• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(181) Question:- ਪਰਿਵਾਰ ਵਿਛੋੜੇ ਤੋ ਬਾਅਦ ਗੁਰੂ ਜੀ ਦੇ ਚਮਕੌਰ ਦੀ ਗੜ੍ਹੀ ਪਹੁੰਚਣ 'ਤੇ ਜੋ ਹਾਲਾਤ ਬਣੇ ਉਨ੍ਹਾਂ ਦਾ ਵੇਰਵਾ ਦਿਓ।
Answer:- ਗੁਰੂ ਜੀ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਸਣੇ ਰੋਪੜ ਪਹੁੰਚ ਗਏ ਤੇ ਉਥੋਂ ਆਪ ਨੇ ਦੋਵਾਂ ਮਾਤਾਵਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਭੇਜ ਦਿੱਤਾ। ਰੋਪੜ ਦੇ ਅਸਥਾਨ 'ਤੇ ਸ਼ਾਹੀ ਸੈਨਾ ਨਾਲ ਸਿੱਖਾਂ ਦੀ ਇਕ ਵਾਰ ਫਿਰ ਟੱਕਰ ਹੋਈ, ਜਿਸ ਵਿਚ ਸ਼ਾਹੀ ਸੈਨਾ ਦਾ ਕਾਫੀ ਨੁਕਸਾਨ ਹੋਇਆ। ਗੁਰੂ ਜੀ ਤੇ ਕੁਝ ਸਿੱਖ ਇਸ ਟੱਕਰ ਤੋਂ ਬਚ ਕੇ ਚਮਕੌਰ ਸਾਹਿਬ ਪਹੁੰਚ ਗਏ। ਉਥੇ ਜਾ ਕੇ ਗੁਰੂ ਜੀ ਨੂੰ ਪਤਾ ਲੱਗਾ ਕਿ ਦਿੱਲੀ ਦਾ ਸੂਬਾ ਦਸ ਹਜ਼ਾਰ ਫ਼ੌਜ ਲੈ ਕੇ ਗੁਰੂ ਜੀ ਵੱਲ ਵੱਧ ਰਿਹਾ ਸੀ। ਦੂਸਰੇ ਪਾਸਿਓਂ ਪਹਾੜੀ ਰਾਜੇ ਤੇ ਸਰਹੰਦ ਦਾ ਸੂਬਾ ਵਜ਼ੀਰ ਖਾਂ ਆਪਣੇ ਸਿਪਾਹੀਆਂ ਨਾਲ ਵੀ ਗੁਰੂ ਜੀ ਦਾ ਪਿੱਛਾ ਕਰ ਰਹੇ ਸਨ। ਗੁਰੂ ਜੀ ਨੇ ਇਨ੍ਹਾਂ ਹਾਲਾਤਾਂ ਵਿਚ ਚਮਕੌਰ ਦੀ ਗੜ੍ਹੀ ਵਿਚ ਆਪਣੇ ਸਾਰੇ ਸੈਨਿਕਾਂ ਨੂੰ ਉਨ੍ਹਾਂ ਦੇ ਅਸਥਾਨਾਂ 'ਤੇ ਤੈਨਾਤ ਕਰ ਦਿੱਤਾ ਤੇ ਯੁੱਧ ਲਈ ਤਿਆਰ ਹੋ ਗਏ।
(182) Question:- ਚਮਕੌਰ ਦੀ ਗੜ੍ਹੀ ਦੇ ਯੁੱਧ ਬਾਰੇ ਸੰਖੇਪ ਜਾਣਕਾਰੀ ਦਿਓ।
Answer:- ਚਮਕੌਰ ਦਾ ਯੁੱਧ
ਚਮਕੌਰ ਦੀ ਗੜ੍ਹੀ ਵਿਚ ਗੁਰੂ ਜੀ ਨਾਲ ਬਹੁਤ ਥੋੜ੍ਹੇ ਸੈਨਿਕ ਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਸਨ। ਗੁਰੂ ਜੀ ਦੇ ਬਹੁਤ ਸਾਰੇ ਸੈਨਿਕ ਮਾਰੇ ਜਾ ਚੁੱਕੇ ਸਨ ਤੇ ਕਈ ਸਿੱਖ ਉਨ੍ਹਾਂ ਨੂੰ ਬੇਦਾਵਾ ਲਿਖ ਕੇ ਆਨੰਦਪੁਰ ਛੱਡ ਕੇ ਹੀ ਚਲੇ ਗਏ ਸਨ। ਐਸੇ ਹਾਲਾਤ ਵਿਚ ਬਹਾਦਰੀ ਨਾਲ ਲੜਨ ਤੋਂ ਇਲਾਵਾ ਗੁਰੂ ਜੀ ਲਈ ਇਹ ਜ਼ਰੂਰੀ ਸੀ ਕਿ ਉਹ ਇਕ ਯੋਜਨਾਬੱਧ ਤਰੀਕੇ ਨਾਲ ਲੜਨ। ਆਪ ਜੀ ਨੇ ਆਪਣੀ ਵਿਉਂਤ ਅਨੁਸਾਰ ਲੜਾਈ ਕੀਤੀ ਅਤੇ ਸਾਰੇ ਸਿੱਖ ਬੜੀ ਬਹਾਦਰੀ ਨਾਲ ਲੜੇ। ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਤੇ ਤਿੰਨ ਪਿਆਰੇ ਵੀ ਇਸ ਯੁੱਧ ਵਿਚ ਸ਼ਹੀਦ ਹੋ ਗਏ। ਜਦ ਘਮਸਾਨ ਯੁੱਧ ਕਰਦਿਆਂ ਰਾਤ ਪੈ ਗਈ ਤਾਂ ਗੁਰੂ ਜੀ ਨਾਲ ਸਿਰਫ ਪੰਜ ਸਿੱਖ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਹੀ ਰਹਿ ਗਏ। ਯੁੱਧ ਕਰਨ ਲਈ ਸ਼ਸਤਰ ਵੀ ਖਤਮ ਹੋ ਗਏ ਸਨ। ਇਸ ਹਾਲਤ ਵਿਚ ਪੰਜਾਂ ਸਿੰਘਾਂ ਨੇ ਇਕ ਗੁਰਮਤਾ ਕਰਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਰਾਤ ਨੂੰ ਹਨ੍ਹੇਰੇ ਵਿਚ ਉਸ ਅਸਥਾਨ ਤੋਂ ਚਲੇ ਜਾਣ। ਗੁਰੂ ਜੀ ਨੂੰ ਪੰਜਾਂ ਪਿਆਰਿਆਂ ਦਾ ਇਹ ਹੁਕਮ ਮੰਨਣਾ ਪਿਆ। ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਸ਼ਹੀਦੀਆ ਪ੍ਰਾਪਤ ਕਰਨ ਵਾਸਤੇ ਗੜ੍ਹੀ ਵਿਚ ਹੀ ਠਹਿਰ ਗਏ ਤੇ ਬਾਕੀ ਤਿੰਨ ਸਿੰਘ ਗੁਰੂ ਜੀ ਨਾਲ ਜਾਣ ਲਈ ਤਿਆਰ ਹੋ ਗਏ। ਜਦੋਂ ਵੈਰੀ ਦਲ ਦੇ ਲੋਕ ਰਾਤ ਨੂੰ ਸੁੱਤੇ ਪਏ ਸਨ ਤਾਂ ਗੁਰੂ ਜੀ ਤੇ ਤਿੰਨੋਂ ਸਿੰਘ ਇਕ ਇਕ ਕਰਕੇ ਮਾਛੀਵਾੜੇ ਮਿਲਣ ਦਾ ਪ੍ਰੋਗਰਾਮ ਬਣਾ ਕੇ ਨਿਕਲ ਗਏ।
(183) Question:- ਗੁਰੂ ਜੀ ਦਾ ਮਾਛੀਵਾੜੇ ਦੇ ਜੰਗਲ ਵਿਚ ਇਕੱਲੇ ਬਿਤਾਇਆ ਹੋਇਆ ਸਮਾਂ ਕਿਸ ਤਰ੍ਹਾਂ ਬੀਤਿਆ?
Answer:- ਮਾਛੀਵਾੜੇ ਦੇ ਹਾਲਾਤ
ਜਦ ਰਾਤ ਦੇ ਘੁੱਪ ਹਨ੍ਹੇਰੇ ਵਿਚ ਗੁਰੂ ਸਾਹਿਬ ਝਾੜੀਆਂ, ਬੂਟੀਆਂ ਵਿਚੋਂ ਲੰਘਦੇ ਹੋਏ ਕਾਫੀ ਪੈਂਡਾ ਤਹਿ ਕਰ ਗਏ ਤਾਂ ਆਪ ਜੀ ਥੱਕੇ-ਮਾਂਦੇ ਪਿੰਡ ਚੂਹੜਵਾਲ ਦੇ ਨੇੜੇ ਜੰਗਲ ਵਿਚ ਸੰਘਣੇ ਝਾੜ ਦੀ ਓਟ ਲੈ ਕੇ ਲੇਟ ਗਏ। ਉਸ ਵੇਲੇ ਦਿਨ ਚੜ੍ਹ ਰਿਹਾ ਸੀ। ਸੋ ਅੱਗੇ ਸਫ਼ਰ ਕਰਨਾ ਮੁਮਕਿਨ ਨਹੀਂ ਸੀ। ਸਾਰੇ ਇਲਾਕੇ ਵਿਚ ਇਹ ਐਲਾਨ ਹੋ ਚੁੱਕਾ ਸੀ ਕਿ ਸ਼ਾਹੀ ਫ਼ੌਜਾਂ ਗੁਰੂ ਜੀ ਨੂੰ ਲੱਭ ਰਹੀਆਂ ਹਨ। ਐਸੇ ਹਾਲਾਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦਾ ਧਿਆਨ ਧਰਿਆ ਤੇ ਇਕ ਬਹੁਤ ਹੀ ਸੁੰਦਰ ਸ਼ਬਦ ਉਚਾਰਨ ਕੀਤਾ।
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ।।
ਤੁਧੁ ਬਿਨੁ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।।
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।।
ਯਾਰੜੇ ਦਾ ਸਾਨੂੰ ਸਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ।।
(184) Question:- ਗੁਰੂ ਜੀ ਦੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਜਾਣ ਤੋਂ ਬਾਅਦ ਚਮਕੌਰ ਵਿਚ ਕੀ ਹੋਇਆ?
Answer:- ਜਦ ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣਾ ਸੀ ਤਾਂ ਗੁਰਮਤੇ ਅਨੁਸਾਰ ਇਹ ਯੋਜਨਾ ਬਣਾਈ ਗਈ ਸੀ ਕਿ ਗੁਰੂ ਜੀ ਦਾ ਪੁਸ਼ਾਕਾ ਤੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਣਾ ਦਿੱਤੇ ਜਾਣ, ਤਾਂਕਿ ਜਦ ਉਹ ਸ਼ਹੀਦ ਹੋ ਜਾਣ ਤਾਂ ਸ਼ਾਹੀ ਸੈਨਾ ਤੇ ਪਹਾੜੀਏ ਉਨ੍ਹਾਂ ਨੂੰ ਗੁਰੂ ਸਾਹਿਬ ਸਮਝ ਕੇ ਪਿੱਛਾ ਕਰਨ ਛੱਡ ਕੇ ਅਵੇਸਲੇ ਹੋ ਜਾਣ। ਯੋਜਨਾ ਦੇ ਅਨੁਸਾਰ ਉਨ੍ਹਾਂ ਦੇ ਅਵੇਸਲੇਪਣ ਦੇ ਸਮੇਂ ਗੁਰੂ ਜੀ ਨੂੰ ਆਪਣੀ ਰੱਖਿਆ ਦਾ ਪ੍ਰਬੰਧ ਕਰਨ ਦਾ ਸਮਾਂ ਮਿਲ ਜਾਣਾ ਸੀ। ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ ਉਸ ਤਰ੍ਹਾਂ ਹੀ ਵਾਪਰਿਆ। ਮੁਗਲ ਫ਼ੌਜਾਂ ਦਾ ਸੈਨਾਪਤੀ ਖਵਾਜ਼ਾ ਮਰਦੂਦ ਬਹੁਤ ਖੁਸ਼ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਮਾਰ ਦਿੱਤਾ ਹੈ, ਸੋ ਉਸ ਨੂੰ ਔਰੰਗਜ਼ੇਬ ਤੋਂ ਇਨਾਮ ਮਿਲੇਗਾ। ਪਰ ਬਾਅਦ ਵਿਚ ਜਦੋਂ ਸ਼ਨਾਖਤ ਦੌਰਾਨ ਇਹ ਪਤਾ ਲੱਗਾ ਕਿ ਗੁਰੂ ਜੀ ਤਾਂ ਗੜ੍ਹੀ ਵਿਚੋਂ ਬਚ ਕੇ ਨਿਕਲ ਗਏ ਸਨ ਤਾਂ ਉਨ੍ਹਾਂ ਨੂੰ ਫੜਨ ਲਈ ਫੇਰ ਭੱਜ-ਦੜ ਸ਼ੁਰੂ ਹੋ ਗਈ।
(185) Question:- ਮਾਛੀਵਾੜੇ ਵਿਚ ਵਾਪਰੇ ਹੋਏ ਹਾਲਾਤਾਂ ਬਾਰੇ ਜਾਣਕਾਰੀ ਦਿਓ।
Answer:- ਮਾਛੀਵਾੜੇ ਵਿਚ ਦੋ ਪਠਾਣ ਭਰਾ ਨਬੀ ਖਾਂ ਤੇ ਭਾਈ ਗਨੀ ਖਾਂ ਘੋੜਿਆਂ ਦੇ ਸੌਦਾਗਰ ਸਨ। ਉਹ ਗੁਰੂ ਜੀ ਨਾਲ ਪ੍ਰੇਮ ਕਰਦੇ ਸਨ। ਉਨ੍ਹਾਂ ਨੇ ਗੁਰੂ ਜੀ ਨੂੰ ਮਾਛੀਵਾੜੇ ਤੋਂ ਕੱਢਣ ਲਈ ਇਕ ਯੋਜਨਾ ਬਣਾਈ। ਗੁਰੂ ਜੀ ਨੂੰ 'ਉਚ ਦਾ ਪੀਰ' ਬਣਾ ਕੇ ਆਪ ਮੁਰੀਦ ਬਣ ਕੇ ਗੁਰੂ ਜੀ ਦਾ ਪਲੰਘ ਚੁੱਕ ਕੇ ਸ਼ਾਹੀ ਫ਼ੌਜਾਂ ਵਿਚੋਂ ਨਿਕਲ ਗਏ। ਬਾਕੀ ਤਿੰਨ ਸਿੰਘ ਵੀ ਉਨ੍ਹਾਂ ਦੇ ਮੁਰੀਦ ਬਣ ਗਏ ਤੇ ਇਸ ਤਰ੍ਹਾਂ ਗੁਰੂ ਜੀ ਨੂੰ ਸ਼ਾਹੀ ਫ਼ੌਜ ਤੋਂ ਦੂਰ ਪਹੁੰਚਾ ਦਿੱਤਾ ਗਿਆ। ਉਥੋਂ ਨਿਕਲ ਕੇ ਗੁਰੂ ਜੀ ਪਿੰਡ ਲੰਮਾ ਤੇ ਜੱਟਪੁਰਾ ਦੇ ਰਸਤੇ ਰਾਏਕੋਟ ਹੁੰਦੇ ਹੇ ਇਕ ਸ਼ਰਧਾਲੂ ਰਾਇ ਕੱਲਾ ਦੇ ਨਿਵਾਸ ਅਸਥਾਨ 'ਤੇ ਪਹੁੰਚ ਗਏ। ਰਾਇ ਕੱਲਾ ਨੇ ਗੁਰੂ ਜੀ ਦੇ ਕਹਿਣ 'ਤੇ ਸਰਹੰਦ ਤੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮੰਗਵਾਉਣ ਲਈ ਨੂਰੇ ਮਾਹੀ ਚਰਵਾਹੇ ਨੂੰ ਭੇਜਿਆ। ਉਸ ਨੇ ਆ ਕੇ ਗੁਰੂ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਿਆ।
(186) Question:- ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਾਣਕਾਰੀ ਦਿਓ।
Answer:- ਸਾਕਾ ਸਰਹੰਦ
ਜਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰ ਜੀ ਤੋਂ ਵਿਛੜ ਗਏ ਤਾਂ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਦੇ ਪੁਰਾਣੇ ਰਸੋਈਏ ਗੰਗੂ ਬ੍ਰਾਹਮਣ ਨਾਲ ਹੋ ਗਈ। ਉਹ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਤੇ ਇਨਾਮ ਦੇ ਲਾਲਚ ਨਾਲ ਮੋਰਿੰਡੇ ਦੇ ਹਾਕਮ ਰਾਹੀਂ ਸਰਹੰਦ ਦੇ ਸੂਬੇ ਪਾਸ ਪਹੁੰਚਾ ਦਿੱਤਾ। ਸੂਬੇ ਨੇ ਸਾਹਿਬਜ਼ਾਦਿਆਂ ਨੂੰ ਡਰ ਦੇ ਕੇ, ਲਾਲਚ ਦੇ ਕੇ ਤੇ ਹਰ ਹੀਲੇ ਨਾਲ ਮੁਸਲਮਾਨ ਬਣ ਲਈ ਕਿਹਾ, ਪਰ ਸਾਹਿਜ਼ਦਿਆਂ ਨੇ ਆਪਣੀ ਦਾਦੀ ਦੀ ਧਰਮ ਨਿਭਾਉਣ ਦੀ ਸਿੱਖਿਆ ਨੂੰ ਯਾਦ ਰੱਖਿਆ ਤੇ ਕੁਰਬਾਨੀ ਲਈ ਤਿਆਰ ਹੋ ਗਏ। ਮਲੇਰਕੋਟਲਾ ਦੇ ਨਵਾਬ ਗੁਲ ਸ਼ੇਰ ਖਾਂ ਨੇ ਸੂਬੇ ਨੂੰ ਸਮਝਾਇਆ ਕਿ ਗੁਰੂ ਜੀ ਦਾ ਬਦਲਾ ਛੋਟੇ ਬੱਚਿਆਂ ਤੋਂ ਲੈਣਾ ਠੀਕ ਨਹੀਂ, ਪਰ ਸੁੱਚਾ ਨੰਦ ਨੇ 'ਸੱਪ ਦੇ ਬੱਚੇ ਸਪੋਲੇ' ਕਹਿ ਕੇ ਸੂਬੇ ਨੂੰ ਬੱਚਿਆਂ ਨੂੰ ਸਜ਼ਾ ਦੇਣ ਲਈ ਉਕਸਾਇਆ। ਆਖਰ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸਾਕਾ 27 ਦਸੰਬਰ 1705 ਨੂੰ ਹੋਇਆ। ਸਰਹੰਦ ਦੇ ਟੋਡਰ ਮੱਲ ਨੇ ਮੋਹਰਾਂ ਦੇ ਕੇ ਬੱਚਿਆਂ ਦੇ ਸਸਕਾਰ ਲਈ ਉਨ੍ਹਾਂ ਦੀ ਦੇਹ ਪ੍ਰਾਪਤ ਕੀਤੀ। ਮਾਤਾ ਗੁਜਰੀ ਜੀ ਵੀ ਇਸ ਖ਼ਬਰ ਨੂੰ ਸੁਣ ਕੇ ਪ੍ਰਲੋਕ ਸਿਧਾਰ ਗਏ। ਜਿਸ ਜਗ੍ਹਾ 'ਤੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ ਉਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਸੁਭਾਇਮਾਨ ਹੈ ਤੇ ਜਿੱਥੇ ਮਾਤਾ ਜੀ ਦਾ ਤੇ ਬੱਚਿਆਂ ਦਾ ਸਸਕਾਰ ਕੀਤਾ ਗਿਆ ਸੀ ਉਥੇ ਗੁ: ਜੋਤੀ ਸਰੂਪ ਵਿਦਮਾਨ ਹੈ।
(187) Question:- ਜਫ਼ਰਨਾਮਾ ਕੀ ਹੈ ਤੇ ਗੁਰੂ ਮਹਾਰਾਜ ਨੇ ਇਸ ਰਚਨਾ ਨੂੰ ਕਦੋਂ ਤੇ ਕਿੱਥੇ ਲਿਖਿਆ?
Answer:- ਜਫ਼ਰਨਾਮਾ - ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਤੋਂ ਚੱਲ ਕੇ ਪਿੰਡ ਦੀਨੇ ਕਾਂਗੜ ਚਲੇ ਗਏ। ਇਹ ਪਿੰਡ ਜ਼ਿਲ੍ਹਾ ਮੋਗਾ ਵਿਚ ਹੈ। ਉਥੋਂ ਗੁਰੂ ਜੀ ਨੇ ਇਹ ਪੱਤਰ ਲਿਖਿਆ ਸੀ। ਇਸ ਵਿਚ ਕੁਲ 115 ਬੈਂਤ ਹਨ। ਪਹਿਲੇ 12 ਬੈਂਤਾਂ ਵਿਚ ਪਰਮਾਤਮਾ ਦੀ ਉਸਤਤਿ ਕਰਕੇ 13 ਤੋਂ 111 ਤਕ ਔਰੰਗਜ਼ੇਬ ਨੂੰ ਉਸਦੇ ਗੁਨਾਹਾਂ ਦੀ ਜਾਣਕਾਰੀ ਕਰਵਾਈ ਹੈ। ਗੁਰੂ ਜੀ ਨੇ ਲਿਖਿਆ ਹੈ ਕਿ ਇਖਲਾਕੀ ਤੌਰ 'ਤੇ ਔਰੰਗਜ਼ੇਬ ਦੀ ਹਾਰ ਹੋਈ ਹੈ। ਉਸਨੇ ਝੂਠੀਆਂ ਕਸਮਾਂ ਖਾਧੀਆਂ ਤੇ ਇਮਾਨ ਤੋਂ ਹਾਰ ਗਿਆ। ਆਖਰੀ 4 ਬੈਂਤਾਂ ਵਿਚ ਵੀ ਪਰਮਾਤਮਾ ਦੀ ਉਸਤਤੀ ਹੈ। ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਇਹ ਖੱਤ ਲੈ ਕੇ ਅਹਿਮਦ ਨਗਰ ਔਰੰਗਜ਼ੇਬ ਨੂੰ ਦੇਣ ਲਈ ਗਏ।
(188) Question:- ਗੁਰੂ ਜੀ ਨੇ ਮੁਗਲਾਂ ਨਾਲ ਆਖਰੀ ਲੜਾਈ ਕਦੋਂ ਤੇ ਕਿੱਥੇ ਲੜੀ?
Answer:- ਮੁਕਤਸਰ ਦੀ ਜੰਗ - ਦੀਨਾਂ ਤੋਂ ਗੁਰੂ ਜੀ ਖਿਦਰਾਨਾ ਗਏ ਤੇ ਮੁਗਲ ਫ਼ੌਜਾਂ ਨਾਲ ਉਥੇ ਉਨ੍ਹਾਂ ਆਖਰੀ ਲੜਾਈ ਲੜੀ। ਇਹ ਜੰਗ 21 ਦਸੰਬਰ 1705 ਨੂੰ ਲੜੀ ਗਈ। ਸਭ ਤੋਂ ਜ਼ਿਆਦਾ ਬਹਾਦਰੀ ਨਾਲ ਉਹ ਸਿੰਘ ਲੜੇ ਜੋ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਉਨ੍ਹਾਂ ਦੇ ਸਰਦਾਰ ਭਾਈ ਮਹਾਂ ਸਿੰਘ ਤੇ ਸਾਥੀਆਂ ਨੇ ਮੁਗਲ ਸੈਨਾ ਨੂੰ ਗੁਰੂ ਜੀ ਤਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਤੇ ਘਮਸਾਨ ਦਾ ਯੁੱਧ ਕੀਤਾ। ਗੁਰੂ ਜੀ ਨੇ ਇਨ੍ਹਾਂ ਸਿੰਘਾਂ ਨੂੰ ਮਾਫ਼ ਕਰ ਦਿੱਤਾ ਤੇ ਮੁਕਤੇ ਕਰਾਰ ਦਿੱਤਾ। ਭਾਈ ਮਹਾਂ ਸਿੰਘ ਦੇ ਮਰਨ ਤੋਂ ਪਹਿਲੇ ਉਸ ਕੋਲ ਪਹੁੰਚ ਕੇ ਉਸ ਦੇ ਸਾਹਮਣੇ ਬੇਦਾਵਾ ਫਾੜ ਦਿੱਤਾ। ਹੁਣ ਇਸ ਅਸਥਾਨ ਦਾ ਨਾਮ ਮੁਕਤਸਰ ਹੈ ਤੇ ਸ਼ਹੀਦ ਦੀ ਯਾਦ ਵਿਚ ਇਕ ਗੁਰਦੁਆਰਾ ਸ਼ੁਸ਼ੋਭਿਤ ਹੈ।
(189) Question:- ਚਾਲੀ ਮੁਕਤੇ ਕੌਣ ਸਨ? ਉਹਨਾਂ ਨੇ ਕੀ ਗਲਤੀ ਕੀਤੀ ਤੇ ਉਸਦਾ ਸਮਾਧਾਨ ਕਿਸ ਤਰ੍ਹਾਂ ਹੋਇਆ?
Answer:- ਚਾਲੀ ਮੁਕਤੇ
ਜਦ ਆਨੰਦਪੁਰ ਦੀ ਘੇਰਾਬੰਦੀ ਕਾਰਨ ਸਿੱਖਾਂ ਨੂੰ ਅੰਨ ਪਾਣੀ ਬਿਨਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ 40 ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਕਿ ਨਾ ਉਹ ਉਨ੍ਹਾਂ ਦਾ ਗੁਰੂ ਤੇ ਨਾ ਉਹ ਉਨ੍ਹਾਂ ਦੇ ਸਿੱਖ। ਜਦ ਇਹ ਸਿੱਖ ਆਪਣੇ ਘਰ ਪੁੱਜੇ ਤਾਂ ਉਨ੍ਹਾਂ ਦੀਆਂ ਔਰਤਾਂ, ਮਾਵਾਂ, ਭੈਣਾਂ ਤੇ ਬੀਵੀਆਂ ਨੇ ਉਨਾਂ ਨੂੰ ਫਟਕਾਰਿਆ। ਉਹ ਮਾਈ ਭਾਗੋ ਦੀ ਅਗਵਾਈ ਹੇਠ ਆਪ ਜੰਗ ਵਿਚ ਜਾਣ ਨੂੰ ਤਿਆਰ ਹੋ ਗਈਆਂ। ਉਨ੍ਹਾਂ ਦੇ ਇਸ ਰਵੱਈਏ ਨਾਲ ਸਿੱਖਾਂ ਨੂੰ ਬੜੀ ਸ਼ਰਮਿੰਦਗੀ ਹੋਈ। ਉਨ੍ਹਾਂ ਨੂੰ ਸਮਝ ਆ ਗਈ ਕਿ ਸ਼ਹੀਦੀ ਪਾਉਣਾ ਐਸੇ ਜੀਵਨ ਨਾਲੋਂ ਕਿਤੇ ਚੰਗਾ ਹੈ। ਉਹ ਸਭ ਲੜਾਈ ਵਿਚ ਵਾਪਸ ਚਲੇ ਗਏ ਤੇ ਲੜਦੇ-ਲੜਦੇ ਸ਼ਹੀਦ ਹੋ ਗਏ। ਜਦ ਇਹ ਸਿੰਘ ਖਿਦਰਾਣੇ ਦੇ ਅਸਥਾਨ 'ਤੇ ਲੜ ਰਹੇ ਸਨ ਤਾਂ ਗੁਰੂ ਜੀ ਥੋੜ੍ਹੀ ਦੂਰ ਇਕ ਉੱਚੀ ਟਿੱਬੀ 'ਤੇ ਖੜ੍ਹੇ ਹੋ ਕੇ ਦੁਸ਼ਮਣਾਂ 'ਤੇ ਤੀਰ ਵਰਸਾ ਰਹੇ ਸਨ। ਗੁਰੂ ਸਾਹਿਬ ਨੇ ਲੜਾਈ ਤੋਂ ਬਾਅਦ ਹਰ ਇਕ ਸਿੱਖ ਕੋਲ ਜਾ ਕੇ ਉਸ ਨੂੰ ਪਿਆਰ ਤੇ ਸ਼ਾਬਾਸ਼ੀ ਦਿੱਤੀ। ਭਾਈ ਮਹਾਂ ਸਿੰਘ ਦੇ ਕਹਿਣ 'ਤੇ ਸਿੰਘਾਂ ਦਾ ਬੇਦਾਵਾ ਫਾੜ ਦਿੱਤਾ ਤੇ ਮੁਕਤੀ ਦੇ ਦਿੱਤੀ। ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਦਾ ਸਸਕਾਰ ਆਪ ਕੀਤਾ।
(190) Question:- ਗੁਰੂ ਜੀ ਖਿਦਰਾਨਾ ਤੋਂ ਬਾਅਦ ਕਿੱਥੇ ਗਏ ਤੇ ਉਥੇ ਕੀ ਮਹੱਤਵਪੂਰਨ ਕੰਮ ਕੀਤਾ?
Answer:- ਗੁਰੂ ਜੀ ਲੱਖੀ ਜੰਗਲ ਨੂੰ ਪਾਰ ਕਰਕੇ 20 ਜਨਵਰੀ 1706 ਨੂੰ ਤਲਵੰਡੀ ਸਾਬੋ ਪਹੁੰਚੇ। ਇਥੇ ਆਪ ਨੌਂ ਮਹੀਨੇ ਰਹੇ। ਧੀਰਮੱਲ ਦੇ ਵਾਰਸਾਂ ਨੇ ਆਦਿ ਗ੍ਰੰਥ ਦੀ ਪਹਿਲੀ ਬੀੜ ਗੁਰੂ ਜੀ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਸੋ ਗੁਰੂ ਜੀ ਨੇ ਬੀੜ ਦਾ ਇਕ ਨਵਾਂ ਗ੍ਰੰਥ ਤਿਆਰ ਕਰਵਾਇਆ। ਆਪ ਜੀ ਨੇ ਸਾਰਾ ਗ੍ਰੰਥ ਭਾਈ ਮਨੀ ਸਿੰਘ ਤੋਂ ਲਿਖਵਾਇਆ। ਇਸ ਨਵੀਂ ਬੀੜ ਵਿਚ ਗੁਰੂ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਸ਼ਾਮਲ ਕਰ ਦਿੱਤੀ। ਗੁਰੂ ਜੀ ਨੂੰ ਉਸ ਵੇਲੇ ਮਿਲਣ ਲਈ ਬਹੁਤ ਵਿਦਵਾਨ ਤਲਡੰਡੀ ਸਾਬੋ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਨੇ ਸਾਹਿਤਕ ਰਚਨਾਵਾਂ ਰਚੀਆਂ। ਇਸ ਕਰਕੇ ਹੀ ਇਸ ਅਸਥਾਨ ਨੂੰ ਗੁਰੂ ਕੀ ਕਾਂਸ਼ੀ ਕਹਿਣ ਲੱਗ ਗਏ। ਅੱਜ-ਕਲ੍ਹ ਇਸ ਅਸਥਾਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਤੇ ਇਸ ਨੂੰ ਸਿੱਖਾਂ ਦਾ ਪੰਜਵਾਂ ਤਖ਼ਤ ਕਰਾਰ ਦਿੱਤਾ ਗਿਆ ਹੈ।