(201) Question:- |
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਤੇ ਅਪਣੀਆਂ ਰਚਨਾਵਾਂ ਵਿਚ ਆਪਣੇ ਖਾਲਸੇ ਦੀ ਬਹੁਤ ਮਹਿਮਾ ਕੀਤੀ ਹੈ, ਇਸ ਬਾਰੇ ਲੋੜੀਂਦੀ ਜਾਣਕਾਰੀ ਦਿਓ। |
Answer:- |
ਸਰਬ ਲੋਹ - ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨਾਲ ਅਥਾਹ ਪਿਆਰ ਕਰਦੇ ਸਨ। ਸਰਬ ਲੋਹ ਗ੍ਰੰਥ ਜਿਸ ਨੂੰ ਨਿਹੰਗ ਸਿੰਘ ਦਸਮ ਪਿਤਾ ਦੀ ਰਚਨਾ ਹੀ ਮੰਨਦੇ ਹਨ ਤੇ ਉਸਦਾ ਪ੍ਰਕਾਸ਼ ਤੇ ਪਾਠ ਕਰਦੇ ਹਨ, ਖਾਲਸੇ ਦੀ ਮਹਿਮਾਂ ਇਸ ਤਰ੍ਹਾਂ ਕਰਦਾ ਹੈ:-
ਖਾਲਸਾ ਮੇਰੋ ਰੂਪ ਹੈ ਖਾਸ।। ਖਾਲਸੇ ਮਹਿ ਹਉਂ ਕਰਉ ਨਿਵਾਸ।।
ਖਾਲਸਾ ਮੇਰੋ ਮੁਖ ਹੈ ਅੰਗਾ।। ਖਾਲਸੇ ਕੇ ਹਉਂ ਸਦ ਸਦ ਸੰਗਾ।।
ਖਾਲਸਾ ਮੇਰੋ ਇਸ਼ਟ ਸੁਹਿਰਦ।। ਖਾਲਸਾ ਮੇਰੋ ਕਹੀਅਤ ਬਿਰਦ।।
ਖਾਲਸਾ ਮਹਿਮਾ
ਇਹ ਹੀ ਨਹੀਂ ਗੁਰੂ ਜੀ ਨੇ ਖਾਲਸਾ ਮਹਿਮਾ ਦੇ 4 ਛੰਦ ਅਲੱਗ ਵੀ ਲਿਖੇ ਜੋ ਦਸਮ ਗ੍ਰੰਥ ਵਿਚ ਸੰਕਲਿਤ ਹਨ। ਉਨ੍ਹਾਂ ਛੱਦਾਂ ਵਿਚ ਗੁਰੂ ਜੀ ਨੇ ਆਪਣੀ ਹਰ ਕਾਮਯਾਬੀ, ਹਰ ਕਾਬਲੀਅਤ, ਹਰ ਸੋਭਾ ਦਾ ਸੇਹਰਾ ਖਾਲਸਾ ਦੇ ਸਿਰ 'ਤੇ ਬੰਨ੍ਹਿਆ ਹੈ। ਆਪ ਜੀ ਫੁਰਮਾਉਂਦੇ ਹਨ:-
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈ,
ਨਹੀ ਮੋ ਸੇ ਗਰੀਬ ਕਰੋਰ ਪਰੇ।।
ਇਥੇ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਗੁਰੂ ਜੀ ਖਾਲਸੇ ਦੀ ਮਹਿਮਾ ਉਸ ਦੇ ਨਿਆਰੇਪਨ ਕਰ ਕੇ ਕਰਦੇ ਸਨ। ਉਨ੍ਹਾਂ ਨੂੰ ਉਸਦੀ ਰਹਿਤ ਮਰਿਯਾਦਾ ਦੀ ਪਾਲਦਾ ਭਾਉਂਦੀ ਸੀ। ਸੋ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ:-
ਜਬ ਲਗ ਖਾਲਸਾ ਰਹੇ ਨਿਆਰਾ।।
ਤਬ ਲਗ ਤੇਂ ਦੀਉ ਮੈ ਸਾਰਾ।।
ਜਬ ਇਹ ਗਹੈ ਬਿਪਰਨ ਕੀ ਰੀਤ।।
ਮੈ ਨ ਕਰਉਂ ਇਨ ਕੀ ਪ੍ਰਤੀਤ।।
|
(202) Question:- |
ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀਆਂ ਨੂੰ ਸਰਪ੍ਰਸਤੀ ਪ੍ਰਦਾਨ ਕੀਤੀ। ਉਨ੍ਹਾਂ ਵਿਚੋਂ ਕੁਝ ਕਵੀਆਂ ਦੀਆਂ ਰਚਨਾਵਾਂ ਦਾ ਵਰਨਣ ਕਰੋ ਜੋ ਉਨ੍ਹਾਂ ਨੇ ਗੁਰੂ ਸਾਹਿਬ ਦੀ ਸਰਪ੍ਰਸਤੀ ਹੇਠ ਲਿਖੀਆਂ ਸਨ। |
Answer:- |
ਗੁਰੂ ਸਾਹਿਬ ਦੇ ਸਮੇਂ ਹੋਏ 52 ਕਵੀਆਂ ਵਿਚੋਂ ਭਾਈ ਗੁਰਦਾਸ ਜੀ ਦੂਜਾ ਤੇ ਭਾਈ ਨੰਦ ਲਾਲ ਜੀ ਗੋਯਾ ਸਭ ਤੋਂ ਪ੍ਰਸਿੱਧ ਕਵੀ ਸਨ। ਭਾਈ ਗੁਰਦਾਸ ਜੀ ਨੇ 41ਵੀਂ ਵਾਰ ਲਿਖੀ ਹੈ। ਭਾਈ ਨੰਦ ਲਾਲ ਜੀ ਨੇ ਗਜ਼ਲਾਂ, ਜ਼ਿੰਦਗੀਨਾਮਾ, ਗੰਜ ਨਾਮਾ, ਤੌਸੀਫੇ ਸਨਾ, ਜੋਤਿ ਵਿਕਾਸ, ਰਹਿਤ ਨਾਮਾ, ਤਨਖਾਹ ਨਾਮਾ, ਦਸਤੂਰ ਉਲ-ਨਿਸ਼ਾ ਤੇ ਅਰਜਉਲਫਜ ਆਦਿ ਰਚਨਾਵਾਂ ਫਾਰਸੀ ਤੇ ਪੰਜਾਬੀ ਵਿਚ ਲਿਖੀਆਂ ਹਨ। ਸੈਨਾਪਤਿ ਨੇ 'ਗੁਰੂ ਸੋਭਾ' ਲਿਖੀ ਤੇ ਭਾਈ ਦਯਾ ਸਿੰਘ, ਭਾਈ ਚੌਪਾ ਸਿੰਘ, ਭਾਈ ਦੇਸਾ ਸਿੰਘ ਤੇ ਭਾਈ ਪ੍ਰਹਿਲਾਦ ਸਿੰਘ ਜੀ ਨੇ ਰਹਿਤਨਾਮੇ ਲਿਖੇ ਹਨ। ਇਨ੍ਹਾਂ ਰਚਨਾਵਾਂ ਨੂੰ ਗੁਰਮਤਿ ਸਾਹਿਤ ਦਾ ਸਹਾਇਕ ਸਾਹਿਤ ਕਿਹਾ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਵਿਚ ਗੁਰੂਆਂ ਦੀ ਬਾਣੀ ਜਾਂ ਉਨ੍ਹਾਂ ਦੇ ਬਚਨਾਂ ਦੀ ਵਿਆਖਿਆ ਕੀਤੀ ਗਈ ਹੈ। |
(203) Question:- |
ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ। ਉਹਨਾਂ ਵਿਚੋਂ ਕੁਝ ਸ਼ਰਧਾ ਭਰੇ ਬਿਆਨਾਂ ਦਾ ਜ਼ਿਕਰ ਕਰੋ। |
Answer:- |
ਗੁਰੂ ਗੋਬਿੰਦ ਸਿੰਘ ਜੀ ਸ਼ਕਤੀ ਤੇ ਭਗਤੀ ਦੇ ਮੇਲ ਦੀ ਐਸੀ ਬੇਮਿਸਾਲ ਸ਼ਖਸੀਅਤ ਸਨ ਜਿਨ੍ਹਾਂ ਵਿਚ ਸਾਰੇ ਰੱਬੀ ਗੁਣ ਮੌਜੂਦ ਸਨ। ਹਿੰਦੁਸਤਾਨ ਦੇ ਹੀ ਨਹੀਂ ਦੁਨੀਆਂ ਭਰ ਦੇ ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ, ਕਵੀਆਂ ਨੇ ਤੇ ਨੇਤਾਵਾਂ ਨੇ ਉਨ੍ਹਾਂ ਦੀ ਰੱਜ ਕੇ ਪ੍ਰਸੰਸਾ ਕੀਤੀ ਹੈ। ਸਾਧੂ ਟੀ.ਐਲ. ਵਾਸਵਾਨੀ ਹਿੰਦੁਸਤਾਨ ਦਾ ਵਿਦਵਾਨ, ਇਤਿਹਾਸਕਾਰ ਅਤੇ ਸੰਤ ਮਹਾਂਪੁਰਸ਼ ਜੋ ਸਿੱਖ ਧਰਮ ਦਾ ਬਹੁਤ ਸਨਮਾਨ ਕਰਦਾ ਸੀ ਅਤੇ ਜਿਸ ਨੇ ਗੁਰੂ ਨਾਨਕ ਸਾਹਿਬ ਬਾਰੇ ਕਿਹਾ ਸੀ ਕਿ ਉਨ੍ਹਾਂ ਵਰਗੀ ਸ਼ਖਸੀਅਤ ਦੁਨੀਆ ਵਿਚ ਕਦੀ-ਕਦੀ ਹੀ ਆਉਂਦੀ ਹੈ ਅਤੇ ਜਿਸ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਬੇਮਿਸਾਲ ਗ੍ਰੰਥ ਕਰ ਕੇ ਲਿਖਿਆ ਸੀ। ਜਦ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ ਤਾਂ ਉਸ ਨੇ ਉਨ੍ਹਾਂ ਦਾ ਮੁਕਾਬਲਾ ਹਰ ਧਰਮਾਂ ਦੇ ਪੀਰ ਪੈਗੰਬਰਾਂ ਨਾਲੇ ਕਰਦੇ ਹੋਏ ਕਿਹਾ ਕਿ ਜਿਥੇ ਗੁਰੂ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੀ ਨਿਮਰਤਾ ਤੇ ਮਿਠਾਸ ਸੀ, ਈਸਾ ਮਸੀਹ ਵਰਗੀ ਨੇਕੀ ਸੀ, ਮਹਾਤਮਾ ਬੁੱਧ ਵਰਗੀ ਅਧਿਆਤਮਿਕ ਸਮਝ ਸੀ, ਹਜ਼ਰਤ ਮੁਹੰਮਦ ਸਾਹਿਬ ਵਰਗੀ ਹਿੰਮਤ ਸੀ, ਭਗਵਾਨ ਕ੍ਰਿਸ਼ਨ ਵਰਗੀ ਸ਼ਾਨ ਸੀ ਤੇ ਭਗਵਾਨ ਰਾਮ ਵਰਗਾ ਅਨੁਸ਼ਾਸਨ ਸੀ ਉਥੇ ਉਨ੍ਹਾਂ ਵਿਚ ਸ਼ਾਹਾਂ ਬਾਦਸ਼ਾਹਾਂ ਵਰਗਾ ਠਾਠ ਵੀ ਸੀ। ਉਨ੍ਹਾਂ ਨੇ ਸੱਚੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
ਸ੍ਰੀ ਗੋਕੁਲ ਚੰਦ ਨਾਰੰਗ, ਸ੍ਰੀ ਇੰਦੂ ਭੂਸ਼ਣ ਬੈਨਰਜੀ ਤੇ ਕਨਿੰਘਮ ਵੀ ਉਨ੍ਹਾਂ ਇਤਿਹਾਸਕਾਰਾਂ ਵਿਚੋਂ ਹਨ ਜਿਨ੍ਹਾਂ ਅਨੁਸਾਰ ਦਸਮ ਪਿਤਾ ਨੇ ਕਮਜ਼ੋਰ ਲੋਕਾਂ ਵਿਚ ਇਕ ਨਵੀਂ ਰੂਹ ਫੂਕ ਕੇ ਹਿੰਦੁਸਤਾਨ ਦੇ ਇਤਿਹਾਸ ਵਿਚ ਇਨਕਲਾਬ ਲਿਆਂਦਾ। ਸਵਾਮੀ ਵਿਵੇਕਾਨੰਦ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਰਤ ਦੇ ਸਭ ਤੋਂ ਵੱਡੇ ਮਹਾਂ ਨਾਇਕ ਦੇ ਰੂਪ ਵਿਚ ਦੇਖਦੇ ਹਨ। ਆਰੀਆ ਸਮਾਜੀ ਦੌਲਤ ਰਾਇ, ਜਿਸਨੇ ਦਸਮ ਪਿਤਾ ਦੀ ਜੀਵਨੀ ਲਿਖੀ ਜੋ ਪੰਜਾਬੀ ਭਾਸ਼ਾ ਵਿਚ 'ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ' ਦੇ ਨਾਮ ਨਾਲ ਮਸ਼ਹੂਰ ਹੈ, ਆਪਣੀ ਪੁਸਤਕ ਵਿਚ ਦਸਮ ਪਿਤਾ ਦੀ ਹਰ ਪੱਖੋਂ ਤਾਰੀਫ਼ ਕੀਤੀ ਹੈ। 'ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ' ਦਾ ਫਲਸਫਾ ਦੁਨੀਆਂ ਨੂੰ ਦੇਣ ਵਾਲਾ ਗੁਰੂ 'ਸਵਾ ਲਾਖ ਸੇ ਏਕ ਲੜਾਊਂ' ਦਾ ਨਿਸ਼ਚਾ ਰੱਖਦਾ ਸੀ। ਆਪ ਜੀ ਦੇ ਕਹਿਣ ਅਨੁਸਾਰ ਦੁਨੀਆਂ ਨੇ ਅਜੇ ਤੱਕ ਐਸਾ ਮਹਾਨ ਸੰਤ ਸਿਪਾਹੀ ਕਦੀ ਪੈਦਾ ਨਹੀਂ ਕੀਤਾ। ਦੌਲਤ ਰਾਇ ਜੀ ਜਦ ਉਨ੍ਹਾਂ ਦਾ ਮੁਕਾਬਲਾ ਜਰਮਨੀ, ਆਸਟਰੇਲੀਆ ਤੇ ਰਸ਼ੀਆ ਦੇ ਵੱਡੇ-ਵੱਡੇ ਜਰਨੈਲਾਂ ਨਾਲ ਕਰਦੇ ਹਨ ਤਦ ਉਹ ਦੱਸਦੇ ਹਨ ਕਿ ਕਿਸ ਤਰ੍ਹਾਂ ਨੇਪੋਲੀਅਨ ਅੱਗੇ ਹਜ਼ਾਰਾਂ ਲੋਕਾਂ ਦੀ ਸੈਨਾ ਝੁੱਕ ਜਾਂਦੀ ਸੀ। ਕਿਸ ਤਰ੍ਹਾਂ ਕਰੌਜੀ ਨੇ ਇੰਨੀ ਸੈਨਾ ਤੇ ਸ਼ਸਤਰ ਉਸ ਕੋਲ ਹੋਣ ਦੇ ਬਾਵਜੂਦ ਵੀ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ ਸਨ। ਗੁਰੂ ਜੀ ਵੱਲ ਦੇਖੋ ਚਾਲੀ ਬੰਦਿਆਂ ਨਾਲ ਵੀ ਉਹ ਹਜ਼ਾਰਾਂ ਦੀ ਸੈਨਾ ਨਾਲ ਟੱਕਰ ਲੈਂਦੇ ਸਨ ਤੇ ਹਾਰ ਮੰਨਣ ਦੀ ਗੱਲ ਕਦੀ ਨਾ ਸੋਚਦੇ ਹੋਏ, ਪ੍ਰਮਾਤਮਾ ਦੇ ਸ਼ੁਕਰਾਨੇ ਵਿਚ ਰਹਿੰਦੇ ਹੋਏ ਕਹਿੰਦੇ ਸਨ-
ਜਬ ਆਵ ਕੀ ਅਉਧ ਨਿਧਾਨ ਬਨੈ।।
ਅਤਿ ਹੀ ਰਣ ਤਬ ਜੂਝ ਮਰੋਂ।।
ਗੁਰੂ ਗੋਬਿੰਦ ਸਿੰਘ ਜੀ ਮੁਸਲਿਮ ਰਾਜ ਦੇ ਜ਼ੁਲਮ ਵਿਰੁੱਧ ਲੜਦੇ ਰਹੇ ਪਰ ਬਹੁਤ ਸਾਰੇ ਮੁਸਲਮਾਨ ਉਨ੍ਹਾਂ ਦੇ ਸ਼ਰਧਾਲੂ ਸਨ। ਪੀਰ ਭੀਖਣ ਸ਼ਾਹ, ਪੀਰ ਬੁੱਧੂ ਸ਼ਾਹ, ਨਬੀ ਖਾਨ ਗਨੀ ਖਾਨ ਕਲ੍ਹਾ ਵਰਗੇ ਮੁਸਲਮਾਨ ਉਨ੍ਹਾਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦੇ ਸਨ। ਮੁਸਲਮਾਨ ਇਤਿਹਾਸਕਾਰ ਮੁਹੰਮਦ ਲਤੀਫ ਵੀ ਲਿਖਦਾ ਹੈ ਕਿ ਉਹ ਇਕ ਮਹਾਨ ਇਨਸਾਨ ਹੁੰਦੇ ਹੋਏ ਬਹੁਤ ਬਹਾਦਰ ਸਿਪਾਹੀ, ਉੱਚ ਕੋਟੀ ਦੇ ਫਿਲਾਸਫਰ, ਲਿਖਾਰੀ ਤੇ ਵਿਦਵਾਨ ਵੀ ਸਨ। ਉਹ ਐਸੇ ਗੁਰੂ ਸਨ ਜਿਨ੍ਹਾਂ ਦੀ ਇਕ ਨਜ਼ਰ ਲੋਕਾਂ ਦੀ ਤਕਦੀਰ ਬਦਲ ਸਕਦੀ ਸੀ। ਸਚਾਈ ਤੇ ਇਨਸਾਫ਼ ਦੀ ਮੂਰਤ ਗੁਰੂ ਸਾਹਿਬ ਹੀ ਖਾਲਸ ਇਨਸਾਨ ਪੈਦਾ ਕਰ ਸਕਦੇ ਸਨ। ਇਕ ਮੁਸਲਮਾਨ ਕਵੀ ਕਿਬਰੀਆ ਖਾਨ ਨੇ ਉਨ੍ਹਾਂ ਬਾਰੇ ਬਹੁਤ ਹੀ ਖੂਬਸੂਰਤ ਹੇਠ ਲਿਖੀਆਂ ਸਤਰਾਂ ਲਿਖੀਆਂ ਹਨ-
ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ,
ਜੋ ਤੂੰ ਨੇ ਪਰਉਪਕਾਰ ਕੀਏ।
ਇਕ ਖਾਲਸ ਖਾਲਸਾ ਪੰਥ ਸਜਾ
ਜਾਤੋਂ ਕੇ ਭੇਦ ਨਿਕਾਲ ਦੀਏ।
ਇਸ ਤੇਗ ਕੇ ਬੇਟੇ ਨੇ ਤੇਗ ਪਕੜ
ਦੁਖੀਓਂ ਕੇ ਕਾਟ ਜੰਜਾਲ ਦੀਏ।
ਉਸ ਮੁਲਕੋ ਵਤਨ ਕੀ ਖਿਦਮਤ ਮੇਂ
ਕਹੀਂ ਬਾਪ ਦੀਆ ਕਹੀਂ ਲਾਲ ਦੀਏ।
ਸੱਚ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਦੇ ਕੇ ਜ਼ੁਲਮ ਵਿਰੁੱਧ ਟੱਕਰ ਲੈ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਅਗਰ ਹਿੰਦੂ ਧਰਮ ਨਾ ਬਚਦਾ ਤਾਂ ਅੱਜ ਸਾਡੇ ਦੇਸ਼ ਦਾ ਇਤਿਹਾਸ ਤੇ ਸਭਿਆਚਾਰ ਬਿਲਕੁਲ ਅਲੱਗ ਹੋਣਾ ਸੀ। ਤਦ ਹੀ ਤਾਂ ਮੁਸਲਮਾਨ ਸੂਫ਼ੀ ਕਵੀ ਸਾਂਈ ਬੁੱਲ੍ਹੇ ਸ਼ਾਹ ਜੋ ਉਸ ਸਮੇਂ ਵਿਚ ਹੀ ਹੋਏ ਹਨ, ਨੇ ਸਪੱਸ਼ਟ ਰੂਪ ਵਿਚ ਕਿਹਾ ਹੈ-
ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ
ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਤੋ ਸੁੰਨਤ ਹੋਤੀ ਸਭ ਕੀ।
ਅੱਜ ਦੇ ਯੁੱਗ ਵਿਚ ਵੀ ਸਿੱਖ ਕਵੀਆਂ ਤੇ ਵਿਦਵਾਨਾਂ ਤੋਂ ਇਲਾਵਾ ਬਹੁਤ ਸਾਰੇ ਮਹਾਨ ਲੋਕਾਂ ਨੇ ਗੁਰੂ ਸਾਹਿਬ ਨੂੰ ਅਜਿਹੀਆਂ ਹੀ ਸ਼ਰਧਾਂਜਲੀਆਂ ਦਿੱਤੀਆਂ ਹਨ ਜਿਨ੍ਹਾਂ ਵਿਚ ਟੌਇਨਬੀ ਵਰਗੇ ਇਤਿਹਾਸਕਾਰ ਵੀ ਸ਼ਾਮਿਲ ਹਨ, ਟੈਗੋਰ ਵਰਗੇ ਵਿਦਵਾਨ ਤੇ ਡਾ. ਰਾਧਾ ਕ੍ਰਿਸ਼ਨ ਵਰਗੇ ਦਾਰਸ਼ਨਿਕ ਵੀ ਇਸ ਗੱਲ ਦੀ ਹਾਮੀ ਭਰਦੇ ਹਨ। ਪੰਡਿਤ ਮਦਨ ਮੋਹਨ ਮਾਲਵੀਯ ਜੋ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ ਸਨ, ਨੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਲੈਂਦੇ ਹੋਏ ਕਿਹਾ ਸੀ ਕਿ ਅਗਰ ਹਰ ਹਿੰਦੂ ਪਰਿਵਾਰ ਆਪਣੇ ਵਿਚੋਂ ਇਕ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਬਣਾ ਦੇਵੇ ਤਦ ਸਾਡਾ ਪਰਿਵਾਰ ਭਾਵ ਸਾਡਾ ਦੇਸ਼ ਸੁਰੱਖਿਅਤ ਰਹਿ ਸਕਦਾ ਹੈ। |
(204) Question:- |
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਕੁਝ ਮਹੱਤਵਪੂਰਨ ਪੁਸਤਕਾਂ ਦੀ ਜਾਣਕਾਰੀ ਦਿਓ। |
Answer:- |
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਵਿਦਵਾਨਾਂ ਨੇ ਸਮੇਂ-ਸਮੇਂ 'ਤੇ ਟੀਕੇ ਕੀਤੇ ਤੇ ਇਸ ਦੇ ਸ਼ਬਦਾਂ ਦੇ ਅਰਥ ਤੇ ਵਿਆਕਰਣ ਪੱਖੋਂ ਵਿਆਖਿਆ ਕੀਤੀ। ਪੰਡਿਤ ਤਾਰਾ ਸਿੰਘ ਨਰੋਤਮ ਤੇ ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨਾਂ ਨੇ ਐਸੇ ਕੋਸ਼ ਤਿਆਰ ਕੀਤੇ ਜਿਹੜੇ ਖੋਜ ਕਰਨ ਵਾਲਿਆਂ ਲਈ ਮਹੱਤਵਪੂਰਨ ਸਰੋਤ ਬਣ ਗਏ। ਤਾਰਾ ਸਿੰਘ ਨਰੋਤਮ ਦੇ 'ਗੁਰੂ ਗ੍ਰੰਥ ਕੋਸ਼' ਤੇ 'ਗੁਰਮਤ ਨਿਰਨੈ ਸਾਗਰ' ਤੇ ਭਾਈ ਕਾਹਨ ਸਿੰਘ ਨਾਭਾ ਦੇ 'ਮਹਾਨ ਕੋਸ਼' ਤੇ 'ਗੁਰਮਤਿ ਮਾਰਤੰਡ' ਗੁਰਬਾਣੀ ਨੂੰ ਸਮਝਣ ਲਈ ਬਹੁਤ ਲਾਭਦਾਇਕ ਹਨ। ਕੁਝ ਹੋਰ ਕਿਤਾਬਾਂ ਜੋ ਇਸ ਸੰਬੰਧ ਵਿਚ ਲਾਹੇਵੰਦ ਹਨ ਇਸ ਪ੍ਰਕਾਰ ਹਨ : ਡਾ. ਚਰਨ ਸਿੰਘ ਦਾ 'ਬਾਣੀ ਬਿਓਰਾ', ਭਾਈ ਜੋਧ ਸਿੰਘ ਦੀ 'ਗੁਰਮਤ ਨਿਰਨੇ', ਮਾਸਟਰ ਮਹਿਤਾਬ ਸਿੰਘ ਦਾ 'ਨਾਂਵਾਂ ਤੇ ਥਾਵਾਂ ਦਾ ਕੋਸ਼', ਜੀ.ਬੀ. ਸਿੰਘ ਦੀਆਂ 'ਪ੍ਰਾਚੀਨ ਬੀੜਾਂ', ਸ਼ਮਸ਼ੇਰ ਸਿੰਘ ਅਸ਼ੋਕ ਦਾ 'ਰਾਗ ਮਾਲਾ ਨਿਰਨੈ' ਆਦਿ। ਐਸ.ਜੀ.ਪੀ.ਸੀ. ਨੇ ਵੀ 4 ਪੋਥੀਆਂ ਵਿਚ ਸ਼ਬਦਾਰਥ ਤਿਆਰ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਕਈ ਬਾਣੀਆਂ ਦਾ ਟੀਕਾ ਬਹੁਤ ਵਿਦਵਾਨਾਂ ਨੇ ਕੀਤਾ ਹੈ, ਜਿਵੇਂ ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਭਗਤ ਬਾਣੀ ਆਦਿ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਵੀ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚ ਐਸ.ਜੀ.ਪੀ.ਸੀ. ਦੁਆਰਾ ਤਿਆਰ ਕੀਤਾ ਇੰਗਲਿਸ਼ ਪੰਜਾਬੀ ਵਾਲਾ ਟੀਕਾ 8 ਭਾਗਾਂ ਵਿਚ ਉਪਲੱਬਧ ਹੈ। ਅੰਗਰੇਜ਼ੀ ਤੇ ਪੰਜਾਬੀ ਵਿਚ ਕਈ ਥੀਸਿਸ ਵੀ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦਾ ਸੰਬੰਧ ਗੁਰਬਾਣੀ ਦੀ ਖੋਜ ਨਾਲ ਹੈ। ਮਿਸਾਲ ਦੇ ਤੌਰ 'ਤੇ ਸ੍ਰ. ਸੁਰਿੰਦਰ ਸਿੰਘ ਕੋਹਲੀ ਦਾ (A Critical Study of Adi Granth) ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸ੍ਰ. ਹਰਬੰਸ ਸਿੰਘ ਦੁਆਰਾ ਤਿਆਰ ਕੀਤਾ 'ਐਨਸਾਇਕਲੋਪੀਡੀਆ' ਵੀ ਬਹੁਤ ਲਾਹੇਵੰਦ ਹੈ। ਡਾ. ਰਤਨ ਸਿੰਘ ਜੱਗੀ ਦੁਆਰਾ ਤਿਆਰ ਕੀਤਾ 'ਗੁਰੂ ਗ੍ਰੰਥ ਵਿਸ਼ਵਕੋਸ਼' (2 ਭਾਗ) ਭੀ ਇਸ ਪੱਖੋਂ ਬਹੁਤ ਲਾਹੇਵੰਦ ਹੈ।
ਗੁਰੂ ਗ੍ਰੰਥ ਸਾਹਿਬ ਦੇ ਵਿਆਕਰਣ ਤੇ ਤਰਜਮੇ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਆਕਰਣ ਨੂੰ ਸਮਝਣ ਲਈ ਵੀ ਕਈ ਉਪਰਾਲੇ ਕੀਤੇ ਗਏ ਹਨ। ਇਸ ਪੱਖੋਂ ਪ੍ਰੋਫੈਸਰ ਸਾਹਿਬ ਸਿੰਘ ਦੀ ਪੁਸਤਕ 'ਗੁਰੂਬਾਣੀ ਵਿਆਕਰਣ' ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਆਕਰਣ ਨਿਯਮਾਂ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵੀ ਕੀਤਾ, ਜੋ 'ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ' ਦੇ ਨਾਂ ਨਾਲ 10 ਸੈਂਚੀਆਂ ਵਿਚ ਛਾਪਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਟਰਾਂਸਲੇਸ਼ਨ ਹਿੰਦੀ ਤੇ ਸਿੰਧੀ ਵਿਚ ਵੀ ਹੋਈ ਹੈ। ਅੰਗਰੇਜ਼ੀ ਵਿਚ ਸਭ ਤੋਂ ਪਹਿਲਾਂ ਮੁਕੰਮਲ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਡਾ. ਗੋਪਾਲ ਸਿੰਘ ਨੇ ਕੀਤਾ। ਉਨ੍ਹਾਂ ਦਾ ਇਹ ਅਨੁਵਾਦ ਕਾਵਿਮਈ ਸ਼ੈਲੀ ਵਿਚ 4 ਭਾਗਾਂ ਵਿਚ ਉਪਲਬਧ ਹੈ। ਉਸ ਉਪਰੰਤ ਐਸ.ਜੀ.ਪੀ.ਸੀ. ਨੇ ਡਾ. ਮਨਮੋਹਨ ਸਿੰਘ ਦੁਆਰਾ ਕੀਤਾ ਅਨੁਵਾਦ 4 ਭਾਗਾਂ ਵਿਚ ਛਾਪਿਆ। ਪ੍ਰੋ. ਗੁਰਬਚਨ ਸਿੰਘ ਤਾਲਿਬ ਤੇ ਸ੍ਰ. ਗੁਰਬਚਨ ਸਿੰਘ ਮਾਕਿਨ ਨੇ ਵੀ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਹੈ। ਫਰੈਂਚ ਤੇ ਸਪੇਨਿਸ਼ ਭਾਸ਼ਾ ਵਿਚ ਅਨੁਵਾਦ ਕਰਨ ਦਾ ਮਾਣ ਕੈਨੇਡਾ ਦੇ ਡਾ. ਜਰਨੈਲ ਸਿੰਘ ਨੂੰ ਮਿਲਿਆ ਹੈ। ਅਨੇਕਾਂ ਹੋਰ ਭਾਸ਼ਾਵਾਂ ਜਿਵੇਂ ਕਿ ਗੁਜਰਾਤੀ, ਉਰਦੂ, ਮਰਾਠੀ, ਬੰਗਾਲੀ ਤੇ ਤਾਮਿਲ ਵਿਚ ਅਨੁਵਾਦ ਕਰਨ ਦੇ ਯਤਨ ਜਾਰੀ ਹਨ। |
(205) Question:- |
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਚਨਾਵਾਂ ਦਾ ਵੇਰਵਾ ਰਾਗਾਂ ਅਨੁਸਾਰ ਦਿਓ। |
Answer:- |
ਬਾਣੀ/ਰਾਗ ਦਾ ਨਾਂ ਅੰਗ
ਜਪੁ 1
ਸੋ ਦਰੁ ਮਹਲਾ ੧ 8
ਸੁਣਿ ਵਡਾ ਮਹਲਾ ੧ 9
ਸੋ ਪੁਰਖੁ ਮਹਲਾ ੪ 10
ਸੋਹਿਲਾ ਮਹਲਾ ੧ 12
ਸਿਰੀ ਰਾਗੁ 13
ਰਾਗੁ ਮਾਝ 94
ਰਾਗੁ ਗਉੜੀ 151
ਰਾਗੁ ਆਸਾ 347
ਰਾਗੁ ਗੂਜਰੀ 489
ਰਾਗੁ ਦੇਵਗੰਧਾਰੀ 527
ਰਾਗੁ ਬਿਹਾਗੜਾ 537
ਰਾਗੁ ਵਡਹੰਸੁ 557
ਰਾਗੁ ਸੋਰਠਿ 595
ਰਾਗੁ ਧਨਾਸਰੀ 660
ਰਾਗੁ ਜੈਤਸਰੀ 696
ਰਾਗ ਟੋਡੀ 711
ਰਾਗੁ ਬੈਰਾੜੀ 719
ਰਾਗੁ ਤਿਲੰਗ 721
ਰਾਗੁ ਸੂਹੀ 728
ਰਾਗੁ ਬਿਲਾਵਲੁ 795
ਰਾਗੁ ਗੋਂਡ 859
ਰਾਗ ਰਾਮਕਲੀ 876
ਰਾਗੁ ਨਟ ਨਾਰਾਇਨ 975
ਰਾਗੁ ਮਾਲੀ ਗਉੜਾ 984
ਰਾਗੁ ਮਾਰੂ 989
ਰਾਗੁ ਤੁਖਾਰੀ 1107
ਰਾਗੁ ਕੇਦਾਰਾ 1118
ਰਾਗੁ ਭੈਰਉ 1125
ਰਾਗੁ ਬਸੰਤ 1168
ਰਾਗੁ ਸਾਰਗ 1197
ਰਾਗੁ ਮਲਾਰ 1254
ਰਾਗ ਕਾਨੜਾ 1294
ਰਾਗੁ ਕਲਿਆਨ 1319
ਰਾਗੁ ਪ੍ਰਭਾਤੀ 1327
ਰਾਗੁ ਜੈਜਾਵੰਤੀ 1352
ਸਲੋਕ ਸਹਸਕ੍ਰਿਤੀ ਮਹਲਾ ੧ 1353
ਸਲੋਕ ਸਹਸਕ੍ਰਿਤੀ ਮਹਲਾ ੫ 1353
ਮਹਲਾ ੫ ਗਾਥਾ 1360
ਫੁਨਹੇ ਮਹਲਾ ੫ 1363
ਚਉਬੋਲੇ ਮਹਲਾ ੫ 1363
ਸਲੋਕ ਭਗਤ ਕਬੀਰ ਜੀਉ ਕੇ 1364
ਸਲੋਕ ਸੇਖ ਫਰੀਦ ਕੇ 1377
ਸਵਯੇ ਸ੍ਰੀ ਮੁਖਬਾਕ੍ ਮਹਲਾ ੫ 1385 (ਭੱਟਾਂ ਦੀ ਬਾਣੀ)
ਸਲੋਕ ਵਾਰਾਂ ਤੇ ਵਧੀਕ 1410
ਸਲੋਕ ਮਹਲਾ ੯ 1426
ਮੁੰਦਾਵਣੀ ਮਹਲਾ ੫ 1428
ਰਾਗ ਮਾਲਾ 1429
|
(206) Question:- |
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਰਚੈਤਾ ਕੌਣ-ਕੌਣ ਹਨ? ਬਾਣੀ ਕਿੰਨੇ ਰਾਗਾਂ ਵਿਚ ਹੈ? ਗਰੂ ਗ੍ਰੰਥ ਸਾਹਿਬ ਦੇ ਕਿੰਨੇ ਪੰਨੇ ਹਨ ਤੇ ਪਹਿਲੀ ਤੇ ਆਖਰੀ ਬਾਣੀ ਕਿਹੜੀ ਹੈ? |
Answer:- |
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਰਚੈਤਾ ਤੇ ਉਨ੍ਹਾਂ ਦੀ ਬਾਣੀ ਦਾ ਵੇਰਵਾ ਹੇਠ ਲਿਖਿਆ ਹੈ:-
ਗੁਰੂ ਨਾਨਕ ਦੇਵ ਜੀ 974 ਸ਼ਬਦ 19 ਰਾਗਾਂ ਵਿਚ
ਗੁਰੂ ਅੰਗਦ ਦੇਵ ਜੀ 63 ਸਲੋਕ (ਸਾਰੇ ਸਲੋਕ ਵਾਰਾਂ ਵਿਚ ਹਨ)
ਗੁਰੂ ਅਮਰਦਾਸ ਜੀ 907 ਸ਼ਬਦ 17 ਰਾਗਾਂ ਵਿਚ
ਗੁਰੂ ਰਾਮਦਾਸ ਜੀ 679 ਸ਼ਬਦ 17 ਰਾਗਾਂ ਵਿਚ
ਗੁਰੂ ਅਰਜਨ ਦੇਵ ਜੀ 2312 ਸ਼ਬਦ (30 ਰਾਗਾਂ ਵਿਚ)
ਗੁਰੂ ਤੇਗ ਬਹਾਦਰ ਜੀ 59 ਸ਼ਬਦ, 57 ਸਲੋਕ
(ਰਾਗ ਜੈਜਾਵੰਤੀ ਵਿਚ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ)
ਗੁਰੂ ਘਰ ਦੇ ਸੇਵਕਾਂ ਦੀ ਬਾਣੀ
ਸਤਾ 3 ਸ਼ਬਦ
ਬਲਵੰਡ 5 ਸ਼ਬਦ
ਬਾਬਾ ਸੁੰਦਰ ਜੀ 6 ਸ਼ਬਦ (ਸਦ)
ਮਰਦਾਨਾ 3 ਸ਼ਬਦ
ਭਗਤ ਬਾਣੀ
ਜੈਦੇਵ 2 ਸ਼ਬਦ
ਬਾਬਾ ਫਰੀਦ ਜੀ 4 ਸ਼ਬਦ, 130 ਸਲੋਕ
ਨਾਮਦੇਵ 60 ਸ਼ਬਦ
ਤ੍ਰਿਲੋਚਨ 4 ਸ਼ਬਦ
ਪਰਮਾਨੰਦ 1 ਸ਼ਬਦ
ਸਧਨਾ 1 ਸ਼ਬਦ
ਬੇਣੀ 3 ਸ਼ਬਦ
ਰਾਮਾ ਨੰਦ 1 ਸ਼ਬਦ
ਧੰਨਾ 4 ਸ਼ਬਦ
ਪੀਪਾ 1 ਸ਼ਬਦ
ਸੈਨ 1 ਸ਼ਬਦ
ਕਬੀਰ 292 ਸ਼ਬਦ (ਬਾਵਨ ਅੱਖਰੀ ਮਿਲਾ ਕੇ) 249 ਸਲੋਕ
ਰਵਿਦਾਸ 41 ਸ਼ਬਦ
ਸੂਰਦਾਸ 1 ਸ਼ਬਦ
ਭੀਖਣ 2 ਸ਼ਬਦ
ਭੱਟਾਂ ਦੀ ਬਾਣੀ
11 ਭੱਟਾਂ ਦੇ 123 ਸਵੱਈਏ (ਵੇਰਵਾ ਅੱਗੇ ਹੈ)
ਸਾਰੀ ਬਾਣੀ 31 ਰਾਗਾਂ ਵਿਚ ਲਿਖੀ ਗਈ ਹੈ ਤੇ 1430 ਪੰਨਿਆਂ ਵਿਚ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪੁ ਜੀ ਸਾਹਿਬ ਹੈ ਅਤੇ ਆਖਰ ਵਿਚ ਨੌਵੇਂ ਮਹਲੇ ਦੇ ਸਲੋਕਾਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਮੁੰਦਾਵਣੀ 'ਥਾਲ ਵਿਚ ਤਿਨਿ ਵਸਤੂ ਪਈਓ' ਤੇ ਸਲੋਕ 'ਤੇਰਾ ਕੀਤਾ ਜਾਤੋ ਨਾਹੀ' ਤੇ ਆਖਿਰ ਵਿਚ ਰਾਗ ਮਾਲਾ ਹੈ। |
(207) Question:- |
ਵਾਰ ਤੋਂ ਕੀ ਭਾਵ ਹੈ? ਗੁਰੂ ਗ੍ਰੰਥ ਸਾਹਿਬ ਵਿਚ ਕਿੰਨੀਆਂ ਵਾਰਾਂ ਦਰਜ ਹਨ? |
Answer:- |
ਵਾਰ ਕਿ ਐਸਾ ਕਾਵਿ ਰੂਪ ਹੈ ਜਿਸ ਦੁਆਰਾ ਕਿਸੇ ਖਾਸ ਸੂਰਮੇਂ ਜਾਂ ਵਿਦਵਾਨ ਦੀ ਤਾਰੀਫ ਕੀਤੀ ਜਾਂਦੀ ਹੈ। ਗੁਰੂ ਸਾਹਿਬ ਦੇ ਵਕਤ ਤੋਂ ਪਹਿਲਾਂ ਵੀ ਗਾਉਣ ਵਾਲੇ ਵਾਰਾਂ ਗਾਇਆ ਕਰਦੇ ਸਨ ਜਿਹੜੀਆਂ ਬਹੁਤ ਪ੍ਰਚੱਲਤ ਸਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰ ਪਰਮ ਪਿਤਾ ਪਰਮਾਤਮਾ, ਗੁਰੂ ਤੇ ਧਰਮ ਦੀ ਜ਼ਿੰਦਗੀ ਜਿਊਣ ਵਾਲਿਆਂ ਦੀਆਂ ਤਾਰੀਫਾਂ ਕਰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ:-
ਵਾਰਾਂ ਦਾ ਵੇਰਵਾ
ਗੁਰੂ ਨਾਨਕ ਦੇਵ ਜੀ ਦੀਆਂ 3 ਵਾਰ ਮਾਝ, ਵਾਰ ਆਸਾ, ਵਾਰ ਮਲਾਰ।
ਗੁਰੂ ਅਮਰਦਾਸ ਜੀ ਦੀਆਂ 4 ਵਾਰ ਗਉੜੀ, ਵਾਰ ਸੂਹੀ, ਵਾਰ ਰਾਮਕਲੀ, ਵਾਰ ਮਾਰੂ।
ਗੁਰੂ ਰਾਮਦਾਸ ਜੀ ਦੀਆਂ 8 ਵਾਰ ਸ੍ਰੀ ਰਾਗੁ, ਵਾਰ ਗਉੜੀ, ਵਾਰ ਬਿਹਾਗੜਾ, ਵਾਰ ਵਡਹੰਸ,
ਵਾਰ ਸੋਰਠਿ, ਵਾਰ ਬਿਲਾਵਲ, ਵਾਰ ਸਾਰੰਗ, ਵਾਰ ਕਾਨੜਾ
ਗੁਰੂ ਅਰਜਨ ਦੇਵ ਜੀ ਦੀਆਂ 6 ਵਾਰ ਗਉੜੀ, ਵਾਰ ਗੂਜਰੀ, ਵਾਰ ਜੈਤਸਰੀ, ਵਾਰ ਰਾਮਕਲੀ,
ਵਾਰ ਮਾਰੂ, ਵਾਰ ਬਸੰਤ
ਸਤੇ ਬਲਵੰਡਿ ਦੀ ਵਾਰ 1
ਕੁਲ 22 ਵਾਰਾਂ
|
(208) Question:- |
ਸਤੇ ਅਤੇ ਬਲਵੰਡਿ ਦੁਆਰਾ ਰਚੀ ਹੋਈ ਵਾਰ ਦੀ ਜਾਣਕਾਰੀ ਦਿਓ। |
Answer:- |
ਸਤੈ ਬਲਵੰਡਿ ਦੀ ਵਾਰ ਰਾਗ ਰਾਮਕਲੀ ਵਿਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ 966 ਤੋਂ 968 'ਤੇ ਦਰਜ ਹੈ। ਇਸ ਵਾਰ ਨੂੰ ਟਿਕੇ ਦੀ ਵਾਰ ਵੀ ਕਿਹਾ ਜਾਂਦਾ ਹੈ। ਇਸ ਵਾਰ ਵਿਚ ਗੁਰੂਆਂ ਦੀ ਉਸਤਤਿ ਕਰਦੇ ਹੋਏ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਭ ਗੁਰੂ ਇਕ ਹੀ ਜੋਤ ਸਨ। ਮਾਤਾ ਖੀਵੀ ਜੀ ਦਾ ਜ਼ਿਕਰ ਵੀ ਇਸ ਵਾਰ ਵਿਚ ਆਉਂਦਾ ਹੈ। |
(209) Question:- |
ਬਾਬਾ ਸੁੰਦਰ ਜੀ ਰਚਿਤ 'ਸਦ' ਕੀ ਭਾਵ ਦਰਸਾਉਂਦੀ ਹੈ? |
Answer:- |
ਸਦ ਤੋਂ ਭਾਵ ਹੈ ਸੱਦਣਾ, ਬੁਲਾਉਣਾ। ਇਹ ਰਚਨਾ ਰੱਬ ਦੁਆਰਾ ਆਪਣੇ ਕੋਲ ਸੱਦਣ ਦੇ ਮੌਕੇ ਨਾਲ ਸੰਬੰਧਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ 'ਸਦ' ਬਾਬਾ ਸੁੰਦਰ ਜੀ ਦੁਆਰਾ ਲਿਖੀ ਹੋਈ ਹੈ ਤੇ ਆਪ ਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਲਿਖੀ ਸੀ। ਇਸ ਵਿਚ 6 ਬੰਦ ਹਨ। ਇਸ ਵਿਚ ਗੁਰੂ ਜੀ ਦਾ ਅਜਿਹੇ ਮੌਕੇ 'ਤੇ ਉਪਦੇਸ਼ ਦੱਸਿਆ ਗਿਆ ਹੈ। ਗੁਰੂ ਜੀ ਅਨੁਸਾਰ ਪ੍ਰਾਣੀ ਦੇ ਚਲਾਣੇ ਮਗਰੋਂ ਰੋਣ ਪਿੱਟਣ ਦੀ ਲੋੜ ਨਹੀਂ ਸਗੋਂ ਉਸ ਦੇ ਆਤਮਿਕ ਕਲਿਆਣ ਵਾਸਤੇ ਨਿਰਬਾਣ ਕੀਰਤਨ ਤੇ ਪਾਠ ਕਰਨਾ ਜ਼ਰੂਰੀ ਹੈ। ਮੌਤ ਦੀ ਸਚਾਈ ਨੂੰ ਧੀਰਜ ਨਾਲ ਲੈਣਾ ਤੇ ਭਾਣਾ ਮੰਨਣਾ ਹੈ। ਸਿੱਖਾਂ ਵਿਚ ਇਸ 'ਸਦ' ਦਾ ਪਾਠ ਅਕਾਲ ਚਲਾਣੇ ਦੇ ਭੋਗ ਸਮੇਂ ਕੀਤਾ ਜਾਂਦਾ ਹੈ। |
(210) Question:- |
ਭੱਟ ਕੌਣ ਸਨ? ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟਾਂ ਦੇ ਸਵੱਈਆਂ ਬਾਰੇ ਜਾਣਕਾਰੀ ਦਿਉ। |
Answer:- |
ਭੱਟ ਉਹ ਲੋਕ ਸਨ ਜੋ ਆਪਣੇ ਮਾਲਕ (ਜਿਸ ਨਾਲ ਉਹ ਕੰਮ ਕਰਦੇ ਸਨ) ਦੀ ਉਸਤਤ ਲਿਖਕੇ ਤੇ ਗਾ ਕੇ ਕਰਦੇ ਸਨ। ਗੁਰੂ ਸਾਹਿਬ ਦੇ ਵੇਲੇ ਇਕ ਭੱਟ ਭੀਖਾ ਗੁਰੂ ਅਮਰਦਾਸ ਜੀ ਦਾ ਸ਼ਰਧਾਲੂ ਬਣ ਗਿਆ। ਜਦ ਗੁਰੂ ਅਰਜਨ ਦੇਵ ਜੀ ਗੱਦੀ ਤੇ ਸਨ ਤਾਂ ਭੀਖਾ ਦੇ ਪਰਿਵਾਰ ਦੇ ਤੇ ਹੋਰ ਕਈ ਭੱਟ ਗੁਰੂ ਘਰ ਨਾਲ ਜੁੜ ਗਏ। ਜਿਥੇ ਕੁਝ ਭੱਟਾਂ ਨੇ ਗੁਰੂ ਦੇ ਜੀਵਨ ਬਾਰੇ ਆਪਣੀਆਂ ਵਹੀਆਂ ਵਿਚ ਲਿਖਿਆ ਉਥੇ ਕੁਝ ਹੋਰਨਾਂ ਨੇ ਗੁਰੂਆਂ ਦੁਆਰਾ ਪ੍ਰਮਾਤਮਾ ਦੇ ਲਈ ਉਨ੍ਹਾਂ ਦੇ ਮਨ ਵਿਚ ਪਿਆਰ ਜਗਾਉਣ ਬਾਰੇ ਕੁਝ ਸਵੱਈਏ ਰਚੇ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਭੱਟ ਵਹੀਆਂ ਜੋ ਲੰਡਿਆਂ ਵਿਚ ਲਿਖੀਆਂ ਸਨ, ਗਿਆਨੀ ਗਰਜਾ ਸਿੰਘ ਦੁਆਰਾ ਲੱਭੀਆਂ ਗਈਆਂ ਸਨ। ਆਪ ਨੇ ਇਨ੍ਹਾਂ ਦੇ ਗੁਰਮੁਖੀ ਵਿਚ ਉਤਾਰੇ ਕੀਤੇ ਤੇ ਪੰਜਾਬੀ ਯੂਨੀਵਰਸਿਟੀ ਦੇ ਉਪਯੁਕਤ ਵਿਭਾਗ ਵਿਚ ਰਖਵਾ ਦਿੱਤੇ। ਇਨ੍ਹਾਂ ਵਿਚੋਂ ਉਸ ਸਮੇਂ ਦੀਆਂ ਤਿਥੀਆਂ, ਥਾਵਾਂ ਅਤੇ ਘਟਨਾਵਾਂ ਬਾਰੇ ਕਾਫੀ ਉਪਯੋਗੀ ਸਮੱਗਰੀ ਮਿਲਦੀ ਹੈ।
ਜਿਥੋਂ ਤੱਕ ਭੱਟਾਂ ਦੇ ਸਵਈਆਂ ਦਾ ਸੰਬੰਧ ਹੈ, ਇਸ ਬਾਰੇ ਕਿ ਕਿੰਨੇ ਭੱਟਾਂ ਨੇ ਇਹ ਸਵੱਈਏ ਲਿਖੇ, ਵਿਦਵਾਨਾਂ ਦੀ ਅਲੱਗ-ਅਲੱਗ ਰਾਇ ਰਹੀ ਹੈ। ਹੁਣ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ 11 ਭੱਟਾਂ ਦੇ ਸਵਈਏ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਕੁਝ ਭੱਟਾਂ ਨੇ ਆਪਣੇ ਇਕ ਤੋਂ ਜ਼ਿਆਦਾ ਨਾਮ ਵਰਤੇ ਹਨ। ਇਨ੍ਹਾਂ ਭੱਟਾਂ ਦੇ ਨਾਮ ਤੇ ਉਨ੍ਹਾਂ ਦੁਆਰਾ ਲਿਖੇ ਸਵੱਈਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:-
ਕਲਸਹਾਰ 54 ਸਵੱਈਏ ਪੰਜਾਂ ਗੁਰੂਆਂ ਦੀ ਉਸਤਤਿ ਵਿਚ
ਨਲਐ 16 ਸਵੱਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ
ਕੀਰਤ 4 ਸਵੱਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
4 ਸਵੱਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ
ਭੱਟ ਮਥੁਰਾ 7 ਸਵੱਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ
7 ਸਵੱਈਏ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਵਿਚ
ਗਯੰਦ 13 ਸਵੱਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ
ਭਿਖਐ 2 ਸਵੱਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
ਜਾਲਪ 5 ਸਵੱਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
ਸਲ੍ਹ 3 ਸਵੱਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
ਭਲ 1 ਸਵੱਈਆ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
ਬਲ੍ਹ 5 ਸਵੱਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ
ਹਰਿਬੰਸ 2 ਸਵੱਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ
ਭੱਟਾਂ ਦੀ ਗਿਣਤੀ ਬਾਰੇ ਵਿਦਵਾਨਾਂ ਦੀ ਰਾਏ ਅਲੱਗ-ਅਲੱਗ ਰਹੀ ਹੈ ਜਿਸਦਾ ਮੁੱਖ ਕਾਰਨ ਸੀ ਭਟਾਂ ਦੁਆਰਾ ਇਕ ਤੋਂ ਜ਼ਿਆਦਾ ਨਾਮ ਵਰਤਣੇ। ਪਰ ਹੁਣ ਉਪਰ ਲਿਖੇ 11 ਭੱਟਾ ਨੂੰ ਹੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸਵੱਈਆਂ ਦੇ ਰਚੈਤਾ ਮੰਨਿਆ ਜਾਂਦਾ ਹੈ। ਉਨ੍ਹਾਂ ਦੁਆਰਾ ਲਿਖੇ ਕੁਝ ਸਵੱਈਆਂ ਦਾ ਜ਼ਿਕਰ ਕਈ ਪ੍ਰਸ਼ਨਾਂ ਵਿਚ ਆ ਚੁੱਕਾ ਹੈ। ਸਭ ਤੋਂ ਜ਼ਿਆਦਾ ਸਵੱਈਏ ਗੁਰੁ ਰਾਮਦਾਸ ਜੀ ਲਈ ਲਿਖੇ ਗਏ (54 ਸਵੱਈਏ) ਕਿਉਂਕਿ ਭੱਟਾਂ ਦੇ ਸਵੱਈਆਂ ਦਾ ਮੁੱਖ ਵਿਸ਼ਾ ਸੀ ਸਾਰੇ ਗੁਰੂਆਂ ਵਿਚ ਇਕੋ ਜੋਤ ਦਾ ਸੁਭਾਇਮਾਨ ਹੋਣਾਂ, ਉਨ੍ਹਾਂ ਨੇ ਇਕ ਗੁਰੂ ਦੁਆਰਾ ਆਪਣੇ ਉਤਰਾਧਿਕਾਰੀ ਨੂੰ ਆਪਣੀ ਜੋਤ ਦੇਣ ਦਾ ਜ਼ਿਕਰ ਬਾਰ ਬਾਰ ਕੀਤਾ ਹੈ। ਮਿਸਾਲ ਦੇ ਤੌਰ ਤੇ ਜਦ ਭੱਟ ਕਲਐ ਗੁਰੂ ਰਾਮਦਾਸ ਜੀ ਦੀ ਗੱਲ ਕਰਦਾ ਹੈ ਤਾਂ ਉਹ ਲਿਖਦਾ ਹੈ ਕਿ
ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ।।
ਇਹੁ ਜਨਕ ਰਾਜੁ ਗੁਰੁ ਰਾਮਦਾਸ ਤੁਝ ਹੀ ਬਣਿ ਆਵੈ।। (ਅੰਗ 1398)
ਭਾਵ ਕਿ ਪਹਿਲੇ ਤਿੰਨੇ ਗੁਰੂ ਸਾਹਿਬਾਨ ਦੀ ਜੋਤ ਹੀ ਗੁਰ ਰਾਮਦਾਸ ਜੀ ਨੂੰ ਰਾਜ ਜੋਗ ਦਾ ਰਸ ਪ੍ਰਦਾਨ ਕਰਦੀ ਹੈ। ਕਿਸ ਤਰ੍ਰਾਂ ਗੁਰੂ ਅਮਰਦਾਸ ਜੀ ਨੇ 'ਰਾਜ ਜੋਗੁ ਤਖਤ' ਚੌਥੇ ਗੁਰੂ ਨੂੰ ਦਿੱਤਾ, ਇਸ ਦਾ ਜ਼ਿਕਰ ਕਈ ਵਾਰ ਆਇਆ ਹੈ। ਦਾਸ ਕਵੀ ਜਦ ਲਿਖਦੇ ਹਨ:-
ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰਉ।। (ਅੰਗ 1400)
ਉਸਦਾ ਭਾਵ ਹੈ ਕਿ ਸਮਰੱਥ ਗੁਰੂ (ਸ੍ਰੀ ਗੁਰੂ ਅਮਰਦਾਸ ਜੀ) ਨੇ ਸਿਰ ਪਰ ਹੱਥ ਰੱਖ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਅਬਿਨਾਸ਼ੀ ਪਦ ਉੱਤੇ ਵਾਹਿਗੁਰੂ ਰੂਪ ਕਰ ਦਿੱਤਾ ਹੈ। ਸਾਰੇ ਸਵੱਈਏ ਭੱਟਾਂ ਦਾ ਗੁਰੂ ਪ੍ਰਤੀ ਪ੍ਰੇਮ ਤੇ ਸ਼ਰਧਾ ਤੇ ਅਕਾਲ ਪੁਰਖ ਵਿਚ ਵਿਸ਼ਵਾਸ ਦੇ ਪ੍ਰਤੀਕ ਹਨ। ਕਿਉਂਕਿ ਗੁਰੂ ਤੋਂ ਬਿਨਾਂ ਪ੍ਰਮਾਤਮਾ ਨਹੀਂ ਮਿਲਦਾ। ਇਸ ਕਰਕੇ ਗੁਰੂ ਦੀ ਮਹਾਨਤਾ ਨੂੰ ਬਾਰ-ਬਾਰ ਦਰਸਾਇਆ ਹੈ। ਭੱਟ ਨਲਐ ਜੀ ਦੇ ਇਹ ਸ਼ਬਦ ਇਸ ਭਾਵ ਨੂੰ ਦ੍ਰਿੜ ਕਰਦੇ ਹਨ।
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ।।
ਗੁਰ ਬਿਨ ਸੁਰਤਿ ਨ ਸਿਧਿ ਗੁਰੂ ਬਿਨ ਮੁਕਤਿ ਨ ਪਾਵੈ।। (ਅੰਗ 1399)
ਸੋ ਭੱਟ ਗੁਰੂ ਨੂੰ ਬਾਰ-ਬਾਰ ਬੇਨਤੀ ਕਰਦੇ ਹਨ ਕਿ ਉਨ੍ਹਾਂ ਉਤੇ ਮਿਹਰ ਭਰੀ ਦ੍ਰਿਸ਼ਟੀ ਬਣੀ ਰਵੇ। ਦਾਸ ਭਾਟ ਕਹਿੰਦੇ ਹਨ ਕਿ ਜਿਵੇਂ ਭਗਤ ਪ੍ਰਹਿਲਾਦ ਤੇ ਦ੍ਰੋਪਤੀ ਦੀ ਲਾਜ ਰੱਖੀ, ਸੁਦਾਮੇ ਦੀ ਇੱਜ਼ਤ ਬਚਾਈ ਤੇ ਗਨਕਾ ਦੇ ਕਾਰਜ ਪੂਰੇ ਕੀਤੇ ਉਸ ਤਰ੍ਹਾਂ ਹੀ ਉਸ ਦੀ ਵੀ ਲਾਜ ਰਖੋ। ਗੁਰੁ ਰਾਮਦਾਸ 'ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ' ਭੱਟ ਕੀਰਤ ਇੰਝ ਅਰਦਾਸ ਕਰਦਾ ਹੈ।
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ।।
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ।।
ਇਕੁ ਉਤਮ ਪੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ।।
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।। (ਅੰਗ 1406)
ਸੰਖੇਪ ਵਿਚ ਭੱਟਾਂ ਦੇ ਸਵੱਈਏ ਗੁਰੂਆਂ ਪ੍ਰਤੀ ਪ੍ਰੇਮ ਤੇ ਸ਼ਰਧਾ ਦੇ ਸੁੰਦਰ ਨਮੂਨੇ ਹਨ। ਉਨ੍ਹਾਂ ਦਾ ਪਾਠ ਕਰਕੇ ਜਿੱਥੇ ਅਸੀਂ ਸਿਮਰਨ ਭਗਤੀ ਦੇ ਭਾਵ ਨੂੰ ਸਮਝਦੇ ਹਾਂ ਉਕੇ ਹੀ ਸਾਨੂੰ ਇਹ ਗੱਲ ਵੀ ਸਮਝ ਆ ਜਾਂਦੀ ਹੈ ਕਿ ਗੁਰੂ ਤੇ ਪ੍ਰਮਾਤਮਾ ਵਿਚ ਕੋਈ ਭੇਦ ਨਹੀਂ। |