• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(131) Question:- ਗੁਰੂ ਜੀ ਨੇ ਦਿੱਲੀ ਸ਼ਹਿਰ ਵਿਚ ਚੇਚਕ ਨਾਲ ਬੀਮਾਰ ਲੋਕਾਂ ਨੂੰ ਕਿਵੇਂ ਰਾਹਤ ਪਹੁੰਚਾਈ?
Answer:- ਜਦ ਗੁਰੂ ਜੀ ਦਿੱਲੀ ਪੁੱਜੇ ਤਾਂ ਉਥੇ ਚੇਚਕ ਦੀ ਬੀਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਇਕ ਚੁਬੱਚਾ ਬਣਵਾਇਆ ਜਿਸ ਦਾ ਪਾਣੀ ਪੀਣ ਨੂੰ ਲੋਕਾਂ ਨੂੰ ਦਿੱਤਾ। ਇਹ ਪਾਣੀ ਗੁਰੂ ਜੀ ਦੀ ਛੋਹ ਪ੍ਰਾਪਤ ਕਰਕੇ ਅੰਮ੍ਰਿਤ ਬਣ ਗਿਆ ਤੇ ਅੰਮ੍ਰਿਤ ਨਾਲ ਕਈ ਲੋਕਾਂ ਦੇ ਰੋਗ ਦੂਰ ਹੋ ਗਏ। ਇਹ ਚੁਬੱਚਾ ਅੱਜ ਵੀ ਬੰਗਲਾ ਸਾਹਿਬ ਦੇ ਅਸਥਾਨ 'ਤੇ ਹੈ ਅਤੇ ਲੱਖਾਂ ਸ਼ਰਧਾਲੂ ਇਸ ਵਿਚੋਂ ਚੁਲਾ ਲੈ ਕੇ ਮਨ ਦੀ ਸ਼ਾਂਤੀ ਪ੍ਰਾਪਤ ਕਰਦੇ ਹਨ। ਗੁਰੂ ਹਰਿਕ੍ਰਿਸ਼ਨ ਜੀ ਦੇ ਕੀਤੇ ਇਸ ਉਪਕਾਰ ਕਰਕੇ ਹੀ ਅਸੀਂ ਰੋਜ਼ ਅਰਦਾਸ ਵਿਚ ਉਨ੍ਹਾਂ ਦਾ ਧਿਆਨ ਕਰਕੇ ਕਹਿੰਦੇ ਹਾਂ: 'ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖਿ ਜਾਇ।।'
(132) Question:- ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰਗੱਦੀ ਦਾ ਪ੍ਰਬੰਧ ਕਿਵੇਂ ਕੀਤਾ?
Answer:- ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਚ ਸਨ ਤਾਂ ਆਪ ਨੂੰ ਇਕ ਛੂਤ ਦੀ ਬੀਮਾਰੀ ਚੇਚਕ ਨੇ ਬੀਮਾਰ ਕਰ ਦਿੱਤਾ। ਇਸ ਬੀਮਾਰੀ ਕਰਕੇ ਹੀ ਆਪ ਜੀ ਨੂੰ ਇਹ ਸਰੀਰ ਤਿਆਗਣਾ ਪਿਆ। ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਿਖੇ ਆਪ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ। ਜਦ ਸੇਵਾਦਾਰਾਂ ਨੇ ਆਪ ਨੂੰ ਗੁਰਗੱਦੀ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾ ਕੇ ਪਰਮਾਤਮਾ ਦਾ ਧਿਆਨ ਧਰ ਕੇ ਉਸ ਨੂੰ ਸੀਸ ਝੁਕਾ ਕੇ ਫੁਰਮਾਇਆ ਕਿ ਬਾਬਾ ਬਕਾਲੇ। ਗੁਰੂ ਜੀ ਦਾ ਇਸ਼ਾਰਾ ਬਕਾਲੇ ਵਿਚ ਤਪ ਕਰ ਰਹੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲ ਸੀ, ਜੋ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਹੋਣ ਦੇ ਨਾਤੇ ਵਿਚ ਉਨ੍ਹਾਂ ਦੇ ਦਾਦਾ ਲੱਗਦੇ ਸਨ।
(133) Question:- ਗੁਰੂ ਤੇਗ ਬਹਾਦਰ ਜੀ ਦੇ ਜਨਮ, ਵਿਆਹ ਤੇ ਸੰਤਾਨ ਬਾਰੇ ਜਾਣਕਾਰੀ ਦਿਓ।
Answer:- ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ ਵੈਸਾਖ ਵਦੀ ਪੰਚਮੀ ਸੰਮਤ 1678 (1-4-1621) ਵਿਚ ਅੰਮ੍ਰਿਤਸਰ ਵਿਖੇ ਹੋਇਆ ਸੀ। ਆਪ ਜੀ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਸੰਮਤ 1632 ਵਿਚ ਕਰਤਾਰਪੁਰ ਵਿਖੇ ਹੋਇਆ। ਆਪ ਜੀ ਦੀ ਇਕੋ-ਇਕ ਸੰਤਾਨ ਗੋਬਿੰਦ ਰਾਏ ਬਾਅਦ ਵਿਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ।
(134) Question:- ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬਾ ਬਕਾਲੇ ਵੱਲ ਇਸ਼ਾਰਾ ਕਰਨ ਤੋਂ ਬਾਅਦ ਬਕਾਲੇ ਵਿਚ ਕੀ ਸਥਿਤੀ ਬਣੀ?
Answer:- ਬਕਾਲਾ ਦਾ ਅਸਥਾਨ ਬਿਆਸ ਬਟਾਲਾ ਰੋਡ 'ਤੇ ਹੈ। ਸ੍ਰੀ ਤੇਗ ਬਹਾਦਰ ਜੀ ਇਸ ਅਸਥਾਨ 'ਤੇ ਰਹਿ ਕੇ ਇਕ ਭੋਰੇ ਵਿਚ ਪ੍ਰਭੂ ਦਾ ਨਾਮ ਜਪਿਆ ਕਰਦੇ ਸਨ। ਜਿਸ ਵੇਲੇ ਸੰਗਤ ਨੂੰ ਪਤਾ ਲੱਗਾ ਕਿ ਅਗਲੇ ਗੁਰੂ ਬਕਾਲੇ ਹਨ ਤਾਂ ਦੂਰ ਨੇੜੇ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬਕਾਲੇ ਪਿੰਡ ਪਹੁੰਚੀਆਂ, ਪਰ ਬਕਾਲੇ ਵਿਚ 22 ਗੱਦੀਆਂ ਲਾ ਕੇ ਝੂਠੇ ਗੁਰੂ ਬਣੀ ਬੈਠੇ ਲੋਕ ਸੰਗਤਾਂ ਨੂੰ ਭਰਮ ਵਿਚ ਪਾਉਣ ਲੱਗੇ। ਇਨ੍ਹਾਂ ਬਨਾਵਟੀ ਗੁਰੂਆਂ ਦੇ ਮਸੰਦ ਸੰਗਤਾਂ ਨੂੰ ਘੇਰ-ਘੇਰ ਕੇ ਇਨ੍ਹਾਂ ਕੋਲ ਲੈ ਆਉਜਦੇ ਸਨ ਤੇ ਭੇਟਾ ਉਗਰਾਹੁੰਦੇ ਸਨ। ਹਰ ਕਿਸੇ ਬਾਰੇ ਕਿਹਾ ਜਾਂਦਾ ਸੀ ਕਿ ਬਕਾਲੇ ਵਾਲੇ ਬਾਬਾ ਜੀ ਇਹੀ ਹਨ। ਕਈ ਮਹੀਨੇ ਸੰਗਤਾਂ ਅਸਲੀ ਗੁਰੂ ਦੀ ਭਾਲ ਵਿਚ ਪ੍ਰੇਸ਼ਾਨ ਰਹੀਆਂ।
(135) Question:- ਬਕਾਲਾ ਪਿੰਡ ਵਿਚ 22 ਗੱਦੀਆਂ ਲਾਉਣ ਵਾਲੇ ਝੂਠੇ ਗੁਰੂਆਂ ਵਿਚ ਪ੍ਰਮੁੱਖ ਕੌਣ ਸੀ?
Answer:- ਇਨ੍ਹਾਂ ਵਿਚ ਪ੍ਰਮੁੱਖ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਧੀਰਮੱਲ ਜੀ ਸਨ। ਧੀਰਮੱਲ ਜੀ ਨੇ ਕਰਤਾਰਪੁਰ 'ਤੇ ਕਬਜ਼ਾ ਕੀਤਾ ਹੋਇਆ ਸੀ ਤੇ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਆਪਣੇ ਪਾਸ ਰੱਖੀ ਹੋਈ ਸੀ। ਆਪਣੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦੇ ਸਨ। ਧੀਰਮੱਲ ਜੀ ਕੋਲ ਆਦਿ ਗ੍ਰੰਥ ਸਾਹਿਬ ਦੀ ਬੀੜ ਹੋਣ ਕਾਰਨ ਸੰਗਤਾਂ ਬੀੜ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸਨ।
(136) Question:- ਪਿੰਡ ਬਕਾਲਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਸਲੀ ਗੁਰੂ ਦੇ ਰੂਪ ਵਿਚ ਕਿਸ ਨੇ ਤੇ ਕਿਸ ਤਰ੍ਹਾਂ ਲੱਭਿਆ?
Answer:- ਗੁਰੂ ਜੀ ਦੀ ਖੋਜ ਕਰਨ ਵਾਲਾ ਸਿੱਖ ਮੱਖਣ ਸ਼ਾਹ ਲੁਬਾਣਾ ਇਕ ਸੁਦਾਗਰ ਸੀ। ਜਦ ਉਸ ਦਾ ਜਹਾਜ਼ ਡੁੱਬਣ ਲੱਗਾ ਤਾਂ ਉਸ ਨੇ ਗੁਰੂ ਮਹਾਰਾਜ ਜੀ ਪਾਸ ਬੇਨਤੀ ਕੀਤੀ ਸੀ ਕਿ ਜੇ ਉਹ ਬਚ ਜਾਵੇਗਾ ਤਾਂ 500 ਮੋਹਰਾਂ ਗੁਰੂ ਜੀ ਨੂੰ ਭੇਟਾ ਕਰੇਗਾ। ਉਸਦੀ ਬੇਨਤੀ ਪ੍ਰਵਾਨ ਹੋਈ। ਪਰ ਜਦ ਉਹ ਆਪਣੀ ਸੁੱਖਣਾ ਦੀਆਂ 500 ਮੋਹਰਾਂ ਲੈ ਕੇ ਬਕਾਲਾ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਥੇ ਕਈ ਗੁਰੂ ਬੈਠੇ ਸਨ। ਉਸ ਨੇ ਹਰ ਗੁਰੂ ਅੱਗੇ 2-2 ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਅਖੌਤੀ ਗੁਰੂਆਂ ਦੇ ਅੱਗੇ ਮੋਹਰਾਂ ਦੀ ਭੇਟ ਕਰਕੇ ਜਦ ਉਹ ਭੋਰੇ ਵਿਚ ਸ੍ਰੀ ਤੇਗ ਬਹਾਦਰ ਜੀ ਦੇ ਕੋਲ ਪਹੁੰਚਿਆ ਤਾਂ ਉਸ ਨੇ 2 ਮੋਹਰ ਭੇਟ ਕੀਤੀਆਂ ਤਾਂ ਸ੍ਰੀ ਤੇਗ ਬਹਾਦਰ ਜੀ ਨੇ ਉਸ ਨੂੰ ਉਸ ਦੀ 500 ਮੋਹਰ ਦੀ ਸੁੱਖਣਾ ਬਾਰੇ ਯਾਦ ਕਰਾਇਆ। ਉਸ ਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਉਸ ਦੇ ਡੁੱਬਦੇ ਜਹਾਜ਼ ਨੂੰ ਬੰਨੇ ਲਾਇਆ ਸੀ। ਇਹ ਸਾਰੀ ਗੱਲ ਸੁਣ ਕੇ ਮੱਖਣ ਸ਼ਾਹ ਲੁਬਾਣੇ ਨੂੰ ਨਿਸ਼ਚਾ ਹੋ ਗਿਆ ਕਿ ਅਸਲੀ ਗੁਰੂ ਇਹੀ ਹਨ। ਉਸ ਨੇ ਕੋਠੇ ਚੜ੍ਹ ਕੇ ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਦਾ ਹੋਕਾ ਦੇ ਕੇ ਸੰਗਤਾਂ ਨੂੰ ਅਸਲੀ ਗੁਰੂ ਵੱਲ ਮੋੜਿਆ।
(137) Question:- ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਬਣਨ ਤੋਂ ਬਾਅਦ ਕਿਸ ਅਸਥਾਨ ਦੀ ਯਾਤਰਾ ਕੀਤੀ?
Answer:- ਗੁਰੂ ਜੀ ਮੱਖਣ ਸ਼ਾਹ ਦੀ ਬੇਨਤੀ ਤੇ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਵਾਸਤੇ ਗਏ। ਪਰ ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ 'ਤੇ ਵੀ ਅਖੌਤੀ ਗੁਰੂ ਦਾ ਕਬਜ਼ ਹੋਣ ਕਰਕੇ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਕਰਮਾ ਤੋਂ ਬਾਹਰ ਇਕ ਥੜ੍ਹੇ 'ਤੇ ਬਹਿ ਗਏ, ਜਿੱਥੇ ਗੁਰਦੁਆਰਾ ਥੜ੍ਹਾ ਸਾਹਿਬ ਸੁਭਾਇਮਾਨ ਹੈ। ਇਸ ਤੋਂ ਬਾਅਦ ਆਪ ਸ਼ਹਿਰ ਤੋਂ ਬਾਹਰ ਇਕ ਅਸਥਾਨ 'ਤੇ ਪੁੱਜੇ ਤੇ ਦਮ ਲਿਆ ਤੇ ਇਸ ਅਸਥਾਨ 'ਤੇ ਗੁਰਦੁਆਰਾ ਦਮਦਮਾ ਸਾਹਿਬ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਇਕ ਹੋਰ ਅਸਥਾਨ ਪਿੰਡ ਵੱਲੇ ਤੋਂ ਬਾਹਰ ਜਿੱਥੇ ਗੁਰੂ ਜੀ ਨੂੰ ਇਕ ਪ੍ਰੇਮਣ ਮਾਈ ਨੇ ਵਿਸ਼ਰਾਮ ਕਰਵਾਇਆ ਸੀ ਅਤੇ ਪ੍ਰਸ਼ਾਦਿ ਪਾਣੀ ਦੀ ਸੇਵਾ ਕੀਤੀ ਸੀ ਅੱਜ-ਕਲ੍ਹ ਗੁਰਦੁਆਰਾ ਕੋਠਾ ਸਾਹਿਬ ਕਰਕੇ ਪ੍ਰਸਿੱਧ ਹੈ।
(138) Question:- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤਸਰ ਆਗਮਨ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਕਰਨ ਵਾਲੇ ਲੋਕ ਕੌਣ ਸਨ?
Answer:- ਉਸ ਸਮੇਂ ਦਰਬਾਰ ਸਾਹਿਬ 'ਤੇ ਸ੍ਰੀ ਹਰਿ ਜੀ ਦਾ ਕਬਜ਼ਾ ਸੀ। ਸ੍ਰੀ ਹਰਿ ਜੀ ਪ੍ਰਿਥੀ ਚੰਦ ਜੀ ਦੇ ਪੋਤਰੇ ਸਨ ਤੇ ਸ੍ਰੀ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਜਾਣ ਤੋਂ ਬਾਅਦ ਪ੍ਰਿਥੀ ਚੰਦ ਦੇ ਪਰਿਵਾਰ ਦਾ ਅੰਮ੍ਰਿਤਸਰ 'ਤੇ ਕਬਜ਼ਾ ਹੋ ਗਿਆ ਸੀ। ਕਿਉਂਕਿ ਸ੍ਰੀ ਹਰਿ ਰਾਇ ਜੀ ਤੇ ਗੁਰ ਹਰਿਕ੍ਰਿਸ਼ਨ ਜੀ ਅੰਮ੍ਰਿਤਸਰ ਕਦੀ ਨਹੀਂ ਸੀ ਆਏ। ਇਸ ਕਰਕੇ ਮਿਹਰਵਾਨ ਤੇ ਹਰਿ ਜੀ ਗੱਦੀਦਾਰ ਪ੍ਰਬੰਧਕ ਬਣ ਗਏ ਸਨ। ਉਹ ਗੁਰੂ ਜੀ ਦੇ ਪ੍ਰਵੇਸ਼ ਦੇ ਖਿਲਾਫ ਸਨ ਤਾਂਕਿ ਸੰਗਤਾਂ ਗੁਰੂ ਜੀ ਵੱਲ ਨਾ ਹੋ ਜਾਣ।
(139) Question:- ਅੰਮ੍ਰਿਤਸਰ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਿੱਥੇ ਗਏ?
Answer:- ਅੰਮ੍ਰਿਤਸਰ ਤੋਂ ਬਾਅਦ ਪਿੰਡ ਬਕਾਲਾ ਵਾਪਸ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਗਏ। ਪਰ ਇਥੇ ਵੀ ਗੁਰੂ ਜੀ ਦੇ ਵੱਡੇ ਭਾਈ ਸੂਰਜ ਮੱਲ ਦੇ ਪੋਤਰਿਆਂ ਗੁਲਾਬ ਰਾਏ ਤੇ ਸਿਆਮ ਚੰਦ ਨੇ ਆਪ ਨਾਲ ਈਰਖਾ ਵਾਲਾ ਵਰਤਾਅ ਕੀਤਾ। ਗੁਰੂ ਸਾਹਿਬ ਨੇ ਇਕ ਬੜੀ ਹੀ ਸ਼ਾਂਤੀ ਵਾਲੀ ਜਗ੍ਹਾ ਪਿੰਡ ਮਾਖੋਵਾਲ ਆਪਣੇ ਲਈ ਲੱਭ ਲਈ ਤੇ ਉਥੇ ਰਹਿਣ ਲੱਗੇ।
(140) Question:- ਪਿੰਡ ਮਾਖੋਵਾਲ ਬਾਰੇ ਜ਼ਰੂਰੀ ਜਾਣਕਾਰੀ ਦਿਓ।
Answer:- ਪਿੰਡ ਮਾਖੋਵਾਲ ਕੀਰਤਪੁਰ ਤੋਂ ਕੁਝ ਹੀ ਦੂਰੀ 'ਤੇ ਹੈ। ਇਹ ਇਕ ਉਜੜਿਆ ਹੋਇਆ ਪਿੰਡ ਸੀ ਜਿਸ ਉਤੇ ਗੁਰ ਜੀ ਨੇ ਸੰਮਤ 1722 ਨੂੰ (ਸੰਨ 1665) ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਦੇ ਨਾਂ 'ਤੇ ਸੀ।