• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(121) Question:- ਚੌਧਰੀ ਕਾਲਾ ਕੌਣ ਸੀ? ਉਸ ਦੀ ਗੁਰੂ ਹਰਿ ਰਾਇ ਸਾਹਿਬ ਨਾਲ ਹੋਈ ਮੁਲਾਕਾਤ ਦਾ ਵਿਵਰਨ ਦਿਓ।
Answer:- ਜਦੋਂ ਗੁਰੂ ਹਰਿ ਰਾਇ ਸਾਹਿਬ ਮਹਿਰਾਜ ਪਿੰਡ ਵਿਚ ਗਏ ਤਾਂ ਉਥੋਂ ਦਾ ਇਕ ਵਾਸੀ ਚੌਧਰੀ ਕਾਲਾ ਆਪਣੇ ਭਤੀਜਿਆਂ ਫੂਲ ਅਤੇ ਸੰਦਵੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ। ਇਸ ਪਿੰਡ ਦੇ ਲੋਕਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤੀਸਰੇ ਯੁੱਧ ਵਿਚ ਬਹੁਤ ਮਦਦ ਕੀਤੀ ਸੀ। ਜਦ ਫੂਲ ਤੇ ਸੰਦਵੀ ਨੇ ਗੁਰੂ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਆਪਣੇ ਢਿੱਡ ਵਜਾਏ ਤਾਂ ਚੌਧਰੀ ਕਾਲਾ ਨੇ ਦੱਸਿਆ ਕਿ ਆਪਣੇ ਪਿਤਾ ਰੂਪ ਚੰਦ ਦੀ ਮੌਤ ਤੋਂ ਬਾਅਦ ਇਹ ਬੱਚੇ ਅਨਾਥ ਤੇ ਬੇਆਸਰਾ ਹੋ ਗਏ ਹਨ। ਇਹ ਢਿਡੋਂ ਭੁੱਖੇ ਹਨ ਤੇ ਰੋਟੀ ਦਾ ਕੋਈ ਸਾਧਨ ਨਹੀਂ। ਗੁਰੂ ਮਹਾਰਾਜ ਨੇ ਬੱਚਿਆਂ 'ਤੇ ਬਖਸ਼ਿਸ਼ ਭਰੀ ਨਜ਼ਰ ਕੀਤੀ ਤੇ ਉਨ੍ਹਾਂ ਨੂੰ ਵਰਦਾਨ ਦਿੱਤਾ ਕਿ ਉਨ੍ਹਾਂ ਦੀ ਸੰਤਾਨ ਇਸ ਇਲਾਕੇ 'ਤੇ ਰਾਜ ਕਰੇਗੀ। ਬਾਅਦ ਵਿਚ ਬਾਬੇ ਫੂਲ ਦੇ ਨਾਮ 'ਤੇ ਤਿੰਨ ਫੁਲਕੀਆਂ ਰਿਆਸਤ ਹੋਂਦ ਵਿਚ ਆਈਆਂ। ਫੂਲ ਦਾ ਵੱਡਾ ਪੁੱਤਰ ਤਰਲੋਕ ਸਿੰਘ ਨਾਭਾ ਦੇ ਜੀਂਦ ਦਾ ਤੇ ਦੂਸਰਾ ਵੱਡਾ ਪੁੱਤਰ ਰਾਮ ਸਿੰਘ ਪਟਿਆਲੇ ਦਾ ਰਾਜਾ ਹੋਇਆ।
(122) Question:- ਦਾਰਾ ਸ਼ਿਕੋਹ ਕੌਣ ਸੀ ਤੇ ਉਹ ਗੁਰੂ ਜੀ ਨੂੰ ਕਿਸ ਸਿਲਸਿਲੇ ਵਿਚ ਮਿਲਿਆ ਸੀ?
Answer:- ਦਾਰਾ ਸ਼ਿਕੋਹ ਬਾਦਸ਼ਾਹ ਸ਼ਾਹਜਹਾਂ ਦਾ ਵੱਡਾ ਪੁੱਤਰ ਤੇ ਔਰੰਗਜ਼ੇਬ ਦਾ ਭਰਾ ਸੀ। ਕਿਹਾ ਜਾਂਦਾ ਹੈ ਕਿ ਇਕ ਵਾਰ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਸੀ ਤਾਂ ਗੁਰੂ ਜੀ ਨੇ ਉਸ ਲਈ ਕੀਰਤਪੁਰ ਵਿਚ ਆਪ ਦੁਆਰਾ ਖੋਲ੍ਹੇ ਹੋਏ ਦਵਾਖਾਨ ਤੋਂ ਦਵਾਈ ਭੇਜੀ ਸੀ, ਜਿਸ ਨਾਲ ਉਹ ਠੀਕ ਹੋ ਗਿਆ। ਸੋ ਜਦੋਂ ਉਹ ਔਰੰਗਜ਼ੇਬ ਦੀ ਤਾਕਤ ਤੋਂ ਡਰਦਾ ਹੋਇਆ ਲਾਹੌਰ ਜਾ ਰਿਹਾ ਸੀ, ਰਸਤੇ ਵਿਚ ਉਹ ਗੁਰੂ ਹਰਿ ਰਾਇ ਸਾਹਿਬ ਨੂੰ ਮਿਲਿਆ ਸੀ।
(123) Question:- ਜਦ ਔਰੰਗਜ਼ੇਬ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਤਾਂ ਕੀ ਘਟਨਾ ਵਾਪਰੀ?
Answer:- ਔਰੰਗਜ਼ੇਬ ਜੋ ਕਿ ਹਿੰਦੂ ਧਰਮ ਦਾ ਨਾਸ਼ ਕਰਨ ਤੇ ਤੁਲਿਆ ਹੋਇਆ ਸੀ, ਗੁਰੂ ਘਰ ਦੀ ਪ੍ਰਸਿੱਧੀ ਤੋਂ ਖੁਸ਼ ਨਹੀਂ ਸੀ। ਜਦ ਗੁਰੂ ਘਰ ਨਾਲ ਵਿਰੋਧ ਤੇ ਈਰਖਾ ਰੱਖਣ ਵਾਲੇ ਦੋਸ਼ੀਆਂ ਨੇ ਬਾਦਸ਼ਾਹ ਦੇ ਕੰਨ ਭਰੇ ਤਾ ਉਸ ਨੂੰ ਇਹ ਦਸਿਆ ਕਿ ਦਾਰਾ ਸ਼ਿਕੋਹ ਦੀ ਗੁਰੂ ਜੀ ਨੇ ਸਹਾਇਤਾ ਕੀਤੀ ਹੈ ਤਾਂ ਗੁਰੂ ਹਰਿ ਰਾਇ ਜੀ ਨੂੰ ਦਿੱਲੀ ਬੁਲਾ ਭੇਜਿਆ। ਗੁਰੂ ਜੀ ਆਪ ਦਿੱਲੀ ਨਹੀਂ ਗਏ। ਇਸ ਵਾਸਤੇ ਆਪਣੇ ਵੱਡੇ ਪੁੱਤਰ ਸ੍ਰੀ ਰਾਮ ਰਾਇ ਜੀ ਨੂੰ ਦਿੱਲੀ ਭੇਜ ਦਿੱਤਾ।
(124) Question:- ਸ੍ਰੀ ਰਾਮ ਰਾਇ ਜੀ ਨੇ ਦਿੱਲੀ ਜਾ ਕੇ ਕੀ ਕੀਤਾ?
Answer:- ਸ੍ਰੀ ਰਾਮ ਰਾਇ ਜੀ ਨੂੰ ਜਿਸ ਮੰਤਵ ਲਈ ਭੇਜਿਆ ਗਿਆ ਸੀ ਉਨ੍ਹਾਂ ਨੇ ਉਸ ਤੋਂ ਵਿਪਰੀਤ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਕਈ ਕਰਾਮਾਤਾਂ ਦਿਖਾਈਆਂ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇਕ ਤੁਕ 'ਮਿਟੀ ਮੁਸਲਮਾਨ' ਦੀ ਥਾਂ 'ਤੇ ਮਿਟੀ ਬੇਈਮਾਨ ਦੀ ਕਹਿ ਕੇ ਬਦਲ ਦਿੱਤੀ। ਸ੍ਰੀ ਰਾਮ ਰਾਇ ਜੀ ਦੇ ਇਸ ਰਵੱਈਏ ਨਾਲ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਬਹੁਤ ਦੁੱਖ ਲੱਗਾ। ਔਰੰਗਜ਼ੇਬ ਨੇ ਖੁਸ਼ ਹੋ ਕੇ ਸ੍ਰੀ ਰਾਮ ਰਾਇ ਨੂੰ ਜਮਨਾ ਦੇ ਕੰਢੇ ਪਹਾੜਾਂ ਵਿਚ ਰਹਿਣ ਲਈ ਇਕ ਜਾਗੀਰ ਦੇ ਦਿਤੀ। ਸ੍ਰੀ ਰਾਮ ਰਾਇ ਜੀ ਨੇ ਆਪਣੇ ਨਿਵਾਸ ਅਸਥਾਨ ਦੇ ਗਿਰਦ ਇਕ ਸ਼ਹਿਰ ਵਸਾਇਆ ਜਿਸ ਨੂੰ ਹੁਣ ਦੇਹਰਾਦੂਨ ਕਹਿੰਦੇ ਹਨ।
(125) Question:- ਗੁਰੂ ਹਰਿ ਰਾਏ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਕੀ ਯੋਗਦਾਨ ਪਾਇਆ? ਕੀ ਉਨ੍ਹਾਂ ਨੇ ਭਗਤੀ ਤੇ ਸ਼ਕਤੀ ਦੇ ਸੰਕਲਪ ਨੂੰ ਜਾਰੀ ਰੱਖਿਆ?
Answer:- ਗੁਰੂ ਜੀ ਨੇ ਭਗਤੀ ਤੇ ਸ਼ਕਤੀ ਦੇ ਸੰਕਲਪ ਨੂੰ ਜਾਰੀ ਰੱਖਦੇ ਹੋਏ 2200 ਸੈਨਿਕ ਦੀ ਟੁਕੜੀ ਬਣਾਈ ਰੱਖੀ, ਭਾਵੇਂ ਉਨ੍ਹਾਂ ਦੇ ਕਾਰਜ ਕਾਲ ਵਿਚ ਕੋਈ ਜੰਗ ਨਹੀਂ ਹੋਈ। ਨਾਮ ਬਾਣੀ ਦੇ ਪ੍ਰਚਾਰ ਲਈ ਜਿਥੇ ਆਪ ਨੇ ਭਾਈ ਗੋਡਾ ਨੂੰ ਕਾਬਲ, ਭਾਈ ਨੱਥਾ ਨੂੰ ਢਾਕਾ ਤੇ ਭਾਈ ਜੋਧ ਨੂੰ ਮੁਲਤਾਨ ਪੇਜਿਆ, ਉਥੇ ਆਪ ਭੀ ਜੰਮੂ ਕਸ਼ਮੀਰ, ਅਖਨੂਰ, ਸਿਆਲਕੋਟ ਆਦਿ ਥਾਵਾਂ ਦੀ ਯਾਤਰਾ ਕਰ ਕੇ ਧਰਮ ਕੇਂਦਰ ਸਥਾਪਿਤ ਕੀਤੇ ਅਤੇ ਭਾਈ ਬਹਿਲੋ, ਭਾਈ ਭੁੰਦੋੜ, ਭਾਈ ਪੰਜਾਬ ਤੇ ਭਾਈ ਭਗਤੂ ਵਰਗੇ ਪ੍ਰਮੁੱਖ ਸਿੱਖਾਂ ਨੂੰ ਮਸੰਦ ਥਾਪ ਕੇ ਧਰਮ ਪ੍ਰਚਾਰ ਵਿਚ ਵਾਧਾ ਕੀਤਾ।
(126) Question:- ਗੁਰੂ ਹਰਿ ਰਾਇ ਸਾਹਿਬ ਕਦੋਂ ਤੇ ਕਿਥੇ ਜੋਤੀ ਜੋਤ ਸਮਾਏ?
Answer:- ਗੁਰੂ ਸਾਹਿਬ 6 ਅਕਤੂਬਰ 1661 ਨੂੰ ਕੀਰਤਪੁਰ ਸਾਹਿਬ ਜੋਤੀ ਜੋਤ ਸਮਾਏ।
(127) Question:- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਆਪ ਜੀ ਦੇ ਮਾਤਾ ਪਿਤਾ ਕੌਣ ਸਨ?
Answer:- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸਨ। ਆਪ ਜੀ ਦਾ ਜਨਮ ਸੰਮਤ 1713 ਸਾਵਣ ਵਦੀ 10 (7-71656) ਨੂੰ ਕੀਰਤਪੁਰ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ।
(128) Question:- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਕਿਉਂ ਗਏ ਤੇ ਉਥੇ ਕੀ ਘਟਨਾਵਾਂ ਵਾਪਰੀਆਂ?
Answer:- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ 'ਤੇ ਬੈਠਣ ਤੋਂ ਬਾਅਦ ਸ੍ਰੀ ਰਾਮ ਰਾਇ ਜੀ ਨੇ ਆਪਣੇ ਹੱਕ ਲਈ ਬਾਦਸ਼ਾਹ ਔਰੰਗਜ਼ੇਬ ਪਾਸ ਸ਼ਿਕਾਇਤ ਕੀਤੀ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਸਵਾਈ ਨੂੰ ਆਖਿਆ ਕਿ ਉਹ ਬਾਲ ਗੁਰੂ ਨੂੰ ਬੜੇ ਸਤਿਕਾਰ ਨਾਲ ਦਿੱਲੀ ਮੰਗਵਾਇਆ। ਰਾਜਾ ਜੈ ਸਿੰਘ ਨੇ ਆਪਣੀ ਕੋਠੀ ਦੇ ਬਾਗ ਵਿਚ ਜੋ ਕਿ ਬੰਗਲਾ ਕਰਕੇ ਪ੍ਰਸਿੱਧ ਸੀ, ਗੁਰੂ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ। ਇਸ ਅਸਥਾਨ 'ਤੇ ਹੀ ਅੱਜ-ਕਲ੍ਹ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਬਣਿਆ ਹੋਇਆ ਹੈ।
(129) Question:- ਦਿੱਲੀ ਜਾਂਦੇ ਹੋਏ ਗੁਰੂ ਜੀ ਵਲੋਂ ਪੰਜੋਖੜੇ ਦੇ ਅਸਥਾਨ 'ਤੇ ਇਕ ਝੀਵਰ ਤੋਂ ਗੀਤਾ ਦੇ ਅਰਥ ਕਰਾਉਣ ਵਾਲੀ ਘਟਨਾ ਦਾ ਵਰਨਣ ਕਰੋ।
Answer:- ਕੀਰਤਪੁਰ ਤੋਂ ਦਿੱਲੀ ਜਾਂਦੇ ਹੋਏ ਅੰਬਾਲੇ ਕੋਲ ਇਕ ਪਿੰਡ ਪੰਜੋਖੜੇ ਜਦ ਗੁਰੂਜੀ ਅਰਾਮ ਕਰਨ ਲਈ ਠਹਿਰੇ ਤਾਂ ਇਕ ਪੰਡਤ ਨੇ ਕਿਹਾ ਕਿ ਇਹ ਛੋਟਾ ਜਿਹਾ ਬਾਲ ਕੋਈ ਸਮਰੱਥਾ ਨਹੀਂ ਰੱਖਦਾ। ਉਸ ਨੇ ਗੁਰੂ ਜੀ ਨੂੰ ਗੀਤਾ ਦੇ ਅਰਥ ਕਰਕੇ ਸੁਣਾਉਣ ਲਈ ਕਿਹਾ। ਪੰਡਿਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਉਥੇ ਰਹਿੰਦੇ ਇਕ ਅਨਪੜ੍ਹ ਛੱਜੂ ਝਿਊਰ ਤੋਂ ਗੀਤਾ ਦੇ ਅਰਥ ਕਰਾ ਕੇ ਪੰਡਿਤ ਨੂੰ ਸ਼ਰਮਸ਼ਾਰ ਕਰ ਦਿੱਤਾ। ਇਸ ਯਾਦ ਵਿਚ ਇਥੇ ਇਕ ਗੁਰਦੁਆਰਾ ਪੰਜੋਖੜਾ ਸਾਹਿਬ ਹੈ।
(130) Question:- ਦਿੱਲੀ ਵਿਚ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿਚ ਬੈਠਣ ਦੀ ਘਟਨਾ ਕੀ ਸੀ, ਵੇਰਵਾ ਦਿਉ।
Answer:- ਜਦ ਗੁਰੂ ਸਾਹਿਬ ਦਿੱਲੀ ਪੁੱਜੇ ਤਾਂ ਰਾਜਾ ਜੈ ਸਿੰਘ ਨੇ ਆਪਣੇ ਘਰ ਆਪਣੀ ਰਾਣੀ ਨੂੰ ਨੌਕਰਾਣੀ ਦੇ ਕੱਪੜੇ ਪਹਿਨਾ ਕੇ ਉਨ੍ਹਾਂ ਵਿਚ ਬਿਠਾ ਦਿੱਤਾ। ਰਾਜਾ ਜੈ ਸਿੰਘ ਇਹ ਦੇਖਦਾ ਚਾਹੁੰਦੇ ਸੀ ਕਿ ਕੀ ਗੁਰੂ ਸਾਹਿਬ ਰਾਣੀ ਨੂੰ ਪਛਾਣ ਸਕਦੇ ਹਨ? ਜਦੋਂ ਰਾਜਾ ਸਾਹਿਬ ਨੇ ਗੁਰੂ ਜੀ ਨੂੰ ਕਿਹਾ ਕਿ ਉਨ੍ਹਾਂ ਦੀ ਰਾਣੀ ਗੋਦ ਵਿਚ ਲੈ ਕੇ ਗੁਰੂ ਜੀ ਨੂੰ ਪਿਆਰ ਦੇਣਾ ਚਾਹੁੰਦੀ ਹੈ, ਤਦ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਆਪਣੀ ਛੜੀ ਹਰ ਗੋਲੀ ਦੇ ਸਿਰ 'ਤੇ ਰੱਖ ਕੇ ਕਹਿੰਦੇ ਗਏ,ਇਹ ਵੀ ਨਹੀਂ ਰਾਣੀ, ਇਹ ਵੀ ਨਹੀਂ ਰਾਣੀ। ਤੇ ਆਖਰ ਰਾਣੀ ਦੀ ਗੋਦ ਵਿਚ ਬੈਠ ਗਏ ਅਤੇ ਕਹਿਣ ਲੱਗੇ, ਰਾਣੀ ਇਹ ਹੈ।