• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(11) Question:- ਭਾਈ ਮੰਝ ਜੀ ਕੌਣ ਸਨ ਉਹਨਾਂ ਗੁਰੂ ਘਰ ਦੀ ਸੇਵਾ ਕਿਸ ਤਰ੍ਹਾਂ ਕੀਤੀ?
Answer:- ਭਾਈ ਮੰਝ ਜੀ ਇਕ ਰਾਜਪੂਤ ਖਾਨਦਾਨ ਵਿਚੋਂ ਸਨ। ਆਪ ਜੀ ਸੁਲਤਾਨ ਸਖੀ ਸਰਵਰ ਦੇ ਚੇਲੇ ਸਨ। ਇਕ ਵਾਰ ਜਦੋਂ ਆਪ ਜੀ ਦੀ ਮੁਲਾਕਾਤ ਗੁਰੂ ਅਰਜਨ ਦੇਵ ਜੀ ਨਾਲ ਹੋਈ ਤਾਂ ਉਹ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਆਪ ਜੀ ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਣ ਦੀ ਸੇਵਾ ਦਿੱਤੀ ਗਈ ਸੀ। ਜਿਵੇਂ ਕਿ ਸਾਨੂੰ ਸਰੂਪ ਦਾਸ ਭੱਲਾ ਜੀ ਦੀ ਕਿਤਾਬ ਮਹਿਮਾ ਪ੍ਰਕਾ ਵਿਚੋਂ ਪਤਾ ਲੱਗਦਾ ਹੈ ਕਿ ਇਕ ਵਾਰ ਆਪ ਲੱਕੜਾਂ ਲਿਆਉਂਦੇ ਹੋਏ ਖੂਹ ਵਿਚ ਡਿੱਗ ਪਏ। ਆਪ ਸਾਰੀ ਰਾਤ ਸਿੱਧੇ ਖੜੇ ਰਹੇ ਤੇ ਲੱਕੜਾਂ ਸਿਰ ਤੇ ਚੁੱਕੀ ਰੱਖਿਆ ਤਾਂ ਕਿ ਉਹ ਗਿੱਲੀਆਂ ਨਾ ਹੋ ਜਾਣ। ਸਵੇਰੇ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਤੇ ਉਹਨਾਂ ਭਾਈ ਮੰਝ ਜੀ ਖੂਹ ਵਿਚੋਂ ਕਢਵਾ ਕੇ ਉਸ ਦੀ ਸੇਵਾ ਦੀ ਸ਼ਲਾਘਾ ਕੀਤੀ। ਭਾਈ ਮੰਝ ਜੀ ਬਾਅਦ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਵੀ ਸੇਵਾ ਦਿੱਤੀ ਗਈ। ਆਪ ਜੀ ਇਹ ਪ੍ਰਚਾਰ ਪਿੰਡ ਕੰਗ ਵਿਚ ਕਰਦੇ ਸਨ, ਜਿੱਥੇ ਹੁਣ ਉਹਨਾਂ ਦੀ ਯਾਦ ਵਿਚ ਇਕ ਗੁਰਦੁਆਰਾ ਵੀ ਹੈ।
(12) Question:- ਭਾਈ ਸਾਲੋ ਜੀ ਕੌਣ ਸਨ? ਉਹਨਾਂ ਗੁਰੂ ਘਰ ਲਈ ਕੀ ਸੇਵਾ ਕੀਤੀ?
Answer:- ਭਾਈ ਸਾਲੋ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਇਕ ਅਨਿੰਨ ਸਿੱਖ ਸਨ। ਆਪ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਅੰਮ੍ਰਿਤਸਰ ਦੀ ਸਥਾਪਨਾ ਲਈ ਵੱਡੀ ਘਾਲ ਘਾਲੀ। ਹਰਿਮੰਦਰ ਸਾਹਿਬ ਦੀ ਸੇਵਾ ਵਿਚ ਵੀ ਆਪ ਦਾ ਯੋਗਦਾਨ ਸੀ। ਆਪ ਜੀ ਦਾ ਦੇਹਾਂਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਹੋਇਆ ਤੇ ਗੁਰੂ ਜੀ ਨੇ ਆਪ ਆਪਣੇ ਹੱਥੀ ਉਹਨਾਂ ਦਾ ਸਸਕਾਰ ਕੀਤਾ। ਉਹਨਾਂ ਦੀ ਯਾਦ ਵਿਚ ਗੁ: ਟੋਬਾ ਭਾਈ ਸਾਲੋ ਅੰਮ੍ਰਿਤਸਰ ਵਿਚ ਸਥਿਤ ਹੈ ਜਿੱਥੇ ਬਹੁਤ ਸਾਰੇ ਸ਼ਰਧਾਲੂ ਦਰਨ ਕਰਨ ਤੇ ਇਨਾਨ ਕਰਨ ਲਈ ਆਉਂਦੇ ਹਨ। ਕਈ ਔਰਤਾਂ ਸੰਤਾਨ ਪ੍ਰਾਪਤੀ ਲਈ ਉਸ ਟੋਬੇ ਵਿਚ ਇਸ਼ਨਾਨ ਕਰਕੇ ਮਨ-ਭਾਉਂਦੀ ਮੁਰਾਦ ਪਾਉਂਦੀਆਂ ਹਨ।
(13) Question:- ਭਾਈ ਨੰਦ ਲਾਲ ਜੀ ਦੇ ਬਾਰੇ ਜ਼ਰੂਰੀ ਜਾਣਕਾਰੀ ਦਿਓ।
Answer:- ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇ ਬੜੇ ਮਸ਼ਹੂਰ ਕਵੀ ਸਨ। ਆਪ ਜੀ ਅਰਬੀ ਤੇ ਫਾਰਸੀ ਦੇ ਵਿਦਵਾਨ ਸਨ। ਆਪ ਜੀ ਦੀ ਪਤਨੀ ਇਕ ਸਿੱਖ ਪਰਿਵਾਰ ਤੋਂ ਹੋਣ ਕਰਕੇ ਆਪ ਸਿੱਖ ਧਰਮ ਨਾਲ ਬਹੁਤ ਪਿਆਰ ਕਰਦੇ ਸਨ। ਆਪ ਨੇ ਕੁਝ ਦੇਰ ਔਰੰਗਗ਼ਜ਼ੇਬ ਦੇ ਦਰਬਾਰ ਵਿਚ ਕੰਮ ਕੀਤਾ ਸੀ ਫਿਰ ਆਨੰਦਪੁਰ ਸਾਹਿਬ ਵਿਚ ਆ ਕੇ ਜ਼ਿਆਦਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਬਿਤਾਇਆ। ਭਾਈ ਨੰਦ ਲਾਲ ਜੀ ਦੀਆਂ ਕੁਲ 9 ਰਚਨਾਵਾਂ ਸਾਡੇ ਕੋਲ ਉੁਪਲਬੱਧ ਹਨ ਜਿਨ੍ਹਾਂ ਵਿਚੋਂ 1 ਹਿੰਦੀ ਵਿਚ ਤੇ 8 ਫਾਰਸੀ ਵਿਚ ਹਨ। ਇਹਨਾਂ ਰਚਨਾਵਾਂ ਦੇ ਨਾਮ ਇਸ ਪ੍ਰਕਾਰ ਹਨ। : ਦੀਵਾਨਿ ਗੋਇਆ (ਫਾਰਸੀ ਵਿਚ), ਜ਼ਿੰਦਗੀ ਨਾਮਾ, ਜੋੋਤ ਬਿਕਾਸ (ਫਾਰਸੀ) ਅਤੇ ਜੋੋਤ ਬਿਕਾਸ (ਹਿੰਦੀ), ਗੰਜੋ ਨਾਮਾ, ਤੌਸੀਫ-ਓ ਸਿਨਾ, ਅਰਜ਼ੁਲ ਅਲਫ਼ਾਜ਼, ਦਸਤੂਰ-ਅਲ ਇਨਸ਼ਾ ਖ਼ਾਤਿਮਾ, ਰਹਤਨਾਮਾ ਤੇ ਤਨਖ਼ਾਹ ਨਾਮਾ।
ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਜੀ ਬਾਰੇ ਜੋੋ ਯਾਦਗਾਰੀ ਸੱਤਰਾਂ ਕਹੀਆਂ ਹਨ। ਉਹਨਾਂ ਤੋਂ ਗੁਰੂ ਜੀ ਦੀ ਸਖਸ਼ੀਅਤ ਬਾਰੇ ਜਾਣਕਾਰੀ ਤਾਂ ਮਿਲਦੀ ਹੀ ਹੈ, ਭਾਈ ਸਾਹਿਬ ਦੇ ਆਪਣੇ ਗੁਰਮਤਿ ਪ੍ਰਤੀ ਤੇ ਗੁਰੂ ਜੀ ਦੇ ਪ੍ਰਤੀ ਪਿਆਰ ਤੇ ਸਤਿਕਾਰ ਦਾ ਵੀ ਪ੍ਰਗਟਾ ਹੁੰਦਾ ਹੈ। ਐਸੀਆਂ ਕੁਝ ਸਤਰਾਂ ਦਾ ਜ਼ਿਕਰ ਪਹਿਲੇ ਸਵਾਲਾਂ ਦੇ ਜਵਾਬਾਂ ਵਿਚ ਆ ਚੁੱਕਾ ਹੈ।
(14) Question:- ਹੇਠ ਲਿਖੀਆਂ ਸਿੱਖ ਸਖੀਅਤਾਂ ਦੀ ਸੰਖੇਪ ਜਾਣਕਾਰੀ ਦਿਓ।
ਭਾਈ ਮਹਾਂ ਸਿੰਘ ਜੀ, ਭਾਈ ਘਨੱਈਆ ਜੀ, ਭਾਈ ਜੋੋਗਾ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਬਿਧੀ ਚੰਦ ਜੀ ਤੇ ਭਾਈ ਮਨੀ ਸਿੰਘ ਜੀ।
Answer:- ਭਾਈ ਮਹਾਂ ਸਿੰਘ
ਭਾਈ ਮਹਾਂ ਸਿੰਘ ਜੀ ਉਹਨਾਂ ਸਿੱਖਾਂ ਦੇ ਨੇਤਾ ਸਨ ਜੋੋ ਗੁਰੂ ਗੋਬਿੰਦ ਸਿੰਘ ਤੋਂ ਬੇਮੁਖ ਹੋ ਕੇ ਉਹਨਾਂ ਨੂੰ ਬੇਦਾਵਾ ਲਿਖ ਕੇ, ਆਨੰਦਪੁਰ ਸਾਹਿਬ ਦੀ ਲੜਾਈ ਦੇ ਵਿਚ ਛੱਡ ਕੇ ਚਲੇ ਗਏ ਸਨ ਪਰ ਜਦੋਂ ਬਾਅਦ ਵਿਚ ਉਹਨਾਂ ਨੂੰ ਆਪਣੇ ਘਰਾਂ ਤੋਂ ਫਿਟਕਾਰ ਪਈਆਂ ਤਾਂ ਉਹ ਵਾਪਸ ਗੁਰੂ ਜੀ ਕੋਲ ਆ ਗਏ ਤੇ ਭਾਰੀ ਮੁਗਲ ਸੈਨਾ ਨਾਲ ਲੜਦੇ ਹੋਏ ਆਪਣੇ 40 ਸਾਥੀਆਂ ਸਮੇਤ ਮੁਕਤਸਰ ਦੇ ਅਸਥਾਨ ਤੇ ਸ਼ਹੀਦ ਹੋ ਗਏ। ਭਾਈ ਮਹਾਂ ਸਿੰਘ ਨੇ ਇਸ ਸੰਸਾਰ ਨੂੰ ਛੱਡਣ ਤੋਂ ਪਹਿਲਾਂ ਗੁਰੂ ਜੀ ਅੱਗੇ ਬੇਨਤੀ ਕੀਤੀ ਸੀ ਕਿ ਉਹਨਾਂ ਦਾ ਬੇਦਾਵਾ ਫਾੜ ਦੇਣ ਤੇ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਉਹਨਾਂ ਦਾ ਬੇਦਾਵਾ ਉਨ੍ਹਾਂ ਸਾਹਮਣੇ ਫਾੜ ਦਿੱਤਾ ਤੇ ਟੁੱਟੀ ਫੇਰ ਗੰਢ ਦਿੱਤੀ। ਆਪ ਜੀ ਦਾ ਸ਼ਹੀਦੀ ਦਿਵਸ ਹੋਰ ਸ਼ਹੀਦਾਂ ਸਮੇਤ ਮੁਕਤਸਰ ਵਿਚ ਮਾਘੀ ਵਾਲੇ ਦਿਨ ਮਨਾਇਆ ਜਾਂਦਾ ਹੈ।
ਭਾਈ ਘਨੱਈਆ ਜੀ
ਭਾਈ ਘਨੱਈਆ ਜੀ ਸੇਵਾ ਦੀ ਉਹ ਮੂਰਤ ਸਨ ਜੋੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਆਨੰਦਪੁਰ ਦੀ ਲੜਾਈ ਵਿਚ ਹਰ ਸਿੱਖ ਤੇ ਮੁਸਲਮਾਨ ਨੂੰ ਇਕੋ ਜਿਹਾ ਸਮਝ ਕੇ ਪਾਣੀ ਪਿਲਾਉਂਦੇ ਸਨ। ਆਪ ਜੀ ਦੀ ਸੇਵਾ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਮਲ੍ਹਮ ਪੱਟੀ ਵੀ ਦਿੱਤੀ ਸੀ ਤਾਂ ਕਿ ਹਰੇਕ ਦੇ ਜ਼ਖਮਾਂ ਨੂੰ ਵੀ ਆਪ ਪੱਟੀ ਕਰ ਸਕਣ। ਇਸ ਗੱਲੋਂ ਭਾਈ ਘਨੱਈਆ ਜੀ ਅੱਜ ਦੀ ਦੁਨੀਆਂ ਵਿਚ ਚਲ ਰਹੇ 'ਰੈਡ ਕਰਾਸ ਮੂਵਮੈਂਟ' ਦੇ ਮੋਢੀ ਸਨ।
ਭਾਈ ਜੋੋਗਾ ਸਿੰਘ
ਭਾਈ ਜੋੋਗਾ ਸਿੰਘ ਇਕ ਪੂਰਨ ਗੁਰਸਿੱਖ ਸਨ ਤੇ ਗੁਰ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿਚ ਰਹਿੰਦੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਆਪ ਜੀ ਦੀਆਂ ਲਾਵਾਂ ਹੋ ਰਹੀਆਂ ਸਨ ਤਾਂ ਹਾਲੇ ਦੋ ਲਾਵਾਂ ਹੀ ਪੜ੍ਹੀਆਂ ਸਨ ਤਾਂ ਇਹਨਾਂ ਨੂੰ ਗੁਰੂ ਵੱਲੋਂ ਆਨੰਦਪੁਰ ਸਾਹਿਬ ਪਹੁੰਚਣ ਦਾ ਸੱਦਾ ਮਿਲਿਆ। ਆਪ ਜੀ ਉਸੇ ਵੇਲੇ ਹੀ ਆਨੰਦਪੁਰ ਸਾਹਿਬ ਗੁਰੂ ਜੀ ਨੂੰ ਮਿਲਣ ਲਈ ਤੁਰ ਪਏ। ਉਹਨਾਂ ਦੀ ਰਸਤੇ ਵਿਚ ਇਕ ਵੇਸ਼ਵਾ ਕੋਲ ਜਾਣ ਦੀ ਕਹਾਣੀ ਸੱਚੀ ਨਹੀਂ ਲੱਗਦੀ। ਜਿਹੜਾ ਆਦਮੀ ਗੁਰੂ ਦਾ ਹੁਕਮ ਮੰਨ ਕੇ ਆਪਣਾ ਵਿਆਹ ਛੱਡ ਸਕਦਾ ਹੈ ਉਹ ਕੋਈ ਭੈੜਾ ਕਾਰਾ ਕਰ ਹੀ ਨਹੀਂ ਸਕਦਾ।
ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ ਇਕ ਬੈਰਾਗੀ ਸੀ ਉਹ ਜੰਮਿਆ ਪੁੰਛ ਕਸ਼ਮੀਰ ਵਿਚ ਸੀ, ਪਰ ਬਾਅਦ ਵਿਚ ਨਾਂਦੇੜ ਦੇ ਅਸਥਾਨ ਤੇ ਜਾ ਕੇ ਰਹਿਣ ਲੱਗ ਪਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਬੰਦਾ ਸਿੰਘ ਬਹਾਦਰ ਨਾਲ ਉਥੇ ਹੀ ਹੋਈ ਸੀ। ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਮਾਧੋ ਦਾਸ ਸੀ ਪਰ ਗੁਰੂ ਜੀ ਦੇ ਪ੍ਰਭਾਵ ਹੇਠ ਆ ਕੇ ਉਸਦਾ ਨਾਮ ਗੁਰਬਖਸ਼ ਸਿੰਘ ਹੋ ਗਿਆ ਸੀ। ਉਹ ਗੁਰੂ ਜੀ ਦੇ ਹੁਕਮ ਤੇ ਹੀ ਪੰਜਾਬ ਆਇਆ ਸੀ ਤੇ ਉਥੇ ਆ ਕੇ ਸਾਰੇ ਪੰਜਾਬ ਦੇ ਹਾਕਮਾਂ ਦੁਆਰਾ ਗੁਰ ਜੀ ਤੇ ਕੀਤੇ ਜ਼ੁਲਮਾਂ ਦਾ ਬਦਲਾ ਲਿਆ। ਉਸ ਨੇ ਪਹਿਲੀ ਵਾਰੀ ਪੰਜਾਬ ਵਿਚ ਸਿੱਖ ਰਾਜ ਦੀ ਨੀਂਹ ਰੱਖੀ। ਆਖਰ ਵਿਚ ਉਹ ਗੁਰਦਾਸ ਨੰਗਲ ਦੀ ਲੜਾਈ ਵਿਚੋਂ ਫੜਿਆ ਗਿਆ ਤਾਂ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਦਿੱਲੀ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ। ਦੋ ਗੁਰੂਆਂ ਦੀਆਂ ਕੁਰਬਾਨੀਆਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖ ਦੀ ਧਰਮ ਲਈ ਕੁਰਬਾਨੀ ਦੇਣ ਦੀ ਪ੍ਰਥਾ ਨੂੰ ਸ਼ੁਰੂ ਕੀਤਾ।
ਭਾਈ ਬਿਧੀ ਚੰਦ ਜੀ
ਭਾਈ ਬਿਧੀ ਚੰਦ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ ਘਰ ਨਾਲ ਜੁੜੇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਉਹਨਾਂ ਦੀ ਗਵਾਲੀਅਰ ਦੀ ਰਿਹਾਈ ਤੋਂ ਬਾਅਦ ਆਪ ਜੀ ਗੁਰੂ ਜੀ ਦੇ ਅੰਗ ਰੱਖਿਅਕ ਰਹੇ। ਜਦੋਂ ਗੁਰੂ ਜੀ ਨੂੰ ਮਿਲਣ ਵਾਲੇ ਘੋੜੇ ਸ਼ਾਹੀ ਫੌਜਾਂ ਨੇ ਕਬਜ਼ੇ ਵਿਚ ਲੈ ਲਏ ਸਨ ਤਾਂ ਲਾਹੌਰ ਦੇ ਕਿਲ੍ਹੇ ਵਿਚੋਂ ਘੋੜਿਆਂ ਨੂੰ ਕੱਢ ਲਿਆਉਣ ਦੀ ਡਿਊਟੀ ਆਪ ਜੀ ਨੂੰ ਦਿਤੀ ਗਈ ਸੀ। ਇਸ ਤੋਂ ਉਹਨਾਂ ਦੀ ਬਹਾਦਰੀ ਦਾ ਪਤਾ ਲੱਗਦਾ ਹੈ।
ਭਾਈ ਮਨੀ ਸਿੰਘ
ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਮੁੱਖ ਸਿੱਖ ਸਨ। ਆਪ ਜੀ ਇਕ ਨਿਰਭੈ ਯੋਧਾ, ਧਾਰਮਿਕ ਤੇ ਸਮਾਜਿਕ ਆਗੂ, ਗੰਭੀਰ ਵਿਦਵਾਨ ਤੇ ਮਹਾਨ ਸ਼ਹੀਦ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸ਼ੁਰੂ ਕਰਵਾਈ ਤਾਂ ਇਹ ਬੀੜ ਲਿਖਣ ਦੀ ਸੇਵਾ ਆਪ ਨੇ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਜੋੋਤੀ-ਜੋੋਤ ਸਮਾਉਣ ਤੋਂ ਬਾਅਦ ਜਦੋਂ ਸਿੱਖਾਂ ਵਿਚ ਦੋ ਧੜੇ ਬਣ ਗਏ ਤਾਂ ਮਾਤਾ ਸੁੰਦਰੀ ਜੀ ਨੇ ਆਪ ਨੂੰ ਅੰਮ੍ਰਿਤਸਰ ਭੇਜਿਆ ਤਾਂਕਿ ਸਮੱਸਿਆ ਦਾ ਹੱਲ ਹੋ ਸਕੇ। ਆਪ ਜੀ ਹੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਥਾਪੇ ਗਏ। ਆਪ ਨੇ ਆਪਣੀ ਸੇਵਾ ਨਾਲ ਸਿੱਖਾਂ ਨੂੰ ਇਕ ਮੁੱਠ ਹੋ ਕੇ ਅੰਮ੍ਰਿਤਸਰ ਆ ਕੇ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਪਰ ਕਿਉਂਕਿ ਮੁਗਲਾਂ ਦੀ ਚਾਲ ਕਰਕੇ ਬਹੁਤ ਸਾਰੇ ਸਿੱਖ ਹਰਿਮੰਦਰ ਸਾਹਿਬ ਨਾ ਪਹੁੰਚ ਸਕੇ ਜਿਸ ਨਾਲ ਚੜਾਵਾ ਘੱਟ ਹੋਇਆ ਤੇ ਭਾਈ ਮਨੀ ਸਿੰਘ ਉਹ ਪੈਸੇ ਮੁਗਲ ਹਾਕਮ ਨੂੰ ਨਾ ਦੇ ਸਕੇ, ਜਿਸ ਬਾਰੇ ਉਹਨਾਂ ਨੇ ਉਹਨਾਂ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਅਨੁਸਾਰ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਹਰਿਮੰਦਰ ਸਾਹਿਬ ਆ ਕੇ ਦੀਵਾਲੀ ਮਨਾਉਣ ਬਦਲੇ ਸਰਕਾਰ ਨੂੰ ਕੁਝ ਪੈਸੇ ਦੇਣੇ ਕੀਤੇ ਸਨ। ਪਰ ਮੁਗਲ ਹਾਕਮਾਂ ਦੀ ਨੀਅਤ ਖਰਾਬ ਹੋਣ ਕਰਕੇ ਇਹ ਸਮਝੌਤਾ ਫੇਲ੍ਹ ਹੋ ਗਿਆ। ਇਸ ਉਪਰੰਤ ਜਦੋਂ ਭਾਈ ਮਨੀ ਸਿੰਘ ਜੀ ਨੇ ਮੁਗਲ ਹਾਕਮਾਂ ਨੂੰ ਕੁਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਜ਼ਾਲਮਾਂ ਨੇ ਉਹਨਾਂ ਨੂੰ ਬੰਦ-ਬੰਦ ਕਟਵਾ ਕੇ ਸ਼ਹੀਦ ਕਰਵਾ ਦਿੱਤਾ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਬਾਣੀ ਭਾਈ ਮਨੀ ਸਿੰਘ ਨੇ ਹੀ ਇਕੱਤਰਤ ਕਰਕੇ 'ਦਸਮ ਗ੍ਰੰਥ' ਦੀ ਸੰਪਾਦਨਾ ਕੀਤੀ ਸੀ।
(15) Question:- ਹੇਠ ਲਿਖੀਆਂ ਸਿੱਖ ਬੀਬੀਆਂ ਦੀਆਂ ਸਖੀਅਤਾਂ ਬਾਰੇ ਜਾਣਕਾਰੀ ਦਿਓ?
ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਈ ਭਾਗੋ ਜੀ।
Answer:- ਮਾਤਾ ਗੁਜਰੀ ਜੀ
ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ। ਆਪ ਜੀ ਨੇ ਆਪਣੇ ਜੀਵਨ ਵਿਚ ਘਟੀਆਂ ਘਟਨਾਵਾਂ ਨੂੰ ਰੱਬ ਦਾ ਭਾਣਾ ਮੰਨਦੇ ਹੋਏ ਬੜੇ ਧੀਰਜ ਤੇ ਸ਼ਾਂਤੀ ਨਾਲ ਜੀਵਨ ਬਿਤਾਇਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਤਾਂ ਆਪ ਹਿੰਮਤ ਨਾ ਹਾਰੇ ਤੇ ਆਪਣੇ 9 ਸਾਲ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਕਰਤਵ ਕਰਨ ਲਈ ਤਿਆਰ ਕੀਤਾ। ਮਾਤਾ ਗੁਜਰੀ ਜੀ ਦੇ ਆਪਣੇ ਪਰਿਵਾਰ ਨੂੰ ਔਕੜਾਂ ਵਿਚੋਂ ਲੰਘਦੇ ਦੇਖਿਆ ਤੇ ਆਖਿਰ ਵਿਚ ਛੋਟੇ ਸਾਹਿਬਜ਼ਾਦਿਆਂ ਜੀ ਦੀ ਸ਼ਹੀਦੀ ਵੇਲੇ ਦਾ ਸਦਮਾ ਸਹਿਣ ਲਈ ਵੀ ਉਹ ਉਹਨਾਂ ਦੇ ਨਾਲ ਸਨ। ਇਹ ਗੱਲ ਸੱਚ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ ਪਰ ਉਹਨਾਂ ਬਾਰੇ ਇਹ ਕਹਿਣਾ ਕਿ ਉਹਨਾਂ ਬੁਰਜ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਉਹਨਾਂ ਦੀ ਸਖਸ਼ੀਅਤ ਦੇ ਖਿਲਾਫ ਹੋਵੇਗਾ। ਭਾਈ ਕਾਹਨ ਸਿੰਘ ਨਾਭਾ ਵਰਗੇ ਮਹਾਨ ਵਿਦਵਾਨ ਇਸ ਗੱਲ ਨੂੰ ਨਹੀਂ ਮੰਨਦੇ। ਸੱਚ ਤਾਂ ਇਹ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਣ ਦੀ ਪ੍ਰੇਰਨਾ ਹੀ ਉਹਨਾਂ ਦੀ ਦਾਦੀ ਜੀ ਨੇ ਹੀ ਦਿੱਤੀ ਸੀ। ਜਦੋਂ ਮਾਤਾ ਜੀ ਨੂੰ ਪਤਾ ਲੱਗਾ ਹੋਵੇਗਾ ਤਾਂ ਉਹਨਾਂ ਵਾਹਿਗੁਰੂ ਦਾ ਸ਼ੁਕਰ ਹੀ ਕੀਤਾ ਹੋਵੇਗਾ।
ਮਾਤਾ ਸਾਹਿਬ ਕੌਰ ਜੀ
ਮਾਤਾ ਸਾਹਿਬ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਪਤਨੀ ਸਨ। ਆਪ ਜੀ ਨਾਂਦੇੜ ਵੀ ਗੁਰੂ ਜੀ ਦੇ ਨਾਲ ਸਨ ਪਰ ਗੁਰੂ ਜੀ ਨੇ ਜੋੋਤੀ ਜੋੋਤ ਸਮਾਉਣ ਤੋਂ ਪਹਿਲਾਂ ਮਾਤਾ ਜੀ ਨੂੰ ਦਿੱਲੀ ਭੇਜ ਦਿੱਤਾ ਸੀ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੋਨੋਂ ਅਜਮੇਰੀ ਗੇਟ ਦੇ ਪਾਸ ਕੂਚਾ ਦਿਲਵਾਲੀ ਵਿਖੇ ਰਹਿੰਦੇ ਸਨ। ਦਿੱਲੀ ਆਉਣ ਵੇਲੇ ਮਾਤਾ ਸਾਹਿਬ ਕੌਰ ਆਪਣੇ ਨਾਲ ਕੁਝ ਸ਼ਸਤਰ ਵੀ ਲਿਆਏ ਸਨ ਜੋੋ ਉਹਨਾਂ ਨੇ ਆਪਣੇ ਨਾਲ ਬੜੇ ਸੰਭਾਲ ਕੇ ਰੱਖੇ। ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿਚ ਧੜੇਬਾਜ਼ੀ ਹੋ ਗਈ ਤਾਂ ਦੋਨੋਂ ਮਾਤਾਵਾਂ ਨੇ ਦਿੱਲੀ ਵਿਚ ਇਸ ਪੰਥ ਦੀ ਸੁਚੱਜੀ ਰਹਿਨੁਮਾਈ ਕੀਤੀ। ਸਿੱਖਾਂ ਨੂੰ ਦਸਵੰਧ ਦੇਣ ਦੀ ਪ੍ਰੇਰਨਾ ਵੀ ਮਾਤਾਵਾਂ ਨੇ ਕੀਤੀ, ਜਿਸ ਸਿਲਸਿਲੇ ਵਿਚ ਕਈ ਹੁਕਮਨਾਮੇ ਜਾਰੀ ਕੀਤੇ ਗਏ ਜੋੋ ਅੱਜ ਵੀ ਉਪਲਬਧ ਹਨ। ਮਾਤਾ ਸਾਹਿਬ ਕੌਰ ਜੀ ਦਾ ਦੇਹਾਂਤ 1747 ਨੂੰ ਦਿੱਲੀ ਵਿਖੇ ਹੋਇਆ। ਮਾਤਾ ਸਾਹਿਬ ਦੇਵਾਂ ਦਾ ਇਕ ਗੁਰਦੁਆਰਾ ਗੋਦਾਵਰੀ ਦੇ ਕਿਨਾਰੇ ਨਾਂਦੇੜ ਤੋਂ ਕੁਝ ਦੂਰੀ ਤੇ ਸਥਿਤ ਹੈ।
ਮਾਈ ਭਾਗੋ ਜੀ
ਮਾਈ ਭਾਗੋ ਜੀ ਸਿੱਖ ਇਤਿਹਾਸ ਦੀ ਉਹ ਮਾਤਾ ਹੈ ਜਿਸ ਨੇ ਮਹਾਂ ਸਿੰਘ ਤੇ ਉਸ ਦੇ ਸਾਥੀਆਂ ਨੂੰ ਜੋੋ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਫਿਟਕਾਰਿਆ ਤੇ ਸ਼ਰਮਿੰਦਾ ਕੀਤਾ ਜਿਸ ਦੇ ਫਲਸਰੂਪ ਉਹ ਗੁਰੂ ਸਾਹਿਬ ਕੋਲ ਵਾਪਸ ਗਏ ਤੇ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਮਾਈ ਭਾਗੋ ਜੀ ਆਪ ਵੀ ਮੁਕਤਸਰ ਦੀ ਲੜਾਈ ਵਿਚ ਲੜੇ ਸਨ ਤੇ ਜਖਮੀ ਹੋ ਗਏ ਸਨ। ਗੁਰੂ ਜੀ ਨੇ ਉਹਨਾਂ ਦੇ ਜ਼ਖਮ ਨੂੰ ਠੀਕ ਕੀਤਾ ਤੇ ਅੰਮ੍ਰਿਤ ਛਕਾ ਕੇ ਮਾਈ ਭਾਗੋ ਤੋਂ ਭਾਗ ਕੌਰ ਬਣਾ ਦਿੱਤਾ। ਮਾਈ ਜੀ ਗੁਰੂ ਜੀ ਦੇ ਨਾਲ ਹੀ ਨਾਂਦੇੜ ਗਏ ਤੇ ਗੁਰੂ ਜੀ ਦੇ ਜੋੋਤੀ ਜੋੋਤ ਸਮਾਉਣ ਤੋਂ ਬਾਅਦ ਅਪਾਣਾ ਡੇਰਾ ਬਿਦਰ ਜਾ ਕੇ ਬਣਾ ਲਿਆ। ਅੱਜ ਪਿੰਡ ਜਨਵਾੜੇ ਵਿਚ ਜੋੋ ਬਿਦਰ ਤੋਂ ਕੋਈ 10 ਕਿਲੋਮੀਟਰ ਹੈ ਇਕ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਇਹ ਅਸਥਾਨ ਮਾਈ ਭਾਗੋ ਜੀ ਦਾ ਡੇਰਾ ਦੱਸਿਆ ਜਾਂਦਾ ਹੈ। ਹੁਣ ਉਥੇ ਗੁਰਦੁਆਰਾ ਬਣਾਇਆ ਜਾ ਰਿਹਾ ਹੈ।
(16) Question:- ਸਿੱਖਾਂ ਦੀਆਂ ਇਤਿਹਾਸਕ ਯਾਦਗਾਰਾਂ ਦੇ ਬਾਰੇ ਜਾਣਕਾਰੀ ਦੇਣ ਵਾਲੀਆਂ ਕੁਝ ਪੁਸਤਕਾਂ ਦਾ ਜ਼ਿਕਰ ਕਰੋ?
Answer:- ਸਿੱਖਾਂ ਦੀਆਂ ਇਤਿਹਾਸਕ ਯਾਦਗਾਰਾਂ ਵਿਚ ਗੁਰੂਆਂ ਨਾਲ ਸੰਬੰਧਿਤ ਗੁਰਦੁਆਰੇ ਹਨ। ਭਾਵੇਂ ਗੁਰਦੁਆਰਿਆਂ ਬਾਰੇ ਕਿਤਾਬਾਂ ਘੱਟ ਹਨ ਪਰ ਉਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਉਹਨਾਂ ਕਿਤਾਬਾਂ ਵਿਚੋਂ ਮਿਲ ਜਾਂਦੀ ਹੈ, ਜਿਨਾਂ ਵਿਚ ਗੁਰੂ ਸਾਹਿਬ ਦਾ ਜੀਵਨ ਵਿਸਥਾਰ ਹੈ, ਪੁਰਾਣੀਆਂ ਪੁਸਤਕਾਂ ਵਿਚ ਪੰਡਿਤ ਤਾਰਾ ਸਿੰਘ ਨਰੋਤਮ ਦੀ 'ਗੁਰ ਤੀਰਥ ਸੰਗ੍ਰਹਿ' (੧੯੮੪) ਤੇ ਗਿਆਨੀ ਠਾਕੁਰ ਸਿੰਘ ਦੀ 'ਗੁਰਦੁਆਰਾ ਦਰਸ਼ਨ' ਦੋ ਮਹੱਤਵਪੂਰਨ ਪੁਸਤਕਾਂ ਹਨ। ਉਸ ਤੋਂ ਬਾਅਦ ਪੰਜਾਬੀ ਵਿਚ ਕਈ ਕਿਤਾਬਾਂ ਛਪੀਆਂ ਹਨ, ਜਿਨ੍ਹਾਂ ਵਿਚ ਐਸ.ਜੀ.ਪੀ.ਸੀ. ਦੁਆਰਾ ਤਿਆਰ ਕੀਤੀ ਹੋਈ ਪਾਕਿਸਤਾਨ ਦੇ ਗੁਰਦੁਆਰਿਆਂ ਬਾਰੇ ਵੀ ਇਕ ਕਿਤਾਬ ਹੈ। ਗੁਰਦੁਆਰਿਆਂ ਬਾਰੇ ਸਭ ਤੋਂ ਮਹੱਤਵਪੂਰਨ ਸ. ਪਤਵੰਤ ਸਿੰਘ ਦੁਆਰਾ ਤਿਆਰ ਕੀਤੀ ਹੋਈ ਤੇ ਹਿਮਾਲਿਅਨ ਬੁਕਸ ਦਿੱਲੀ ਦੁਆਰਾ ਛਾਪੀ ਗਈ ਪੁਸਤਕ ਹੈ। ਇਸ ਬਹੁਤ ਵੱਡੇ ਆਕਾਰ ਵਾਲੀ ਪੁਸਤਕ ਵਿਚ ਦੁਨੀਆਂ ਦੇ ਸਾਰੇ ਗੁਰਦੁਆਰਿਆਂ ਬਾਰੇ ਪੰਜਾਬੀ ਤੇ ਅੰਗਰੇਜ਼ੀ ਵਿਚ ਜਾਣਕਾਰੀ ਦਿੱਤੀ ਗਈ ਹੈ। ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਸੁੰਦਰ ਚਿੱਤਰ ਵੀ ਇਸ ਵਿਚ ਉਪਲੱਬਧ ਹਨ। ਇਕ ਹੋਰ ਕਿਤਾਬ 'ਹਿਸਟੋਰੀਕਲ ਸਿੱਖ ਸ਼ਰਾਈਨਜ਼' ਜੋੋ ਕਿ ਮੇਜਰ ਗੁਰਮੁਖ ਸਿੰਘ ਦੁਆਰਾ ਤਿਆਰ ਕੀਤੀ ਗਈ ਹੈ, ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਲੋਂ ਛਾਪੀ ਗਈ ਹੈ। ਕੁਝ ਕਿਤਾਬਾਂ ਪਾਕਿਸਤਾਨ ਵਿਚ ਵੀ ਛਪੀਆਂ ਹਨ ਜੋ ਇਸ ਪੱਖੋਂ ਬਹੁਤ ਉਪਯੋਗੀ ਹਨ। ਜਿਵੇਂ ਇਕਬਾਲ ਕੈਸਰ ਦੀ 'ਪਾਕਿਸਤਾਨ ਵਿਚ ਸਿੱਖਾਂ ਦੀਆਂ ਤਵਾਰੀਖੀ ਪਵਿੱਤਰ ਥਾਵਾਂ' ਬਹੁਤ ਹੀ ਮਹੱਤਵਪੂਰਨ ਪੁਸਤਕ ਹੈ। ਇਸ ਵਿਚ ਗੁਰਦੁਆਰਿਆਂ ਦਾ ਇਤਿਹਾਸ, ਗੁਰੂਆਂ ਦਾ ਇਤਿਹਾਸ ਤੇ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਤੇ ਰੋਸ਼ਨੀ ਪਾਈ ਗਈ ਹੈ। ਕੁਝ ਸੂਫੀਆਂ ਬਾਰੇ ਜਿਨ੍ਹਾਂ ਦਾ ਸਿੱਖ ਇਤਿਹਾਸ ਨਾਲ ਸੰਬੰਧ ਹੈ, ਜਿਵੇ ਮਰਦਾਨਾ, ਰਾਏ ਬੁਲਾਰ, ਮੀਆਂ ਮੀਰ ਆਦਿ ਦੀ ਲੋੜੀਂਦੀ ਜਾਣਕਾਰੀ ਵੀ ਦਿੱਤੀ ਗਈ ਹੈ।
(17) Question:- ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਉਹ ਕਿਹੜੇ ਗੁਰਦੁਆਰੇ ਹਨ ਜੋੋ ਪਾਕਿਸਤਾਨ ਵਿਚ ਰਹਿ ਗਏ ਹਨ?
Answer:- ਕਿਉਂਕਿ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਉਸ ਹਿੱਸੇ ਵਿਚ ਪੈਦਾ ਹੋਏ ਸਨ ਜੋੋ ਹੁਣ ਪਾਕਿਸਤਾਨ ਵੱਲ ਚਲਾ ਗਿਆ ਹੈ, ਇਸ ਕਰਕੇ ਉਨ੍ਹਾਂ ਨਾਲ ਸੰਬੰਧਤ ਬਹੁਤ ਸਾਰੇ ਗੁਰਦੁਆਰੇ ਪਾਕਿਸਤਾਨ ਵਿਚ ਹਨ। ਨਨਕਾਣਾ ਸਾਹਿਬ ਦੇ ਬਹੁਤ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਅੱਗੇ ਕੁਝ ਸਵਾਲਾਂ ਦੇ ਜਵਾਬ ਵਿਚ ਕਰ ਚੁੱਕੇ ਹਾਂ, ਸਿਰਫ ਇਥੇ ਨਾਮ ਦੱਸੇ ਜਾ ਰਹੇ ਹਨ, ਗੁ: ਜਨਮ ਅਸਥਾਨ, ਗੁ: ਬਾਲ ਲੀਲ੍ਹਾ, ਗੁ: ਪੱਟੀ ਸਾਹਿਬ, ਗੁ: ਕਿਆਰਾ ਸਾਹਿਬ, ਗੁ: ਮਾਲ ਜੀ ਸਾਹਿਬ ਤੇ ਗੁ: ਤੰਬੂ ਸਾਹਿਬ (ਇਥੇ ਗੁਰੂ ਜੀ ਸੱਚਾ ਸੌਦਾ ਕਰਕੇ ਆਉਣ ਤੋਂ ਬਾਅਦ ਆਪਣੇ ਪਿਤਾ ਜੀ ਤੋਂ ਛੁਪ ਕੇ ਬੈਠੇ ਸਨ), ਗੁ: ਪੰਜਾ ਸਾਹਿਬ ਹਸਨ ਅਬਦਾਲ, ਐਮਨਾਬਾਦ ਵਿਚ ਗੁ: ਰੋੜੀ ਸਾਹਿਬ, ਗੁ: ਚੱਕੀ ਸਾਹਿਬ ਤੇ ਖੂਹੀ ਭਾਈ ਲਾਲੋ ਜੀ ਤੇ ਦੀਪਾਲਪੁਰ ਵਿਚ ਨਾਨਕਿਆਣਾ, ਕੁਝ ਹੋਰ ਪ੍ਰਸਿੱਧ ਗੁਰਦੁਆਰੇ ਹਨ ਜੋੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਹਨ ਤੇ ਪਾਕਿਸਤਾਨ ਵਿਚ ਰਹਿ ਗਏ ਹਨ।
(18) Question:- ਕੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਭਾਰਤ ਤੇ ਪਾਕਿਸਤਾਨ ਤੋਂ ਬਾਹਰ ਵੀ ਕੋਈ ਗੁਰਦੁਆਰੇ ਹਨ?
Answer:- ਇਰਾਕ ਦੀ ਰਾਜਧਾਨੀ ਬਗਦਾਦ ਵਿਚ ਇਕ ਕਮਰਾ ਗੁਰੂ ਜੀ ਨਾਲ ਸੰਬੰਧਤ ਦੱਸਿਆ ਜਾਂਦਾ ਹੈ, ਪਰ ਉਥੇ ਕੋਈ ਗੁਰਦੁਆਰਾ ਨਹੀਂ ਹੈ। ਅਫਗਾਨਿਸਤਾਨ ਵਿਚ ਪਹਿਲੇ ਕਾਬਲ ਵਿਚ ਇਕ ਗੁਰਦੁਆਰਾ ਦੱਸਿਆ ਜਾਂਦਾ ਸੀ, ਪਰ ਹੁਣ ਕੋਈ ਗੁਰਦੁਆਰਾ ਨਹੀਂ। ਜਲਾਲਾਬਾਦ ਵਿਚ ਇਕ ਗੁ: ਚਸ਼ਮਾ ਸਾਹਿਬ ਗੁਰੂ ਜੀ ਦੀ ਉਥੋਂ ਦੀ ਯਾਤਰਾ ਦੀ ਯਾਦਗਾਰ ਹੈ। ਬੰਗਲਾ ਦੇਸ਼ ਵਿਚ ਢਾਕਾ, ਚਿੱਟਾਗਾਂਵ ਤੇ ਸਿਲਹਟ ਦੇ ਅਸਥਾਨਾਂ 'ਤੇ ਦੇਸ਼ ਦੀ ਵੰਡ ਤੋਂ ਪਹਿਲੇ ਗੁਰਦੁਆਰੇ ਸਨ ਪਰ ਬਾਅਦ ਵਿਚ ਉਹ ਚਾਲੂ ਹਾਲਤ ਵਿਚ ਨਹੀਂ ਰਹੇ। ਪਿਛਲੀ ਸਦੀ ਦੇ ਆਖਰੀ ਦਹਾਕਿਆਂ ਵਿਚ ਬੰਗਾਲ, ਬਿਹਾਰ ਦੇ ਸਿੱਖਾਂ ਦੇ ਉਧਮ ਸਦਕਾ ਢਾਕਾ ਵਿਚ ਗੁਰਦੁਆਰਾ ਨਾਨਕ ਸ਼ਾਹੀ ਨੂੰ ਮੁਰੰਮਤ ਕਰਵਾ ਕੇ ਖੂਬਸੂਰਤ ਬਣਾਇਆ ਗਿਆ। ਹੁਣ ਭਾਵੇਂ ਉਥੇ ਜ਼ਿਆਦਾ ਸਿੱਖ ਨਹੀਂ ਰਹਿੰਦੇ ਪਰ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਤੇ ਵਿਸਾਖੀ ਮਨਾਏ ਜਾਂਦੇ ਹਨ। ਇਸ ਗੁਰਦੁਆਰੇ ਨੂੰ ਨਵੇਂ ਸਿਰੇ ਤੋਂ ਬਨਾਉਣ ਵਿਚ ਜਿੰਨਾਂ ਨੇ ਬਹੁਤ ਘਾਲਣਾ ਘਾਲੀ ਉਨਾਂ ਵਿਚ ਤਖਤ ਪਟਨਾ ਸਾਹਿਬ ਦੇ ਪ੍ਰਧਾਨ ਸ: ਜੋੋਗਿੰਦਰ ਸਿੰਘ ਜੋੋਗੀ ਤੇ ਸਿੱਖ ਰਿਵੀਊ ਮੈਗਜ਼ੀਨ ਦੇ ਮੁੱਖ ਐਡੀਟਰ ਕੈਪਟਨ ਭਾਗ ਸਿੰਘ ਦੇ ਨਾਮ ਉਲੇਖਨਿਯ ਹਨ।
(19) Question:- ਭਾਰਤ ਦੇ ਕਿਨ੍ਹਾਂ ਇਲਾਕਿਆਂ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦੁਆਰੇ ਹਨ?
Answer:- ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਲੰਬੀਆਂ ਯਾਤਰਾਵਾਂ ਕੀਤੀਆਂ ਇਸ ਕਰਕੇ ਆਪ ਨਾਲ ਸਬੰਧਤ ਗੁਰਦੁਆਰੇ ਭਾਰਤ ਦੇ ਹਰ ਕੋਨੇ ਵਿਚ ਫੈਲੇ ਹੋਏ ਹਨ। ਕਸ਼ਮੀਰ ਵਿਚ ਅਨੰਤਨਾਗ, ਮਟਨ ਤੇ ਬੀਰਵਾਹਾ ਦੇ ਅਸਥਾਨਾਂ 'ਤੇ ਆਪ ਦੀ ਯਾਤਰਾ ਦੀ ਗਵਾਹੀ ਭਰਦੇ ਗੁਰਦੁਆਰੇ ਮੌਜੂਦ ਹਨ। ਦਿੱਲੀ ਵਿਚ ਗੁਰਦੁਆਰਾ ਨਾਨਕ ਪਿਆਉ ਤੇ ਗੁ: ਮਜਨੂੰ ਦਾ ਟਿੱਲਾ ਆਪ ਦੀ ਯਾਦਗਾਰ ਹਨ। ਹਰਿਆਣਾ ਵਿਚ ਕੁਰਕੁਸ਼ੇਤਰ, ਪਿਹੋਵਾ ਤੇ ਕਰਨਾਲ ਤੇ ਯੂ.ਪੀ. ਵਿਚ ਮਥਰਾ, ਬਨਾਰਸ ਤੇ ਹਰਿਦੁਆਰ ਵਿਚ ਵੀ ਪਹਿਲੀ ਪਾਤਿਸ਼ਾਹੀ ਦੇ ਗੁਰਦੁਆਰੇ ਹਨ। ਯੂ.ਪੀ ਵਿਚ ਸਭ ਤੋਂ ਪ੍ਰਸਿੱਧ ਗੁਰਦੁਆਰੇ ਨਾਨਕ ਮਤਾ ਦੇ ਲਾਗਲੇ ਇਲਾਕੇ ਵਿਚ ਹਨ ਤੇ ਇਨ੍ਹਾਂ ਦਾ ਜ਼ਿਕਰ ਪਹਿਲੇ ਆ ਚੁੱਕਾ ਹੈ। ਗੁਰੂ ਨਾਨਕ ਦੇਵ ਜੀ ਦੇ ਕੁਝ ਹੋਰ ਪ੍ਰਸਿੱਧ ਗੁਰਦੁਆਰੇ ਕਰਨਾਟਕਾ ਵਿਚ ਬਿਦਰ ਦੇ ਅਸਥਾਨ 'ਤੇ ਅਤੇ ਪੰਜਾਬ ਵਿਚ ਬਟਾਲਾ ਤੇ ਸੁਲਤਾਨਪੁਰ ਦੇ ਅਸਥਾਨ 'ਤੇ ਹਨ। ਬਿਦਰ ਦੇ ਅਸਥਾਨ 'ਤੇ ਗੁਰ ਜੀ ਨੇ ਪੀਰ ਜਲਾਲਦੀਨ ਨਾਲ ਗੋਸ਼ਟਿ ਕੀਤੀ ਤੇ ਉਸਦੀ ਪਾਣੀ ਦੀ ਕਮੀ ਦੀ ਸ਼ਿਕਾਇਤ ਤੇ ਇਕ ਪੱਥਰ ਹਟਾ ਕੇ ਪਾਣੀ ਦਾ ਇਕ ਚਸ਼ਮਾ ਵਗਾ ਦਿੱਤਾ। ਬਟਾਲਾ ਤੇ ਸੁਲਤਾਨਪੁਰ ਦੇ ਗੁਰਧਾਮਾਂ ਦਾ ਜ਼ਿਕਰ ਅੱਗੇ ਹੋ ਚੁੱਕਾ ਹੈ।
(20) Question:- ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸਬੰਧ ਰੱਖਣ ਵਾਲੇ ਗੁਰਦੁਆਰੇ ਕਿੱਥੇ ਕਿੱਥੇ ਸਥਿਤ ਹਨ?
Answer:- ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੇ ਬਹੁਤ ਘੱਟ ਯਾਤਰਾ ਕੀਤੀ, ਜਿਸ ਕਰਕੇ ਉਹਨਾਂ ਨਾਲ ਸੰਬੰਧਤ ਜ਼ਿਆਦਾ ਗੁਰਦੁਆਰੇ ਉਥੇ ਹੀ ਹਨ ਜਿੱਥੇ ਉਹਨਾਂ ਦੀ ਗੱਦੀ ਸਥਿਤ ਸੀ। ਜਿਵੇਂ ਕਿ ਗੁਰੂ ਅੰਗਦ ਦੇਵ ਜੀ ਦੇ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਸਾਹਿਬ ਤੇ ਗੁਰੂ ਰਾਮਦਾਸ ਜੀ ਦੇ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਦੇ ਜਨਮ-ਅਸਥਾਨ ਦਾ ਗੁਰਦੁਆਰਾ ਲਾਹੌਰ ਵਿਚ ਹੈ ਜੋੋ ਹੁਣ ਪਾਕਿਸਤਾਨ ਵਿਚ ਰਹਿ ਗਿਆ ਹੈ। ਖਡੂਰ ਸਾਹਿਬ, ਤਰਨਤਾਰਨ ਤੋਂ ਕੋਈ 20 ਕਿਲੋਮੀਟਰ ਦੂਰੀ 'ਤੇ ਅੰਮ੍ਰਿਤਸਰ ਤੋਂ ਕੋਈ 40 ਕਿਲੋਮੀਟਰ ਦੂਰ ਹੈ। ਇਸ ਅਸਥਾਨ 'ਤੇ ਗੁ: ਤਪਿਆਣਾ ਸਾਹਿਬ, ਗੁ: ਤਪ ਅਸਥਾਨ ਸ੍ਰੀ ਗੁਰੁ ਅੰਗਦ ਦੇਵ ਜੀ, ਗੁ: ਅੰਗੀਠਾ ਸਾਹਿਬ, ਗੁ: ਥੜ੍ਹਾ ਸਾਹਿਬ, ਗੁਰੂ ਅਮਰਦਾਸ ਜੀ ਦਾ ਮਾਈ ਭਰਾਈ ਵਾਲਾ ਗੁਰਦੁਆਰਾ ਸੁਭਾਮਿਾਨ ਹਨ। ਗੁਰਦੁਆਰਾ ਮੱਲ ਅਖਾੜਾ ਦਾ ਜ਼ਿਕਰ ਪਹਿਲੇ ਇਕ ਪ੍ਰਸ਼ਨ ਵਿਚ ਆ ਚੁੱਕਾ ਹੈ। ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰੇ ਹਨ :- ਬਾਉਲੀ ਸਾਹਿਬ, ਕਿੱਲੀ ਸਾਹਿਬ, ਚੁਬਾਰਾ ਬਾਬਾ ਮੋਹਨ ਜੀ, ਗੁਰਿਆਈ ਅਸਥਾਨ ਗੁਰੂ ਰਾਮਦਾਸ ਜੀ ਅਤੇ ਜੋੋਤੀ ਜੋੋਤ ਅਸਥਾਨ ਭਾਈ ਗੁਰਦਾਸ ਜੀ। ਗੋਇੰਦਵਾਲ ਤੋਂ ਖਡੂਰ ਸਾਹਿਬ ਜਾਣ ਵਾਲੀ ਸੜਕ 'ਤੇ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਦਾ ਜ਼ਿਕਰ ਅੱਗੇ ਆ ਚੁੱਕਾ ਹੈ। ਗੁਰੂ ਰਾਮਦਾਸ ਜੀ ਦੇ ਅੰਮ੍ਰਿਤਸਰ ਸਥਿਤ ਗੁਰਦੁਆਰਿਆਂ ਵਿਚ ਗੁਰਦੁਆਰਾ ਗੁਰੂ ਕੇ ਮਹਿਲ ਦਾ ਜ਼ਿਕਰ ਵੀ ਅਸੀਂ ਪਹਿਲਾਂ ਸੁਆਲਾਂ ਦੇ ਜੁਆਬਾਂ ਵਿਚ ਕਰ ਚੁੱਕੇ ਹਾਂ।