• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(11) Question:- ਸੈਦਪੁਰ ਕਿਥੇ ਹੈ ਤੇ ਪਹਿਲੀ ਉਦਾਸੀ ਸਮੇਂ ਇਸ ਸਥਾਨ ਦੀ ਯਾਤਰਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਬਾਣੀ ਉਚਾਰੀ?
Answer:- ਸੈਦਪੁਰ ਗੁੱਜਰਾਂਵਾਲਾ ਜ਼ਿਲ੍ਹਾ ਵਿਚ ਹੈ ਤੇ ਅੱਜ-ਕੱਲ੍ਹ ਇਸ ਦਾ ਨਾਮ ਐਮਨਾਬਾਦ ਹੈ ਤੇ ਹੁਣ ਇਹ ਸਥਾਨ ਪਾਕਿਸਤਾਨ ਵਿਚ ਹੈ। ਇਸ ਅਸਥਾਨ ਉਤੇ ਗੁਰੂ ਜੀ ਨੇ ਬਾਬਰ ਦੇ ਹਮਲੇ ਨਾਲ ਹੋਏ ਜ਼ੁਲਮ ਨੂੰ ਦੇਖਦੇ ਹੋਏ ਬਾਬਰਵਾਣੀ ਰਚਨਾ ਉਚਾਰੀ।
ਬਾਬਰਵਾਣੀ ਦੀ ਰਚਨਾ
ਬਾਬਰਵਾਣੀ ਸ਼ਬਦ ਦਾ ਇਸਤੇਮਾਲ ਗੁਰੂ ਜੀ ਨੇ ਰਾਗ ਆਸਾ ਅਸਟਪਦੀ ਵਿਚ ਉਸ ਸ਼ਬਦ ਵਿਚ ਕੀਤਾ ਹੈ। ਜਿਸ ਵਿਚ ਆਪ ਬਾਬਰ ਦੇ ਹਮਲੇ ਦੇ ਹੋਏ ਪ੍ਰਭਾਵ ਦਾ ਜ਼ਿਕਰ ਕਰਦੇ ਹਨ। ਬਾਅਦ ਵਿਚ ਰਾਗ ਆਸਾ ਵਿਚ 3 ਹੋਰ ਸ਼ਬਦ ਤੇ ਰਾਗ ਤਿਲੰਗ ਵਿਚ ਇਕ ਸ਼ਬਦ ਆਪ ਜੀ ਨੇ ਹੋਰ ਉਚਾਰੇ ਜਿਨ੍ਹਾਂ ਦਾ ਸੰਬੰਧ ਬਾਬਰ ਦੇ ਹਮਲੇ ਦੀ ਤਬਾਹੀ ਨਾਲ ਸੀ। ਇਹ ਸ਼ਬਦ ਹਨ- 1. 'ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ', 2. 'ਜਿਨ ਸਿਰਿ ਸੋਹਨਿ ਪਟੀਆ', 3. 'ਕਹਾ ਸੁਖੇਲ ਤਬੇਲਾ ਘੋੜੇ', ਤੇ 4. 'ਜੈਸੀ ਮੈ ਆਵੈ ਖਸਮ ਕੀ ਬਾਣੀ', ਇਹ ਸਾਰੇ ਸ਼ਬਦਾਂ ਦਾ ਸਮੂਹ ਬਾਬਰਵਾਣੀ ਨਾਮ ਨਾਲ ਪ੍ਰਸਿੱਧ ਹੈ।
(12) Question:- ਭਾਈ ਲਾਲੋ ਜੀ ਕੌਣ ਸਨ ਤੇ ਉਹ ਕਿਥੇ ਰਹਿੰਦੇ ਸਨ? ਗੁਰੂ ਨਾਨਕ ਦੇਵ ਜੀ ਦੀ ਭਾਈ ਲਾਲੋ ਜੀ ਨਾਲ ਮੁਲਾਕਾਤ ਦਾ ਵਿਵਰਣ ਦਿਓ।
Answer:- ਭਾਈ ਲਾਲੋ ਜੀ ਸੈਦਪੁਰ (ਹੁਣ ਐਮਨਾਬਾਦ) ਵਿਚ ਰਹਿੰਦੇ ਸਨ। ਉਨ੍ਹਾਂ ਦਾ ਗੁਰੂ ਜੀ ਨਾਲ ਬਹੁਤ ਪ੍ਰੇਮ ਸੀ। ਜਦ ਗੁਰੂ ਜੀ ਸੈਦਪੁਰ ਗਏ ਤੇ ਉਥੇ ਇਕ ਮਹੀਨਾ ਠਹਿਰੇ। ਉਹ ਭੀ ਲਾਲੋ ਜੀ ਨਾਲ ਹੀ ਉਨ੍ਹਾਂ ਦੇ ਗ੍ਰਹਿ ਵਿਖੇ ਭੋਜਨ ਛੱਕਦੇ ਸਨ। ਇਕ ਵਾਰੀ ਸੈਦਪੁਰ ਦੇ ਦੀਵਾਨ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਤੇ ਉਸ ਵਿਚ ਗੁਰੂ ਜੀ ਨੂੰ ਵੀ ਬੁਲਾਇਆ, ਪਰ ਗੁਰੂ ਜੀ ਉਸ ਦੇ ਘਰ ਭੋਂ ਛਕਣ ਨਹੀਂ ਗਏ। ਮਲਕ ਭਾਗੋ ਨੂੰ ਗੁਰ ਜੀ ਦੀ ਇਹ ਗੱਲ ਚੰਗੀ ਨਾ ਲੱਗੀ ਤੇ ਉਸ ਨੇ ਗੁਰੂ ਜੀ ਨੂੰ ਇਸ ਦਾ ਕਾਰਨ ਪੁੱਛਿਆ।
ਭਾਈ ਲਾਲੋ ਤੇ ਮਲਕ ਭਾਗੋ
ਗੁਰੂ ਜੀ ਨੇ ਮਲਕ ਭਾਗੋ ਦੇ ਪੂੜੀ ਕੜਾਹ ਤੇ ਹੋਰ ਉੱਤਮ ਪਦਾਰਥ ਆਪਣੇ ਇਕ ਹੱਥ ਵਿਚ ਫੜ ਲਏ ਤੇ ਦੂਸਰੇ ਹੱਥ ਵਿਚ ਭਾਈ ਲਾਲੋ ਦੀ ਕੋਦਰੇ ਹੀ ਸੁੱਕੀ ਰੋਟੀ ਫੜ ਲਈ। ਜਦ ਗਰੂ ਜੀ ਨੇ ਦੋਨਾਂ ਹੱਥਾਂ ਦੀਆਂ ਮੁੱਠੀਆਂ ਨੂੰ ਘੁੱਟ ਕੇ ਨਿਚੋੜਿਆ ਤਾਂ ਮਲਕ ਭਾਗੋ ਦੇ ਬਹ੍ਰਮ ਭੋਜ ਵਿਚੋਂ ਲਹੂ ਦੇ ਛਿੱਟੇ ਡਿੱਗੇ ਤੇ ਲਾਲੋ ਦੀ ਰੋਟੀ ਵਿਚੋ ਦੁੱਧ ਦੀਆਂ ਬੂੰਦਾਂ ਟਪਕੀਆਂ। ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਬ੍ਰਹਮ ਭੋਂ ਗਰੀਬਾਂ ਉਤੇ ਜ਼ੋਰ ਜ਼ੁਲਮ ਕਰਕੇ ਤਿਆਰ ਕੀਤਾ ਗਿਆ ਹੈ, ਪਰ ਭਾਈ ਲਾਲੋ ਦੀ ਸੁੱਕੀ ਰੋਟੀ ਸੱਚੀ-ਸੁੱਚੀ ਕਿਰਤ ਕਰਕੇ ਕਮਾਈ ਹੋਈ ਹੈ। ਮਲਕ ਭਾਗੋ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਨੇ ਆਪਣਾ ਅਭਿਮਾਨ ਤਿਆਗ ਦਿੱਤਾ। ਇਸ ਕਥਾ ਤੋਂ ਇਹ ਪਤਾ ਲੱਗਦਾ ਹੈ ਕਿ ਗੁਰ ਨਾਨਕ ਦੇਵ ਜੀ ਹੱਕ ਹਲਾਲ ਕਰਨ ਵਾਲੇ ਦੀ ਕਮਾਈ ਨੂੰ ਹੀ ਉੱਤਮ ਕਮਾਈ ਸਮਝਦੇ ਸਨ।
(13) Question:- ਸੱਜਣ ਠੱਗ ਕੌਣ ਸੀ ਤੇ ਉਹ ਕਿਥੇ ਰਹਿੰਦਾ ਸੀ? ਗੁਰੂ ਨਾਨਕ ਦੇਵ ਜੀ ਨੇ ਉਸ ਦਾ ਉਧਾਰ ਕਿਸ ਤਰ੍ਹਾਂ ਕੀਤਾ?
Answer:- ਸੱਜਣ ਠੱਗ ਜ਼ਿਲ੍ਹਾ ਮੁਲਤਾਨ ਵਿਚ ਤੁਲੰਬੇ ਦੇ ਅਸਥਾਨ 'ਤੇ ਰਹਿੰਦਾ ਸੀ। ਭਾਵੇਂ ਉਸ ਨੇ ਯਾਤਰੀਆਂ ਲਈ ਖਾਣ ਪੀਣ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਸੀ, ਪਰ ਉਸ ਦਾ ਅਸਲੀ ਕੰਮ ਯਾਤਰੂਆਂ ਨੂੰ ਲੁੱਟਣ ਦਾ ਸੀ। ਗੁਰੂ ਜੀ ਜਦ ਮਰਦਾਨੇ ਨੂੰ ਨਾਲ ਲੈ ਕੇ ਇਸ ਅਸਥਾਨ 'ਤੇ ਰਾਤ ਰਹਿਣ ਵਾਸਤੇ ਗਏ ਤਾਂ ਸੱਜਣ ਠੱਗ ਨੇ ਉਨ੍ਹਾਂ ਨੂੰ ਅਮੀਰ ਆਦਮੀ ਸਮਝ ਕੇ ਉਨ੍ਹਾਂ ਦੀ ਆਓ ਭਗਤ ਕੀਤੀ। ਜਦ ਗੁਰੂ ਜੀ ਸ਼ਬਦ ਕੀਰਤਨ ਸ਼ੁਰੂ ਕੀਤਾ ਤੇ ਸੱਜਣ ਠੱਗ ਨੂੰ ਉਸ ਦੀ ਅਸਲੀਅਤ ਦੱਸ ਕੇ ਉਸ ਦੇ ਭਿਆਨਕ ਸਿੱਟਿਆਂ ਬਾਰੇ ਜਾਣੂ ਕਰਵਾਇਆ ਤਾਂ ਉਹ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ। ਗੁਰੂ ਨੇ ਉਸ ਨੂੰ ਆਪਣੀ ਧਰਮਸ਼ਾਲਾ ਵਿਚ ਆਏ ਹੋਏ ਲੋਕਾਂ ਦੀ ਸੱਚੇ ਦਿਲੋਂ ਸੇਵਾ ਕਰਨ ਦਾ ਉਪਦੇਸ਼ ਦਿੱਤਾ ਤੇ ਪਾਪ ਦੀ ਕਮਾਈ ਛੱਡ ਕੇ ਹੱਕ ਹਲਾਲ ਦੀ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ।
(14) Question:- ਗੁਰੂ ਜੀ ਦੀ ਕੁਰਕੁਸ਼ੇਤਰ ਤੇ ਹਰਿਦੁਆਰ ਦੀ ਯਾਤਰਾ ਦਾ ਵਿਵਰਣ ਦਿਓ।
Answer:- ਕੁਰਕੁਸ਼ੇਤਰ ਦੇ ਅਸਥਾਨ 'ਤੇ ਸੂਰਜ ਗ੍ਰਹਿਣ ਦਾ ਬੜਾ ਭਾਰੀ ਮੇਲਾ ਲਗਦਾ ਸੀ। ਗੁਰੂ ਜੀ ਇਸ ਮੇਲੇ ਦੇ ਮੌਕੇ 'ਤੇ ਉਥੇ ਪਹੁੰਚੇ। ਜਦ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਉਥੇ ਮਾਸ ਰਿੰਨ੍ਹਿਆ ਹੈ ਤਾਂ ਉਨ੍ਹਾਂ ਨੇ ਇਤਰਾਜ਼ ਕੀਤਾ ਕਿ ਸੂਰਜ ਗ੍ਰਹਿਣ ਵੇਲੇ ਮਾਸ ਖਾਣਾ ਪਾਪ ਹੈ। ਹਿੰਦੂ ਲੋਕਾਂ ਵਿਚ ਇਹ ਵਿਸ਼ਵਾਸ ਸੀ ਕਿ ਇਸ ਗ੍ਰਹਿਣ ਵੇਲੇ ਕੁਝ ਖਾਣਾ ਪੀਣਾ ਨਹੀਂ ਚਾਹੀਦਾ ਤੇ ਚੁਲ੍ਹੇ ਵਿਚ ਅੱਗ ਵੀ ਬਾਲਣੀ ਨਹੀਂ ਚਾਹੀਦੀ। ਗੁਰੂ ਜੀ ਨੇ ਲੋਕਾਂ ਨੂੰ ਇਹ ਸਮਝਾਇਆ ਕਿ ਇਹ ਸਭ ਫੋਕਟ ਵਹਿਮ ਹੈ ਤੇ ਅਸਲੀ ਧਰਮ ਦਾ ਰਾਹ ਇਹ ਨਹੀਂ ਹੈ। ਗੁਰੂ ਜੀ ਦਾ ਭਾਵ ਇਹ ਨਹੀਂ ਸੀ ਕਿ ਮਾਸ ਖਾਣਾ ਠੀਕ ਜਾਂ ਜ਼ਰੂਰੀ ਹੈ, ਬਲਕਿ ਉਹ ਇਹ ਸਮਝਾਉਣਾ ਚਾਹੁੰਦੇ ਸਨ ਕਿ ਜੋ ਲੋਕ ਦੂਜੇ ਲੋਕਾਂ 'ਤੇ ਜ਼ੁਲਮ ਕਰਦੇ ਹਨ ਤੇ ਉਹਨਾਂ ਨੂੰ ਲੁੱਟ-ਲੁੱਟ ਕੇ ਖਾਂਦੇ ਹਨ ਉਹਨਾਂ ਦਾ ਇਹ ਕਹਿਣਾ ਕਿ ਮਾਸ ਖਾਣਾ ਜੀਵ ਹੱਤਿਆ ਹੈ, ਨਿਰਾ ਪਾਖੰਡ ਤੇ ਧੋਖਾ ਹੈ। ਸੱਚਾ ਇਨਸਾਨ 'ਤੇ ਉਹ ਹੈ ਜੋ ਕਿਸੇ ਦਾ ਵੀ ਦਿਲ ਨਹੀਂ ਦੁਖਾਂਦਾ। ਆਪਣੀ ਹਰਿਦੁਆਰ ਦੀ ਯਾਤਰਾ ਦੇ ਦੌਰਾਨ ਹੀ ਗੁਰੂ ਜੀ ਨੇ ਜਦ ਲੋਕਾਂ ਨੂੰ ਸੂਰਜ ਵੱਲ ਮੂੰਹ ਕਰਕੇ ਗੰਗਾ ਨੂੰ ਪਾਣੀ ਚੜ੍ਹਾਉਂਦੇ ਵੇਖਿਆ ਤਾਂ ਆਪ ਨੇ ਸੂਰਜ ਵੱਲ ਪਿੱਠ ਕਰਕੇ ਪਾਣੀ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ। ਜਦ ਲੋਕਾਂ ਨੇ ਪੁੱਛਿਆ "ਆਪ ਕੀ ਕਰ ਰਹੇ ਹੋ?" ਤਾਂ ਆਪ ਨੇ ਦੱਸਿਆ ਕਿ "ਮੈਂ ਆਪਣੀ ਖੇਤੀ ਨੂੰ ਕਰਤਾਰਪੁਰ ਪਾਣੀ ਦੇ ਰਿਹਾ ਹਾਂ।" ਜਦ ਲੋਕਾਂ ਨੇ ਦੱਸਿਆ ਕਿ "ਪਾਣੀ ਇੰਨੀ ਦੂਰ ਨਹੀਂ ਪਹੁੰਚ ਸਕਦਾ" ਤਾਂ ਆਪ ਨੇ ਉਨ੍ਹਾਂ ਨੂੰ ਸਮਝਾਉਣ ਖਾਤਰ ਕਿਹਾ ਕਿ "ਜੇ ਪਾਣੀ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਫਿਰ ਉਹਨਾਂ ਦੀ ਖੇਤੀ ਤੱਕ ਕਿਉਂ ਨਹੀਂ ਪਹੁੰਚ ਸਕਦਾ?" ਗੁਰੂ ਜੀ ਦੇ ਪ੍ਰਚਾਰ ਦਾ ਇਹ ਢੰਗ ਬਹੁਤ ਪ੍ਰਭਾਵਸ਼ਾਲੀ ਸੀ।
(15) Question:- ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਢੰਗ ਨੂੰ ਬਿਆਨ ਕਰੋ।
Answer:- ਗੁਰੂ ਜੀ ਨੇ ਧਰਮ ਦਾ ਪ੍ਰਚਾਰ ਕਰਨ ਲਈ ਦੂਰ ਤਕ ਸਫਰ ਕੀਤਾ। ਉਨ੍ਹਾਂ ਦਿਨਾਂ ਵਿਚ ਜਦ ਆਉਣ ਜਾਣ ਦੇ ਕੋਈ ਸਾਧਨ ਨਹੀਂ ਸਨ, ਗੁਰੂ ਜੀ ਨੇ ਇਹ ਰਾਹ ਲੋਕਾਂ ਤਕ ਪਹੁੰਚਣ ਲਈ ਅਪਣਾਇਆ। ਆਪ ਨੇ ਹਰ ਜਗ੍ਹਾ ਲੋਕਾਂ ਨੂੰ ਸਮਝਾਉਣ ਲਈ ਕੋਈ ਨਾ ਕੋਈ ਕੌਤਕ ਕੀਤਾ। ਹਰਿਦੁਆਰ ਤੇ ਕੁਰਕੁਸ਼ੇਤਰ ਦੀ ਯਾਤਰਾ ਦਾ ਉਤੇ ਦਿੱਤਾ ਬਿਆਨ ਉਨ੍ਹਾਂ ਦੇ ਢੰਗ ਨੂੰ ਪ੍ਰਗਟਾਉਂਦਾ ਹੈ। ਗੁਰੂ ਜੀ ਨੇ ਜਿੱਥੇ ਹਿੰਦੂ ਧਰਮ, ਇਸਲਾਮ, ਬੁੱਧ ਧਰਮ ਆਦਿ ਤੀਰਥਾਂ ਦੀ ਯਾਤਰਾ ਕਰਕੇ ਉਨ੍ਹਾਂ ਦੇ ਧਾਰਮਿਕ ਆਗੂਆਂ ਨਾਲ ਵਿਚਾਰ ਵਟਾਂਦਰਾ ਕਰ ਉਨ੍ਹਾਂ ਦੇ ਵਹਿਮ ਭਰਮ ਦੂਰ ਕੀਤੇ, ਉਥੇ ਹੀ ਚੋਰਾਂ, ਠੱਗਾਂ, ਪਾਖੰਡੀਆਂ ਤੇ ਦੁਨੀਆਂ ਨੂੰ ਠੱਗਣ ਤੇ ਲੁੱਟਣ ਵਾਲੇ ਲੋਕਾਂ ਦਾ ਉਧਾਰ ਕੀਤਾ। ਉਨ੍ਹਾਂ ਦੇ ਢੰਗ ਦਾ ਇਕ ਖਾਸ ਪਹਿਲੂ ਸੀ ਕੀਰਤਨ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰ ਪਰਮਾਤਮਾ ਦੇ ਨਾਮ ਨਾਲ ਜੋੜਨਾ। ਰੂਹਾਨੀ ਕੀਰਤਨ ਤੇ ਗੁਰੂ ਜੀ ਦੇ ਪ੍ਰਭਾਵਸ਼ਾਲੀ ਪ੍ਰਚਾਰ ਢੰਗ ਕਰਕੇ ਹੀ ਜਗ੍ਹਾ-ਜਗ੍ਹਾ ਲੋਕ ਉਨ੍ਹਾਂ ਦੇ ਸਿੱਖ ਬਣ ਗਏ ਤੇ ਧਰਮਸਾਲਾਂ ਸਥਾਪਤ ਹੋ ਗਈਆਂ। ਅੱਜ ਦੇਸ਼ ਦੇ ਕੋਨੇ-ਕੋਨੇ 'ਤੇ ਉਨ੍ਹਾਂ ਘਟਨਾਵਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰੇ ਸਥਾਪਤ ਹਨ।
(16) Question:- ਗੁਰੂ ਨਾਨਕ ਦੇਵ ਜੀ ਦੀ ਗੋਰਖ ਮਤਾ ਦੇ ਅਸਥਾਨ 'ਤੇ ਯੋਗੀਆਂ ਨਾਲ ਹੋਈ ਚਰਚਾ ਦਾ ਜ਼ਿਕਰ ਕਰੋ।
Answer:- ਜ਼ਿਲ੍ਹਾ ਪੀਲੀਭੀਤ ਵਿਚ ਗੋਰਖਨਾਥ ਤੇ ਉਸ ਦੇ ਚੇਲੇ ਰਹਿੰਦੇ ਸਨ ਅਤੇ ਇਸ ਕਰਕੇ ਹੀ ਇਸ ਅਸਥਾਨ ਨੂੰ ਗੋਰਖ ਮਤਾ ਕਿਹਾ ਜਾਂਦਾ ਸੀ। ਗੁਰੂ ਜੀ ਨੇ ਇਸ ਅਸਥਾਨ 'ਤੇ ਪਹੁੰਚ ਕੇ ਯੋਗੀਆਂ ਨਾਲ ਵਾਰਤਾਲਾਪ ਕੀਤੀ ਤੇ ਉਨ੍ਹਾਂ ਨੂੰ ਸੱਚੇ ਯੋਗ ਮੱਤ ਪ੍ਰਾਪਤ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਕਿਹਾ ਕਿ ਯੋਗ ਮੱਤ ਨਾ ਹੀ ਕਿਸੇ ਭੇਸ ਵਿਚ ਹੈ ਤੇ ਨਾ ਹੀ ਸਰੀਰ ਉਤੇ ਸੁਆਹ ਮਲ ਕੇ ਯੋਗੀਆਂ ਵਾਲੇ ਚਿੰਨ੍ਹ, ਜਿਵੇਂ ਕਿ ਡੰਡਾ, ਮੁੰਦਰਾ ਆਦਿ ਅਪਨਾਉਣ ਵਿਚ ਹੈ। ਅਸਲੀ ਯੋਗ ਮਾਇਆ ਵਿਚ ਰਹਿੰਦੇ ਹੋਏ ਉਸ ਤੋਂ ਨਿਰਲੇਪ ਰਹਿਣ ਵਿਚ ਹੈ। ਗੁਰੂ ਜੀ ਦਾ ਸ਼ਬਦ ਜੋ ਕਿ ਗੁਰੂ ਗ੍ਰੰਥ ਸਾਹਿਬ ਅੰਗ 730 'ਤੇ ਸ਼ੁਸ਼ੋਭਿਤ ਹੈ, ਇਸ ਚਰਚਾ ਦਾ ਜ਼ਿਕਰ ਰਕਦੇ ਹੋਏ, ਗੁਰੂ ਮਹਾਰਾਜ ਜੀ ਦੇ ਵਿਚਾਰ ਸਪੱਸ਼ਟ ਕਰਦਾ ਹੈ:-
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ।।
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ।।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।।....
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ।।
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ।। (ਅੰਗ 730)
(17) Question:- ਨਾਨਕ ਮਤਾ ਦਾ ਅਸਥਾਨ ਕਿੱਥੇ ਹੈ? ਮਿੱਠਾ ਰੀਠਾ ਦੀ ਘਟਨਾ ਦਾ ਵੀ ਵੇਰਵਾ ਦਿਓ।
Answer:- ਪਿਛਲੇ ਪ੍ਰਸ਼ਨ ਦੇ ਉਤਰ ਵਿਚ ਜਿਸ ਗੋਰਖ ਮਤਾ ਸਥਾਨ ਦਾ ਜ਼ਿਕਰ ਕੀਤਾ ਗਿਆ ਹੈ, ਉਸ ਦਾ ਨਾਮ ਹੀ ਬਾਅਦ ਵਿਚ ਨਾਨਕ ਮਤਾ ਪ੍ਰਸਿੱਧ ਹੋ ਗਿਆ। ਇਥੇ ਹੁਣ ਇਕ ਗੁਰਦੁਆਰਾ ਹੈ ਜਿੱਥੇ ਹਰ ਸਾਲ ਦਿਵਾਲੀ ਨੂੰ ਮੇਲਾ ਲੱਗਦਾ ਹੈ। ਨਾਨਕ ਮਤੇ ਤੋਂ ਕੋਈ 45 ਮੀਲ ਦੂਰ ਪੂਰਬ ਦਿਸ਼ਾ ਵੱਲ ਮਿੱਠਾ ਰੀਠਾ ਦਾ ਅਸਥਾਨ ਹੈ। ਇਸ ਅਸਥਾਨ 'ਤੇ ਇਕ ਰੀਠਿਆਂ ਦਾ ਰੁੱਖ ਸੀ। ਜਦ ਮਰਦਾਨੇ ਨੇ ਕੁਛ ਖਾਣ ਦੀ ਮੰਗ ਕੀਤੀ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਰੀਠੇ ਖਾ ਲੈਣ ਲਈ ਕਿਹਾ। ਜਦ ਮਰਦਾਨੇ ਨੇ ਰੀਠੇ ਖਾਧੇ ਤਾਂ ਉਹ ਬਹੁਤ ਮਿੱਠੇ ਸਨ। ਅੱਜ ਵੀ ਇਸ ਬ੍ਰਿੱਛ ਦੇ ਰੀਠੇ ਮਿੱਠੇ ਹਨ ਤੇ ਨਾਨਕ ਮਤੇ ਜਾਣ ਵਾਲੇ ਪ੍ਰੇਮੀਆਂ ਨੂੰ ਪ੍ਰਸ਼ਾਦਿ ਵਜੋਂ ਦਿੱਤੇ ਜਾਂਦੇ ਹਨ।
(18) Question:- ਗੁਰੂ ਜੀ ਦੀ ਬਨਾਰਸ, ਪਟਨਾ, ਬੁੱਧਗਯਾ ਤੇ ਆਸਾਮ ਦੇਸ਼ ਦੀ ਯਾਤਰਾ ਦਾ ਵਿਵਰਣ ਕਰੋ।
Answer:- ਦੱਖਣੀ ਓਅੰਕਾਰ ਦੀ ਰਚਨਾ
ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਜੀ ਹਿੰਦੂਆਂ ਦੇ ਮਸ਼ਹੂਰ ਤੀਰਥ ਬਨਾਰਸ ਵੀ ਗਏ ਤੇ ਉਥੋਂ ਦੇ ਪੰਡਿਤਾਂ ਨੂੰ ਆਪਣੀ ਬਾਣੀ ਨਾਲ ਪ੍ਰਭਾਵਤ ਕੀਤਾ। ਆਪ ਦੀ ਬਾਣੀ ਦਖਣੀ ਓਅੰਕਾਰ ਉਥੇ ਰਚੀ ਦੱਸੀ ਜਾਂਦੀ ਹੈ। ਪੰਡਿਤ ਤਾਰਾ ਸਿੰਘ ਨਰੋਤਮ ਇਸ ਬਾਣੀ ਦੀ ਰਚਨਾ ਨਰਮਦਾ ਨਦੀ ਦੇ ਕੰਡੇ ਦੱਖਣ ਵਿਚ ਹੋਈ ਦੱਸਦੇ ਹਨ। ਇਸ ਬਾਣੀ ਰਾਹੀਂ ਜਿਸ ਵਿਚ 54 ਪਉੜੀਆਂ ਹਨ, ਗੁਰੂ ਜੀ ਨੇ ਪਰਮਾਤਮਾ ਦੀ ਸਰਬ ਵਿਆਪਕਤਾ ਤੇ ਮਹਿਮਾ ਦਾ ਵਿਖਿਆਨ ਕੀਤਾ ਹੈ। ਪ੍ਰਮਾਤਮਾ ਜੋ ਓਅੰਕਾਰ ਸਰੂਪ ਬ੍ਰਹਮ ਹੈ ਅਤੇ ਜਿਸ ਤੋਂ ਸਾਰੀ ਸ੍ਰਿਸ਼ਟੀ, ਗਿਆਨ ਜੋਤਿ ਅਤੇ ਚਿੱਤ ਦੀ ਉਤਪਤੀ ਹੋਈ ਹੈ। ਆਤਮ ਗਿਆਨ ਦੀ ਪ੍ਰਾਪਤੀ ਉਤਮ ਕਰਮਾਂ ਨਾਲ, ਮਨ ਨੂੰ ਵਸ ਵਿਚ ਕਰਕੇ ਗੁਰੂ ਦੀ ਮਿਹਰ ਭਰੀ ਰਹਿਨੁਮਾਈ ਵਿਚ ਹੁੰਦੀ ਹੈ। ਇਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਦੱਖਣੀ ਸ਼ਬਦ 'ਓਅੰਕਾਰ' ਬਾਣੀ ਦੇ ਵਿਸ਼ੇਸ਼ਣ ਵਜੋਂ ਨਹੀਂ ਵਰਤਿਆ ਗਿਆ ਬਲਕਿ ਰਾਮਕਲੀ ਰਾਗ ਦੀ ਦੱਖਣੀ ਕਿਸਮ ਲਈ ਵਰਤਿਆ ਗਿਆ ਹੈ। ਅਸਲ ਵਿਚ ਇਹ ਬਾਣੀ ਵੀ ਪਟੀ ਵਾਂਗ ਵਰਣਮਾਲਾ ਆਧਾਰਿਤ ਹੈ ਅਤੇ ਆਰੰਭ ਵਿਚ ਓ ਅਖਰ ਨੂੰ ਓਅੰਕਾਰ ਦੇ ਪ੍ਰਸੰਗ ਵਿਚ ਵਰਤਿਆ ਗਿਆ ਹੈ। ਇਸ ਨਾਲ ਸੰਬੰਧਿਤ ਵਰਣਮਾਲਾ ਦੇਵਨਾਗਰੀ ਪ੍ਰਤੀਤ ਹੁੰਦੀ ਹੈ।
ਬਨਾਰਸ ਤੋਂ ਗੁਰੂ ਜੀ ਪਟਾ ਗਏ ਤੇ ਉਕੇ ਸਾਲਸ ਰਾਏ ਜੌਹਰੀ ਨੂੰ ਉਪਦੇਸ਼ ਦੇ ਕੇ ਵਾਹਿਗੁਰੂ ਦੇ ਸਿਮਰਨ ਨਾਲ ਜੋੜਿਆ। ਫਿਰ ਆਪ ਗਯਾ ਸ਼ਹਿਰ ਆਏ ਜੋ ਬੁੱਧ ਧਰਮ ਦਾ ਮਹਾਨ ਕੇਂਦਰ ਹੈ। ਏਥੇ ਵੀ ਵਿਦਵਾਨਾਂ ਨੂੰ ਸੱਚੇ ਧਰਮ ਦੇ ਰਾਹ ਨਾਲ ਜੋੜ ਕੇ ਆਪ ਆਸਾਮ ਚਲੇ ਗਏ। ਗੋਹਾਟੀ ਸ਼ਹਿਰ ਵਿਖੇ ਜਦ ਇਕ ਜਾਦੂਗਰਨੀ ਨੇ ਮਰਦਾਨੇ ਨੂੰ ਭੇਡੂ ਬਣਾ ਦਿੱਤਾ ਤਾਂ ਗੁਰੂ ਜੀ ਨੇ ਉਸ ਦੇ ਜਾਦੂ ਦੀ ਤਾਕਤ ਨੂੰ ਨਕਾਰ ਕੇ ਉਸ ਨੂੰ ਸਿੱਧੇ ਰਸਤੇ ਪਾਇਆ। ਆਸਾਮ ਵਿਚ ਆਪ ਚਿੱਟਾਗਾਉਂ ਵੀ ਗਏ ਤੇ ਉਥੋਂ ਦੇ ਰਾਜੇ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ।
(19) Question:- ਗੁਰੂ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਕਟਕ ਜ਼ਿਲ੍ਹੇ ਵਿਚ ਸਥਿਤ ਜਗਨਨਾਥ ਪੁਰੀ ਦੇ ਮਸ਼ਹੂਰ ਮੰਦਰ ਦੇ ਅਸਥਾਨ 'ਤੇ ਵੀ ਗਏ ਸਨ। ਇਸ ਅਸਥਾਨ 'ਤੇ ਉਚਾਰੀ ਹੋਈ ਆਪ ਜੀ ਦੀ ਮਸ਼ਹੂਰ ਰਚਨਾ ਬਾਰੇ ਜਾਣਕਾਰੀ ਦਿਓ।
Answer:- ਆਰਤੀ ਦੀ ਰਚਨਾ
ਜਦ ਗੁਰੂ ਜੀ ਜਗਨਨਾਥ ਪੁਰੀ ਪੁੱਜੇ ਤਾਂ ਮੰਦਰ ਵਿਚ ਪੰਡਿਤਾਂ ਨੂੰ ਆਰਤੀ ਕਰਦਿਆਂ ਵੇਖ ਕੇ, ਉਨ੍ਹਾਂ ਨੂੰ ਬ੍ਰਹਿਮੰਡ ਵਿਚ ਕੁਦਰਤ ਵਲੋਂ ਹੁੰਦੀ ਹੋਈ ਸੱਚੀ ਆਰਤੀ ਬਾਰੇ ਜਾਣੂ ਕਰਵਾਇਆ। ਆਪ ਜੀ ਨੇ ਬੜੇ ਸੁੰਦਰ ਸ਼ਬਦਾਂ ਵਿਚ ਇਸ ਆਰਤੀ ਦਾ ਬਿਆਨ ਰਾਗ ਧਨਾਸਰੀ ਵਿਚ ਕੀਤਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 663 'ਤੇ ਉਪਲੱਬਧ ਹੈ:-
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਮ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ।।
ਅਨਹਤਾ ਸਬਦ ਵਾਜੰਤ ਭੇਰੀ।।ਰਹਾਉ।। (ਅੰਗ 663)
ਇਸ ਆਰਤੀ ਬਾਰੇ ਇਕ ਬੜੀ ਮਹੱਤਵਪੂਰਨ ਗੱਲ ਇਥੇ ਦੱਸਣੀ ਜ਼ਰੂਰੀ ਹੈ ਕਿ ਜਦ ਸ੍ਰੀ ਰਵਿੰਦਰ ਨਾਥ ਟੈਗੋਰ ਨੂੰ ਇਹ ਪੁੱਛਿਆ ਗਿਆ ਕਿ ਜੇ ਸਾਰੀ ਦੁਨੀਆਂ ਇਕ ਦੇਸ਼ ਬਣ ਜਾਵੇ ਤਾਂ ਉਸ ਲਈ ਰਾਸ਼ਟਰੀ ਗੀਤ ਕਿਹੜਾ ਹੋ ਸਕਦਾ ਹੈ? ਤਾਂ ਟੈਗੋਰ ਨੇ ਬੜਾ ਸ਼ਰਧਾ-ਪੂਰਵਕ ਜਵਾਬ ਦਿੱਤਾ ਕਿ ਐਸੇ ਦੇਸ਼ ਲਈ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਹੋਈ ਆਰਤੀ ਹੀ ਰਾਸ਼ਟਰੀ ਗੀਤ ਹੋ ਸਕਦੀ ਹੈ।
(20) Question:- ਆਪਣੀ ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਨੇ ਇਕ ਕੋਹੜੀ ਦਾ ਉਧਾਰ ਕੀਤਾ ਸੀ। ਉਹ ਕੋਹੜੀ ਕਿੱਥੇ ਰਹਿੰਦਾ ਸੀ?
Answer:- ਇਕ ਬਹੁਤ ਹੀ ਧਨਾਢ ਆਦਮੀ ਨੂੰ ਜਦ ਕੋਹੜ ਦਾ ਰੋਗ ਹੋ ਗਿਆ ਤਾਂ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਸ਼ਹਿਰ ਤੋਂ ਬਾਹਰ ਇਕ ਝੁੱਗੀ ਪਾ ਦਿੱਤੀ। ਗੁਰੂ ਜੀ ਉਸ ਕੋਹੜੀ ਕੋਲ, ਦਿਪਾਲਪੁਰ ਸ਼ਹਿਰ ਦੀ ਯਾਤਰਾ ਸਮੇਂ ਗਏ ਤੇ ਆਪਣੀ ਕਿਰਪਾ-ਦ੍ਰਿਸ਼ਟੀ ਨਾਲ ਉਸ ਦੇ ਰੋਗ ਨੂੰ ਦੂਰ ਕੀਤਾ। ਗੁਰੂ ਜੀ ਨੇ ਉਸ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਜਿਸ ਨਾਲ ਉਸਦੀ ਉਦਾਸ ਤੇ ਵੀਰਾਨ ਜ਼ਿੰਦਗੀ ਵਿਚ ਰੌਸ਼ਨੀ ਦੀ ਇਕ ਕਿਰਨ ਜਾਗ ਪਈ।