| (1) Question:- |
ਗੁਰੂ ਸਾਹਿਬਾਨ ਦੇ ਮੁੱਖ ਉਪਦੇਸ਼ਾਂ ਦਾ ਸੰਖੇਪ ਵਿਚ ਜ਼ਿਕਰ ਕਰੋ। ਕੀ ਇਹ ਉਪਦੇਸ਼ ਕਿਸੇ ਖਾਸ ਤਬਕੇ ਲਈ ਹਨ? |
| Answer:- |
ਗੁਰੂ ਸਾਹਿਬਾਂ ਦੇ ਮੁੱਖ ਉਪਦੇਸ਼ ਕਿਸੇ ਖਾਸ ਤਬਕੇ ਲਈ ਨਹੀਂ ਸਨ, ਬਲਕਿ ਸਾਰੀ ਮਾਨਵ ਜਾਤੀ ਲਈ ਸਾਂਝੇ ਸਨ। ਗੁਰੂ ਨਾਨਕ ਦੇਵ ਜੀ ਨੇ ਦੂਰ-ਦੁਰਾਡੇ ਯਾਤਰਾਵਾਂ ਕਰ ਕੇ ਸਾਰੇ ਸੰਸਾਰ ਨੂੰ ਦੱਸਿਆ ਕਿ ਸਾਰੇ ਲੋਕ, ਬਲਕਿ ਸਾਰੀ ਸ੍ਰਿਸ਼ਟੀ ਇਕ ਪ੍ਰਮਾਤਮਾ ਦੀ ਰਚੀ ਹੋਈ ਹੈ। ਉਸ ਪ੍ਰਮਾਤਮਾ ਨਾਲੋਂ ਸਾਡੀ ਆਤਮਾ ਵਿਛੜੀ ਹੋਈ ਹੈ, ਪਰ ਕਿਉਂਕਿ ਸਾਡੀ ਆਤਮਾ ਉਸ ਪਰਮ-ਆਤਮਾ ਦਾ ਇਕ ਅੰਸ਼ ਹੈ, ਜਦ ਤੱਕ ਇਹ ਅੰਸ਼ ਉਸ ਨਾਲ ਮਿਲ ਨਹੀਂ ਜਾਂਦਾ, ਸਾਨੂੰ ਜੀਵਨ-ਮਰਨ ਦੇ ਗੇੜ ਵਿਚੋਂ ਮੁਕਤੀ ਨਹੀਂ ਮਿਲ ਸਕਦੀ। ਸਾਡੀ ਜ਼ਿੰਦਗੀ ਦਾ ਮਕਸਦ ਪ੍ਰਭੂ ਨਾਲ ਉਹ ਮੇਲ ਹੀ ਹੈ ਜੋ ਸਾਨੂੰ ਫੇਰ ਜੂਨਾਂ ਵਿਚ ਪੈਣ ਤੋਂ ਬਚਾਉਂਦਾ ਹੈ। ਪਰ ਇਹ ਮੇਲ ਕਿਸ ਤਰ੍ਹਾਂ ਹੋਵੇਗਾ, ਇਸ ਲਈ ਉਸ ਪ੍ਰਮਾਤਮਾ ਨੂੰ ਹਮੇਸ਼ਾਂ ਯਾਦ ਰੱਖਣਾ ਪਵੇਗਾ। ਉਸ ਨੂੰ ਯਾਦ ਰੱਖਣ ਲਈ ਉਸਦੇ ਨਾਮ ਦਾ ਸਿਮਰਨ, ਉਸਦੇ ਗੁਣਾਂ ਦਾ ਗੁਣਗਾਣ ਤੇ ਉਸ ਨਾਲ ਤੇ ਉਸ ਦੀ ਬਣਾਈ ਹੋਈ ਹਰ ਸ਼ੈਅ ਨਾਲ ਪਿਆਰ ਜ਼ਰੂਰੀ ਹੈ। ਜੇ ਅਸੀਂ ਉਸਦੇ ਬਣਾਏ ਹੋਏ ਸਾਰੇ ਜੀਵਾਂ ਨਾਲ ਪਿਆਰ ਕਰਾਂਗੇ ਤਾਂ ਈਰਖਾ, ਦਵੈਸ਼, ਨਫਰਤ, ਬਦਲੇ ਦੀ ਭਾਵਨਾ ਆਦਿ ਸਭ ਖਤਮ ਹੋ ਜਾਣਗੀਆਂ। ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਵਰਗੇ ਦੁਸ਼ਟ ਤੇ ਨਿੰਦਾ, ਚੁਗਲੀ ਵਰਗੀਆਂ ਨਾਲ ਜੁੜੀਆਂ ਬੁਰਾਈਆਂ ਵੀ ਕਾਬੂ ਵਿਚ ਆ ਜਾਣਗੀਆਂ। ਸਾਡੀ ਮੈਂ-ਮੈਂ ਖਤਮ ਹੋ ਜਾਵੇਗੀ ਤੇ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ। ਪ੍ਰਮਾਤਮਾ ਵਾਲੇ ਸਾਰੇ ਦੈਵੀ ਗੁਣ ਸਾਨੂੰ ਆਪਣੇ ਆਪ ਵਿਚ ਤੇ ਹੋਰਨਾਂ ਵਿਚ ਨਜ਼ਰ ਆਉਣਗੇ। ਫੇਰ ਇੰਝ ਜਾਪੇਗਾ, ਜਿਵੇਂ
'ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਇ।।'
ਗ੍ਰਹਿਸਤ ਮਾਰਗ
ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਨਾਮ ਜਪਣ ਲਈ ਭਗਤੀ ਲਈ ਲੋਕ ਜੰਗਲਾਂ ਵਿਚ, ਪਹਾੜਾਂ ਵਿਚ ਇਕਾਂਤ ਲੱਭਦੇ ਸਨ। ਪਰ ਗੁਰੂ ਸਾਹਿਬ ਇਸ ਨੂੰ ਚੰਗਾ ਨਹੀਂ ਸਮਝਦੇ ਸਨ, ਇਹ ਤੇ ਕਮਜ਼ੋਰੀ ਹੈ, ਰੱਬ ਦੇ ਬਣਾਏ ਹੋਏ ਲੋਕਾਂ ਤੋਂ ਦੂਰ ਰਹਿਣ ਦਾ ਮਤਲਬ ਹੈ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ, ਸਮਾਜ ਪ੍ਰਤੀ ਬੇਰੁਖ਼ੀ ਦਾ ਰਵੱਈਆ ਰੱਖਣਾ, ਫੇਰ ਕਿਸੇ ਨਾਲ ਪਿਆਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਫਿਰ ਸੇਵਾ, ਇਨਸਾਫ਼, ਸਚਾਈ ਵਰਗੀਆਂ ਕਦਰਾਂ ਕੀਮਤਾਂ ਬੇ-ਮਾਇਨਾ ਹੋ ਜਾਂਦੀਆਂ ਹਨ। ਗੁਰੂ ਸਾਹਿਬ ਨੇ ਗ੍ਰਹਿਸਤ ਜੀਵਨ ਵਿਚ ਰਹਿ ਕੇ ਨਾਮ ਜਪਣ ਲਈ ਕਿਹਾ। ਗ੍ਰਹਿਸਤ ਵਿਚ ਰਹਾਂਗੇ ਤਾਂ ਰੋਟੀ ਕਮਾ ਕੇ ਖਾਣੀ ਤੇ ਪਰਿਵਾਰ ਵਾਲਿਆਂ ਨੂੰ ਖਵਾਉਣੀ ਪਵੇਗੀ, ਭਿੱਖਿਆ ਮੰਗ ਕੇ ਨਹੀਂ ਜਿਵੇਂ ਕਿ ਉਸ ਸਮੇਂ ਦੇ ਜੋਗੀ ਕਰਦੇ ਸਨ।
ਕਿਰਤ ਕਰਨ ਦੀ ਮਹੱਤਤਾ
ਸੋ ਕਿਰਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ। ਸਮਾਜ ਪ੍ਰਤੀ ਜ਼ਿੰਮੇਵਾਰੀ ਸਮਝਣ ਲਈ ਆਪਣੀ ਕਮਾਈ ਨੂੰ ਜ਼ਰੂਰਤਮੰਦਾਂ ਨਾਲ ਵੰਡਣ ਦੀ ਸਿੱਖਿਆ ਵੀ ਗੁਰੂਆਂ ਨੇ ਵੰਡ ਛਕਣ ਦਾ ਸੰਕਲਪ ਦੇ ਕੇ ਦਿੱਤੀ। ਦਸਵੰਧ ਕੱਢਣਾ ਤੇ ਲੰਗਰ ਦੀ ਪ੍ਰਥਾ ਸੰਕਲਪ ਦੇ ਅੰਗ ਹਨ। ਸੋ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ ਮੁੱਢਲੇ ਉਪਦੇਸ਼ ਹਨ। ਇਕ ਆਦਰਸ਼ਕ ਸਿੱਖ ਜੀਵਨ ਦੇ ਇਹ ਤਿੰਨ ਸੁਨਹਿਰੀ ਅਸੂਲ ਹਨ।
ਸਿੱਖ ਧਰਮ ਵਿਚ ਜਾਤ-ਪਾਤ ਤੇ ਧਰਮ ਦੇ ਕਰਮ-ਕਾਂਡਾਂ ਦੀ ਨਿਖੇਧੀ ਕੀਤੀ ਗਈ ਹੈ। ਸਾਰਿਆਂ ਦੀ ਜਾਤ ਇਕ ਹੀ ਹੈ। ਇਕ ਪ੍ਰਭੂ ਦੀ ਸੰਤਾਨ, ਸੋ ਊਚ-ਨੀਚ ਦਾ ਕੋਈ ਸਵਾਲ ਨਹੀਂ। ਕਰਮ-ਕਾਂਡ ਜਿਵੇਂ ਵਰਤ ਰੱਖਣੇ, ਤੀਰਥ ਇਸ਼ਨਾਨ ਕਰਨੇ, ਬਲੀਆਂ ਚੜ੍ਹਾਉਣੀਆਂ, ਸੂਤਕ-ਪਾਤਕ ਮੰਨਣਾ, ਵਹਿਮ-ਭਰਮ, ਮੂਰਤੀ ਪੂਜਾ, ਕਬਰਾਂ-ਮੜ੍ਹੀਆਂ-ਮਸਾਣਾਂ ਪੂਜਣੀਆਂ, ਆਦਿ ਵਿਅਰਥ ਹਨ। ਗੁਰਬਾਣੀ ਅਨੁਸਾਰ :-
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ।। (ਅੰਗ 747)
ਐਸੇ ਕਰਮ-ਕਾਂਡਾਂ ਨੂੰ ਛੱਡ ਕੇ ਸ਼ੁਭ ਕਰਮ (ਸੁਕ੍ਰਿਤ) ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ।। (ਅੰਗ 621)
ਸਵਰਗ ਨਰਕ ਬਾਰੇ
ਸਾਡੇ ਸ਼ੁਭ ਕਰਮ ਹੀ ਸਾਡੀ ਜ਼ਿੰਦਗੀ ਨੂੰ ਸਵਰਗ ਬਣਾਉਂਦੇ ਹਨ। ਅਸਮਾਨ 'ਤੇ ਕੋਈ ਸਵਰਗ ਨਰਕ ਨਹੀਂ। ਜਿਸ ਤਰ੍ਹਾਂ ਦਾ ਅਸੀਂ ਕਰਮ ਕਰਦੇ ਹਾਂ ਉਸ ਤਰ੍ਹਾਂ ਦਾ ਹੀ ਫਲ ਭੋਗਦੇ ਹਾਂ। ਨਾਮ ਸਿਮਰਨ ਕਿਉਂਕਿ ਸਭ ਤੋਂ ਉਤਮ ਕਰਮ ਹੈ, ਸੋ ਸੁਰਤ ਦਾ ਪ੍ਰਭੂ ਵਿਚ ਲੀਨ ਹੋਣਾ ਹੀ ਸਵਰਗ ਹੈ। ਤੇ ਜੋ ਇਸ ਦੇ ਉਲਟ ਧਨ ਦੌਲਤ, ਸ਼ੋਹਰਤ, ਧੀਆਂ ਪੁੱਤਾਂ ਆਦਿ ਦੇ ਪਿੱਛੇ ਲੱਗੇ ਹਨ ਉਹ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੇ ਵੱਸ ਪੈ ਕੇ ਨਰਕ ਭੋਗਦੇ ਹਨ। 'ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ।। (ਅੰਗ 134) ਗੀਤਾ ਵਿਚ ਕਰਮ ਸਿਧਾਂਤ 'ਤੇ ਜ਼ੋਰ ਦਿੱਤਾ ਗਿਆ ਹੈ ਤੇ ਇਨਸਾਨ ਨੂੰ ਨਿਸ਼ਕਾਮ ਭਾਵ ਨਾਲ ਕਰਮ ਕਰਨ ਲਈ ਤੇ ਫ਼ਲ ਪ੍ਰਮਾਤਮਾ 'ਤੇ ਛੱਡਣ ਲਈ ਕਿਹਾ ਗਿਆ ਹੈ।
ਕਰਮਾਂ ਦੀ ਗੱਲ
ਸਿੱਖ ਧਰਮ ਅਨੁਸਾਰ ਜਿਹਾ ਕਰਮ ਅਸੀਂ ਕਰਦੇ ਹਾਂ ਤੇਹਾ ਫ਼ਲ ਭੋਗਣਾ ਪੈਂਦਾ ਹੈ ਪਰ ਕਰਮ ਜਦ ਪ੍ਰੇਮਾ-ਭਗਤੀ ਨਾਲ ਜੁੜਦੇ ਹਨ ਤਾਂ ਧਰਮ ਦਾ ਅਸਲੀ ਸਰੂਪ ਉਭਰਦਾ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿਚ ਫੁਰਮਾਨ ਕਰਦੇ ਹਨ:-
ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। (ਅੰਗ 266)
ਸਹਿਜ ਅਵੱਸਥਾ
ਹਿੰਦੂ ਧਰਮ ਵਿਚ ਗਿਆਨ ਯੋਗ, ਕਰਮ ਯੋਗ ਤੇ ਭਗਤੀ ਯੋਗ, ਤਿੰਨਾਂ ਦੀ ਗੱਲ ਅਲੱਗ-ਅਲੱਗ ਕੀਤੀ ਗਈ ਹੈ। ਸਿੱਖ ਧਰਮ ਵਿਚ ਇਹ ਸਾਰੀਆਂ ਸਹਿਜ ਯੋਗ ਦੀਆਂ ਅਵਸਥਾਵਾਂ ਹਨ। ਸਹਿਜ ਅਵਸਥਾ ਵਿਚ ਪੁੱਜਣ ਲਈ ਪ੍ਰੇਮ ਪ੍ਰਧਾਨ ਹੈ। 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।' ਇਹ ਸੰਦੇਸ਼ ਦਸਮ ਪਿਤਾ ਨੇ ਸਾਰੀ ਲੋਕਾਈ ਲਈ ਦਿੱਤਾ ਹੈ। ਸਿੱਖ ਧਰਮ ਭਾਵੇਂ ਕਰਮ ਸਿਧਾਂਤ ਨੂੰ ਮੰਨਦਾ ਹੈ, ਪਰ ਇਹ ਮਾਨਤਾ ਵੀ ਹੈ ਕਿ ਜੇ ਨਾਮ ਸਿਮਰਨ ਕੀਤਾ ਹੋਵੇ ਤਾਂ ਮੰਦੇ ਕਰਮ ਵੀ ਬਖ਼ਸ਼ੇ ਜਾਂਦੇ ਹਨ। ਬਾਣੀ ਵਿਚ ਐਸੇ ਲੋਕਾਂ ਦਾ ਜ਼ਿਕਰ ਆਉਂਦਾ ਹੈ।
ਜਿਵੇਂ ਗਨਕਾ, ਅਜਾਮਲ ਜਿਨ੍ਹਾਂ ਨੇ ਜਦ ਪ੍ਰਭੂ ਦਾ ਨਾਮ ਲੈਣਾ ਸ਼ੁਰੂ ਕੀਤਾ ਤਦ ਉਨ੍ਹਾਂ ਦੁਆਰਾ ਕੀਤੇ ਪਾਪ ਧੋਤੇ ਗਏ। ਗੁਰੂ ਮਹਾਰਾਜ ਦਾ ਇਹੋ ਇਲਾਹੀ ਉਪਦੇਸ਼ ਸੀ ਜਿਸ ਨੇ ਸੱਜਣ ਠੱਗ ਤੇ ਕੌਡੇ ਰਾਖਸ਼ ਵਰਗੇ ਤਾਰ ਦਿੱਤੇ।
ਕਠਿਨ ਰਾਹ
ਪ੍ਰਮਾਤਮਾ ਦੇ ਨਾਲ ਪ੍ਰੇਮ ਕਰਨ ਦਾ ਇਹ ਰਸਤਾ ਆਸਾਨ ਨਹੀਂ, ਕਠਿਨ ਹੈ। ਆਪਣਾ ਸਭ ਕੁਝ ਵਾਰ ਕੇ ਅਪਣਾਇਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੇ ਮੁਖਵਾਕ ਹਨ-
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।। (ਅੰਗ 1412)
ਬੇਗਮਪੁਰਾ ਦੀ ਅਵੱਸਥਾ
ਗੁਰੂ ਅਮਰਦਾਸ ਜੀ ਨੇ ਵੀ 'ਖੰਨਿਅਹੁ ਤਿਖੀ ਵਾਲਹੁ ਨਿਕੀ' ਇਸ ਰਾਹ 'ਤੇ ਚੱਲਣ ਲਈ ਸਰੀਰ ਦੇ ਹਰ ਅੰਗ, ਜਿਵੇਂ ਕੰਨ ਤੇ ਅੱਖਾਂ ਨੂੰ ਪ੍ਰਭੂ ਉਸਤਤ ਸੁਨਣ ਲਈ ਤੇ ਹਰ ਇਕ ਵਿਚ ਪ੍ਰਭੂ ਨੂੰ ਦੇਖਣ ਲਈ ਕਿਹਾ ਹੈ। ਇਸ ਅਵਸਥਾ ਵਿਚ ਪੁੱਜ ਕੇ ਆਨੰਦ ਪ੍ਰਾਪਤ ਹੁੰਦਾ ਹੈ ਤੇ ਚਿੱਤ ਆਨੰਦ ਦੀ ਇਸ ਹਾਲਤ ਵਿਚ ਜਿਉਂਦਿਆਂ ਹੋਇਆਂ ਵੀ ਮਰਿਆ ਹੋਇਆ ਹੁੰਦਾ ਹੈ ਭਾਵ ਉਸਦੀ ਹਉਮੈ ਮਰ ਜਾਂਦੀ ਹੈ ਤੇ ਉਹ ਪਰਉਪਕਾਰੀ ਹੋ ਕੇ ਜੀਵਨ ਬਤੀਤ ਕਰਦਾ ਹੈ। ਇਸ ਅਵਸਥਾ ਨੂੰ ਪਾਉਣ ਵਾਲੇ ਗੁਰਮੁੱਖ ਨੂੰ ਕੋਈ ਗਮ, ਦੁੱਖ, ਚਿੰਤਾ ਨਹੀਂ ਵਿਆਪਦੀ। ਭਗਤ ਰਵਿਦਾਸ ਜੀ ਇਸ ਅਵਸਥਾ ਨੂੰ ਹੀ ਬੇਗਮਪੁਰਾ ਸ਼ਹਿਰ ਕਹਿੰਦੇ ਹਨ। ਫਿਰ ਜੋ ਕੁਝ ਵੀ ਹੁੰਦਾ ਜਾਂ ਜੋ ਵੀ ਵਾਪਰਦਾ ਹੈ ਉਹ ਪ੍ਰਮਾਤਮਾ ਦਾ ਹੁੰਦਾ ਹੈ ਤੇ ਉਸਦੇ ਹੁਕਮ ਅਨੁਸਾਰ ਹੁੰਦਾ ਹੈ। ਉਸਦੇ ਹੁਕਮ ਅਨੁਸਾਰ ਰਹਿਣਾ, ਭਾਣਾ ਮੰਨਣਾ ਇਸ ਅਵੱਸਥਾ ਦੇ ਸੰਕੇਤਕ ਹਨ। ਜਪੁਜੀ ਸਾਹਿਬ ਵਿਚ ਪੰਜ ਖੰਡ, ਕਰਮ ਖੰਡ, ਗਿਆਨ ਖੰਡ, ਧਰਮ ਖੰਡ, ਸਰਮ ਖੰਡ ਹੈ ਤੇ ਸੱਚ ਖੰਡ ਇਸ ਅਵੱਸਥਾ ਤੋਂ ਪੁੱਜਣ ਦੀਆਂ ਪੌੜੀਆਂ ਹਨ, ਦੂਸਰੇ ਸ਼ਬਦਾਂ ਵਿਚ ਇਹ ਇਨਸਾਨ ਦੀ ਅਧਿਆਤਮਿਕ ਤਰੱਕੀ ਨੂੰ ਪ੍ਰਗਟਾਉਂਦੇ ਹਨ। ਇਸ ਬਾਰੇ ਵਿਸਥਾਰ ਵਿਚ ਇਕ ਹੋਰ ਸਵਾਲ ਦੇ ਉਤਰ ਵਿਚ ਦੱਸਿਆ ਗਿਆ ਹੈ।
ਲਾਵਾਂ ਵਿਚ ਚਾਰ ਮੰਜ਼ਿਲਾਂ
ਇਸ ਤਰ੍ਹਾਂ ਹੀ ਚੌਥੇ ਪਾਤਸ਼ਾਹ ਦੀ ਬਾਣੀ ਲਾਵਾਂ ਵਿਚ ਪਤੀ ਪ੍ਰਮੇਸ਼ਵਰ ਦੇ ਮਿਲਾਪ ਦੀਆਂ ਚਾਰ ਮੰਜ਼ਲਾਂ ਦੱਸਦੇ ਹਨ। ਪਹਿਲੀ ਮੰਜ਼ਲ ਹੈ ਤਿਆਰੀ ਦੀ ਜਿਸ ਵਿਚ ਸ਼ੁਭ ਕਰਮ, ਜਿਵੇਂ ਸੀਲ, ਸੰਤੋਖ, ਦਇਆ, ਖਿਮਾਂ ਆਦਿ ਦ੍ਰਿੜ੍ਹ ਕਰਨੇ ਹਨ, ਗਿਆਨ ਦੀ ਪ੍ਰਾਪਤੀ ਕਰਨੀ ਹੈ ਤੇ ਔਗੁਣ ਜਿਵੇਂ ਕਿ ਝੂਠ, ਨਿੰਦਾ ਆਦਿ ਤਿਆਗਣੇ ਹਨ। ਦੂਜੀ ਲਾਂਵ ਦੂਜੀ ਪਉੜੀ 'ਤੇ ਲੈ ਜਾਂਦੀ ਹੈ ਜਿੱਥੇ ਪਤੀ ਹੀ ਨਜ਼ਰ ਆਉਂਦਾ ਹੈ, ਉਸਦੀ ਹੀ ਆਵਾਜ਼ ਸੁਣਦੀ ਹੈ, ਉਸ ਦੇ ਗੁਣ ਗਾਏ ਜਾਂਦੇ ਹਨ। ਤੀਜੀ ਪਉੜੀ ਵਿਚ ਮਿਲਣ ਦੀ ਖਿੱਚ ਦਾ ਜ਼ਿਕਰ ਹੈ, ਪ੍ਰੀਤਮ ਪਿਆਰੇ ਦਾ ਨਾਮ ਹਿਰਦੇ ਵਿਚ ਵੱਸ ਗਿਆ ਹੈ ਤੇ ਜੋ ਸੰਤ ਜਨਾਂ ਨਾਲ ਮੇਲ ਹੋਇਆ ਹੈ ਉਹ ਉਸ ਪਿਆਰੇ ਦੇ ਵਿਚਾਰ ਤੇ ਗੁਣ ਗਣ ਹੀ ਕਰਦੇ ਹਨ। ਇਸ ਵੈਰਾਗ ਦੀ ਅਵੱਸਥਾ ਵਿਚ ਤਨ, ਮਨ, ਧਨ, ਸਭ ਪਿਆਰੇ ਦੇ ਸਪੁਰਦ ਕਰ ਦਿੱਤਾ ਹੈ, ਤੇ ਆਖਿਰ ਵਿਚ ਮੇਲ ਹੋ ਗਿਆ ਹੈ, ਜਿਵੇਂ ਮਨ ਚਿੰਦਿਆਂ ਫ਼ਲ ਮਿਲ ਗਿਆ ਹੋਵੇ। ਉਪਰੰਤ ਇਹ ਹੈ ਸਹਿਜ ਅਵੱਸਥਾ।
ਚਾਰ ਪਦਾਰਥ ਤੇ ਮੁਕਤੀ ਤੋਂ ਭਾਵ
ਸਹਿਜ ਅਵੱਸਥਾ ਦੀ ਪ੍ਰਾਪਤੀ ਲਈ ਜਿਥੇ ਗੁਰੂ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਹੀ ਸਾਧ ਦੇ ਸੰਗ ਦੀ ਮਹਿਮਾ ਵੀ ਦੱਸੀ ਗਈ ਹੈ, ਇਥੋਂ ਤੱਕ ਕਿ ਜੇ ਚਾਰ ਪਦਾਰਥਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਗੁਰੂ ਸਾਹਿਬ ਫੁਰਮਾਂਦੇ ਹਨ ਕਿ:-
'ਚਾਰ ਪਦਾਰਥ ਜੇ ਕੋ ਮਾਗੈ।। ਸਾਧ ਜਨਾ ਕੀ ਸੇਵਾ ਲਾਗੈ।।' (ਅੰਗ 266)
ਇਹ ਚਾਰ ਪਦਾਰਥ ਹਨ-ਧਰਮ, ਅਰਥ, ਕਾਮ ਅਤੇ ਮੋਕਸ਼। ਧਰਮ ਤੋਂ ਭਾਵ ਹੈ ਕਰਤਵ ਦੀ ਸੁਚੱਜੇ ਤੇ ਨੇਕ ਢੰਗ ਨਾਲ ਪਾਲਣਾ, ਅਰਥ ਤੋਂ ਭਾਵ ਹੈ ਆਰਥਿਕ ਪ੍ਰਾਪਤੀਆਂ ਤੇ ਕਾਮ ਜੀਵ ਦੀਆਂ ਜਾਇਜ਼ ਇੱਛਾਵਾਂ ਨੂੰ ਪ੍ਰਗਟਾਉਂਦਾ ਹੈ। ਮੋਕਸ਼ ਲਈ ਸਿੱਖ ਧਰਮ ਵਿਚ ਮੁਕਤੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਦਾ ਭਾਵ ਹੈ ਜੀਵਨ ਮਰਨ ਦੇ ਗੇੜ ਤੋਂ ਮੁਕਤੀ। ਗੁਰਬਾਣੀ ਅਨੁਸਾਰ ਸੰਤ ਅਤੇ ਸਾਧ ਦੋਵੇਂ ਅਭਿੰਨ ਵਿਅਕਤੀ ਹਨ, ਪਰ ਸਮੂਹਿਕ ਰੂਪ ਵਿਚ ਸਾਧ ਸੰਗਤ ਜਾਂ ਸਤਿ ਸੰਗਤ ਦਾ ਸਿੱਖ ਧਰਮ ਵਿਚ ਇਕ ਵਿਸ਼ੇਸ਼ ਸਥਾਨ ਹੈ। ਗੁਰੂਆਂ ਨੇ ਸਿੱਖ ਲਈ ਸਾਧ ਸੰਗਤ ਵਿਚ ਜਾਣਾ ਜ਼ਰੂਰੀ ਕਰਾਰ ਦਿੱਤਾ ਹੈ ਕਿਉਂਕਿ ਉਥੇ ਜਾ ਕੇ ਆਪਸੀ ਸਾਂਝ ਵੱਧਦੀ ਹੈ, ਵੈਰ ਵਿਰੋਧ ਤੇ ਆਪਣੇ-ਪਰਾਏ ਦੀਆਂ ਭਾਵਨਾਵਾਂ ਦਾ ਨਾਸ਼ ਹੁੰਦਾ ਹੈ-
ਬਿਸਰਿ ਗਈ ਸਭ ਤਾਤਿ ਪਰਾਈ।।
ਜਬ ਤੇ ਸਾਧਸੰਗਤਿ ਮੋਹਿ ਪਾਈ।।ਰਹਾਉ।। (ਅੰਗ 1299)
ਸਾਧ ਸੰਗਤ ਦੀ ਮਹੱਤਤਾ
ਗੁਰਬਾਣੀ ਵਿਚ ਸਾਧ ਸੰਗਤ ਨੂੰ ਬੈਕੁੰਠ ਤੋਂ ਵੀ ਉਤਮ ਦੱਸਿਆ ਗਿਆ ਹੈ। ਐਸੀ ਸੰਗਤ ਜਿੱਥੇ ਪ੍ਰਭੂ ਦੇ ਨਾਮ ਦਾ ਵਿਆਖਿਆਨ ਹੁੰਦਾ ਹੈ, ਇਕ ਪਾਰਸ ਦੀ ਤਰ੍ਹਾਂ ਹੈ, ਜਿਸ ਵਿਚ ਜਾ ਕੇ ਪਤਿਤ ਵੀ ਪਾਵਨ ਹੋ ਜਾਂਦਾ ਹੈ। ਸਿੱਖ ਧਰਮ ਵਿਚ ਸਾਧ ਸੰਗਤ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੁਰੀ ਵਿਚ ਸਜਦੀ ਹੈ, ਉਸ ਵੇਲੇ ਮਨ ਦੀ ਸਥਿਤੀ ਉੱਚੀ ਹੋ ਜਾਂਦੀ ਹੈ ਤੇ 'ਸਤਿ ਸੰਗਤਿ ਮਿਲੇ ਸੁ ਤਰਿਆ' ਵਾਲੀ ਸਥਿਤੀ ਬਣ ਜਾਂਦੀ ਹੈ। ਸੁਰਤਿ ਸ਼ਬਦ ਨਾਲ ਜੁੜ ਜਾਂਦੀ ਹੈ।
ਸੁਰਤਿ ਸ਼ਬਦ ਦਾ ਯੋਗ
ਗੁਰੂ ਨਾਨਕ ਦੇਵ ਜੀ ਨੇ 'ਸਿਧ ਗੋਸਟਿ' ਵਿਚ ਸੁਰਤਿ ਸ਼ਬਦਿ ਦੇ ਯੋਗ ਦਾ ਜ਼ਿਕਰ ਕੀਤਾ ਹੈ ਜਿਸ ਦਾ ਭਾਵ ਹੈ ਸ਼ਬਦਿ (ਨਾਮ) ਵਿਚ ਸੁਰਤੀ ਦਾ ਲੀਨ ਹੋ ਜਾਣਾ। ਇਹ ਪ੍ਰੇਮਾ ਭਗਤੀ ਦੀ ਯੋਗ ਕ੍ਰਿਆ ਹੈ। ਯੋਗ ਤੋਂ ਭਾਵ ਹੈ ਮੇਲ। ਇਸ ਪ੍ਰਮਾਤਮਾ ਦੇ ਮੇਲ ਲਈ ਕਈ ਤਰ੍ਹਾਂ ਦੀਆਂ ਯੋਗ ਸਾਧਨਾਵਾਂ ਪ੍ਰਚੱਲਿਤ ਰਹੀਆਂ ਹਨ। ਰਿਸ਼ੀ ਪਤੰਜਲੀ ਨੇ ਯੋਗ ਸੂਤ੍ਰ ਵਿਚ ਅੱਠ ਅੰਗਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਯਮ ਤੇ ਨਿਯਮ ਕਰਨ ਤੇ ਨਾ ਕਰਨ ਵਾਲੇ ਕੰਮ ਹਨ, ਆਸਣ ਸਰੀਰਕ ਕਸਰਤ ਦੇ ਢੰਗ ਹਨ, ਪ੍ਰਾਣਾਯਮ ਤੇ ਪ੍ਰਤੀਹਾਰ ਸਾਹ ਨੂੰ ਨਿਅੰਤਰਿਤ ਕਰਨ ਦੀਆਂ ਕ੍ਰਿਆਵਾਂ ਹਨ ਤੇ ਆਖਰੀ ਤਿੰਨ ਧਾਰਾ, ਧਿਆਨ ਤੇ ਸਮਾਧੀ ਮਨ ਨੂੰ ਜੋੜਨ ਤੇ ਕੇਂਦਰਿਤ ਕਰਨ ਨਾਲ ਸਬੰਧਿਤ ਹਨ। ਸਿੱਖ ਧਰਮ ਵਿਚ ਚੰਗੇ ਤੇ ਮੰਦੇ ਕੰਮਾਂ ਨੂੰ ਕਰਨ ਤੇ ਨਾ ਕਰਨ ਦਾ ਜ਼ਿਕਰ ਹੈ, ਕਸਰਤ ਕਰਨ ਦਾ ਵੀ ਕੋਈ ਵਿਰੋਧ ਨਹੀਂ ਪਰ ਸਾਹ ਤੇ ਮਨ ਨੂੰ ਕਾਬੂ ਕਰਨ ਲਈ ਸਰੀਰ ਨੂੰ ਕਸ਼ਟ ਦੇਣਾ ਜਾਂ ਹਠ ਕਰਨਾ ਗੁਰਮਤਿ ਅਨੁਕੂਲ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ:-
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ।।
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ।।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ।। (ਅੰਗ 730)
ਸਿੱਖ ਧਰਮ ਵਿਚ ਯੋਗ
ਦਸਮ ਪਿਤਾ ਨੇ ਵੀ ਯੋਗ ਦਾ ਇਹ ਢੰਗ ਦੱਸਿਆ ਹੈ:-
ਰੇ ਮਨ ਇਹ ਬਿਧਿ ਜੋਗੁ ਕਮਾਓ।।
ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ।।ਰਹਾਉ।।
ਇਹ ਭਗਤਿ ਜੋਗ ਜਾਂ ਸਹਿਜ ਜੋਗ ਹੀ ਪ੍ਰਭੂ ਨਾਲ ਮਿਲਾਪ ਕਰਾਉਂਦਾ ਹੈ, ਉਸ ਦੇ ਸਭ ਜੀਵਾਂ ਨਾਲ ਪਿਆਰ ਪੈਦਾ ਕਰਦਾ ਹੈ ਤੇ ਇਨਸਾਨੀ ਭਾਈਚਾਰੇ ਦਾ ਮਾਹੌਲ ਸਿਰਜਦਾ ਹੈ। |
| (2) Question:- |
ਸਿੱਖ ਧਰਮ ਵਿਚ ਅਕਾਲ ਪੁਰਖ ਦਾ ਕੀ ਸੰਕਲਪ ਹੈ? ਸੰਖੇਪ ਸ਼ਬਦਾਂ ਵਿਚ ਸਪੱਸ਼ਟ ਕਰੋ। |
| Answer:- |
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਧੁਰ ਕੀ ਬਾਣੀ ਦਾ ਸ਼ਾਇਦ ਹੀ ਕੋਈ ਇਹੋ ਜਿਹਾ ਸ਼ਬਦ ਹੋਵੇ ਜਿਸ ਦਾ ਸਬੰਧ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਅਕਾਲ ਪੁਰਖ ਪਰਮਾਤਮਾ ਨਾਲ ਨਾ ਹੋਵੇ। ਪਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ ਰੱਖਣਾ ਸਿੱਖ ਧਰਮ ਦਾ ਸਭ ਤੋਂ ਮੁੱਢਲਾ ਸੰਕਲਪ ਹੈ। ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਹਸਤੀ ਲਈ ਕੋਈ ਸ਼ੰਕਾ ਨਹੀਂ ਰੱਖਿਆ ਤੇ ਨਾ ਹੀ ਕਦੀ ਇਸ ਹਸਤੀ ਨੂੰ ਦਲੀਲਾਂ ਅਤੇ ਸਬੂਤ ਦਾ ਮੁਹਤਾਜ ਸਮਝਿਆ। ਉਨ੍ਹਾਂ ਲਈ ਇਹ ਹੋਂਦ ਏਨੀ ਸਪੱਸ਼ਟ ਤੇ ਹਾਜ਼ਰ-ਹਜ਼ੂਰ ਸੀ ਕਿ ਇਸ ਨੂੰ ਸਾਬਤ ਕਰਨ ਦੀ ਕੋਈ ਲੋੜ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਹਰ ਪਾਸੇ ਅਕਾਲ ਪੁਰਖ ਨੂੰ ਹੀ ਦੇਖਿਆ। ਆਪ ਦਾ ਕਥਨ ਹੈ:-
ਜਹ ਜਹ ਦੇਖਾ ਤਹ ਤਹ ਸੋਈ।। (ਅੰਗ 1343)
ਰੱਬੀ ਗੁਣ
ਗੁਰੂ ਸਾਹਿਬ ਦਾ ਇਹ ਵੀ ਵਿਸ਼ਵਾਸ ਸੀ ਕਿ ਅਕਾਲ ਪੁਰਖ ਸਾਰੇ ਜੀਵਾਂ ਦਾ ਸਾਂਝਾ ਹੈ, ਉਸ ਪਰਮ-ਆਤਮਾ ਦੀ ਝਲਕ ਹਰ ਜੀਵ ਦੀ ਆਤਮਾ ਵਿਚ ਹੈ। ਮੂਲ-ਮੰਤਰ ਵਿਚ ਪਰਮਾਤਮਾ ਦੇ ਗੁਣ ਦਾ ਵਿਆਖਿਆਨ ਕਰਦੇ ਹੋਏ ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਕਰਤਾ ਪੁਰਖ ਹੈ, ਉਸ ਨੂੰ ਕੋਈ ਭੈਅ ਨਹੀਂ, ਉਸ ਦਾ ਕਿਸੇ ਨਾਲ ਵੈਰ ਨਹੀਂ, ਉਹ ਜਨਮ ਮਰਨ ਦੇ ਗੇੜ ਤੋਂਂ ਮੁਕਤ ਹੈ। ਭਾਵੇਂ ਉਸ ਦੇ ਅਨੇਕਾਂ ਨਾਮ ਹਨ ਪਰ ਉਨ੍ਹਾਂ ਨਾਵਾਂ ਕਰਕੇ ਕੋਈ ਭੇਦ ਨਹੀਂ ਹੈ। ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਨਿਰਲੇਪਤਾ ਤੇ ਉੱਚਤਾ ਦੇ ਭਾਵ ਨੂੰ ਲੇਪਤਾ, ਸਰਬ-ਵਿਆਪਕਤਾ ਨਾਲ ਜੋੜ ਕੇ ਇਕ ਨਵਾਂ ਖਿਆਲ ਦਿੱਤਾ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਨ੍ਹਾਂ ਦੀ ਗੱਦੀ 'ਤੇ ਬਿਰਾਜਮਾਨ ਦੂਸਰੇ ਗੁਰੂ ਸਾਹਿਬਾਨ ਨੇ ਵੀ ਪਰਮਾਤਮਾ ਦੇ ਕਈ ਨਾਂਵਾਂ ਦਾ ਜ਼ਿਕਰ ਕੀਤਾ, ਪਰ ਫਿਰ ਵੀ ਸਾਰੀ ਸ੍ਰਿਸ਼ਟੀ ਦਾ ਇਕੋ ਹੀ ਪਰਮਾਤਮਾ ਦੱਸਿਆ।
ਏਕਤਾ ਅਨੇਕਤਾ ਦਾ ਭਾਵ
ਦਸਮੇਸ਼-ਪਿਤਾ ਨੇ ਵੀ ਅਕਾਲ ਉਸਤਤਿ ਤੇ ਜਾਪੁ ਸਾਹਿਬ ਆਦਿ ਬਾਣੀਆਂ ਵਿਚ ਪਰਮਾਤਮਾ ਦੇ ਕੁਝ ਬੀਰ-ਰਸੀ ਭਾਵ ਨੂੰ ਪ੍ਰਗਟਾਉਣ ਵਾਲੇ ਨਾਂ ਵੀ ਦੱਸੇ ਪਰ ਉਸ ਦੀ ਵਿਆਪਕਤਾ ਤੇ ਸਰਬ-ਸਾਂਝੇ ਹੋਣ ਦੇ ਪੱਖ ਨੂੰ ਸਪੱਸ਼ਟ ਤੌਰ 'ਤੇ ਪ੍ਰਗਟਾਇਆ। ਇਥੇ ਇਹ ਵੀ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਸਿੱਖ ਧਰਮ ਵਿਚ ਏਕਤਾ-ਅਨੇਕਤਾ ਦਾ ਭਾਵ ਦੂਸਰੇ ਧਰਮਾਂ ਤੋਂ ਭਿੰਨ ਹੈ। ਇਸ ਤੋਂ ਇਹ ਭਾਵ ਨਹੀਂ ਕਿ ਜਦ ਉਹ ਅਨੇਕ ਹੈ ਤਾਂ ਬਹੁ-ਰੱਬੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਾਪੁ ਸਾਹਿਬ ਵਿਚ ਫੁਰਮਾਇਆ ਕਿ ਉਹ 'ਏਕ ਹੈ, ਅਨੇਕ ਹੈ, ਫਿਰ ਏਕ ਹੈ।।' ਪ੍ਰੋ. ਸ਼ੇਰ ਸਿੰਘ ਨੇ ਆਪਣੀ ਮਹੱਤਵਪੂਰਨ ਪੁਸਤਕ 'ਗੁਰਮਤਿ ਦਰਸ਼ਨ' ਵਿਚ ਇਸ ਭਾਵ ਨੂੰ ਗਣਿਤ ਵਿਦਿਆ ਦੇ ਪ੍ਰਮਾਣ ਦੁਆਰਾ ਸਪੱਸ਼ਟ ਕੀਤਾ ਹੈ। ਆਪ ਜੀ ਦੇ ਅਨੁਸਾਰ ਜੇ ਅਕਾਲ ਪੁਰਖ ਨੂੰ ਸਿਫਰ ਸਮਝ ਲਿਆ ਜਾਵੇ ਤਾਂ ਉਹ ਆਪਣੇ ਆਪ ਵਿਚ ਏਕ ਹੈ ਪਰ ਜਦ ਕਿਸੇ ਹੋਰ ਨੰਬਰ ਨਾਲ ਸਿਫਰਾਂ ਨੂੰ ਜੋੜ ਦੇਈਏ ਤਾਂ ਉਹ ਸਿਫਰ ਤੋਂ ਦਸ, ਸੌ, ਹਜ਼ਾਰ, ਲੱਖ, ਕਰੋੜ ਆਦਿ ਬਣਾਇਆ ਜਾ ਸਕਦਾ ਹੈ ਭਾਵ ਕਿ ਜਦੋਂ ਪਰਮਾਤਮਾ ਆਪਣਾ ਪਸਾਰਾ ਕਰਦਾ ਹੈ ਤਾਂ ਉਹ ਅਨੇਕ ਹੋ ਜਾਂਦਾ ਹੈ ਤੇ ਜਦੋਂ ਉਹ ਆਪਣੇ ਆਪ ਨੂੰ ਸਮੇਟ ਲੈਂਦਾ ਹੈ, ਉਹ ਫਿਰ ਏਕ ਹੋ ਜਾਂਦਾ ਹੈ। ਗੁਰਬਾਣੀ ਵਿਚ ਇਸ ਅਨੇਕਤਾ ਦੇ ਸੰਕਲਪ ਨੂੰ ਇਸ ਤਰ੍ਹਾਂ ਪ੍ਰਗਟਾਇਆ ਗਿਆ ਹੈ:-
ਬਾਜੀਗਰਿ ਜੈਸੇ ਬਾਜੀ ਪਾਈ।। ਨਾਨਾ ਰੂਪ ਭੇਖ ਦਿਖਲਾਈ।।
ਸਾਂਗੁ ਉਤਾਰਿ ਥੰਮਿਓ ਪਾਸਾਰਾ।। ਤਬ ਏਕੋ ਏਕੰਕਾਰਾ।।
ਸਹਸ ਘਟਾ ਮਹਿ ਏਕੁ ਆਕਾਸੁ।। ਘਟ ਫੂਟੇ ਤੇ ਓਹੀ ਪ੍ਰਗਾਸੁ।। (ਅੰਗ 736)
ਨਿਰਗੁਣ ਤੇ ਸਰਗੁਣ ਸਰੂਪ
ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਹੋਣ ਦਾ ਵਿਚਾਰ ਵੀ ਏਕਤਾ-ਅਨੇਕਤਾ ਦੇ ਵਿਚਾਰ ਨਾਲ ਜੁੜਿਆ ਹੋਇਆ ਹੈ। ਨਿਰਗੁਣ ਤੋਂ ਭਾਵ ਹੈ ਜਿਸ ਦਾ ਕੋਈ ਗੁਣ ਜਾਂ ਆਕਾਰ ਨਹੀਂ। ਗੁਰੂ ਸਾਹਿਬਾਨ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਤੇ ਇਸ ਤਰ੍ਹਾਂ ਪਰਮਾਤਮਾ ਦੇ ਕਿਸੇ ਵੀ ਆਕਾਰ ਵਿਚ ਹੋਣ ਤੋਂ ਇਨਕਾਰ ਕੀਤਾ। ਗੁਰਬਾਣੀ ਤੇ ਦਸਮ ਪਿਤਾ ਦੀ ਬਾਣੀ ਅਨੁਸਾਰ ਪਰਮਾਤਮਾ ਦੀ ਵਿਸ਼ਾਲਤਾ ਤੇ ਉਸ ਦੇ ਗੁਣਾਂ ਜ਼ਿਕਰ ਸੰਪੂਰਨ ਨਹੀਂ ਹੋ ਸਕਦਾ। ਪ੍ਰੰਤੂ ਜਦ ਪਰਮਾਤਮਾ ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਵਿਚ ਸੁਭਾਇਮਾਨ ਕਰਦਾ ਹੈ ਤਾਂ ਉਸ ਦਾ ਸਰਗੁਣ ਸਰੂਪ ਪ੍ਰਗਟ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚਨਾ ਆਰਤੀ ਉਚਾਰਦੇ ਹੋਏ ਪਰਮਾਤਮਾ ਦੇ ਇਹ ਦੋਵੇਂ ਸਰੂਪ ਦੇਖੇ ਹਨ। ਧਨਾਸਰੀ ਰਾਗ ਦੀ ਇਸ ਰਚਨਾ ਵਿਚ ਜਿਥੇ ਪਰਮਾਤਮਾ ਨੂੰ ਹਜ਼ਾਰਾਂ ਅੱਖਾਂ ਵਾਲਾ ਕਿਹਾ ਹੈ। ਉਥੇ ਹੀ ਉਸ ਨੂੰ ਅੱਖਾਂ ਤੋਂ ਰਹਿਤ ਵੀ ਕਿਹਾ ਹੈ। ਜਿਥੇ ਉਸ ਦੇ ਹਜ਼ਾਰਾਂ ਪੈਰ ਹਨ, ਉਥੇ ਉਹ ਪੈਰਾਂ ਤੋਂ ਬਿਨਾਂ ਭੀ ਹੈ। ਜਿਥੇ ਉਸ ਦੇ ਹਜ਼ਾਰਾਂ ਨੱਕ ਹਨ, ਉਥੇ ਉਹ ਨੱਕ ਤੋਂ ਖਾਲੀ ਭੀ ਹੈ:-
ਸਹਸ ਤਵ ਨੈਨ ਨਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ।।
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।। (ਅੰਗ 663)
ਗੁਰੂ ਅਰਜਨ ਦੇਵ ਜੀ ਨੇ ਇਸ ਸੰਕਲਪ ਨੂੰ ਸਪੱਸ਼ਟ ਕਰਦੇ ਹੋਏ ਫੁਰਮਾਣ ਕੀਤਾ ਹੈ ਕਿ ਉਹ ਪਰਮਾਤਮਾ ਨਿਰਗੁਣ ਹੈ ਤੇ ਸਰਗੁਣ ਵੀ ਹੈ।
ਰੱਬ ਨਾਲ ਰਿਸ਼ਤਾ
ਸਿੱਖ ਧਰਮ ਵਿਚ ਪਰਮਾਤਮਾ ਨੂੰ ਮਾਤਾ ਪਿਤਾ, ਸਖਾ ਤੇ ਪਤੀ ਦੇ ਰੂਪ ਵਿਚ ਪ੍ਰਗਟਾਇਆ ਗਿਆ ਹੈ। ਉਸ ਨੂੰ ਸਾਰੀ ਸ੍ਰਿਸ਼ਟੀ ਤੇ ਬ੍ਰਹਿਮੰਡ ਦੀ ਹਰ ਰਚਨਾ ਦਾ ਰਚਣਹਾਰ ਦੱਸਿਆ ਗਿਆ ਹੈ। ਇਨਸਾਨ ਨੂੰ ਸ਼ੁਭ ਕਰਮ ਕਰਦੇ ਹੋਏ ਪਰਮਾਤਮਾ ਦੇ ਨਾਮ ਨਾਲ ਜੁੜਨ ਦਾ ਆਦੇਸ਼ ਦਿੱਤਾ ਗਿਆ ਹੈ। ਜਿਥੇ ਇਨਸਾਨ ਨੂੰ ਭੁੱਲਣਹਾਰ ਦੱਸਿਆ ਗਿਆ ਹੈ ਉਥੇ ਉਸ ਪਰਮਾਤਮਾ ਨੂੰ ਬਖਸ਼ਣਹਾਰ ਦੱਸਿਆ ਗਿਆ ਹੈ। ਅਗਰ ਉਸ ਦੀ ਮਿਹਰ ਹੋ ਜਾਵੇ ਤਾਂ ਉਹ ਸਾਡੀਆਂ ਭੁੱਲਾਂ ਵੀ ਮੁਆਫ ਕਰ ਦਿੰਦਾ ਹੈ ਤੇ ਸਾਡੇ ਦੁਆਰਾ ਕੀਤੇ ਗਏ ਮੰਦੇ ਕਰਮ ਵੀ ਧੋ ਦਿੰਦਾ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਗੁਰਬਾਣੀ ਨੇ ਗੁਰੂ ਦੀ ਲੋੜ ਵੀ ਦੱਸੀ ਹੈ। |
| (3) Question:- |
ਗੁਰਬਾਣੀ ਵਿਚ ਸ੍ਰਿਸ਼ਟੀ ਦੀ ਸਿਰਜਨਾ ਬਾਰੇ ਕੀ ਰੁਖ਼ ਅਪਣਾਇਆ ਗਿਆ ਹੈ? |
| Answer:- |
ਸ੍ਰਿਸ਼ਟੀ ਸਿਰਜਨਾ - ਦੁਨੀਆਂ ਦੇ ਅਲੱਗ-ਅਲੱਗ ਧਰਮਾਂ ਦੇ ਵਿਦਵਾਨਾਂ ਅਨੁਸਾਰ ਤੇ ਧਾਰਮਿਕ ਗ੍ਰੰਥਾਂ ਵਿਚ ਸ੍ਰਿਸ਼ਟੀ ਰਚਨਾ ਬਾਰੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਹਨ। ਸ੍ਰਿਸ਼ਟੀ ਰਚਨਾ ਕਦੋਂ ਤੇ ਕਿਸ ਤਰ੍ਹਾਂ ਹੋਈ, ਉਸ ਤੋਂ ਪਹਿਲੇ ਦੀ ਸਥਿਤੀ ਕੀ ਸੀ, ਇਸ ਰਚਨਾ ਨੂੰ ਰਚਣ ਵਿਚ ਰਚਣਹਾਰੇ ਦਾ ਕੀ ਮਨੋਰਥ ਸੀ ਆਦਿ ਕਈ ਪ੍ਰਸ਼ਨ ਹਨ ਜਿਨ੍ਹਾਂ ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਨ੍ਹਾਂ ਦਾ ਕੋਈ ਤਸੱਲੀਬਖਸ਼ ਉੱਤਰ ਨਹੀਂ ਪਾਇਆ ਜਾ ਸਕਿਆ। ਸਿੱਖ ਧਰਮ ਅਨੁਸਾਰ, ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਬ੍ਰਹਿਮੰਡ ਦੀ ਉਤਪਤੀ ਤੋਂ ਪਹਿਲਾਂ ਅਕਾਲ ਪੁਰਖ ਨਿਰਗੁਣ ਸਰੂਪ ਵਿਚ ਕੇਵਲ ਆਪ ਹੀ ਬਿਰਾਜਮਾਨ ਸੀ। ਗੁਰੂ ਨਾਨਕ ਦੇਵ ਜੀ ਨੇ ਮਾਰੂ ਰਾਗ ਵਿਚ ਦਰਜ ਆਪਣੇ ਇਕ ਸ਼ਬਦ ਅਨੁਸਾਰ ਪਰਮਾਤਮਾ ਦੀ ਸੁੰਨ ਸਮਾਧੀ ਦੀ ਅਵਸਥਾ ਤੇ ਹੋਰ ਸਭ ਧੁੰਧੂਕਾਰ ਹੋਣ ਦੀ ਅਵੱਸਥਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ।:-
ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।।
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ।। (ਅੰਗ 1035)
ਇਸੇ ਸ਼ਬਦ ਵਿਚ ਗੁਰੂ ਮਹਾਰਾਜ ਨੇ ਅੱਗੇ ਸਪੱਸ਼ਟ ਕੀਤਾ ਹੈ ਕਿ ਸ੍ਰਿਸ਼ਟੀ ਸਿਰਜਣਾ ਤੋਂ ਪਹਿਲਾਂ ਕੋਈ ਵੀ ਦੇਵੀ-ਦੇਵਤਾ ਨਹੀਂ ਸੀ। ਨਾ ਬ੍ਰਹਮਾ, ਨਾ ਵਿਸ਼ਨੂੰ, ਨਾ ਮਹੇਸ਼, ਨਾ ਕਾਨ੍ਹਾ, ਨਾ ਗੋਪੀਆਂ, ਨਾ ਕੋਈ ਬੇਦ, ਨਾ ਕਤੇਬ, ਨਾ ਸਿਮ੍ਰਤੀ ਸ਼ਾਸਤਰ, ਕੁਰਾਨ ਆਦਿ। ਇਸਲਾਮ ਦਾ ਵਿਚਾਰ ਮੰਨਦੇ ਹੋਏ ਗੁਰੂ ਮਹਾਰਾਜ ਨੇ ਇਹ ਮੰਨਿਆ ਹੈ ਕਿ ਜਦੋਂ ਪਰਮਾਤਮਾ ਦੀ ਇੱਛਾ ਹੋਈ ਤਾਂ ਉਸ ਨੇ ਸ੍ਰਿਸ਼ਟੀ ਨੂੰ ਪੈਦਾ ਕਰ ਦਿੱਤਾ। ਇਸ ਨੂੰ ਕੁਦਰਤ ਦਾ ਪਸਾਰਾ ਕਿਹਾ ਗਿਆ ਹੈ। ਗੁਰਮਤਿ ਅਨੁਸਾਰ ਜਿਸ ਤਰ੍ਹਾਂ ਪ੍ਰਭੂ ਨੇ ਆਪਣੇ ਆਪ ਨੂੰ ਇਕ ਮੱਕੜੀ ਵਾਂਗੂੰ ਸੰਸਾਰ ਦੇ ਜਾਲੇ ਵਿਚ ਬੁਣ ਤਣ ਲਿਆ ਹੈ ਉਸ ਤਰ੍ਹਾਂ ਹੀ ਉਹ ਇਸ ਨੂੰ ਇਕ ਦਿਨ ਸਮੇਟ ਵੀ ਲਵੇਗਾ ਤੇ ਸਰਗੁਣ ਸਰੂਪ ਤੋਂ ਨਿਰਗੁਣ ਸਰੂਪ ਵਿਚ ਚਲਾ ਜਾਵੇਗਾ। ਜੇ ਇਹ ਪੁੱਛਿਆ ਜਾਵੇ ਕਿ ਪਰਮਾਤਮਾ ਦੀ ਸ੍ਰਿਸ਼ਟੀ ਨੂੰ ਸਾਜਣ ਦੀ ਰਜ਼ਾ ਕਦੋਂ ਹੋਈ ਤਾਂ ਇਸ ਬਾਰੇ ਗੁਰੂ ਸਾਹਿਬ ਦਾ ਜਪੁਜੀ ਸਾਹਿਬ ਵਿਚ ਵਿਆਖਿਆਨ ਹੈ ਕਿ ਇਸ ਬਾਰੇ ਕਰਤਾ ਆਪ ਹੀ ਜਾਣਦਾ ਹੈ:-
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ।।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।। (ਅੰਗ 4)
ਅਜਿਹੇ ਹੀ ਖਿਆਲ ਮਹਾਂਭਾਰਤ (ਗੀਤਾ) ਉਪਨਿਸ਼ਦਾਂ ਤੇ ਮੰਨੂੰ-ਸਿਮ੍ਰਤੀ ਆਦਿ ਵਿਚ ਆਏ ਹਨ। ਅਸਲ ਗੱਲ ਇਹ ਹੈ ਕਿ ਐਸਾ ਕੋਈ ਸਾਧਨ ਨਹੀਂ ਜਿਸ ਦੁਆਰਾ ਜਾਣਿਆ ਜਾ ਸਕੇ ਕਿ ਅਕਾਲ ਪੁਰਖ ਦੇ ਹੁਕਮ ਅਨੁਸਾਰ ਸ੍ਰਿਸ਼ਟੀ ਰਚਨਾ ਕਿਵੇਂ ਹੋਂਦ ਵਿਚ ਆਈ। ਸਤਿਗੁਰੂ ਪਾਤਸ਼ਾਹ ਜੀ ਦਾ ਫੁਰਮਾਨ ਹੈ:-
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ।। (ਅੰਗ 1)
ਹੁਕਮ ਤੋਂ ਭਾਵ
ਹੁਕਮ ਤੋਂ ਇਥੇ ਭਾਵ ਇਹ ਨਹੀਂ ਕਿ ਰੱਬ ਨੇ ਜਿਉਂ ਹੀ ਹੁਕਮ ਕੀਤਾ ਤਾਂ ਸ੍ਰਿਸ਼ਟੀ ਝੱਟਪਟ ਹੋਂਦ ਵਿਚ ਆ ਗਈ। ਹੁਕਮ ਦਾ ਭਾਵ ਹੈ ਰੱਬੀ ਇੱਛਾ ਅਤੇ ਇਹ ਇੱਛਾ ਸ੍ਰਿਸ਼ਟੀ ਦੀ ਰਚਨਾ ਦਾ ਕੰਮ ਨਿਰੰਤਰ ਜਾਰੀ ਰੱਖਦੀ ਹੈ। ਇਸ ਦਾ ਹੌਲੀ-ਹੌਲੀ ਪਸਾਰਾ ਹੋਇਆ ਹੈ ਤੇ ਗੁਰਬਾਣੀ ਦਾ ਇਹ ਭਾਵ ਐਵੂਲੂਸ਼ਨ ਦੇ ਵਿਗਿਆਨਕ ਮੱਤ ਨਾਲ ਮੇਲ ਖਾਂਦਾ ਹੈ। |
| (4) Question:- |
ਇਕ ਧਾਰਮਿਕ ਮੱਤ ਇਹ ਹੈ ਕਿ ਸਾਰੀ ਸ੍ਰਿਸ਼ਟੀ ਰਚਨਾ ਇਕ ਛਲ ਜਾਂ ਮਾਇਆ ਹੈ। ਕੀ ਗੁਰਬਾਣੀ ਇਸ ਵਿਚਾਰ ਨਾਲ ਸਹਿਮਤ ਹੈ? |
| Answer:- |
ਗੁਰਬਾਣੀ ਅਨੁਸਾਰ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਜੋ ਅਕਾਲ ਪਾਰਬ੍ਰਹਮ ਸੀ, ਰਚਨਾ ਤੋਂ ਬਾਅਦ ਉਹ ਅਕਾਲ ਪੁਰਖ ਕਰਤਾ ਹੋ ਗਿਆ। ਉਸ ਦਾ ਫੁਰਨਾ ਹੀ ਉਹ ਕਰਮ ਹੈ ਜਿਸ ਨਾਲ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਕਿਉਂਕਿ ਸ੍ਰਿਸ਼ਟੀ ਰਚਨਾ ਦੇ ਨਾਲ ਹਉਮੈ ਵੀ ਹੋਂਦ ਵਿਚ ਆਈ ਹੈ, ਬਲਕਿ ਇਹ ਹਉਮੈ ਹੀ ਸਾਰੇ ਮਾਦੀ ਤੇ ਮਾਨਸਿਕ ਸੰਸਾਰ ਦਾ ਕਾਰਨ ਹੈ, ਜਿਵੇਂ ਕਿ ਆਸਾ ਜੀ ਦੀ ਵਾਰ ਵਿਚ ਗੁਰੂ ਸਾਹਿਬ ਦਾ ਫੁਰਮਾਨ ਹੈ:-
ਹਉ ਵਿਚਿ ਮਾਇਆ ਹਉ ਵਿਚਿ ਛਾਇਆ।।
ਹਉਮੈ ਕਰਿ ਕਰਿ ਜੰਤ ਉਪਾਇਆ।। (ਅੰਗ 466)
ਇਸ ਹਉਮੈ ਕਰਕੇ ਹੀ ਤਿੰਨ ਗੁਣ ਸ੍ਰਿਸ਼ਟੀ ਰਚਨਾ ਦਾ ਕਾਰਨ ਬਣੇ ਹਨ। ਇਹ ਤਿੰਨ ਗੁਣ ਹਨ ਰਜੋ, ਤਮੋ ਤੇ ਸਤੋ ਦੇ ਗੁਣ। ਇਸ ਤੋਂ ਭਾਵ ਹੈ ਕਿ ਜਿਥੇ ਸ੍ਰਿਸ਼ਟੀ ਬਣਦੀ ਰਹਿੰਦੀ ਹੈ ਉਥੇ ਨਾਲ-ਨਾਲ ਹੀ ਉਹ ਢਹਿੰਦੀ ਵੀ ਰਹਿੰਦੀ ਹੈ ਤੇ ਉਸ ਦੇ ਸਰੂਪ ਵਿਚ ਅਦਲਾ-ਬਦਲੀ ਹੁੰਦੀ ਰਹਿੰਦੀ ਹੈ। ਇਸ ਅਦਲਾ-ਬਦਲੀ ਕਰਕੇ ਹੀ ਜਿਵੇਂ ਬ੍ਰਹਮ ਦਾ ਪਸਾਰਾ ਹੋ ਰਿਹਾ ਹੈ ਉਸ ਤਰ੍ਹਾਂ ਹੀ ਉਹ ਸੁੰਗੜ ਵੀ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਵਿਚ ਇਸ ਸਾਰੇ ਅਮਲ ਨੂੰ ਉਦਕਰਖ ਤੇ ਆਕਰਖ ਸ਼ਬਦਾਂ ਦੇ ਇਸਤੇਮਾਲ ਨਾਲ ਇਸ ਤਰ੍ਹਾਂ ਪ੍ਰਗਟਾਇਆ ਹੈ:-
ਜਬ ਉਦਕਰਖ ਕਰਾ ਕਰਤਾਰਾ।। ਪ੍ਰਜਾ ਧਰਤ ਤਬ ਦੇਹ ਅਪਾਰਾ।।
ਜਬ ਆਕਰਖ ਕਰਤ ਹੋ ਕਬਹੂੰ।। ਤੁਮ ਮੈ ਮਿਲਤ ਦੇਹ ਧਰ ਸਭਹੂੰ।। (ਦਸਮ ਗ੍ਰੰਥ, ਅੰਗ 1387)
ਫੇਰ ਗੱਲ ਇਉਂ ਮੁਕਾਈ ਹੈ:-
ਤੁਮਰਾ ਲਖਾ ਨ ਜਾਇ ਪਸਾਰਾ।। ਕਿਹ ਬਿਧਿ ਸਜਾ ਪ੍ਰਥਮ ਸੰਸਾਰਾ।। (ਦਸਮ ਗ੍ਰੰਥ, ਅੰਗ 1387)
ਜਿਥੇ ਇਕ ਧਾਰਮਿਕ ਮੱਤ ਅਨੁਸਾਰ ਸੰਸਾਰ ਦਾ ਪਸਰਨਾ ਤੇ ਸੁੰਗੜਨਾ ਉਸ ਨੂੰ ਕਰਤਾ ਤੋਂ ਅਲੱਗ ਕਰਦਾ ਹੈ ਤੇ ਕਰਤਾ ਨੂੰ ਸਚਾਈ ਤੇ ਸ੍ਰਿਸ਼ਟੀ ਨੂੰ ਇਕ ਛਲਾਵਾ ਕਹਿੰਦਾ ਹੈ, ਜਿਸ ਦਾ ਦੂਸਰਾ ਨਾਮ ਮਾਇਆ ਵੀ ਹੈ, ਗੁਰਬਾਣੀ ਇਸ ਵਿਚਾਰ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ। ਗੁਰਬਾਣੀ ਇਹ ਮੰਨਦੀ ਹੈ ਕਿ ਬ੍ਰਹਿਮੰਡ ਇਕ ਅੰਤਿਮ ਤੇ ਸਦੀਵੀ ਸਚਾਈ ਨਹੀਂ ਪਰ ਇਹ ਛਲ ਜਾਂ ਮਾਇਆ ਵੀ ਨਹੀਂ। ਕਿਉਂਕਿ ਇਸ ਵਿਚ ਪ੍ਰਭੂ ਵਿਆਪਕ ਹੈ, ਇਸ ਕਰਕੇ ਇਹ ਆਪਣੇ ਆਪ ਵਿਚ ਇਕ ਸਚਾਈ ਹੈ। ਇਸ ਸੰਬੰਧ ਵਿਚ ਗਿਆਨੀ ਸ਼ੇਰ ਸਿੰਘ ਨੇ ਆਪਣੀ ਪੁਸਤਕ 'ਗੁਰਮਤਿ ਦਰਸ਼ਨ' ਵਿਚ ਗੁਰਬਾਣੀ ਦਾ ਭਾਵ ਇਸ ਤਰ੍ਹਾਂ ਸਪੱਸ਼ਟ ਕੀਤਾ ਹੈ:-
ਅਕਾਲ ਪੁਰਖ ਸ੍ਰਿਸ਼ਟੀ ਦਾ ਆਪ ਹੀ ਕਰਨ ਕਾਰਨ ਹੈ, (ਹੋਰ) ਦੂਜਾ ਕੋਈ ਨਹੀਂ
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ।। (ਅੰਗ 276)
-
ਆਪੇ ਪੇਡੁ ਬਿਸਥਾਰੀ ਸਾਖ।। ਅਪਨੀ ਖੇਤੀ ਆਪੇ ਰਾਖ।।
ਜਤ ਕਤ ਪੇਖਉ ਏਕੈ ਓਹੀ।। ਘਟ ਘਟ ਅੰਤਰਿ ਆਪੇ ਸੋਈ।।ਰਹਾਉ।। (ਅੰਗ 387)
-
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ।।
... ... ...
ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰ ਨ ਕੋਈ।। (ਅੰਗ 509)
ਅਰਥਾਤ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਹੋਤੀ ਜਾਂ ਪਦਾਰਥ ਨੂੰ ਪਰਮ ਸਤ/ਤਾ ਪ੍ਰਾਪਤ ਨਹੀਂ ਹੈ। ਗੁਰੂ ਸਾਹਿਬ ਸ੍ਰਿਸ਼ਟੀ ਦੀ ਭਿੰਨ-ਭਿੰਨ ਰਚਨਾ ਨੂੰ ਨਿਰਾ ਭਰਮ ਨਹੀਂ ਕਹਿੰਦੇ। ਇਹ ਭੇਦ ਕਰਤੇ ਨੇ ਆਪੇ ਬਣਾਏ ਹਨ, ਪਰ ਇਹ ਸਭ ਚਲਾਇਮਾਨ ਹਨ। ਸਥਿਰ ਤੇ ਸਤਿ ਵਸਤੂ ਕੇਵਲ ਉਹ ਆਪ ਹੀ ਹੈ। ਬਾਕੀ ਸਭ ਖੇਡ ਹੈ:-
ਬਾਜੀਗਰਿ ਜੈਸੇ ਬਾਜੀ ਪਾਈ।। ਨਾਨਾ ਰੂਪ ਭੇਖ ਦਿਖਲਾਈ।।
ਸਾਂਗੁ ਉਤਾਰਿ ਥੰਮਿਉ ਪਾਸਾਰਾ।। ਤਬ ਏਕੋ ਏਕੰਕਾਰਾ।। (ਅੰਗ 736)
ਇਹ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ।।
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ।। (ਅੰਗ 977)
ਸੰਸਾਰ ਉਸੇ ਦੀ ਖੇਡ ਹੋਣ ਕਰਕੇ, ਉਸੇ ਦੀ ਰਚਨਾ ਹੋਣ ਕਰਕੇ ਛਾਇਆ (ਝੂਠਾ) ਨਹੀਂ ਹੈ। ਇਸ ਸਾਰੇ ਬ੍ਰਹਿਮੰਡ ਦੀ ਉਹ ਆਪ ਹੀ ਜਿੰਦ-ਜਾਨ ਹੈ। ਸ੍ਰਿਸ਼ਟੀ ਰਚਨਾ ਤਾਂ ਇਕੋ ਮਾਲਾ ਹੈ, ਵਿਚਲਾ ਧਾਗਾ ਤੇ ਸੂਤ ਉਹ ਆਪ ਹੈ। ਮਣਕੇ ਬਾਹਰੋਂ ਭਾਵੇਂ ਵੱਖ-ਵੱਖ ਜਾਪਦੇ ਹਨ ਪਰ ਪ੍ਰੋਤੇ ਇਕ ਲੜੀ ਵਿਚ ਹਨ। ਵਿਖਾਵੇ ਮਾਤਰ ਭੇਦ ਤੇ ਫਰਕਾਂ ਦੀ ਤਹਿ ਵਿਚ ਏਕਤਾ ਹੈ:-
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ।। ਕੋਇ ਨ ਕਿਸ ਹੀ ਜੇਹਾ ਉਪਾਇਆ।।
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਰੇ।। (ਅੰਗ 1056)
ਗੁਰੂ ਅਮਰਦਾਸ ਜੀ ਨੇ ਹਨ੍ਹੇਰੇ ਤੇ ਚਾਨਣ ਦੀ ਮਿਸਾਲ ਦਿੰਦੇ ਹੋਏ ਇਹ ਦੱਸਿਆ ਕਿ ਇਨ੍ਹਾਂ ਦੋਹਾਂ ਦੀ ਆਪਸ ਵਿਚ ਵਿਰੋਧਤਾ ਨਹੀਂ ਹੈ:- ਇਹ ਇਕੋ ਹੀ ਪੱਖ ਦੇ ਦੋ ਪਹਿਲੂ ਹਨ। ਦ੍ਰਿਸ਼ਟਮਾਨ ਸੰਸਾਰ ਵਿਚ ਅਦਲਾ-ਬਦਲੀ ਦਾ ਨਿਯਮ ਹਰ ਸ਼ੈਅ ਨਾਲ ਸਬੰਧਿਤ ਹੈ। ਪਹਿਲੇ ਹਰ ਸ਼ੈਅ ਨਵੀਂ ਹੁੰਦੀ ਹੈ, ਫਿਰ ਪੁਰਾਣੀ ਹੋ ਕੇ ਖਤਮ ਹੋ ਜਾਂਦੀ ਹੈ ਤੇ ਉਸ ਦੀ ਥਾਂ 'ਤੇ ਨਵੀਂ ਸ਼ੈਅ ਆ ਜਾਂਦੀ ਹੈ। ਇਨਸਾਨਾਂ ਵਿਚ ਕੁਦਰਤੀ ਚੀਜ਼ਾਂ ਵਿਚ ਇਥੋਂ ਤੱਕ ਕਿ ਸੂਰਜ, ਚੰਦ, ਤਾਰੇ ਅਦਲਾ-ਬਦਲੀ ਦੇ ਨਿਯਮ ਵਿਚ ਬੱਧੇ ਹੋਏ ਆਉਂਦੇ ਜਾਂਦੇ ਹਨ। ਇਸ ਅਦਲਾ-ਬਦਲੀ ਤੇ ਚਲਾਇਮਾਨਤਾ ਦੇ ਨਿਯਮ ਨੂੰ ਮਾਇਆ ਮੰਨਿਆ ਗਿਆ ਹੈ। ਗੁਰੂ-ਆਸ਼ਾ ਇਹ ਹੈ ਕਿ ਇਕ ਪ੍ਰਭੂ ਦਾ ਨਾਮ ਹੀ ਸੱਚਾ ਹੈ ਜਿਸ ਨੂੰ ਸਤਿ ਨਾਮੁ ਕਿਹਾ ਜਾਂਦਾ ਹੈ ਤੇ ਬਾਕੀ ਸਭ ਚੀਜ਼ਾਂ ਭਾਵੇਂ ਆਉਣ ਜਾਣ ਵਾਲੀਆਂ ਹਨ ਪਰ ਉਨ੍ਹਾਂ ਦਾ ਸੰਬੰਧ ਉਸ ਸੱਚੇ ਨਾਲ ਜੁੜਿਆ ਹੋਣ ਕਰਕੇ ਉਨ੍ਹਾਂ ਨੂੰ ਝੂਠੀਆਂ ਕਹਿ ਕੇ ਨਕਾਰਿਆ ਨਹੀਂ ਜਾ ਸਕਦਾ। ਸੰਸਾਰ ਨੂੰ ਝੂਠ ਤੇ ਅਸੱਤ ਸਮਝ ਕੇ ਇਸ ਤੋਂ ਨੱਸਣਾ ਸਿੱਖ ਧਰਮ ਦਾ ਪੈਗਾਮ ਨਹੀਂ, ਕਿਉਂਕਿ:-
'ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।।' (ਮ: ਪ੍ਰ, ਅੰਗ 463)
ਸੋ ਇਸ ਵਿਚ ਰਹਿ ਕੇ ਹੀ ਇਨਸਾਨ ਨੇ ਪਰਮਾਤਮਾ ਨਾਲ ਜੁੜਨਾ ਹੈ।
|
| (5) Question:- |
(ਉ) ਕੀ ਸਿੱਖ ਧਰਮ ਇਸ ਸਿਧਾਂਤ ਨੂੰ ਮੰਨਦਾ ਹੈ ਕਿ ਪਰਮਾਤਮਾ ਦਾ ਵਾਸਾ ਸਾਡੇ ਸਰੀਰ ਵਿਚ ਹੈ?
(ਅ) ਸਿੱਖ ਧਰਮ ਵਿਚ ਮਨੁੱਖੀ ਜੀਵਨ ਦਾ ਕੀ ਮਕਸਦ ਹੈ? ਕੀ ਇਸ ਧਰਮ ਵਿਚ ਪੂਰਵ ਜਨਮ ਮੰਨੇ ਜਾਂਦੇ ਹਨ? |
| Answer:- |
(ਉ) ਸਿੱਖ ਧਰਮ ਅਨੁਸਾਰ ਇਨਸਾਨ ਦਾ ਸਰੀਰ ਇਕ ਪੂਰਾ ਬ੍ਰਹਿਮੰਡ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਕੁਝ ਵੀ ਬ੍ਰਹਿਮੰਡ ਵਿਚ ਹੈ ਉਹ ਸਰੀਰ ਵਿਚ ਪਾਇਆ ਜਾ ਸਕਦਾ ਹੈ।
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ।। (ਅੰਗ 1041)
ਗੁਰੂ ਜੀ ਅੱਗੇ ਫੁਰਮਾਉਂਦੇ ਹਨ ਕਿ ਇਸ ਸਰੀਰ ਰੂਪੀ ਬ੍ਰਹਿਮੰਡ ਵਿਚ ਅਨੇਕਾਂ ਵਸਤੂਆਂ ਜਿਵੇਂ ਕਿ ਬਜ਼ਾਰ, ਹੱਟੀਆਂ ਆਦਿ ਦਾ ਪਸਾਰਾ ਹੈ ਤੇ ਉਨ੍ਹਾਂ ਉਤੇ ਵਪਾਰ ਵੀ ਚਲ ਰਿਹਾ ਹੈ। ਗੁਰੂ ਅਮਰਦਾਸ ਜੀ ਨੇ ਵੀ ਇਸ ਵਿਚਾਰ ਦੀ ਵਿਆਖਿਆ ਕਰਦੇ ਹੋਏ ਸਰੀਰ ਵਿਚ ਬ੍ਰਹਿਮੰਡੀ ਪਸਾਰੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੀਆਂ ਹੇਠ ਲਿਖੀਆਂ ਸਤਰ ਦੱਸਦੀਆਂ ਹਨ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਜੋ ਸਿਰਜਣ, ਪਾਲਣ ਅਤੇ ਸਮੇਟਣ ਦੀ ਕਿਰਿਆ ਕਰਦੇ ਹਨ ਉਹ ਵੀ ਇਸ ਸਰੀਰ ਵਿਚ ਵਿਆਪਕ ਹਨ:-
ਇਸੁ ਕਾਇਆ ਅੰਦਰਿ ਵਸਤੁ ਅਸੰਖਾ।। (ਅੰਗ 110)
-
ਇਸੁ ਕਾਇਆ ਅੰਦਰਿ ਬਹੁਤੁ ਪਸਾਰਾ।। (ਅੰਗ 112)
-
ਇਸੁ ਕਾਇਆ ਅੰਦਰਿ ਨਉ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ।। (ਅੰਗ 754)
-
ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ।। (ਅੰਗ 754)
ਪੰਜ ਤੱਤ
ਉਪਰੋਕਤ ਸਤਰਾਂ ਤੋਂ ਸਪੱਸ਼ਟ ਹੈ ਕਿ ਸਿੱਖ ਧਰਮ ਅਨੁਸਾਰ ਇਨਸਾਨ ਦਾ ਰੂਪ ਬ੍ਰਹਿਮੰਡ ਦਾ ਇਕ ਛੋਟਾ ਸਰੂਪ ਹੈ। ਜਿਵੇਂ ਬ੍ਰਹਿਮੰਡ ਪੰਜ ਤੱਤਾਂ-ਅਕਾਸ਼, ਹਵਾ, ਅੱਗ, ਪਾਣੀ ਤੇ ਮਿੱਟੀ ਦਾ ਬਣਿਆ ਹੋਇਆ ਅਤੇ ਤਿੰਨ ਗੁਣਾਂ-ਰਜੋ, ਤਮੋ ਅਤੇ ਸਤੋ ਵਿਚ ਵਿਚਰਦਾ ਹੈ। ਇੰਜ ਹੀ ਮਨੁੱਖੀ ਸਰੀਰ ਵਿਚ ਵੀ ਇਹੋ ਪੰਜ ਤੱਤ ਹਨ ਤੇ ਉਹ ਵੀ ਇਨ੍ਹਾਂ ਤਿੰਨਾਂ ਗੁਣਾਂ ਦੇ ਅਧੀਨ ਹੀ ਕੰਮ ਕਰਦਾ ਹੈ। ਸੋ ਉਹ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਇਨਸਾਨ ਦੇ ਸਰੀਰ ਵਿਚ ਵੀ ਵਾਸਾ ਕਰਦਾ ਹੈ। ਇਸੇ ਕਰਕੇ ਸਰੀਰ ਨੂੰ ਹਰੀ ਦਾ ਮੰਦਰ ਕਿਹਾ ਗਿਆ ਹੈ ਤੇ ਇਨਸਾਨ ਨੂੰ ਪ੍ਰਭੂ ਨੂੰ ਆਪਣੇ ਅੰਦਰੋਂ ਹੀ ਲੱਭਣ ਦੀ ਹਦਾਇਤ ਕੀਤੀ ਗਈ ਹੈ। ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ:-
ਵਿਚਿ ਕਾਇਆ ਨਗਰ ਲਧਾ ਹਰਿ ਭਾਲੀ।। (ਅੰਗ 1134)
ਭਗਤ ਪੀਪਾ ਜੀ ਵੀ ਆਪਣੇ ਸ਼ਬਦ ਵਿਚ ਇਸ ਸਿਧਾਂਤ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:-
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।। (ਅੰਗ 695)
(ਅ) ਸਿੱਖ ਧਰਮ ਵਿਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਨੁੱਖੀ ਜਨਮ ਕਈ ਜੂਨਾਂ ਤੋਂ ਬਾਅਦ ਮਿਲਦਾ ਹੈ। ਚੌਰਾਸੀ ਲੱਖ ਜੂਨਾਂ ਦਾ ਵਿਸ਼ਵਾਸ ਕੀਤਾ ਜਾਂਦਾ ਹੈ, ਜਿਵੇਂ ਕਿ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:-
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ।।
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ।।੪।। (ਅੰਗ 50)
ਸਿੱਖ ਧਰਮ ਦੇ ਵਿਦਵਾਨ ਭਾਈ ਗੁਰਦਾਸ ਵੀ ਕਹਿੰਦੇ ਹਨ:-
ਚਉਰਾਸੀਹ ਲਖ ਜੋੋਨਿ ਵਿਚਿ ਉਤਮੁ ਜਨਮੁ ਸੁ ਮਾਣਸਿ ਦੇਹੀ।। (ਵਾਰ ੧, ਪਉੜੀ ੩)
ਗੁਰਬਾਣੀ ਅਨੁਸਾਰ ਇਹ ਜਨਮ ਸਾਨੂੰ ਪ੍ਰਭੂ ਦਾ ਨਾਮ ਲੈਣ ਲਈ ਮਿਲਿਆ ਹੈ। ਹੋਰ ਕਿਸੇ ਜਨਮ ਵਿਚ ਨਾਮ ਲੈਣ ਦੀ ਸੋਝੀ ਨਹੀਂ ਹੁੰਦੀ। ਇਹ ਇਕ ਸੁਨਹਿਰੀ ਮੌਕਾ ਹੈ ਨਾਮ ਜਪਣ ਦਾ, ਤਾਂ ਕਿ ਇਨਸਾਨ ਅੱਗੋਂ ਤੋਂ ਜਨਮ ਮਰਨ ਦੇ ਚੱਕਰ ਵਿਚ ਨਾ ਪਵੇ। ਨਹੀਂ ਤਾਂ ਫਿਰ ਜੂਨਾਂ ਦੇ ਚੱਕਰ ਵਿਚ ਪਿਆ ਰਹੇਗਾ। ਪੰਜਵੇਂ ਪਾਤਸ਼ਾਹ ਸਪੱਸ਼ਟ ਕਰਦੇ ਹਨ:-
ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।
ਅਵਰਿ ਕਾਜ ਤੇਰੈ ਕਿਤੈ ਨ ਕਾਮ।। ਮਿਲੁ ਸਾਧਸੰਗਤਿ ਭਜੁ ਕੇਵਲ ਨਾਮ।।੧।। (ਅੰਗ 12)
ਕਬੀਰ ਜੀ ਵੀ ਮਾਨਸ ਜਨਮ ਨੂੰ ਦੁਲੰਭ ਕਹਿੰਦੇ ਹਨ ਤੇ ਇਹ ਦੁਲੰਭ ਜਨਮ ਨਾਮ ਜਪਣ ਤੋਂ ਬਿਨਾਂ ਬੀਤ ਗਿਆ ਤਾਂ ਅਸੀਂ ਵਿਅਰਥ ਗਵਾਇਆ:-
ਦੁਲਭ ਦੇਹ ਪਾਈ ਵਡਭਾਗੀ।। ਨਾਮੁ ਨ ਜਪਹਿ ਤੇ ਆਤਮ ਘਾਤੀ।।੧।। (ਅੰਗ 188)
ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ।।
ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ।।੪।। (ਅੰਗ 1075)
|
| (6) Question:- |
ਸਿੱਖ ਧਰਮ ਵਿਚ ਗੁਰੂ ਦੀ ਕੀ ਮਹੱਤਤਾ ਹੈ? ਉਸ ਦੀ ਮਹਾਨਤਾ ਨੂੰ ਗੁਰਬਾਣੀ ਵਿਚ ਕਿਸ ਤਰ੍ਹਾਂ ਦਰਸਾਇਆ ਗਿਆ ਹੈ? |
| Answer:- |
ਗੁਰਬਾਣੀ ਵਿਚ ਇਕ ਪਰਮ-ਪਿਤਾ ਪਰਮਾਤਮਾ ਦੀ ਉਪਾਸ਼ਨਾ ਦਾ ਆਦੇਸ਼ ਹੈ, ਪਰ ਨਾਲ ਹੀ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਗੁਰੂ ਬਿਨਾਂ ਨਹੀਂ ਹੋ ਸਕਦੀ। ਗੁਰੂ ਰਾਮਦਾਸ, ਸੋਢੀ ਸੁਲਤਾਨ ਗੁਰੂ ਦੀ ਮਹੱਤਤਾ ਨੂੰ ਹੇਠ ਲਿਖੀਆਂ ਸਤਰਾਂ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ:-
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥
ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ ॥
ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ ॥2॥ (ਅੰਗ 1421)
ਗੁਰੂ-ਮਹਾਰਾਜ ਸਾਨੂੰ ਦੱਸਦੇ ਹਨ ਕਿ ਗੁਰੂ ਉਹ ਹੁੰਦਾ ਹੈ ਜੋ ਸਾਨੂੰ ਭੁੱਲੇ-ਭਟਕਿਆਂ ਨੂੰ ਸਿੱਧੇ ਰਸਤੇ ਪਾਉਂਦਾ ਹੈ। ਅਸੀਂ ਸਭ ਭੁੱਲਣਹਾਰੇ ਹਾਂ ਤੇ ਗੁਰੂ-ਕਰਤਾਰ ਅਭੁੱਲ ਹੈ। ਐਸਾ ਗੁਰੂ ਸਾਡੇ ਮਨ ਦੀ ਦੁਬਿਧਾ ਨੂੰ ਦੂਰ ਕਰ ਕੇ ਆਨੰਦ ਪ੍ਰਦਾਨ ਕਰਦਾ ਹੈ:-
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ।।
ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ।। (ਅੰਗ 168)
ਗੁਰਬਾਣੀ ਵਿਚ ਜਿਥੇ ਗੁਰੂ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ ਉਥੇ ਹੀ ਕੱਚੇ ਤੇ ਝੂਠੇ ਗੁਰੂ ਤੋਂ ਸਾਵਧਾਨ ਵੀ ਕੀਤਾ ਹੈ। ਐਸਾ ਗੁਰੂ ਜਿਸ ਨੂੰ ਆਪ ਸੋਝੀ ਨਹੀਂ ਉਹ ਦੂਸਰਿਆਂ ਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦਾ। ਭਾਈ ਗੁਰਦਾਸ ਅਨੁਸਾਰ 'ਕਾਚੇ ਗੁਰ ਤੇ ਮੁਕਤਿ ਨ ਹੂਆ।।' ਗੁਰਬਾਣੀ ਵਿਚ ਹੇਠ ਲਿਖੀਆਂ ਸਤਰਾਂ ਗੁਰੂ ਦਾ ਪਰਦਾ ਫਾਸ਼ ਕਰਦੀਆਂ ਹਨ:-
ਗੁਰੂ ਜਿਨਾ ਕਾ ਅੰਧੁਲਾ ਸਿੱਖ ਭੀ ਅੰਧੇ ਕਰਮ ਕਰੇਨਿ।।
ਓਇ ਭਾਣੈ ਚਲਨਿ ਆਪਣੇ ਨਿਤ ਝੂਠੋ ਝੂਠੁ ਬੋਲੇਨਿ।। (ਅੰਗ 951)
ਗੁਰੂ ਮਾਨਿਉ ਗ੍ਰੰਥ
ਦਸਾਂ ਗੁਰੂਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਹੁਕਮ ਦੇ ਕੇ ਗੁਰੂ ਸਾਹਿਬ ਨੇ ਸਿੱਖਾਂ 'ਤੇ ਉਪਕਾਰ ਕੀਤਾ, ਕਿਉਂਕਿ ਸ਼ਬਦ-ਗੁਰੂ ਜੁੱਗਾਂ-ਜੁੱਗਾਂ ਤੱਕ ਮਨੁੱਖ-ਮਾਤਰ ਦੇ ਜੀਵਨ ਨੂੰ ਅੰਮਿਤਮਈ ਬਣਾ ਕੇ ਸੰਸਾਰ ਦੇ ਸਾਰੇ ਸੁਖ ਪ੍ਰਦਾਨ ਕਰ ਸਕਦਾ ਹੈ। ਗੁਰੂ ਜੀ ਦਾ ਵਾਕ ਹੈ:-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਅੰਗ 982)
ਗੁਰਮਤਿ ਵਿਚ ਗੁਰੂ ਦੀ ਮਹਿਮਾ ਨੂੰ ਪਛਾਣਦੇ ਹੋਏ ਸਿੱਖਾਂ ਨੂੰ ਜੁੱਗੋ-ਜੱਗ ਅਟੱਲ ਸ਼ਬਦ-ਗੁਰੂ ਗੁਰੂ ਗ੍ਰੰਥ ਸਾਹਿਬ ਦੀ ਓਟ ਤੋਂ ਬਿਨਾਂ ਕਿਤੇ ਵੀ ਨਹੀਂ ਭਟਕਣਾ ਚਾਹੀਦਾ ਤੇ ਆਪਣੇ ਜੀਵਨ ਵਿਚ ਗੁਰੂ ਅਮਰਦਾਸ ਜੀ ਦੇ ਹੇਠ ਲਿਖੇ ਸ਼ਬਦ ਨੂੰ ਅਪਨਾਅ ਲੈਣਾ ਚਾਹੀਦਾ ਹੈ:-
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।। (ਰਾਮਕਲੀ ਅਨੰਦ, ਅੰਗ 920) |
| (7) Question:- |
ਨਾਮ ਜਪਣ ਤੋਂ ਕੀ ਭਾਵ ਹੈ? ਇਹ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਨਾਮ ਪ੍ਰਾਪਤੀ ਦੇ ਰਾਹ 'ਤੇ ਚਲਿਆ ਜਾ ਰਿਹਾ ਹੈ? |
| Answer:- |
ਗੁਰਮਤਿ ਅਨੁਸਾਰ ਨਾਮ ਜਪਣ ਤੋਂ ਭਾਵ ਹੈ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਤੇ ਉਸ ਦੇ ਹੁਕਮ ਵਿਚ ਰਹਿਣਾ। ਸੰਖੇਪ ਸ਼ਬਦਾਂ 'ਚ ਜੋ ਗੁਰਸਿੱਖ ਨਿਤਨੇਮ ਕਰਦਾ ਹੈ ਤੇ ਆਪਣਾ ਜ਼ਿਆਦਾਤਰ ਸਮਾਂ ਵਾਹਿਗੁਰੂ ਨੂੰ ਯਾਦ ਕਰਦਾ ਰਹਿੰਦਾ ਹੈ, ਉਹ ਨਾਮ ਜਪ ਰਿਹਾ ਹੁੰਦਾ ਹੈ। ਇਸ ਦੇ ਨਾਲ ਨਾਮ ਜਪਣ ਵਾਲਾ ਪ੍ਰਸੰਨ ਰਹਿੰਦਾ ਹੈ- ਨਾਮ ਜਪਣ ਵਾਲਾ- 'ਜੋ ਹੋਆ ਹੋਵਤ ਸੋ ਜਾਨੈ।। ਪ੍ਰਭ ਅਪਨੇ ਕਾ ਹੁਕਮੁ ਪਛਾਨੈ।।' ਪਰ ਟੁਰਨ ਦਾ ਯਤਨ ਕਰਦਾ ਹੈ। ਲੋੜ ਹੁੰਦੀ ਹੈ ਤੇ ਮਨ ਚਾਹੁੰਦਾ ਹੈ- 'ਇਉ ਹੋਵੈ',-ਤਦ ਅਰਦਾਸ ਕਰੀਦੀ ਹੈ, ਪਰ ਤੇਰੇ ਭਾਣੇ 'ਤੇ ਪ੍ਰਸੰਨ ਰਹਿੰਦਾ ਹੈ। (ਭਾਈ ਵੀਰ ਸਿੰਘ)
ਵਾਹਿਗੁਰੂ ਦਾ ਨਾਮ ਯਾਦ ਰੱਖਣ ਤੋਂ ਭਾਵ ਹੈ ਗੁਰਬਾਣੀ ਦੀ ਕਿਸੇ ਵੀ ਤੁਕ ਨੂੰ ਸਮੇਂ-ਸਮੇਂ 'ਤੇ ਦੁਹਰਾਉਣਾ, ਜਿਸ ਤਰ੍ਹਾਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਹੈ:-
ਊਠਤ ਬੈਠਤ ਸੋਵਤ ਧਿਆਈਐ।। ਮਾਰਗ ਚਲਤ ਹਰੇ ਹਰਿ ਗਾਈਐ। (ਅੰਗ 386)
ਇਸ ਤਰ੍ਹਾਂ ਕਰਨ ਨਾਲ ਮਨ ਸਾਫ ਹੁੰਦਾ ਹੈ, ਗਲਤ ਭਾਵਨਾਵਾਂ ਮਨ ਵਿਚੋਂ ਨਿਕਲ ਜਾਂਦੀਆਂ ਹਨ, ਜੋ ਮਿਲਿਆ ਹੁੰਦਾ ਹੈ ਉਸ ਲਈ ਸ਼ੁਕਰਾਨੇ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਜੋ ਖੁੰਝ ਗਿਆ ਹੁੰਦਾ ਹੈ ਉਸ ਦੇ ਲਈ ਉਦਾਸੀ ਨਹੀਂ ਹੁੰਦੀ।
ਨਾਮ-ਰਸ ਤੋਂ ਭਾਵ ਮਨ ਦੇ ਟਿਕਾਉ ਦੀ ਐਸੀ ਹੀ ਦਸ਼ਾ ਹੈ ਜਿਸ ਤਰ੍ਹਾਂ ਕਿ ਉਤੇ ਦੱਸੀ ਗਈ ਹੈ। ਕੁਝ ਲੋਕ ਕਹਿੰਦੇ ਹਨ ਕਿ ਬਾਣੀ ਪੜ੍ਹਨ ਤੋਂ ਬਾਅਦ ਵੀ ਮਨ ਨਹੀਂ ਟਿਕਦਾ, ਰਸ ਨਹੀਂ ਆਉਂਦਾ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਰਸ ਤਾਂ ਵਾਹਿਗੁਰੂ ਨੇ ਦੇਣਾ ਹੈ, ਸਾਡਾ ਧਰਮ ਤੇ ਉਸ ਨੂੰ ਯਾਦ ਕਰਦੇ ਰਹਿਣਾ ਹੀ ਹੈ। ਜਿਸ ਤਰ੍ਹਾਂ ਜ਼ਿਮੀਦਾਰ ਦਾ ਕੰਮ ਹੈ ਬੂਟੇ ਲਾਉਣਾ, ਰਸ ਤਾਂ ਚੰਦਰਮਾ ਦੀਆਂ ਕਿਰਨਾ ਪਾਉਂਦੀਆਂ ਹਨ। ਇਸ ਤਰ੍ਹਾਂ ਹੀ ਅਸੀਂ ਮਨ ਨੂੰ ਚੰਗੇ ਪਾਸੇ ਲਾਉਣਾ ਹੈ, ਬੁਰੇ ਕਰਮਾਂ ਤੇ ਖਿਆਲਾਂ ਤੋਂ ਬਚਾਉਣਾ ਹੈ ਤੇ ਹੌਲੀ-ਹੌਲੀ ਸਹਿਜ ਦੀ ਅਵਸਥਾ ਪ੍ਰਾਪਤ ਕਰਨੀ ਹੈ। ਐਸੀ ਅਵਸਥਾ ਪਾਉਣ ਲਈ ਕਰਮਾਂ ਨੂੰ ਠੀਕ ਰੱਖਣਾ ਹੈ ਉਥੇ ਹੀ ਬੁਰੀ ਸੰਗਤ ਤੇ ਵਿਸ਼ੇ-ਵਿਕਾਰਾਂ ਤੋਂ ਵੀ ਬਚਣਾ ਹੈ। ਹੌਲੀ-ਹੌਲੀ ਨਾਮ ਜਪਣਾ ਇਕ ਆਦਤ ਬਣ ਜਾਂਦੀ ਹੈ ਤੇ ਨਾਮ ਜਪਣ ਦਾ ਚਾਉ ਵੀ ਪੈਦਾ ਹੋ ਜਾਂਦਾ ਹੈ। ਜਦ ਗੁਰਸਿੱਖ ਗੁਰੂ ਅਰਜਨ ਦੇਵ ਜੀ ਦੇ ਹੇਠ ਲਿਖੇ ਸ਼ਬਦਾਂ 'ਤੇ ਅਮਲ ਕਰਦਾ ਹੈ:
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ।।
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ।। (ਅੰਗ 762)
ਤਦ ਸਮਝੋ ਉਸ ਨੂੰ ਨਾਮ ਰਸ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਹੈ। ਜਦ ਤੁਸੀਂ ਇਸ ਰਾਹ 'ਤੇ ਤਰੱਕੀ ਕਰਦੇ ਹੋ, ਤਦ ਭਾਈ ਵੀਰ ਸਿੰਘ ਜੀ ਅਨੁਸਾਰ ਹੇਠ ਲਿਖੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਹਨ:
1 ਇਕ ਵੇਰ ਵਾਹਿਗੁਰੂ ਆਖ ਕੇ ਫਿਰ ਆਖਣ ਨੂੰ ਜੀਅ ਕਰੇ।
2. ਨਾਮ ਵਿਚ ਰੋਜ਼-ਬ-ਰੋਜ਼-ਭਰੋਸਾ ਵਧੇ।
3. ਦਿਲ ਵਿਚ ਇਕ ਨੁਕਤੇ 'ਤੇ ਠੰਢ ਜੇਹੀ ਭਾਸੇ।
3. ਕਾਮ, ਕ੍ਰੋਧ ਆਦਿ ਜੋ ਦੁਖਦਾਈ ਹਨ, ਘਟਦੇ ਜਾਣ।
ਜਿਸ ਸਿੱਖ ਦੇ ਅੰਦਰ ਨਾਮ-ਸਿਮਰਨ ਕਰਦੇ ਹੋਏ ਐਸੀ ਕੋਈ ਤਬਦੀਲੀ ਨਹੀਂ ਆਉਂਦੀ, ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਜੇ ਸਹੀ ਢੰਗ ਨਾਲ ਸਿਮਰਨ ਨਾਲ ਨਹੀਂ ਜੁੜ ਪਾਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਇਸ ਗੱਲ ਨੂੰ ਸਿਧਾਂਤਕ ਪੱਖ ਤੋਂ ਪਰਖਦੇ ਹੋਏ ਲਿਖਦੇ ਹਨ:
ਸਿਧਾਂਤ ਇਹ ਹੈ ਕਿ ਜੋ ਨਿਰਭਉ ਸਿਮਰ ਕੇ ਭੈ ਰਹਿਤ ਨਹੀਂ ਹੋਇਆ, ਨਿਰਵੈਰੁ ਨੂੰ ਧਿਆ ਕੇ ਕਿਸੇ ਨਾਲ ਦਿਲੀ ਵੈਰ ਰੱਖਦਾ ਹੈ, ਪਤਿਤ ਪਾਵਨ ਆਖਦਾ ਹੋਇਆ ਛੂਤ-ਛਾਤ ਦੇ ਬੰਧਨਾਂ ਵਿਚ ਬੰਧਾ ਹੈ, 'ਅਕਾਲ ਅਕਾਲ' ਉਚਾਰਣ ਕਰਦਾ ਮੌਤੋਂ ਡਰਦਾ ਹੈ, 'ਜਾਤਿ ਅਰੁ ਪਾਤਿ ਨਹਿਨ ਜਿਹ' ਅਥਵਾ ਕਥਨ ਮਾਤ੍ਰ ਸਿਮਰਨ ਕੇਵਲ ਪਾਖੰਡ ਹੈ, ਵਾਸਤਵ ਵਿਚ ਉਸ ਨੇ ਨਾਮ ਨੂੰ ਮੰਨਿਆ ਹੀ ਨਹੀਂ। |
| (8) Question:- |
ਗੁਰਬਾਣੀ ਵਿਚ ਨਾਮ ਸੁਆਸ-ਸੁਆਸ ਜਪਣ ਦਾ ਆਦੇਸ਼ ਹੈ। ਜੇ ਇਸ ਤਰ੍ਹਾਂ ਨਾ ਹੋ ਸਕੇ ਤਾਂ ਕੀ ਮੁਕਤੀ ਨਹੀਂ ਮਿਲ ਸਕਦੀ? |
| Answer:- |
ਗੁਰਬਾਣੀ ਅਨੁਸਾਰ ਇਨਸਾਨ ਨੂੰ ਆਪਣਾ ਜੀਵਨ ਪ੍ਰਭੂ-ਭਗਤੀ ਵਿਚ ਲਗਾਉਣਾ ਚਾਹੀਦਾ ਹੈ। ਗੁਰਬਾਣੀ ਹੀ ਇਸ ਜੱਗ ਮਹਿ ਚਾਨਣ ਹੈ ਤੇ ਇਸ ਦਾ ਜਾਪ ਹੀ ਆਤਮਾ ਦਾ ਕਲਿਆਣ ਕਰ ਸਕਦਾ ਹੈ। ਜੋ ਗੁਰਸਿੱਖ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਪ੍ਰਭੂ ਦੇ ਨਾਮ ਨੂੰ ਜਪਣ ਤੇ ਜਨ ਕਲਿਆਣਕਾਰੀ ਕਾਰਜਾਂ ਵਿਚ ਲਗਾਉਂਦੇ ਹਨ ਉਹ ਤਾਂ ਮੁਕਤੀ ਪਾਉਂਦੇ ਹੀ ਹਨ ਪਰ ਜਿਨ੍ਹਾਂ ਨੂੰ ਨਾਮ-ਜਪਣ ਦਾ ਵੇਲਾ ਘੱਟ ਮਿਲਦਾ ਹੈ ਭਾਵੇਂ ਉਹ ਕੁਝ ਮਿੰਟਾਂ ਦਾ ਹੀ ਹੋਵੇ ਉਹ ਵੀ ਇਸ ਦੇ ਸੁੱਖ ਫਲ ਤੋਂ ਵਾਂਝੇ ਨਹੀਂ ਰਹਿੰਦੇ। ਭਗਤ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੇ ਇਕ ਸਲੋਕ ਵਿਚ ਕਿਹਾ ਹੈ:
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ।। (ਅੰਗ 1377)
ਇਹ ਯਾਦ ਰਹੇ ਇਕ ਘੜੀ 24 ਮਿੰਟ ਦੀ ਹੁੰਦੀ ਹੈ। ਅੱਧੀ ਤੋਂ ਅੱਧੀ ਉਹ ਪੰਜ-ਛੇ ਮਿੰਟ ਹੀ ਬਣਦੀ ਹੈ। ਭਾਵ ਇਹੀ ਹੈ ਕਿ ਘੱਟ ਤੋਂ ਘੱਟ ਸਮਾਂ ਵੀ ਨਾਮ ਜਪਿਆ ਮਹਾਂ-ਫਲਦਾਇਕ ਹੈ। ਅਸਲ ਵਿਚ ਗੁਰਬਾਣੀ ਤਾਂ ਇਥੋਂ ਤੱਕ ਕਹਿੰਦੀ ਹੈ ਕਿ ਪਰਮਾਤਮਾ ਤਾਂ ਇਕ ਪਲ ਵਿਚ ਹੀ ਮਿਲ ਜਾਂਦਾ ਹੈ ਬਸ਼ਰਤੇ ਕਿ ਉਹ ਸੁਹਾਵਾ ਪਲ ਸਾਡੀ ਜ਼ਿੰਦਗੀ ਵਿਚ ਆ ਜਾਵੇ। ਐਸਾ ਪਲ ਜਿਸ ਵਿਚ ਇਨਸਾਨ ਆਪਣਾ ਭੂਤ ਅਤੇ ਭਵਿੱਖ ਦੋਵੇਂ ਭੁਲਾ ਕੇ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ-ਐਸਾ ਮਹੱਤਵਪੂਰਨ ਪਲ ਹਰੇਕ ਦੀ ਜ਼ਿੰਦਗੀ ਵਿਚ ਨਹੀਂ ਆਉਂਦਾ, ਪਰ ਜਦ ਉਹ ਘਟਦਾ ਹੈ ਤਾਂ ਪ੍ਰਭੂ ਪਿਆਰ ਦੀ ਇੰਤਹਾ ਹੁੰਦੀ ਹੈ ਤੇ ਇਨਸਾਨ ਆਪਣੀ ਸੁੱਧ-ਬੁੱਧ ਗਵਾ ਕੇ ਐਸੇ ਪਿਆਰ ਵਿਚ ਖੋ ਜਾਂਦਾ ਹੈ। ਐਸੇ ਵਡਭਾਗੇ ਪਲ ਵਿਚ ਵਾਹਿਗੁਰੂ ਦਾ, ਮੁਖੋ ਇਕ ਵਾਰੀ ਉਚਾਰਨ ਵੀ ਜਨਮਾਂ-ਜਨਮਾਂ ਦੇ ਪਾਪ ਧੋ ਦਿੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਵਿਚ ਸਾਨੂੰ ਦੱਸਦੇ ਹਨ ਕਿ ਐਸੀ ਅਵਸਥਾ ਪ੍ਰਭ ਦੀ ਕਿਰਪਾ ਨਾਲ ਹੀ ਹੁੰਦੀ ਹੈ:
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ।।
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ।। (ਅੰਗ 633-34)
|
| (9) Question:- |
ਅਗਰ ਕਿਸੇ ਸਿੱਖ ਤੋਂ ਜ਼ਿੰਦਗੀ ਵਿਚ ਕੋਈ ਭੁੱਲ ਜਾਂ ਪਾਪ ਹੋ ਜਾਵੇ ਤਾਂ ਕੀ ਉਹ ਪਰਮਾਤਮਾ ਦੀ ਬਖਸ਼ਿਸ਼ ਪਾ ਸਕਦਾ ਹੈ? |
| Answer:- |
ਇਕ ਚੰਗੇ ਪਰਿਵਾਰ ਦਾ ਵਿਅਕਤੀ ਚੰਗੇ ਸੰਸਕਾਰਾਂ ਨਾਲ ਜੁੜਿਆ ਹੁੰਦਾ ਹੈ। ਜੋ ਇਨਸਾਨ ਗੁਰਸਿੱਖ ਪਰਿਵਾਰ ਵਿਚ ਪੈਦਾ ਹੁੰਦਾ ਤੇ ਪਲਦਾ ਹੈ, ਉਹ ਇਕ ਬਹੁਤ ਹੀ ਸ਼ਾਨਦਾਰ ਵਿਰਸੇ ਦਾ ਮਾਲਕ ਹੋ ਜਾਂਦਾ ਹੈ। ਗੁਰਬਾਣੀ ਜਿਥੇ ਉਹਨੂੰ ਅਧਿਆਤਮਕ ਪੱਖ ਤੋਂ ਅਮੀਰ ਕਰਕੇ ਪਰਮਾਤਮਾ ਨਾਲ ਜੋੜਦੀ ਹੈ, ਉਥੇ ਹੀ ਉਹਨੂੰ ਸਭਿਆਚਾਰਕ ਪੱਖ ਤੋਂ ਜ਼ਿੰਦਗੀ ਦੀਆਂ ਐਸੀਆਂ ਕਦਰਾਂ ਕੀਮਤਾਂ ਨਾਲ ਸਮਰੱਥ ਕਰ ਦਿੰਦੀ ਹੈ ਕਿ ਉਹ ਕੋਈ ਵੀ ਪਾਪ ਕਰਨ ਵੱਲ ਰੁਚਿਤ ਨਹੀ ਹੁੰਦਾ। ਪਰ ਗੁਰਸਿੱਖ ਸਦਾ ਵਾਹਿਗੁਰੂ ਦੀ ਬਖਸ਼ਿਸ਼ ਲਈ ਅਰਦਾਸ ਕਰਦਾ ਹੋਇਆ ਆਪਣੇ ਔਗੁਣਾਂ ਨੂੰ ਯਾਦ ਕਰਕੇ ਇਸ ਤਰ੍ਹਾਂ ਕਹਿੰਦਾ ਹੈ:-
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ।।
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।। (ਅੰਗ 156)
ਗੁਰਬਾਣੀ ਵਿਚ ਐਸੀਆਂ ਅਨੇਕਾਂ ਪੰਕਤੀਆਂ ਹਨ ਜਿਨ੍ਹਾਂ ਰਾਹੀਂ ਇਨਸਾਨ ਆਪਣੇ ਔਗੁਣਾਂ ਨੂੰ ਯਾਦ ਰੱਖ ਕੇ ਪਰਮ ਪਿਤਾ ਪਰਮਾਤਮਾ ਦੀ ਸ਼ਰਨ ਲੈਂਦਾ ਹੈ ਤੇ ਅਰਦਾਸ ਕਰਦਾ ਹੈ ਕਿ ਉਸ ਦੇ ਸਾਰੇ ਅਪਰਾਧ, ਭੁੱਲਾਂ ਬਖਸ਼ ਦਿੱਤੇ ਜਾਣ। ਗੁਰੂ ਅਰਜਨ ਦੇਵ ਜੀ ਦੀਆਂ ਹੇਠ ਲਿਖੀਆਂ ਪੰਕਤੀਆਂ ਪਰਮਾਤਮਾ ਦੀ ਸਮਰੱਥਾ ਤੇ ਮਿਹਰ ਦਾ ਜ਼ਿਕਰ ਕਰਦੀਆਂ ਹਨ ਜੋ ਹਰ ਸਿੱਖ ਦੀ ਅਰਦਾਸ ਹੈ:
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥3॥ (ਅੰਗ 547)
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥1॥
ਮਾਧੋ ਹਮ ਐਸੇ ਤੂ ਐਸਾ ॥
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥2॥
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥3॥ (ਅੰਗ 613)
ਜੇ ਕਦੀ ਕੋਈ ਗਲਤੀ ਜਾਂ ਪਾਪ ਅਚੇਤ ਤੌਰ 'ਤੇ ਹੋ ਜਾਵੇ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤੇ ਉਸ ਦੀ ਬਖਸ਼ਿਸ਼ ਤੋਂ ਬੇਉਮੀਦ ਨਹੀਂ ਹੋਣਾ ਚਾਹੀਦਾ। ਕਾਨੂੰਨ ਭਾਵੇਂ ਕਿਸੇ ਤਰ੍ਹਾਂ ਵੀ ਫੈਸਲਾ ਕਰੇ ਪਰ ਪਰਮਾਤਮਾ ਚੰਗੇ ਮੰਦੇ ਕਰਮਾਂ ਦਾ ਫੈਸਲਾ ਸਭ ਜਾਣਦੇ ਹੋਏ ਹੀ ਕਰਦਾ ਹੈ। ਉਸ ਤੋਂ ਕੋਈ ਚੀਜ਼ ਛੁਪੀ ਨਹੀਂ ਤੇ ਨਾ ਹੀ ਉਸ ਦੇ ਸਨਮੁਖ ਸੱਚ ਸਾਬਤ ਕਰਨ ਲਈ ਸਬੂਤ ਦੀ ਜ਼ਰੂਰਤ ਹੈ। ਉਸ ਨੂੰ ਬਖਸ਼ਿੰਦ ਜਾਣਦੇ ਹੋਏ ਭਾਈ ਗੁਰਦਾਸ ਵਾਂਗੂੰ ਆਪਣੇ ਸਾਰੇ ਅਪਰਾਧ ਮੰਨ ਕੇ ਉਸ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ:
ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ॥
ਚੋਰੁ ਯਾਰੁ ਜੂਆਰਿ ਹਉ ਪਰ ਘਰਿ ਜੋਹੰਦਾ॥
ਨਿੰਦਕੁ ਦੁਸਟੁ ਹਰਾਮਖੋਰੁ ਠਗੁ ਦੇਸ ਠਗੰਦਾ॥
ਕਾਮ ਕ੍ਰੋਧ ਮਦੁ ਲੋਭੁ ਮੋਹੁ ਅਹੰਕਾਰੁ ਕਰੰਦਾ॥
ਬਿਸਾਸਘਾਤੀ ਅਕਿਰਤਘਣ ਮੈ ਕੋ ਨ ਰਖੰਦਾ॥
ਸਿਮਰਿ ਮੁਰੀਦਾ ਢਾਢੀਆ ਸਤਿਗੁਰ ਬਖਸੰਦਾ ॥21॥36॥ (ਵਾਰ 36)
ਆਪਣੀ ਸੈਂਤੀਵੀਂ ਵਾਰ ਵਿਚ ਵੀ ਭਾਈ ਗੁਰਦਾਸ ਜੀ ਆਪਣੇ ਅਕ੍ਰਿਤਘਣ ਨਿੰਦਕ ਤੇ ਦੁਸ਼ਟ ਹੋਣ ਦੇ ਅਹਿਸਾਸ ਨੂੰ ਪ੍ਰਗਟਾਉਂਦੇ ਹਨ। ਆਪ ਆਪਣੇ ਕਬਿੱਤਾਂ ਵਿਚ ਵੀ ਕਈ ਥਾਈ ਆਪਣੇ ਆਪ ਨੂੰ ਰੂਪਹੀਨ, ਕੁਲਹੀਨ, ਗਿਆਨਹੀਨ ਤੇ ਬੁਧੀ ਤੇ ਬਲ ਤੋਂ ਸੱਖਣਾ ਦੱਸਦੇ ਹਨ, ਜਿਵੇਂ ਕਿ ਆਪ ਜੀ ਫੁਰਮਾਉਂਦੇ ਹਨ:
ਤੋਸੋ ਨ ਨਾਥੁ ਅਨਾਥ ਨ ਮੋਸਰਿ ਤੋਸੋ ਨ ਦਾਨੀ ਨ ਮੋ ਸੋ ਭਿਖਾਰੀ ॥
ਮੋਸੋ ਨ ਦੀਨ ਦਇਆਲੁ ਨ ਤੋਸਰਿ ਮੋਸੋ ਅਗਿਆਨੁ ਨ ਤੋਸੋ ਬਿਚਾਰੀ ॥
ਮੋਸੋ ਨ ਪਤਤਿ ਨ ਪਾਵਨ ਤੋਸਰਿ ਮੋਸੋ ਬਿਕਾਰੀ ਨ ਤੋਸੋ ਉਪਕਾਰੀ ॥
ਮੇਰੇ ਹੈ ਅਵਗੁਨ ਤੂ ਗੁਨ ਸਾਗਰ ਜਾਤ ਰਸਾਤਲ ਓਟ ਤਿਹਾਰੀ ॥528॥ (ਕਬਿੱਤ ਨੰ: 528)
|
| (10) Question:- |
ਸਿੱਖ ਧਰਮ ਅਨੁਸਾਰ ਹੁਕਮ/ਭਾਣਾ ਮੰਨਣ ਦੀ ਕੀ ਮਹੱਤਤਾ ਹੈ? |
| Answer:- |
ਸਿੱਖ ਧਰਮ ਅਨੁਸਾਰ ਪਰਮਾਤਮਾ ਤੇ ਇਨਸਾਨ ਦੇ ਮੇਲ ਵਿਚ ਸਭ ਤੋਂ ਵੱਡੀ ਰੁਕਾਵਟ ਹੈ ਹਉਮੈ ਦੀ। ਗੁਰਬਾਣੀ ਵਿਚ ਹਉਮੈ ਨੂੰ ਦੀਰਘ ਰੋਗ ਦੱਸਿਆ ਗਿਆ ਹੈ ਇਸ ਰੋਗ ਦਾ ਇਲਾਜ ਵਾਹਿਗੁਰੂ ਦਾ ਨਾਮ ਸਿਮਰਨ ਹੈ। ਜਦ ਇਨਸਾਨ ਸਵਾਸ-ਸਵਾਸ ਉਸ ਦੇ ਨਾਮ ਨੂੰ ਜਪਦਾ ਹੈ ਤਾਂ ਇਕ ਅਵਸਥਾ ਐਸੀ ਆ ਜਾਂਦੀ ਹੈ ਜਿਥੇ ਪੁੱਜ ਕੇ ਇਨਸਾਨ ਗਮ ਜਾਂ ਖੁਸ਼ੀ, ਮਾਣ ਤੇ ਅਪਮਾਨ ਆਦਿ ਭਾਵਨਾਵਾਂ ਨਾਲ ਪ੍ਰਭਾਵਿਤ ਨਹੀਂ ਹੁੰਦਾ। ਪਰਮਾਤਮਾ ਨਾਲ ਜੁੜੇ ਹੋਣ ਕਰਕੇ ਉਸ ਨੂੰ ਹਰ ਅਵਸਥਾ ਪਰਮਾਤਮਾ ਦਾ ਹੁਕਮ ਲਗਦਾ ਹੈ। ਜਦ ਸਾਰੇ ਬ੍ਰਹਿਮੰਡ ਦੀ ਰਚਨਾ ਉਸ ਪਰਮਤਾਮਾ ਦਾ ਹੁਕਮ ਹੀ ਹੈ, ਤਦ ਇਨਸਾਨ ਦੀ ਜ਼ਿੰਦਗੀ ਵੀ ਤਾਂ ਉਸ ਦੇ ਹੁਕਮ ਅਨੁਸਾਰ ਹੀ ਚਲਦੀ ਹੈ। ਹੁਕਮ ਨੂੰ ਮੰਨਣ ਵਾਲਾ ਪਰਮਾਤਮਾ ਨੂੰ ਪਾ ਲੈਂਦਾ ਹੈ ਤੇ ਪਰਮਾਤਮਾ ਤੋਂ ਦੂਰ ਵਿਅਕਤੀ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ। ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਦੇ ਸ਼ੁਰੂ ਵਿਚ ਹੀ ਇਕ ਸਵਾਲ ਖੜਾ ਕਰ ਕੇ ਉਸ ਦੇ ਜਵਾਬ ਵਿਚ ਹੁਕਮ ਦੀ ਮਹਿਮਾ ਪ੍ਰਗਾਈ ਹੈ:-
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। (ਅੰਗ 1)
ਹੁਕਮ ਮੰਨਣਾ ਹੀ ਰੱਬ ਦਾ ਭਾਣਾ ਮੰਨਣਾ ਹੈ। ਇਸ ਤੋਂ ਭਾਵ ਹੈ ਕਿ ਜਿਸ ਹਾਲ ਵਿਚ ਵੀ ਰੱਬ ਰੱਖੇ ਉਸ ਹਾਲ ਹੀ ਖੁਸ਼ ਰਹਿਣਾ ਚਾਹੀਦਾ ਹੈ। ਗੁਰਬਾਣੀ ਵਿਚ ਐਸੀਆਂ ਬਹੁਤ ਸਤਰਾਂ ਹਨ ਜੋ ਇਸ ਗੱਲ 'ਤੇ ਜ਼ੌਰ ਦਿੰਦੀਆਂ ਹਨ ਕਿ ਹੁਕਮ ਤੇ ਭਾਣਾ ਮੰਨਣ ਵਾਲਾ ਇਨਸਾਨ ਸਦੀਵੀ ਖੁਸ਼ੀ ਤੇ ਸ਼ਾਂਤੀ ਪਾਉਂਦਾ ਹੈ ਤੇ ਹੁਕਮ ਨਾ ਮੰਨਣ ਵਾਲਾ ਵਿਅਕਤੀ ਦੁੱਖ ਤੇ ਤਕਲੀਫ਼ਾਂ ਦਾ ਭਾਗੀ ਹੁੰਦਾ ਹੈ।
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ।। (ਅੰਗ 108)
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ।। (ਅੰਗ 1063)
ਭਾਣਾ ਨ ਮੰਨੇ ਬਹੁਤੁ ਦੁਖੁ ਪਾਈ।। (ਅੰਗ 1064)
|