(151) Question:- |
ਪੰਜਵੇਂ ਤੋਂ ਲੈ ਕੇ ਨੌਵੇਂ ਗੁਰੂ ਤੱਕ ਸਬੰਧਿਤ ਪ੍ਰਮੁੱਖ ਗੁਰਦੁਆਰਿਆਂ ਦਾ ਜ਼ਿਕਰ ਕਰੋ। |
Answer:- |
ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਗੁਰਦੁਆਰੇ ਜ਼ਿਆਦਾ ਅੰਮ੍ਰਿਤਸਰ ਤੇ ਲਾਹੌਰ ਵਿਚ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ ਦਾ ਸ੍ਰੀ ਦਰਬਾਰ ਸਾਹਿਬ ਦਾ ਗੁਰਦੁਆਰਾ ਵੀ ਸ਼ਾਮਿਲ ਹਨ। ਆਪ ਜੀ ਦੀ ਸ਼ਹੀਦੀ ਵਾਲੇ ਅਸਥਾਨ 'ਤੇ ਲਾਹੌਰ ਵਿਚ ਗੁਰਦੁਆਰਾ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਕਸ਼ਮੀਰ ਤੇ ਪਾਕਿਸਤਾਨ ਵਿਚ ਗਏ ਹੋਏ ਇਲਾਕਿਆਂ ਦੀ ਯਾਤਰਾ ਕੀਤੀ। ਆਪ ਜੀ ਹੋਰ ਵੀ ਕਈ ਅਸਥਾਨਾਂ 'ਤੇ ਗਏ ਜਿਸ ਕਰਕੇ ਆਪ ਦੇ ਗੁਰਦੁਆਰੇ ਕਈ ਜਗ੍ਹਾ 'ਤੇ ਹਨ। ਆਪ ਦੇ ਪ੍ਰਸਿੱਧ ਗੁਰਦੁਆਰਿਆਂ ਦਾ ਜ਼ਿਕਰ ਆਪ ਦੇ ਜੀਵਨ ਨਾਲ ਸੰਬੰਧਿਤ ਸਵਾਲਾਂ ਤੇ ਜਵਾਬਾਂ ਵਿਚ ਦਿੱਤਾ ਗਿਆ ਹੈ।
ਗੁਰੂ ਹਰਿ ਰਾਏ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜ਼ਿਆਦਾ ਜੀਵਨ ਕੀਰਤਪੁਰ ਵਿਚ ਬਤੀਤ ਹੋਇਆ, ਇਸ ਕਰਕੇ ਆਪ ਨਾਲ ਸੰਬੰਧਿਤ ਗੁਰਦੁਆਰੇ ਕੀਰਤਪੁਰ ਵਿਚ ਹਨ। ਦਿੱਲੀ ਦੇ ਦੋ ਮਸ਼ਹੂਰ ਗੁਰਦੁਆਰੇ ਬੰਗਲਾ ਸਾਹਿਬ ਤੇ ਬਾਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਦੇ ਨਾਲ ਜੁੜੇ ਹੋਏ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ ਜ਼ਿਆਦਾਤਰ ਗੁਰਦੁਆਰੇ ਅਨੰਦਪੁਰ ਸਾਹਿਬ ਵਿਚ, ਜਿਸ ਨੂੰ ਪਹਿਲੇ ਚੱਕ ਨਾਨਕੀ ਕਿਹਾ ਜਾਂਦਾ ਸੀ, ਕੀਰਤਪੁਰ ਸਾਹਿਬ ਤੇ ਦਿੱਲੀ ਵਿਚ ਹਨ: ਗੁ: ਸੀਸ ਗੰਜ ਤੇ ਗੁ: ਰਕਾਬ ਗੰਜ। ਆਪ ਜੀ ਦੀ ਸ਼ਹੀਦੀ ਤੇ ਸਰੀਰ ਦੇ ਸਸਕਾਰ ਦੀਆਂ ਘਟਨਾਵਾਂ ਨਾਲ ਸੰਬੰਧਿਤ ਹਨ। ਗੁਰੂ ਤੇਗ ਬਹਾਦਰ ਜੀ ਨੇ ਬਹੁਤ ਲੰਬੀ ਯਾਤਰਾ ਕੀਤੀ, ਜਿਸ ਕਰਕੇ ਉਹਨਾਂ ਦੇ ਗੁਰਦੁਆਰੇ ਹਿਮਾਚਲ, ਹਰਿਆਣਾ, ਉਤਰ ਪ੍ਰਦੇਸ਼ ਤੋਂ ਲੈ ਕੇ ਆਸਾਮ ਤੱਕ ਹਨ। ਇਕ ਗੁਰਦੁਆਰਾ ਢਾਕਾ ਵਿਚ (ਬੰਗਲਾ ਦੇਸ਼) ਵੀ ਹੈ।
|
(152) Question:- |
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਆਪ ਜੀ ਦਾ ਸ਼ੁਰੂ ਦਾ ਨਾਮ ਕੀ ਸੀ? |
Answer:- |
ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦਾ ਸ਼ੁਰੂ ਦਾ ਨਾਮ ਗੋਬਿੰਦ ਰਾਏ ਸੀ, ਦਾ ਜਨਮ ਪੋਹ ਸੁਦੀ ਸਤਮੀ ਸੰਮਤ 1723 (22 ਦਸੰਬਰ 1666) ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਮਾਤਾ ਗੁਜਰੀ ਜੀ ਦੀ ਕੁਖੋਂ ਪਟਨਾ ਸ਼ਹਿਰ (ਬਿਹਾਰ) ਵਿਚ ਹੋਇਆ। |
(153) Question:- |
ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਤੋਂ ਪਟਨਾ ਕਿਸ ਲਈ ਗਏ ਸਨ? |
Answer:- |
ਗੁਰੂ ਤੇਗ ਬਹਾਦਰ ਧਰਮ ਪ੍ਰਚਾਰ ਦੇ ਦੌਰੇ 'ਤੇ ਸਨ। ਮਾਤਾ ਗੁਜਰੀ ਜੀ ਵੀ ਆਪ ਨਾਲ ਸਨ। ਪਟਨਾ ਦੇ ਅਸਥਾਨ 'ਤੇ ਪਰਿਵਾਰ ਤੇ ਕੁਝ ਸੇਵਕਾਂ ਨੂੰ ਛੱਡ ਕੇ ਗੁਰੂ ਤੇਗ ਬਹਾਦਰ ਢਾਕਾ ਗਏ ਹੋਏ ਸਨ, ਜਦੋਂ ਬਾਲਕ ਗੋਬਿੰਦ ਰਾਏ ਦਾ ਜਨਮ ਹੋਇਆ। |
(154) Question:- |
ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੀ ਵਾਰ ਕਦੋਂ ਤੇ ਕਿਸ ਅਸਥਾਨ 'ਤੇ ਦੇਖਿਆ? |
Answer:- |
ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਵੇਲੇ ਉਨ੍ਹਾ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਢਾਕਾ ਦੀ ਯਾਤਰਾ 'ਤੇ ਸਨ। ਭਾਵੇਂ ਵਿਦਵਾਨਾਂ ਵਿਚ ਇਸ ਗੱਲ 'ਤੇ ਮਤਭੇਦ ਹੈ ਕਿ ਗੁਰੂ ਜੀ ਨੇ ਬਾਲ ਗੋਬਿੰਦ ਰਾਏ ਨੂੰ ਪਹਿਲੇ ਕਿੱਥੇ ਦੇਖਿਆ, ਪਰ ਜ਼ਿਆਦਾਤਰ ਮੱਤ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਪਟਨਾ ਸਾਹਿਬ ਹੀ ਮਿਲੇ ਸਨ। ਪਟਨਾ ਸਾਹਿਬ ਸਥਿਤ ਗੁ: ਗੁਰੂ ਕਾ ਬਾਗ ਇਸ ਗੱਲ ਦਾ ਸਬੂਤ ਹੈ। ਕਿਹਾ ਜਾਂਦਾ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਕਰੀਬਨ 4 ਸਾਲ ਦੇ ਸਨ, ਤਦ ਗੁਰੂ ਤੇਗ ਬਹਾਦਰ ਜੀ ਰਹੀਮ ਬਖ਼ਸ਼ ਤੇ ਕਰੀਮ ਬਖਸ਼ ਦੇ ਬਾਗ ਵਿਚ ਆਏ ਤੇ ਏਥੇ ਪਹਿਲੀ ਵਾਰ ਪਿਤਾ ਤੇ ਪੁੱਤਰ (ਗੁਰੂ ਸਾਹਿਬਾਨ) ਦਾ ਮੇਲ ਹੋਇਆ। |
(155) Question:- |
ਗੁਰੂ ਗੋਬਿੰਦ ਸਿੰਘ ਦੁਆਰਾ ਪਟਨਾ ਵਿਖੇ ਆਪਣੇ ਬਾਲਪਨ ਦੇ ਬਿਤਾਏ ਹੋਏ ਸਮੇਂ ਦੀ ਜਾਣਕਾਰੀ ਦਿਓ। |
Answer:- |
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਕਰੀਬਨ ਪਗਿਲੇ 6 ਸਾਲ ਪਟਨਾ ਸ਼ਹਿਰ ਵਿਚ ਬਿਤਾਏ। ਆਪ ਦੇ ਬਚਪਨ ਬਾਰੇ ਸਿੱਖ ਰਵਾਇਤਾਂ ਵਿਚ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚੱਲਤ ਹਨ। ਇਕ ਰਵਾਇਤ ਮੁਸਲਮਾਨ ਫਕੀਰ ਸੱਯਦ ਭੀਖਣ ਸ਼ਾਹ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੂੰ ਇਕ ਨੂਰਾਨੀ ਬਾਲਕ ਦੇ ਸੰਸਾਰ ਵਿਚ ਅਵਤਾਰ ਧਾਰਨ ਬਾਰੇ ਭਵਿੱਖ ਬਾਣੀ ਹੋਈ ਅਤੇ ਉਹ ਦੂਰੋਂ ਚੱਲ ਕੇ ਪਟਨਾ ਸਾਹਿਬ ਦਰਸ਼ਨਾਂ ਲਈ ਆਏ। ਇਕ ਹੋਰ ਕਹਾਣੀ ਉਸ ਪੰਡਤ ਬਾਰੇ ਹੈ ਜਿਸ ਦੇ ਪੂਜਾ ਲਈ ਪਰੋਸੇ ਲੱਡੂਆਂ ਦੇ ਥਾਲ ਵਿਚੋਂ ਬਾਲ ਗੋਬਿੰਦ ਰਾਏ ਲੱਡੂ ਚੁੱਕ ਕੇ ਖਾ ਜਾਂਦੇ ਸਨ, ਤੇ ਇਕ ਦਿਨ ਉਸਦੀ ਇੱਛਾ ਅਨੁਸਾਰ ਉਸਨੂੰ ਭਗਵਾਨ ਰਾਮ ਬਣ ਕੇ ਦਰਸ਼ਨ ਦਿੱਤੇ। ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਜੋ ਕਿ ਜਨਮ ਅਸਥਾਨ ਦੇ ਕੋਲ ਗਲੀ ਵਿਚ ਹੈ, ਗੁਰੂ ਜੀ ਦੇ ਬਚਪਨ ਦੀ ਇਕ ਹੋਰ ਗਾਥਾ ਦੱਸਦਾ ਹੈ, ਜਿਸ ਅਨੁਸਾਰ ਇਸ ਅਸਥਾਨ 'ਤੇ ਰਾਜਾ ਫਤਹਿ ਚੰਦ ਮੈਣੀ ਤੇ ਉਸਦੀ ਪਤਨੀ ਬੇ-ਔਲਾਦ ਰਹਿੰਦੇ ਸਨ। ਆਪ ਗੁਰੂ ਘਰ ਦੇ ਪ੍ਰੇਮੀ ਸਨ। ਇਕ ਦਿਨ ਗੁਰੂ ਜੀ ਫਤਹਿ ਚੰਦ ਦੀ ਪਤਨੀ ਦੀ ਝੋਲੀ ਵਿਚ ਆ ਕੇ ਬੈਠ ਗਏ ਤੇ ਕੁਝ ਖਾਣ ਨੂੰ ਮੰਗਿਆ। ਫਤਹਿ ਚੰਦ ਦੀ ਪਤਨੀ ਨੂੰ ਇਹ ਬਹੁਤ ਚੰਗਾ ਲੱਗਾ ਤੇ ਉਸਨੇ ਉਬਲੇ ਹੋਏ ਛੋਲੇ ਬਾਲਕ ਗੋਬਿੰਦ ਰਾਏ ਨੂੰ ਦਿੱਤੇ। ਹੁਣ ਤਕ ਇਸ ਗੁਰਦੁਆਰੇ ਵਿਚ ਛੋਲਿਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਇਕ ਹੋਰ ਕਹਾਣੀ ਕੰਗਨ ਗੁੰਮ ਹੋਣ ਦੀ ਹੈ। ਜਿਸ ਦੇ ਅੰਤਰਗਤ ਗੁਰੂ ਜੀ ਨੇ ਦੂਜਾ ਕੰਗਨ ਦਰਿਆ ਵਿਚ ਸੁੱਟ ਕੇ ਦੱਸਿਆ ਸੀ ਕਿ ਕੰਗਨ ਇਥੇ ਗੁੰਮ ਹੋ ਗਿਆ ਸੀ। ਇਸ ਤਰ੍ਹਾਂ ਦੀਆਂ ਅਤਿਅੰਤ ਕਹਾਣੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਬਚਪਨ ਵਿਚ ਹੀ ਆਪਣੇ ਪਿਆਰ-ਭਰੇ ਸੁਭਾਅ ਨਾਲ ਸਭ ਦਾ ਮਨ ਮੋਹ ਲਿਆ ਸੀ। |
(156) Question:- |
ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹਾਂ ਬਾਰੇ ਜਾਣਕਾਰੀ ਦਿਓ। |
Answer:- |
ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਹੋਏ। ਆਪ ਦਾ ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ 21 ਜੂਨ 1677 ਨੂੰ ਹੋਇਆ। ਮਾਤਾ ਜੀਤੋ ਜੀ ਲਾਹੌਰ ਨਿਵਾਸੀ ਭਾਈ ਹਰਿ ਜਸ ਜੀ ਦੀ ਸਪੁੱਤਰੀ ਸਨ। ਭਾਈ ਹਰਿ ਜਸ ਜੀ ਚਾਹੁੰਦੇ ਸਨ ਕਿ ਬਰਾਤ ਲਾਹੌਰ ਆਵੇ ਪਰ ਗੁਰੂ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਵਿਆਹ ਪਿੰਡ ਬਸੰਤਗਰ (ਅਨੰਦਪੁਰ ਸਾਹਿਬ ਦੇ ਕੋਲ) ਕਰਨਾ ਪਿਆ। ਵਿਆਹ ਵਾਲਾ ਅਸਥਾਨ ਬਾਅਦ ਵਿਚ ਗੁਰੂ ਕਾ ਲਾਹੌਰ ਕਹਿਲਾਇਆ। ਮਾਤਾ ਜੀਤੋ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਨ ਵੇਲੇ ਅੰਮ੍ਰਿਤ ਵਿਚ ਪਤਾਸੇ ਪਾਏ ਸਨ। ਮਾਤਾ ਜੀ ਦਾ ਦੇਹਾਂਤ ਸੰਮਤ 1757 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਇਆ।
ਗੁਰੂ ਜੀ ਦਾ ਦੂਜਾ ਵਿਆਹ ਲਾਹੌਰ ਨਿਵਾਸੀ ਰਾਮ ਸ਼ਰਨ ਕੁਮਰਾਵ ਖੱਤਰੀ ਦੀ ਸਪੁੱਤਰੀ ਮਾਤਾ ਸੁੰਦਰੀ ਜੀ ਨਾਲ 7 ਵੈਸਾਖ ਸੰਮਤ 1741 ਵਿਚ ਅਨੰਦਪੁਰ ਸਾਹਿਬ ਵਿਖੇ ਹੋਇਆ। |
(157) Question:- |
ਜਦ ਕਸ਼ਮੀਰ ਦੇ ਫਰਿਆਦੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਏ ਤਾਂ ਬਾਲ ਗੋਬਿੰਦ ਨੇ ਕੀ ਕਿਹਾ? |
Answer:- |
ਆਪਣੇ ਪਿਤਾ ਨੂੰ ਚਿੰਤਾ ਵਿਚ ਦੇਖ ਕੇ ਜਦ ਬਾਲ ਗੋਬਿੰਦ ਰਾਇ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਔਰੰਗਜ਼ੇਬ ਦੇ ਕਸ਼ਮੀਰ ਵਿਚ ਹਾਕਮ ਸ਼ੇਰ ਅਫ਼ਗਾਨ ਖਾਂ ਦੇ ਸਤਾਏ ਹੋਏ ਇਨ੍ਹਾਂ ਲੋਕਾਂ ਦੀ ਕਹਾਣੀ ਬੜੀ ਦਰਦਨਾਕ ਹੈ। ਇਨ੍ਹਾਂ ਦੀ ਸਮੱਸਿਆ ਤਾਂ ਹੱਲ ਹੋ ਸਕਦੀ ਹੈ ਜੇ ਕੋਈ ਮਹਾਂਪੁਰਖ ਕੁਰਬਾਨੀ ਦੇਵੇ। ਬਾਲ ਗੋਬਿੰਦ ਰਾਇ ਤੁਰੰਤ ਬੋਲੇ ਕਿ ਇਹੋ ਜਿਹੇ ਮਹਾਂਪੁਰਖ ਤਾਂ ਆਪ ਹੀ ਹੋ। ਗੁਰੂ ਤੇਗ ਬਹਾਦਰ ਜੀ ਨੇ ਇਹ ਉਤਰ ਸੁਣ ਕੇ ਕਸ਼ਮੀਰੀ ਪੰਡਿਤਾਂ ਦੀ ਮਦਦ ਕਰਨ ਦਾ ਫੈਸਲਾ ਕਰ ਲਿਆ। |
(158) Question:- |
ਜਦ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਅਸ਼ੀਰਵਾਦ ਸੀ? |
Answer:- |
ਭਾਈ ਜੈਤਾ ਜੀ ਦੁਆਰਾ ਗੁਰੂ ਜੀ ਦੀ ਸ਼ਹੀਦੀ ਦੀ ਸਾਰੀ ਵਿਥਿਆ ਸੁਣਨ ਤੋਂ ਬਾਅਦ, ਗੁਰੂ ਜੀ ਨੇ ਭਾਈ ਜੈਤਾ ਨੂੰ ਆਪਣੇ ਅੰਗ ਲਗਾਇਆ ਅਤੇ ਗੁਰੂ ਕੇ ਬੇਟੇ ਦੀ ਉਪਾਧੀ ਨਾਲ ਸਨਮਾਨਿਆ। ਗੁਰੂ ਜੀ ਭਾਵੇਂ ਉਪਰੋਂ ਸ਼ਾਂਤ ਚਿਤ ਤੇ ਅਡੋਲ ਰਹੇ, ਪਰ ਮਨ ਵਿਚ ਜ਼ਾਲਮ ਮੁਗਲ ਹਕੂਮਤ ਨੂੰ ਖਤਮ ਕਰਨ ਦਾ ਨਿਸ਼ਚਾ ਕਰ ਲਿਆ। |
(159) Question:- |
ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਦਾ ਤਿਲਕ ਕਦੋਂ ਤੇ ਕਿਸ ਨੇ ਲਗਾਇਆ? |
Answer:- |
ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਦਾ ਤਿਲਕ 8 ਜੁਲਾਈ 1675 ਵਿਚ ਭਾਈ ਰਾਮ ਕੁਇਰ ਜੀ ਨੇ ਲਗਾਇਆ। ਭਾਈ ਰਾਮ ਕੁਇਰ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ। |
(160) Question:- |
ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਰਾਜ ਦੇ ਜ਼ੁਲਮ ਦੇ ਖਿਲਾਫ ਟੱਕਰ ਲੈਣ ਲਈ ਕੀ ਮੁੱਢਲੇ ਕਦਮ ਚੁੱਕੇ? |
Answer:- |
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਆਪਣੀ ਰੱਖਿਆ ਲਈ ਸ਼ਸਤਰਬੱਧ ਹੋਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਆਪ ਵੀ ਵੱਖ-ਵੱਖ ਜੰਗੀ ਕਰਤਬਾਂ-ਤੀਰ-ਅੰਦਾਜ਼ੀ, ਤਲਵਾਰ-ਬਾਜ਼ੀ, ਘੋੜ ਸਵਾਰੀ, ਤੈਰਾਕੀ ਆਦਿ ਵਿਚ ਮੁਹਾਰਤ ਹਾਸਲ ਕੀਤੀ। ਆਪ ਸ਼ਿਕਾਰ ਖੇਡਣ ਵੀ ਜਾਂਦੇ ਸਨ। ਸਾਰੇ ਸਿੰਘਾਂ ਲਈ ਕਸਰਤ ਨਿਤ ਕਰਮ ਰੱਖਿਆ ਗਿਆ। ਕਿਲ੍ਹੇ ਬਨਾਉਣੇ ਸ਼ੁਰੂ ਕਰ ਦਿੱਤੇ। ਇਕ ਨਗਾਰਾ ਜਿਸ ਨੂੰ ਰਣਜੀਤ ਨਗਾਰਾ ਕਹਿੰਦੇ ਸਨ ਬਣਾਇਆ ਗਿਆ, ਜੋ ਕਿ ਸ਼ਿਕਾਰ 'ਤੇ ਜਾਣ ਵੇਲੇ ਵਜਾਇਆ ਜਾਂਦਾ ਸੀ। ਥੋੜ੍ਹੇ ਜਿਹੇ ਸਮੇਂ ਵਿਚ ਇਕ ਛੋਟੀ ਜਿਹੀ ਫ਼ੌਜ ਖੜੀ ਕਰ ਲਈ। ਇਸ ਫ਼ੌਜ ਵਿਚ ਸਢੌਰੇ ਦੇ ਪੀਰ ਬੁੱਧੂ ਸ਼ਾਹ ਦੇ ਕਹਿਣ 'ਤੇ ਗੁਰੂ ਜੀ ਨੇ ਉਹ 500 ਪਠਾਣ ਵੀ ਸ਼ਾਮਲ ਕਰ ਲਏ ਜਿਨ੍ਹਾਂ ਨੂੰ ਔਰੰਗਜ਼ੇਬ ਨੇ ਆਪਣੀ ਫ਼ੌਜ ਵਿਚੋਂ ਕੱਢਿਆ ਸੀ। |