(1) Question:- |
ਸਿੱਖਾਂ ਨੇ ਆਜ਼ਾਦ ਭਾਰਤ ਵਿਚ ਆਜ਼ਾਦੀ ਨੂੰ ਬਚਾਉਣ ਲਈ ਵੀ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸੱਚ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਮੁੱਖ ਸਿੱਖਾਂ ਬਾਰੇ ਦੱਸੋ ਜਿਨ੍ਹਾਂ ਨੇ ਜਲ, ਥਲ ਤੇ ਹਵਾਈ ਸੈਨਾ ਵਿਚ ਆਪਣੇ ਕੰਮ ਕਰਕੇ ਨਾਮਣਾ ਖੱਟਿਆ। |
Answer:- |
ਜਨਰਲ ਜੇ.ਜੇ. ਸਿੰਘ
ਥਲ ਸੈਨਾ ਦੇ ਬਹਾਦਰ ਸਿੱਖਾਂ ਦੇ ਨਾਮ ਤੇ ਉਨ੍ਹਾਂ ਦੀ ਬਹਾਦਰੀ ਦਾ ਜ਼ਿਕਰ ਅੱਗੇ ਆ ਚੁੱਕਾ ਹੈ, ਪਰ ਬਾਵਜੂਦ ਇਸ ਦੇ ਕਿ ਸਿੱਖਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਜਨਸੰਖਿਆ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸਨ, ਕਈ ਸੀਨੀਅਰ ਸਿੱਖ ਅਫਸਰਾਂ ਨੂੰ ਆਰਮੀ ਚੀਫ਼ ਨਹੀਂ ਬਣਾਇਆ ਗਿਆ, ਇਥੋਂ ਤੱਕ ਕਿ ਜਨਰਲ ਜੇ.ਐਸ. ਅਰੋੜਾ ਜਿਨ੍ਹਾਂ ਨੇ ਪਾਕਿਸਤਾਨ ਦੇ 90 ਹਜ਼ਾਰ ਸੈਨਿਕਾਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਕੇ ਬੰਗਲਾ ਦੇਸ਼ ਬਣਵਾ ਦਿੱਤਾ ਸੀ, ਨੂੰ ਵੀ ਇਹ ਅਹੁਦਾ ਨਹੀਂ ਦਿੱਤਾ ਗਿਆ। ਪਰ ਜਦ ਸ੍ਰ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਜਨਰਲ ਜੇ.ਜੇ. ਸਿੰਘ ਨੂੰ ਇਹ ਅਹੁਦਾ ਦਿੱਤਾ ਗਿਆ ਤੇ ਇਸ ਤਰ੍ਹਾਂ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਇਕ ਸਿੱਖ ਥਲ ਸੈਨਾ ਦਾ ਪ੍ਰਮੁੱਖ ਬਣਿਆ। ਉਹ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਵੀ ਰਹੇ।
ਹਰਦਿੱਤ ਸਿੰਘ ਮਲਿਕ
ਜਿੱਥੋਂ ਤੱਕ ਹਵਾਈ ਸੈਨਾ ਦਾ ਸਵਾਲ ਹੈ, ਇਸ ਪੱਖੋਂ ਸਿੱਖਾਂ ਦੀ ਭੂਮਿਕਾ ਐਨੀ ਮਹੱਤਵਪੂਰਨ ਰਹੀ ਹੈ ਕਿ ਸਿੱਖਾਂ ਦਾ ਉਭਰ ਕੇ ਉਪਰ ਆਉਣਾ ਸੁਭਾਵਕ ਸੀ। ਹਿੰਦੁਸਤਾਨ ਵਿਚ ਪਹਿਲਾ ਜਹਾਜ਼ ਇਕ ਸਿੱਖ (ਮਹਾਰਾਜਾ ਪਟਿਆਲਾ ਸ੍ਰ. ਭੁਪਿੰਦਰ ਸਿੰਘ) ਨੇ ਹੀ 1910 ਵਿਚ ਖਰੀਦਿਆ ਸੀ। ਉਸ ਨੇ ਉਸ ਜਹਾਜ਼ ਨੂੰ ਚਲਾਉਣ ਲਈ ਸ੍ਰ. ਮਨਮੋਹਨ ਸਿੰਘ ਨੂੰ ਪਾਇਲਟ ਬਣਾਇਆ ਸੀ, ਜੋ ਪਹਿਲਾ ਭਾਰਤੀ ਸੀ ਜਿਸ ਨੇ ਕਰੋਇਡ (ਇੰਗਲੈਂਡ) ਤੋਂ ਕਰਾਚੀ ਤੱਕ ਇਕੱਲੇ ਨੇ ਜਹਾਜ਼ ਉਡਾਇਆ ਸੀ। ਸ੍ਰ. ਹਰਦਿੱਤ ਸਿੰਘ ਮਲਿਕ ਦਾ ਨਾਮ ਵੀ ਇਕ ਪਾਇਲੇਟ ਤੇ ਫਿਰ ਇਕ ਪ੍ਰਸ਼ਾਸਨਿਕ ਦੇ ਤੌਰ 'ਤੇ ਹਮੇਸ਼ਾਂ ਅਮਰ ਰਹੇਗਾ। ਦੂਸਰੀ ਵੱਡੀ ਜੰਗ ਵਿਚ ਰਾਇਲ ਏਅਰ ਫੋਰਸ ਦੇ ਅਫਸਰ ਵਜੋਂ ਉਸ ਨੇ ਉਸ ਵੇਲੇ ਦੇ ਸਭ ਤੋਂ ਵਧੀਆ ਲੜਨ ਵਾਲੇ ਜਹਾਜ਼ ਬਰਿਸਟਲ ਫਾਈਟਰ ਉਡਾ ਕੇ ਵਾਹ-ਵਾਹ ਖੱਟੀ। ਸ੍ਰ. ਅਮਰਜੀਤ ਸਿੰਘ, ਸ੍ਰ. ਭੁਪਿੰਦਰ ਸਿੰਘ, ਸ੍ਰ. ਹਰਜਿੰਦਰ ਸਿੰਘ, ਸ੍ਰ. ਕਰਤਾਰ ਸਿੰਘ ਉਨ੍ਹਾਂ ਭਾਰਤੀ ਹਵਾਈ ਅਫਸਰਾਂ ਵਿਚੋਂ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਏਅਰ ਫੋਰਸ ਵਿਚ ਭਰਤੀ ਲਈ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦ ਅੰਗਰੇਜ਼ਾਂ ਨੇ ਇਹ ਫੈਸਲਾ ਕੀਤਾ ਕਿ ਭਾਰਤੀਆਂ ਨੂੰ ਫ਼ੌਜ ਵਿਚ ਕਮਿਸ਼ਨ ਦਿੱਤਾ ਜਾਵੇ ਤੇ ਇਕ ਇਕੱਠਾ ਦਾਖਲਾ ਇਮਤਿਹਾਨ ਕਰਵਾਇਆ ਗਿਆ, ਤਾਂ ਉਸ ਵਿਚ ਅਵੱਲ ਆਉਣ ਵਾਲਾ ਵੀ ਇਕ ਸਿੱਖ ਗਿਆਨੀ ਪ੍ਰੇਮ ਸਿੰਘ ਸੀ। ਆਜ਼ਾਦੀ ਤੋਂ ਪਹਿਲਾਂ ਦੂਸਰੀ ਵੱਡੀ ਜੰਗ ਸ਼ੁਰੂ ਹੋਣ ਵੇਲੇ ਭਾਰਤੀ ਵਾਯੂ ਸੈਨਾ ਦੇ 7 ਸਕਵਾਰਡਨ ਕਮਾਂਡਰ ਸਨ, ਜਿਨ੍ਹਾਂ ਵਿਚੋਂ 5 ਸਿੱਖ ਸਨ। ਸ੍ਰ. ਅਰਜਨ ਸਿੰਘ, ਸ੍ਰ. ਸੁਰਜੀਤ ਸਿੰਘ ਮਜੀਠੀਆ, ਸ੍ਰ. ਪ੍ਰਿਤਪਾਲ ਸਿੰਘ, ਸ੍ਰ. ਦਲੀਪ ਸਿੰਘ ਮਜੀਠੀਆ (ਸਕਵਾਰਡ ਨੰ. 1 ਤੋਂ 4) ਤੇ ਸਕਵਾਰਡਨ ਨੰ. 6 ਦੇ ਸ੍ਰ. ਮੇਹਰ ਸਿੰਘ।
ਮਾਰਸ਼ਲ ਅਰਜਨ ਸਿੰਘ
ਇਨ੍ਹਾਂ ਵਿਚੋਂ ਸ੍ਰ. ਅਰਜਨ ਸਿੰਘ ਜੋ ਏਅਰ ਚੀਫ਼ ਰਹੇ, ਭਾਰਤ ਦੇ ਪਹਿਲੇ ਏਅਰ ਚੀਫ਼ ਮਾਰਸ਼ਲ ਸਨ, ਤੇ ਰਿਟਾਇਰ ਹੋਣ ਤੋਂ ਬਾਅਦ ਵੀ ਮਾਰਸ਼ਲ ਦੇ ਪਦ ਨਾਲ ਸਨਮਾਨਿਤ ਕੀਤੇ ਗਏ। ਸ੍ਰ. ਦਿਲਬਾਗ ਸਿੰਘ ਵੀ ਹਵਾਈ ਸੈਨਾ ਦੇ ਮੁੱਖੀ ਰਹੇ ਹਨ ਤੇ ਸ੍ਰ. ਲਾਲ ਸਿੰਘ ਗਰੇਵਾਲ, ਸ੍ਰ. ਪ੍ਰਿਤਪਾਲ ਸਿੰਘ, ਸ੍ਰ. ਸ਼ਿਵਦੇਵ ਸਿੰਘ, ਸ੍ਰ. ਪ੍ਰੇਮ ਮਾਲ ਸਿੰਘ, ਸ੍ਰ. ਪ੍ਰੀਤਮ ਸਿੰਘ ਤੇ ਸ੍ਰ. ਸੁਰਜੀਤ ਸਿੰਘ ਮਲਹੋਤਰਾ ਵਾਈਸ ਚੀਫ਼ ਦੇ ਪਦ 'ਤੇ ਰਹੇ। ਸ੍ਰ. ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਸੈਨਾ ਦਾ ਉਹ ਬਹਾਦਰ ਸ਼ਹੀਦ ਅਫ਼ਸਰ ਸੀ ਜਿਸ ਨੂੰ ਇਕੱਲੇ ਨੂੰ ਹੁਣ ਤੱਕ ਪਰਮਵੀਰ ਚੱਕਰ ਮਿਲਿਆ।
ਹਵਾਈ ਸੈਨਾ ਵਿਚ ਹੀ ਨਹੀਂ ਕਮਰਸ਼ੀਅਲ ਪਾਇਲਟ ਦੇ ਤੌਰ 'ਤੇ ਵੀ ਭਾਰਤ ਤੇ ਹੋਰ ਦੇਸ਼ਾਂ ਵਿਚ ਸਿੱਖਾਂ ਨੇ ਵਾਹ ਵਾਹ ਖੱਟੀ ਹੈ। ਪਿੱਛੇ ਜਿਹੇ ਖਬਰਾਂ ਵਿਚ ਏਅਰ ਇੰਡੀਆ ਦੇ ਸ੍ਰ. ਐਸ.ਐਸ. ਕੋਹਲੀ ਇਸ ਲਈ ਮਸ਼ਹੂਰ ਹੇ ਗਏ ਉਨ੍ਹਾਂ ਇਕ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਸੀ ਤੇ ਅਮਰੀਕਾ ਦੀ ਬੀਬੀ ਅਰਪਿੰਦਰ ਕੌਰ ਪਹਿਲੀ ਸਿੱਖ ਪਾਇਲਟ ਸੀ ਜਿਸ ਨੇ ਸਿਰ ਤੇ ਕੇਸਰੀ ਦਸਤਾਰ ਸਜਾਈ ਸੀ।
ਇਥੇ ਇਕ ਗੱਲ ਦਾ ਜ਼ਿਕਰ ਕਰਨਾ ਉਪਯੁਕਤ ਰਹੇਗਾ ਕਿ ਸਿੱਖਾਂ ਦਾ ਹਵਾਈ ਸੇਵਾਵਾਂ ਨਾਲ ਇੰਨਾ ਡੂੰਘਾ ਸੰਬੰਧ ਹੈ ਕਿ ਪਿੱਛੇ ਜਿਹੇ ਜਦੋਂ ਸਰਕਾਰ ਨੇ ਅੰਮ੍ਰਿਤਸਰ ਤੋਂ ਵਿਦੇਸ਼ ਜਾਣ ਵਾਲੀ ਹਵਾਈ ਉਡਾਣ ਬੰਦ ਕਰ ਦਿੱਤੀ ਤਾਂ ਉਸ ਵੇਲੇ ਲੰਡਨ ਵਾਸੀ ਭਾਰਤੀ ਮੂਲ ਦੇ ਪ੍ਰਵਾਸੀ ਸ੍ਰ. ਦਲਜੀਤ ਸਿੰਘ ਨੇ ਆਪਣੀ ਇਕ ਏਅਰਲਾਈਨ ਅਕਾਲ ਏਅਰ ਲਾਈਨਜ਼ ਸ਼ੁਰੂ ਕਰ ਕੇ ਅੰਮ੍ਰਿਤਸਰ ਲਈ ਸਪੈਸ਼ਲ ਉਡਾਨ ਚਲਾਈ।
ਜਲ ਸੈਨਾ ਵਿਚ ਸਿੱਖ
ਜਲ ਸੈਨਾ ਦੀ ਗੱਲ ਕਰੀਏ ਤਾਂ ਰੀਅਰ ਐਡਮਿਰਲ ਪ੍ਰੀਤਮ ਸਿੰਘ ਮਹਿੰਦਰੂ ਦਾ ਨਾਮ ਦੇਸ਼ ਦੇ ਬਹੁਤ ਹੀ ਮਸ਼ਹੂਰ ਜਹਾਜ਼ ਵਿਕਰਾਂਤ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਉਸ ਨੂੰ ਵਿਸਾਰਿਆ ਨਹੀਂ ਜਾ ਸਕਦਾ। ਜਦ ਵਿਕਰਾਂਤ ਦੀ ਖਤਮ ਕਰਨ ਸੈਰਮੇਨੀ 1997 ਵਿਚ ਹੋਈ ਉਸ ਵੇਲੇ ਐਡਮਿਰਲ ਪੀਟਰ (ਸ੍ਰ. ਪ੍ਰੀਤਮ ਸਿੰਘ ਨੂੰ ਕਹਿੰਦੇ ਸਨ) ਰਿਟਾਇਰ ਹੋ ਚੁੱਕਾ ਸੀ ਫੇਰ ਵੀ ਉਸ ਸਮਾਗਮ ਦੀ ਪ੍ਰਧਾਨਗੀ ਲਈ ਉਨ੍ਹਾਂ ਨੂੰ ਬੁਲਾਇਆ ਗਿਆ। ਬੰਦਰਗਾਹਾਂ 'ਤੇ ਜਹਾਜ਼ਾਂ ਦੀ ਦੇਖ-ਰੇਖ ਦੇ ਕੰਮ ਵਿਚ ਬਹੁਤ ਸਾਰੇ ਸਿੱਖ ਉੱਚੇ ਪਦਾਂ 'ਤੇ ਰਹੇ ਹਨ, ਜਿਵੇਂ ਕਿ ਸ੍ਰ. ਜੀ.ਐਸ. ਸਾਹਨੀ (ਡਾਇਰੈਕਟਰ ਜਨਰਲ ਸ਼ਿਪਿੰਗ) ਤੇ ਸ੍ਰ. ਹਰਸਿਮਰਨ ਸਿੰਘ ਜੋ ਰਿਟਾਇਰ ਹੋਣ ਤੋਂ ਬਾਅਦ ਇਸ ਵੇਲੇ ਮੈਜਗਾਓ ਡਾਕਸ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸਨ। |
(2) Question:- |
ਹੇਠ ਲਿਖਿਆਂ ਬਾਰੇ ਜਾਣਕਾਰੀ ਦਿਉ।
ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਹਰਚੰਦ ਸਿੰਘ ਲੌਂਗੋਵਾਲ, ਪ੍ਰਤਾਪ ਸਿੰਘ ਕੈਂਰੋਂ, ਗਿਆਨੀ ਜ਼ੈਲ ਸਿੰਘ, ਸ੍ਰ. ਇੰਦਰਜੀਤ ਸਿੰਘ, ਸ੍ਰ. ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਯੋਗੀ ਹਰਭਜਨ ਸਿੰਘ। |
Answer:- |
ਮਾਸਟਰ ਤਾਰਾ ਸਿੰਘ
ਮਾਸਟਰ ਤਾਰਾ ਸਿੰਘ ਦੇਸ਼ ਦੇ ਉਨ੍ਹਾਂ ਆਜ਼ਾਦੀ ਲਈ ਲੜਨ ਵਾਲਿਆਂ ਵਿਚੋਂ ਹਨ ਜਿਨ੍ਹਾਂ ਨੇ ਸਿੱਖ ਇਤਿਹਾਸ ਦੇ ਇਕ ਬਹੁਤ ਹੀ ਮਹੱਤਵਪੂਰਨ ਦੌਰ ਵਿਚ ਸਿੱਖ ਕੌਮ ਦੀ ਅਗਵਾਈ ਕੀਤੀ। ਦੇਸ਼ ਦੀ ਆਜ਼ਾਦੀ ਦਿਵਾਉਣ ਵਾਲੇ ਲੀਡਰਾਂ ਵਿਚ ਉਨ੍ਹਾਂ ਦਾ ਇੰਨਾਂ ਮਹੱਤਵਪੂਰਨ ਸਥਾਨ ਸੀ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਆਪ ਨੇ ਸਿੱਖਾਂ ਦੇ ਹੱਕਾਂ ਬਾਰੇ ਵੀ ਆਵਾਜ਼ ਉਠਾਈ ਤੇ ਯਤਨ ਸ਼ੁਰੂ ਕੀਤੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚੇ ਵਿਚ ਵੀ ਆਪ ਜੀ ਦਾ ਵੱਡਮੁੱਲਾ ਯੋਗਦਾਨ ਸੀ। ਮਾਸਟਰ ਤਾਰਾ ਸਿੰਘ ਜਿਥੇ ਚੰਗੇ ਬੁਲਾਰੇ ਸਨ ਉਥੇ ਹੀ ਚੰਗੇ ਲੇਖਕ ਵੀ ਸਨ। ਆਪ ਨੇ ਕਈ ਟਰੈਕਟ ਲਿਖੇ, ਦੋ ਨਾਵਲ 'ਪ੍ਰੇਮ ਲਗਨ' ਤੇ 'ਬਾਬਾ ਤੇਜਾ ਸਿੰਘ', ਇਕ ਸਫਰਨਾਮਾ ਤੇ ਸਵੈ-ਜੀਵਨੀ ਵੀ ਲਿਖੀ। ਆਪ ਨੇ ਪੱਤਰਕਾਰੀ ਦੇ ਖੇਤਰ ਵਿਚ ਵੀ ਯੋਗਦਾਨ ਪਾਇਆ। ਇਸ ਪੱਖੋਂ ਉਨ੍ਹਾਂ ਦੁਆਰਾ ਸ਼ੁਰੂ ਕੀਤਾ 'ਸੰਤ ਸਿਪਾਹੀ' ਮਾਸਕ ਰਸਾਲਾ ਅੱਜ ਤੱਕ ਚਲ ਰਿਹਾ ਹੈ। ਮਾਸਟਰ ਜੀ ਤੋਂ ਬਾਅਦ ਇਹ ਰਸਾਲਾ ਉਨ੍ਹਾਂ ਦੀ ਬੇਟੀ ਬੀਬੀ ਰਜਿੰਦਰ ਕੌਰ ਤੇ ਫਿਰ ਉਨ੍ਹਾਂ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਨੇ ਕੁਝ ਦੇਰ ਚਲਾਇਆ। ਹੁਣ ਇਹ ਰਸਾਲਾ ਸ੍ਰ. ਗੁਰਚਰਨਜੀਤ ਸਿੰਘ ਲਾਂਬਾ ਜਲੰਧਰ ਤੋਂ ਬੜੇ ਸੇਵਾ ਭਾਵ ਨਾਲ ਚਲਾ ਰਹੇ ਹਨ। ਮਾਸਟਰ ਜੀ 1967 ਨੂੰ 82 ਸਾਲ ਦੀ ਉਮਰ ਵਿਚ ਗੁਜ਼ਰ ਗਏ ਸਨ। ਮਾਸਟਰ ਜੀ ਦੀਆਂ ਸਿੱਖ ਧਰਮ ਦੇ ਪ੍ਰਚਾਰ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖ ਕੇ ਆਪ ਜੀ ਦਾ ਇਕ ਬੁੱਤ ਦਿੱਲੀ ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਨੇੜੇ ਲਗਾਇਆ ਗਿਆ ਹੈ।
ਸੰਤ ਫਤਹਿ ਸਿੰਘ
ਸੰਤ ਫਤਹਿ ਸਿੰਘ ਮਾਸਟਰ ਤਾਰਾ ਸਿੰਘ ਦੇ ਸਮਕਾਲੀ ਨੇਤਾ ਸਨ। ਆਪ ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਸੁਰਖੀਆਂ ਵਿਚ ਆਏ। ਇਸ ਅੰਦੋਲਨ ਦੌਰਾਨ ਆਪ ਨੇ ਮਰਨ ਵਰਤ ਵੀ ਰੱਖਿਆ ਤੇ ਸਾਰੀਆਂ ਮਹੱਤਵਪੂਰਨ ਬੈਠਕਾਂ ਵਿਚ ਹਿੱਸਾ ਵੀ ਲਿਆ। ਸ਼ੁਰੂ-ਸ਼ੁਰੂ ਵਿਚ ਆਪ ਜੀ ਮਾਸਟਰ ਜੀ ਦੇ ਅਕਾਲੀ ਦਲ ਦੇ ਮੈਂਬਰ ਸਨ ਪਰ ਬਾਅਦ ਵਿਚ ਆਪਸੀ ਮਤ ਵਿਰੋਧ ਹੋ ਗਿਆ ਤਾਂ ਆਪ ਨੇ ਆਪਣਾ ਅਲੱਗ ਅਕਾਲੀ ਦਲ ਬਣਾ ਲਿਆ। ਜਨਵਰੀ 1965 ਦੀਆਂ ਚੋਣਾਂ ਵਿਚ ਆਪ ਨੇ ਮਾਸਟਰ ਤਾਰਾ ਸਿੰਘ ਦੇ ਅਕਾਲੀ ਦਲ ਨੂੰ ਹਰਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਦਲ ਦੇ ਅਧੀਨ ਕਰ ਲਿਆ। ਜਦੋਂ ਪੰਜਾਬੀ ਸੂਬਾ ਬਣਿਆ ਤਾਂ ਆਪ ਸਭ ਤੋਂ ਮਹੱਤਵਪੂਰਨ ਨੇਤਾ ਸਨ। ਪੰਜਾਬੀ ਸੂਬੇ ਵਿਚ ਚੰਡੀਗੜ੍ਹ ਅਤੇ ਕੁਝ ਪੰਜਾਬੀ ਬੋਲਦੇ ਇਲਾਕੇ ਨਾ ਸ਼ਾਮਿਲ ਕਰਨ ਕਰਕੇ ਆਪ ਨੇ 17 ਦਸੰਬਰ 1966 ਨੂੰ ਫਿਰ ਮਰਨ ਵਰਤ ਰੱਖਿਆ। ਜਦੋਂ ਸ. ਹੁਕਮ ਸਿੰਘ, ਸਪੀਕਰ ਲੋਕ ਸਭਾ ਅਤੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਮੁੱਖ ਮੰਤਰੀ ਪੰਜਾਬ ਨੇ ਮੰਗਾਂ ਮੰਨਣ ਲਈ ਪ੍ਰਧਾਨ ਮੰਤਰੀ ਵਲੋਂ ਵਿਸ਼ਵਾਸ ਦਿਵਾਇਆ ਤਾਂ 27 ਦਸੰਬਰ 1966 ਨੂੰ ਆਪ ਨੇ ਵਰਤ ਤੋੜ ਦਿੱਤਾ। ਜਦੋਂ ਇਹ ਮੰਗ ਪੂਰੀ ਨਾ ਹੋਈ ਤਾਂ ਆਪ ਨੇ 26 ਜਨਵਰੀ 1970 ਨੂੰ ਇਕ ਵਾਰ ਫਿਰ ਵਰਤ ਰੱਖਿਆ ਜੋ ਕਿ ਭਾਰਤ ਸਰਕਾਰ ਨੇ ਪੰਜਾਬ ਨੂੰ ਚੰਡੀਗੜ੍ਹ ਦੇਣ ਦੀ ਮੰਗ ਮੰਨਣ 'ਤੇ 30 ਜਨਵਰੀ 1970 ਨੂੰ ਖੋਲ੍ਹ ਦਿੱਤਾ ਗਿਆ। ਸੰਤ ਜੀ ਇਕ ਕਵੀ ਵੀ ਸਨ ਤੇ ਉਨ੍ਹਾਂ ਦੇ ਕੁਝ ਕਾਵਿ ਸੰਗ੍ਰਹਿ ਜਿਵੇਂ ਕਿ 'ਨਿਰਾਲਾ ਪੰਥ', 'ਸੇਵਾ ਨੂੰ ਮੇਵਾ' ਆਦਿ ਸਿੱਖ ਧਰਮ ਦੇ ਪ੍ਰਚਾਰ ਨੂੰ ਸਮਰਪਿਤ ਹਨ। ਆਪ ਜੀ 30 ਅਕਤੂਬਰ 1972 ਨੂੰ 61 ਸਾਲ ਦੀ ਉਮਰ ਵਿਚ ਅੰਮ੍ਰਿਤਸਰ ਵਿਖੇ ਅਕਾਲ ਚਲਾਣਾ ਕਰ ਗਏ ਸਨ।
ਹਰਚੰਦ ਸਿੰਘ ਲੌਂਗੋਵਾਲ
ਸ੍ਰ. ਹਰਚੰਦ ਸਿੰਘ ਲੌਂਗੋਵਾਲ ਜਿਨਾਂ ਨੂੰ ਸੰਤ ਲੌਂਗੋਵਾਲ ਕਰਕੇ ਜਾਣਿਆਂ ਜਾਂਦਾ ਹੈ, ਪ੍ਰਮੁੱਖ ਅਕਾਲੀ ਨੇਤਾ ਸਨ ਜੋ 1980 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣੇ। ਜਦ ਪੰਜਾਬ ਵਿਚ ਖਾੜਕੂ ਲਹਿਰ ਜ਼ੋਰਾਂ 'ਤੇ ਸੀ ਤਦ ਆਪ ਸਿੱਖ ਦੀਆਂ ਸਮੱਸਿਅਵਾਂ ਦੇ ਹਲ ਲਈ ਯਤਨਸ਼ੀਲ ਰਹੇ। 1984 ਵਿਚ ਆਪ ਨੂੰ ਜ਼ੇਲ੍ਹ ਵਿਚ ਵੀ ਜਾਣਾ ਪਿਆ। ਪਰ ਜਦ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਦੀ ਸਰਕਾਰ ਹੋਂਦ ਵਿਚ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ-ਬਾਤ ਕਰਨ ਦੇ ਯਤਨ ਕੀਤੇ ਗਏ। 2 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ। ਜੋ ਕਿ ਕੇਂਦਰ ਸਰਕਾਰ ਨਾਲ ਲਿਖਤ ਰੂਪ ਵਿਚ ਪਹਿਲਾ ਸਮਝੌਤਾ ਸੀ। ਇਸ ਵਿਚ ਬਹੁਤ ਸਾਰੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਹੋਇਆ ਜਿਨ੍ਹਾਂ ਵਿਚ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਸਲਾ ਵੀ ਸੀ, ਦਰਿਆਈ ਪਾਣੀਆਂ ਦੇ ਪਾਣੀ ਦਾ ਮਸਲਾ, ਆਲ ਇੰਡੀਆਂ ਗੁਰਦੁਆਰਾ ਬਿੱਲ ਬਣਾਉਣ ਬਾਰੇ ਵੀ ਫੈਸਲਾ ਸੀ ਤੇ ਇਸ ਤਰ੍ਹਾਂ ਦੇ ਕਈ ਮੁੱਦੇ ਇਸ ਰਾਹੀਂ ਹਲ ਕਰਨ ਦਾ ਫੈਸਲਾ ਹੋਇਆ ਸੀ। ਪਰ ਅਫਸੋਸ ਕਿ 20 ਅਗਸਤ 1985 ਨੂੰ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਸੰਤ ਲੌਂਗੋਵਾਲ ਦੀ ਹੱਤਿਆ ਕਰ ਦਿੱਤੀ ਅਤੇ ਇਹ ਸਮਝੌਤਾ ਇਤਿਹਾਸ ਦੇ ਪੰਨਿਆਂ 'ਤੇ ਬਗੈਰ ਅਮਲ ਵਿਚ ਲਿਆਏ ਸਿਮਟ ਕੇ ਰਹਿ ਗਿਆ।
ਪ੍ਰਤਾਪ ਸਿੰਘ ਕੈਰੌਂ
ਸ੍ਰ. ਪ੍ਰਤਾਪ ਸਿੰਘ ਕੈਰੌਂ 1901 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਕੈਂਰੋਂ ਪਿੰਡ ਵਿਚ ਪੈਦਾ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜੇ ਸਨ। ਆਪ ਨੇ ਆਪਣੀ ਵਿਦਿਆ ਕੈਲੀਫੋਰਨੀਆ ਅਮਰੀਕਾ ਵਿਚ ਲਈ ਸੀ ਪਰ ਭਾਰਤ ਆਉਣ ਤੋਂ ਬਾਅਦ ਆਪ ਦੇਸ਼ ਦੀ ਆਜ਼ਾਦੀ ਲਈ ਕਾਂਗਰਸ ਨਾਲ ਮਿਲ ਕੇ ਸਰਗਰਮ ਹੋ ਗਏ ਸਨ। ਆਪ 1942 ਵਿਚ ਭਾਰਤ ਛੱਡੋ ਅੰਦੋਲਨ ਦੌਰਾਨ ਜ਼ੇਲ੍ਹ ਵੀ ਗਏ ਤੇ 1946 ਵਿਚ ਕੋਸਟੀਚਿਉਐਂਟ ਅਸੈਂਬਲੀ ਲਈ ਵੀ ਚੁਣੇ ਗਏ। ਜਿਸ ਵੇਲੇ ਪੰਜਾਬੀ ਸੂਬੇ ਦਾ ਮੋਰਚਾ ਚੱਲ ਰਿਹਾ ਸੀ ਆਪ ਉਸ ਵੇਲੇ ਪੰਜਾਬ ਦੇ ਮੁੱਖ-ਮੰਤਰੀ ਸਨ। ਆਪ ਨਹੀਂ ਚਾਹੁੰਦੇ ਸਨ ਕਿ ਪੰਜਾਬੀ ਸੂਬੇ ਦੇ ਨਾਂ 'ਤੇ ਪੰਜਾਬ ਨੂੰ ਇਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਜਾਵੇ। ਉਹ ਪੰਜਾਬ ਨੂੰ ਵਿਸ਼ਾਲ ਤੇ ਮਜ਼ਬੂਤ ਦੇਖਣਾ ਚਾਹੁੰਦੇ ਸਨ। ਉਨ੍ਹਾਂ ਦੇ ਸਮੇਂ ਵਿਚ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਲੋਕਾਂ ਨੂੰ ਵਸਾਉਣ ਦਾ ਕੰਮ, ਪੰਜਾਬ ਵਿਚ ਚੱਕਬੰਦੀ ਦਾ ਕੰਮ ਤੇ ਪਿੰਡਾਂ ਦੇ ਵਿਕਾਸ ਦਾ ਕੰਮ ਪੂਰੇ ਜ਼ੋਰਾਂ ਨਾਲ ਹੋਇਆ। ਪਰ ਕੁਝ ਵਿਵਾਦਾਂ ਕਰਕੇ ਆਪ ਜੀ ਨੇ ਮੁੱਖ ਮੰਤਰੀ ਦਾ ਪਦ ਛੱਡ ਦਿੱਤਾ। 6 ਫਰਵਰੀ 1965 ਨੂੰ ਜਦੋਂ ਆਪ ਦਿੱਲੀ ਤੋਂ ਪੰਜਾਬ ਜਾ ਰਹੇ ਸਨ ਤਾਂ ਜੀ.ਟੀ. ਰੋਡ 'ਤੇ ਰਸੋਈ ਪਿੰਡ ਦੇ ਨੇੜੇ ਉਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਗਿਆਨੀ ਜ਼ੈਲ ਸਿੰਘ
ਗਿਆਨੀ ਜ਼ੈਲ ਸਿੰਘ ਸਿੱਖਾਂ ਵਿਚੋਂ ਇਕੋ-ਇਕ ਸ਼ਖਸੀਅਤ ਹਨ ਜੋ ਪੰਜਾਬ ਰਾਜਨੀਤੀ ਵਿਚ ਮੁੱਖ ਮੰਤਰੀ ਦੀ ਪਦਵੀ 'ਤੇ ਪਹੁੰਚਣ ਤੋਂ ਬਾਅਦ ਭਾਰਤ ਸਰਕਾਰ ਵਿਚ ਗ੍ਰਹਿ ਮੰਤਰੀ ਬਣ ਕੇ ਉਭਰੇ ਤੇ ਫਿਰ 1982 ਵਿਚ ਭਾਰਤ ਦੇ ਰਾਸ਼ਟਰਪਤੀ ਬਣੇ। ਗਿਆਨੀ ਜ਼ੈਲ ਸਿੰਘ ਇਕ ਬਹੁਤ ਹੀ ਛੋਟੇ ਪਰਿਵਾਰ ਤੋਂ ਸਨ ਪਰ ਸ਼ੁਰੂ ਤੋਂ ਹੀ ਆਪਣੀ ਧਾਰਮਿਕ ਬਿਰਤੀ ਕਰਕੇ ਆਪ ਨੇ ਆਪਣਾ ਜੀਵਨ ਸਿੱਖ ਧਰਮ ਦੇ ਪ੍ਰਚਾਰਕ ਦੇ ਤੌਰ 'ਤੇ ਸ਼ੁਰੂ ਕੀਤਾ। ਜਦੋਂ 1972 ਵਿਚ ਆਪ ਮੁੱਖ ਮੰਤਰੀ ਪੰਜਾਬ ਬਣੇ ਉਸ ਸਮੇਂ ਦੌਰਾਨ ਆਪ ਦੀਆਂ ਮੁੱਖ ਪ੍ਰਾਪਤੀਆਂ ਵਿਚ ਅਨੰਦਪੁਰ ਸਾਹਿਬ ਤੋਂ ਲੈ ਕੇ ਸਾਬੋ ਤਲਵੰਡੀ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣਾ ਰਿਹਾ। ਉਹਨਾਂ ਦਾ ਰਾਸ਼ਟਰਪਤੀ ਬਣਨਾ ਭਾਵੇਂ ਸਿੱਖਾਂ ਲਈ ਗੌਰਵ ਦੀ ਗੱਲ ਸੀ ਪਰ ਇਹ ਉਨ੍ਹਾਂ ਦੀ ਬਦਨਸੀਬੀ ਸੀ ਕਿ ਉਹਨਾਂ ਦੇ ਕਾਰਜ-ਕਾਲ ਵਿਚ ਨੀਲਾ ਤਾਰਾ ਸਾਕਾ ਵਾਪਰਿਆ। ਗਿਆਨੀ ਜੀ ਦਿਲੋਂ ਧਰਮ ਨਾਲ ਪਿਆਰ ਕਰਦੇ ਸਨ ਅਤੇ ਆਪਣੇ ਰਾਸ਼ਟਰਪਤੀ ਦੇ ਕਾਰਜ-ਕਾਲ ਰਾਸ਼ਟਰਪਤੀ ਭਵਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਸੀ ਅਤੇ ਕਈ ਵਾਰ ਕੀਰਤਨ ਦਰਬਾਰ ਕਰਵਾਏ, ਪਰ ਹਾਲਾਤ ਕੁਝ ਐਸੇ ਹੋ ਗਏ ਕਿ ਉਹ ਪੰਜਾਬ ਦੀਆਂ ਮੰਦ-ਭਾਗੀ ਘਟਨਾਵਾਂ ਨੂੰ ਨਾ ਰੋਕ ਸਕੇ। 1984 ਦੇ ਦੰਗਿਆਂ ਵੇਲੇ ਦੰਗਾ ਕਰਨ ਵਾਲਿਆਂ ਨੇ ਰਾਸ਼ਟਰਪਤੀ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਸਾਰੀਆਂ ਘਟਨਾਵਾਂ ਦਾ ਉਨ੍ਹਾਂ ਦੇ ਮਨ 'ਤੇ ਬੜਾ ਗਹਿਰਾ ਅਸਰ ਹੋਇਆ। ਭਾਵੇਂ ਗਾਂਧੀ ਪਰਿਵਾਰ ਨਾਲ ਆਪਣੇ ਚੰਗੇ ਸੰਬੰਧਾਂ ਕਰਕੇ ਉਨ੍ਹਾਂ ਨੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਪਰ ਰਾਜੀਵ ਗਾਂਧੀ ਨਾਲ ਉਨ੍ਹਾਂ ਦੇ ਸੰਬੰਧ ਸੁਖਾਵੇਂ ਨਹੀਂ ਰਹੇ। ਰਾਸ਼ਟਰਪਤੀ ਦੇ ਕਾਰਜ-ਕਾਲ ਤੋਂ ਬਾਅਦ ਆਪ ਜੀ ਦਿੱਲੀ ਹੀ ਰਹੇ ਤੇ 29 ਨਵੰਬਰ 1994 ਨੂੰ ਜਦ ਆਪ ਅਨੰਦਪੁਰ ਸਾਹਿਬ ਦਰਸ਼ਨਾਂ ਲਈ ਜਾ ਰਹੇ ਸਨ ਕਾਰ ਹਾਦਸੇ ਵਿਚ ਜ਼ਖਮੀ ਹੋ ਗਏ। 25 ਦਸੰਬਰ 1994 ਨੂੰ ਜਦ ਪੀ.ਜੀ.ਆਈ. ਚੰਡੀਗੜ੍ਹ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ ਤਾਂ ਆਪ ਜੀ ਅਕਾਲ ਚਲਾਣਾ ਕਰ ਗਏ।
ਸ੍ਰ. ਇੰਦਰਜੀਤ ਸਿੰਘ
ਸ੍ਰ. ਇੰਦਰਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੇ ਲੰਬੇ ਸਮੇਂ ਤਕ ਚੇਅਰਮੈਨ ਰਹਿਣ ਵਾਲੇ ਉਹ ਗੁਰਸਿੱਖ ਸਨ ਜਿਨ੍ਹਾਂ ਨੇ ਆਪਣੇ ਢੰਗ ਨਾਲ ਸਿੱਖ ਧਰਮ ਦੀ ਵਡਮੁੱਲੀ ਸੇਵਾ ਕੀਤੀ। ਜਿਥੇ ਆਪ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਉਚਾਈਆਂ ਤੱਕ ਪਹੁੰਚਾ ਕੇ ਨੰਬਰ ਇਕ ਬੈਂਕ ਵਿਚ ਖੜਾ ਕਰ ਦਿੱਤਾ, ਉਥੇ ਹੀ ਆਪ ਨੈ ਬੈਂਕ ਵਿਚ ਸਿੱਖਾਂ ਨੂੰ ਵੱਡੇ ਪੈਮਾਨੇ 'ਤੇ ਨੌਕਰੀਆਂ ਦੇ ਕੇ ਉਨ੍ਹਾਂ ਨੂੰ ਬੈਂਕਿੰਗ ਦੇ ਖੇਤਰ ਵਿਚ ਉਚੇ ਰੁਤਬਿਆਂ 'ਤੇ ਜਾਣ ਦਾ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਦੀ ਇਸ ਨੀਤੀ ਦਾ ਹੀ ਨਤੀਜਾ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੇ ਵੱਡੇ ਬੈਂਕਾਂ ਦੇ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਦੇ ਹੀ ਲੋਕ ਸਨ। ਜਿਵੇਂ ਕਿ ਪੰਜਾਬ ਨੈਸ਼ਨਲ ਬੈਂਕ, ਅਲਾਹਾਬਾਦ ਬੈਂਕ, ਸੈਂਟਰਲ ਬੈਂਕ, ਓਰਿਐਂਟਲ ਬੈਂਕ ਔਫ ਕਾਮਰਸ ਆਦਿ ਦੇ। ਸ੍ਰ. ਇੰਦਰਜੀਤ ਸਿੰਘ, ਜਿਥੇ ਬੰਬਈ ਵਿਚ ਹੋਣ ਵਾਲੀ ਸਿੱਖ ਐਜੂਕੇਸ਼ਨਲ ਕਾਨਫਰੈਂਸ (1972) ਵਿਚ ਮੁੱਖ ਮਹਿਮਾਨ ਸਨ ਉਥੇ ਹੀ ਕਈ ਸਿੱਖ ਸੰਸਥਾਵਾਂ ਦੇ ਹੀ ਪ੍ਰੇਰਣਾ ਸਰੋਤ ਸਨ। ਆਪ ਨੇ ਪੰਜਾਬ ਐਂਡ ਸਿੰਧ ਬੈਂਕ ਵਿਚ ਹੁੰਦੇ ਹੋਏ ਸਿੱਖ ਧਰਮ ਦੀ ਜਾਣਕਾਰੀ ਬਾਰੇ ਕਈ ਡਾਇਰੀਆਂ ਤੇ ਕੈਲੰਡਰ ਐਸੇ ਬਣਵਾਏ ਕਿ ਅੱਜ ਵੀ ਖਾਸ ਮੌਕਿਆਂ 'ਤੇ ਬੈਂਕ ਵੱਲੋਂ ਉਨ੍ਹਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਆਪ ਦਾ ਹੀ ਪ੍ਰਭਾਵ ਸੀ ਕਿ ਇਸ ਬੈਂਕ ਨੇ ਰਾਗੀ ਜੱਥੇ ਵੀ ਦਿੱਤੇ। ਆਪਣੇ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਆਪ ਨੇ ਇਕ ਹੋਰ ਪ੍ਰਾਈਵੇਟ ਬੈਂਕ, ਬੈਂਕ ਆਫ ਪੰਜਾਬ ਸਥਾਪਿਤ ਕਰ ਦਿੱਤਾ ਸੀ। ਆਪ ਦੀ ਸ਼ਖਸੀਅਤ ਤੋਂ ਬਹੁਤ ਸਿੱਖ ਪ੍ਰਭਾਵਿਤ ਸਨ ਜਿਨ੍ਹਾਂ ਵਿਚ ਸ੍ਰ. ਜਸਪਾਲ ਸਿੰਘ ਬਿੰਦਰਾ ਜੋ ਸਟੈਂਡਰਡ ਚਾਰਟਰਡ ਬੈਂਕ ਦੀ ਬਹੁਤ ਹੀ ਉੱਚੀ ਇੰਟਰਨੈਸ਼ਨਲ ਪੋਸਟ 'ਤੇ ਤੈਨਾਤ ਹਨ ਵੀ ਸ਼ਾਮਿਲ ਸਨ।
ਸ੍ਰ. ਪ੍ਰਕਾਸ਼ ਸਿੰਘ ਬਾਦਲ
ਸ੍ਰ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਦੀ ਉਹ ਸ਼ਖਸੀਅਤ ਹਨ ਜੇ ਲੰਬਾ ਸਮਾਂ ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਸਤਿਕਾਰਤ ਹਸਤੀ ਵੱਜੋਂ ਉਭਰੇ ਹੋਏ ਹਨ। ਆਪ ਪੰਜਾਬ ਦੇ ਮੁੱਖ ਮੰਤਰੀ ਬਣੇ। ਜਦ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਮਤ ਪ੍ਰਾਪਤ ਹੋਇਆ ਤਦ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਆਪ ਨੇ ਸਰਕਾਰ ਬਣਾਈ ਤੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ 5 ਸਾਲ ਹਕੂਮਤ ਚਲਾਉਣ ਵਿਚ ਕਾਮਯਾਬੀ ਹੋਈ। ਬਾਦਲ ਸਾਹਿਬ 2007 ਵਿਚ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਫਿਰ ਸਰਕਾਰ ਬਣਾਉਣ ਵਿਚ ਕਾਮਯਾਬ ਹੋ ਗਏ ਅਤੇ ਮੁੜ ਪੰਜਾਬ ਦੇ ਮੁੱਖ ਮੰਤਰੀ ਬਣੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਪੁੱਤਰ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾ ਦਿੱਤਾ ਹੈ।
ਅਕਾਲੀ ਦਲ ਦੀ ਸਭ ਤੋਂ ਵੱਡੀ ਸਮੱਸਿਆ ਰਹੀ ਹੈ ਆਪਸੀ ਤਕਰਾਰ। ਪੰਜਾਬ ਸੂਬਾ ਬਣਨ ਤੋਂ ਪਹਿਲਾਂ ਜਿਥੇ ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਦੇ ਧੜਿਆਂ ਵਿਚ ਤਕਰਾਰ ਰਹਿੰਦੀ ਸੀ, ਉਥੇ ਪੰਜਾਬੀ ਸੂਬਾ ਬਣਨ ਤੋਂ ਬਾਅਦ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੇ ਸ੍ਰ. ਗੁਰਚਰਨ ਸਿੰਘ ਟੌਹੜਾ ਵਿਚ ਮੁੱਖ ਤਕਰਾਰ ਰਹੀ ਹੈ। ਭਾਵੇਂ 1967 ਦੀਆਂ ਚੋਣਾਂ ਤੋਂ ਬਾਅਦ ਅਕਾਲੀਆਂ ਨੇ ਹੋਰਨਾਂ ਪਾਰਟੀਆਂ ਨਾਲ ਮਿਲ ਕੇ ਦੋ ਵਾਰ ਹਕੂਮਤ ਬਣਾਈ ਪਰ ਉਹ ਹਕੂਮਤ ਬਹੁਤ ਥੋੜ੍ਹੀ ਦੇਰ ਹੀ ਚੱਲ ਸਕੀ। ਜਦ 25 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਤਦ ਅਕਾਲੀਆਂ ਨੂੰ ਚੰਗਾ ਬਹੁਮਤ ਪ੍ਰਾਪਤ ਹੋ ਗਿਆ ਤਾਂ ਸ੍ਰ. ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਤਾਂ ਸਹੀ ਪਰ ਅਕਾਲੀ ਦਲ ਦੇ ਅੰਦਰ ਝਗੜਿਆਂ ਕਰਕੇ ਉਹ ਸਰਕਾਰ ਵੀ ਜਲਦੀ ਹੀ ਟੁੱਟ ਗਈ। ਬਾਦਲ ਸਾਹਿਬ ਬੜੀ ਅੱਛੀ ਰਾਜਨੀਤਿਕ ਸੂਝ-ਬੂਝ ਰੱਖਦੇ ਹਨ ਪਰ ਫਿਰ ਵੀ ਦੂਸਰੇ ਅਕਾਲੀ ਦਲਾਂ ਨਾਲ ਤਕਰਾਰ ਨੂੰ ਕਦੀ ਖਤਮ ਨਹੀਂ ਕਰ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗਤੀਵਿਧੀਆਂ ਵਿਚ ਵੀ ਆਪ ਨੇ ਆਪਣਾ ਦਬਦਬਾ ਬਣਾਈ ਰੱਖਿਆ ਹੈ। ਜਿਸ ਕਰਕੇ ਹੀ ਸ਼ਾਇਦ ਟੌਹੜਾ ਗਰੁੱਪ ਨਾਲ ਤਕਰਾਰ ਵਧਿਆ। ਅਕਾਲੀ ਦਲਾਂ ਵਿਚ ਹਮੇਸ਼ਾਂ ਰਹਿੰਦੇ ਇਸ ਤਕਰਾਰ ਕਾਰਨ ਹੀ ਸਿੱਖ ਧਰਮ ਦੇ ਪ੍ਰਚਾਰ ਨੂੰ ਨੁਕਸਾਨ ਪੁੱਜਾ ਹੈ। ਕਿਉਂਕਿ ਅਕਾਲੀ ਸਿੱਖਾਂ ਦੇ ਰਾਜਨੀਤਿਕ ਤੇ ਧਾਰਮਿਕ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ ਸਰਗਰਮ ਰਹੇ ਹਨ, ਜ਼ਰੂਰਤ ਹੈ ਇਸ ਗੱਲ ਦੀ ਕਿ ਉਹ ਆਪਸ ਵਿਚ ਮੇਲ-ਜੋਲ ਵਧਾ ਕੇ, ਇਕੱਠੇ ਰਹਿ ਕੇ ਸਿੱਖ ਕੌਮ ਦਾ ਦਿਸ਼ਾ ਨਿਰਦੇਸ਼ ਕਰਨ। ਇਸ ਵਿਚ ਹੀ ਸਿੱਖਾਂ ਦਾ ਹਿੱਤ ਹੈ ਤੇ ਪੰਜਾਬ ਦੇ ਸੂਬੇ ਦਾ ਵੀ।
ਗੁਰਚਰਨ ਸਿੰਘ ਟੌਹੜਾ
ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਪ੍ਰਮੱਖ ਧਾਰਮਿਕ ਸੰਸਥਾ ਹੈ 1920 ਵਿਚ ਹੋਂਦ ਵਿਚ ਆਈ। ਤਦ ਇਸ ਦੀ ਉਦਘਾਟਨੀ ਮੀਟਿੰਗ ਵਿਚ 12 ਦਸੰਬਰ 1920 ਨੂੰ ਅਕਾਲ ਤਖ਼ਤ ਵਿਖੇ ਸ੍ਰ. ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ ਬਣਾਇਆ ਗਿਆ। 30 ਅਪ੍ਰੈਲ 1921 ਵਿਚ ਜਦ ਕਮੇਟੀ ਰਜਿਸਟਰਡ ਕਰਵਾਈ ਗਈ ਤਾਂ ਬਾਬਾ ਖੜਕ ਸਿੰਘ ਇਸ ਦੇ ਪ੍ਰਧਾਨ ਬਣੇ। ਤਦ ਤੋਂ ਲੈ ਕੇ ਅੱਜ ਤੱਕ ਇਸ ਕਮੇਟੀ ਦੇ ਕਈ ਪ੍ਰਧਾਨ ਰਹੇ ਪਰ ਸ੍ਰ. ਗੁਰਚਰਨ ਸਿੰਘ ਟੌਹੜਾ ਨੂੰ ਸਭ ਤੋਂ ਲੰਮਾ ਸਮਾਂ ਇਸ ਦਾ ਪ੍ਰਧਾਨ ਰਹਿਣ ਦਾ ਮਾਣ ਪ੍ਰਾਪਤ ਹੋਇਆ।
ਟੌਹੜਾ ਸਾਹਿਬ ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਸੰਤ ਫਤਹਿ ਸਿੰਘ ਜੀ ਦੇ ਧੜੇ ਵਿਚ ਸ਼ਾਮਿਲ ਹੋ ਗਏ ਸਨ ਅਤੇ ਉਸ ਤੋਂ ਬਾਅਦ ਹਮੇਸ਼ਾਂ ਹੀ ਪੰਜਾਬ ਰਾਜਨੀਤੀ ਵਿਚ ਸਰਗਰਮ ਰਹੇ। ਜਿਥੇ ਆਪ ਨੂੰ ਰਾਜ ਸਭਾ ਦਾ ਮੈਂਬਰ ਬਣਨ ਦਾ ਗੌਰਵ 6 ਵਾਰ ਪ੍ਰਾਪਤ ਹੋਇਆ ਉਥੇ ਆਪ ਚੋਣ ਲੜ ਕੇ ਇਕ ਵਾਰ ਲੋਕ ਸਭਾ ਦੇ ਮੈਂਬਰ ਵੀ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ 27 ਵਾਰ ਪ੍ਰਧਾਨ ਬਣਨ ਵਾਲੇ ਜੱਥੇਦਾਰ ਟੌਹੜਾ ਨੇ ਕਈ ਸਕੂਲ ਕਾਲਜ ਖੋਲ੍ਹਣ ਤੇ ਸਿੱਖ ਸ਼ਤਾਬਦੀਆਂ ਮਨਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਆਪ ਦੇ 1 ਅਪ੍ਰੈਲ 2004 ਨੂੰ ਦਿੱਲੀ ਵਿਚ ਅਕਾਲ ਚਲਾਣਾ ਕਰਨ ਹੋਣ ਤੋਂ ਬਾਅਦ 11 ਅਪ੍ਰੈਲ ਦੇ ਭੋਗ ਦੇ ਅਵਸਰ 'ਤੇ ਅਕਾਲ ਤਖ਼ਤ ਸਾਹਿਬ ਵਿਖੇ ਆਪ ਨੂੰ ਪੰਥ ਰਤਨ ਦੀ ਮਰਣ-ਉਪਰਾਂਤ ਉਪਾਧੀ ਨਾਲ ਸਨਮਾਨਿਆ ਗਿਆ।
ਯੋਗੀ ਹਰਭਜਨ ਸਿੰਘ
ਯੋਗੀ ਹਰਭਜਨ ਸਿੰਘ ਸਿੱਖ ਧਰਮ ਦੀ ਉਹ ਮਹਾਨ ਸ਼ਖਸੀਅਤ ਹੈ ਜਿਸ ਨੇ ਹਜ਼ਾਰਾਂ ਵਿਦੇਸ਼ੀਆਂ ਨੂੰ ਸਿੱਖ ਬਣਾਉਣ ਦਾ ਕਾਰਨਾਮਾ ਕਰ ਦਿਖਾਇਆ। ਯੋਗੀ ਜੀ ਦਿੱਲੀ ਤੇ ਅੰਮ੍ਰਿਤਸਰ ਵਿਖੇ ਭਾਰਤ ਸਰਕਾਰ ਦੇ ਰੈਵੇਨਿਉ ਵਿਭਾਗ ਵਿਚੋਂ ਅਸਤੀਫਾ ਦੇ ਕੇ ਅਮਰੀਕਾ ਗਏ ਸਨ ਤਾਂ ਕਿ ਉਥੇ ਜਾ ਕੇ ਲੋਕਾਂ ਨੂੰ ਯੋਗਾ ਸਿਖਾ ਸਕਣ। ਜਿਸ ਨਾਲ ਉਨ੍ਹਾਂ ਨੂੰ ਧਨ ਤੇ ਸ਼ੋਹਰਤ ਮਿਲਣ ਦੀ ਆਸ ਸੀ ਪਰ ਵਾਹਿਗੁਰੂ ਨੇ ਸ਼ਾਇਦ ਉਨ੍ਹਾਂ ਜ਼ੁੰਮੇ ਇਕ ਬਹੁਤ ਵੱਡੀ ਜ਼ਿੰਮੇਵਾਰੀ ਲਾਈ ਹੋਈ ਸੀ। ਯੋਗਾ ਸਿਖਾਉਂਦੇ ਹੋਏ ਯੋਗੀ ਹਰਭਜਨ ਸਿੰਘ ਨੇ ਗੁਰਬਾਣੀ ਦਾ ਗਿਆਨ ਦਿੱਤਾ ਤਾਂ ਕਿ ਉਹ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਤੇ ਅਨੁਸ਼ਾਸਨ ਲਿਆ ਸਕਣ। ਉਨ੍ਹਾਂ ਵਿਚੋਂ ਬਹੁਤ ਸਾਰੇ ਹਿੱਪੀ ਸਨ ਜੋ ਆਪਣੀ ਜ਼ਿੰਦਗੀ ਨੂੰ ਭੰਗ ਦੇ ਭਾੜੇ ਗੁਆ ਰਹੇ ਸਨ। ਯੋਗੀ ਜੀ ਨਾਲ ਮਿਲ ਕੇ ਤੇ ਉਨ੍ਹਾਂ ਤੋਂ ਸਹੀ ਜੀਵਨ ਜਾਂਚ ਸਿੱਖ ਕੇ ਉਹ ਤੰਦਰੁਸਤ ਤੇ ਸੰਤੁਸ਼ਟ ਜੀਵਨ ਜੀਉਣ ਲੱਗੇ। ਭਾਵੇਂ ਯੋਗੀ ਜੀ ਨੇ ਕਦੀ ਵੀ ਕਿਸੇ ਨੂੰ ਸਿੱਖ ਬਣਨ ਲਈ ਮਜ਼ਬੂਰ ਨਹੀਂ ਕੀਤਾ ਪਰ ਉਥੋਂ ਦੇ ਲੋਕ ਯੋਗੀ ਜੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸਰੂਪ ਅਪਨਾ ਲਿਆ। ਉਥੋਂ ਦੇ ਲੋਕਾਂ ਵੱਲੋਂ ਇਸ ਗੱਲ ਦਾ ਕੱਟੜ ਵਿਰੋਧ ਵੀ ਹੋਇਆ ਪਰ ਯੋਗੀ ਜੀ ਨੇ ਜਗ੍ਹਾ-ਜਗ੍ਹਾ ਘੁੰਮ ਕੇ ਲੋਕਾਂ ਨੂੰ ਇਸ ਜੀਵਨ ਜਾਂਚ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀਆਂ ਵਿਚ ਲੈਕਚਰ ਦੇ ਕੇ ਸਭਾਵਾਂ ਜਲਸਿਆਂ ਵਿਚ ਯੋਗਾ ਤੇ ਗੁਰਮਤਿ ਬਾਰੇ ਦੱਸ ਕੇ ਆਪ ਨੇ ਲੋਕਾਂ ਦੇ ਮਨਾਂ 'ਤੇ ਅਸਰ ਕੀਤਾ।
ਯੋਗੀ ਜੀ ਕਹਿੰਦੇ ਸਨ ਮਨ ਦੀ ਤਾਕਤ ਮਸ਼ੀਨਾਂ ਦੀ ਤਾਕਤ ਤੋਂ ਵੱਡੀ ਹੈ। ਇਸ ਤਾਕਤ ਦੀ ਬਦੌਲਤ ਹੀ ਉਨ੍ਹਾਂ ਨੇ ਨਾ ਸਿਰਫ ਅਮਰੀਕਨਾਂ ਨੂੰ, ਮੈਕਸੀਕਨ ਲੋਕਾਂ ਨੂੰ, ਸਪੇਨ, ਪੁਰਤਗਾਲ ਅਤੇ ਹੋਰ ਕਈ ਵਿਦੇਸ਼ੀਆਂ ਨੂੰ ਗੁਰਸਿੱਖੀ ਜੀਵਨ ਦੀ ਨਵੀਂ ਜਾਂਚ ਸਿਖਾ ਦਿੱਤੀ। ਜੋ ਅਮਰੀਕਨ ਪੀੜੀ ਸਿੱਖੀ ਨਾਲ ਜੁੜੀ ਉਨ੍ਹਾਂ ਦੇ ਬੱਚਿਆਂ ਦੀ ਸੰਭਾਲ ਲਈ ਯੋਗੀ ਜੀ ਨੇ ਅੰਮ੍ਰਿਤਸਰ ਵਿਖੇ ਇਕ ਮੀਰੀ ਪੀਰੀ ਅਕੈਡਮੀ ਬਣਵਾਈ। ਜਿਥੇ ਹੁਣ ਕਈ ਵਿਦੇਸ਼ੀ ਬੱਚੇ ਪੜ੍ਹਦੇ ਹਨ। ਉਹ ਬੱਚੇ ਸਿਰਫ ਚੰਗੀ ਵਿਦਿਆ ਹੀ ਪ੍ਰਾਪਤ ਨਹੀਂ ਕਰਦੇ ਬਲਕਿ ਸਿੱਖ ਧਰਮ ਬਾਰੇ ਵੀ ਜਾਣਦੇ ਹਨ ਤੇ ਉਸ ਨੂੰ ਜੀਉਂਦੇ ਹਨ। ਰੋਜ਼ ਤੜਕਸਾਰ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਲਿਜਾਇਆ ਜਾਂਦਾ ਹੈ, ਜਿਥੇ ਉਹ ਸੇਵਾ ਕਰਦੇ ਹਨ ਤੇ ਕਈ ਕੀਰਤਨ ਕਰਨਾ ਵੀ ਸਿੱਖ ਗਏ ਹਨ। ਐਸੇ ਬੱਚੇ ਜਦੋਂ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਹਨ ਤੇ ਅਮਰੀਕਾ ਵਾਪਸ ਜਾਂਦੇ ਹਨ ਤਾਂ ਯੋਗੀ ਜੀ ਨੇ ਵੱਡੀ ਪੱਧਰ 'ਤੇ ਕਈ ਬਿਜ਼ਨਸ ਸ਼ੁਰੂ ਕਰ ਕੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਧਰਮ ਦੇ ਪ੍ਰਚਾਰ ਦਾ ਸਹੀ ਢੰਗ ਯੋਗੀ ਜੀ ਨੇ ਅਪਨਾ ਕੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਆਪਣੇ ਦੇਸ਼ ਵਾਲਿਆਂ ਨੂੰ ਹੀ ਨਹੀਂ ਬਲਕਿ ਵਿਦੇਸ਼ੀਆਂ ਨੂੰ ਵੀ ਸਿੱਖ ਧਰਮ ਦੀ ਵੱਡਮੁੱਲੀ ਜਾਣਕਾਰੀ ਦੇ ਕੇ ਧਰਮ ਨਾਲ ਜੋੜ ਸਕਦੇ ਹਾਂ। ਅੱਜ ਜਦ ਯੋਗੀ ਜੀ ਸਾਡੇ ਵਿਚ ਨਹੀਂ ਹਨ ਤਾਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਇੰਦਰਜੀਤ ਕੌਰ ਖਾਲਸਾ ਪੂਰੀ ਸ਼ਰਧਾ ਤੇ ਲਗਨ ਨਾਲ ਉਨ੍ਹਾਂ ਦੇ ਕੰਮ ਨੂੰ ਅੱਗੇ ਵਧਾ ਰਹੇ ਹਨ। |
(3) Question:- |
ਸਿੱਖਾਂ ਦੇ ਆਜ਼ਾਦ ਭਾਰਤ ਵਿਚ ਰਾਜਨੀਤਿਕ, ਆਰਥਿਕ ਤੇ ਸਮਾਜਿਕ ਤਰੱਕੀ ਵਿਚ ਪਾਏ ਯੋਗਦਾਨ ਬਾਰੇ ਚਰਚਾ ਕਰੋ। |
Answer:- |
ਸ੍ਰ. ਸਵਰਨ ਸਿੰਘ
ਜਿੱਥੋਂ ਤੱਕ ਰਾਜਨੀਤੀ ਦਾ ਸਬੰਧ ਹੈ, ਪੰਜਾਬ ਦੀ ਰਾਜਨੀਤੀ ਵਿਚ ਸਿੱਖਾਂ ਦੀ ਭੂਮਿਕਾ ਪ੍ਰਮੱਖ ਰਹੀ ਹੈ ਇਸ ਭੂਮਿਕਾ ਦਾ ਜ਼ਿਕਰ ਅਲੱਗ ਸਵਾਲ ਵਿਚ ਕੀਤਾ ਗਿਆ ਹੈ। ਸਿੱਖ ਪੰਜਾਬ ਵਿਚ ਹੀ ਨਹੀਂ ਬਲਕਿ ਹਰਿਆਣਾ, ਯੂ.ਪੀ., ਰਾਜਸਥਾਨ ਤੇ ਹੋਰ ਸੂਬਿਆਂ ਵਿਚ ਵੀ ਮਿਨਿਸਟਰ ਤੱਕ ਰਹੇ ਹਨ। ਪਿੱਛੇ ਜਿਹੇ ਝਾਰਖੰਡ ਦੇ ਸਪੀਕਰ ਵੀ ਇਕ ਸਿੱਖ ਸਨ। 1942 ਵਿਚ ਜਦ ਅੰਗਰੇਜ਼ ਕਮਿਸ਼ਨਰ ਨਾਲ ਗੱਲਬਾਤ ਕਰਨ ਲਈ ਸਿੱਖਾਂ ਵਲੋਂ ਇਕ ਕਮੇਟੀ ਬਣਾਈ ਗਈ ਤਾਂ ਉਸ ਵਿਚ ਮਾਸਟਰ ਤਾਰਾ ਸਿੰਘ, ਸ੍ਰ. ਜੋਗਿੰਦਰ ਸਿੰਘ, ਸ੍ਰ. ਉੱਜਲ ਸਿੰਘ ਤੇ ਸ੍ਰ. ਬਲਦੇਵ ਸਿੰਘ ਨੂੰ ਰੱਖਿਆ ਗਿਆ। ਸ੍ਰ. ਬਲਦੇਵ ਸਿੰਘ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣਾਏ ਗਏ ਸਨ। ਕੇਂਦਰੀ ਮੰਤਰੀ ਦੀ ਗੱਲ ਜੇ ਕਰੀਏ ਤਾਂ ਸ਼ਾਇਦ ਹੀ ਕੋਈ ਹੋਰ ਵਿਅਕਤੀ ਏਨੇ ਵਿਭਾਗਾਂ ਦਾ ਮੰਤਰੀ ਰਿਹਾ ਹੈ ਜਿੰਨੇ ਸ੍ਰ. ਸਵਰਨ ਸਿੰਘ ਜੋ ਪੇਸ਼ੇ ਤੋਂ ਵਕੀਲ ਸਨ। ਸ੍ਰ. ਸਵਰਨ ਸਿੰਘ 1933 ਵਿਚ ਰਾਜ ਸਭਾ ਦੇ ਮੈਂਬਰ ਰਹੇ ਤੇ ਜ਼ਿਆਦਾਤਰ ਕੇਂਦਰੀ ਮੰਤਰੀ ਵੀ ਆਪ ਨੇ ਵਰਕਸ, ਹਾਊਸਿੰਗ, ਸਪਲਾਈ, ਸਟੀਲ, ਮਾਈਨਜ, ਫਿਊਲ, ਰੇਲਵੇ, ਖੁਰਾਕ, ਖੇਤੀਬਾੜੀ, ਇੰਡਸਟਰੀ, ਰੱਖਿਆ ਤੇ ਵਿਦੇਸ਼ ਮੰਤਰੀ ਦੇ ਪਦ ਸਮੇਂ-ਸਮੇਂ ਤੇ ਸੰਭਾਲੇ।
ਸ੍ਰ. ਹੁਕਮ ਸਿੰਘ
ਦੇਸ਼ ਦੇ ਪਹਿਲੇ ਲੋਕ ਸਭਾ ਸਪੀਕਰ ਵੀ ਇਕ ਸਿੱਖ ਸ੍ਰ. ਹੁਕਮ ਸਿੰਘ ਬਣੇ ਸਨ। ਬਾਅਦ ਵਿਚ ਸ੍ਰ. ਗੁਰਦਿਆਲ ਸਿੰਘ ਢਿਲੋਂ ਵੀ ਸਪੀਕਰ ਰਹੇ ਤੇ ਚੌਦਵੀਂ ਲੋਕ ਸਭਾ ਵਿਚ ਸ੍ਰ. ਚਰਨਜੀਤ ਸਿੰਘ ਅਟਵਾਲ ਲੋਕ ਸਭਾ ਦੇ ਡਿਪਟੀ ਸਪੀਕਰ ਸਨ। ਪਲੈਨਿੰਗ ਕਮਿਸ਼ਨ ਦੇ ਵਾਇਸ ਚੇਅਰਮੈਨ ਦਾ ਅਹੁਦਾ ਵੀ ਮਿਨਿਸਟਰ ਦੇ ਰੁਤਬੇ ਦਾ ਹੁੰਦਾ ਹੈ। ਸ੍ਰ. ਮਨਟੇਕ ਸਿੰਘ ਆਹਲੂਵਾਲੀਆ ਹਨ ਦੇਸ਼ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਹਨ। ਰਾਜਨੀਤੀ ਤੋਂ ਇਲਾਵਾ ਸਿੱਖ ਵੱਡੇ-ਵੱਡੇ ਪ੍ਰਸ਼ਾਸਨਕ ਅਹੁਦਿਆਂ 'ਤੇ ਵੀ ਰਹੇ ਜਿਵੇਂ ਕਿ ਸੈਕਰੇਟਰੀ, ਲੋਕ ਸਭਾ ਦੇ ਸੈਕਟਰੀ (ਸ੍ਰ. ਅਵਤਾਰ ਸਿੰਘ ਰੇਖੀ) ਇੰਸ਼ੋਰੈਂਸ ਕੰਪਨੀਆਂ, ਬੈਂਕਾਂ, ਸੈਂਟ੍ਰਲ ਐਕਸਾਈਜ ਐਂਡ ਕਸਟਮ ਤੇ ਇਨਕਮ ਟੈਕਸ ਵਿਭਾਗ ਦੇ ਚੇਅਰਮੈਨ, ਕਈ ਹਾਈ ਕੋਰਟਾਂ ਦੇ ਚੀਫ਼ ਜਸਟਿਸ ਤੇ ਸੁਪਰੀਮ ਕੋਰਟ ਦੇ ਜੱਜ, ਯੂ.ਪੀ., ਐਸ.ਸੀ. ਦੇ ਮੈਂਬਰ ਆਦਿ। ਰੇਲਵੇ ਬੋਰਡ ਦਾ ਚੇਅਰਮੈਨ ਦੇਸ਼ ਦੇ ਸਭ ਤੋਂ ਉੱਚੇ ਅਹੁਦਿਆਂ ਵਿਚੋਂ ਹੈ। ਸਿੱਖ ਤਿੰਨ ਵਾਰ ਇਸ ਪੋਸਟ 'ਤੇ ਰਹੇ ਹਨ ਤੇ ਸ੍ਰ. ਐਸ.ਐਸ. ਖੁਰਾਨਾ ਚੌਥੇ ਸਿੱਖ ਚੇਅਰਮੈਨ ਰਹੇ। ਭਾਰਤ ਦਾ ਯੂ.ਐਨ.ਓ. ਵਿਚ ਪ੍ਰਮੁੱਖ ਵੀ ਵਿਦੇਸ਼ ਸੇਵਾ ਦਾ ਇਕ ਸਿੱਖ ਅਫਸਰ ਸ੍ਰ. ਹਰਦੀਪ ਸਿੰਘ ਹੈ। ਆਈ.ਏ.ਐਸ., ਵਿਦੇਸ਼ ਸਰਵਿਸ, ਆਈ.ਪੀ.ਐਸ. ਤੇ ਹੋਰ ਸਭ ਉਸ ਪ੍ਰਸ਼ਾਸ਼ਨਕ ਸੇਵਾਵਾਂ ਵਿਚ ਬਹੁਤ ਵੱਡੇ-ਵੱਡੇ ਅਹੁਦਿਆਂ ਤੋਂ ਇਲਾਵਾ ਸਿੱਖ ਕਈ ਪਬਲਿਕ ਤੇ ਪ੍ਰਾਈਵੇਟ ਕੰਪਨੀਆਂ ਵਿਚ ਉੱਚੇ ਪਦਾਂ 'ਤੇ ਬਿਰਾਜਮਾਨ ਰਹੇ ਹਨ ਤੇ ਅੱਜ ਵੀ ਹਨ।
ਸ੍ਰ. ਰਾਮ ਸਿੰਘ ਖਾਲਸਾ ਕਾਲਜ ਦੇ ਨਿਰਮਾਤਾ
ਸਿੱਖਾਂ ਵਿਚ ਬਹੁਤ ਉਘੇ ਭਵਨ ਨਿਰਮਾਤਾ, ਕਲਾਕਾਰ, ਲੇਖਕ, ਇੰਜੀਨੀਅਰ ਤੇ ਡਾਕਟਰ ਵੀ ਪਹਿਲੀ ਕਤਾਰ ਵਿਚ ਰਹੇ ਹਨ। ਮਿਸਾਲ ਦੇ ਤੌਰ 'ਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਖੂਬਸੂਰਤ ਬਿਲਡਿੰਗ ਬਣਾਉਣ ਵਾਲੇ ਸ੍ਰ. ਰਾਮ ਸਿੰਘ ਨੂੰ ਇੰਗਲੈਂਡ ਦੇ ਸ਼ਾਹੀ ਪਰਿਵਾਰ ਲਈ ਕੰਮ ਕਰਨ ਵਾਸਤੇ ਵੀ ਬੁਲਾਇਆ ਗਿਆ ਸੀ ਤੇ ਰਾਣੀ ਉਸ ਦੇ ਕੰਮ ਤੋਂ ਐਨੀ ਪ੍ਰਭਾਵਿਤ ਹੋਈ ਕਿ ਉਸ ਨੂੰ ਐਮ.ਵੀ.ਓ. ਦੇ ਖਿਤਾਬ ਨਾਲ ਨਿਵਾਜਿਆ। ਉਨ੍ਹਾਂ ਨੂੰ ਸਰਦਾਰ ਬਹਾਦਰ ਦਾ ਖਿਤਾਬ ਵੀ ਮਿਲਿਆ। ਇਸ ਤਰ੍ਹਾਂ ਹੀ ਗੁਰਦੁਆਰਾ ਪੰਜਾ ਸਾਹਿਬ ਤੇ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਦੇ ਆਰਕੀਟੈਕਟ ਸ੍ਰ. ਬਲਵੰਤ ਸਿੰਘ ਭੱਟੀ ਵੀ ਆਪਣੇ ਕੰਮ ਦੇ ਮਾਹਿਰ ਸਨ।
ਸ੍ਰ. ਸੋਭਾ ਸਿੰਘ
ਸ੍ਰ. ਸੋਭਾ ਸਿੰਘ ਤੇ ਉਨ੍ਹਾਂ ਦੇ ਪਿਤਾ ਸੁਜਾਨ ਸਿੰਘ ਨੂੰ ਕੌਣ ਨਹੀਂ ਜਾਣਦਾ, ਉਨ੍ਹਾਂ ਨੇ ਦਿੱਲੀ ਦੀਆਂ ਕਈ ਖੂਬਸੂਰਤ ਬਿਲਡਿੰਗਾਂ ਬਣਾਈਆਂ ਜਿਵੇਂ ਕਿ ਸਾਊਥ ਬਲਾਕ, ਰਾਸ਼ਟਰਪਤੀ ਭਵਨ ਦਾ ਕੁਝ ਹਿੱਸਾ, ਵਿਜੇ ਚੌਂਕ, ਚੈਮਸਫੋਰਡ ਕਲੱਬ, ਬਰਾਡਕਾਸਟਿੰਗ ਹਾਊਸ (ਆਲ ਇੰਡੀਆ ਰੇਡੀਓ) ਦਿਆਲ ਸਿੰਘ ਕਾਲਜ, ਮਾਡਰਨ ਸਕੂਲ ਆਦਿ। ਰਾਮਗੜ੍ਹੀਏ ਸਿੱਖ ਕੋਈ ਬਿਲਡਿੰਗ ਜਾਂ ਮਸ਼ੀਨ ਬਣਾਉਣ ਵਾਲੇ ਦੁਨੀਆਂ ਦੇ ਸਰਵੋਤਮ ਵਿਚੋਂ ਹਨ। ਜੇ ਕਲਾ ਦੀ ਗੱਲ ਕਰੀਏ ਤਾਂ ਸੋਭਾ ਸਿੰਘ ਦੇਸ਼ ਦੇ ਮਹਾਨ ਚਿੱਤਰਕਾਰਾਂ ਵਿਚੋਂ ਹੇ ਹਨ। ਆਪ ਦੀਆਂ ਬਣਾਈਆਂ ਹੋਈਆਂ ਗੁਰੂਆਂ ਦੀਆਂ ਤਸਵੀਰਾਂ ਨੇ ਆਪ ਨੂੰ ਅਮਰ ਬਣਾ ਦਿੱਤਾ ਹੈ। ਐਸ.ਜੀ. ਠਾਕਰ ਸਿੰਘ ਇਕ ਹੋਰ ਅਮਰ ਸਿੱਖ ਕਲਾਕਾਰ ਹੋਏ ਹਨ ਜਿਨ੍ਹਾਂ ਦੀ ਯਾਦ ਵਿਚ ਲਾਰੰਸ ਰੋਡ ਅੰਮ੍ਰਿਤਸਰ ਵਿਖੇ ਇਕ ਆਰਟ ਗੈਲਰੀ ਹੈ। ਅੱਜ ਕੱਲ੍ਹ ਵੀ ਬਹੁਤ ਅੱਛੇ ਚਿੱਤਰਕਾਰ, ਮੂਰਤੀਕਾਰ ਤੇ ਫੋਟੋਆਂ ਬਨਾਉਣ ਵਾਲੇ ਸਿੱਖ ਕਲਾਕਾਰ ਹਨ। ਜਿਨ੍ਹਾਂ ਵਿਚੋਂ ਅਮੋਲਕ ਸਿੰਘ, ਕਿਰਪਾਲ ਸਿੰਘ ਤੇ ਫੂਲਾਂ ਰਾਣੀ ਨੇ ਸਿੱਖ ਧਰਮ ਨਾਲ ਸਬੰਧਿਤ ਅਨੇਕਾਂ ਚਿੱਤਰ ਬਣਾਏ ਹਨ।
ਜਦ ਦੇਸ਼ ਦੀ ਆਰਥਿਕ ਤਰੱਕੀ ਦੀ ਗੱਲ ਕਰੀਏ ਤਾਂ ਖੇਤੀ ਹੋਵੇ ਜਾਂ ਵਪਾਰ ਸਿੱਖਾਂ ਨੇ ਆਪਣੀ ਆਬਾਦੀ ਘੱਟ ਹੋਣ ਦੇ ਬਾਵਜੂਦ ਦੁਸ਼ ਨੂੰ ਖੁਸ਼ਹਾਲ ਕੀਤਾ ਹੈ। ਪੰਜਾਬ ਵਿਚ ਹਰੀ ਕ੍ਰਾਂਤੀ ਲਿਆ ਕੇ ਉਨ੍ਹਾਂ ਨੇ ਸਿਰਫ਼ ਦੇਸ਼ ਦੇ ਹੀ ਨਹੀਂ ਬਲਕਿ ਦੁਨੀਆਂ ਦੇ ਕਿਸਾਨ: ਵਿਚ ਆਪਣਾ ਦਰਜਾ ਉਚਾ ਕੀਤਾ ਹੈ।
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨਵੇਂ ਬੀਜ, ਢੰਗ ਤੇ ਫਸਲਾਂ ਦੀਆਂ ਕਿਸਮਾਂ ਦੇ ਕੇ ਇਕ ਅੰਦੋਲਨ ਲੈ ਆਉਂਦਾ। ਅੱਜ ਵਿਦੇਸ਼ਾਂ ਵਿਚ ਜਿੱਥੇ ਕਿਸਾਨਾਂ ਦੀ ਬੜੀ ਮੰਗ ਹੈ ਉਥੇ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੜ੍ਹੇ ਹੋਏ ਹੋਣਹਾਰ ਖੇਤੀ ਬਾੜੀ ਵਿਗਿਆਨੀਆਂ ਨੂੰ ਬਹੁਤ ਸਨਮਾਨ ਮਿਲ ਰਿਹਾ ਹੈ। ਇਨ੍ਹਾਂ ਨੇ ਵਿਦੇਸ਼ਾਂ ਵਿਚ ਜਾ ਕੇ ਡੇਅਰੀ ਫਾਰਮਿੰਗ ਵਿਚ ਵੀ ਲਾਹੇਵੰਦ ਸਲਾਹ ਦੇ ਕੇ ਇਸ ਧੰਦੇ ਨੂੰ ਪ੍ਰਫੁੱਲਤ ਕੀਤਾ ਹੈ। ਹੋਟਲ, ਟਰਾਂਸਪੋਰਟ ਤੇ ਮੋਟਰ ਪਾਰਟਸ ਤੇ ਕੱਪੜੇ ਦੇ ਉਪਯੋਗ ਵਿਚ ਸਿੱਖਾਂ ਨੂੰ ਮਿਹਨਤ ਕਰੇ ਕੇ ਆਪਣਾ ਇਕ ਖਾਸ ਮੁਕਾਮ ਬਣਾਇਆ ਹੈ।
ਸਮਾਜ ਸੇਵਾ ਵਿਚ ਸਿੱਖਾਂ ਦਾ ਕੋਈ ਸਾਨੀ ਨਹੀਂ। ਗੁਰੂ ਨਾਨਕ ਦੇਵ ਜੀ ਨੇ ਜਦ ਕਾਰ ਸੇਵਾ ਦਾ ਸੰਕਲਪ ਸ਼ੁਰੂ ਕੀਤਾ ਸੀ ਇਸ ਤੋਂ ਭਾਵ ਸੀ ਲੋਕ ਹਿੱਤ ਦੇ ਕਾਰਜਾਂ ਨੂੰ ਮਿਲ ਕੇ ਕਰਨਾ। ਬਾਅਦ ਵਿਚ ਗੋਇੰਦਵਾਲ ਸਾਹਿਬ ਬਾਉਲੀ ਸਾਹਿਬ ਦੀ ਉਸਾਰੀ ਵੇਲੇ ਤੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਉਸਾਰੀ ਵੇਲੇ ਕਾਰ ਸੇਵਾ ਦਾ ਢੰਗ ਅਪਨਾਇਆ ਗਿਆ ਤੇ ਉਸ ਤੋਂ ਬਾਅਦ ਸਿੱਖ ਧਰਮ ਵਿਚ ਕਾਰ ਸੇਵਾ ਇਕ ਪਵਿੱਤਰ ਕਾਰਜ ਵਜੋਂ ਜਾਨੀ ਜਾਣ ਲੱਗੀ। ਜਦ ਜਦ ਵੀ ਹਰਿਮੰਦਰ ਸਾਹਿਬ ਤੇ ਸਰੋਵਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ, ਸਿੱਖਾਂ ਨੇ ਆਪ ਸੇਵਾ ਕਰ ਕੇ ਉਸਾਰੀ ਕੀਤੀ।
ਕਾਰ ਸੇਵਾ
20ਵੀ ਸਦੀ ਵਿਚ 17 ਜੂਨ 1923 ਵਿਚ ਸਰੋਵਰ ਦੀ ਸਫਾਈ ਲਈ ਪਹਿਲੀ ਵਾਰ ਕਾਰ ਸੇਵਾ ਹੋਈ ਤੇ ਉਸ ਤੋਂ ਬਾਅਦ 31 ਮਾਰਚ 1973 ਤੇ ਫਿਰ 25 ਮਾਰਚ 2004 ਨੂੰ ਇਹ ਸੇਵਾ ਹੋਈ ਜਿਸ ਵਿਚ ਲੱਖਾਂ ਲੋਕਾਂ ਨੇ ਭਾਗ ਲਿਆ। ਲੰਗਰ ਦੀ ਸੇਵਾ ਸਿੱਖਾਂ ਦਾ ਜ਼ਿੰਦਗੀ ਦਾ ਅਟੁੱਟ ਅੰਗ ਹੈ। ਜਦ ਲੋਕਾਂ 'ਤੇ ਵੀ ਕੋਈ ਵੱਡੀ ਬਿਪਤਾ ਬਣ ਜਾਵੇ, ਸਿੱਖ ਲੰਗਰ ਲਾ ਕੇ ਇਹ ਸੇਵਾ ਨਿਭਾਉਂਦੇ ਹਨ। ਮਿਸਾਲ ਦੇ ਤੌਰ 'ਤੇ ਜਦ ਗੁਜਰਾਤ ਵਿਚ ਭੂਚਾਲ ਆਇਆ ਜਾਂ ਮੁੰਬਈ ਵਿਚ 26 ਨਵੰਬਰ 2008 ਨੂੰ ਅਤਿਵਾਦੀ ਹਮਲਾ ਹੋਇਆ, ਸਿੱਖਾਂ ਨੇ ਕਈ ਦਿਨ ਲੰਗਰ ਲਾਏ। ਲੰਗਰ ਨਾਲ ਬਿਪਤਾ ਸਮੇਂ ਦਵਾਈਆਂ, ਬਿਸਤਰੇ ਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਵੀ ਰੱਜ ਕੇ ਦਿੱਤੀਆਂ ਜਾਂਦੀਆਂ ਹਨ।
ਭਗਤ ਪੂਰਨ ਸਿੰਘ
ਜੇ ਗੁਰੂ ਅਰਜਨ ਦੇਵ ਜੀ ਨੇ ਕੋੜ੍ਹੀਆਂ ਦੀ ਦੇਖ ਭਾਲ ਕਰਨ ਦੀ ਸੇਵਾ ਸ਼ੁਰੂ ਕੀਤੀ ਤਰਨ ਤਾਰਨ ਵਿਚ ਕੋੜ੍ਹੀ ਆਸ਼ਰਮ ਖੋਲ੍ਹਿਆ ਤਾਂ ਉਨ੍ਹਾਂ ਦੇ ਸੇਵਕ ਗੁਰਸਿੱਖ ਭਗਤ ਪੂਰਨ ਸਿੰਘ ਨੇ ਅੱਜ ਦੇ ਯੁੱਗ ਵਿਚ ਪਿੰਗਲਿਆਂ ਦੀ ਸੇਵਾ ਦਾ ਬੀੜਾ ਚੁੱਕਿਆ। ਭਗਤਾਂ ਜੀ ਹਿੰਦੂ ਪਰਿਵਾਰ ਵਿਚ ਪੈਦਾ ਹੋਏ ਸਨ ਪਰ ਆਪ ਨੇ ਜਦ ਸਿੱਖੀ ਅਪਣਾਈ ਤਾਂ ਗਰਮਤਿ ਦਾ ਸੁਨਹਿਰੀ ਅਸੂਲ 'ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।।' ਆਪਣੀ ਜ਼ਿੰਦਗੀ ਬਣਾ ਲਿਆ। ਅੰਮ੍ਰਿਤਸਰ ਵਿਖੇ ਆਪ ਨੇ ਪਿੰਗਲਵਾੜੇ ਦੀ ਸਥਾਪਨਾ ਕੀਤੀ ਜਿਸ ਨੂੰ ਹੁਣ ਪੂਰੀ ਲਗਨ ਤੇ ਸੇਵਾ ਦੀ ਭਾਵਨਾ ਨਾਲ ਡਾ. ਬੀਬੀ ਇੰਦਰਜੀਤ ਕੌਰ ਚਲਾ ਰਹੇ ਹਨ।
|
(4) Question:- |
ਖੇਡਾਂ ਦੇ ਖੇਤਰ ਵਿਚ ਸਿੱਖਾਂ ਦਾ ਕੀ ਯੋਗਦਾਨ ਰਿਹਾ ਹੈ? |
Answer:- |
ਸੰਸਾਰਪੁਰ ਤੇ ਹਾਕੀ
ਹਾਕੀ ਦਾ ਨਾਂ ਜੋ ਭਾਰਤ ਦੀ ਕੌਮੀ ਖੇਡ ਹੈ ਹਮੇਸ਼ਾ ਹੀ ਪੰਜਾਬ ਤੇ ਸਿੱਖ ਖਿਡਾਰੀਆਂ ਨਾਲ ਜੁੜਿਆ ਰਿਹਾ ਹੈ। ਜਲੰਧਰ ਜ਼ਿਲ੍ਹੇ ਦਾ ਸੰਸਾਰਪੁਰ ਪਿੰਡ ਤਾਂ ਜਿਵੇਂ ਹਾਕੀ ਖਿਡਾਰੀਆਂ ਦੀ ਜਨਮ ਭੂਮੀ ਰਿਹਾ ਹੈ। ਉਸ ਪਿੰਡ ਦੇ ਜੰਮਪਲ ਸਿਰਫ਼ ਭਾਰਤੀ ਟੀਮ ਲਈ ਹੀ ਨਹੀਂ ਬਲਕਿ ਕੀਨੀਆਂ ਦੀ ਟੀਮ ਲਈ ਵੀ ਖੇਡ ਚੁੱਕੇ ਹਨ। 1968 ਵਿਚ ਮੈਕਸਿਕੋ ਓਲੰਪਿਕ ਵੇਲੇ ਕੀਨੀਆ ਦੀ ਟੀਮ ਵਿਚ 2 ਸਿੱਖ (ਹਰਦਿਆਲ ਸਿੰਘ ਤੇ ਹਰਦੇਵ ਸਿੰਘ) ਤੇ ਭਾਰਤੀ ਟੀਮ ਵਿਚ 6 ਸਿੱਖ ਇਸ ਪਿੰਡ ਦੇ ਹੀ ਸਨ। ਭਾਰਤੀ ਹਾਕੀ ਟੀਮ ਦੇ ਬਹੁਤ ਸਾਰੇ ਕੈਪਟਨ ਸਿੱਖ ਰਹੇ ਹਨ ਜਿਵੇਂ ਕਿ ਸ੍ਰ. ਬਲਬੀਰ ਸਿੰਘ, ਸ੍ਰ. ਸੁਰਜੀਤ ਸਿੰਘ ਰੰਧਾਵਾ ਤੇ ਸ੍ਰ. ਅਜੀਤ ਪਾਲ ਸਿੰਘ ਤੇ ਸ੍ਰ. ਸੰਦੀਪ ਸਿੰਘ। 1958 ਤੇ 1966 ਦੀਆਂ ਏਸ਼ੀਅਨ ਗੇਮਜ਼ ਭਾਰਤੀ ਹਾਕੀ ਟੀਮਾਂ ਵਿਚ ਜ਼ਿਆਦਾਤਰ ਸਿੱਖ ਖਿਡਾਰੀ ਹੀ ਸਨ। 1966 ਵਿਚ ਤਾਂ ਲਕਸ਼ਮਨ ਗੋਲਕੀਪਰ ਨੂੰ ਛੱਡ ਕੇ ਸਾਰੇ ਸਿੱਖ ਹੀ ਸਨ। ਸਿੱਖ ਔਰਤਾਂ ਨੇ ਵੀ ਹਾਕੀ ਵਿਚ ਨਾਮਣਾ ਖੱਟਿਆ ਹੈ ਤੇ ਰਾਜਬੀਰ ਕੌਰ ਤਾਂ ਟੀਮ ਦੀ ਕੈਪਟਨ ਵੀ ਰਹੀ ਹੈ। ਸ੍ਰ. ਐਮ.ਐਸ. ਗਿੱਲ, ਜੋ ਖੇਡਾਂ ਦੇ ਮੰਤਰੀ ਰਹੇ, ਵੀ ਹਾਕੀ ਵਿਚ ਬਹੁਤ ਦਿਲਚਸਪੀ ਰੱਖਦੇ ਹਨ।
ਫੁੱਟਬਾਲ ਵਾਲੇ ਜਰਨੈਲ ਸਿੰਘ
ਜਿਸ ਤਰ੍ਹਾਂ ਹਾਕੀ ਦੀ ਖੇਡ ਸਿੱਖਾਂ ਦੀ ਹਰਮਨ ਪਿਆਰੀ ਰਹੀ ਹੈ, ਇਸ ਤਰ੍ਹਾਂ ਫੁੱਟਬਾਲ ਬੰਗਾਲ ਦੇ ਲੋਕਾਂ ਦਾ ਪਹਿਲਾ ਪਿਆਰ ਰਹੀ ਹੈ। ਦੁਨੀਆਂ ਵਿਚ ਸੋਕਰ ਦੇ ਨਾਮ ਨਾਲ ਜਾਣੀ ਜਾਂਦੀ ਇਸ ਖੇਡ ਵਿਚ ਵੀ ਦੋ ਸਿੱਖਾਂ ਨੇ ਬਹੁਤ ਉੱਚਾ ਰੁਤਬਾ ਹਾਸਲ ਕੀਤਾ, ਸ੍ਰ. ਜਰਨੈਲ ਸਿੰਘ ਢਿਲੋਂ ਜੋ ਮੋਹਨ ਬਗਾਨ ਲਈ ਖੇਡਦਾ ਸੀ ਤੇ ਸ੍ਰ. ਇੰਦਰ ਸਿੰਘ ਜਿਸ ਨੇ ਭਾਰਤੀ ਫੁੱਟਬਾਲ ਟੀਮ ਦੀ ਕਪਤਾਨੀ ਵੀ ਕੀਤੀ। ਸ੍ਰ. ਜਰਨੈਲ ਸਿੰਘ ਨੇ 1962 ਏਸ਼ੀਅਨ ਗੇਮਜ਼ ਵਿਚ ਭਾਰਤ ਵਲੋਂ ਸਾਊਥ ਕੋਰੀਆ ਵਿਰੁਧ ਗੋਲ ਕਰਕੇ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ। ਸ੍ਰ. ਇੰਦਰ ਸਿੰਘ ਦਾ ਤਾਂ ਗੋਲ ਕਰਨ ਦਾ ਰਿਕਾਰਡ ਹੈ। ਉਹ ਜੇ.ਸੀ.ਟੀ. ਫੁੱਟਬਾਲ ਕਲੱਬ ਦੀ ਜਾਨ ਸੀ। ਉਸ ਨੇ ਇਕ ਟੂਰਨਾਮੈਂਟ ਵਿਚ 23 ਗੋਲ ਕੀਤੇ ਜੋ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਗੋਲ ਦਾ ਰਿਕਾਰਡ ਹੈ।
ਕ੍ਰਿਕਟ ਵਿਚ ਸਿੱਖ
ਕ੍ਰਿਕਟ ਦੀ ਟੀਮ ਵਿਚ ਬਿਸ਼ਨ ਸਿੰਘ ਬੇਦੀ (ਜੋ ਭਾਰਤੀ ਟੀਮ ਦੇ ਕਪਤਾਨ ਵੀ ਰਹੇ) ਜਸਬੀਰ ਸਿੰਘ, ਰਾਜਿੰਦਰ ਸਿੰਘ ਘਈ, ਨਵਜੋਤ ਸਿੰਘ ਸਿੱਧੂ (ਜੋ ਪਿਛਲੀਆਂ 3 ਟਰਮ ਤੋਂ ਬੀ.ਜੇ.ਪੀ. ਦੇ ਮੈਂਬਰ ਪਾਰਲੀਮੈਂਟ ਰਹੇ ਤੇ ਟੀ.ਵੀ. ਦੇ ਪ੍ਰਮੁੱਖ ਕਲਾਕਾਰ ਵੀ।), ਮਨਿੰਦਰ ਸਿੰਘ, ਗੁਰਸ਼ਰਨ ਸਿੰਘ, ਇੰਦਰਜੀਤ ਸਿੰਘ ਤੇ ਅੱਜ ਕੱਲ੍ਹ ਭੱਜੀ ਨਾਂ ਨਾਲ ਜਾਣੇ ਜਾਣ ਵਾਲੇ ਹਰਭਜਨ ਸਿੰਘ ਨੇ ਬਹੁਤ ਨਾਮ ਕਮਾਇਆ ਹੈ। ਹੋਰ ਵੀ ਬਹੁਤ ਸਾਰੀਆਂ ਖੇਡਾਂ ਜਿਵੇਂ ਕਿ ਕਬੱਡੀ, ਪੋਲੋ, ਸ਼ੂਟਿੰਗ, ਟੇਬਲ ਟੈਨਿਸ ਆਦਿ ਵਿਚ ਵੀ ਸਿੱਖਾਂ ਦੇ ਨਾਮ ਚਮਕਦੇ ਰਹੇ ਹਨ। ਭਾਰਤ ਵਿਚ ਪੋਲੋ ਦੀ ਖੇਡ ਤਾਂ ਸ਼ੁਰੂ ਹੀ ਮਹਾਰਾਜਾ ਪਟਿਆਲਾ ਗਜਿੰਦਰ ਸਿੰਘ ਨੇ ਕੀਤੀ ਸੀ ਤੇ ਸ੍ਰ. ਚੰਦਾ ਸਿੰਘ ਤੇ ਕੈਪਟਨ ਠਾਕਰ ਸਿੰਘ ਵਰਗੇ ਪੋਲੋ ਖਿਡਾਰੀ ਮਹਾਰਾਜਾ ਸਾਹਿਬ ਦੀ ਦਿਲਚਸਪੀ ਤੇ ਉਦਮ ਵਜੋਂ ਹੀ ਦੁਨੀਆਂ ਭਰ ਵਿਚ ਮਸ਼ਹੂਰ ਹੋਏ।
ਮਹਾਰਾਜਾ ਪਟਿਆਲਾ ਤੇ ਖੇਡਾਂ
ਮਹਾਰਾਜਾ ਪਟਿਆਲਾ ਦਾ ਪਰਿਵਾਰ ਭਾਰਤ ਦੇ ਉਨ੍ਹਾਂ ਪਰਿਵਾਰਾਂ ਵਿਚੋਂ ਹੈ ਜਿਸ ਨੇ ਭਾਰਤ ਵਿਚ ਖੇਡਾਂ ਦੇ ਖੇਤਰ ਵਿਚ ਸਭ ਤੋਂ ਵਧ ਯੋਗਦਾਨ ਪਾਇਆ ਹੈ। ਮਹਾਰਾਜਾ ਰਾਜਿੰਦਰ ਸਿੰਘ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਵੀ ਪੋਲੋ ਤੇ ਕ੍ਰਿਕਟ ਦੇ ਚੰਗੇ ਖਿਡਾਰੀ ਸਨ। ਉਹ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਮੋਢੀ ਪ੍ਰਧਾਨ ਸਨ ਤੇ ਅੱਜ ਤੱਕ ਇਸ ਪਰਿਵਾਰ ਵਾਲੇ ਹੀ ਇਸ ਪਦ 'ਤੇ ਰਹੇ ਹਨ। ਐਥਲੀਟਾਂ ਵਿਚ ਸ੍ਰ. ਮਿਲਖਾ ਸਿੰਘ, (ਫਲਾਇੰਗ ਸਿੱਖ) ਕਮਲਜੀਤ ਸੰਧੂ ਤੇ ਮਨਜੀਤ ਵਾਲੀਆ ਦਾ ਨਾਂ ਹਮੇਸ਼ਾ ਯਾਦ ਰਹਿਣਗੇ। ਮਾਊਂਟ ਐਵਰੇਸਟ 'ਤੇ ਚੜ੍ਹਨ ਵਾਲਾ ਪਹਿਲਾ ਭਾਰਤੀ ਸ੍ਰ. ਅਵਤਾਰ ਸਿੰਘ ਚੀਮਾ ਸੀ। ਇਸ ਟੀਮ ਦੀ ਅਗਵਾਈ ਕਰਨ ਵਾਲਾ ਵੀ ਕਿ ਸਿੱਖ ਸ੍ਰ. ਐਸ.ਐਸ. ਕੋਹਲੀ ਸੀ ਤੇ ਇਹ ਵੀ ਸੱਚ ਹੈ ਕਿ ਇਸ ਟੀਮ ਵਿਚ 5 ਸਿੱਖ ਸਨ। ਜਿਨ੍ਹਾਂ ਵਿਚ ਸ੍ਰ. ਐਚ.ਪੀ.ਐਸ. ਆਹਲੂਵਾਲੀਆ ਤੇ ਚੰਦਰ ਪ੍ਰਕਾਸ਼ ਵੋਹਰਾ ਵੀ ਚੋਟੀ 'ਤੇ ਗਏ ਸਨ। ਐਨਟਾਰਟਿਕਾ ਜੋ ਬਰਫ਼ ਦਾ ਟਾਪੂ ਹੈ, ਵਿਚ ਜਾਣ ਵਾਲੀ ਪਹਿਲੀ ਔਰਤ ਵੀ ਇਕ ਸਿੱਖ ਔਰਤ ਡਾ. ਕੰਵਲ ਬਿਲਕੂ ਸੀ। |
(5) Question:- |
ਗੀਤ ਸੰਗੀਤ ਦੇ ਖੇਤਰ ਵਿਚ ਸਿੱਖਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿਓ। |
Answer:- |
ਗੁਰਮਤਿ ਸੰਗੀਤ -
ਸੰਗੀਤ ਤੇ ਗੁਰਬਾਣੀ ਦੇ ਸੁਮੇਲ ਤੋਂ ਇਹ ਪਤਾ ਲੱਗਦਾ ਹੈ ਕਿ ਸਿੱਖਾਂ ਦੀ ਜ਼ਿੰਦਗੀ ਵਿਚ ਸੰਗੀਤ ਕਿੰਨਾ ਮਹੱਤਵਪੂਰਨ ਹੈ। ਜੇ ਗੁਰੂ ਸਾਹਿਬ ਸੰਗੀਤ ਨੂੰ ਐਨੀ ਮਹੱਤਤਾ ਦੇਂਦੇ ਸਨ ਤੇ ਬਾਣੀ ਗਾਉਣ ਵਿਚ ਰਾਗਾਂ ਦਾ ਇਸਤੇਮਾਨ ਹੁੰਦਾ ਸੀ ਤਾਂ ਅੱਜ ਵੀ ਸਿੱਖ ਸੰਗੀਤ ਨਾਲ ਉਨ੍ਹਾਂ ਹੀ ਪਿਆਰ ਕਰਦੇ ਹਨ। ਸਿੱਖਾਂ ਵਿਚ ਸੰਗੀਤ ਦੀ ਗੱਲ ਸ਼ੁਰੂ ਗੁਰਮਤਿ ਸੰਗੀਤ ਤੋਂ ਹੀ ਹੋ ਸਕਦੀ ਹੈ। ਗੁਰਮਤਿ ਸੰਗੀਤ ਦੇ ਪਹਿਲੇ ਸਾਜ ਵਜਾਉਣ ਵਾਲੇ ਤੇ ਗਾਉਣ ਵਾਲੇ ਸਨ ਭਾਈ ਮਰਦਾਨਾ ਜੀ ਜੋ ਗੁਰੂ ਨਾਨਕ ਦੇਵ ਜੀ ਨਾਲ ਬਾਣੀ ਗਾਉਂਦੇ ਸਨ।
ਜਿੱਥੇ ਭਾਈ ਮਰਦਾਨਾ ਜੀ ਦਾ ਸਾਜ਼ ਰਬਾਬ ਸੀ, ਉਥੇ ਗੁਰੂ ਅਰਜਨ ਦੇਵ ਜੀ ਨੇ ਇਕ ਵਾਂ ਸਾਜ਼ ਸਿਰੰਦਾ ਬਣਾਇਆ ਤੇ ਰਾਗੀ ਉਸਦਾ ਇਸਤੇਮਾਲ ਕਰਨ ਲੱਗੇ। ਗੁਰੂ ਸਾਹਿਬਾਂ ਵੇਲੇ ਕਈ ਰਾਗੀ ਹੋਏ ਜਿਨ੍ਹਾਂ ਵਿਚੋਂ ਸੱਤਾ ਬਲਵੰਡ ਦਾ ਨਾਮ ਵਰਣਨ ਯੋਗ ਹੈ ਕਿਉਂਕਿ ਉਨ੍ਹਾਂ ਦੁਆਰਾ ਰਚੀ ਹੋਈ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ। ਭੱਟ ਵੀ ਗਾਉਂਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਵੇਲੇ ਭਾਈ ਨਟ ਮੱਲ ਤੇ ਭਾਈ ਅਬਦੁੱਲਾ ਵਾਰਾਂ ਪੜ੍ਹਦੇ ਸਨ। 18ਵੀਂ ਸਦੀ ਦੇ ਉਘੇ ਜਰਨੈਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਵੀ ਕੀਰਤਨ ਕਰਦੇ ਸਨ। 20ਵੀਂ ਸਦੀ ਦੇ ਭਾਈ ਸੰਤਾ ਸਿੰਘ, ਮਹੰਤ ਰਾਜਾ ਸਿੰਘ, ਭਾਈ ਸੁਰਜਨ ਸਿੰਘ, ਭਾਈ ਸਮੁੰਦ ਸਿੰਘ, ਸੰਤ ਪੂਰਨ ਸਿੰਘ ਤੇ ਭਾਈ ਚੇਲਾ ਰਾਮ ਕੀਰਤਨ ਵਿਚ ਪ੍ਰਸਿੱਧ ਹੋ ਚੁੱਕੇ ਹਨ। ਹੌਲੀ-ਹੌਲੀ ਪੁਰਾਣੀ ਤੰਤੀ ਸਾਜ਼ਾਂ ਦੀ ਥਾਂ ਹਰਮੋਨੀਅਮ ਨੇ ਲੈ ਲਈ ਤੇ ਰਾਗੀ ਸਿੰਘਾਂ ਦੀ ਗਿਣਤੀ ਵੱਧਣ ਲੱਗੀ। ਅੱਜ ਤਾਂ ਅਨੇਕਾਂ ਰਾਗੀ ਕੀਰਤਨ ਕਰ ਰਹੇ ਹਨ। ਸਿੱਖਾਂ ਲਈ ਇਹ ਫਖ਼ਰ ਦੀ ਗੱਲ ਹੈ ਕਿ ਇਸ ਸਾਲ 2009 ਵਿਚ ਭਾਰਤ ਸਰਕਾਰ ਨੇ ਇਕ ਰਾਗੀ ਸਿੱਖ ਭਾਈ ਨਿਰਮਲ ਸਿੰਘ ਖਾਲਸਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਹੈ।
ਕਲਾਸੀਕਲ ਸੰਗੀਤ ਤੇ ਫੋਕ ਸੰਗੀਤ
ਕਲਾਸੀਕਲ ਸੰਗੀਤ ਵਿਚ ਖੇਡਾਂ ਦੀ ਤਰ੍ਹਾਂ ਪਟਿਆਲਾ ਪਰਿਵਾਰ ਦਾ ਵੱਡਾ ਯੋਗਦਾਨ ਹੈ। ਮਹਾਰਾਜਾ ਨਰਿੰਦਰ ਸਿੰਘ ਵੇਲੇ ਪਟਿਆਲਾ ਘਰਾਣਾ ਉਭਰ ਕੇ ਆਇਆ ਤੇ ਅੱਜ ਵੀ ਉਹ ਘਰਾਣਾ ਸੰਗੀਤ ਦੇ ਖੇਤਰ ਵਿਚ ਆਪਣਾ ਇਕ ਅਸਥਾਨ ਰੱਖਦਾ ਹੈ। ਪੰਜਾਬੀ ਫੋਕ ਸੰਗੀਤ ਵੀ ਐਨਾ ਮਸ਼ਹੂਰ ਹੈ ਕਿ ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਰਮੀਤ ਬਾਵਾ, ਆਸਾ ਸਿੰਘ ਮਸਤਾਨਾ ਆਦਿ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਏ ਸਨ। ਜਦ ਪੰਜਾਬੀ ਪੋਪ ਦਾ ਜ਼ਮਾਨਾ ਆਇਆ ਤਾਂ ਮਲਕੀਅਤ ਸਿੰਘ ਨੇ ਲੰਡਨ ਤੋਂ ਤੂਤਕ ਤੂਤਕ ਕਰ ਕੇ ਆਪਣੇ ਗੀਤ ਨੂੰ ਸਾਰੀ ਦੁਨੀਆਂ ਵਿਚ ਧੁੰਮਾਂ ਪਾਉਣ ਵਾਲਾ ਗੀਤ ਬਣਾ ਦਿੱਤਾ। ਸਿੱਖਾਂ ਲਈ ਇਹ ਫਖ਼ਰ ਦੀ ਗੱਲ ਹੈ ਕਿ ਮਲਕੀਅਤ ਸਿੰਘ ਦਾ ਨਾਂ ਸਿਰਫ਼ ਗਿਨੀਜ ਬੁੱਕ ਵਿਚ ਹੀ ਨਹੀਂ ਆਇਆ ਬਲਕਿ ਉਹ ਪਹਿਲਾ ਏਸ਼ੀਆਈ ਕਲਾਕਾਰ ਹੈ ਜਿਸ ਨੂੰ ਇੰਗਲੈਂਡ ਦੀ ਰਾਣੀ ਨੇ ਐਮ.ਬੀ.ਈ. ਦੀ ਉਪਾਧੀ ਨਾਲ ਨਿਵਾਜਿਆ ਹੈ।
ਦਲੇਰ ਮਹਿੰਦੀ ਦਾ 'ਤਿੰਨ ਸੌ ਸਾਲ ਗੁਰੂ ਦੇ ਨਾਲ'
ਦਲੇਰ ਮਹਿੰਦੀ ਨੇ ਵੀ ਕਿ ਖਾਸ ਮੁਕਾਮ ਬਣਾਇਆ ਹੈ। ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਿਵਸ ਦੀ 300ਵੀ ਵਰ੍ਹੇਗੰਢ ਦੇ ਸੰਦਰਭ ਵਿਚ 'ਤਿੰਨ ਸੌ ਸਾਲ ਗੁਰੂ ਦੇ ਨਾਲ' ਗਾ ਕੇ ਸਾਰੇ ਸਿੱਖਾਂ ਦੇ ਮਨ ਵਿਚ ਘਰ ਕਰ ਲਿਆ। ਫਿਲਮੀ ਸੰਗੀਤ ਵਿਚ ਵੀ ਜਸਪਿੰਦਰ ਨਰੂਲਾ, ਜਸਪਾਲ ਸਿੰਘ, ਰੱਬੀ ਸ਼ੇਰਗਿੱਲ ਵਰਗੇ ਗਾਇਕ ਮੱਲਾਂ ਮਾਰ ਰਹੇ ਹਨ ਤੇ ਸ੍ਰ. ਉਤਮ ਸਿੰਘ ਫਿਲਮੀ ਸੰਗੀਤਕਾਰਾਂ ਦੀ ਪਹਿਲੀ ਕਤਾਰ ਵਿਚ ਹਨ। ਟੀ.ਵੀ. ਦੇ ਰਿਐਲਟੀ ਸ਼ੋਅ ਜਦ ਵੀ ਹੁੰਦੇ ਹਨ ਚੰਗੇ ਸਿੱਖ ਕਲਾਕਾਰ ਉਭਰ ਕੇ ਅੱਗੇ ਆਉਂਦੇ ਹਨ। ਸ੍ਰ. ਇਸ਼ਮੀਤ ਸਿੰਘ ਸਟਾਰ ਵਾਇਸ ਆਫ਼ ਇੰਡੀਆ ਬਣ ਕੇ ਸਭ ਦੇ ਦਿਲਾਂ ਵਿਚ ਵੱਸ ਗਿਆ ਸੀ। ਜਨੂੰਨ ਕੁਛ ਕਰ ਦਿਖਾਣੇ ਕਾ ਦੇ ਸ਼ੋ ਵਿਚ ਵੀ ਸੂਫ਼ੀ ਗਾਉਣ ਵਾਲੀ ਹਰਸ਼ਦੀਪ ਕੌਰ ਅਵੱਲ ਰਹੀ। ਰੋਹਨਪੀ੍ਰਤ, ਤੇ ਗੁਰਪ੍ਰੀਤ ਵਰਗੇ ਬਾਲ ਕਲਾਕਾਰ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ। ਸਿੱਖ ਧਰਮ ਵਿਚ ਨੱਚਣਾ ਰੱਬ ਨੂੰ ਪਾਉਣ ਦਾ ਢੰਗ ਨਹੀਂ ਪਰ ਮਨ ਦੇ ਚਾਅ ਪ੍ਰਗਟਾਉਣ ਦਾ ਸੁੰਦਰ ਢੰਗ ਹੈ। ਪੰਜਾਬੀ ਭੰਗੜਾ ਤੇ ਗਿੱਧਾ ਸਾਡੇ ਨਾਚ ਸਾਰੀ ਦੁਨੀਆਂ ਵਿਚ ਜਿੱਥੇ ਜਾਂਦੇ ਹਨ, ਛਾ ਜਾਂਦੇ ਹਨ। ਪੰਜਾਬੀ ਸੰਗੀਤ ਐਨਾ ਹਰਮਨ ਪਿਆਰਾ ਹੈ ਕਿ ਜਦ ਵੀ ਕਿਸੀ ਫਿਲਮ ਵਿਚ ਪੰਜਾਬੀ ਬੀਟ ਇਸਤੇਮਾਲ ਹੁੰਦੀ ਹੈ ਜਾਂ ਸ਼ਬਦ ਜਾਂ ਲੈਅ ਪੰਜਾਬੀ ਹੁੰਦੀ, ਉਹ ਹਿੱਟ ਹੋ ਜਾਂਦਾ ਹੈ। ਸੱਚ ਪੁੱਛੋ ਤਾਂ ਪੰਜਾਬੀ ਸੰਗੀਤ ਇਸ ਵੇਲੇ ਸਾਰੀ ਦੁਨੀਆਂ 'ਚ ਰਾਜ ਕਰ ਰਿਹਾ ਹੈ ਤੇ ਸਿੱਖਾਂ ਦਾ ਇਸ ਨਾਲ ਗਹਿਰਾ ਸਬੰਧ ਹੈ। |
(6) Question:- |
ਸਿੱਖ ਲੇਖਕਾਂ ਬਾਰੇ ਜ਼ਿਕਰ ਕਰੋ। ਕੀ ਉਨ੍ਹਾਂ ਨੇ ਪੰਜਾਬੀ ਭਾਸ਼ਾ ਤੋਂ ਇਲਾਵਾ ਵੀ ਕਿਸੀ ਹੋਰ ਭਾਸ਼ਾ ਵਿਚ ਲਿਖ ਕੇ ਸ਼ੋਹਰਤ ਹਾਸਲ ਕੀਤੀ ਹੈ? |
Answer:- |
ਜਦ ਗੁਰੂ ਸਾਹਿਬ ਤੇ ਸੰਤ ਕਵੀਆਂ, ਤੇ ਸਿੱਖ ਸੇਵਕਾਂ ਤੇ ਭੱਟਾਂ ਨੇ ਬਾਣੀ ਰਚੀ ਤੇ ਗੁਰੂ ਗ੍ਰੰਥ ਸਾਹਿਬ ਵਿਚ ਗੁਰਮੁਖੀ ਲਿਪੀ ਵਿਚ ਉਸਨੂੰ ਅੰਕਿਤ ਕੀਤਾ ਗਿਆ, ਉਸ ਵੇਲੇ ਪੰਜਾਬੀ ਭਾਸ਼ਾ ਦਾ ਦਰਜਾ ਬਹੁਤ ਉੱਚਾ ਹੋ ਗਿਆ। ਉਹ ਦੁਨੀਆਂ ਦੀਆਂ ਬਹੁਤ ਘੱਟ ਐਸੀਆਂ ਭਾਸ਼ਾਵਾਂ ਵਿਚ ਸ਼ਾਮਿਲ ਹੋ ਗਈ ਜਿਨਾਂ ਵਿਚ ਧਾਰਮਿਕ ਗ੍ਰੰਥ ਲਿਖੇ ਗਏ ਸਨ ਅਤੇ ਫਿਰ ਐਸਾ ਗ੍ਰੰਥ ਜੋ ਗੁਰੂ ਦਾ ਅਸਥਾਨ ਪਾਉਣ ਵਾਲਾ ਇਕੋ ਇਕ ਗ੍ਰੰਥ ਹੈ। ਸੂਫ਼ੀ ਕਵੀਆਂ ਦੁਆਰਾ ਰਚਿਆ ਸਾਹਿਤ ਪੰਜਾਬੀ ਭਾਸ਼ਾ ਦਾ ਵਡਮੁੱਲਾ ਖਜ਼ਾਨਾ ਹੈ ਪਰ ਵੀਹਵੀਂ ਸਦੀ ਵਿਚ ਜਦ ਸਿੱਖਾਂ ਦੀਆਂ ਸੁਧਾਰ ਲਹਿਰਾਂ ਸ਼ੁਰੂ ਹੋਈਆਂ ਤਾਂ ਸਿੱਖ ਲੇਖਕ ਉਭਰ ਕੇ ਆਪਣੀ ਮਾਤਰ-ਭਾਸ਼ਾ ਪੰਜਾਬੀ ਦੀ ਸੇਵਾ ਕਰਨ ਲਈ ਅੱਗੇ ਆਏ। ਭਾਈ ਵੀਰ ਸਿੰਘ ਤੇ ਪ੍ਰੋ. ਪੂਰਨ ਸਿੰਘ ਜੋ ਮਹਾਨ ਕਵੀ ਸਨ, ਨੇ ਧਰਮ ਪ੍ਰਚਾਰ ਹਿੱਤ ਵੀ ਸਾਹਿਤ ਰਚਿਆ। ਭਾਈ ਵੀਰ ਸਿੰਘ ਦੀ ਦੇਣ ਤੇ ਇਸ ਪੱਖੋਂ ਬੇਮਿਸਾਲ ਸੀ। ਆਪਣੇ ਗੁਰੂ ਜੀਵਨੀਆਂ, ਨਾਵਲ ਤੇ ਮਹਾਂ ਕਾਵਿ (ਰਾਣਾ ਸੂਰਤ ਸਿੰਘ) ਰਚ ਕੇ ਹਿੱਤ ਵੱਡਮੁੱਲੀ ਸੇਵਾ ਕੀਤੀ। ਪ੍ਰੋ. ਪੂਰਨ ਸਿੰਘ ਨੇ ਵੀ ਇਸ ਪੱਖੋਂ ਕਈ ਲੇਖ ਲਿਖੇ। ਪ੍ਰੋ. ਮੋਹਨ ਸਿੰਘ ਪੰਜਾਬੀ ਦਾ ਇਕ ਹੋਰ ਮਹਾਨ ਕਵੀ ਸੀ ਜਿਸਨੇ ਆਪਣੇ ਮਸ਼ਹੂਰ ਕਾਵਿ-ਸੰਗ੍ਰਹਿ ਸਾਵੇ ਪੁੱਤਰ ਵਿਚ ਸਿੱਖੀ ਨਾਂ ਦੀ ਕਵਿਤਾ ਲਿਖ ਕੇ ਸਾਰਿਆਂ ਦੇ ਮਨ ਨੂੰ ਟੁੰਬ ਲਿਆ। ਆਪ ਜੀ ਦੇ ਸ਼ਬਦਾਂ ਵਿਚ:-
ਉਹ ਕਿਹੜਾ ਬੂਟਾ ਏ? ਹਰ ਥਾਂ ਜੋ ਪਲਦਾ ਹੈ
ਆਰੇ ਦੇ ਦੰਦਿਆਂ 'ਤੇ, ਰੰਬੀਆਂ ਦੀਆਂ ਧਾਰਾਂ 'ਤੇ
ਖੈਬਰ ਦਿਆਂ ਦਰਿਆ ਵਿਚ, ਸਰਸਾ ਦੀਆਂ ਲਹਿਰਾਂ 'ਤੇ
ਸਤਲੁਜ ਦੇ ਕੰਢੇ 'ਤੇ, ਲੱਖੀ ਦੇ ਜੰਗਲ ਵਿਚ
ਰੋੜਾਂ ਵਿਚ, ਰੱਕੜਾਂ ਵਿਚ, ਸਰਹੰਦ ਦੀਆਂ ਨੀਹਾਂ ਵਿਚ,
ਜਿੱਥੇ ਵੀ ਲਾ ਦੇਈਏ, ਓਥੇ ਹੀ ਪਲਦਾ ਏ
ਜਿਤਨਾ ਇਹ ਛਾਂਗ ਦੇਈਏ, ਉਤਨਾ ਹੀ ਫਲਦਾ ਏ
ਅੰਮ੍ਰਿਤਾ ਪ੍ਰੀਤਮ ਨੇ ਸਿੱਖਾਂ ਦਾ ਹੀ ਨਹੀਂ ਬਲਕਿ ਸਾਰੇ ਪੰਜਾਬੀਆਂ ਦੇ ਦੁੱਖ ਦੀ ਤਰਜਮਾਨੀ ਕੀਤੀ ਜਦ ਉਸਨੇ ਦੇਸ਼ ਦੀ ਵੰਡ ਤੋਂ ਬਾਅਦ ਇਹ ਕਵਿਤਾ ਲਿਖੀ-
ਇਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ....
ਪੰਜਾਬ ਵਿਚ ਲਿਖਣ ਵਾਲੇ ਸਿੱਖਾਂ ਨੇ ਸਿਰਫ ਕਵਿਤਾਵਾਂ ਹੀ ਨਹੀਂ ਲਿਖੀਆਂ ਬਲਕਿ ਸਾਹਿਤ ਦੀ ਹਰ ਵਿਦਿਆ 'ਤੇ ਹੱਥ ਅਜ਼ਮਾਇਆ ਤੇ ਭਾਸ਼ਾ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਅੰਮ੍ਰਿਤਾ ਪ੍ਰੀਤਮ ਨੇ ਸਿਰਫ ਕਾਵਿ ਉਡਾਰੀਆਂ ਹੀ ਨਹੀਂ ਮਾਰੀਆਂ ਬਲਕਿ ਗੱਦ ਵਿਚ ਵੀ ਬਹੁਤ ਲਿਖਿਆ। ਪਿੰਜਰ ਫਿਲਮ ਉਸਦੇ ਨਾਵਲ ਦੇ ਆਧਾਰ 'ਤੇ ਹੀ ਬਣਾਈ ਗਈ ਸੀ। ਆਪਣੀ ਆਤਮਾ ਕਥਾ 'ਰਸੀਦੀ ਟਿਕਟ' ਲਈ ਉਸ ਨੂੰ 1982 ਵਿਚ ਗਿਆਨਪੀਠ ਨਾਲ ਸਨਮਾਨਿਤ ਕੀਤਾ ਗਿਆ ਸੀ।
ਸ੍ਰ. ਨਾਨਕ ਸਿੰਘ ਪੰਜਾਬੀ ਨਾਵਲ ਦੇ ਮੋਢੀ ਸਨ। ਆਪ ਦੇ ਕਈ ਨਾਵਲਾਂ ਨੂੰ ਆਧਾਰ ਬਣਾ ਕੇ ਫਿਲਮਾਂ ਬਣਾਈਆਂ ਗਈਆਂ ਹਨ ਜਿਵੇਂ ਪਵਿੱਤਰ ਪਾਪੀ। ਹੋਰ ਵੀ ਕਈ ਸਿੱਖ ਲੇਖਕਾਂ ਨੇ ਪੰਜਾਬੀ ਵਿਚ ਨਾਵਲ ਲਿਖੇ ਜਿਨ੍ਹਾਂ ਚਿ 1999 ਦੇ ਗਿਆਨਪੀਠ ਵਿਜੇਤਾ ਸ੍ਰ. ਗੁਰਦਿਆਲ ਸਿੰਘ ਵੀ ਸ਼ਾਮਿਲ ਸਨ।
ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਕਹਾਣੀ ਲਿਖਣ ਵਿਚ ਮੋਢੀ ਨਾਮ ਹੈ। ਉਸ ਦੀਆਂ ਅਨੇਕਾਂ ਕਹਾਣੀਆਂ ਪੰਜਾਬੀ ਸਾਹਿਤ ਦਾ ਸ਼ਿੰਗਾਰ ਹਨ। ਬਹੁਤ ਸਾਰੇ ਸਿੱਖ ਪੰਜਾਬੀ ਲੇਖਕਾਂ ਨੇ ਹਿੰਦੀ, ਅੰਗਰੇਜ਼ੀ ਤੇ ਉਰਦੂ, ਵਿਚ ਲਿਖ ਕੇ ਵੀ ਨਾਮ ਕਮਾਇਆ ਹੈ। ਰਾਜਿੰਦਰ ਸਿੰਘ ਬੇਦੀ ਉਰਦੂ ਦੇ ਚੰਗੇ ਲੇਖਕ ਸਨ। ਉਨ੍ਹਾਂ ਦੀਆਂ ਕਹਾਣੀਆਂ ਜਿਵੇਂ ਭੋਲਾ, ਗਰਮ ਕੋਟ ਆਦਿ ਬਹੁਤ ਮਸ਼ਹੂਰ ਹਨ। ਉਹ ਫਿਲਮਾਂ ਲਈ ਵੀ ਲਿਖਦੇ ਸਨ (ਜਿਵੇਂ ਅਨੁਪਮਾ, ਮਿਰਜ਼ਾ ਗਾਲਿਬ) ਹਿੰਦੀ ਵਿਚ ਕਰਤਾਰ ਸਿੰਘ ਦੁੱਗਲ, ਡਾ. ਮਹੀਪ ਸਿੰਘ ਤੇ ਡਾ. ਹਰਭਜਨ ਸਿੰਘ ਜਾਣੇ ਪਹਿਚਾਣੇ ਨਾਮ ਹਨ। ਦੁੱਗਲ ਸਾਹਿਬ ਦਾ ਹਿੰਦੀ ਨਾਵਲ 'ਅਬ ਨਾ ਬਸੂ ਇਹ ਗਾਂਉ' ਭਾਰਤ ਤੇ ਪਾਕਿਸਤਾਨ ਦੋਨੋਂ ਜਗ੍ਹਾ ਬਹੁਤ ਮਸ਼ਹੂਰ ਹੋਇਆ। ਦੇਸ਼ ਦੇ ਬਟਵਾਰੇ ਦੀ ਝਾਕੀ ਪੇਸ਼ ਕਰ ਕੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਦਿਲ ਨੂੰ ਛੂਹ ਲਿਆ ਸੀ। ਮਹੀਪ ਸਿੰਘ ਤੇ ਹਰਭਜਨ ਸਿੰਘ ਦੋਵਾਂ ਨੂੰ ਸਰਸਵਤੀ ਅਵਾਰਡ ਮਿਲ ਚੁੱਕਾ ਹੈ।
ਅੰਗਰੇਜ਼ੀ ਵਿਚ ਵੀ ਕਈ ਸਿੱਖਾਂ ਨੇ ਲਿਖਿਆ ਹੈ ਤੇ ਲਿਖ ਰਹੇ ਹਨ। ਖੁਸ਼ਵੰਤ ਸਿੰਘ ਦਾ ਨਾਂ ਸਾਰੀ ਦੁਨੀਆਂ ਜਾਣਦੀ ਹੈ। ਉਸਨੇ 'ਟਰੇਨ ਟੂ ਪਾਕਿਸਤਾਨ' ਨਾਵਲ ਲਿਖ ਕੇ ਦੇਸ਼ ਦੇ ਬਟਵਾਰੇ ਦੇ ਦੁੱਖ ਬਾਰੇ ਆਪਣੇ ਭਾਵ ਪ੍ਰਗਟਾਏ ਸਨ। ਖੁਸ਼ਵੰਤ ਸਿੰਘ ਨੇ ਹਿਸਟਰੀ ਔਫ ਸਿਖਸ ਤੇ ਸਿੱਖਾਂ ਬਾਰੇ ਕਈ ਲੇਖ ਤੇ ਬਾਣੀਆਂ ਦੇ ਅਨੁਵਾਦ ਕਰ ਕੇ ਸਿੱਖ ਸਾਹਿਤ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ। ਅੰਗਰੇਜ਼ੀ ਵਿਚ ਸਿੱਖਾਂ ਬਾਰੇ ਲਿਖਣ ਵਾਲੇ ਪਹਿਲੇ ਸਿੱਖ ਵਿਦਵਾਨ ਸਨ। ਪ੍ਰੋ. ਪੂਰਨ ਸਿੰਘ ਉਨ੍ਹਾਂ ਦੀਆਂ ਪੁਸਤਕਾਂ 'ਦ ਟੈਨ ਮਾਸਟਰ' ਤੇ 'ਸਪਿਰਿਟ ਬੋਰਨ ਪੀਪਲ' ਸਿੱਖ ਧਰਮ ਬਾਰੇ ਅੰਗਰੇਜ਼ੀ ਵਿਚ ਉਤਮ ਪੁਸਤਕਾਂ ਹਨ। |
(7) Question:- |
ਐਸੇ ਕੁਝ ਅਦਾਰਿਆਂ/ਸੰਸਥਾਵਾਂ ਦਾ ਜ਼ਿਕਰ ਕਰੋ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਵੱਢਮੁੱਲਾ ਯੋਗਦਾਨ ਪਾਇਆ ਹੋਵੇ। |
Answer:- |
ਭਾਵੇਂ ਸਿੱਖ ਧਰਮ ਦਾ ਪ੍ਰਚਾਰ ਤੇ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਪਸਾਰ ਉਸ ਹੱਦ ਤੱਕ ਨਹੀਂ ਹੋਇਆ, ਜਿੰਨਾ ਹੋਣਾ ਚਾਹੀਦਾ ਸੀ, ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਪੱਖੋਂ ਕੋਈ ਕੰਮ ਨਹੀਂ ਹੋਇਆ। ਇਸ ਵੇਲੇ ਦੇਸ਼ ਵਿਦੇਸ਼ ਵਿਚ ਬਹੁਤ ਸਾਰੇ ਅਦਾਰੇ, ਸੰਸਥਾਵਾਂ ਤੇ ਵਿਅਕਤੀ ਇਸ ਪੱਖੋਂ ਕੰਮ ਕਰ ਰਹੇ ਹਨ। ਉਨ੍ਹਾਂ ਦਾ ਯੋਗਦਾਨ ਥੋੜ੍ਹਾ ਹੈ ਜਾਂ ਬਹੁਤਾ, ਇਸ ਬਾਰੇ ਬਹੁਤ ਛੇਤੀ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਹਰ ਕੰਮ ਦਾ ਪ੍ਰਭਾਵ ਹੌਲੀ-ਹੌਲੀ ਦੇਖਣ ਨੂੰ ਮਿਲਦਾ ਹੈ ਤੇ ਕਈ ਵਾਰ ਤਾਂ ਕਈ ਸਾਲ ਲੱਗ ਜਾਂਦੇ ਹਨ, ਲੁੜੀਂਦਾ ਪ੍ਰਭਾਵ ਪਾਉਣ ਲਈ। ਜਿੱਥੇ ਸਿੱਖ ਧਰਮ ਦੇ ਪ੍ਰਚਾਰ ਲਈ ਕਈ ਢੰਗ ਵਰਤੇ ਗਏ ਹਨ ਜਿਵੇਂ ਕਿ ਕੀਰਤਨ ਦਰਬਾਰ, ਕਥਾ ਵਿਚਾਰ, ਕੈਂਪ ਲਗਾ ਕੇ, ਜਲਸੇ, ਜਲੂਸ, ਸੈਮੀਨਾਰ ਆਦਿ ਕਰਵਾ ਕੇ, ਉਥੇ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਕਈ ਤਰ੍ਹਾਂ ਦੇ ਉਦਮ ਕੀਤੇ ਗਏ ਹਨ। ਪੰਜਾਬ ਤੋਂ ਬਾਹਰ ਤੇ ਖਾਸ ਕਰਕੇ ਵਿਦੇਸ਼ਾਂ ਵਿਚ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੇ ਉਪਰਾਲੇ ਕੀਤੇ ਗਏ ਹਨ। ਆਉਣ ਵਾਲੀ ਪੀੜੀ ਨੂੰ ਧਰਮ ਨਾਲ ਜੋੜਨ ਲਈ ਆਧੁਨਿਕ ਮੀਡੀਆ ਤਕਨੀਕਾਂ ਵੀ ਵਰਤੀਆਂ ਗਈਆਂ ਹਨ। ਜਿਥੇ ਸਾਡੇ ਦੇਸ਼ ਵਿਚ ਇਸ ਪੱਖੋਂ ਕਈ ਫਿਲਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿਚ ਕੇਸਾਂ ਦੀ ਮਹੱਤਤਾ ਤੇ ਬਣੀ ਫੀਚਰ ਫਿਲਮ 'ਖਾਲਸਾ ਮਰੋ ਰੂਪ ਹੈ ਖਾਸ' ਤੇ ਧਾਰਮਿਕ ਫਿਲਮਾਂ ਜਿਵੇਂ ਕਿ 'ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ' ਆਦਿ ਸ਼ਾਮਲ ਹਨ, ਉਥੇ ਹੀ ਮੰਗਲ ਢਿੱਲੋਂ ਦੁਆਰਾ ਬਣਾਈਆਂ ਗਈਆਂ ਡਾਕੁਮੈਂਟਰੀ ਫਿਲਮ ਇਸ ਪੱਖੋਂ ਲਾਹੇਵੰਦ ਸਾਬਤ ਹੋਈਆਂ ਹਨ। ਪਿੱਛੇ ਜਿਹੇ ਉਨ੍ਹਾਂ ਦੁਆਰਾ ਬਣਾਈ ਗਈ ਇਕ ਐਸੀ ਫਿਲਮ ਰਿਲੀਜ਼ ਕੀਤੀ ਗਈ ਹੈ ਜੋ 'ਸਰਬ ਰੋਗ ਕਾ ਅਉਖਧ ਨਾਮ' ਦੇ ਗੁਰਮਤਿ ਭਾਵ ਨੂੰ ਦ੍ਰਿੜ ਕਰਦੀ ਹੈ। ਵਿਦੇਸ਼ਾਂ ਵਿਚ ਵੀ ਬਹੁਤ ਖੂਬਸੂਰਤ ਫਿਲਮਾਂ ਜਿਵੇਂ ਕਿ 'ਸੰਨੀ ਦ ਪਰਾਉਡ ਸਿੱਖ', 'ਰਾਈਜ਼ ਆਫ ਖਾਲਸਾ' ਆਦਿ ਸ਼ਾਮਿਲ ਹਨ, ਬਣਾਈਆਂ ਗਈਆਂ ਹਨ। ਅਮਰੀਕਾ ਵਿਚ ਤਾਂ ਸਿੱਖ ਧਰਮ ਨਾਲ ਸੰਬੰਧਿਤ ਫਿਲਮਾਂ ਦਾ ਸਾਲਾਨਾ ਮੇਲਾ ਵੀ ਲੱਗਦਾ ਹੈ ਜਿਸ ਵਿਚ ਚੰਗੀਆਂ ਫਿਲਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਨੇਕ ਸੰਸਥਾਵਾਂ ਧਾਰਮਿਕ ਕੈਂਪ ਵੀ ਲਗਾ ਰਹੀਆਂ ਹਨ। ਦਸਤਾਰ ਸਜਾਉਣ ਦੇ ਮੁਕਾਬਲੇ, ਕੀਰਤਨ ਕਵੀਸ਼ਰੀ ਦੇ ਮੁਕਾਬਲੇ, ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਤੇ ਗਤਕੇ ਦੇ ਮੁਕਾਬਲੇ ਕਰਵਾਉਣ ਦਾ ਰੁਝਾਨ ਵੀ ਵਧੇ ਹਨ। ਬੱਚਿਆਂ ਨੂੰ ਬਾਣੀ ਕੰਠ ਕਰਾਉਣ ਲਈ ਤੇ ਸ਼ੁਧ ਪਾਠ ਕਰਨ ਲਈ ਪ੍ਰੇਰਿਤ ਵਜੋਂ ਵੀ ਉਦਮ ਕੀਤੇ ਗਏ ਹਨ। ਭਾਈ ਗੁਰਇਕਬਾਲ ਸਿੰਘ ਜੀ (ਜੋ ਬਹੁਤ ਹੀ ਹਰਮਨ ਪਿਆਰੇ ਕੀਰਤਨੀਏ ਹਨ) ਨੇ ਅੱਜ-ਕਲ੍ਹ ਬੱਚਿਆਂ ਵਿਚ ਬਾਣੀ ਕੰਠ ਕਰਕੇ ਮੁਕਾਬਲੇ ਕਰਨ ਦਾ ਢੰਗ ਅਪਣਾਇਆ ਹੈ ਜੋ ਬਹੁਤ ਪ੍ਰਸਿੱਧ ਹੋਇਆ ਹੈ। ਕਈ ਟੀ.ਵੀ. ਚੈਨਲ ਵੀ ਐਸੇ ਪ੍ਰੋਗਰਾਮ ਦਿਖਾ ਰਹੇ ਹਨ ਜਿਨਾਂ ਕਰਕੇ ਸਿੱਖ ਧਰਮ ਦੀ ਜਾਣਕਾਰੀ ਵਧਦੀ ਹੈ। ਜਿੱਥੇ ਪੀ.ਟੀ.ਸੀ. ਚੈਨਲ ਬੜੂ ਸਾਹਿਬ ਦੁਆਰਾ ਬੱਚਿਆਂ ਦੁਆਰਾ ਸਹਿਜ ਪਾਠ ਦਾ ਪ੍ਰੋਗਰਾਮ ਦਿਖਾ ਰਿਹਾ ਹੈ ਉਥੇ ਹੀ ਪਿੱਛੇ ਜਿਹੇ ਇਕ ਚੈਨਲ ਨੇ ਕੀਰਤਨ ਦਾ ਮੁਕਾਬਲਾ 'ਭਲੋ ਭਲੋ ਰੇ ਕੀਰਤਨੀਆ' ਦਿਖਾਇਆ ਸੀ। ਸ੍ਰੀ ਹਰਿਮੰਦਰ ਸਾਹਿਬ ਤੋਂ ਦੋਵੇਂ ਵੇਲੇ ਦਾ ਕੀਰਤਨ, ਹੁਕਮਨਾਮਾ ਤੇ ਕਈ ਕਥਾਵਾਚਕਾਂ ਦੁਆਰਾ ਕਥਾ ਤੇ ਵਖਿਆਨ ਦੇ ਪ੍ਰੋਗਰਾਮ ਜੋ ਅਲੱਗ-ਅਲੱਗ ਟੀ.ਵੀ. ਚੈਨਲਾਂ 'ਤੇ ਆਉਂਦੇ ਹਨ, ਬਹੁਤ ਹਰਮਨ ਪਿਆਰੇ ਹਨ। ਜਿੱਥੇ ਦਿੱਲੀ ਦੇ ਗੁ. ਸੀਸ ਗੰਜ ਸਾਹਿਬ ਤੇ ਗੁ: ਬੰਗਲਾ ਸਾਹਿਬ ਦੇ ਪ੍ਰੋਗਰਾਮ ਕੁਝ ਚੈਨਲ ਦਿਖਾ ਰਹੇ ਹਨ ਉਥੇ ਹੋਰ ਕਈ ਸ਼ਹਿਰਾਂ ਵਿਚ ਲੋਕਲ ਚੈਨਲ ਉਥੋਂ ਦੇ ਗੁਰਦੁਆਰਿਆਂ ਦੇ ਰੋਜ਼ ਦੀ ਮਰਿਆਦਾ ਦੇ ਪ੍ਰੋਗਰਾਮ ਦਿਖਾਉਂਦੇ ਹਨ। ਕਿਉਂਕਿ ਇਸ ਵੇਲੇ ਸਿੱਖ ਧਰਮ ਵਿਚ ਕਈ ਐਸੀਆਂ ਬਿਮਾਰੀਆਂ ਘਰ ਕਰ ਗਈਆਂ ਹਨ ਜਿਨ੍ਹਾਂ ਨੂੰ ਦੂਰ ਕੀਤੇ ਬਿਨਾਂ ਸਾਡੇ ਧਰਮ ਤੇ ਸਾਡੀ ਭਾਸ਼ਾ ਦਾ ਪ੍ਰਚਾਰ ਨਹੀਂ ਹੋ ਸਕਦਾ, ਇਹ ਜ਼ਰੂਰੀ ਹੈ ਕਿ ਮੀਡੀਆ ਦੇ ਨਾਲ-ਨਾਲ ਐਸਾ ਸਾਹਿਤ ਵੀ ਰਚਿਆ ਤੇ ਛਾਪਿਆ ਜਾਵੇ ਜੋ ਲੋਕਾਂ ਨੂੰ ਪ੍ਰਭਾਵਿਤ ਕਰ ਸਕੇ। ਆਪਣੇ ਨਾਮ ਨਾਲ ਸਿੰਘ ਤੇ ਕੌਰ ਨਾ ਲਗਾਉਣਾ, ਪੰਜਾਬੀ ਨੂੰ ਛੱਡ ਕੇ ਦੂਜੀਆਂ ਭਾਸ਼ਾਵਾਂ ਬੋਲਣ ਨੂੰ ਆਕਰਸ਼ਿਤ ਹੋਣਾ, ਕੇਸਾਂ ਤੇ ਰੋਮਾਂ ਦੀ ਬੇਅਦਬੀ ਕਰਨੀ, ਨਸ਼ੇ ਕਰਨੇ, ਆਪਣੇ ਸਭਿਆਚਾਰ ਤੇ ਵਾਤਾਵਰਨ ਨੂੰ ਦੁਸ਼ਿਤ ਕਰਨਾ, ਇਹ ਸਭ ਬੁਰਾਈਆਂ ਚੰਗਾ ਸਾਹਿਤ ਛਾਪ ਕੇ ਹੀ ਦੂਰ ਕੀਤੀਆਂ ਜਾ ਸਕਦੀਆਂ ਹਨ। ਸਿਰਫ ਸਾਹਿਤ ਛਾਪਣਾ ਹੀ ਜ਼ਰੂਰੀ ਨਹੀਂ, ਉਸਨੂੰ ਲੋਕਾਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ। ਬਹੁਤ ਸਾਰਾ ਛਪਿਆ ਹੋਇਆ ਸਾਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਿਆ ਹੈ। ਜ਼ਰੂਰਤ ਹੈ ਉਸ ਨੂੰ ਮੁਫਤ ਵੰਡਣ ਦੀ। ਸਿਰਫ਼ ਸਿੱਖਾਂ ਵਿਚ ਹੀ ਨਹੀਂ ਬਲਕਿ ਸਾਰੇ ਲੋਕਾਂ ਵਿਚ, ਸਾਰੀ ਦੁਨੀਆਂ ਵਿਚ ਸਾਡੀ ਭਾਸ਼ਾ ਤੇ ਸਾਡੇ ਧਰਮ ਦੀ ਮਹੱਤਤਾ ਤੇ ਮਹਾਨਤਾ ਬਾਰੇ ਪਤਾ ਲੱਗ ਸਕੇ। ਇਸ ਪੱਖੋਂ ਸਾਡੇ ਵਿਦਿਆਕ ਅਦਾਰੇ ਤੇ ਯੂਨੀਵਰਸਿਟੀਆਂ ਬਹੁਤ ਮਹੱਤਵਪੂਰਨ ਕੰਮ ਕਰ ਸਕਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਬਣਾਉਣ ਵੇਲੇ ਇਹ ਮੁੱਖ ਟੀਚੇ ਰੱਖੇ ਗਏ ਹਨ।
ਜਦ ਤੋਂ ਪੰਜਾਬੀ ਯੂਨੀਵਰਸਿਟੀ (1962) ਹੋਂਦ ਵਿਚ ਆਈ ਹੈ ਤਦ ਤੋਂ ਪੰਜਾਬੀ ਭਾਸ਼ਾ ਤੇ ਸਾਹਿਤ ਤੇ ਨਤੀਜੇ ਵਜੋਂ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਕਾਫੀ ਕੁਝ ਛਾਪਿਆ ਗਿਆ ਹੈ। ਸ੍ਰ. ਹਰਬੰਸ ਸਿੰਘ ਦੇ ਦੇਖ ਰੇਖ ਵਿਚ ਤਿਆਰ ਕੀਤਾ 'ਐਨਸਾਕੋਲਪਿਡੀ ਔਫ ਸਿੱਖਇਜ਼ਮ, ਯੂਨੀਵਰਸਿਟੀ ਦੀ ਸਭ ਤੋਂ ਵੱਡੀ ਦੇਣ ਹੈ। ਇਸ ਨੂੰ ਮੁਕੰਮਲ ਕਰਦੇ ਰਹਿਣ ਲਈ ਹਾਲੇ ਭੀ ਡਾ. ਜੋਧ ਸਿੰਘ ਦੀ ਦੇਖ ਰੇਖ ਵਿਚ ਕੰਮ ਜਾਰੀ ਹੈ। ਇਹ ਹੀ ਨਹੀਂ ਯੂਨੀਵਰਸਿਟੀ ਨੇ ਭਾਈ ਕਾਹਨ ਸਿੰਘ ਨਾਭਾ ਦੇ 'ਮਹਾਨ ਕੋਸ਼' ਦਾ ਵੀ ਅੰਗਰੇਜ਼ੀ ਵਿਚ ਅਨੁਵਾਦ ਦਾ ਕੰਮ ਸ਼ੁਰੂ ਕੀਤਾ ਹੈ ਤੇ ਇਸ ਦਾ ਇਕ ਉਤਾਰਾ ਛਪ ਚੁੱਕਾ ਹੈ ਤੇ ਦੂਜਾ ਤਿਆਰ ਹੈ। ਪੰਜਾਬੀ ਵਿਚ ਪਹਿਲੇ ਪਿਆਰਾ ਸਿੰਘ ਪਦਮ ਦਾ 'ਗੁਰੂ ਗ੍ਰੰਥ ਵਿਚਾਰ ਕੋਸ਼' ਛਾਪਿਆ ਗਿਆ ਸੀ ਤੇ ਬਾਅਦ ਵਿਚ ਡਾ. ਰਤਨ ਸਿੰਘ ਜੱਗੀ ਦਾ 'ਗੁਰੂ ਗ੍ਰੰਥ ਵਿਸ਼ਕੋਸ਼' (2 ਭਾਗ) ਤੇ 'ਸਿੱਖ ਪੰਥ ਵਿਸ਼ਵਕੋਸ਼' (2 ਭਾਗ) ਛਾਪੇ ਗਏ। ਇਹ ਵਿਸ਼ਵਕੋਸ਼ ਪੰਜਾਬੀ ਭਾਸ਼ਾ ਵਿਚ ਲਿਖੀਆਂ ਅਨਮੋਲ ਪੁਸਤਕਾਂ ਹਨ। ਇਨ੍ਹਾਂ ਨਾਲ ਜਿਥੇ ਭਾਸ਼ਾ ਦਾ ਵਿਕਾਸ ਹੋਇਆ ਤੇ ਉਥੇ ਸਿੱਖ ਧਰਮ ਤੇ ਪੰਥ ਬਾਰੇ ਬੜੀ ਲਾਹੇਵੰਦ ਜਾਣਕਾਰੀ ਮਿਲੀ ਹੈ।
1969 ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ 500ਵੀ ਵਰ੍ਹੇ ਗੰਢ ਦੇ ਮੌਕੇ 'ਤੇ ਹੋਂਦ ਵਿਚ ਆਉਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਪੰਜਾਬੀ ਭਾਸ਼ਾ ਤੇ ਸਿੱਖ ਧਰਮ ਦੇ ਪ੍ਰਚਾਰ ਨਹੀ ਕੰਮ ਕਰ ਰਹੀ ਹੈ। ਉਨ੍ਹਾਂ ਦੁਆਰਾ ਅਨੇਕਾਂ ਪੁਸਤਕਾਂ ਇਸ ਪੱਖੋਂ ਛਾਪੀਆਂ ਗਈਆਂ ਹਨ, ਜਿਨ੍ਹਾਂ ਵਿਚ ਸ੍ਰ. ਸੰਤ ਸਿੰਘ ਤਤਲੇ ਦੁਆਰਾ ਤਿਆਰ ਕੀਤਾ 'ਗੁਰਬਾਣੀ ਤੱਤ ਸਾਗਰ' (6 ਭਾਗ) ਬਹੁਤ ਮਹੱਤਵਪੂਰਨ ਹੈ। ਹਾਲ ਹੀ ਵਿਚ ਪੰਜਾਬ ਸਰਕਾਰ ਨੇ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਸਿੱਖ ਯੂਨੀਵਰਸਿਟੀ ਸ਼ੁਰੂ ਕਰਨ ਦਾ ਟੀਚਾ ਲਿਆ ਹੈ ਤੇ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਹੋ ਰਿਹਾ ਹੈ। ਸਰਕਾਰ ਨੇ ਹੁਣ ਕਾਨੂੰਨ ਬਣਾ ਕੇ ਪੰਜਾਬ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣੀ ਲਾਜ਼ਮੀ ਕਰ ਦਿੱਤੀ ਹੈ ਤੇ ਨਾਲ ਹੀ ਸਰਕਾਰੀ ਕੰਮ-ਕਾਜ ਵੀ ਪੰਜਾਬੀ ਵਿਚ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਸਾਰੇ ਕਦਮ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ ਵੱਲ ਲੋਕਾਂ ਦਾ ਜ਼ਿਆਦਾ ਧਿਆਨ ਖਿੱਚਣਗੇ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਫਿਰ ਇਸ ਭਾਸ਼ਾ ਵਿਚ ਹੋਰ ਵੀ ਜ਼ਿਆਦਾ ਲਿਖਿਆ ਜਾਵੇਗਾ।
ਯੂਨੀਵਰਸਿਟੀ ਤੋਂ ਇਲਾਵਾ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਹਨ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਵੱਡੀ ਪੱਧਰ ਤੇ ਕੰਮ ਕਰ ਰਹੀਆਂ ਹਨ, ਜਿਵੇਂ ਭਾਸ਼ਾ ਵਿਭਾਗ ਪੰਜਾਬ, ਭਾਈ ਵੀਰ ਸਿੰਘ, ਸਾਹਿਤ ਸਦਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਕਈ ਜਗ੍ਹਾ ਸਥਿਤ ਮਿਸ਼ਨਰੀ ਕਾਲਜ ਤੇ ਅਲੱਗ ਸ਼ਬਦ ਯੱਗ ਇੰਟਰਨੈਸ਼ਨਲ। ਇਨ੍ਹਾਂ ਸਾਰਿਆਂ ਨੇ ਬਹੁਤ ਸਾਰਾ ਸਾਹਿਤ ਛਾਪਿਆ ਹੈ ਜੋ ਇਸ ਪੱਖੋਂ ਲਾਹੇਵੰਦ ਸਾਬਤ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਾਫੀ ਧਾਰਮਿਕ ਸਾਹਿਤ ਛਾਪਿਆ ਹੈ ਤੇ ਕਈ ਸਕੂਲ ਕਾਲਜ ਤੇ ਟ੍ਰੇਨਿੰਗ ਇੰਸਟੀਚੂਟ ਖੋਲ੍ਹੇ ਹਨ। ਚੀਫ਼ ਖਾਲਸਾ ਦੀਵਾਨ ਵਲੋਂ ਵੀ ਕਈ ਸਕੂਲ ਚਲਾਏ ਜਾ ਰਹੇ ਹਨ।
ਵਿਦਿਆ ਦੇ ਪ੍ਰਸਾਰ ਵਿਚ ਜੋ ਸੇਵਾ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਹੈ, ਉਹ ਕਾਬੀਲੇ ਤਾਰੀਫ ਹੈ। ਇਹ ਟਰੱਸਟ 1965 ਵਿਚ ਸਥਾਪਿਤ ਕੀਤਾ ਗਿਆ ਸੀ। ਬੜੂ ਸਾਹਿਬ ਹਿਮਾਚਲ ਵਿਚ ਇਕ ਪਿੰਡ ਹੈ, ਜਿਸ ਧਰਤੀ ਨੂੰ ਸੰਤ ਤੇਜਾ ਸਿੰਘ ਜੀ ਨੇ ਬੜੂ ਸਾਹਿਬ ਵਿਖੇ ਸੰਤ ਅਤਰ ਸਿੰਘ ਜੀ ਦੇ ਆਸ਼ੇ ਅਨੁਸਾਰ ਇਸ ਦੀ ਅਧਿਆਤਮਿਕ ਮਹੱਤਤਾ ਨੂੰ ਮੁੱਖ ਰੱਖ ਕੇ, ਬੱਚਿਆਂ ਨੂੰ ਆਧੁਨਿਕ ਤੇ ਅਧਿਆਤਮਿਕ ਸਿੱਖਿਆ ਦੇਣ ਲਈ ਚੁਣਿਆ। ਆਪ ਨੇ 1956 ਵਿਚ 400 ਏਕੜ ਦਾ ਇਹ ਪਿੰਡ ਖਰੀਦ ਕੇ ਇਥੇ ਗੁਰਦੁਆਰਾ ਬਣਾਇਆ ਤੇ ਫਿਰ ਅਕੈਡਮੀ ਸ਼ੁਰੂ ਕੀਤੀ। ਅੱਜ ਇਸ ਅਕੈਡਮੀ ਵਿਚ ਬੱਚੇ ਦੇਸ਼ ਵਿਦੇਸ਼ ਤੋਂ ਆ ਕੇ ਇਥੇ ਉੱਚ ਦਰਜੇ ਦੀ ਸਿਖਿਆ ਪਾ੍ਰਪਤ ਕਰ ਰਹੇ ਹਨ। ਉਹ ਗੁਰਮਤਿ ਅਨੁਸਾਰ ਰਹਿੰਦੇ ਹਨ, ਭਾਵ ਕਿ ਸਵੇਰੇ ਸ਼ਾਮ ਮਰਿਯਾਦਾ ਅਨੁਸਾਰ ਨਿਤਨੇਮ ਕਰਦੇ ਹਨ, ਸੇਵਾ ਦੇ ਕੰਮਾਂ ਵਿਚ ਹੱਥ ਵਟਾਉਂਦੇ ਹਨ ਤੇ ਆਪਣੀ ਪੜ੍ਹਾਈ ਤੋਂ ਸਮਾਂ ਬਚਾ ਕੇ ਗਤਕਾ, ਸ਼ਬਦ ਕੀਰਤਨ ਤੇ ਸ਼ੁੱਧ ਪਾਠ ਕਰਨਾ ਸਿੱਖਦੇ ਹਨ। ਵਿਦਿਆ ਤੇ ਖੇਡਾਂ ਦੀ ਮਿਆਰ ਵੀ ਇਥੇ ਬਹੁਤ ਉੱਚਾ ਹੈ।
ਬਾਬਾ ਇਕਬਾਲ ਸਿੰਘ ਜੋ ਇਸ ਵੇਲੇ ਟਰੱਸਟ ਦੇ ਮੁੱਖੀ ਹਨ, ਵਿਦਿਆ ਦਾ ਚਾਨਣ ਫੈਲਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਆਪ ਨੇ ਪੰਜਾਬ, ਹਰਿਆਣਾ ਤੇ ਯੂ.ਪੀ. ਵਿਚ ਵੀ ਕਈ ਅਕੈਡਮੀਆਂ ਖੋਲ੍ਹੀਆਂ ਹਨ। ਉਨ੍ਹਾਂ ਦਾ ਟੀਚਾ 2010 ਤਕ 200 ਅਕੈਡਮੀਆਂ ਖੋਲ੍ਹਣ ਦਾ ਹੈ। ਇਹ ਹੀ ਨਹੀਂ ਬੜੂ ਸਾਹਿਬ ਵਿਚ 3 ਕਾਲਜ, ਇੰਜੀਨੀਅਰਿੰਗ, ਨਰਸਿੰਗ ਤੇ ਟੀਚਰ ਟ੍ਰੇਨਿੰਗ ਦੇ ਖੋਲ੍ਹ ਕੇ ਆਪ ਡੀਮਡ ਯੂਨੀਵਰਸਿਟੀ ਬਨਾਉਣਾ ਚਾਹੁੰਦੇ ਹਨ। ਇਹ ਅਕਾਲ ਯੂਨੀਵਰਸਿਟੀ ਪਹਿਲੀ ਸਿੱਖ ਯੂਨੀਵਰਸਿਟੀ ਹੋਵੇਗੀ ਜਿਸਨੂੰ ਇਹ ਸਟੇਟਸ ਮਿਲੇਗਾ। ਹਿਮਾਚਲ ਸਰਕਾਰ ਨੇ ਇਸ ਪੱਖੋਂ ਆਪਣੀ ਮੰਜੂਰੀ ਦੇ ਦਿੱਤੀ ਹੈ। ਕਲਗੀਧਰ ਟਰੱਸਟ ਮਾਨਵਤਾ ਦੇ ਭਲੇ ਲਈ ਕਈ ਪਰਉਪਕਾਰ, ਤੇ ਸੇਵਾ ਦੇ ਹੋਰ ਪ੍ਰੋਜੈਕਟ ਵੀ ਚਲਾ ਰਿਹਾ ਹੈ ਜਿਵੇਂ ਕਿ ਸੰਗੀਤ ਕਲਾ ਕੇਂਦਰ, ਯਤੀਮ ਖਾਨਾ, ਬਿਰਧ ਆਸ਼ਰਮ, ਵਿਧਵਾ ਤੇ ਬੇਸਹਾਰਾ ਔਰਤਾਂ ਲਈ ਆਸ਼ਰਮ ਤੇ 100 ਬਿਸਤਰਿਆਂ ਦਾ ਇਕ ਹਸਪਤਾਲ। ਬਾਬਾ ਇਕਬਾਲ ਸਿੰਘ ਜੀ ਇਕ ਚੰਗੇ ਲੇਖਕ ਵੀ ਹਨ। ਆਪ ਜੀ ਦੀ ਪੁਸਤਕ ਸਿੱਖ ਸਿਧਾਂਤ ਸਿੱਖ ਧਰਮ ਦੇ ਅਸੂਲਾਂ ਦੀ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਹੋਈ ਵਿਆਖਿਆ ਹੈ। ਆਪ ਜੀ ਨੇ ਅਨੇਕਾਂ ਸਿੱਖ ਧਰਮ ਦੇ ਕੈਂਪ ਦੇਸ਼-ਵਿਦੇਸ਼ ਵਿਚ ਲਗਾਏ ਹਨ। ਬਿਨਾਂ ਸ਼ੱਕ ਇਸ ਪੱਖੋਂ ਆਪ ਦੀ ਦੇਣ ਸ਼ਲਾਘਾ ਯੋਗ ਹੈ।
|
(8) Question:- |
ਸਿੱਖਾਂ ਨੇ ਵਿਦੇਸ਼ਾਂ ਵਿਚ ਵੀ ਹਰ ਖੇਤਰ ਵਿਚ ਨਾਂਮਣਾ ਖੱਟਿਆ ਹੈ, ਇਸ ਬਾਰੇ ਜਾਣਕਾਰੀ ਦਿਉ। |
Answer:- |
ਜਦ ਵੱਡੀਆਂ ਜੰਗਾਂ ਹੋਈਆਂ ਤਾਂ ਸਿੱਖ ਵਿਦੇਸ਼ ਵਿਚ ਲੜਨ ਲਈ ਭੇਜੇ ਗਏ। ਅੰਗਰੇਜ਼ਾਂ ਨੇ ਸਿੱਖਾਂ ਨੂੰ ਪੁਲਿਸ ਵਿਚ ਭਰਤੀ ਕਰ ਕੇ ਵੀ ਬਾਹਰ ਭੇਜਿਆ। ਵੈਸੇ ਪਹਿਲਾ ਸਿੱਖ ਜੋ ਵਿਦੇਸ਼ ਗਿਆ ਉਸ ਸੀ ਮਹਾਰਾਜਾ ਦਲੀਪ ਸਿੰਘ ਜਿਸ ਨੂੰ ਕਰਿਸ਼ਨਚ ਬਨਾਉਣ ਲਈ ਅੰਗਰੇਜ਼ ਇੰਗਲੈਂਡ ਲੈ ਗਏ ਸਨ, ਪਰ ਹੌਲੀ-ਹੌਲੀ ਜਦ ਸਿੱਖ ਬਾਹਰ ਵੱਸਣੇ ਸ਼ੁਰੂ ਹੋ ਗਏ ਤਾਂ ਉਨ੍ਹਾਂ ਨੇ ਉਥੇ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਅੱਜ ਦੁਨੀਆਂ ਦੇ ਕਈ ਦੇਸ਼ਾਂ ਵਿਚ ਉਹ ਰਾਜਨੀਤੀ ਵਿਚ ਉਭਰ ਕੇ ਉੱਤੇ ਆਏ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ ਤਾਂ ਤਿੰਨ ਪਗੜੀਧਾਰੀ ਸਿੱਖ ਹਨ ਜਿਨਾਂ ਵਿਚ ਸਭ ਤੋਂ ਪਹਿਲਾਂ ਆਉਣ ਵਾਲੇ ਸਨ ਸ੍ਰ. ਗੁਰਬਖਸ਼ ਸਿੰਘ ਮੱਲੀ। ਹਾਲ ਵਿਚ ਹੋਈਆਂ ਚੋਣਾਂ ਵਿਚ ਇਕ ਹੋਰ ਦਸਤਾਰਧਾਰੀ ਸਿੱਖ ਉੱਪਲ ਸਾਹਿਬ ਕੈਨੇਡੀਅਨ ਪਾਰਲੀਮੈਂਟ ਵਿਚ ਆਏ ਹਨ, ਭਾਵੇਂ ਅਮਰੀਕਨ ਪਾਰਲੀਮੈਂਟ ਵਿਚ ਕੋਈ ਸਿੱਖ ਨਹੀਂ ਹੈ ਪਰ ਰਾਜਨੀਤੀ ਵਿਚ ਕੁਝ ਸਿੱਖ ਉਥੇ ਵੀ ਹਨ। ਰਵੀ ਸਿੰਘ ਭਾਵੇਂ ਚੋਣ ਨਹੀਂ ਜਿੱਤ ਸਕਿਆ ਪਰ ਆਪਣੀ ਇੰਟਰਨੈਟ ਸੇਵਾ ਕੰਪਨੀ ਰਾਹੀਂ ਕਈ ਵੱਡੇ ਲੀਡਰਾਂ ਨੂੰ ਸਫਲਤਾ ਦਵਾ ਚੁੱਕਾ ਹੈ। ਉਹ ਚੋਣ ਪ੍ਰਚਾਰ ਕਰਨ ਲਈ ਐਨਾਂ ਮਸ਼ਹੂਰ ਹੈ ਕਿ ਹਰ ਲੀਡਰ ਉਸਦੀ ਸੇਵਾ ਲੈਣਾ ਚਾਹੁੰਦਾ ਹੈ। ਭਾਰਤ ਦੇ ਨੇਤਾਵਾਂ ਦਾ ਧਿਆਨ ਵੀ ਉਸ ਵੱਲ ਗਿਆ। ਕਰੀਬਨ 35 ਸਾਲ ਦੇ ਇਸ ਜਵਾਨ ਨੇ ਆਪਣੀ ਪੁਸਤਕ ਲੀਡਰਸ਼ਿਪ ਬਾਈ ਟਰਬਨ ਰਾਹੀਂ ਦਸਤਾਰ ਦੀ ਸ਼ਾਨ ਤੇ ਅਹਿਮਿਅਤ ਦਰਸਾਈ ਹੈ ਅਮਰੀਕਾ ਦਾ ਇਕ ਹੋਰ ਨੌਜਵਾਨ ਡਾ. ਚਰਨਜੀਤ ਸਿੰਘ ਕਥੂਰੀਆ ਨੇ ਸੀਨੈਟ ਲਈ ਚੋਣ ਲੜੀ ਸੀ ਤੇ ਨਵਦੀਪ ਸਿੰਘ ਬੈਂਸ ਵੀ ਲਿਬਰਲ ਪਾਰਟੀ ਦਾ ਜਾਣਿਆ ਪਹਿਚਾਣਿਆ ਚਿਹਰਾ ਹੈ ਇਹ ਸਭ ਲੋਕ ਸਿੱਖੀ ਸਰੂਪ ਵਿਚ ਹੀ ਰਾਜਨੀਤੀ ਵਿਚ ਅੱਗੇ ਵੱਧਣਾ ਚਾਹੁੰਦੇ ਹਨ। ਹੋਰ ਵੀ ਕਈ ਦੇਸ਼ਾਂ ਵਿਚ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੇ ਥਾਈਲੈਂਡ ਵਿਚ ਵੀ ਸਿੱਖ ਰਾਜਨੀਤੀ ਵਿਚ ਦਿਲਚਸਪੀ ਲੈ ਰਹੇ ਹਨ ਅਤੇ ਆਪਣੀ ਵਖਰੀ ਪਹਿਚਾਨ ਰੱਖਦੇ ਹੋਏ ਅੱਗੇ ਵੱਧ ਰਹੇ ਹਨ।
ਸਿਰਫ਼ ਰਾਜਨੀਤੀ ਹੀ ਨਹੀਂ ਸਮਾਜ ਦੇ ਹੋਰ ਖੇਤਰਾਂ ਵਿਚ ਵੀ ਸਿੱਖਾਂ ਨੇ ਬਹੁਤ ਨਾਮਣਾ ਖੱਟਿਆ ਹੈ। ਅਮਰੀਕਾ ਹੋਵੇ ਭਾਵੇਂ ਆਸਟ੍ਰੇਲੀਆ, ਸਿੱਖ ਸਭ ਤੋਂ ਅਮੀਰੀ ਕਿਸਾਨਾਂ ਵਿਚੋਂ ਹਨ। ਯੂਬਾ ਸਿਟੀ ਅਮਰੀਕਾ ਦੇ ਸਿੱਖ ਕਿਸਾਨ ਦੀਦਾਰ ਸਿਘ ਬੈਂਸ ਨੂੰ ਕੌਣ ਨਹੀਂ ਜਾਣਦਾ। ਇਸ ਤਰ੍ਹਾਂ ਹੀ ਆਸਟ੍ਰੇਲੀਆ ਵਿਚ ਸ੍ਰ. ਗਿਆਨ ਸਿੰਘ ਬੈਂਸ ਤੇ ਸ੍ਰ. ਪ੍ਰੇਮ ਸਿੰਘ ਬੈਂਸ ਮੰਨੇ ਪ੍ਰਮੰਨੇ ਕਿਸਾਨ ਹਨ। ਸ੍ਰ. ਦੀਦਾਰ ਸਿੰਘ ਬੈਂਸ ਕੋਲ 16000 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਤੇ ਉਹ ਅਮਰੀਕਾ ਵਿਚ ਸ਼ਾਇਦ ਸਭ ਤੋਂ ਅਮੀਰ ਕਿਸਾਨ ਹੈ। ਇਸੇ ਤਰ੍ਹਾਂ ਹੀ ਵਪਾਰ ਦੇ ਖੇਤਰ ਵਿਚ ਜੇ ਅਮਰੀਕਾ ਦੇ ਸ੍ਰ. ਸੰਤ ਸਿੰਘ ਛਤਵਾਲ ਅਨੇਕ ਹੋਟਲਾਂ ਦੇ ਮਾਲਕ ਹਨ ਤਾਂ ਸਿੰਗਾਪੁਰ ਵਿਚ ਰਹਿਣ ਵਾਲੇ ਕਰਤਾਰ ਸਿੰਘ ਠਕਰਾਲ ਵੀ, ਸਿੰਗਾਪੁਰ, ਮਲੇਸ਼ੀਆ, ਹਾਂਗਕਾਂਗ ਤੇ ਆਸਟ੍ਰੇਲੀਆ ਦੇ ਪ੍ਰਮੁੱਖ ਵਪਾਰੀਆਂ ਵਿਚੋਂ ਗਿਣੇ ਜਾਂਦੇ ਹਨ। ਆਪ ਦਾ ਇਲੈਕਟ੍ਰੋਨਿਕਸ ਤੇ ਕੱਪੜੇ ਦਾ ਵਪਾਰ ਦੁਨੀਆਂ ਦੇ ਹੋਰ ਵੀ ਕਈ ਦੇਸ਼ਾਂ ਵਿਚ ਹੈ, ਜਿਨ੍ਹਾਂ ਵਿਚ ਭਾਰਤ ਤੇ ਪਾਕਿਸਤਾਨ ਵੀ ਸ਼ਾਮਲ ਹਨ। ਇਸ ਤਰ੍ਹਾਂ ਹੀ ਅਨੇਕ ਸਿੱਖ ਜਿੱਥੇ ਵੱਡੇ-ਵੱਡੇ ਫਾਰਮ ਹਾਊਸਾਂ ਦੇ ਮਾਲਕ ਹਨ ਉਥੇ ਹੀ ਵਪਾਰ ਦੇ ਖੇਤਰ ਵਿਚ ਵੀ ਬਹੁਤ ਉੱਚਾ ਸਥਾਨ ਰੱਖਦੇ ਹਨ। ਜਦ ਰੁਬਿਨ ਸਿੰਘ ਨੇ ਛੋਟੀ ਜਿਹੀ ਉਮਰ ਵਿਚ ਵਪਾਰ ਦੇ ਖੇਤਰ ਵਿਚ ਕਰੋੜਪਤੀ ਬਣ ਕੇ ਦਿਖਾਇਆ ਤਾਂ ਸਾਰੀ ਦੁਨੀਆ ਦੰਗ ਰਹਿ ਗਈ। ਉਹ ਉਸ ਵੇਲੇ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ ਸੀ। ਪ੍ਰੋਫੈਸ਼ਨਲ ਖੇਤਰ ਵਿਚ ਵੀ ਸਿੱਖ ਬਾਹਰਲੇ ਦੇਸ਼ਾਂ ਵਿਚ ਸਭ ਤੋਂ ਵਧੀਆ ਇੰਜੀਨੀਅਰ, ਡਾਕਟਰ, ਚਾਰਟਰਡ ਐਕਾਊਂਟੈਂਟਸ, ਕੰਸਲਟੈਂਟਸ ਤੇ ਵਕੀਲ ਹਨ। ਜਦੋਂ ਸ੍ਰ. ਚੂੜ੍ਹ ਸਿੰਘ ਸਿੱਧੂ ਵਕਾਲਤ ਕਰਦੇ ਹੋਏ ਸਿੰਗਾਪੁਰ ਸੁਪਰੀਮ ਕੋਰਟ ਦੇ ਪਹਿਲੇ ਸਿੱਖ ਜੱਜ ਬਣੇ ਤਾਂ ਕਾਨੂੰਨ ਦੇ ਖੇਤਰ ਵਿਚ ਵੀ ਲੋਕਾਂ ਨੂੰ ਸਿੱਖਾਂ ਦੀ ਕਾਬਲੀਅਤ ਦਾ ਅਹਿਸਾਸ ਹੋਇਆ। ਬ੍ਰਿਟੇਨ ਵਿਚ ਸ੍ਰ. ਮੋਤਾ ਸਿੰਘ ਦਾ ਨਾਮ ਕਾਨੂੰਨ ਦੇ ਖੇਤਰ ਵਿਚ ਬਹੁਤ ਜਾਣਿਆ ਪਛਾਣਿਆ ਹੈ ਕਿਉਂਕਿ ਉਹ ਸਿਰਫ ਮਹਾਰਾਣੀ ਦੇ ਹੀ ਵਕੀਲ ਨਹੀਂ ਸਨ ਬਲਕਿ ਬ੍ਰਿਟਿਸ਼ ਸਰਕਿਟ ਕੋਰਟ ਦੇ ਜੱਜ ਵੀ ਬਣੇ। ਇਸ ਤਰ੍ਹਾਂ ਹੀ ਡਾ. ਪ੍ਰੀਤਮ ਸਿੰਘ ਤੇ ਸ੍ਰ. ਮਨਜੀਤ ਸਿੰਘ ਗਿੱਲ ਇੰਗਲੈਂਡ ਅਤੇ ਟੀ.ਸ਼ੇਰ ਸਿੰਘ ਕਨੇਡਾ ਵਿਚ ਮੰਨੇ-ਪ੍ਰਮੰਨੇ ਵਕੀਲਾਂ ਵਿਚੋਂ ਹਨ। ਜੇ ਇੰਜੀਨੀਅਰਾਂ ਦੀ ਗੱਲ ਕਰੀਏ ਤਾਂ ਸ੍ਰ. ਅਵਤਾਰ ਸਿੰਘ ਪਾਲ ਬਾਰੇ ਦੱਸਣਾ ਜ਼ਰੂਰੀ ਹੈ। ਉਨ੍ਹਾਂ ਨੇ ਭੁਚਾਲ ਤੋਂ ਬਚਾਉਣ ਲਈ ਐਸੀਆਂ ਬ੍ਰੇਕਾਂ ਤਿਆਰ ਕੀਤੀਆਂ (ਡੈਂਪਰ) ਕਿ ਉਨ੍ਹਾਂ ਦੀ ਤਕਨੀਕ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਉੱਚੀਆਂ ਅਤੇ ਮਹੱਤਵਪੂਰਨ ਇਮਾਰਤਾਂ ਲਈ ਵਰਤੀ ਗਈ। ਇਸ ਤਰ੍ਹਾਂ ਹੀ ਡਾ. ਮਨਿੰਦਰ ਸਿੰਘ ਕਪਾਨੀ (father of optics) ਵਿਗਿਆਨਕ ਹਨ ਤੇ ਚੰਗੇ ਮੂਰਤੀਕਾਰ ਤੇ ਕਲਾਕਾਰ ਵੀ ਹਨ। ਵਿਦੇਸ਼ਾਂ ਵਿਚ ਅਰਪਨਾ ਕੌਰ ਨੇ ਕਲਾਕਾਰ ਦੇ ਤੌਰ 'ਤੇ ਜੋ ਨਾਮ ਕਮਾਇਆ ਹੈ ਉਹ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਸੰਖੇਪ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਦੇਸ਼ਾਂ ਵਿਚ ਵੀ ਕੋਈ ਐਸਾ ਖੇਤਰ ਨਹੀਂ ਜਿੱਥੇ ਸਿੱਖਾਂ ਨੇ ਭਰਪੂਰ ਨਾਮ, ਸ਼ੋਹਰਤ ਤੇ ਧਨ ਨਾ ਕਮਾਇਆ ਹੋਵੇ।
|
(9) Question:- |
ਭਾਈ ਬਾਲਾ ਤੇ ਮਰਦਾਨਾ ਬਾਰੇ ਸੰਖੇਪ ਜਾਣਕਾਰੀ ਦਿਓ। |
Answer:- |
ਭਾਈ ਬਾਲਾ ਤੇ ਮਰਦਾਨਾ ਦੇ ਨਾਮ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਹੋਏ ਹਨ। ਸਿੱਖ ਰਵਾਇਤਾਂ ਅਨੁਸਾਰ ਦੋਨੋਂ ਭਾਈ ਬਾਲਾ ਤੇ ਮਰਦਾਨਾ ਗੁਰੂ ਜੀ ਨਾਲ ਉਹਨਾਂ ਦੀਆਂ ਉਦਾਸੀਆਂ ਦੇ ਦੌਰਾਨ ਗਏ ਸਨ। ਭਾਵੇਂ ਸਾਨੂੰ ਬਾਲਾ ਜੀ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਪੁਰਾਣੀਆ ਫੋਟੋਆਂ ਤੇ ਬਣਾਈਆਂ ਹੋਈਆਂ ਤਸਵੀਰਾਂ ਤੋਂ ਭਾਈ ਬਾਲਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਹੋਣਾ ਸਾਬਤ ਹੁੰਦਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪ੍ਰਸਿੱਧੀ ਤੇ ਵਿਦਵਾਨਾਂ ਦੀ ਉਸ ਤੇ ਨਿਰਭਰਤਾ ਵੀ ਭਾਈ ਬਾਲੇ ਦੀ ਹੋਂਦ ਦੇ ਸਬੂਤ ਹਨ। ਜਿਥੋਂ ਤਕ ਭਾਈ ਮਰਦਾਨਾ ਜੀ ਦਾ ਸਵਾਲ ਹੈ ਉਹ ਜਨਮ ਸਾਖੀਆਂ ਵਿਚ ਉਭਰ ਕੇ ਆਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਹਨਾਂ ਦੇ ਨਾਂ 'ਤੇ ੩ ਸ਼ਬਦ ਵੀ ਹਨ। ਕਿਹਾ ਜਾਂਦਾ ਹੈ ਕਿ ਆਪ ਜੀ ਦਾ ਜਨਮ ਵੀ ਰਾਏ ਭੋਇ ਦੀ ਤਲਵੰਡੀ ਵਿਚ ਹੀ ਗੁਰੂ ਨਾਨਕ ਜੀ ਦੇ ਜਨਮ ਤੋਂ ੧੦ ਸਾਲ ਪਹਿਲਾਂ ਹੋਇਆ ਸੀ। ਕਿਉਂਕਿ ਆਪ ਜੀ ਦੇ ਪਹਿਲੇ ੬ ਭੈਣ ਭਰਾ ਗੁਜ਼ਰ ਚੁੱਕੇ ਸਨ ਇਸ ਕਰਕੇ ਆਪ ਜੀ ਦੀ ਮਾਂ ਨੇ ਆਪ ਜੀ ਨੂੰ ਬਚਾਉਣ ਖਾਤਰ ਮਰ ਜਾਣਾ ਕਹਿਣਾ ਸ਼ੁਰੂ ਕਰ ਦਿੱਤਾ ਸੀ, ਪਰ ਜਦ ਉਸ ਪਰਿਵਾਰ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤਾਂ ਗੁਰੂ ਜੀ ਨੇ ਉਸ ਨੂੰ 'ਮਰ ਜਾਣਾ' ਦੀ ਥਾਂ 'ਮਰਦਾ-ਨਾ' ਦਾ ਨਾਮ ਦੇ ਦਿੱਤਾ। ਜਨਮ ਸਾਖੀਆਂ ਵਿਚ ਭਾਈ ਮਰਦਾਨਾ ਦੀ ਬੜੀ ਮਹੱਤਵਪੂਰਨ ਭੂਮਿਕਾ ਹੈ। ਗੁਰੂ ਜੀ ਨੇ ਜਦ ਵੀ ਕੋਈ ਗੱਲ ਸਮਝਾਉਣੀ ਹੁੰਦੀ ਤਾਂ ਭਾਈ ਮਰਦਾਨੇ ਨੂੰ ਹੀ ਇਸਦਾ ਜ਼ਰੀਆ ਬਣਾਇਆ ਜਾਂਦਾ। ਮਿਸਾਲ ਦੇ ਤੌਰ 'ਤੇ ਭਾਈ ਮਰਦਾਨਾ ਨੂੰ ਪਿਆਸ ਲੱਗੀ ਤਾਂ ਵਲੀ ਕੰਧਾਰੀ ਨੂੰ ਤਾਰਨ ਦਾ ਸਮਾਂ ਆਇਆ। ਭਾਈ ਮਰਦਾਨਾ ਜੀ ਦੀ ਇਕ ਹੋਰ ਗੱਲ ਜਿਸ ਨੇ ਉਹਨਾਂ ਨੂੰ ਅਮਰ ਕਰ ਦਿੱਤਾ ਉਹ ਹੈ ਉਹਨਾਂ ਦਾ ਗੁਰੂ ਜੀ ਲਈ ਕੀਰਤਨ ਕਰਨ ਵੇਲੇ ਰਬਾਬ ਵਜਾਉਣਾ। ਸਿੱਖ ਇਤਿਹਾਸ ਵਿਚ ਉਹ ਪਹਿਲੇ ਰਾਗੀ ਤੇ ਰਬਾਬੀ ਸਨ। ਪਾਕਿਸਤਾਨ ਵਿਚ ਅੱਜ ਵੀ ਉਹਨਾਂ ਦੀ ਪੀੜ੍ਹੀ ਵਿਚੋਂ ਲੋਕ ਗੁਰਬਾਣੀ ਦਾ ਕੀਰਤਨ ਕਰਦੇ ਹਨ। |
(10) Question:- |
ਭਾਈ ਗੁਰਦਾਸ ਜੀ ਬਾਰੇ ਲੋੜੀਂਦੀ ਜਾਣਕਾਰੀ ਦਿਓ। |
Answer:- |
ਭਾਈ ਗੁਰਦਾਸ ਜੀ ਭੱਲਾ ਪਰਿਵਾਰ ਨਾਲ ਸਬੰਧਤ ਸਨ ਤੇ ਗੁਰੂ ਅਮਰਦਾਸ ਜੀ ਦੇ ਭਤੀਜੇ ਲਗਦੇ ਸਨ। ਉਹਨਾਂ ਦੇ ਪਿਤਾ ਈਸ਼ਰ ਦਾਸ ਭੱਲਾ ਗੁਰੂ ਜੀ ਦੇ ਚਾਚਾ ਜੀ ਦੇ ਪੁੱਤਰ ਸਨ। ਭਾਵੇਂ ਉਹਨਾਂ ਦੇ ਮੁਢਲੇ ਜੀਵਨ ਬਾਰੇ ਜਰੂਰੀ ਜਾਣਕਾਰੀ ਪ੍ਰਾਪਤ ਨਹੀਂ ਹੈ ਪਰ ਕਿਉਂਕਿ ਆਪ ਬਹੁਤ ਵਿਦਵਾਨ ਸਨ ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਆਪ ਨੇ ਕਾਫੀ ਵਿਦਿਆ ਹਾਸਲ ਕੀਤੀ ਹੋਵੇਗੀ। ਆਪ ਨੇ ਸਿੱਖੀ ਪ੍ਰਚਾਰ ਲਈ ਬਹੁਤ ਯਾਤਰਾ ਕੀਤੀ ਤੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਕਈ ਅਸਥਾਨਾਂ ਤੇ ਸਿੱਖੀ ਦਾ ਪ੍ਰਚਾਰ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੇ ਲਿਖਾਰੀ ਵੀ ਭਾਈ ਗੁਰਦਾਸ ਜੀ ਹੀ ਸਨ। ਭਾਈ ਗੁਰਦਾਸ ਜੀ ਨੇ ਆਪ ਵੀ ਬਹੁਤ ਕਾਵਿ ਰਚਨਾ ਕੀਤੀ ਪਰ ਜਦ ਗੁਰੂ ਜੀ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਲਈ ਕਿਹਾ ਤਾਂ ਆਪ ਨੇ ਨਿਮਰਤਾ ਵਜੋਂ ਇਹ ਕਿਹਾ ਕਿ 'ਸੇਵਕ ਸਾਹਿਬ ਦੇ ਦਰਬਾਰ ਬੈਠਾ ਸੋਭਦਾ ਨਹੀਂ' ਕਿਉਂਕਿ ਭਾਈ ਗੁਰਦਾਸ ਜੀ ਦੀਆਂ ਜ਼ਿਆਦਾ ਰਚਨਾਵਾਂ ਗੁਰੂ ਜੀਵਨ, ਗੁਰਬਾਣੀ ਤਤੇ ਸਿੱਖੀ ਦੇ ਅਸੂਲਾਂ ਦੀ ਵਿਆਖਿਆ ਕਰਦੀਆਂ ਹਨ ਇਸ ਕਰਕੇ ਗੁਰੂ ਜੀ ਨੇ ਉਹਨਾਂ ਨੂੰ ਆਦਿ ਗ੍ਰੰਥ ਵਿਚ ਨਾ ਸ਼ਾਮਲ ਕਰਕੇ ਉਹਨਾਂ ਦੀ ਬਾਣੀ ਨੂੰ 'ਗੁਰਬਾਣੀ ਦੀ ਕੁੰਜੀ' ਹੋਣ ਦਾ ਵਚਨ ਕੀਤਾ। 1606 ਈ. ਵਿਚ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਨੀਂਹ ਰੱਖੀ। ਭਾੀ ਸਾਹਿਬ ਨੇ ਇਸ ਦੀ ਉਸਾਰੀ ਦੀ ਸੇਵਾ ਵੀ ਨਿਭਾਈ। ਉਹਨਾਂ ਦੀਆ ਰਚਨਾਵਾਂ ਵਿਚ 40 ਅਧਿਆਤਮਿਕ ਵਾਰਾਂ ਤੇ 675 ਕਬਿੱਤ ਬ੍ਰਿਜ ਭਾਸ਼ਾ ਵਿਚ ਤੇ ਕੁਝ ਸਲੋਕ ਸੰਸਕ੍ਰਿਤ ਵਿਚ ਮਿਲਦੇ ਹਨ। |