• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(51) Question:- ਭੱਟ ਟਲ ਜੀ ਨੇ ਗੁਰੂ ਅੰਗਦ ਦੇਵ ਜੀ ਬਾਰੇ ਬੜੀਆਂ ਅਨਮੋਲ ਸਤਰਾਂ ਲਿਖੀਆਂ ਹਨ, ਉਨ੍ਹਾਂ ਦਾ ਜ਼ਿਕਰ ਕਰੋ।
Answer:- ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ।।
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ।। (ਅੰਗ 1392)
ਇਹ ਸਤਰਾਂ ਭੱਟ ਟਲ ਜੀ ਦੀਆਂ ਹਨ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1392 ਤੇ ਸਵੱਈਏ ਮਹੱਲੇ ਦੂਜੇ ਦੇ ਅੰਤਰਗਤ ਦਰਜ ਹਨ।
(52) Question:- ਗੁਰੂ ਅੰਗਦ ਦੇਵ ਜੀ ਦੇ ਉਤਰਾਧਿਕਾਰੀ ਦੇ ਜਨਮ, ਮਾਤਾ ਪਿਤਾ, ਵਿਆਹ ਤੇ ਸੰਤਾਨ ਬਾਰੇ ਜਾਣਕਾਰੀ ਦਿਉ। ਆਪ ਦੀ ਕਿਸ ਸੰਤਾਨ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ?
Answer:- ਗੁਰੂ ਅੰਗਦ ਦੇਵ ਜੀ ਦੇ ਉਤਰਾਧਿਕਾਰੀ ਗੁਰੂ ਅਮਰਦਾਸ ਜੀ ਸਨ, ਜਿਨ੍ਹਾਂ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ 10 ਜੇਠ (ਵੈਸਾਖ ਸੁਦੀ 14) ਸੰਮਤ 1536 (5 ਮਈ ਸੰਨ 1469) ਨੂੰ ਸ੍ਰੀ ਤੇਜ ਭਾਨ ਭੱਲੇ, ਖੱਤਰੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਹੋਇਆ। ਆਪ ਜੀ ਦਾ ਵਿਆਹ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ ਸੀ। ਆਪ ਦੇ ਦੋ ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਸਨ ਤੇ ਦੋ ਸਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਬਾ ਮੋਹਰੀ ਜੀ ਦੀ ਉਸਤਤਿ ਰਾਮਕਲੀ ਸਦ ਵਿਚ ਬਾਬਾ ਸੁੰਦਰ ਜੀ ਦੁਆਰਾ ਕੀਤੀ ਗਈ ਹੈ।
(53) Question:- ਉਹ ਕਿਹੜੀ ਘਟਨਾ ਹੋਈ ਜਿਸ ਨਾਲ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਤੋਂ ਬਹੁਤ ਪ੍ਰਭਾਵਤ ਹੋਏ?
Answer:- ਇਕ ਦਿਨ ਜਦ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਣ ਵਾਸਤੇ ਤੀਸਰੇ ਪਾਤਸ਼ਾਹ ਗਾਗਰ ਨੂੰ ਮੋਢੇ ਉਤੇ ਚੁੱਕ ਕੇ ਲਿਆ ਰਹੇ ਸਨ ਤਾਂ ਹਨੇਰੇ ਵਿਚ ਇਕ ਜੁਲਾਹੇ ਦੀ ਖੱਡੀ ਨਾਲ ਠੇਡਾ ਖਾ ਕੇ ਡਿੱਗ ਪਏ। ਜਦ ਉਹਨਾਂ ਦੀ ਤੇ ਗਾਗਰ ਦੀ ਥੱਲੇ ਡਿੱਗਣ ਦੀ ਆਵਾ॥ ਜੁਲਹੇ ਤੇ ਜੁਲਾਹੀ ਨੇ ਸੁਣੀ ਤਾਂ ਜੁਲਾਹੀ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਅਮਰੂ ਨਿਥਾਵਾਂ ਹੀ ਹੋਵੇਗਾ ਜੋ ਐਸ ਵੇਲੇ ਪਾਣੀ ਲੈ ਕੇ ਜਾ ਰਿਹਾ ਹੋਵੇਗਾ। ਗੁਰੂ ਅੰਗਦ ਦੇਵ ਜੀ ਨੂੰ ਜੁਲਾਹੀ ਦੇ ਇਹ ਸ਼ਬਦ ਕੁਝ ਚੰਗੇ ਨਾ ਲੱਗੇ ਤੇ ਉਹਨਾਂ ਨੇ ਬੜੇ ਪਿਆਰ ਨਾਲ ਇਹ ਬਚਨ ਕੀਤੇ ਕਿ ਸ੍ਰੀ ਅਮਰਦਾਸ ਜੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਥਾਵਿਆਂ ਦੇ ਥਾਂ, ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ ਅਤੇ ਪੀਰਾਂ ਦੇ ਪੀਰ ਸਮਰੱਥ ਪੁਰਸ਼ ਹਨ। ਇਸ ਉਪਰੰਤ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਉਤੇ ਖੁਸ਼ ਹੋ ਕੇ ਉਹਨਾਂ ਨੂੰ ਗੁਰ-ਗੱਦੀ ਬਖਸ਼ੀ।
(54) Question:- ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਕਦੋਂ ਤੇ ਕਿਸ ਤਰ੍ਹਾਂ ਗਏ?
Answer:- ਗੋਇੰਦਵਾਲ ਦਾ ਵਸਣਾ
ਇਕ ਵਾਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਪਾਸ ਇਕ ਮਰਵਾਹਾ ਖੱਤਰੀ ਜਿਸ ਦਾ ਨਾਮ ਗੌਂਦਾ ਸੀ। ਦਰਸ਼ਨਾਂ ਲਈ ਆਇਆ। ਉਸ ਨੇ ਬੇਨਤੀ ਕੀਤੀ ਕਿ ਬਿਆਸਾ ਦੇ ਕੰਢੇ 'ਤੇ ਜੋ ਉਸ ਦਾ ਪਿੰਡ ਹੈ ਉਥੇ ਲੋਕ ਭੂਤਾਂ ਪ੍ਰੇਤਾਂ ਦੇ ਡਰ ਕਰਕੇ ਨਹੀਂ ਵੱਸਦੇ, ਅਗਰ ਗੁਰੂ ਜੀ ਦਾ ਕੋਈ ਸਪੁੱਤਰ ਉਥੇ ਨਿਵਾਸ ਕਰ ਲਵੇ ਤਾਂ ਉਹ ਪਿੰਡ ਵੱਸ ਜਾਵੇਗਾ। ਇਹ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਦੋਵਾਂ ਪੁੱਤਰਾਂ ਦਾਸੂ ਜੀ ਤੇ ਦਾਤੂ ਜੀ ਨੂੰ ਕਿਹਾ ਕਿ ਉਨ੍ਹਾਂ ਵਿਚੋਂ ਇਕ ਜਾਂ ਉਹ ਦੋਵੇਂ ਗੋਂਦੇ ਦੇ ਨਾਲ ਉਸ ਦੇ ਪਿੰਡ ਚਲੇ ਜਾਣ, ਪਰ ਦੋਹਾਂ ਪੁੱਤਰਾਂ ਨੇ ਜਾਣ ਵਿਚ ਆਨਾ-ਕਾਨੀ ਕੀਤੀ। ਫਿਰ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਜੋ ਕਿ ਗੁਰੂ ਜੀ ਦੇ ਦੋਹਾਂ ਪੁੱਤਰਾਂ ਦੀ ਈਰਖਾ ਕਰਕੇ ਬਾਸਰਕੇ ਰਹਿ ਰਹੇ ਸਨ ਨੂੰ ਬੁਲਾ ਭੇਜਿਆ। ਸ੍ਰੀ ਅਮਰਦਾਸ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਗੋਂਦੇ ਦੇ ਪਿੰਡ ਵਿਚ ਰਹਿਣਾ ਸਵੀਕਾਰ ਕਰ ਲਿਆ। ਇਹ ਪਿੰਡ ਹੀ ਬਾਅਦ ਵਿਚ ਗੋਂਦੇ ਦੇ ਨਾਮ ਤੇ ਗੋਇੰਦਵਾਲ ਕਰਕੇ ਮਸ਼ਹੂਰ ਹੋਇਆ।
(55) Question:- ਗੋਇੰਦਵਾਲ ਤੇ ਖਡੂਰ ਸਾਹਿਬ ਦੇ ਵਿਚ ਇਕ ਪ੍ਰਸਿੱਧ ਅਸਥਾਨ ਦਮਦਮਾ ਸਾਹਿਬ ਸੁਭਾਇਮਾਨ ਹੈ। ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਵਰਨਣ ਕਰੋ।
Answer:- ਗੋਇੰਦਵਾਲ ਨਿਵਾਸ ਸਮੇਂ ਵੀ ਸ੍ਰੀ ਅਮਰਦਾਸ ਜੀ ਬਿਆਸਾ ਤੋਂ ਹੋਰ ਰੋਜ਼ ਪਾਣੀ ਦੀ ਗਾਗਰ ਲਿਆ ਕੇ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਇਆ ਕਰਦੇ ਸਨ। ਗੋਇੰਦਵਾਲ ਤੋਂ ਕੋਈ ਡੇਢ ਮੀਲ ਦੂਰ ਪਿੰਡ ਹੰਸਾਵਾਲਾ ਦੀ ਹੱਦ ਵਿਚ ਜਿੱਥੇ ਬੈਠ ਕੇ ਗੁਰੂ ਜੀ ਪਾਣੀ ਦੀ ਗਾਗਰ ਰੱਖ ਕੇ ਦਮ ਲੈਂਦੇ ਹੁੰਦੇ ਸਨ ਉਸ ਅਸਥਾਨ ਨੂੰ ਹੀ ਹੁਣ ਦਮਦਮਾ ਸਾਹਿਬ ਕਹਿੰਦੇ ਹਨ।
(56) Question:- ਗੁਰੂ ਅਮਰਦਾਸ ਜੀ ਆਪਣੀ ਨਿਰਮਾਣਤਾ ਕਰਕੇ ਜਾਣੇ ਜਾਂਦੇ ਹਨ। ਇਸ ਬਾਰੇ ਉਦਾਹਰਣ ਦਿਓ।
Answer:- ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲਣ ਤੋਂ ਬਾਅਦ ਸੰਗਤਾਂ ਦਰਸ਼ਨਾਂ ਲਈ ਦੂਰੋਂ-ਦੂਰੋਂ ਆਉਣ ਲੱਗ ਗਈਆਂ ਸਨ। ਇਕ ਦਿਨ ਗੁਰੂ ਅੰਗਦ ਦੇਵ ਜੀ ਦੇ ਛੋਟੇ ਸਪੁੱਤਰ ਦਾਤੂ ਜੀ ਉਥੇ ਆਏ ਤੇ ਗੁੱਸੇ ਵਿਚ ਭਰੇ ਹੋਏ ਸੰਗਤ ਵਿਚ ਬਿਰਾਜਮਾਨ ਬੈਠੇ ਗੁਰੂ ਅਮਰਦਾਸ ਜੀ ਦੀ ਪਿੱਠ ਵਿਚ ਲੱਤ ਮਾਰੀ। ਗੁਰੂ ਅਮਰਦਾਸ ਜੀ ਨੇ ਬਹੁਤ ਹੀ ਠਰ੍ਹੰਮੇ ਨਾਲ ਉਨ੍ਹਾਂ ਦਾ ਪੈਰ ਫੜ ਕੇ ਕਿਹਾ ਕਿ ਮੇਰੇ ਸੁੱਕੇ ਸਰੀਰ ਦੀਆਂ ਹੱਡੀਆਂ ਨਾਲ ਕਿਤੇ ਆਪ ਜੀ ਨੂੰ ਸੱਟ ਤਾਂ ਨਹੀਂ ਲੱਗੀ? ਇਹੋ ਜਿਹੀਆਂ ਘਟਨਾਵਾਂ ਆਪ ਦੀ ਨਿਰਮਾਣਤਾ ਦਾ ਪ੍ਰਮਾਣ ਹਨ।
(57) Question:- ਬਾਸਰਕੇ ਵਿਖੇ ਸਥਿਤ ਗੁਰਦੁਆਰਾ ਸੰਨ੍ਹ ਸਾਹਿਬ ਦੀ ਗੁਰੂ ਅਮਰਦਾਸ ਜੀ ਦੇ ਜੀਵਨ ਵਿਚ ਕੀ ਮਹੱਤਤਾ ਹੈ?
Answer:- ਇਕ ਵਾਰ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੀ ਈਰਖਾ ਕਰਕੇ ਗੋਇੰਦਵਾਲ ਤੋਂ ਆਪਣੇ ਪਿੰਡ ਬਾਸਰਕੇ ਆ ਗਏ ਤੇ ਇਕ ਇਕਾਂਤ ਕਮਰੇ ਵਿਚ ਆਪਣੇ ਆਪ ਨੂੰ ਬੰਦ ਕਰ ਲਿਆ। ਕਮਰੇ ਦੇ ਦਰਵਾਜ਼ੇ 'ਤੇ ਬਾਹਰ ਲਿਖ ਦਿੱਤਾ ਕਿ ਜੋ ਵੀ ਕੋਈ ਦਰਵਾਜ਼ੇ ਨੂੰ ਖੋਲ੍ਹੇਗਾ 'ਨਾ ਉਹ ਮੇਰਾ ਸਿੱਖ ਹੋਵੇਗਾ ਅਤੇ ਨਾ ਮੈਂ ਉਸਦਾ ਗੁਰੂ'। ਜਦ ਸੰਗਤਾਂ ਗੁਰੂ ਜੀ ਦੇ ਦਰਸ਼ਨਾ ਲਈ ਬਿਹਬਲ ਹੋ ਗਈਆਂ ਤਾਂ ਬਾਬਾ ਬੁੱਖਾ ਜੀ ਲੇ ਦਰਵਾਜ਼ਾ ਖੋਲ੍ਹਣ ਤੋਂ ਬਿਨਾਂ ਕਮਰੇ ਦੇ ਪਿਛਲੇ ਪਾਸੇ ਸੰਨ੍ਹ ਲਗਾ ਕੇ ਸੰਗਤਾਂ ਨੂੰ ਗੁਰੂ ਜੀ ਤਕ ਪਹੁੰਚਾਇਆ। ਗੁਰਦੁਆਰਾ ਸੰਨ੍ਹ ਸਾਹਿਬ ਇਸ ਘਟਨਾ ਦੀ ਯਾਦਗਾਰ ਹੈ। ਇਸ ਘਟਨਾ ਤੋਂ ਬਾਅਦ ਸੰਗਤ ਗੁਰੂ ਜੀ ਨੂੰ ਫੇਰ ਗੋਇੰਦਵਾਲ ਸਾਹਿਬ ਲੈ ਆਈ ਸੀ।
(58) Question:- ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕਦਮ ਉਠਾਏ। ਆਪ ਦੇ ਸਮਾਜ ਸੁਧਾਰ ਬਾਰੇ ਕੀਤੇ ਕੰਮਾਂ 'ਤੇ ਵੀ ਰੌਸ਼ਨੀ ਪਾਓ।
Answer:- ਗੋਇੰਦਵਾਲ ਸਾਹਿਬ ਦੀ ਬਾਉਲੀ ਸਾਹਿਬ - ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਤ ਕਰਕੇ ਧਰਮ ਪ੍ਰਚਾਰ ਲਈ ਪ੍ਰਚਾਰਕ ਨਿਯੁਕਤ ਕੀਤੇ। ਇਸ ਤਰ੍ਹਾਂ ਸਿੱਖੀ ਪ੍ਰਚਾਰ ਦੇ 22 ਕੇਂਦਰ ਹੋਂਦ ਵਿਚ ਆਏ। ਗੁਰੂ ਜੀ ਨੇ ਕਈ ਥਾਂਵਾਂ 'ਤੇ ਧਰਮਸ਼ਾਲਾ ਬਣਵਾਈਆਂ, ਜਿਸ ਨਾਲ ਪ੍ਰਚਾਰ ਵਿਚ ਵਾਧਾ ਹੋਇਆ। ਆਪ ਨੇ ਗੋਇੰਦਵਾਲ ਸਾਹਿਬ ਵਿਖੇ ਇਕ ਬਾਉਲੀ ਦੀ ਰਚਨਾ ਕਰਕੇ ਸਿੱਖਾਂ ਨੂੰ ਇਕ ਤੀਰਥ ਅਸਥਾਨ ਦੇ ਦਿੱਤਾ। ਇਸ ਬਾਉਲੀ ਵਿਚ 84 ਪੌੜੀਆਂ ਬਣਾਈਆਂ ਗਈਆਂ, ਜਿਹੜੀਆਂ ਕਿ ਜਨਮ-ਮਰਨ ਦੇ 84 ਲੱਖ ਜੂਨਾਂ ਨੂੰ ਦਰਸਾਉਂਦੀਆਂ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਜੀ ਦੇ ਵਰ ਅਨੁਸਾਰ ਜਿਹੜਾ ਪ੍ਰਾਣੀ ਇਹਨਾਂ 84 ਪੌੜੀਆਂ ਉਤੇ ਬਾਉਲੀ ਵਿਚ ਇਸ਼ਨਾਨ ਕਰਕੇ ਜਪੁਜੀ ਸਾਹਿਬ ਦੇ 84 ਪਾਠ ਕਰੇਗਾ, ਉਹ 84 ਦੇ ਗੇੜ ਵਿਚੋਂ ਨਿਕਲ ਜਾਵੇਗਾ।
ਗੁਰੂ ਜੀ ਨੇ ਕੁਝ ਇਲਾਕਿਆਂ ਜਿਵੇਂ ਕਿ ਪਿਹੋਵਾ, ਕੁਰਕੁਸ਼ੇਤਰ, ਹਰਿਦੁਆਰ ਆਦਿ ਦੀ ਪ੍ਰਚਾਰ ਹਿੱਤ ਯਾਤਰਾ ਵੀ ਕੀਤੀ। ਅੰਮ੍ਰਿਤਸਰ ਦੀ ਨੀਂਹ ਵੀ ਗੁਰੂ ਰਾਮਦਾਸ ਜੀ ਦੁਆਰਾ ਆਪ ਦੇ ਵੇਲੇ ਹੀ ਰਖਵਾਈ ਗਈ ਸੀ। ਆਪ ਨੇ ਗੁਰੂ ਨਾਨਕ ਦੇਵ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਅਤੇ ਕੁਝ ਭਗਤਾਂ ਦੀ ਬਾਣੀ ਵੀ ਇਕੱਤਰ ਕਰਵਾਈ ਤੇ ਆਪਣੇ ਪੋਤਰੇ ਬਾਬਾ ਮੋਹਨ ਜੀ ਦੇ ਪੁੱਤਰ ਬਾਬਾ ਸਹਸ ਰਾਮ ਜੀ ਦੇ ਪਾਸੋਂ ਦੋ ਪੋਥੀਆਂ ਵਿਚ ਲਿਖਵਾਈ। ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਪੋਥੀਆਂ ਬਾਬਾ ਮੋਹਨ ਜੀ ਪਾਸੋਂ ਲੈ ਕੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਦਰਜ ਕੀਤਾ। ਗੁਰੂ ਜੀ ਨੇ ਆਪ ਵੀ ਕਾਫੀ ਬਾਣੀ ਰਚੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ।
ਗੁਰੂ ਅਮਰਦਾਸ ਜੀ ਨੇ ਗੁਰਬਾਣੀ ਵਿਚ ਕਈ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈ। ਆਪ ਜੀ ਨੇ ਸਤੀ ਦੀ ਰਸਮ ਦਾ ਕੱਟੜ ਵਿਰੋਧ ਕੀਤਾ, ਵਿਧਵਾ ਵਿਆਹ ਦੀ ਪ੍ਰੋੜ੍ਹਤਾ ਕੀਤੀ ਤੇ ਪਰਦੇ ਵਰਗੀ ਰਸਮ ਦਾ ਖੰਡਨ ਕੀਤਾ। ਆਪ ਨੇ ਨਸ਼ਿਆਂ ਦੇ ਸੇਵਨ ਦੇ ਵਿਰੁੱਧ ਵੀ ਬਹੁਤ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ।
(59) Question:- ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਉਂ ਕਿਹਾ ਜਾਂਦਾ ਹੈ?
Answer:- ਗੋਇੰਦਵਾਲ ਸਹਿਬ ਨੂੰ ਸਿੱਖੀ ਦਾ ਧੁਰਾ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਸਿੱਖ ਧਰਮ ਦਾ ਪਹਿਲਾ ਧਾਰਮਿਕ ਕੇਂਦਰ ਬਣਿਆ। ਇਸ ਤੋਂ ਪਹਿਲਾਂ ਲੋਕ ਇਸ਼ਨਾਨ ਲਈ ਤੀਰਥਾਂ 'ਤੇ ਜਾਇਆ ਕਰਦੇ ਸਨ ਪਰ ਗੋਇੰਦਵਾਲ ਸਾਹਿਬ ਵਿਚ ਬਾਉਲੀ ਬਣਨ ਤੋਂ ਬਾਅਦ ਇਸ ਅਸਥਾਨ 'ਤੇ ਐਸਾ ਤੀਰਥ ਬਣ ਗਿਆ ਜਿੱਥੇ ਆਉਣ ਵਾਲੇ ਪ੍ਰੇਮੀਆਂ ਲਈ ਇਸ਼ਨਾਨ ਦੀ, ਲੰਗਰ ਦੀ ਤੇ ਸਤਿਸੰਗ ਦੀ ਲੋੜ ਪੂਰੀ ਹੋਣ ਲੱਗੀ।
(60) Question:- ਗੁਰੂ ਅਮਰਦਾਸ ਜੀ ਦੀ ਬਾਣੀ ਬਾਰੇ ਜਾਣਕਾਰੀ ਦਿਓ। ਉਨ੍ਹਾਂ ਦੀ ਬਾਣੀ ਵਿਚੋਂ ਕੁਝ ਪੰਕਤੀਆਂ ਦਸੋ ਜੋ ਸਚਿਆਰਾ ਜੀਵਨ ਜੀਣ ਲਈ ਮਾਰਗ ਦਰਸ਼ਨ ਕਰਦੀਆਂ ਹਨ। ਉਨ੍ਹਾਂ ਦੀ ਬਾਣੀ ਅਨੰਦੁ ਸਾਹਿਬ ਬਾਰੇ ਵੀ ਰੌਸ਼ਨੀ ਪਾਉ।
Answer:- ਅਨੰਦ ਸਾਹਿਬ
ਗੁਰੂ ਅਮਰਦਾਸ ਜੀ ਦੀ ਬਾਣੀ 907 ਸ਼ਬਦਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਆਪ ਜੀ ਨੇ ਇਹ ਬਾਣੀ ਲਿਖਣ ਦੇ ਲਈ 18 ਰਾਗਾਂ ਦੀ ਵਰਤੋਂ ਕੀਤੀ। ਜਿੱਥੇ ਗੁਰੂ ਜੀ ਦੀ ਬਾਣੀ ਵਿਚ ਪ੍ਰਭੂ-ਪ੍ਰੇਮ ਵਰਗੇ ਡੂੰਘੇ ਵਿਸ਼ੇ ਤੇ ਵਿਚਾਰਾਂ ਹਨ ਉਥੇ ਹੀ ਜੀਵਨ ਦੇ ਕਈ ਪੱਖਾਂ ਬਾਰੇ ਬੜੇ ਵੱਡਮੁਲੇ ਵਿਚਾਰ ਵੇਖਣ ਨੂੰ ਮਿਲਦੇ ਹਨ। ਗੁਰੂ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਅਨੰਦ ਸਾਹਿਬ, ਜੋ ਕਿ 40 ਪੌੜੀਆਂ ਵਿਚ ਲਿਖੀ ਗਈ ਹੈ, ਚੜ੍ਹਦੀ ਕਲਾ ਤੇ ਅਗੰਮੀ ਖੇੜੇ ਦੀ ਅਵੱਸਥਾ ਦਾ ਬੇਨਜ਼ੀਰ ਵਰਨਣ ਹੈ। ਗੁਰੂ ਸਾਹਿਬ ਨੇ ਪ੍ਰਮਾਤਮਾ ਦੇ ਮੇਲ ਵਿਚ ਹੀ ਸੱਚਾ ਅਨੰਦ ਦੱਸਿਆ ਹੈ। ਉਨ੍ਹਾਂ ਅਨੰਦ ਪ੍ਰਾਪਤ ਕਰਨ ਲਈ ਮਨ ਨੂੰ ਸਾਵਧਾਨ ਕੀਤਾ ਹੈ ਤਾਂ ਕਿ ਸਾਡੇ ਵਿਚ ਉਹ ਗੁਣ ਪੈਦਾ ਹੋ ਸਕਣ ਜੋ ਸਾਨੂੰ ਇਸ ਅਨੰਦ ਦੀ ਪ੍ਰਾਪਤੀ ਲਈ ਸਮਰੱਥ ਕਰਨ। ਇਸ ਲਈ ਪ੍ਰਮਾਤਮਾ ਦੀ ਬਖਸ਼ਿਸ਼ ਦੀ ਲੋੜ ਹੈ। ਸਰੀਰ ਦੇ ਅਲੱਗ ਅਲੱਗ ਅੰਗਾਂ ਨੂੰ ਵਾਸ਼ਨਾਵਾਂ ਤੋਂ ਦੂਰ ਕਰਕੇ ਉਸ ਬਖਸ਼ਿਸ਼ ਨੂੰ ਪ੍ਰਾਪਤ ਕਰਨ ਲਈ ਬੇਨਤੀ ਕਰਨ 'ਤੇ ਜ਼ੋਰ ਦਿੱਤਾ ਹੈ ਤੇ ਸੱਚੀ ਬਾਣੀ ਗਾਉਣ ਲਈ ਪ੍ਰੇਰਣਾ ਕੀਤੀ ਹੈ। ਗੁਰੂ ਜੀ ਦੀ ਹੋਰ ਬਾਣੀ ਵੀ ਮਨ ਵਿਚ ਉਤਸ਼ਾਹ ਤੇ ਉਮੰਗ ਪੈਦਾ ਕਰਦੀ ਹੈ, ਜਿਵੇਂ ਹੇਠ ਲਿਖੀਆਂ ਸਤਰਾਂ ਅਨੁਸਾਰ:-
ਗੁਰਮੁਖਿ ਬੁਢੇ ਕਦੇ ਨਾਹੀ ਜਿਨਾ ਅੰਤਰਿ ਸੁਰਤਿ ਗਿਆਨੁ।।
ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ।। (ਅੰਗ 1418)
ਹੇਠਾਂ ਐਸੀਆਂ ਕੁਝ ਹੋਰ ਸਤਰਾਂ ਦਿੱਤੀਆਂ ਜਾ ਰਹੀਆਂ ਹਨ ਜੋ ਜੀਵਨ ਦੀ ਸੱਚਾਈ ਨੂੰ ਪ੍ਰਗਟਾਉਣ ਦੇ ਨਾਲ-ਨਾਲ ਸਚਿਆਰਾ ਜੀਵਨ ਜਿਊਣ ਲਈ ਮਾਰਗ ਦਰਸ਼ਨ ਵੀ ਕਰਦੀਆਂ ਹਨ:-
(1) ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ।। (ਅੰਗ 1089)
(2) ਹਉਮੈ ਨਾਵੈ ਨਾਲਿ ਵਿਰੋਧੁ ਹੈ....... (ਅੰਗ 560)
(3) ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ।। (ਅੰਗ 27)
(4) ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖ ਹੋਇ।। (ਅੰਗ 1249)
(5) ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।।(ਅੰਗ 441)
(6) ਮਾਇਆਧਾਰੀ ਅਤਿ ਅੰਨਾ ਬੋਲਾ।। ਸਬਦੁ ਨ ਸੁਣਈ ਬਹੁ ਰੋਲ ਘਚੋਲਾ।। (ਅੰਗ 313)
(7) ਗੁਰਬਾਣੀ ਇਸੁ ਜਗ ਮਹਿ ਚਾਨਣੁ...... (ਅੰਗ 67)
(8) ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ।। (ਅੰਗ 1248)
(9) ਸਭਨਾ ਕਾ ਮਾ ਪਿਉ ਆਪਿ ਹੈ..... (ਅੰਗ 653)
(10) ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। (ਅੰਗ 1127)