• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(31) Question:- ਗੁਰੂ ਜੀ ਨਾਲ ਮੁਲਤਾਨ ਵਿਚ ਲੋਕ ਕਿਸ ਤਰ੍ਹਾਂ ਮਿਲੇ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਕੀ ਸੁਨੇਹਾ ਦਿੱਤਾ?
Answer:- ਕਿਹਾ ਜਾਂਦਾ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਮੁਲਤਾਨ ਨਗਰ ਵਿਚ ਗਏ ਤਾਂ ਉਥੋਂ ਦੇ ਪੀਰਾਂ ਫਕੀਰਾਂ ਨੇ ਗੁਰੂ ਜੀ ਨੂੰ ਦੁੱਧ ਦਾ ਭਰਿਆ ਕਟੋਰਾ ਦੇ ਕੇ ਇਹ ਸੰਕੇਤ ਦਿੱਤਾ ਕਿ ਉਥੇ ਬਹੁਤ ਪੀਰ ਫਕੀਰ ਹਨ ਤੇ ਹੋਰ ਕਿਸੇ ਦੀ ਗੁੰਜਾਇਸ਼ ਨਹੀਂ। ਗੁਰੂਜੀ ਨੇ ਦੁੱਧ ਉੱਤੇ ਚੰਬੇਲੀ ਦਾ ਇਕ ਫੁੱਲ ਟਿਕਾ ਦਿੱਤਾ, ਜਿਸ ਦਾ ਭਾਵ ਸੀ ਕਿ ਗੁਰੂ ਸਾਹਿਬ ਬਗੈਰ ਕਿਸੇ ਨੂੰ ਪਰੇਸ਼ਾਨ ਕੀਤੇ ਉਥੋਂ ਦੇ ਪੀਰਾਂ ਫਕੀਰਾਂ ਵਿਚ ਸ਼ਾਮਿਲ ਹੋ ਜਾਣਗੇ। ਇਸ ਘਟਨਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 44ਵੀਂ ਪਉੜੀ ਵਿਚ ਕੀਤਾ ਹੈ।
(32) Question:- ਗੁਰੂ ਜੀ ਦੇ ਆਪਣੀਆਂ ਯਾਤਰਾਵਾਂ ਬਾਅਦ ਬਿਤਾਏ ਹੋਏ ਸਮੇਂ ਦੀ ਜਾਣਕਾਰੀ ਦਿਓ।
Answer:- ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 15 ਸਾਲ ਗ੍ਰਹਿਸਤ ਜੀਵਨ ਵਿਚ ਕਰਤਾਰਪੁਰ ਵਿਚ ਆ ਕੇ ਬਿਤਾਏ। ਆਪ ਜੀ ਨੇ ਇਕੇ ਖੇਤੀਬਾੜੀ ਕਰਕੇ ਕਿਰਤ ਕੀਤੀ ਤੇ ਧਰਮਸਾਲ ਸਥਾਪਤ ਕਰਕੇ ਲੋਕਾਂ ਨੂੰ ਨਾਮ ਜਪਾਇਆ ਤੇ ਕੀਰਤਨ ਨਾਲ ਜੋੜਿਆ। ਆਪ ਜੀ ਦੀ ਖੇਤੀ ਵਿਚ ਜੋ ਅਨਾਜ ਪੈਦਾ ਹੁੰਦਾ ਸੀ, ਇਸ ਅਨਾਜ ਨੂੰ ਆਪ ਲੰਗਰ ਵਿਚ ਸੰਗਤਾਂ ਨਾਲ ਵੰਡ ਕੇ ਖਾਂਦੇ ਸਨ। ਆਪ ਜੀ ਨੇ ਇਸ ਸਮੇਂ ਦੌਰਾਨ ਬਾਣੀ ਦੀ ਰਚਨਾ ਵੀ ਕੀਤੀ। ਜਿਸ ਵਿਚ ਰਾਗੁ ਤੁਖਾਰੀ ਵਿਚ ਉਚਾਰਨ ਕੀਤੇ ਬਾਰਹ ਮਾਹ ਦੀ ਰਚਨਾ ਵਿਸ਼ੇਸ਼ ਪ੍ਰਸਿੱਧ ਹੈ।
(33) Question:- ਗੁਰੂ ਨਾਨਕ ਦੇਵ ਜੀ ਦੇ ਮੁੱਖ ਉਪਦੇਸ਼ ਕੀ ਸਨ?
Answer:- ਆਪ ਜੀ ਨੇ ਮਨੁੱਖੀ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਤੇ ਸਾਰੇ ਮਨੁੱਖਾਂ ਨੂੰ ਝੂਠੇ ਕਰਮ-ਕਾਂਡਾਂ ਤੇ ਵਹਿਮਾਂ-ਭਰਮਾਂ ਨੂੰ ਤਿਆਗ ਕੇ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜਨ ਲਈ ਕਿਹਾ। ਆਪ ਨੇ ਜਾਤ-ਪਾਤ ਤੇ ਮੂਰਤੀ ਪੂਜਨ ਦਾ ਖੰਡਨ ਕੀਤਾ। ਆਪ ਨੇ ਨੇਕ ਕਮਾਈ ਕਰਨ, ਵੰਡ ਛਕਣ, ਸ਼ੁਭ ਕਰਮ ਕਰਨ ਤੇ ਸੇਵਾਮਈ ਜੀਵਨ ਬਿਤਾਉਣ ਦਾ ਆਦੇਸ਼ ਦਿੱਤਾ। ਨਾਮ ਜਪਣ ਤੋਂ ਗੁਰੂ ਜੀ ਦਾ ਭਾਵ ਸੀ ਪਰਮਾਤਮਾ ਨਾਲ ਦਿਲੋਂ ਸਬੰਧ ਕਾਇਮ ਕਰਨਾ। ਸੱਚੇ ਦਿਲ ਨਾਲ ਮਨ ਨੂੰ ਇਕਾਗਰ ਕਰਕੇ ਉਸ ਦੇ ਨਾਮ ਦਾ ਜਾਪ ਹੀ ਨਾਮ ਜਪਣਾ ਹੈ। ਆਪ ਜੀ ਦਾ ਕਥਨ ਹੈ:-
ਭਰੀਐ ਮਤਿ ਪਾਪਾ ਕੈ ਸੰਗਿ।। ਉਹ ਧੋਪੈ ਨਾਵੈ ਕੈ ਰੰਗਿ।। (ਜਪੁਜੀ ਸਾਹਿਬ, ਪਉੜੀ 20)
''ਨਾਮ ਜਪਣ ਨਾਲ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਹਉਮੈ ਖਤਮ ਹੋ ਜਾਂਦੀ ਹੈ। ਨਾਮ ਜਪਣ ਵਾਲਾ ਇਨਸਾਨ ਵਾਹਿਗੁਰੂ ਦੇ ਭਾਣੇ ਵਿਚ ਰਹਿਣਾ ਸਿੱਖ ਜਾਂਦਾ ਹੈ। ਮਨੁੱੱਖ ਅੰਦਰ ਸ਼ਾਂਤੀ, ਧੀਰਜ ਵਰਗੇ ਗੁਣ ਆ ਜਾਂਦੇ ਹਨ। ਜਿਸ ਤਰ੍ਹਾਂ ਸਰੀਰ ਦੇ ਕਪੜੇ ਦੀ ਮੈਲ ਧੋਣ ਲਈ ਪਾਣੀ ਤੇ ਸਾਬਣ ਦੀ ਜ਼ਰੂਰਤ ਪੈਂਦੀ ਹੈ, ਉਸ ਤਰ੍ਹਾਂ ਹੀ ਮਨ ਦੀ ਮੈਲ ਨਾਮ ਨਾਲ ਧੋਤੀ ਜਾ ਸਕਦੀ ਹੈ।'' ਗੁਰੂ ਜੀ ਨੇ ਪ੍ਰਭੂ ਦੀ ਪ੍ਰਾਪਤੀ ਲਈ ਗੁਰੂ ਦੀ ਬਹੁਤ ਮਹੱਤਤਾ ਦੱਸੀ ਹੈ। ਗੁਰੂ ਦੀ ਮਿਹਰ ਬਿਨਾਂ ਪ੍ਰਭੂ ਨਹੀਂ ਮਿਲਦਾ। ਗੁਰੂ ਪ੍ਰਭੂ ਮਿਲਾਪ ਵਿਚ ਸਹਾਇਕ ਹੋ ਕੇ ਉਸ ਨੂੰ ਮੁਕਤੀ ਤਕ ਪਹੁੰਚਾਉਂਦਾ ਹੈ।
(34) Question:- ਗੁਰੂ ਨਾਨਕ ਦੇਵ ਜੀ ਦੀ ਪ੍ਰਮੁੱਖ ਰਚਨਾ ਜਪੁ ਜੀ ਦੀ ਮਹੱਤਤਾ ਬਾਰੇ ਜਾਣਕਾਰੀ ਦਿਓ। ਮੂਲ ਮੰਤਰ ਦੀ ਮਹੱਤਤਾ 'ਤੇ ਵੀ ਰੌਸ਼ਨੀ ਪਾਓ।
Answer:- ਜਪੁ ਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪ੍ਰਮੁੱਖ ਰਚਨਾ ਮੰਨੀ ਜਾਂਦੀ ਹੈ ਤੇ ਇਸ ਨੂੰ ਸਿੱਖ ਧਰਮ ਦੇ ਫਲਸਫੇ ਦਾ ਸਾਰ ਕਿਹਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕਰਨ ਵੇਲੇ ਇਸ ਬਾਣੀ ਨੂੰ ਸਭ ਤੋਂ ਪਹਿਲਾਂ ਅਸਥਾਨ ਦਿੱਤਾ। ਬਾਣੀ ਦੇ ਸ਼ੁਰੂ ਵਿਚ ਜੋ ਮੂਲ ਮੰਤਰ ਹੈ ਉਸ ਵਿਚ ਸਾਰੇ ਆਦਿ ਗ੍ਰੰਥ ਦੇ ਧੁਰੇ ਵਾਹਿਗੁਰੂ ਨੂੰ ਉਸ ਦੇ ਗੁਣਾਂ ਰਾਹੀਂ ਪ੍ਰਗਟਾਇਆ ਗਿਆ ਹੈ। ਮੂਲ ਮੰਤਰ ਤੋਂ ਭਾਵ ਹੈ ਸ਼ੁਰੂ ਦਾ ਉਪਦੇਸ਼, ਜਿਸ ਤੋਂ ਸਾਰੀ ਰਚਨਾ ਸ਼ੁਰੂ ਹੁੰਦੀ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੂਲ ਮੰਤਰ ਤੋਂ ਹੀ ਸ਼ੁਰੂ ਹੁੰਦੀ ਹੈ। ਇਹ ਮੂਲ ਮੰਤਰ ਜਪੁ ਜੀ ਸਾਹਿਬ ਦੀਆਂ ਸ਼ੁਰੂ ਦੀਆਂ ਸਤਰਾਂ ਵਿਚ ਦਰਜ ਹੈ। ਇਹ ੴ ਤੋਂ ਸ਼ੁਰੂ ਹੁੰਦਾ ਹੈ ਅਤੇ ਗੁਰਪ੍ਰਸਾਦਿ ਤੱਕ ਚੱਲਦਾ ਹੈ। ਇਹਨਾਂ ਸ਼ਬਦਾਂ ਵਿਚ ਪਰਮਾਤਮਾ ਦੀ ਉਸਤਤਿ ਤੇ ਗੁਣ ਬਿਆਨ ਕੀਤੇ ਗਏ ਹਨ। ਗੁਰੂ ਜੀ ਨੇ ਇਸ ਮੂਲ ਮੰਤਰ ਵਿਚ ਉਸ ਪ੍ਰਮਾਤਮਾ ਦੀ ਗੱਲ ਕੀਤੀ ਹੈ ਜੋ ਸੱਚ ਹੈ, ਜਿਸ ਦਾ ਨਾਮ ਸੱਚ ਹੈ, ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਜੋ ਨਿਰਭਉ ਭਾਵ ਜਿਸ ਨੂੰ ਕੋਈ ਵੀ ਕਿਸ ਤਰ੍ਹਾਂ ਦਾ ਜਾਂ ਕਿਸੀ ਤੋਂ ਵੀ ਭੈਅ ਨਹੀਂ, ਨਿਰਵੈਰ ਭਾਵ ਜਿਸ ਨੂੰ ਕਿਸੇ ਨਾਲ ਵੈਰ ਨਹੀਂ, ਜੋ ਅਕਾਲ ਭਾਵ ਜੋ ਕਾਲ ਤੋਂ ਰਹਿਤ ਹੈ, ਜੂਨਾਂ ਵਿਚ ਨਹੀਂ ਪੈਂਦਾ। ਸੈਭੰ-ਜੋ ਆਪਣੇ ਆਪ ਵਿਚ ਹੀ ਰੌਸ਼ਨ ਹੈ ਅਤੇ ਜਿਸ ਨੂੰ ਗੁਰੂ ਦੀ ਮਿਹਰ ਨਾਲ ਪਾਇਆ ਜਾ ਸਕਦਾ ਹੈ।
ਪ੍ਰਮਾਤਮਾ ਨੂੰ ਓਅੰਕਾਰ ਲਿਖ ਕੇ ਪ੍ਰਚੱਲਿਤ ਸ਼ਬਦ ਓਮਕਾਰ ਦਰਸਾਇਆ ਹੈ। ਪਰ ਪ੍ਰਚੱਲਿਤ ਸਰਗੁਣਵਾਦੀ ਪ੍ਰਵਿਰਤੀ ਨੂੰ ਨਕਾਰਣ ਲਈ ਆਰੰਭ ਵਿਚ ੧ (ਇਕ) ਅੰਕ ਲਗਾਇਆ ਗਿਆ ਹੈ ਤਾਂਕਿ ਉਸ ਨੂੰ ਸਭ ਦਾ ਸਾਂਝਾ ਸਿਰਫ ਇਕੋ ਹੀ ਤੇ ਅਦੁੱਤੀ ਦਰਸਾਇਆ ਜਾਵੇ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਕਈ ਬਾਣੀਆਂ ਜਿਵੇਂ ਕਿ 'ਥਿਤੀ, ਪੱਟੀ ਅਤੇ ਓਅੰਕਾਰ ਵਿਚ ਇਸ ਓਅੰਕਾਰ ਸ਼ਬਦ ਨੂੰ ਪ੍ਰਮਾਤਮਾ ਦੀ ਵਿਲੱਖਣਤਾ, ਸਰਬਵਿਆਪਕਤਾ ਤੇ ਸਿਰਜਣ ਦੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਹੈ, ਜਿਵੇਂ ਕਿ:-
ਓਅੰਕਾਰਿ ਬ੍ਰਹਮਾ ਉਤਪਤਿ।। ਓਅੰਕਾਰੁ ਕੀਆ ਜਿਨਿ ਚਿਤਿ।।
ਓਅੰਕਾਰਿ ਸੈਲ ਜੁਗ ਭਏ।। ਓਅੰਕਾਰਿ ਬੇਦ ਨਿਰਮਏ।। (ਅੰਗ 929)
ਮੂਲ ਮੰਤਰ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਮੰਗਲਾਚਰਨ ਵਜੋਂ ਕਈ ਜਗ੍ਹਾ 'ਤੇ ਵਰਤਿਆ ਗਿਆ ਹੈ।
ਮੂਲ ਮੰਤਰ ਦੀ ਮਹੱਤਤਾ ਇਸ ਗੱਲ ਤੋਂ ਸਾਬਤ ਹੋ ਜਾਂਦੀ ਹੈ ਕਿ (1) ਪੂਰਨ ਮੂਲ ਮੰਤਰ ਦੀ ਲਿਖਤ ਗੁਰੂ ਗ੍ਰੰਥ ਸਾਹਿਬ ਵਿਚ 33 ਵਾਰ ਆਉਂਦੀ ਹੈ। (2) ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ਦੇ ਸੰਖੇਪ ਰੂਪ ਵਿਚ ਮੂਲ ਮੰਤਰ ਦਾ ਜ਼ਿਕਰ 9 ਵਾਰ ਆਉਂਦਾ ਹੈ। ਇਸ ਤੋਂ ਵੀ ਸੰਖੇਪ ਰੂਪ ਭਾਵ (3) ੴ ਸਤਿਗੁਰ ਪ੍ਰਸਾਦਿ ਦਾ ਲਿਖਤ ਸਭ ਤੋਂ ਵੱਧ 524 ਵਾਰੀ ਹੋਇਆ ਮਿਲਦਾ ਹੈ ਅਤੇ ਚੌਥਾ ਰੂਪ ਸਤਿਨਾਮੁ ਗੁਰਪ੍ਰਸਾਦਿ ਸਿਰਫ 2 ਵਾਰ ਆਇਆ ਹੈ। (ਅੰਗ 81 'ਤੇ ਅਤੇ ਅੰਗ 554 'ਤੇ ਲਿਖਿਆ ਮਿਲਦਾ ਹੈ) ਕੁੱਲ 568 ਵਾਰ ਇਹ ਮੰਗਲਾਚਰਨ ਆਉਂਦਾ ਹੈ। ਵਿਦਵਾਨਾਂ ਨੇ ਮੂਲ ਮੰਤਰ ਦੀ ਤੁਲਨਾ ਹੋਰ ਧਰਮਾਂ ਦੇ ਇਹੋ ਜਿਹੇ ਮੰਤਰਾਂ ਨਾਲ ਕੀਤੀ ਹੈ ਜਿਵੇਂ ਕਿ ਹਿੰਦੂ ਧਰਮ ਦਾ ਗਾਇਤਰੀ ਮੰਤਰ, ਤੇ ਮੁਸਲਮਾਨਾਂ ਦਾ ਕਲਮਾ। ਇਸ ਤੁਲਨਾ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖਾਂ ਲਈ ਇਸ ਦਾ ਜਾਪ ਕਿਤਨਾ ਮਹੱਤਵ ਹੈ। ਪੁਰਾਤਨ ਜਨਮਸਾਖੀ ਵਿਚ ਗੁਰੂ ਨਾਨਕ ਦੇਵ ਜੀ ਇਸ ਬਾਰੇ ਕਹਿੰਦੇ ਦੱਸੇ ਗਏ ਹਨ ਕਿ ਸਿੱਖ ਇਸ ਦਾ ਪਾਠ ਕਰਕੇ ਭਵਸਾਗਰ ਤਰ ਸਕਦੇ ਹਨ। ਪੰਚਮ ਪਿਤਾ ਅਨੁਸਾਰ "ਜੋ ਇਹੁ ਮੰਤ੍ਰ ਕਮਾਵੈ ਨਾਨਕ ਸੋ ਭਉਜਲ ਪਾਰਿ ਉਤਾਰੀ।।" (ਅੰਗ 327)
ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ
ਸਤਿ ਨਾਮੁ ਕਰਤਾ ਪੁਰਖੁ ਮੂਲ ਮੰਤ੍ਰ ਸਿਮਰਣੁ ਪਰਵਾਣੈ।।
ਭਾਵ ਇਸ ਦਾ ਸਿਮਰਣ ਸਿੱਖ ਸਾਧਨਾ ਵਿਚ ਬਹੁਤ ਮਹੱਤਵਪੂਰਨ ਹੈ।
(35) Question:- ਜਪੁਜੀ ਸਾਹਿਬ ਦੀ ਬਾਣੀ ਦੀ ਬਣਤਰ ਤੇ ਸਾਰ ਤੇ ਰੌਸ਼ਨੀ ਪਾਉ।
Answer:- ਜਪੁਜੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਹੈ। ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੂਲ ਮੰਤਰ ਇਸ ਬਾਣੀ ਦਾ ਹਿੱਸਾ ਨਹੀਂ ਬਲਕਿ ਮੰਗਲਾਚਰਣ ਹੈ। ਜਪੁਜੀ ਸਾਹਿਬ ਦੀ ਬਾਣੀ ਜਿਸ ਦਾ ਨਾਂ 'ਜਪੁ' ਹੈ ਇਕ ਸਲੋਕ ਨਾਲ ਸ਼ੁਰੂ ਹੁੰਦੀ ਹੈ, 'ਜਪੁ' 'ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।' ਇਹ ਸਲੋਕ ਥੋੜ੍ਹੇ ਜਿਹੇ ਲਗਾਂ ਮਾਤਰਾਂ ਦੇ ਫਰਕ ਨਾਲ ਸੁਖਮਨੀ ਸਾਹਿਬ ਦੀ 17ਵੀਂ ਅਸਟਪਦੀ ਤੋਂ ਪਹਿਲੇ ਵੀ ਆਉਂਦਾ ਹੈ ਜਪੁਜੀ ਸਾਹਿਬ ਦੇ ਆਖਰ ਵਿਚ ਵੀ ਸਲੋਕ 'ਪਵਨ ਗੁਰੂ ਪਾਣੀ ਪਿਤਾ' ਆਉਂਦਾ ਹੈ। ਸੋ ਜਪੁਜੀ ਸਾਹਿਬ ਵਿਚ 2 ਸਲੋਕ ਹਨ ਤੇ 38 ਪਉੜੀਆਂ।
ਪਹਿਲੀ ਪਉੜੀ ਵਿਚ ਗੁਰੂ ਮਹਾਰਾਜ ਜੀ ਦਰਸਾਉਂਦੇ ਹਨ ਕਿ ਅਕਾਲ ਪੁਰਖ ਦੀ ਸੋਝੀ ਮੋਨ ਧਾਰਨ ਨਾਲ ਤੇ ਚਤੁਰਾਈਆਂ ਤੇ ਸਿਆਣਪ ਨਾਲ ਨਹੀਂ ਹੁੰਦੀ। ਉਸ ਦੀ ਸੋਝੀ ਹੁਕਮ ਤੇ ਰਜ਼ਾ ਮੰਨਣ ਨਾਲ ਹੀ ਹੁੰਦੀ ਹੈ। ਦੂਸਰੀ ਪਉੜੀ ਵਿਚ ਉਸ ਦੇ ਹੁਕਮ ਦੀ ਮਹਿਮਾ ਗਾਉਂਦੇ ਹੋਏ ਗੁਰੂ ਮਹਾਰਾਜ ਦੱਸਦੇ ਹਨ ਕਿ ਹਰ ਕੋਈ ਉਸ ਦੇ ਹੁਕਮ ਵਿਚ ਹੀ ਚੱਲ ਰਿਹਾ ਹੈ। ਤੀਸਰੀ ਤੇ ਚੌਥੀ ਪਉੜੀ ਵਿਚ ਉਸ ਦੇ ਜੱਸ ਨੂੰ ਗਾਉਣ ਦੇ ਕਈ ਤਰੀਕਿਆਂ ਦਾ ਵਰਨਣ ਹੈ। ਉਹ ਦਾਤਾ ਜਿਸ ਤੋਂ ਅਸੀਂ ਸਭ ਦਾਤਾਂ ਮੰਗਦੇ ਹਾਂ ਆਪਣੀ ਮਿਹਰ ਨਾਲ ਹੀ ਸਾਨੂੰ ਮੁਕਤ ਕਰ ਸਕਦਾ ਹੈ। ਪੰਜਵੀਂ ਪਉੜੀ ਵਿਚ ਵਾਹਿਗੁਰੂ ਦੇ ਗੁਣਾਂ ਦਾ ਬਿਆਨ ਕਰਦੇ ਹੋਏ ਅਗਲੀਆਂ ਦੋ ਪਉੜੀਆਂ ਵਿਚ ਇਹ ਦੱਸਿਆ ਹੈ ਕਿ ਉਹ ਸਾਰੇ ਜੀਵ ਜੰਤੂਆਂ ਦਾ ਮਾਲਕ ਹੈ ਤੇ ਉਸ ਨੂੰ ਵਿਸਾਰਨਾ ਨਹੀਂ ਚਾਹੀਦਾ। ਉਹ ਚਾਹੇ ਤਾਂ ਇਕ ਬੇਗੁਣੇ ਨੂੰ ਵਿਦਵਾਨ ਬਣਾ ਸਕਦਾ ਹੈ ਤੇ ਗੁਣਾਂ ਦੇ ਮਾਲਕ ਨੂੰ ਹੋਰ ਵੀ ਕਈ ਗੁਣ ਦੇ ਸਕਦਾ ਹੈ।
ਸੁਣਿਐ ਤੇ ਮੰਨੈ ਦੀਆਂ ਪਉੜੀਆਂ
ਪਉੜੀ 8 ਤੋਂ ਲੈ ਕੇ 11 ਤੱਕ ਉਸ ਦਾ ਨਾਮ ਸੁਨਣ ਦੇ ਗੁਣਾਂ ਨੂੰ ਬਿਆਨ ਕੀਤਾ ਗਿਆ ਹੈ ਤੇ ਪਉੜੀ 12 ਤੋਂ 15 ਤਕ ਉਹਨਾਂ ਦਾ ਬਿਆਨ ਹੈ ਜੋ ਉਸਦੇ ਹੁਕਮ ਨੂੰ ਮੰਨਦੇ ਹਨ ਤੇ ਮੰਨਣ ਕਰਕੇ ਹੀ ਪ੍ਰਾਪਤੀਆਂ ਹੁੰਦੀਆਂ ਹਨ। ਜਿਹੜੇ ਗੁਰਸਿੱਖ ਉਸ ਅਕਾਲ ਪੁਰਖ ਦਾ ਧਿਆਨ ਧਰਦੇ ਹਨ, ਉਨ੍ਹਾਂ ਦੀ ਵਡਿਆਈ ਤੇ ਇੱ॥ਤ ਹਰ ਜਗ੍ਹਾ 'ਤੇ ਹੁੰਦੀ ਹੈ। ਪਉੜੀ 16 ਵਿਚ ਐਸੇ ਹੀ ਵਿਚਾਰ ਹਨ ਜਿਸ ਰਾਹੀਂ ਗੁਰੂ ਜੀ ਐਸੇ ਗੁਰਸਿੱਖਾਂ ਨੂੰ ਹਰ ਜਗ੍ਹਾ ਪ੍ਰਧਾਨ ਤੇ ਮਾਨਯੋਗ ਮੰਨਦੇ ਹਨ।
ਅਸੰਖ ਦੀਆਂ ਪਉੜੀਆਂ
ਪਉੜੀ 17 ਤੋਂ 19 ਤੱਕ ਅਸੰਖ ਦੀਆਂ ਪਉੜੀਆਂ ਜਿਨ੍ਹਾਂ ਵਿਚ ਗੁਰੂ ਜੀ ਲੋਕਾਂ ਦੇ ਭਰਮਾਂ ਦਾ ਝੂਠੇ ਜਪਾਂ ਤਪਾਂ ਦਾ ਝੂਠ ਤੇ ਨਿੰਦਾ ਵਿਚ ਪਏ ਹੋਏ ਲੋਕਾਂ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਉਸ ਕੁਦਰਤ ਦਾ ਬਿਆਨ ਨਹੀਂ ਕਰ ਸਕਦਾ, ਮੈਂ ਤਾਂ ਉਸ ਤੋਂ ਇਕ ਵਾਰੀ ਵੀ ਵਾਰੇ ਜਾਣ ਜੋਗਾ ਨਹੀਂ ਹਾਂ ਤੇ ਉਸ ਮਾਲਕ ਅੱਗੇ ਜੋਦੜੀ ਕਰਦੇ ਹਏ ਕਹਿੰਦੇ ਹਨ ਕਿ ਜੋ ਤੈਨੂੰ ਭਾਵੇ ਉਹ ਹੀ ਚੰਗਾ ਹੈ, ਕਿਉਂਕਿ ਤੂੰ ਸਦਾ-ਸਦਾ ਅਮਰ ਰਹਿਣ ਵਾਲਾ ਹੈ ਤੇ ਕਿਸੇ ਵੀ ਅਕਾਰ ਤੋਂ ਰਹਿਤ ਹੈ।
20ਵੀਂ ਪਉੜੀ ਵਿਚ ਗੁਰੂ ਜੀ ਦੱਸਦੇ ਹਨ ਕਿ ਜੇ ਸਾਡੀ ਬੁੱਧੀ ਮੈਲੀ ਹੋ ਜਾਵੇ ਤਾਂ ਉਸ ਨੂੰ ਨਾਮ ਦੇ ਰੰਗ ਨਾਲ ਹੀ ਧੋਤਾ ਜਾ ਸਕਦਾ ਹੈ। ਸ੍ਰਿਸ਼ਟੀ ਦੀ ਰਚਨਾ ਕਿਸ ਵੇਲੇ ਹੋਈ। ਇਸ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ। ਜਿਸ ਦਾ ਜ਼ਿਕਰ ਕਰਦੇ ਹੋਏ 21ਵੀ ਪਉੜੀ ਵਿਚ ਗੁਰੂ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਖੁਦ ਹੀ ਜਾਣਦਾ ਹੈ ਕਿ ਉਸ ਨੇ ਸੰਸਾਰ ਨੂੰ ਕਿਵੇਂ ਰਚਿਆ ਹੈ। ਅਗਲੀ ਪਉੜੀ ਵਿਚ ਵਾਹਿਗੁਰੂ ਦੀ ਰਚਨਾ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ ਕਿ ਅਨੇਕਾਂ ਪਾਤਾਲ ਤੇ ਅਨੇਕਾਂ ਅਕਾਸ਼ ਜੋ ਉਸ ਦੇ ਰਚੇ ਹਨ, ਉਹਨਾਂ ਦਾ ਅੰਦਾਜ਼ਾ ਲਾਉਣਾ ਸਾਡੀ ਸਮਰੱਥਾ ਤੋਂ ਬਾਹਰ ਹੈ। ਪਉੜੀ 23 ਤੋਂ 24 ਵਿਚ ਉਹ ਇਸ ਗੱਲ ਨੂੰ ਸਾਫ ਕਰਦੇ ਹਨ ਕਿ ਅਕਾਲ ਪੁਰਖ ਦੀ ਵਡਿਆਈ ਦੀ ਕੋਈ ਹੱਦ ਨਹੀਂ ਤੇ ਉਸ ਦਾ ਅੰਤ ਕੋਈ ਨਹੀਂ ਪਾ ਸਕਦਾ। ਉਸ ਦੀਆਂ ਦਾਤਾਂ ਤੇ ਉਸ ਦੀ ਮਿਹਰ ਨਾਲ ਮੁਕਤੀ ਦੀ ਪ੍ਰਾਪਤੀ ਦਾ ਜ਼ਿਕਰ 25ਵੀਂ ਪਉੜੀ ਵਿਚ ਵੀ ਹੈ।
26ਵੀਂ ਪਉੜੀ ਵਿਚ ਆਪਣੇ ਵਿਚਾਰ ਨੂੰ ਅੱਗੇ ਲਿਜਾਂਦੇ ਹੋਏ ਆਪ ਫੁਰਮਾਉਂਦੇ ਹਨ ਕਿ ਵੇਦ ਤੇ ਕੁਰਾਨ ਵੀ ਉਸ ਦੀ ਮਹਿਮਾ ਗਾਉਂਦੇ ਹਨ। ਉਸ ਦੀ ਵਡਿਆਈ ਗਾਉਣ ਵਾਲਿਆਂ ਵਿਚ ਬ੍ਰਹਮਾ, ਇੰਦਰ, ਸ਼ਿਵਜੀ ਤੇ ਮਹਾਤਮਾ ਬੁੱਧ ਵਰਗੇ ਦੇਵ ਵੀ ਹਨ ਤੇ ਕਈ ਦੈਂਤ ਵੀ ਹਨ। ਪਰ ਉਸ ਦੀ ਵਡਿਆਈ ਬਿਆਨੀ ਨਹੀਂ ਜਾ ਸਕਦੀ। ਜੇ ਕੋਈ ਇਹ ਕਹੇ ਕਿ ਰੱਬ ਕਿੰਨਾ ਵੱਡਾ ਹੈ ਤੇ ਇਸ ਦਾ ਬਿਆਨ ਹੋ ਸਕਦਾ ਹੈ ਤਾਂ ਉਸ ਨੂੰ ਮੂਰਖਾਂ ਦਾ ਮੂਰਖ ਜਾਨਣਾ ਚਾਹੀਦਾ ਹੈ।
ਸੋਦਰ ਦੀ ਪਉੜੀ
27ਵੀਂ ਪਉੜੀ ਵਿਚ ਪਰਮਾਤਮਾ ਦੇ ਦਰ ਦਾ ਜ਼ਿਕਰ ਕਰਦੇ ਹੇਏ ਅਗਲੀਆਂ ਚਾਰ ਪਉੜੀਆਂ ਵਿਚ ਗੁਰ ਜੀ ਸਾਨੂੰ ਉਨ੍ਹਾਂ ਗੁਣਾਂ ਬਾਰੇ ਦੱਸਦੇ ਹਨ ਜਿਨ੍ਹਾਂ ਨਾਲ ਅਸੀਂ ਵਾਹਿਗੁਰੂ ਦੇ ਨੇੜੇ ਹੋ ਕੇ ਉਸ ਨੂੰ ਨਮਸਕਾਰ ਕਰ ਸਕਦੇ ਹਾਂ ਜੋ ਪਵਿੱਤਰ ਹੈ, ਮੁੱਖ ਤੋਂ ਹੈ ਤੇ ਸਦਾ ਇਕ ਰੱਬ ਰਹਿੰਦਾ ਹੈ। ਇਨ੍ਹਾਂ ਗੁਣਾਂ ਵਿਚ ਮਿਹਨਤ, ਇੱਜ਼ਤ ਦੀ ਕਮਾਈ, ਵਿਸ਼ੇ ਵਿਕਾਰਾਂ ਤੋਂ ਦੂਰੀ ਆਦਿ ਸ਼ਾਮਿਲ ਹਨ। ਗੁਰੂ ਜੀ ਕਹਿੰਦੇ ਹਨ ਕਿ ਮਨ ਨੂੰ ਜਿੱਤ ਕੇ ਹੀ ਸੰਸਾਰ 'ਤੇ ਫਤਹਿ ਪ੍ਰਾਪਤ ਹੋ ਸਕਦੀ ਹੈ। ਰਿੱਧੀਆਂ ਸਿੱਧੀਆਂ ਰੱਬ ਦੇ ਮਿਲਾਪ ਵੱਲ ਨਹੀਂ ਲਿਜਾਂਦੀਆਂ ਬਲਕਿ ਗਿਆਨ, ਦਇਆ ਤੇ ਸਿਦਕ ਉਸ ਦੇ ਨੇੜੇ ਲਿਜਾਂਦੇ ਹਨ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਵੀ ਉਸਦੇ ਹੁਕਮ ਅਨੁਸਾਰ ਹੀ ਚੱਲਦੇ ਹਨ।
31ਵੀਂ ਪਉੜੀ ਵਿਚ ਗੁਰੂ ਜੀ ਫੁਰਮਾਉਂਦੇ ਹਨ ਕਿ ਵਾਹਿਗੁਰੂ ਦੇ ਹੱਥ ਵਿਚ ਸਭ ਖਜ਼ਾਨੇ ਹਨ, ਉਹ ਹੀ ਸਭ ਨੂੰ ਸਿਰਜਦਾ ਹੈ ਤੇ ਉਹ ਹੀ ਸਭ ਨੂੰ ਪਾਲਦਾ ਹੈ। ਅਗਲੀ ਪਉੜੀ ਵਿਚ ਆਪ ਜੀ ਕਹਿੰਦੇ ਹਨ ਕਿ ਜੇ ਸਾਡੀਆਂ ਲੱਖਾਂ ਜੀਭਾਂ ਵੀ ਹੁੰਦੀਆਂ ਤਾਂ ਇਕ ਇਕ ਜੀਭ ਨਾਲ ਲੱਖ ਵਾਰੀ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ। 33ਵੀਂ ਪਉੜੀ ਅਨੁਸਾਰ ਸਾਡੇ ਵਿਚ ਆਪਣੀ ਕੋਈ ਵੀ ਤਾਕਤ ਨਹੀਂ। ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ ਤੇ ਦੇ ਤਾਂ ਅਸੀਂ ਕੁਝ ਕਰ ਸਕਦੇ ਹੀ ਨਹੀਂ। ਜੀਵਨ ਤੇ ਮੌਤ ਸਾਡੇ ਵੱਸ ਹੀ ਨਹੀਂ, ਅਸੀਂ ਆਪਣੀ ਤਾਕਤ ਨਾਲ ਚੰਗਾ ਤੇ ਮਾੜਾ ਕੁਝ ਨਹੀਂ ਕਰ ਸਕਦੇ। ਇਹ ਤਾਂ ਸਭ ਕੁਝ ਵਾਹਿਗੁਰੂ ਦੇ ਹੱਥ ਹੈ। ਆਪ ਜੀ ਅਗਲੀ ਪਉੜੀ ਵਿਚ ਫੁਰਮਾਉਂਦੇ ਹਨ ਕਿ ਧਰਤੀ, ਹਵਾ, ਪਾਣੀ ਸਭ ਕੁਝ ਉਸਨੇ ਸਾਜਿਆ ਹੈ।
ਜਪੁ ਜੀ ਦੇ ਪੰਜ ਖੰਡ
ਬਾਣੀ ਅਗਲੀਆਂ ਪਉੜੀਆਂ (34 ਤੋਂ 37) ਵਿਚ ਜਿਨ੍ਹਾਂ ਪੰਜ ਖੰਡਾਂ ਦਾ ਜ਼ਿਕਰ ਕੀਤਾ ਹੈ ਉਹ ਅਸਲ ਵਿਚ ਇਨਸਾਨ ਦੀ ਅਧਿਆਤਮਿਕ ਤਰੱਕੀ ਦੇ ਸੂਚਕ ਹਨ। ਪਹਿਲਾ 'ਧਰਮ ਖੰਡ' ਧਰਤੀ ਰੂਪੀ ਧਰਮਸਾਲ ਵਿਚ ਸਾਡੇ ਕਰਮ ਕਰਨ ਨਾਲ ਸੰਬੰਧਿਤ ਹੈ। ਇਸ ਧਰਤੀ ਤੇ ਜਿਥੇ ਅਨੇਕ ਰੂਪਾਂ, ਜਾਤਾਂ, ਪ੍ਰਕਾਰਾਂ ਦੇ ਜੀਵਾਂ ਦੀ ਸਿਰਜਨਾ ਹੋਈ ਹੈ ਸਾਡੀ ਕਰਮ ਭੂਮੀ ਹੈ, ਸਾਡੇ ਕਰਮਾਂ ਅਨੁਸਾਰ ਸਾਨੂੰ ਫਲ ਮਿਲਦੇ ਹਨ ਤੇ ਸਾਡੀ ਪ੍ਰਸਾਲਿਕਤਾ, ਸਾਡੇ ਕੱਚੇ ਜਾਂ ਪੱਕੇ, ਪਾਪ ਜਾਂ ਪੁੰਨੀ ਹੋਣ ਦੀ ਪਰਖ ਹੁੰਦੀ ਹੈ। ਦੂਸਰੇ ਖੰਡ ਵਿਚ ਗਿਆਨ ਦੀ ਪ੍ਰਧਾਨਤਾ ਹੈ ਕਰਮ ਕਰਨ ਦੇ ਨਾਲ ਸਾਡੇ ਗਿਆਨ ਵਿਚ ਵਾਧਾ ਹੁੰਦਾ ਹੈ। ਸਾਨੂੰ ਅਨੇਕ ਦੇਵੀਆਂ-ਦੇਵਤੇ, ਸਿੱਧਾਂ-ਨਾਥਾਂ, ਜੋਗੀਆਂ ਬਾਰੇ ਪਤਾ ਲੱਗਦਾ ਹੈ। ਇਹ ਖੰਡ ਬਹੁਤ ਵਿਸ਼ਾਲ ਹੈ। ਤੀਸਰਾ ਖੰਡ ਸਰਮ ਖੰਡ ਦਾ ਹੈ ਜਿਸ ਵਿਚ ਗਿਆਨ ਉਪਰੰਤ ਸਾਡੀ ਸੁਰਤਿ, ਮਤਿ, ਮਨ, ਬੁਧੀ ਦੀ ਸਥਿਤੀ ਸਪੱਸ਼ਟ ਹੁੰਦੀ ਹੈ। ਇਹ ਖੰਡ ਬਿਆਨ ਤੋਂ ਪਰ੍ਹੇ ਹੈ, ਭਾਵ ਇਸ ਅਵਸਥਾ ਨੂੰ ਬਿਆਨ ਕਰਨਾ ਕਠਿਨ ਹੈ।
ਚੌਥੀ ਅਧਿਆਤਮਿਕ ਅਵੱਸਥਾ ਕਰਮ ਖੰਡ ਦੀ ਹੈ ਭਾਵ ਪ੍ਰਮਾਤਮਾ ਦੀ ਕ੍ਰਿਪਾ ਦੀ। ਜੇਕਰ ਇਹ ਕ੍ਰਿਪਾ ਹੋ ਜਾਂਦੀ ਹੈ, ਤਾਂ ਸਾਡੀ ਸ਼ਕਤੀ ਵੱਧ ਜਾਂਦੀ ਹੈ। ਗੁਰੂ ਜੀ ਐਸੇ ਯੋਧਿਆਂ ਤੇ ਸੂਰਵੀਰਾਂ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਮਨ ਵਿਚ ਰਾਮ ਦਾ ਵਾਸਾ ਹੋਣ ਕਰਕੇ ਨਾ ਉਹ ਮਰਦੇ ਹਨ ਤੇ ਨਾ ਮਾਇਆ ਉਨ੍ਹਾਂ ਨੂੰ ਠੱਗ ਸਕਦੀ ਹੈ। ਅਨੇਕਾਂ ਐਸੇ ਭਗਤ ਇਥੇ ਅਨੰਦ ਵਿਚ ਮਗਨ ਰਹਿੰਦੇ ਹਨ। ਪੰਜਵੀਂ ਸਥਿਤੀ ਸੱਚਖੰਡ ਦੀ ਹੈ ਜਿਸ ਵਿਚ ਨਿਰੰਕਾਰ ਦਾ ਨਿਵਾਸ ਹੈ। ਇਸ ਖੰਡ ਵਿਚ ਉਸਦੇ ਹੁਕਮ ਨੂੰ ਪਾਲਦੇ ਹੋਏ ਅਨੇਕਾਂ ਖੰਡ ਮੰਡਲ ਬ੍ਰਹਿਮੰਡ ਅਤੇ ਉਸ ਵਿਚ ਵੱਸਦੇ ਸਾਧਕ ਹਨ। ਇਹ ਸਭ ਤੋਂ ਉਚੀ ਅਵੱਸਥਾ ਹੈ। ਇਥੇ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਪੰਜਾਂ ਖੰਡਾਂ ਦੀ ਇਹ ਯਾਤਰਾ ਅੰਦਰਵਰਤੀ ਹੈ, ਬਾਹਰਵਰਤੀ ਨਹੀਂ। ਇਹ ਆਤਮਿਕ ਵਿਕਾਸ ਦੀਆਂ ਪੰਜ ਅਵੱਸਥਾਵਾਂ ਹਨ।
ਆਖਿਰ ਵਿਚ ਗੁਰੂ ਜੀ ਨੇ ਸੁਨਿਆਰੇ ਦੀ ਭੱਠੀ ਦੇ ਰੂਪਕ ਰਾਹੀਂ ਸ਼ਬਦ ਦੀ ਟਕਸਾਲ ਦਾ ਚਿਤ੍ਰਣ ਕੀਤਾ ਹੈ ਤੇ ਸਾਨੂੰ ਆਪਣੀ ਜ਼ਿੰਦਗੀ, ਜਤ, ਧੀਰਜ ਤੇ ਗਿਆਨ ਨਾਲ ਬਿਤਾਉਣ ਦਾ ਉਪਦੇਸ਼ ਦਿੱਤਾ ਹੈ।
(36) Question:- ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਸਾ ਦੀ ਵਾਰ ਬਾਰੇ ਜਾਣਕਾਰੀ ਦਿਉ।
Answer:- ਆਸਾ ਦੀ ਵਾਰ
ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਇਹ ਵਾਰ 'ਟੁੰਡੇ ਅਸਰਾਜੇ ਕੀ ਧੁਨੀ' ਉਪਰ ਗਾਉਣ ਦਾ ਆਦੇਸ਼ ਹੈ। ਇਸ ਤੋਂ ਭਾਵ ਹੈ ਕਿ ਜਿਸ ਧੁਨ ਉੱਤੇ ਅਸਰਾਜੇ ਦੀ ਵਾਰ ਗਾਈ ਜਾਂਦੀ ਹੈ, ਉਸ ਧੁਨ ਉਤੇ ਹੀ ਗਾਉਣਾ ਹੈ। ਇਸ ਵਾਰ ਵਿਚ 24 ਪਉੜੀਆਂ ਹਨ ਤੇ 60 ਸਲੋਕ ਹਨ, ਜਿਨ੍ਹਾਂ ਵਿਚੋਂ 15 ਸਲੋਕ ਗੁਰੂ ਅੰਗਦ ਦੇਵ ਜੀ ਦੇ ਹਨ ਕਿਉਂਕਿ ਵਾਰ ਦੇ ਉਤੇ ਲਿਖਿਆ ਹੈ ਕਿ 'ਸਲੋਕ ਭੀ ਮਹਲੇ ਪਹਿਲੇ ਕੇ' ਹਨ, ਇਸ ਤੋਂ ਸਪੱਸ਼ਟ ਹੈ ਕਿ ਬਾਕੀ ਸਲੋਕਾਂ ਦਾ ਜੋੜਨਾ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਵੇਲੇ ਕੀਤਾ ਸੀ। 22ਵੀਂ ਪਉੜੀ ਨੂੰ ਛੱਡ ਕੇ ਸਾਰੀਆਂ ਪਉੜੀਆਂ ਪੰਜ-ਪੰਜ ਤੁਕਾਂ ਦੀਆਂ ਹਨ ਅਤੇ ਹਰ ਪਉੜੀ ਦੀ ਅੰਤਿਮ ਤੁਕ ਛੋਟੀ ਹੈ ਅਤੇ ਉਸ ਵਿਚ ਸਾਰੀ ਪਉੜੀ ਦਾ ਤੱਤ ਹੈ। 22ਵੀਂ ਪਉੜੀ ਵਿਚ ਛੇ ਤੁਕਾਂ ਹਨ। ਸਲੋਕਾਂ ਦੀਆਂ ਤੁਕਾਂ ਵਿਚ ਸਮਾਨਤਾ ਨਹੀਂ, ਦੋ ਤੋਂ ਉਨੀ ਤੱਕ ਤੁਕਾਂ ਮਿਲਦੀਆਂ ਹਨ।
ਗੁਰੂ ਰਾਮਦਾਸ ਜੀ ਦੇ ਛਕੇ ਛੰਤ
ਇਸ ਵਾਰ ਦੀਆਂ ਪਉੜੀਆਂ ਤੇ ਸਲੋਕਾਂ ਵਿਚ ਜਿਥੇ ਰਹੱਸਵਾਦੀ ਅਨੁਭਵ ਦਾ ਜ਼ਿਕਰ ਹੈ ਉਥੇ ਹੀ ਸਮਾਜਿਕ ਬੁਰਾਈਆਂ ਦਾ ਖੂਬਸੂਰਤ ਚਿਤ੍ਰਣ ਹੈ। ਜਦ ਇਹ ਵਾਰ ਗਾਈ ਜਾਂਦੀ ਹੈ ਤਾਂ ਪ੍ਰਥਾ ਅਨੁਸਾਰ ਗੁਰੂ ਰਾਮਦਾਸ ਜੀ ਦੇ 'ਛਕੇ ਛੰਤ' ਇਕ ਇਕ ਕਰਕੇ ਪੜ੍ਹੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੀ ਗਿਣਤੀ 6 ਹੈ (ਹਰ ਛਕੇ ਵਿਚ ਚਾਰ ਪਦੇ ਹਨ) ਕੁਲ ਪਦੇ 24 ਹਨ, ਤੋਂ ਹਰ ਪਉੜੀ ਬਾਅਦ ਇਹਨਾਂ ਛਕਿਆਂ ਦਾ ਪਦਾ ਪੜ੍ਹਿਆ ਜਾਂਦਾ ਹੈ। ਛਕਾ ਤੋਂ ਭਾਵ ਹੈ ਛੇ ਛੰਦਾਂ ਦਾ ਸਮੂਹ। ਰਾਗ ਆਸਾ ਵਿਚ ਗੁਰੂ ਰਾਮਦਾਸ ਜੀ ਦੇ ਲਿਖੇ ਛਕੇ ਛੰਤ ਇਸ ਵਾਰ ਨਾਲ ਪੜ੍ਹੇ ਜਾਣ ਕਰਕੇ ਬਹੁਤ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ ਹਨ, ਜਿਵੇਂ ਕਿ
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੇ ਤੇ ਜਨ ਸੁਘੜ ਸਿਆਣੇ ਰਾਮ ਰਾਜੇ।।
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ।।
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ।।
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ।। (ਅੰਗ 450)
ਇਨ੍ਹਾਂ ਸਾਰੇ ਛਕਿਆਂ ਵਿਚ ਗੁਰੂ ਤੇ ਪ੍ਰਮਾਤਮਾ ਨਾਲ ਪ੍ਰੇਮ ਮੁੱਖ ਵਿਸ਼ਾ ਹੈ।
ਆਸਾ ਦੀ ਵਾਰ ਵਿਚ ਉਪਦੇਸ਼
ਇਸ ਵਾਰ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਦੇ ਜੀਵਨ ਦੀਆਂ ਬੁਰਾਈਆਂ ਧਰਮ ਦੇ ਰਸਤੇ 'ਤੇ ਰੁਕਾਵਟਾਂ ਹਨ। ਗੁਰੂ ਜੀ ਦੱਸਦੇ ਹਨ ਕਿ ਕਿਵੇਂ ਅਸੀਂ ਇਨ੍ਹਾਂ ਨੂੰ ਦੂਰ ਕਰ ਸਕਦੇ ਹਾਂ। ਮਿਸਾਲ ਦੇ ਤੌਰ ਤੇ ਉਹ ਸਾਨੂੰ ਝੂਠ ਕਪਟ ਆਦਿ ਤੋਂ ਬਚਣ ਲਈ ਪ੍ਰੇਰਦੇ ਹਨ। ਆਪ ਜੀ ਫੁਰਮਾਣ ਕਰਦੇ ਹਨ ਕਿ ਜਿਵੇਂ ਸਿੰਬਲ ਦਾ ਰੁੱਖ ਲੰਬਾ ਤੇ ਵੱਡਾ ਹੁੰਦਾ ਹੈ ਪਰ ਕੋਈ ਵੀ ਫਲ ਨਹੀਂ ਦੇਂਦਾ ਤੇ ਉਸਦੇ ਫਲ ਵੀ ਫਿੱਕੇ ਤੇ ਨਿਕੰਮੇ ਹੁੰਦੇ ਹਨ। ਇਸ ਤਰ੍ਹਾਂ ਬਗੈਰ ਨਿਮਰਤਾ ਦੇ ਹੰਕਾਰ ਦਾ ਭਰਿਆ ਇਨਸਾਨ ਕਿਸੇ ਦੇ ਕੰਮ ਦਾ ਨਹੀਂ।
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ।। (ਅੰਗ 470)
ਔਰਤ ਦੀ ਮਹੱਤਤਾ ਦੀਆਂ ਬੇਮਿਸਾਲ ਸਤਰਾਂ ਵੀ ਇਸ ਵਾਰ ਵਿਚ ਹਨ, ਜੋ ਇਹ ਸਪੱਸ਼ਟ ਕਰਦੀਆਂ ਹਨ ਕਿ ਸਾਰਿਆਂ ਦੀ ਜਨਣੀ ਔਰਤ ਨੂੰ ਮੰਦਾ ਨਹੀਂ ਸਮਝਿਆ ਜਾ ਸਕਦਾ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। (ਅੰਗ 473)
ਗੁਰੂ ਅੰਗਦ ਦੇਵ ਜੀ ਦੇ ਸਲੋਕ ਜਿਥੇ ਸਿੱਖਿਆਦਾਇਕ ਹਨ ਉਥੇ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਪ੍ਰੇਮ ਦਾ ਸੁੰਦਰ ਪ੍ਰਗਟਾਅ ਹਨ, ਜਿਵੇਂ:-
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।। (ਅੰਗ 463)
(37) Question:- ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਆਪ ਦੀ ਅਲੱਗ-ਅਲੱਗ ਰਾਗਾਂ ਵਿਚ ਤੇ ਰਾਗ ਰਹਿਤ ਬਾਣੀ ਦਾ ਵੇਰਵਾ ਦਿਓ। ਉਹ ਕਿਹੜੇ ਰਾਗ ਹਨ ਜਿਨ੍ਹਾਂ ਵਿਚ ਆਪ ਦੀ ਕੋਈ ਰਚਨਾ ਨਹੀਂ।
Answer:- ਜਪੁ ਦੀ ਬਾਣੀ ਰਾਗ ਵਿਚ ਨਹੀਂ। ਆਪ ਦੀ ਰਾਗਾਂ ਵਿਚ ਆਈ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:-
ਸਿਰੀ ਰਾਗੁ 33 ਸ਼ਬਦ ਤੇ 17 ਅਸਟਪਦੀਆਂ
ਮਾਝ ਰਾਗੁ ਇਕ ਅਸਟਪਦੀ, ਇਕ ਵਾਰ ਤੇ 27 ਪਉੜੀਆਂ।
ਰਾਗੁ ਗਉੜੀ 10 ਸ਼ਬਦ, 18 ਅਸਟਪਦੀਆਂ, 2 ਛੰਦ।
ਆਸਾ 40 ਸ਼ਬਦ, 1 ਵਾਰ, 29 ਸਲੋਕ ਤੇ 24 ਪਉੜੀਆਂ,
22 ਅਸਟਪਦੀਆਂ, ਇਕ ਪੱਟੀ (35 ਪਉੜੀਆਂ)
ਗੂਜਰੀ 2 ਸ਼ਬਦ 5 ਅਸਟਪਦੀਆਂ।
ਵਡਹੰਸੁ 3 ਸ਼ਬਦ, 5 ਅਲਾਹਣੀਆਂ।
ਸੋਰਠਿ 12 ਸ਼ਬਦ, 4 ਅਸਟਪਦੀਆਂ
ਧਨਾਸਰੀ 9 ਸ਼ਬਦ, 2 ਅਸਟਪਦੀਆਂ, 3 ਛੰਦ
ਤਿਲੰਗ 5 ਸ਼ਬਦ, 2 ਅਸਟਪਦੀਆਂ
ਸੂਹੀ 9 ਸ਼ਬਦ, 5 ਅਸਟਪਦੀਆਂ, 1 ਕੁਚਜੀ, 1 ਸੁਚਜੀ, 5 ਛੰਤ
ਬਿਲਾਵਲੁ 4 ਸ਼ਬਦ, 2 ਅਸਟਪਦੀਆਂ, 2 ਛੰਤ।
ਰਾਮਕਲੀ 11 ਸ਼ਬਦ, 9 ਅਸਟਪਦੀਆਂ, ਦਖਣੀ ਓਅੰਕਾਰ, 54 ਪਉੜੀਆਂ,
ਸਿਧ ਗੋਸਟਿ, 13 ਪਉੜੀਆਂ
ਮਾਰੂ 12 ਸ਼ਬਦ, 9 ਅਸਟਪਦੀਆਂ, 3 ਕਾਫੀਆਂ, 22 ਸੋਲਹੇ।
ਤੁਖਾਰੀ ਬਾਰਹ ਮਾਹਾ, 16 ਪਉੜੀਆਂ, 5 ਸ਼ਬਦ।
ਭੈਰਉ 8 ਸ਼ਬਦ, 1 ਅਸਟਪਦੀ।
ਬਸੰਤ 11 ਸ਼ਬਦ, 8 ਅਸਟਪਦੀਆਂ।
ਸਾਰਗ 3 ਸ਼ਬਦ, 2 ਅਸਟਪਦੀਆਂ।
ਮਲਾਰ 9 ਸ਼ਬਦ, 1 ਵਾਰ (28 ਪਉੜੀਆਂ)
ਪ੍ਰਭਾਤੀ 17 ਸ਼ਬਦ, 7 ਅਸਟਪਦੀਆਂ, 4 ਸਲੋਕ ਸਹਸਕ੍ਰਿਤੀ।
ਸਲੋਕ ਵਾਰ ਤੇ ਵਧੀਕ 33 ਸਲੋਕ। ਹੇਠਾਂ ਲਿਖਤ ਰਾਗਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਕੋਈ ਵੀ ਰਚਨਾ ਨਹੀਂ ਹੈ:- ਦੇਵ ਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੋਂਡ, ਨਟ ਨਾਰਾਇਣ, ਮਾਲੀ ਗਉੜਾ, ਕੇਦਾਰਾ, ਕਾਨੜਾ, ਕਲਿਆਨ ਅਤੇ ਜੈਜਾਵੰਤੀ।
(38) Question:- ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਕੁਝ ਐਸੀਆਂ ਸਤਰਾਂ ਲਿਖੋ ਜੋ ਇਨਸਾਨ ਨੂੰ ਜੀਣ ਦਾ ਸਹੀ ਰਸਤਾ ਦੱਸਦੀਆਂ ਹੋਣ। ਕੀ ਗੁਰ ਜੀ ਨੂੰ ਸਮਾਜ ਸੁਧਾਰਕ ਕਿਹਾ ਜਾ ਸਕਦਾ ਹੈ?
Answer:- ਗੁਰੂ ਜੀ ਦੀ ਸਾਰੀ ਬਾਣੀ ਧਰਮ ਦਾ ਰਸਤਾ ਦੱਸਦੀ ਹੈ। ਜੀਵਨ ਦੀਆਂ ਕਦਰ ਕੀਮਤਾਂ ਜੋ ਸਾਡੀ ਆਤਮਾ ਨੂੰ ਪਰਮ ਆਤਮਾ ਨਾਲ ਮੇਲ ਕਰਨ ਵਿਚ ਸਹਾਈ ਹਨ, ਉਨ੍ਹਾਂ ਦੀ ਬਾਣੀ ਵਿਚ ਉਭਰ ਕੇ ਸਾਹਮਣੇ ਆਈਆਂ ਹਨ। ਮਿਸਾਲ ਦੇ ਤੌਰ 'ਤੇ ਸੇਵਾ ਦੀ ਮਹਾਨਤਾ ਆਪ ਇੰਝ ਬਿਆਨ ਕਰਦੇ ਹਨ :
ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।। (ਅੰਗ 26)
ਜੋ ਆਦਮੀ ਪੜ੍ਹ ਲਿਖ ਕੇ ਲਬ ਲੋਭ ਅਹੰਕਾਰ ਨਾ ਤਿਆਗੇ, ਉਸ ਬਾਰੇ ਆਪ ਕਹਿੰਦੇ ਹਨ:
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ।। (ਅੰਗ 140)
ਵਿਦਿਆ ਦੇ ਮੰਤਵ ਬਾਰੇ ਆਪ ਦੱਸਦੇ ਹਨ :
ਵਿਦਿਆ ਵੀਚਾਰੀ ਤਾਂ ਪਰਉਪਕਾਰੀ।। (ਅੰਗ 356)
ਨੇਕ ਕਿਰਤ ਕਮਾਈ ਕਰਨ ਦਾ ਸੁਨਹਿਰੀ ਅਸੂਲ ਆਪ ਜੀ ਇਸ ਤਰ੍ਹਾਂ ਪ੍ਰਗਟਾਉਂਦੇ ਹਨ:
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। (ਅੰਗ 1245)
ਪਰਾਇਆ ਹੱਕ ਮਾਰਨ ਦੇ ਵਿਰੁੱਧ ਆਪ ਜੀ ਦੋਵਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੰਝ ਤਾੜਨਾ ਕਰਦੇ ਹਨ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।। (ਅੰਗ 141)
ਇਸ ਤਰ੍ਹਾਂ ਗੁਰੂ ਜੀ ਦੀ ਸਾਰੀ ਬਾਣੀ ਇਕ ਅਧਿਆਤਮਕ ਜੀਵਨ ਜਿਊਣ ਦਾ ਸੁਨੇਹਾ ਦੇਂਦੀ ਹੈ। ਉਸ ਦਾ ਮਨ 'ਤੇ ਅਸਰ ਹੁੰਦਾ ਹੈ ਤੇ ਰੂਹ ਨੂੰ ਸ਼ਾਂਤੀ ਪ੍ਰਦਾਨ ਹੁੰਦੀ ਹੈ।
ਗੁਰੂ ਜੀ ਨੇ ਪ੍ਰਚੱਲਿਤ ਹਿੰਦੂ ਤੇ ਮੁਸਲਿਮ ਰੀਤਾਂ ਦਾ ਖੰਡਨ ਕਰਕੇ ਇਕ ਕ੍ਰਾਂਤੀਕਾਰੀ ਦੀ ਭੂਮਿਕਾ ਨਿਭਾਈ। ਆਪ ਨੇ ਜਾਤ-ਪਾਤ ਦਾ ਵਿਰੋਧ ਕੀਤਾ। ਉਸ ਵੇਲੇ ਐਸਾ ਵਿਰੋਧ ਕਰਨਾ ਇਕ ਕ੍ਰਾਂਤੀ ਦੇ ਤੁੱਲ ਹੀ ਸੀ। ਵਰਤ ਰੱਖਣਾ, ਯੋਗ, ਤੀਰਥ ਯਾਤਰਾ ਤੇ ਹੋਰ ਕਈ ਕਰਮ-ਕਾਂਡਾਂ ਦੀ ਵੀ ਆਲੋਚਨਾ ਕੀਤੀ। ਆਪ ਨੇ ਕਿਹਾ ਕਿ ਰੱਬ ਨੂੰ ਪਾਉਣ ਦਾ ਇਨ੍ਹਾਂ ਵਿਚੋਂ ਕੋਈ ਵੀ ਤਰੀਕਾ ਨਹੀਂ, ਬਲਕਿ ਨਾਮ ਜਪਣਾ ਹੀ ਪ੍ਰਭੂ ਪ੍ਰਾਪਤੀ ਦਾ ਇਕ ਮਾਤਰ ਢੰਗ ਹੈ। ਇਕ ਕ੍ਰਾਂਤੀਕਾਰੀ ਹੀ ਸਮੇਂ ਦੇ ਹਾਕਮ ਨੂੰ ਵੰਗਾਰ ਸਕਦਾ ਸੀ। ਬਾਬਰ ਦੇ ਜ਼ੁਲਮਾਂ ਵਿਰੁੱਧ ਆਵਾ॥ ਉਠਾ ਕੇ ਆਪ ਨੇ ਪਰਮਾਤਮਾ ਨਾਲ ਵੀ ਰੋਸ ਪ੍ਰਗਟਾਇਆ ਕਿ ਉਸਨੂੰ ਬੇਬਸ ਲੋਕਾਂ ਨੂੰ ਮਾਰ ਪੈਂਦੀ ਦੇਖ ਕੇ ਤਰਸ ਕਿਉਂ ਨਹੀਂ ਆਇਆ। ਔਰਤ ਦੀ ਸਮਾਜ ਵਿਚ ਭੈੜੀ ਹਾਲਤ ਦੇ ਵਿਰੁੱਧ ਆਵਾਜ਼ ਉਠਾ ਕੇ ਆਪ ਨੇ ਉਸ ਦਾ ਸਤਿਕਾਰ ਕਰਨ ਲਈ ਕਿਹਾ:-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। (ਅੰਗ 473)
ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਜੀ ਕ੍ਰਾਂਤੀਕਾਰੀ ਸੁਧਾਰਕ ਸਨ।
(39) Question:- ਗੁਰੂ ਜੀ ਦੀ ਬਾਣੀ ਦੀ ਕਾਵਿ-ਸ਼ੈਲੀ ਬਾਰੇ ਸੰਖੇਪ ਵਿਚ ਦੱਸੋ।
Answer:- ਗੁਰੂ ਜੀ ਦੀ ਬਾਣੀ ਦਾ ਵਿਸ਼ਾ ਵਸਤੂ ਬਹੁਤ ਵਿਸ਼ਾਲ ਹੈ। ਜਿੱਥੇ ਆਪ ਨੇ ਅਧਿਆਤਮਕ ਪੱਖ ਨੂੰ ਉਭਾਰਿਆ ਹੈ ਉਥੇ ਹੀ ਆਪ ਨੇ ਸਮਕਾਲੀ ਸਮੇਂ ਦੀ ਰਾਜਨੀਤਕ, ਆਰਥਿਕ ਤੇ ਸਮਾਜਿਕ ਹਾਲਤ ਨੂੰ ਬਿਆਨਿਆ ਹੈ। ਆਪਣੇ ਆਪ ਨੂੰ ਸ਼ਾਇਰ ਕਹਿਣ ਵਾਲੇ ਗੁਰੂ ਨਾਨਕ ਦੇਵ ਜੀ (ਦੇਖੋ ਪੱਟੀ ਦੀ ਅੰਤਲੀ ਪੰਗਤੀ) ਨਿਰਸੰਦੇਹ ਉਨ੍ਹਾਂ ਮਹਾਨ ਕਵੀਆਂ ਵਿਚੋਂ ਹਨ ਜਿਨ੍ਹਾਂ ਦੀ ਕਲਮ ਹਰ ਤਰ੍ਹਾਂ ਦੇ ਖਿਆਲ ਬੜੀ ਆਸਾਨੀ ਨਾਲ ਪ੍ਰਗਟਾਅ ਸਕਦੀ ਹੈ। ਆਪ ਜੀ ਵਲੋਂ ਵਰਤੇ ਗਏ ਕਾਵਿ ਬਿੰਬਾਂ ਤੇ ਅਲੰਕਾਰਾਂ ਦੀ ਵਰਤੋਂ ਇੰਨੀ ਸੁੰਦਰ ਹੈ ਕਿ ਗੂੜ੍ਹੇ ਰਹੱਸਮਈ ਤੇ ਅਧਿਆਤਮਕ ਵਿਚਾਰ ਵੀ ਸਹਿਜੇ ਹੀ ਸਮਝ ਆ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਹੇਠ ਲਿਖੀਆਂ ਸਤਰਾਂ ਵਿਚ:-
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ।।
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।। (ਅੰਗ 156)
ਸਮੁੰਦਰ ਦੀਆਂ, ਡੁੱਬਦੇ ਪੱਥਰਾਂ ਦੀਆਂ ਤੇ ਉਨ੍ਹਾਂ ਦੇ ਤਰ ਜਾਣ ਦੀਆਂ ਉਦਾਹਰਣਾਂ ਦੇ ਕੇ ਕਿੰਨਾ ਗੂੜ੍ਹਾ ਵਿਚਾਰ ਆਸਾਨ ਬਣਾ ਦਿੱਤਾ ਹੈ। ਜੀਵਨ ਦੇ ਅਲੱਗ-ਅਲੱਗ ਪੱਖਾਂ ਵਿਚੋਂ, ਕੁਦਰਤ ਵਿਚੋਂ ਤੇ ਆਮ ਜ਼ਿੰਦਗੀ ਵਿਚੋਂ ਆਪ ਨੇ ਕਈ ਕਾਵਿ-ਬਿੰਬ ਵਰਤੇ ਹਨ। ਇਨਸਾਨ ਨੂੰ ਇਸਤਰੀ ਰੂਪ ਤੇ ਪਰਮਾਤਮਾ ਨੂੰ ਪਤੀ ਰੂਪ ਵਿਚ ਪੇਸ਼ ਕਰ ਕੇ ਆਪ ਨੇ ਇਨਸਾਨ ਨੂੰ ਪ੍ਰਭੂ ਪ੍ਰਤੀ ਉਸਦੇ ਫਰਜ਼ ਤੇ ਪ੍ਰੇਮ ਤੋਂ ਜਾਣੂ ਕਰਵਾਇਆ ਹੈ। ਗੁਰੂ ਜੀ ਦਾ ਅਲੱਗ-ਅਲੱਗ ਛੰਦਾਂ ਦਾ ਇਸਤੇਮਾਲ ਤੇ ਉਨ੍ਹਾਂ ਵਿਚ ਰਿਦਮ ਦੀ ਵਿਲੱਖਤਾ ਉਨ੍ਹਾਂ ਦੀ ਕਾਵਿ-ਸ਼ੈਲੀ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਉਂਦਾ ਹੈ। ਸ਼ਬਦਾਂ ਦੀ ਸੁੰਦਰ ਚੋਣ ਤੇ ਅਨੁਪ੍ਰਾਸ ਦਾ ਗੁਣ ਇਕ ਮਨ ਨੂੰ ਮੋਹ ਲੈਣ ਵਾਲੀ ਸੰਗੀਤਕ ਲਹਿਰ ਪੈਦਾ ਕਰਦੇ ਹਨ, ਜਿਵੇਂ ਕਿ ਹੇਠ ਲਿਖੀਆਂ ਸਤਰਾਂ ਵਿਚ ਸ਼ਬਦਾਂ ਤੇ ਅੱਖਰਾਂ ਦਾ ਦੁਹਰਾਓ:-
ਜਾ ਤੂੰ ਵਡਾ ਸਭਿ ਵਡਿਆਈਆ ਚੰਗੈ ਚੰਗਾ ਹੋਈ।।
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ।। (ਅੰਗ 145)
ਭਾਵੇਂ ਗੁਰੂ ਜੀ ਨੇ ਆਪਣੀ ਬਾਣੀ ਵਿਚ ਫਾਰਸੀ ਅਤੇ ਸੰਸਕ੍ਰਿਤੀ ਭਾਸ਼ਾ ਵੀ ਵਰਤੀ ਹੈ, ਪਰ ਪੰਜਾਬੀ ਭਾਸ਼ਾ ਦਾ ਪਹਿਲੀ ਵਾਰ ਇੰਨਾ ਸੁੰਦਰ ਇਸਤੇਮਾਲ ਕਰਕੇ ਆਪ ਨੇ ਇਸ ਭਾਸ਼ਾ ਨੂੰ ਇਕ ਉਚ ਸਾਹਿਤਿਕ ਦਰਜਾ ਪ੍ਰਦਾਨ ਕੀਤਾ ਹੈ। ਜਪੁ ਜੀ ਵਰਗੀ ਡੂੰਘੀ ਦਾਰਸ਼ਨਿਕ ਬਾਣੀ ਨੂੰ ਕੇਂਦਰੀ ਪੰਜਾਬੀ ਵਿਚ ਲਿਖ ਕੇ ਆਪ ਨੇ ਇਸ ਭਾਸ਼ਾ ਨੂੰ ਅਮੀਰ ਤੇ ਸਮਰੱਥ ਕਰ ਦਿੱਤਾ। ਗੁਰੂ ਜੀ ਤੋਂ ਬਾਅਦ ਲਿਖੇ ਜਾਣ ਵਾਲੇ ਪੰਜਾਬੀ ਸਾਹਿਤ 'ਤੇ ਆਪ ਦੀ ਡੂੰਘੀ ਛਾਪ ਹੈ।
(40) Question:- ਗੁਰੂ ਜੀ ਦੇ ਸਭ ਤੋਂ ਨਜ਼ਦੀਕੀ ਸਾਥੀ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੱਸੇ ਜਾਂਦੇ ਹਨ, ਇਨ੍ਹਾਂ ਦੋਨਾਂ ਬਾਰੇ ਕੀ ਜਾਣਕਾਰੀ ਮਿਲਦੀ ਹੈ?
Answer:- ਭਾਈ ਬਾਲਾ ਤੇ ਮਰਦਾਨਾ ਦੇ ਨਾਮ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਹੋਏ ਹਨ। ਸਿੱਖ ਰਵਾਇਤਾਂ ਅਨੁਸਾਰ ਦੋਨੋਂ ਭਾਈ ਬਾਲਾ ਤੇ ਮਰਦਾਨਾ ਗੁਰੂ ਜੀ ਨਾਲ ਉਹਨਾਂ ਦੀਆਂ ਉਦਾਸੀਆਂ ਦੇ ਦੌਰਾਨ ਗਏ ਸਨ। ਭਾਵੇਂ ਸਾਨੂੰ ਬਾਲਾ ਜੀ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਪੁਰਾਣੀਆ ਫੋਟੋਆਂ ਤੇ ਬਣਾਈਆਂ ਹੋਈਆਂ ਤਸਵੀਰਾਂ ਤੋਂ ਭਾਈ ਬਾਲਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਹੋਣਾ ਸਾਬਤ ਹੁੰਦਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪ੍ਰਸਿੱਧੀ ਤੇ ਵਿਦਵਾਨਾਂ ਦੀ ਉਸ ਤੇ ਨਿਰਭਰਤਾ ਵੀ ਭਾਈ ਬਾਲੇ ਦੀ ਹੋਂਦ ਦੇ ਸਬੂਤ ਹਨ। ਜਿਥੋਂ ਤਕ ਭਾਈ ਮਰਦਾਨਾ ਜੀ ਦਾ ਸਵਾਲ ਹੈ ਉਹ ਜਨਮ ਸਾਖੀਆਂ ਵਿਚ ਉਭਰ ਕੇ ਆੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਹਨਾਂ ਦੇ ਨਾਂ 'ਤੇ 3 ਸ਼ਬਦ ਵੀ ਹਨ। ਕਿਹਾ ਜਾਂਦਾ ਹੈ ਕਿ ਆਪ ਜੀ ਦਾ ਜਨਮ ਵੀ ਰਾਏ ਭੋਇ ਦੀ ਤਲਵੰਡੀ ਵਿਚ ਹੀ ਗੁਰੂ ਨਾਨਕ ਜੀ ਦੇ ਜਨਮ ਤੋਂ 10 ਸਾਲ ਪਹਿਲਾਂ ਹੋਇਆ ਸੀ। ਕਿਉਂਕਿ ਆਪ ਜੀ ਦੇ ਪਹਿਲੇ 6 ਭੈਣ ਭਰਾ ਗੁਜ਼ਰ ਚੁੱਕੇ ਸਨ ਇਸ ਕਰਕੇ ਆਪ ਜੀ ਦੀ ਮਾਂ ਨੇ ਆਪ ਜੀ ਨੂੰ ਬਚਾਉਣ ਖਾਤਰ ਮਰ ਜਾਣਾ ਕਹਿਣਾ ਸ਼ੁਰੂ ਕਰ ਦਿੱਤਾ ਸੀ, ਪਰ ਜਦ ਉਸ ਪਰਿਵਾਰ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤਾਂ ਗੁਰੂ ਜੀ ਨੇ ਉਸ ਨੂੰ 'ਮਰ ਜਾਣਾ' ਦੀ ਥਾਂ 'ਮਰਦਾ-ਨਾ' ਦਾ ਨਾਮ ਦੇ ਦਿੱਤਾ। ਜਨਮ ਸਾਖੀਆਂ ਵਿਚ ਭਾਈ ਮਰਦਾਨਾ ਦੀ ਬੜੀ ਮਹੱਤਵਪੂਰਨ ਭੂਮਿਕਾ ਹੈ। ਗੁਰੂ ਜੀ ਨੇ ਜਦ ਵੀ ਕੋਈ ਗੱਲ ਸਮਝਾਉਣੀ ਹੁੰਦੀ ਤਾਂ ਭਾਈ ਮਰਦਾਨੇ ਨੂੰ ਹੀ ਇਸਦਾ ਜ਼ਰੀਆ ਬਣਾਇਆ ਜਾਂਦਾ। ਮਿਸਾਲ ਦੇ ਤੌਰ 'ਤੇ ਭਾਈ ਮਰਦਾਨਾ ਨੂੰ ਪਿਆਸ ਲੱਗੀ ਤਾਂ ਵਲੀ ਕੰਧਾਰੀ ਨੂੰ ਤਾਰਨ ਦਾ ਸਮਾਂ ਆਇਆ। ਭਾਈ ਮਰਦਾਨਾ ਜੀ ਦੀ ਇਕ ਹੋਰ ਗੱਲ ਜਿਸ ਨੇ ਉਹਨਾਂ ਨੂੰ ਅਮਰ ਕਰ ਦਿੱਤਾ ਉਹ ਹੈ ਉਹਨਾਂ ਦਾ ਗੁਰੂ ਜੀ ਲਈ ਕੀਰਤਨ ਕਰਨ ਵੇਲੇ ਰਬਾਬ ਵਜਾਉਣਾ। ਸਿੱਖ ਇਤਿਹਾਸ ਵਿਚ ਉਹ ਪਹਿਲੇ ਰਾਗੀ ਤੇ ਰਬਾਬੀ ਸਨ। ਪਾਕਿਸਤਾਨ ਵਿਚ ਅੱਜ ਵੀ ਉਹਨਾਂ ਦੀ ਪੀੜ੍ਹੀ ਵਿਚੋਂ ਲੋਕ ਗੁਰਬਾਣੀ ਦਾ ਕੀਰਤਨ ਕਰਦੇ ਹਨ।