ਮਹਿਲ ਬਣਾਏ ਜਿਵੇਂ ਕਿ ਮਹਾਰਾਜਾ ਕਪੂਰਥਲਾ ਦਾ ਜਗਤਜੀਤ ਪੈਲੇਸ ਤੇ ਮਹਾਰਾਜਾ ਪਟਿਆਲੇ ਦਾ ਮੋਤੀ ਬਾਗ਼ ਪੈਲੇਸ, ਉਹ ਅੱਜ ਕਾਇਮ ਤਾਂ ਹਨ ਪਰ ਭਾਰਤ ਵਿਚ ਜਦ ਤੋਂ ਰਾਜਿਆਂ ਦੇ ਹੱਕ ਖ਼ਤਮ ਕੀਤੇ ਗਏ ਹਨ, ਉਨ੍ਹਾਂ ਮਹਿਲਾਂ ਦੀ ਸ਼ਕਲ ਵੀ ਬਦਲ ਦਿੱਤੀ ਗਈ ਹੈ। ਉਹ ਹੁਣ ਸਰਕਾਰੀ ਸੰਪਤੀ ਬਣ ਗਏ ਹਨ ਤੇ ਉਨ੍ਹਾਂ ਦਾ ਇਸਤੇਮਾਲ ਵੀ ਸਰਕਾਰੀ ਤੌਰ 'ਤੇ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪਟਿਆਲੇ ਦਾ ਮੋਤੀ ਬਾਗ਼ ਮਹਿਲ ਹੁਣ ਨੈਸ਼ਨਲ ਇੰਸਟੀਚਿਊਟ ਆਫ਼ ਸਪੋੋਰਟਸ ਬਣ ਗਿਆ ਹੈ। ਇਸੇ ਤਰ੍ਹਾਂ ਹੀ ਕਪੂਰਥਲਾ ਦਾ ਜਗਤਜੀਤ ਪੈਲੇਸ ਹੁਣ ਸੈਨਿਕ ਸਕੂਲ ਹੈ। ਕਈ ਮਹਿਲ ਹੁਣ ਸਰਕਾਰੀ ਦਫ਼ਤਰਾਂ ਲਈ ਇਸਤੇਮਾਲ ਹੋ ਰਹੇ ਹਨ। ਸੋ ਉਨ੍ਹਾਂ ਦੀ ਵਿਰਾਸਤੀ ਮਹੱਤਤਾ ਨਹੀਂ ਰਹੀ।
(5) Question:- ਵਿਰਾਸਤ ਦੀਆਂ ਕਈ ਵਸਤੂਆਂ ਅੱਜ-ਕਲ੍ਹ ਅਜਾਇਬ ਘਰਾਂ ਵਿਚ ਦੇਖਣ ਨੂੰ ਮਿਲਦੀਆਂ ਹਨ। ਕੀ ਸਿੱਖਾਂ ਦੀ ਵਿਰਾਸਤ ਨਾਲ ਜੁੜੀਆਂ ਹੋਈਆਂ ਵਸਤੂਆਂ ਵੀ ਕੋੋਈ ਅਜਾਇਬ ਘਰਾਂ ਵਿਚ ਹਨ?
Answer:- ਪੰਜਾਬ ਵਿਚ ਐਸੇ ਕਈ ਸਮਾਰਕ ਹਨ ਜਿਨ੍ਹਾਂ ਨੂੰ ਅਜਾਇਬ ਘਰ ਦੇ ਤੌੌਰ 'ਤੇ ਸਿੱਖ ਇਤਿਹਾਸ ਤੇ ਉਸ ਨਾਲ ਜੁੜੀਆਂ ਹੋਈਆਂ ਵਸਤੂਆਂ ਦੀ ਸੰਭਾਲ ਲਈ ਬਣਾਇਆ ਗਿਆ ਹੈ। ਇਨ੍ਹਾਂ ਵਿਚ ਸ਼ਾਮਲ ਹਨ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਦਾ ਸੈਂਟਰਲ ਸਿੱਖ ਮਿਊਜ਼ੀਅਮ, ਅੰਮ੍ਰਿਤਸਰ ਕੰਪਨੀ ਬਾਗ ਦਾ ਮਿਊਜ਼ੀਅਮ, ਜਲੰਧਰ ਦਾ ਸ਼ਹੀਦੇ-ਆਜ਼ਮ ਮਿਊਜ਼ੀਅਮ, ਲੁਧਿਆਣਾ ਦਾ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਅਤੇ ਅਨੰਦਪੁਰ ਸਾਹਿਬ ਵਿਚ ਸਥਾਪਤ ਵਿਰਾਸਤ-ਏ-ਖਾਲਸਾ। ਵਿਰਾਸਤ-ਏ-ਖਾਲਸਾ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਸਿੱਖ ਇਤਿਹਾਸ ਦੇ 500 ਸਾਲ ਇਸ ਵਿਚੋੋਂ ਉੱਭਰ ਕੇ ਨਜ਼ਰ ਆਉਣ। ਇਹ ਖ਼ਾਲਸਾ ਪੰਥ ਦੀ ਸਿਰਜਣਾ ਦੀ 300ਵੀਂ ਵਰ੍ਹੇਗੰਢ ਦੇ ਮੌੌਕੇ 'ਤੇ ਸ਼ੁਰੂ ਕੀਤਾ ਗਿਆ ਸੀ। ਇਸ ਦਾ ਡਿਜ਼ਾਈਨ ਇੱਕ ਇਜ਼ਰਾਈਲੀ ਆਰਕੀਟੈਕਟ ਮੋੋਸ਼ੇ ਸੈਫਡੀ (Moshe Safdie) ਨੇ ਬਣਾਇਆ ਸੀ। ਇਸਦੇ ਦੋੋ ਭਾਗ ਹਨ ਜਿਨ੍ਹਾਂ ਵਿਚੋੋਂ ਇੱਕ ਭਾਗ ਵਿਚ ਇੱਕ ਥੀਏਟਰ 400 ਸੀਟਾਂ ਵਾਲਾ, ਦੋੋ ਮੰਜ਼ਿਲਾਂ ਵਾਲਾ ਰਿਸਰਚ ਸੈਂਟਰ, ਰੈਫਰੈਂਸ ਲਾਇਬਰੇਰੀ ਤੇ ਨੁਮਾਇਸ਼ੀ ਗੈਲਰੀਜ਼ ਹਨ। ਸਿੱਖ ਇਤਿਹਾਸ ਨੂੰ ਚਿੱਤਰਾਂ ਰਾਹੀਂ ਬਿਆਨ ਕੀਤਾ ਗਿਆ ਹੈ। ਇਹ ਯਾਤਰੀਆਂ ਲਈ ਇੱਕ ਵੱਡਾ ਆਕਰਸ਼ਨ ਹੈ। ਪੰਜਾਬ ਤੋਂ ਬਾਹਰ ਵੀ ਸਿੱਖ ਧਰਮ ਨਾਲ ਸੰਬੰਧਿਤ ਮਿਊੂਜ਼ੀਅਮ ਹਨ ਜਿਨ੍ਹਾਂ ਵਿਚ ਦਿੱਲੀ ਦਾ ਭਾਈ ਮਤੀ ਦਾਸ ਮਿਊਜ਼ੀਅਮ ਪ੍ਰਮੁੱਖ ਹੈ। ਸਾਰੇ ਹੀ ਮਿਊਜ਼ੀਅਮਜ਼ ਵਿਚ ਸਿੱਖ ਸ਼ਖ਼ਸੀਅਤਾਂ ਤੇ ਘਟਨਾਵਾਂ ਨੂੰ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ। ਇਨ੍ਹਾਂ ਵਿਚ ਆਧੁਨਿਕ ਇਤਿਹਾਸ ਨਾਲ ਸੰਬੰਧਿਤ ਤੇ ਅੱਜ ਦੇ ਯੁੱਗ ਦੀਆਂ ਸ਼ਖ਼ਸੀਅਤਾਂ ਦੇ ਚਿੱਤਰ ਵੀ ਸ਼ਾਮਲ ਹਨ ਜਿਵੇਂ ਕਿ ਦੋ ਸੰਸਾਰ ਯੁੱਧਾਂ ਵਿਚ ਲੜੀਆਂ ਗਈਆਂ ਲੜਾਈਆਂ ਵਿਚ ਸਿੱਖਾਂ ਦੀ ਵੀਰਤਾ, ਸਾਰਾਗੜ੍ਹੀ ਦੀ ਮਸ਼ਹੂਰ ਲੜਾਈ ਤੇ ਸਿੱਖਾਂ ਦੁਆਰਾ ਆਜ਼ਾਦੀ ਦੀ ਲੜਾਈ ਵਿਚ ਪਾਏ ਗਏ ਯੋਗਦਾਨ ਨਾਲ ਸੰਬੰਧਿਤ ਪੇਂਟਿੰਗਜ਼ ਤੇ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਤੇ ਪੇਂਟਿੰਗਜ਼ ਨੂੰ ਇਕੱਠਾ ਕਰਨ ਵਿਚ ਜਿੱਥੇ ਪੰਜਾਬ ਗੋਰਮਿੰਟ ਦਾ ਹੱਥ ਹੈ ਉੱਥੇ ਕੁੱਝ ਸੰਸਥਾਵਾਂ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬ ਐਂਡ ਸਿੰਧ ਬੈਂਕ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਕ ਘਟਨਾਵਾਂ ਤੇ ਸ਼ਖ਼ਸੀਅਤਾਂ ਨੂੰ ਲੈ ਕੇ ਹਰ ਸਾਲ ਕੈਲੰਡਰ ਛਾਪੇ ਹਨ। ਇਹ ਕੈਲੰਡਰ ਇੰਨੇ ਪ੍ਰਸਿੱਧ ਹੋਏ ਕਿ ਲੋਕਾਂ ਨੇ ਉਨ੍ਹਾਂ ਵਿਚ ਛਪੀਆਂ ਤਸਵੀਰਾਂ ਨੂੰ ਕਈ ਜਗ੍ਹਾ 'ਤੇ ਇਸਤੇਮਾਲ ਕੀਤਾ। ਇਨ੍ਹਾਂ ਕੈਲੰਡਰਾਂ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਨ੍ਹਾਂ ਨੇ ਸਿੱਖ ਧਰਮ ਨਾਲ ਸੰਬੰਧਿਤ ਕਦਰਾਂ-ਕੀਮਤਾਂ ਤੇ ਗੁਰੂਆਂ ਦੁਆਰਾ ਦਿੱਤੇ ਉਪਦੇਸ਼ ਨੂੰ ਵੀ ਪ੍ਰਚਾਰਿਆ। ਕਈ ਉੱਘੇ ਕਲਾਕਾਰਾਂ ਦੀ ਸੇਵਾ ਇਸ ਕੰਮ ਲਈ ਉਚੇਚੇ ਤੌਰ 'ਤੇ ਲਈ ਗਈ ਮਿਸਾਲ ਦੇ ਤੌਰ 'ਤੇ ਇਕ ਮਸ਼ਹੂਰ ਕਲਾਕਾਰ ਸ. ਦਵਿੰਦਰ ਸਿੰਘ ਨੇ 'ਬਾਰਾਮਾਹ' ਵਾਲੇ ਕੈਲੰਡਰ ਵਿਚ ਬਾਰਾਂ ਮਹੀਨਿਆਂ ਦੀਆਂ ਪੇਂਟਿੰਗਜ਼ ਬਣਾਈਆਂ ਜੋ ਕਿ ਗੁਰੂ ਸਾਹਿਬਾਂ ਦੀਆਂ 'ਬਾਰਾਮਾਹ' ਦੀਆਂ ਰਚਨਾਵਾਂ ਦੇ ਭਾਵ ਨੂੰ ਦਰਸਾਉਂਦੀਆਂ ਹਨ। ਯਕੀਨਨ ਤੌਰ 'ਤੇ ਅਜਾਇਬ ਘਰਾਂ ਵਿਚ ਰੱਖੀਆਂ ਸਭ ਵਸਤੂਆਂ, ਪੇਂਟਿੰਗਜ਼ ਤੇ ਫੋਟੋਗ੍ਰਾਫ ਆਉਣ ਵਾਲੇ ਸਮੇਂ ਲਈ ਇੱਕ ਵਡਮੁੱਲੀ ਵਿਰਾਸਤ ਬਣ ਜਾਣਗੇ।
(6) Question:- ਅੱਜ ਦਾ ਯੁਗ ਟੈਕਨੋਲੋਜੀ ਦਾ ਯੁਗ ਹੈ। ਕੀ ਇਨ੍ਹਾਂ ਮਿਊਜ਼ੀਅਮਜ਼ ਦੇ ਵਿਚ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ?
Answer:- ਬਹੁਤ ਸਾਰੇ ਸਮਾਰਕ ਜੋ ਪਿਛਲੇ ਕੁਝ ਸਾਲਾਂ ਵਿਚ ਹੋਂਦ ਵਿਚ ਆਏ ਹਨ ਉਨ੍ਹਾਂ ਵਿਚ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਟੈਕਨੋਲੋਜੀ ਦੇ ਇਸਤੇਮਾਲ ਤੋਂ ਭਾਵ ਹੈ ਕੰਪਿਊਟਰ, ਪ੍ਰੋਜੈਕਟਰ ਨੂੰ ਵਰਤ ਕੇ ਪਰਦੇ 'ਤੇ ਸਿੱਖ ਇਤਿਹਾਸ ਨੂੰ ਦਿਖਾਉਣਾ। ਇਸ ਟੈਕਨੋਲੋਜੀ ਦਾ ਸਿੱਖ ਇਤਿਹਾਸ ਦੀਆਂ ਕੁਝ ਘਟਨਾਵਾਂ ਨੂੰ ਜਿਵੇਂ ਕਿ ਸ਼ਹੀਦੀਆਂ ਨੂੰ ਜਾਂ ਯੁੱਧ ਵਿਚ ਲੜਦੇ ਹੋਏ ਸਿੰਘਾਂ ਨੂੰ ਰੋਸ਼ਨੀ ਅਤੇ ਆਵਾਜ਼ ਦੇ ਨਾਲ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿ ਉਹ ਸਭ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੋਵੇ। ਕੁਝ ਮਲਟੀਮੀਡੀਆ ਮਿਊੂਜ਼ੀਅਮਜ਼ ਵੀ ਬਣਾਏ ਗਏ ਹਨ। ਕੈਨੇਡਾ ਦੇ ਵਸਨੀਕ ਸ. ਰਘਬੀਰ ਸਿੰਘ ਬੈਂਸ ਨੇ ਸਭ ਤੋਂ ਪਹਿਲਾ ਮਲਟੀਮੀਡੀਆ ਮਿਊਜ਼ੀਅਮ ਬਾਬਾ ਸੇਵਾ ਸਿੰਘ ਜੀ ਦੀ ਦੇਖ-ਰੇਖ ਹੇਠਾਂ ਖਡੂਰ ਸਾਹਿਬ ਵਿਖੇ ਬਣਵਾਇਆ ਸੀ। ਇਸ ਨੂੰ ਦੇਖ ਕੇ ਸਿੱਖ ਇਤਿਹਾਸ ਬਾਰੇ ਵਢਮੁੱਲੀ ਜਾਣਕਾਰੀ ਦੇਖਣ-ਸੁਣਨ ਨੂੰ ਮਿਲਦੀ ਹੈ। ਬੈਂਸ ਸਾਹਿਬ ਨੇ ਇਕ ਐਸਾ ਹੀ ਮਿਊਜ਼ੀਅਮ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ ਵੀ ਬਣਵਾਇਆ। ਜੋ ਵੀ ਪੇਂਟਿੰਗਜ਼ ਇਨ੍ਹਾਂ ਮਿਊਜ਼ੀਅਮਜ਼ ਵਿਚ ਹਨ ਉਨ੍ਹਾਂ ਨੂੰ ਰੋਬੋਟ ਦੁਆਰਾ ਬਿਆਨ ਕਰਦੇ ਹੋਏ ਵਿਖਾਇਆ ਤੇ ਸਮਝਾਇਆ ਜਾਂਦਾ ਹੈ। ਟੱਚ-ਸਕ੍ਰੀਨ ਬਟਨ ਰਾਹੀਂ ਤੁਸੀਂ ਸਿੱਖ ਸੰਗੀਤ, ਕਲਾ, ਸਭਿਆਚਾਰ ਤੇ ਇਤਿਹਾਸ ਬਾਰੇ ਜੋ ਵੀ ਜਾਣਨਾ ਚਾਹੋ ਜਾਣ ਸਕਦੇ ਹੋ। ਬੈਂਸ ਸਾਹਿਬ ਨੇ ਇਕ ਮਿਊਜ਼ੀਅਮ ਟੋਰੰਟੋ ਵਿਚ ਵੀ ਬਣਵਾਇਆ ਸੀ ਜੋ 8 ਅਕਤੂਬਰ, 2010 ਨੂੰ ਸ਼ੁਰੂ ਕੀਤਾ ਗਿਆ। ਉਨ੍ਹਾਂ ਦੀ ਮਨਸਾ ਸੀ ਕਿ ਇਹੋ ਜਿਹੇ ਮਿਊਜ਼ੀਅਮਜ਼ ਕਈ ਜਗਾ ਬਣਾਏ ਜਾਣ ਪਰ ਉਨ੍ਹਾਂ ਦੇ ਬੇਵਕਤੀ ਅਕਾਲ ਚਲਾਣੇ ਕਰਕੇ ਐਸੇ ਮਿਊਜ਼ੀਅਮ ਹੋਂਦ ਵਿਚ ਨਹੀਂ ਆਏ। ਇਕ ਮਲਟੀਮੀਡੀਆ ਮਿਊਜ਼ੀਅਮ ਜੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਣਵਾਇਆ ਗਿਆ ਉਸਨੂੰ ਸ. ਵਿਕ੍ਰਮਜੀਤ ਸਿੰਘ ਸਾਹਨੀ ਜੋ ਵਰਲਡ ਪੰਜਾਬੀ ਓਰਗੇਨਾਈਜੇਸ਼ਨ ਦੇ ਮੁਖੀ ਹਨ, ਦੁਆਰਾ ਆਪਣੇ ਪਿਤਾਜੀ ਦੀ ਯਾਦ ਵਿਚ ਬਣਵਾਇਆ ਗਿਆ ਹੈ। ਇਸ ਮਿਊਜ਼ੀਅਮ ਦੇ ਸ਼ੁਰੂ ਵਿਚ ਹੀ ਬਾਬਾ ਬਘੇਲ ਸਿੰਘ ਦੀ ਉਹ ਪੇਂਟਿੰਗ ਲਗਾਈ ਗਈ ਹੈ ਜਿਸ ਵਿਚ ਸਿੱਖ ਫੌਜਾਂ ਨੂੰ 1783 ਵਿਚ ਲਾਲ ਕਿਲ੍ਹੇ 'ਤੇ ਕਬਜ਼ਾ ਕਰਦੇ ਦਿਖਾਇਆ ਗਿਆ ਹੈ। ਇਸ ਮਿਊਜ਼ੀਅਮ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਦੀ ਨਕਲ ਵੀ ਦੇਖਣ ਨੂੰ ਮਿਲਦੀ ਹੈ।
(7) Question:- ਸਿੱਖ ਵਿਰਾਸਤ ਨਾਲ ਜੁੜੀਆਂ ਹੋਈਆਂ ਹੋਰ ਮਹੱਤਵਪੂਰਨ ਵਸਤੂਆਂ ਕਿਹੜੀਆਂ ਹਨ?
Answer:- ਪੁਰਾਤਨ ਇਮਾਰਤਾਂ, ਮਹਿਲ, ਹਵੇਲੀਆਂ ਤੇ ਸਮਾਰਕਾਂ ਤੋੋਂ ਇਲਾਵਾ ਕਿਸੇ ਵੀ ਵਿਰਾਸਤ ਨੂੰ ਹੋੋਰ ਬਹੁਤ ਸਾਰੀਆਂ ਵਸਤੂਆਂ ਤੋੋਂ ਜਾਣਿਆ ਤੇ ਪਛਾਣਿਆ ਜਾਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ ਸਿੱਕੇ, ਸਟੈਂਪਸ, ਹਥਿਆਰ ਤੇ ਖਰੜੇ। ਸਿੱਖ ਵਿਰਾਸਤ ਦਾ ਵੀ ਇਨ੍ਹਾਂ ਸਾਰੀਆਂ ਵਸਤੂਆਂ ਨਾਲ ਸੰਬੰਧ ਹੈ। ਪਹਿਲਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤਾ ਸੀ ਤੇ ਉਸ ਤੋੋਂ ਬਾਅਦ ਸਿੱਖ ਰਾਜਿਆਂ ਦੇ ਵੇਲੇ ਦੇ ਸਿੱਕੇ ਵੀ ਕਈ ਜਗ੍ਹਾ ਦੇਖਣ ਨੂੰ ਮਿਲਦੇ ਹਨ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੇ ਸਿੱਕੇ। ਇਸ ਸਦੀ ਵਿਚ ਵੀ ਸਾਡੀ ਸਰਕਾਰ ਦੁਆਰਾ ਅਤੇ ਹੋੋਰ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਸਿੱਖ ਧਰਮ ਨਾਲ ਜੁੜੇ ਹੋਏ ਕਈ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ ਹਨ। ਮਿਸਾਲ ਦੇ ਤੌੌਰ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 550ਵੀਂ ਜਨਮ ਸ਼ਤਾਬਦੀ ਤੇ ਪਿੱਛੇ ਜਿਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400ਵੀਂ ਜਨਮ ਸ਼ਤਾਬਦੀ ਦੇ ਉਪਲਕਸ਼ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਰਤ ਸਰਕਾਰ ਦੁਆਰਾ ਯਾਦਗਾਰੀ ਸਿੱਕੇ ਜਾਰੀ ਕੀਤੇ ਗਏ। ਨੇਪਾਲ ਸਰਕਾਰ ਨੇ ਵੀ ਖਾਸ ਮੌੌਕੇ 'ਤੇ ਸਿੱਖਾਂ ਨਾਲ ਸੰਬੰਧਤ ਸਿੱਕਾ ਜਾਰੀ ਕੀਤਾ। ਜਿਸ ਤਰ੍ਹਾਂ ਸਿੱਕੇ ਜਾਰੀ ਹੋਏ ਹਨ ਉਸ ਤਰ੍ਹਾਂ ਹੀ ਸਟੈਂਪਸ ਵੀ ਕਈ ਦੇਸ਼ਾਂ ਵਿਚ ਜਾਰੀ ਕੀਤੀਆਂ ਜਾਂਦੀਆਂ ਹਨ। ਸਟੈਂਪਸ ਡਾਕ ਵਿਭਾਗ ਦੁਆਰਾ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਇਨ੍ਹਾਂ ਉਤੇ ਪ੍ਰਮੁੱਖ ਘਟਨਾਵਾਂ ਜਾਂ ਸਖਸ਼ੀਅਤਾਂ ਦਾ ਜ਼ਿਕਰ ਹੁੰਦਾ ਹੈ। ਸਿੱਖ ਧਰਮ ਨਾਲ ਸੰਬੰਧਤ ਸਖਸ਼ੀਅਤਾਂ ਜਿਨ੍ਹਾਂ ਨੂੰ ਯਾਦ ਕਰਦੇ ਹੋਏ ਇਹੋੋ ਜਿਹੀਆਂ ਸਟੈਂਪਸ ਜਾਰੀ ਹੋਈਆਂ ਹਨ ਉਨ੍ਹਾਂ ਵਿਚ ਸ. ਜੱਸਾ ਸਿੰਘ ਆਹਲੂਵਾਲੀਆ, ਸ਼ਹੀਦ ਭਗਤ ਸਿੰਘ, ਭਗਤ ਪੂਰਨ ਸਿੰਘ ਤੇ ਭਾਈ ਵੀਰ ਸਿੰਘ ਸ਼ਾਮਲ ਹਨ। ਇਸ ਸਬੰਧ ਵਿਚ ਇਕ ਪੁਸਤਕ 'Sikh Heritage Through Stamps' ਉਪਲਬਧ ਹੈ। ਇਸ ਪੁਸਤਕ ਨੂੰ ਇੰਟਰਨੈਸ਼ਨਲ ਸਿੱਖ ਹੈਰੀਟੇਜ ਦੁਆਰਾ ਛਪਵਾਇਆ ਗਿਆ ਹੈ। ਇਸ ਵਿਚ ਐਸੀਆਂ ਬਹੁਤ ਸਾਰੀਆਂ ਸਟੈਂਪਸ ਦਾ ਜ਼ਿਕਰ ਹੈ। ਬਹੁਤ ਸਾਰੀਆਂ ਸਟੈਂਪਸ ਉਨ੍ਹਾਂ ਲੋੋਕਾਂ ਕੋਲ ਵੀ ਉਪਲਬਧ ਹਨ ਜਿਨ੍ਹਾਂ ਨੂੰ ਸਟੈਂਪਸ ਇਕੱਠਾ ਕਰਨ ਦਾ ਸ਼ੌਂਕ ਹੁੰਦਾ ਹੈ ਜਿਵੇਂ ਕਿ ਦਿੱਲੀ ਵਿਚ ਰਹਿ ਰਹੇ ਸ. ਸੁਰਿੰਦਰ ਸਿੰਘ ਜੀ, ਜਿਨ੍ਹਾਂ ਦਾ ਮੋਬਾਈਲ ਨੰਬਰ 9971008151 ਅਤੇ ਈ-ਮੇਲ singhstylestudio@gmail.com ਹੈ। ਜਿੱਥੋੋਂ ਤਕ ਹਥਿਆਰਾਂ ਦਾ ਸਵਾਲ ਹੈ ਸਿੱਖ ਧਰਮ ਵਿਚ ਗੁਰੂ ਸਾਹਿਬਾਨ ਤੇ ਸਿੱਖ ਯੋੋਧਿਆਂ ਦੁਆਰਾ ਇਸਤੇਮਾਲ ਕੀਤੇ ਗਏ ਹਥਿਆਰਾਂ ਨੂੰ ਸ਼ਸਤਰ ਕਿਹਾ ਜਾਂਦਾ ਹੈ। ਸਿੱਖ ਧਰਮ ਵਿਚ ਹਰ ਸ਼ਸਤਰ ਕਿਸੇ ਦੀ ਭਲਾਈ ਲਈ ਜਾਂ ਚੰਗੇ ਕੰਮ ਲਈ ਇਸਤੇਮਾਲ ਹੁੰਦਾ ਹੈ ਕਿਸੇ ਜੁਰਮ ਲਈ ਨਹੀਂ। ਬਹੁਤ ਸਾਰੇ ਗੁਰਧਾਮਾਂ 'ਤੇ ਇਹ ਸ਼ਸਤਰਾਂ ਨੂੰ ਪੂਰੇ ਸਨਮਾਨ ਨਾਲ ਰੱਖਿਆ ਗਿਆ ਹੈ ਤੇ ਸੰਗਤਾਂ ਨੂੰ ਇਨ੍ਹਾਂ ਦੇ ਦਰਸ਼ਨ ਵੀ ਕਰਵਾਏ ਜਾਂਦੇ ਹਨ। ਮਿਸਾਲ ਦੇ ਤੌੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਪਟਨਾ ਸਾਹਿਬ ਤੇ ਸ੍ਰੀ ਕੇਸਗੜ ਸਾਹਿਬ ਵਿਖੇ ਰੋੋਜ਼ ਇਨ੍ਹਾਂ ਸ਼ਸਤਰਾਂ ਦੇ ਦਰਸ਼ਨ ਸੰਗਤ ਨੂੰ ਕਰਵਾਏ ਜਾਂਦੇ ਹਨ। ਗੁਰੂਆਂ ਨਾਲ ਸੰਬੰਧਤ ਜਾਂ ਭਗਤਾਂ ਤੇ ਸਿੰਘ ਸੂਰਮਿਆਂ ਨਾਲ ਸੰੰਬੰਧਤ ਹੋੋਰ ਕਈ ਵਸਤੂਆਂ (ਸ਼ਸਤਰਾਂ ਤੋੋਂ ਇਲਾਵਾ) ਵੀ ਕਈ ਗੁਰਦੁਆਰਿਆਂ ਵਿਚ ਸਾਂਭੀਆਂ ਹੋਈਆਂ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਸ੍ਰੀ ਪਟਨਾ ਸਾਹਿਬ ਦਸਮ ਪਿਤਾ ਦਾ ਚੋਲਾ ਤੇ ਭੰਗੂੜਾ। ਸ੍ਰੀ ਪਟਨਾ ਸਾਹਿਬ ਵਿਖੇ ਭਗਤ ਕਬੀਰ ਜੀ ਦੀ ਖੱਡੀ ਦੇ ਵੀ ਦਰਸ਼ਨ ਕਰਵਾਏ ਜਾਂਦੇ ਹਨ। ਹਿਮਾਚਲ ਪ੍ਰਦੇਸ ਵਿਚ ਗੁਰਦੁਆਰਾ ਮੰਡੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਇਸਤੇਮਾਲ ਦੀਆਂ ਕੁਝ ਵਸਤੂਆਂ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਇਕ ਬੰਦੂਕ ਤੇ ਪਲੰਘ। ਕੁਝ ਸਿੱਖ ਰਾਜਿਆਂ ਤੇ ਵਿਦਵਾਨਾਂ ਨਾਲ ਜੁੜੇ ਹੋਏ ਕੁਝ ਐਸੇ ਅਜਾਇਬ ਘਰ ਵੀ ਹਨ ਜਿੱਥੇ ਉਨ੍ਹਾਂ ਦੁਆਰਾ ਇਸਤੇਮਾਲ ਕੀਤੀਆਂ ਹੋਈਆਂ ਵਸਤੂਆਂ ਦੇਖੀਆਂ ਜਾ ਸਕਦੀਆਂ ਹਨ ਮਿਸਾਲ ਦੇ ਤੌੌਰ 'ਤੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਦੀਆਂ ਵਸਤੂਆਂ ਭਾਈ ਵੀਰ ਸਿੰਘ ਸਦਨ ਅੰਮ੍ਰਿਤਸਰ ਵਿਖੇ ਦੇਖੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਹੀ ਮਹਾਨ ਸਿੱਖ ਪੇਂਟਰ ਸ. ਸੋਭਾ ਸਿੰਘ ਨਾਲ ਸੰਬੰਧਤ ਪੇਂਟਿੰਗਜ਼ ਤੇ ਹੋੋਰ ਚੀਜ਼ਾਂ ਸੋੋਭਾ ਸਿੰਘ ਆਰਟ ਗੈਲਰੀ ਅਤੇ ਮਿਊਜ਼ੀਅਮ ਪਿੰਡ ਅੰਦਰੇਟਾ (ਪਾਲਮਪੁਰ) ਹਿਮਾਚਲ ਪ੍ਰਦੇਸ਼ ਵਿਚ ਦੇਖੀਆਂ ਜਾ ਸਕਦੀਆਂ ਹਨ। ਇਹ ਸਭ ਵਸਤੂਆਂ ਜਿੱਥੇ ਸਿੱਖ ਵਿਰਾਸਤ ਨਾਲ ਜੁੜੀਆਂ ਹੋਈਆਂ ਹਨ ਉਥੇ ਹੀ ਸਿੱਖ ਸਭਿਆਚਾਰ ਦੀ ਵੀ ਝਲਕ ਪੇਸ਼ ਕਰਦੀਆਂ ਹਨ। ਇਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕੁਝ ਸੰਸਥਾਂਵਾਂ ਤੇ ਪ੍ਰਾਈਵੇਟ ਪਰਿਵਾਰਾਂ ਕੋਲ ਵੀ ਪੁਰਾਤਨ ਵਸਤੂਆਂ ਉਪਲਬਧ ਹਨ ਜੋੋ ਸਿੱਖ ਵਿਰਾਸਤ ਦਾ ਅੰਗ ਹਨ।
(8) Question:- ਸਿੱਖ ਵਿਰਾਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵਸਤੂਆਂ ਅੰਗ੍ਰੇਜ਼ ਆਪਣੇ ਨਾਲ ਲੈ ਗਏ ਸਨ। ਇਹ ਵਸਤੂਆਂ ਕਿੱਥੇ ਉਪਲਬਧ ਹਨ? ਹੋੋਰ ਕਿਹੜੇ ਅਸਥਾਨ ਹਨ ਜਿੱਥੇ ਸਾਡੀ ਵਿਰਾਸਤ ਦੀਆਂ ਵਸਤੂਆਂ ਦੇਖਣ ਨੂੰ ਮਿਲਦੀਆਂ ਹਨ।
Answer:- ਅੰਗ੍ਰੇਜ਼ ਭਾਰਤ ਛੱਡਣ ਤੋੋਂ ਪਹਿਲਾਂ ਸਾਡੀ ਦੇਸ਼ ਦੀ ਵਿਰਾਸਤ ਨਾਲ ਜੁੜੀਆਂ ਹੋਈਆਂ ਕਈ ਵਸਤੂਆਂ ਨਾਲ ਲੈ ਗਏ। ਜਿਨ੍ਹਾਂ ਵਿਚੋੋਂ ਬਹੁਤ ਸਾਰੀਆਂ ਸਿੱਖ ਧਰਮ ਨਾਲ ਸੰਬੰਧਤ ਸਨ ਜੋੋ ਅੱਜ ਵੀ ਬ੍ਰਿਟੇਨ ਦੇ ਅਜਾਇਬ ਘਰਾਂ, ਗੈਲਰੀਆਂ, ਲਾਇਬ੍ਰੇਰੀਆਂ ਤੇ ਨਿਜੀ ਹੱਥਾਂ ਵਿਚ ਉਪਲਬਧ ਹਨ। ਮਿਸਾਲ ਦੇ ਤੌੌਰ 'ਤੇ ਅਰਲ ਐਜਰਟਨ (Earl Adgerton) ਦੀ ਕੁਲੈਕਸ਼ਨ ਵਿਚ ਤੁਹਾਨੂੰ ਸਿੱਖਾਂ ਨਾਲ ਸੰਬੰਧਤ ਕਈ ਤਰ੍ਹਾਂ ਦੇ ਹਥਿਆਰ ਤੇ ਹੋੋਰ ਵਸਤੂਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵਿਚ ਮਹਾਰਾਜਾ ਖੜਕ ਸਿੰਘ ਜੀ ਦੇ ਬਾਜੂ ਅਤੇ ਹੱਥ ਦੇ ਦਸਤਾਨੇ (Gauntlit) ਵੀ ਸ਼ਾਮਲ ਹਨ। ਰਾਣੀ ਜਿੰਦਾ ਦੀ ਪੰਜਾਬੀ ਵਿਚ ਲਿਖੀ ਹੋਈ ਇਕ ਪ੍ਰੇਅਰ ਬੁੱਕ ਵੀ ਸਾਨੂੰ ਇੰਡੀਆਂ ਆਫਿਸ ਲਾਇਬ੍ਰੇਰੀ ਵਿਚ ਦੇਖਣ ਨੂੰ ਮਿਲਦੀ ਹੈ। ਇਸ ਤਰ੍ਹਾਂ ਹੀ ਨੈਸ਼ਨਲ ਆਰਮੀ ਮਿਊਜ਼ੀਅਮ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਕ੍ਰਿਪਾਨ ਜੋੋ ਜਰਨਲ ਹਡਸਨ ਨੇ ਲੈ ਲਈ ਸੀ ਤੇ ਹੋੋਰ ਕਈ ਹਥਿਆਰ ਦੇਖੇ ਜਾ ਸਕਦੇ ਹਨ। ਟਾਵਰ ਆਫ ਲੰਡਨ ਦੇ ਸ਼ਾਹੀ ਹਥਿਆਰਖਾਨੇ ਵਿਚ ਇੱਕ ਨਿਹੰਗ ਸਿੰਘ ਦਾ ਦਸਤਾਰ ਬੁੰਗਾ, ਕਟਾਰਾਂ, ਬੰਦੂਕਾਂ ਤੇ ਕ੍ਰਿਪਾਨਾਂ ਰੱਖੀਆਂ ਗਈਆਂ ਹਨ। ਇਥੇ ਹੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਆਪਣੇ ਬਾਜੂ 'ਤੇ ਬੰਨ੍ਹਿਆ ਜਾਣ ਵਾਲਾ ਕੋਹਿਨੂਰ ਹੀਰਾ ਵੀ ਰੱਖਿਆ ਗਿਆ ਹੈ। ਕਦੀ-ਕਦੀ ਇਹ ਸਾਰੇ ਆਈਟਮ ਲੋੋਕਾਂ ਨੂੰ ਦਿਖਾਏ ਜਾਂਦੇ ਹਨ ਜਾਂ ਕੀਪਰ ਤੋੋਂ ਇਜਾਜ਼ਤ ਲੈ ਕੇ ਦੇਖੇ ਜਾ ਸਕਦੇ ਹਨ। ਇੰਡੀਆ ਆਫਿਸ ਲਾਇਬ੍ਰੇਰੀ ਅਤੇ ਬ੍ਰਿਟਿਸ਼ ਮਿਊਜ਼ੀਅਮ ਵਿਚ ਵੀ ਸਿੱਖਾਂ ਨਾਲ ਸਬੰਧਤ ਪੰਜਾਬੀ ਵਿਚ ਲਿਖੀਆਂ ਹੋਈਆਂ ਕੁਝ ਰਚਨਾਵਾਂ ਰੱਖੀਆਂ ਹੋਈਆਂ ਹਨ। ਵਿਕਟੋੋਰੀਆ ਅਤੇ ਐਲਬਰਟ ਮਿਊਜ਼ੀਅਮ ਵਿਚ ਸਿੱਖ ਰਾਜ ਨਾਲ ਸੰਬੰਧਤ ਜਵੈਲਰੀ, ਸ਼ਸਤਰ, ਪੇਂਟਿੰਗਜ਼, ਸਾਜ਼ ਤੇ ਕਪੜੇ ਆਦਿ ਦੇਖੇ ਜਾ ਸਕਦੇ ਹਨ। ਇੰਡੀਅਨ ਸੈਕਸ਼ਨ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਤਖ਼ਤ , ਕੁਝ ਪੇਂਟਿੰਗਜ਼ ਤੇ ਨਿਹੰਗ ਦਾ ਦਸਤਾਰ ਬੁੰਗਾ ਲੋੋਕਾਂ ਦੇ ਦੇਖਣ ਲਈ ਉਪਲਬਧ ਹਨ। ਕਈ ਵਾਰੀ ਇਹ ਸਾਰੇ ਆਈਟਮ ਇਕ ਚਲਦੀ-ਫਿਰਦੀ ਨੁਮਾਇਸ਼ ਰਾਹੀਂ ਵੀ ਲੋੋਕਾਂ ਨੂੰ ਦਿਖਾਏ ਜਾਂਦੇ ਹਨ। ਇਸ ਨੁਮਾਇਸ਼ ਦਾ ਨਾਮ ਹੈ 'ਵਾਰਮ ਰਿਚ ਐਂਡ ਫਿਅਰਲੈਸ ਐਗਜ਼ੀਬੀਸ਼ਨ'। ਪੰਜਾਬ ਨਾਲ ਸੰਬੰਧਤ ਤੇ ਖਾਸ ਕਰਕੇ ਸਿੱਖ ਵਿਰਾਸਤ ਤੇ ਸਭਿਆਚਾਰ ਨਾਲ ਜੁੜੀਆਂ ਹੋਈਆਂ ਕਈ ਵਸਤੂਆਂ ਕੁਝ ਹੋੋਰ ਦੇਸ਼ਾਂ ਅਤੇ ਅਸਥਾਨਾਂ 'ਤੇ ਵੀ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਇੰਸਟੀਚਿਊਟ ਆਫ ਓਰੀਐਂਟਲ ਸਟੱਡੀਜ਼, ਸੈਂਟ ਪੀਟਰਬਰਗ, ਰਸ਼ੀਆ; ਇੰਡੀਅਨ ਆਰਮੀ ਮਿਊਜ਼ੀਅਮ, ਸਿੰਗਾਪੁਰ; ਗਦਰੀ ਬਾਬੇ ਕਾਮਾ ਗਾਟਾ ਮਾਰੂ ਨਾਲ ਸੰਬੰਧਤ ਦੇਸ਼ ਭਗਤ ਸੈਂਟਰ ਵੈਨਕੂਵਰ, ਕੈਨੇਡਾ ਅਤੇ ਯੂ.ਕੇ. ਦੇ ਵੁਲਵਰਹੈਂਪਟਨ ਮਿਊਜ਼ੀਅਮ ਵਿਖੇ ਨੂਰਮਹਿਲ ਸਰਾਂ ਦੇ ਦਰਵਾਜ਼ੇ ਰੱਖੇ ਗਏ ਹਨ। ਸਿੱਖ ਧਰਮ ਨਾਲ ਸੰਬੰਧਤ ਕੁਝ ਯਾਦਗਾਰਾਂ ਵੀ ਉਸਾਰੀਆਂ ਗਈਆਂ ਹਨ ਖਾਸ ਕਰਕੇ ਉਨ੍ਹਾਂ ਸਿੰਘਾਂ ਦੀ ਯਾਦ ਵਿਚ ਜਿਨ੍ਹਾਂ ਨੇ ਸੰਸਾਰ ਮਹਾਯੁੱਧਾਂ ਵਿਚ ਆਪਣੀ ਬਹਾਦਰੀ ਦਿਖਾਈ ਤੇ ਕੁਰਬਾਨੀ ਦਿੱਤੀ। ਐਸੀਆਂ ਯਾਦਗਾਰਾਂ ਬ੍ਰਾਈਟਨ, ਫਰਾਂਸ ਅਤੇ ਇਥੋਪੀਆ ਵਿਖੇ ਹਨ। ਬ੍ਰਾਈਟਨ ਦੀ ਯਾਦਗਾਰ ਮਹਾਰਾਜਾ ਪਟਿਆਲਾ ਦੁਆਰਾ ਬਣਾਈ ਗਈ ਹੈ ਅਤੇ ਉਸਦੇ ਗੇਟ 'ਤੇ ਮਹਾਰਾਜਾ ਦੁਆਰਾ ਉਨ੍ਹਾਂ ਲੋੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ ਜਿਨ੍ਹਾਂ ਨੇ ਬ੍ਰਾਈਟਨ ਹੋਸਪਿਟਲ ਵਿਚ ਜ਼ਖਮੀ ਸਿੱਖ ਸੈਨਿਕਾਂ ਦਾ ਇਲਾਜ ਕੀਤਾ ਸੀ।
ਐਸੀਆਂ ਹੀ ਕੁਝ ਯਾਦਗਾਰਾਂ ਐਪਰ ਵਿਚ ਅਤੇ ਇਟਲੀ ਵਿਚ ਵੀ ਉਸਾਰੀਆਂ ਗਈਆਂ ਹਨ। ਇਟਲੀ ਵਿਚ ਇਹ ਯਾਦਗਾਰਾਂ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੁਆਰਾ ਉਸਾਰੀਆਂ ਗਈਆਂ ਹਨ।
ਜਿਥੋਂ ਤਕ ਖਰੜਿਆਂ ਦਾ ਸੰਬੰਧ ਹੈ ਸਾਡੇ ਕੋਲ ਪੁਰਾਤਨ ਹੱਥ ਲਿਖਤ ਬੀੜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਸਾਹਿਬ ਦੀਆਂ ਕਈ ਗੁਰਦੁਆਰਾ ਸਾਹਿਬਾਨ ਵਿਚ ਉਪਲਬਧ ਹਨ। ਇਹ ਬੀੜਾਂ ਖੂਬਸੂਰਤ ਲਿਖਾਈ ਜਿਸ ਨੂੰ ਅੰਗ੍ਰੇਜ਼ੀ ਵਿਚ ਕੈਲੀਗ੍ਰਾਫੀ ਕਿਹਾ ਜਾਂਦਾ ਹੈ, ਦੇ ਸੁੰਦਰ ਨਮੂਨੇ ਹੋਣ ਦੇ ਨਾਲ-ਨਾਲ ਸਾਨੂੰ ਸਿੱਖ ਲਿਖਾਰੀਆਂ ਦੀ ਧਰਮ ਪ੍ਰਤੀ ਸ਼ਰਧਾ ਤੇ ਪਿਆਰ ਬਾਰੇ ਵੀ ਦਸਦੀਆਂ ਹਨ। ਇਨ੍ਹਾਂ ਤੋੋਂ ਇਲਾਵਾ ਗੁਰੂ ਸਾਹਿਬਾਨ ਦੇ ਹੁਕਮਨਾਮੇ ਵੀ ਕਈ ਗੁਰਦੁਆਰਿਆਂ ਵਿਚ ਉਪਲਬਧ ਹਨ। ਐਸੀਆਂ ਹੱਥ-ਲਿਖਤ ਬੀੜਾਂ, ਗੁਟਕੇ ਤੇ ਜਨਮ-ਸਾਖੀਆਂ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਪਾਕਿਸਤਾਨ ਤੇ ਬੰਗਲਾ ਦੇਸ਼ ਵਿਚ ਵੀ ਮਿਲਦੀਆਂ ਹਨ। ਕੁਝ ਪਰਿਵਾਰ ਜਿਨ੍ਹਾਂ ਕੋਲ ਇਹ ਨਿਜੀ ਸੰਪੱਤੀ ਵਿਚ ਸ਼ਾਮਲ ਸਨ ਅਤੇ ਜੋੋ ਹੁਣ ਦੂਜੇ ਦੇਸ਼ਾਂ ਵਿਚ ਚਲੇ ਗਏ ਹਨ ਉਨ੍ਹਾਂ ਦੇ ਪਰਿਵਾਰਾਂ ਵਿਚ ਅੱਜ ਵੀ ਵਿਰਾਸਤ ਦਾ ਇਹ ਖਜ਼ਾਨਾ ਮਿਲ ਸਕਦਾ ਹੈ। ਲੋੋੜ ਹੈ ਕਿ ਉਸਨੂੰ ਲੱਭਿਆ ਜਾਵੇ ਤੇ ਇਕੱਠਾ ਕਰਕੇ ਸਾਂਭਿਆ ਜਾਵੇ। ਸ. ਮਨੋੋਹਰ ਸਿੰਘ ਮਾਰਕੋੋ ਜਿੱਥੇ ਬਹੁਤ ਵੱਡੇ ਵਾਪਾਰੀ ਸਨ ਉਥੇ ਹੀ ਪੁਰਾਤਨ ਹੱਥ ਲਿਖਤਾਂ ਦੇ ਖੋੋਜੀ ਵੀ ਸਨ। ਉਨ੍ਹਾਂ ਨੇ ਇਸ ਕੰਮ ਵਿਚ ਆਪਣੀ ਸਾਰੀ ਉਮਰ ਲਗਾਈ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਸਪੁੱਤਰ ਸ. ਰੁਪਿੰਦਰ ਸਿੰਘ ਮਾਰਕੋੋ ਦੁਆਰਾ ਉਨ੍ਹਾਂ ਦੀ ਖੋੋਜ 'ਤੇ ਆਧਾਰਿਤ ਇੱਕ ਪੁਸਤਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪੁਨੀਤ ਬਾਣੀ ਦੀਆਂ ਹੱਥ ਲਿਖਤ ਪ੍ਰਾਚੀਨ ਬੀੜਾਂ ਦੀ ਪ੍ਰਕਰਮਾ' ਛਪਵਾ ਕੇ ਇਸ ਪੱਖੋੋਂ ਆਪਣਾ ਯੋਗਦਾਨ ਪਾਇਆ ਸੀ। ਜ਼ਰੂਰਤ ਹੈ ਨਿਰੰਤਰ ਖੋਜ ਦੀ ਤਾਂਕਿ ਵਿਰਾਸਤ ਦਾ ਇਹ ਵਢਮੁੱਲਾ ਖਜ਼ਾਨਾ ਲੱਭਿਆ ਜਾ ਸਕੇ।
(9) Question:- ਕੀ ਐਸੀਆਂ ਕੋਈ ਸੰਸਥਾਂਵਾਂ ਹਨ ਜੋੋ ਸਿੱਖ ਵਿਰਾਸਤ ਨੂੰ ਬਚਾਉਣ ਦਾ ਕੰਮ ਕਰ ਰਹੀਆਂ ਹਨ?
Answer:- ਜਿੱਥੇ ਸਰਕਾਰ ਦਾ ਕੰਮ ਹੈ ਕਿ ਉਹ ਪੁਰਾਤਨ ਇਮਾਰਤਾਂ ਤੇ ਯਾਦਗਾਰਾਂ ਦੀ ਦੇਖ-ਰੇਖ ਕਰੇ ਉਥੇ ਹੀ ਕੁਝ ਸੰਸਥਾਂਵਾਂ ਤੇ ਵਿਅਕਤੀ ਨਿਜੀ ਰੂਪ ਵਿਚ ਵੀ ਐਸੀ ਸਾਂਭ-ਸੰਭਾਲ ਕਰ ਰਹੇ ਹਨ। ਪਿੱਛੇ ਜਿਹੇ 2019 ਵਿਚ ਜਦੋੋਂ ਜਲ੍ਹਿਆਂਵਾਲੇ ਬਾਗ ਦੀ ਪਹਿਲੀ ਸ਼ਤਾਬਦੀ ਦੇ ਪ੍ਰੋਗਰਾਮ ਕੀਤੇ ਗਏ ਤਾਂ ਸਾਡੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ ਮੌੌਕੇ 'ਤੇ ਇਕ ਅਜਾਇਬ ਘਰ ਦਾ ਉਦਘਾਟਨ ਵੀ ਕੀਤਾ। ਇਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਜਲ੍ਹਿਆਂਵਾਲਾ ਬਾਗ ਨੂੰ ਇਕ ਟਰੱਸਟ ਦੇਖਦਾ ਹੈ ਤੇ 100ਵਾਂ ਸਾਲ ਮਨਾਉਣ ਲਈ ਗੋਰਮਿੰਟ ਨੇ ਇਸ ਬੋੋਰਡ ਵਿਚ ਕੁਝ ਟਰੱਸਟੀਆਂ ਦੀ ਨਿਯੁਕਤੀ ਕੀਤੀ ਸੀ ਜਿਨ੍ਹਾਂ ਵਿਚ ਸ. ਤ੍ਰਿਲੋੋਚਨ ਸਿੰਘ ਜੀ ਵੀ ਸ਼ਾਮਲ ਹਨ। ਅੰਮ੍ਰਿਤਸਰ ਦਾ ਕੰਪਨੀ ਬਾਗ ਉਹ ਅਸਥਾਨ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਨੇ ਇਕ ਬਾਗ ਤੇ ਤਹਿਖਾਨਾ ਬਣਾਇਆ ਹੋਇਆ ਸੀ ਜਿਸ ਦਾ ਨਾਮ ਚੌੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੇ ਨਾਮ 'ਤੇ ਰਾਮ ਬਾਗ ਰੱਖਿਆ ਸੀ। ਜਦ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦਾ 400ਵਾਂ ਵਰ੍ਹਾ ਮਨਾਇਆ ਗਿਆ ਤਾਂ ਸਰਕਾਰ ਨੇ ਇਥੇ ਇਕ ਮਿਊਜ਼ੀਅਮ ਬਣਾ ਦਿੱਤਾ ਜਿਸ ਵਿਚ ਬਹੁਤ ਸਾਰੀਆਂ ਵਢਮੁੱਲੀਆਂ ਪੇਂਟਿੰਗਜ਼, ਸ਼ਸਤਰ, ਖਰੜੇ ਤੇ ਸਿੱਕਿਆਂ ਨੂੰ ਪਬਲਿਕ ਦੇ ਦੇਖਣ ਲਈ ਰੱਖਿਆ ਗਿਆ। ਐਸੇ ਸਮਾਰਕ ਤੇ ਹੋੋਰ ਬਹੁਤ ਸਾਰੇ ਸਮਾਰਕ ਜੋੋ ਸਰਕਾਰ ਨੇ ਬਣਵਾਏ ਹਨ ਪੰਜਾਬ ਸਰਕਾਰ ਦੀ ਦੇਖ-ਰੇਖ ਵਿਚ ਹਨ। ਇਸ ਤਰ੍ਹਾਂ ਹੀ ਦਿੱਲੀ ਸਰਕਾਰ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਸਿੰਘੂ ਬਾਰਡਰ ਦੇ ਕੋਲ ਇਕ ਗੁਰੂ ਤੇਗ ਬਹਾਦਰ ਮੈਮੋੋਰੀਅਲ ਬਣਾਇਆ ਹੈ। ਇਸਦੇ ਵਿਚ ਦੱਸ ਸਿੱਖ ਗੁਰੂਆਂ ਨੂੰ ਯਾਦ ਕਰਦੇ ਹੋਏ 10 ਸ਼ਿਲਾਲੇਖ ਬਣਾਏ ਹਨ ਤੇ ਉਨ੍ਹਾਂ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਟੀਲ ਦਾ ਬਣਿਆ ਹੋਇਆ ਇਕ ਸ਼ਿਲਾਲੇਖ ਸੈਂਟਰ ਵਿਚ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ ਤਿੰਨ ਸਿੱਖਾਂ ਨੂੰ ਯਾਦ ਕਰਨ ਲਈ ਤਿੰਨ ਸੈਮੀ ਆਰਚੀਜ਼ ਬਣਾਈਆਂ ਗਈਆਂ ਹਨ। ਇਨ੍ਹਾਂ ਸਾਰੇ ਸ਼ਿਲਾਲੇਖਾਂ 'ਤੇ ਸਿੱਖ ਧਰਮ ਦੇ ਨਾਲ ਸੰਬੰਧਤ ਆਦਰਸ਼ ਤੇ ਸਿੱਖਿਆਵਾਂ ਖੁਦਵਾਏ ਗਏ ਹਨ। ਇਹ ਪਿਲਰਸ ਦੂਰੋੋਂ ਮੇਨ ਰੋਡ ਤੋੋਂ ਹੀ ਨਜ਼ਰ ਆਉਂਦੇ ਹਨ। ਇਥੇ ਬਹੁਤ ਸਾਰੇ ਯਾਤਰੀ ਘੁੰਮਣ-ਫਿਰਣ ਲਈ ਆਉਂਦੇ ਹਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਜਿੱਥੋੋਂ ਤਕ ਪ੍ਰਾਈਵੇਟ ਸੰਸਥਾਂਵਾਂ ਦਾ ਸੰਬੰਧ ਹੈ ਦੁਨੀਆਂ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਐਸੀਆਂ ਸੰਸਥਾਂਵਾਂ ਹਨ ਜੋੋ ਸਿੱਖ ਹੈਰੀਟੇਜ ਤੇ ਕਲਚਰ ਨੂੰ ਸਾਂਭਦੀਆਂ ਹਨ। ਮਿਸਾਲ ਦੇ ਤੌੌਰ 'ਤੇ ਭਾਰਤ ਵਿਚ ਹੈਦਰਾਬਾਦ ਵਿਚ ਸਥਿਤ ਸਿੱਖ ਹੈਰੀਟੇਜ ਫਾਊਂਡੇਸ਼ਨ ਇਕ ਐਸਾ ਕੰਮ ਕਰ ਰਹੀ ਹੈ ਜਿਸ ਦਾ ਸੰਬੰਧ ਸਿੱਖ ਵਿਰਸੇ ਨਾਲ ਹੈ। ਇਹ ਹੈ ਸਿਕਲੀਗਰ ਸਿੱਖਾਂ ਦੀਆਂ ਤਰੱਕੀ ਲਈ ਕੰਮ ਕਰਨਾ ਤੇ ਪੁਰਾਣੇ ਦੱਖਣੀ ਸਿੱਖ ਜੋੋ ਮਹਾਰਾਜਾ ਰਣਜੀਤ ਸਿੰਘ ਵੇਲੇ ਹੈਦਰਾਬਾਦ ਨਵਾਬ ਵੱਲੋੋਂ ਲੜਣ ਲਈ ਆਏ ਸਨ, ਉਨ੍ਹਾਂ ਦੁਆਰਾ ਉਸਾਰੀਆਂ ਗਈਆਂ ਯਾਦਗਾਰਾਂ ਤੇ ਗੁਰਦੁਆਰਿਆਂ ਨੂੰ ਸੰਭਾਲਣਾ। ਵਿਦੇਸ਼ਾਂ ਵਿਚ ਜਿੱਥੇ ਅਮਰੀਕਾ ਦੇ ਯੂਬਾ ਸਿਟੀ ਵਿਚ ਪੰਜਾਬੀ ਅਮੇਰਿਕਨ ਹੈਰੀਟੇਜ ਸੁਸਾਇਟੀ ਇਹ ਕੰਮ ਕਰ ਰਹੀ ਹੈ ਉਥੇ ਹੀ ਇੰਗਲੈਂਡ ਤੇ ਆਸਟ੍ਰੇਲੀਆ ਵਿਚ ਸਿੱਖ ਸੰਸਥਾਂਵਾਂ ਨੇ ਸਿੱਖ ਹੈਰੀਟੇਜ ਟ੍ਰੇਲਜ਼ ਬਣਾ ਕੇ ਇਸ ਪੱਖੋੋਂ ਉਥੋੋਂ ਦੇ ਲੋੋਕਾਂ ਨੂੰ ਜਾਣਕਾਰੀ ਦਿੱਤੀ ਹੈ। ਵਿਦੇਸ਼ਾਂ ਵਿਚ ਕੰਮ ਕਰ ਰਹੀਆਂ ਸੰਸਥਾਂਵਾਂ ਜਿੱਥੇ ਉਨ੍ਹਾਂ ਦੇਸ਼ਾਂ ਵਿਚ ਸਿੱਖਾਂ ਦੁਆਰਾ ਪੈਦਾ ਕੀਤੀ ਹੋਈ ਨਵੀਂ ਵਿਰਾਸਤ ਨੂੰ ਸਾਂਭ ਰਹੀਆਂ ਹਨ ਉਥੇ ਹੀ ਸਿੱਖ ਸਭਿਆਚਾਰ ਵੱਜੋੋਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਸਿੱਖਾਂ ਦੇ ਬੱਚਿਆਂ ਨੂੰ ਗੁਰਦੁਆਰਿਆਂ ਵਿਚ ਪੰਜਾਬੀ ਭਾਸ਼ਾ ਸਿਖਾਉਣੀ, ਉਨ੍ਹਾਂ ਵਿਚ ਪੰਜਾਬੀ ਸਾਹਿੱਤ, ਕਲਾ, ਗੀਤ-ਸੰਗੀਤ ਤੇ ਆਰਕੀਟੈਕਚਰ ਲਈ ਰੂਚੀ ਵਧਾਉਣੀ ਤੇ ਇਸ ਸੰਬੰਧ ਵਿਚ ਪ੍ਰੋਗਰਾਮ ਕਰਾਉਣੇ। ਬਾਹਰ ਵੀ ਭੰਗੜੇ ਤੇ ਗਿੱਧੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਗਤਕਾ ਅਖਾੜੇ ਹਨ, ਪੰਜਾਬੀ ਦੇ ਗੀਤ-ਸੰਗੀਤ ਪ੍ਰੋੋਗਰਾਮ ਤੇ ਨਾਟਕਾਂ ਦੇ ਪ੍ਰੋੋਗਰਾਮ ਕਰਵਾਏ ਜਾਂਦੇ ਹਨ। ਹੋੋਰ ਤੇ ਹੋੋਰ ਮਿਸ ਪੰਜਾਬ, ਮਿਸ ਪੰਜਾਬਣ ਅਤੇ ਇਹੋ ਜਿਹੇ ਕਈ ਹੋੋਰ ਮੁਕਾਬਲੇ ਕਰਵਾ ਕੇ ਅੱਜ ਦੀ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਨਾਲ ਜੋੋੜਿਆ ਜਾ ਰਿਹਾ ਹੈ। ਕਈ ਸੰਸਥਾਂਵਾਂ ਤਾਂ ਇਸ ਗੱਲ ਦਾ ਵੀ ਧਿਆਨ ਰੱਖਦੀਆਂ ਹਨ ਕਿ ਪੰਜਾਬੀ ਸੰਗੀਤ ਵਿਚ ਜੋੋ ਲੱਚਰਪੁਣਾ ਆ ਗਿਆ ਹੈ ਉਸਦੀ ਥਾਂ ਲੋੋਕਗੀਤਾਂ ਨੂੰ ਤੇ ਸੂਫੀਆਨਾ ਗੀਤਾਂ ਨੂੰ ਅੱਗੇ ਵਧਾਇਆ ਜਾਵੇ। ਭਾਰਤ ਵਿਚ ਕਈ ਐਸੀਆਂ ਸੰਸਥਾਂਵਾਂ ਹਨ ਜੋੋ ਸਭਿਆਚਾਰਕ ਪ੍ਰੋੋਗਰਾਮਾਂ ਨੂੰ ਇੰਟਰਨੈਸ਼ਨਲ ਲੈਵਲ 'ਤੇ ਕਰਵਾ ਕੇ ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਅੱਗੇ ਵਧਾ ਰਹੀਆਂ ਹਨ। ਮਿਸਾਲ ਦੇ ਤੌੌਰ 'ਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਇਕ ਐਸੀ ਹੀ ਸੰਸਥਾ ਹੈ। ਇਸਨੇ ਐਸੇ ਕਈ ਪ੍ਰੋਗਰਾਮ ਕਰਵਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਸ. ਵਿਕ੍ਰਮਜੀਤ ਸਿੰਘ ਸਾਹਨੀ ਇਸ ਸੰਸਥਾ ਦੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਹਨ।
(10) Question:- ਹੇਠ ਲਿਖਿਆਂ ਬਾਰੇ ਸੰਖੇਪ ਜਾਣਕਾਰੀ ਦਿਓ।
1. ਐਪਰ ਮੈਨਨ ਗੇਟ ਸਿੱਖ ਮੈਮੋੋਰੀਅਲ 2. ਅੰਮ੍ਰਿਤਸਰ ਦਾ ਗੋਬਿੰਦਗੜ੍ਹ ਕਿਲ੍ਹਾ 3. ਪਟਿਆਲਾ ਦਾ ਕਿਲ੍ਹਾ ਮੁਬਾਰਕ 4. ਲਾਹੌੌਰ ਮਿਉਜ਼ੀਅਮ 5. ਫਕੀਰਖਾਨਾ ਮਿਊਜ਼ੀਅਮ 6. ਹੈਰੀਟੇਜ ਸਟ੍ਰੀਟ ਅੰਮ੍ਰਿਤਸਰ 7. ਸ. ਸੋੋਭਾ ਸਿੰਘ ਗੈਲਰੀ ਅੰਮ੍ਰਿਤਸਰ 8. ਸਤਿੰਦਰ ਕੌੌਰ ਕਪਾਨੀ ਗੈਲਰੀ ਆਫ ਸਿੱਖ ਆਰਟ 9. ਪੰਜਾਬੀ ਭਵਨ ਸਰੀ, ਕੈਨੇਡਾ 10. ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕਨੇਡਾ।
Answer:- 1. ਐਪਰ ਮੈਨਨ ਗੇਟ ਸਿੱਖ ਮੈਮੋੋਰੀਅਲ - ਐਪਰ ਮੈਨਨ ਗੇਟ ਯੁਰੋਪ ਦੇ ਸ਼ਹਿਰ ਬੇਲਜ਼ੀਅਮ ਵਿਚ ਹੈ। ਇਸ ਅਸਥਾਨ 'ਤੇ ਸਿੱਖਾਂ ਨੇ ਬਹਾਦਰੀ ਨਾਲ ਲੜ ਕੇ ਸੰਸਾਰ ਯੁੱਧ ਵਿਚ ਆਪਣੀ ਜਾਨ ਗੁਆਈ ਸੀ। ਉਨ੍ਹਾਂ ਦੀ ਯਾਦ ਵਿਚ ਬਣਿਆ ਹੋਇਆ ਇਹ ਗੇਟ ਹਾਲੈਂਡ ਵਿਚ ਰਹਿੰਦੇ ਹੋਏ ਸ. ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਮਿਹਨਤ, ਖੋੋਜ ਅਤੇ ਕੋਸ਼ਿਸ਼ਾਂ ਦਾ ਨਤੀਜਾ ਹੈ। 1999 ਵਿਚ ਖਾਲਸਾ ਪੰਥ ਦੀ ਸਿਰਜਨਾ ਦੇ ਮੌੌਕੇ 'ਤੇ ਇਹ ਹੋੋਂਦ ਵਿਚ ਆਇਆ ਸੀ ਅਤੇ ਉਸ ਤੋੋਂ ਬਾਅਦ ਹਰ ਸਾਲ ਇਨ੍ਹਾਂ ਸਿੱਖ ਸ਼ਹੀਦਾਂ ਨੂੰ ਜਿਨ੍ਹਾਂ ਦੇ ਨਾਮ ਇਸ ਗੇਟ 'ਤੇ ਉਕਰੇ ਹੋਏ ਹਨ, ਇਕ ਖਾਸ ਫੰਕਸ਼ਨ ਕਰਕੇ ਯਾਦ ਕੀਤਾ ਜਾਂਦਾ ਹੈ। ਸੰਨ 2018 ਵਿਚ ਜਦ ਫਸਟ ਵਰਲਡ ਵਾਰ ਦੇ 100 ਸਾਲ ਪੂਰੇ ਹੋਏ ਸਨ ਤਦ ਐਮਸਟਰਡਮ (ਹਾਲੈਂਡ ਦੀ ਰਾਜਧਾਨੀ) ਦੇ ਡੈਮ ਸਕੇਅਰ ਵਿਚ ਬਹੁਤ ਵੱਡਾ ਇਕੱਠ ਕੀਤਾ ਗਿਆ ਸੀ। ਉਸ ਵੇਲੇ ਐਪਰ ਮੈਨਨ ਗੇਟ 'ਤੇ ਵੀ ਇਕ ਪਰੇਡ ਕੱਢੀ ਗਈ ਜਿਸ ਵਿਚ ਸਭ ਤੋੋਂ ਅੱਗੇ ਪੰਜ ਪਿਆਰੇ ਚਲ ਰਹੇ ਸਨ। ਇਨ੍ਹਾਂ ਪ੍ਰੋਗਰਾਮਾਂ ਵਿਚ ਫਰਾਂਸ ਦੀ ਮੀਰੀ-ਪੀਰੀ ਗਤਕਾ ਪਾਰਟੀ ਨੇ ਖੂਬਸੂਰਤ ਗਤਕੇ ਦਾ ਪ੍ਰਦਰਸ਼ਨ ਕੀਤਾ।
2. ਅੰਮ੍ਰਿਤਸਰ ਦਾ ਗੋਬਿੰਦਗੜ੍ਹ ਕਿਲ੍ਹਾ - ਇਹ ਕਿਲ੍ਹਾ ਸ. ਗੁੱਜਰ ਸਿੰਘ ਭੰਗੀਆ ਮਿਸਲ ਵਾਲੇ ਨੇ ਬਣਵਾਇਆ ਸੀ। ਉਸ ਵੇਲੇ ਇਸ ਦਾ ਨਾਮ ਭੰਗੀਆਂ ਦਾ ਕਿਲ੍ਹਾ ਹੁੰਦਾ ਸੀ। ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਜਦ ਇਸਦੀ ਮੁਰੰਮਤ ਕਰਵਾ ਕੇ ਇਸ ਨੂੰ ਹੋੋਰ ਵੱਡਾ ਤੇ ਸ਼ਾਨਦਾਰ ਕਰ ਦਿੱਤਾ ਪਰ ਉਨ੍ਹਾਂ ਨੇ ਇਸ ਦਾ ਨਾਮ ਦਸਮ ਗੁਰਾਂ ਦੇ ਨਾਮ 'ਤੇ ਕਿਲ੍ਹਾ ਗੋਬਿੰਦਗੜ੍ਹ ਕਰ ਦਿੱਤਾ। ਬ੍ਰਿਟਿਸ਼ ਰਾਜ ਵਿਚ ਇਸ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ ਬਲਕਿ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੇਸ਼ ਆਜ਼ਾਦ ਹੋਣ ਤੋੋਂ ਬਾਅਦ ਇਥੇ ਰਿਫਿਊਜ਼ੀਆਂ ਨੂੰ ਰੱਖਿਆ ਗਿਆ ਤੇ ਬਾਅਦ ਵਿਚ ਭਾਰਤੀ ਫੌੌਜ ਦੇ ਇਸਤੇਮਾਲ ਲਈ ਵਰਤਿਆ ਗਿਆ। 2017 ਵਿਚ ਸਰਕਾਰ ਨੇ ਇਸ ਨੂੰ ਲੋੋਕਾਂ ਲਈ ਖੋਲ੍ਹ ਦਿੱਤਾ ਤੇ ਇਸ ਦਾ ਆਕਰਸ਼ਣ ਵਧਾਉਣ ਲਈ ਭੰਗੀਆਂ ਦੀ ਤੋੋਪ ਦੀ ਨਕਲ ਵਾਲੀ ਤੋਪ ਇਸਦੇ ਬਾਹਰ ਰਖਵਾ ਦਿੱਤੀ। ਹੁਣ ਲੋੋਕ ਇਸਨੂੰ ਟੂਰਿਸਟ ਅਟ੍ਰੈਕਸ਼ਨ ਸਮਝਦੇ ਹਨ ਤੇ ਜਾਂਦੇ ਹਨ। ਇਸਦੇ ਇਤਿਹਾਸ ਨੂੰ ਦਰਸਾਉਣ ਲਈ ਉਥੇ ਬਣੇ ਇਕ ਮਿੰਨੀ ਹਾਲ ਵਿਚ ਥ੍ਰੀ-ਡੀ ਫਿਲਮ ਵੀ ਦਿਖਾਈ ਜਾਂਦੀ ਹੈ। ਇਸ ਵਿਚ ਜੋੋ ਤੋਸ਼ਾਖਾਨਾ ਹੈ ਇਥੇ ਪਹਿਲੇ ਕੋਹਿਨੂਰ ਦਾ ਹੀਰਾ ਰੱਖਿਆ ਜਾਂਦਾ ਸੀ ਬਾਅਦ ਵਿਚ ਅੰਗ੍ਰੇਜ਼ ਉਸ ਨੂੰ ਇੰਗਲੈਂਡ ਲੈ ਗਏ।
3. ਪਟਿਆਲਾ ਦਾ ਕਿਲ੍ਹਾ ਮੁਬਾਰਕ - ਪਟਿਆਲਾ ਦਾ ਕਿਲ੍ਹਾ ਮੁਬਾਰਕ ਉਥੋੋਂ ਦੇ ਮਹਾਰਾਜਾ ਆਲਾ ਸਿੰਘ ਨੇ 1764 ਵਿਚ ਬਣਵਾਇਆ ਸੀ। ਇਹ ਕਿਲ੍ਹਾ ਹੁਣ ਸਰਕਾਰ ਨੇ ਇਕ ਛੋਟੇ ਮਿਊੂਜ਼ੀਅਮ ਵਿਚ ਬਦਲ ਦਿੱਤਾ ਹੈ। ਜਿਸ ਵਿਚ ਰਾਜਿਆਂ ਮਹਾਰਾਜਿਆਂ ਦੇ ਸ਼ਸਤਰ ਅਤੇ ਪੋੋਸ਼ਾਕਾਂ ਰੱਖੇ ਗਏ ਹਨ। ਇਕ ਹੋੋਰ ਕਿਲ੍ਹਾ ਮੁਬਾਰਕ ਨਾਭਾ ਵਿਚ ਵੀ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸੰਬੰਧਤ ਕੁਝ ਚੀਜ਼ਾ ਤੇ ਧਾਰਮਿਕ ਖਰੜੇ ਰੱਖੇ ਗਏ ਹਨ ਤੇ ਟੂਰਿਸਟ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਹਨ। ਪਟਿਆਲਾ ਸ਼ਹਿਰ ਤੋੋਂ ਬਾਹਰ ਇਕ ਮੋਤੀ ਬਾਗ ਕਿਲ੍ਹਾ ਹੈ ਜਿਸ ਨੂੰ ਨਵਾਬ ਸੈਫ ਅਲੀ ਖਾਨ 1658 ਵਿਚ ਬਣਵਾਇਆ ਸੀ ਅਤੇ ਮਹਾਰਾਜਾ ਪਟਿਆਲਾ ਕਰਮ ਸਿੰਘ ਜੀ ਨੇ 1837 ਵਿਚ ਇਸ ਨੂੰ ਠੀਕ-ਠਾਕ ਕਰਵਾ ਕੇ ਨੌੌਵੇਂ ਗੁਰੂ ਸਾਹਿਬ ਦੇ ਨਾਂ 'ਤੇ ਇਸ ਦਾ ਨਾਮ ਰੱਖ ਦਿੱਤਾ। ਹੁਣ ਇਥੇ ਇਕ ਗੁਰਦੁਆਰਾ ਹੈ ਜੋੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਅਸਥਾਨ 'ਤੇ ਆਉਣ ਦੀ ਯਾਦ ਕਰਵਾਉਂਦਾ ਹੈ ਅਤੇ ਇਕ ਮਸਜਿਦ ਵੀ ਹੈ। ਪੰਜਾਬ ਦੇ ਕਿਲ੍ਹਿਆਂ ਵਿਚ ਇਕ ਕਿਲ੍ਹਾ ਫਿਲੌੌਰ ਵਿਚ ਵੀ ਹੈ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੈਨਾ ਲਈ ਵਰਤਦੇ ਸਨ ਤੇ ਹੁਣ ਉਥੇ ਪੰਜਾਬ ਪੁਲਿਸ ਅਕੈਡਮੀ ਕੰਮ ਕਰ ਰਹੀ ਹੈ।
4. ਲਾਹੌੌਰ ਮਿਉਜ਼ੀਅਮ - ਲਾਹੌੌਰ ਮਿਊਜ਼ੀਅਮ 1865 ਵਿਚ ਬਣਾਇਆ ਗਿਆ ਸੀ ਅਤੇ ਇਸਦੀ ਗਿਣਤੀ ਪਾਕਿਸਤਾਨ ਦੇ ਸਭ ਤੋੋਂ ਜ਼ਿਆਦਾ ਮਸ਼ਹੂਰ ਮਿਊਜ਼ੀਅਮਜ਼ ਵਿਚ ਹੁੰਦੀ ਹੈ। ਇਸ ਦੀਆਂ ਦੋ ਗੱਲਾਂ ਸਿੱਖ ਧਰਮ ਨਾਲ ਸਿੱਧੇ ਤੌੌਰ 'ਤੇ ਸੰਬੰਧਤ ਹਨ। ਪਹਿਲੀ ਗੱਲ ਯਮਯਮਾ ਤੋੋਪ ਇਸ ਮਿਊਜ਼ੀਅਮ ਦੇ ਬਾਹਰ ਰੱਖੀ ਗਈ ਹੈ। ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਿਚ ਇਕ ਸਿੱਖ ਗੈਲਰੀ ਹੈ ਜਿਸਦੇ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪੋਸ਼ਾਕਾਂ, ਫਰਨੀਚਰ ਅਤੇ ਹੋੋਰ ਵਸਤੂਆਂ ਦੇਖਣ ਨੂੰ ਮਿਲਦੀਆ ਹਨ। ਕਈ ਵਾਰ ਇਸ ਮਿਊਜ਼ੀਅਮ ਦੁਆਰਾ ਕੁਝ ਨੁਮਾਇਸ਼ਾਂ ਵੀ ਲਗਾਈਆਂ ਜਾਂਦੀਆਂ ਹਨ। ਕਰੀਬਨ 2-3 ਸਾਲ ਪਹਿਲੇ ਸਿੱਖ ਵਸਤੂਆ ਨਾਲ ਸੰਬੰਧਤ ਇਕ ਨੁਮਾਇਸ਼ ਲਗਾਈ ਗਈ ਸੀ ਜਿਸ ਵਿਚ ਸਿੱਖ ਰਾਜ ਦੇ ਵੇਲੇ ਦੀਆਂ ਪੇਂਟਿੰਗਜ਼, ਸ਼ਸਤਰ, ਸਿੱਕੇ ਤੇ ਹੋੋਰ ਐਸੀਆਂ ਵਸਤੂਆਂ ਦਿਖਾਈਆ ਗਈਆਂ ਸਨ ਜਿਨ੍ਹਾਂ ਰਾਹੀਂ ਸਿੱਖ ਰਾਜ ਦੀ ਸ਼ਾਨੋੋ-ਸ਼ੌੌਕਤ ਪ੍ਰਗਟ ਹੁੰਦੀ ਹੈ। ਇਸ ਨੁਮਾਇਸ਼ ਨੂੰ ਬਹੁਤ ਸਾਰੇ ਲੋੋਕਾਂ ਨੇ ਦੇਖਿਆ ਖਾਸ ਕਰਕੇ ਪਾਕਿਸਤਾਨ ਵਿਚ ਰਹਿੰਦੇ ਹੋਏ ਇਤਿਹਾਸਕਾਰ, ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪ੍ਰੋੋਫੈਸਰ, ਕਈ ਸੰਸਥਾਂਵਾਂ ਅਤੇ ਵਿਦਵਾਨਾਂ ਨੇ ਇਸ ਨੂੰ ਦੇਖ ਕੇ ਸਿੱਖ ਰਾਜ ਬਾਰੇ ਵਢਮੁੱਲੀ ਜਾਣਕਾਰੀ ਪ੍ਰਾਪਤ ਕੀਤੀ।
5. ਫਕੀਰਖਾਨਾ ਮਿਊਜ਼ੀਅਮ - ਫਕੀਰਖਾਨਾ ਮਿਊਜ਼ੀਅਮ ਲਾਹੌੌਰ ਵਿਚ ਇਕ ਪ੍ਰਾਈਵੇਟ ਮਿਊਜ਼ੀਅਮ ਹੈ ਇਸਦਾ ਸੰਚਾਲਨ ਵਕੀਲ ਪਰਿਵਾਰ ਦੁਆਰਾ ਕੀਤਾ ਜਾਂਦਾ ਹੈ। ਇਸ ਵਿਚ ਕਰੀਬਨ 20,000 ਤੋੋਂ ਜ਼ਿਆਦਾ ਕਲਾਕ੍ਰਿਤੀਆਂ ਅਤੇ ਹੋੋਰ ਚੀਜ਼ਾਂ ਸਿੱਖ ਰਾਜ ਨਾਲ ਸੰਬੰਧਤ ਹਨ। ਜਿਨ੍ਹਾਂ ਵਿਚ ਉਹ ਤੌੌਹਫੇ ਵੀ ਸ਼ਾਮਲ ਹਨ ਜੋੋ ਮਹਾਰਾਜਾ ਰਣਜੀਤ ਸਿੰਘ ਨੇ ਸਮੇਂ-ਸਮੇਂ 'ਤੇ ਵਕੀਲ ਪਰਿਵਾਰ ਨੂੰ ਦਿੱਤੇ ਸਨ। ਹੋੋਰ ਵਸਤੂਆਂ ਵਿਚ ਕਰੀਬਨ 10,000 ਖਰੜੇ, 180 ਛੋਟੀਆਂ ਪੇਂਟਿੰਗਜ਼ ਤੇ ਲਕੜੀ, ਮਿੱਟੀ ਅਤੇ ਹਾਥੀ-ਦੰਦ ਦਾ ਬਣਿਆ ਹੋਇਆ ਕੁਝ ਹੋੋਰ ਸਮਾਨ ਸ਼ਾਮਲ ਹਨ। ਕੋੋਈ ਵੀ ਯਾਤਰੀ ਪਰਿਵਾਰ ਦੀ ਇਜਾਜ਼ਤ ਲੈ ਕੇ ਇਹ ਮਿਊਜ਼ੀਅਮ ਦੇਖ ਸਕਦਾ ਹੈ।
6. ਹੈਰੀਟੇਜ ਸਟ੍ਰੀਟ ਅੰਮ੍ਰਿਤਸਰ - ਅੰਮ੍ਰਿਤਸਰ ਜਾਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਹੋਵੇਗਾ ਕਿ ਇਸ ਸ਼ਹਿਰ ਵਿਚ 3 ਕਿਲੋਮੀਟਰ ਲੰਬੀ ਪੈਦਲ ਯਾਤਰਾ ਕਰਕੇ ਹੈਰੀਟੇਜ ਨਾਲ ਜੁੜੇ ਹੋਏ ਕਈ ਅਸਥਾਨ ਦੇਖੇ ਜਾ ਸਕਦੇ ਹਨ। ਜਿਨ੍ਹਾਂ ਵਿਚ ਸਾਰਾਗੜ੍ਹੀ ਗੁਰਦੁਆਰਾ, ਕਿਲ੍ਹਾ ਆਹਲੂਵਾਲੀਆ, ਚੌਂਕ ਜਲ੍ਹਿਆਂਵਾਲਾ, ਅਖਾੜਾ ਸੰਗਲਵਾਲਾ, ਦਰਸ਼ਨੀ ਡਿਓਢੀ, ਰਾਧਾ ਕ੍ਰਿਸ਼ਨ ਮੰਦਿਰ ਅਤੇ ਅਖਾੜਾ ਬ੍ਰਹਮ ਬੂਟਾ ਸ਼ਾਮਲ ਹਨ। ਦੋ ਘੰਟੇ ਦੀ ਇਹ ਯਾਤਰਾ ਸਵੇਰੇ 8.00 ਵਜੇ ਟਾਊਨ ਹਾਲ, ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ ਅਤੇ 10.00 ਵਜੇ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਆਕੇ ਖਤਮ ਹੁੰਦੀ ਹੈ।
7. ਸ. ਠਾਕੁਰ ਸਿੰਘ ਗੈਲਰੀ ਅੰਮ੍ਰਿਤਸਰ - ਐਸ.ਜੀ. ਠਾਕੁਰ ਸਿੰਘ ਇਕ ਬਹੁਤ ਹੀ ਮਹਾਨ ਕਲਾਕਾਰ ਸਨ ਜਿਨ੍ਹਾਂ ਦੀਆਂ ਪੇਂਟਿੰਗਜ਼ ਬਹੁਤ ਮਸ਼ਹੂਰ ਸਨ। ਉਹ ਇਕ ਥੀਏਟਰ ਕਲਾਕਾਰ ਵੀ ਸਨ। ਉਨ੍ਹਾਂ ਨੇ ਸੰਨ 1931 ਵਿਚ ਠਾਕੁਰ ਸਿੰਘ ਸਕੂਲ ਆਫ ਆਰਟ ਅੰਮ੍ਰਿਤਸਰ ਵਿਖੇ ਖੋਲ੍ਹਿਆ ਸੀ। ਉਹ ਸਕੂਲ ਹੀ ਅੱਜ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੇ ਤੌਰ 'ਤੇ ਮਸ਼ਹੂਰ ਹੈ।
8. ਸਤਿੰਦਰ ਕੌੌਰ ਕਪਾਨੀ ਗੈਲਰੀ ਆਫ ਸਿੱਖ ਆਰਟ - ਸਰਦਾਰਨੀ ਸਤਿੰਦਰ ਕੌਰ ਕਪਾਨੀ ਡਾ. ਨਰਿੰਦਰ ਸਿੰਘ ਕਪਾਨੀ ਦੀ ਧਰਮ ਪਤਨੀ ਸਨ। ਡਾ. ਨਰਿੰਦਰ ਸਿੰਘ ਕਪਾਨੀ ਅਮਰੀਕਾ ਵਿਚ ਵਸੇ ਹੋਏ ਇਕ ਬਹੁਤ ਹੀ ਉਘੇ ਵਿਗਿਆਨਕ, ਜਿਨ੍ਹਾਂ ਨੂੰ 'ਫਾਦਰ ਆਫ ਫਾਈਬਰ ਓਪਟਿਕਸ' ਕਿਹਾ ਜਾਂਦਾ ਹੈ ਅਤੇ ਜਿਨ੍ਹਾਂ ਦਾ ਪਿੱਛੇ ਜਿਹੇ ਦੇਹਾਂਤ ਹੋ ਗਿਆ ਹੈ, ਇਕ ਬਹੁਤ ਵੱਡੇ ਵਿਰਸਾ ਪ੍ਰੇਮੀ ਵੀ ਸਨ। ਉਨ੍ਹਾਂ ਨੇ ਇਹ ਆਰਟ ਗੈਲਰੀ 1999 ਵਿਚ ਸਥਾਪਤ ਕੀਤੀ ਜਿਸ ਨੂੰ ਪ੍ਰਫੁਲਿਤ ਕਰਨ ਲਈ ਉਨ੍ਹਾਂ ਕੋਲ ਉਪਲਬਧ ਸਿੱਖ ਵਿਰਸੇ ਨਾਲ ਸੰਬੰਧਤ ਕਲਾਕ੍ਰਿਤੀਆਂ ਰੱਖੀਆਂ ਗਈਆਂ। ਇਹ 18ਵੀਂ ਤੇ 19ਵੀਂ ਸਦੀ ਨਾਲ ਸੰਬੰਧਤ ਹਨ ਅਤੇ ਇਨ੍ਹਾਂ ਨੂੰ ਕਦੀ-ਕਦੀ ਪਬਲਿਕ ਨੂੰ ਦੇਖਣ ਲਈ ਰੱਖਿਆ ਜਾਂਦਾ ਹੈ। ਅਮਰੀਕਾ ਵਿਚ ਸਿੱਖ ਧਰਮ ਨਾਲ ਸੰਬੰਧਤ ਇਹੀ ਆਰਟ ਗੈਲਰੀ ਸਭ ਤੋਂ ਪ੍ਰਸਿੱਧ ਹੈ।
9. ਪੰਜਾਬੀ ਭਵਨ ਸਰੀ, ਕੈਨੇਡਾ - ਕੈਨੇਡਾ ਦੇ ਸੰਘਣੀ ਪੰਜਾਬੀ ਆਬਾਦੀ ਵਾਲੇ ਇਲਾਕੇ ਸਰੀ ਵਿਚ ਸ੍ਰੀ ਸੁੱਖੀ ਬਾਥ ਨੇ ਆਪਣੇ ਪਿਤਾ ਸ. ਅਰਜਨ ਸਿੰਘ ਬਾਥ ਦੀ ਯਾਦ ਵਿਚ ਇਸ ਭਵਨ ਦਾ ਨਿਰਮਾਣ ਕੀਤਾ ਹੈ। ਇਸ ਭਵਨ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਬਹੁਤ ਸਾਰੇ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ। ਸੁੱਖੀ ਜੀ ਲੋਕ ਭਲਾਈ ਦੇ ਬਹੁਤ ਕੰਮ ਕਰਦੇ ਹਨ ਤੇ ਇਸ ਭਵਨ ਵਿਚ ਕਈ ਵਾਰ ਐਸੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ ਜਿਵੇਂ ਕਿ ਮੈਡੀਕਲ ਕੈਂਪ ਲਾਉਣਾ, ਅੱਖਾਂ ਦੇ ਓਪ੍ਰੇਸ਼ਨ ਦੇ ਕੈਂਪ ਲਗਾਉਣਾ ਜਾਂ ਗਰੀਬ ਕੁੜੀਆਂ ਦੇ ਵਿਆਹ ਕਰਵਾਉਣੇ ਆਦਿ। ਭਾਵੇਂ ਹੋਰ ਧਰਮਾਂ ਦੇ ਲੋਕ ਵੀ ਇਸ ਭਵਨ ਦੀ ਵਰਤੋਂ ਕਰ ਸਕਦੇ ਹਨ ਪਰ ਪੰਜਾਬੀਆਂ ਨੂੰ ਹਰ ਤਰ੍ਹਾਂ ਦੇ ਸਭਿਆਚਾਰਕ, ਧਾਰਮਿਕ, ਸਮਾਜਿਕ ਤੇ ਲੋਕ ਭਲਾਈ ਦੇ ਕੰਮ ਕਰਨ ਲਈ ਇਹ ਭਵਨ ਸਦਾ ਅੱਗੇ ਰਹਿੰਦਾ ਹੈ।
10. ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ - ਇਹ ਮਿਊਜ਼ੀਅਮ ਕੈਨੇਡਾ ਦੇ ਮਾਲਟਨ ਦੇ ਇਲਾਕੇ ਵਿਚ ਸਥਿਤ ਹੈ। ਇਸ ਮਿਊਜ਼ੀਅਮ ਵਿਚ ਕੈਨੇਡਾ ਦੇ ਸਿੱਖਾਂ ਦੇ ਇਤਿਹਾਸ ਨਾਲ ਸੰਬੰਧਤ ਤਸਵੀਰਾਂ, ਪੁਸਤਕਾਂ ਅਤੇ ਪੇਂਟਿੰਗਜ਼ ਉਪਲਬਧ ਹਨ। ਸ. ਪ੍ਰਦੀਪ ਸਿੰਘ ਨਾਗਰਾ ਜੋ ਇਸ ਮਿਊਜ਼ੀਅਮ ਦੇ ਮੁੱਖ ਡਾਇਰੈਕਟਰ ਹਨ ਇਸ ਨੂੰ ਸਿੱਖ-ਕੈਨੇਡੀਅਨ ਹਿਸਟਰੀ ਨਾਲ ਜੋੜਦੇ ਹੋਏ ਕਈ ਐਸੇ ਤੱਥਾ ਨੂੰ ਬਿਆਨ ਕਰਦੇ ਹਨ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਮਿਸਾਲ ਦੇ ਤੌਰ 'ਤੇ ਉਹ ਸਬੂਤ ਨਾਲ ਦਸਦੇ ਹਨ ਕਿ ਕਿਸ ਤਰ੍ਹਾਂ ਕੈਨੇਡਾ ਦੇ ਪ੍ਰਧਾਨਮੰਤਰੀ ਪੀਅਰਸਨ ਅਤੇ ਮਸ਼ਹੂਰ ਸਿੱਖ ਫਾਈਟਰ ਪਾਇਲਟ ਹਰਦਿੱਤ ਸਿੰਘ ਮਲਿਕ ਦੀ ਦੋਸਤੀ ਸੀ। ਪਿਛਲੇ 100 ਸਾਲਾਂ ਵਿਚ ਵਿਦੇਸ਼ਾਂ ਵਿਚ ਸਿੱਖਾਂ ਨੇ ਜੋ ਤਰੱਕੀ ਕੀਤੀ ਹੈ, ਗੁਰਦੁਆਰੇ ਬਣਾਏ ਹਨ, ਸੇਵਾ ਭਾਵਨਾ ਦਿਖਾਈ ਹੈ ਉਹ ਸਭ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖ ਵਿਰਾਸਤ ਬਣ ਜਾਵੇਗਾ। ਇਸ ਮਿਊਜ਼ੀਅਮ ਵਿਚ ਉਨ੍ਹਾਂ ਘਟਨਾਵਾਂ ਤੇ ਸਖਸ਼ੀਅਤਾਂ ਦਾ ਵੇਰਵਾ ਦੇਖਣ ਨੂੰ ਮਿਲਦਾ ਹੈ। ਜਿਨ੍ਹਾਂ ਸਿੱਖਾਂ ਨੇ ਕੈਨੇਡਾ ਨੂੰ ਤਰੱਕੀ ਦੇ ਰਸਤੇ 'ਤੇ ਲਿਜਾਉਣ ਲਈ ਵਢਮੁੱਲਾ ਯੋਗਦਾਨ ਪਾਇਆ।