• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(11) Question:- ਸਿੱਖ ਧਰਮ ਵਿਚ ਭਗਤੀ ਮਾਰਗ ਕਿਹੜਾ ਹੈ? ਸ਼ਰਧਾ ਤੇ ਵੈਰਾਗ ਤੋਂ ਕੀ ਭਾਵ ਹੈ?
Answer:- ਸਿੱਖ ਧਰਮ ਦਾ ਭਗਤੀ ਮਾਰਗ ਦੂਸਰੇ ਧਰਮਾਂ ਦੇ ਭਗਤੀ ਮਾਰਗ ਤੋਂ ਭਿੰਨ ਹੈ। ਸਿੱਖ ਧਰਮ ਭਗਤੀ ਲਈ ਕਿਸੇ ਇਕਾਂਤ ਜਗ੍ਹਾ 'ਤੇ ਜਾਂ ਜੰਗਲ ਵਿਚ ਜਾ ਕੇ ਤਪ ਕਰਨ ਲਈ ਨਹੀਂ ਕਹਿੰਦਾ, ਨਾ ਹੀ ਭਗਤੀ ਲਈ ਤਨ ਤੇ ਮਨ ਨੂੰ ਕਸ਼ਟ ਦੇਣ ਦੀ ਜ਼ਰੂਰਤ ਹੈ। ਗੁਰਬਾਣੀ ਵਿਚ ਭਗਤੀ ਤੋਂ ਭਾਵ ਹੈ ਵਾਹਿਗੁਰੂ ਦਾ ਨਾਮ ਜਪਣਾ। ਸੰਸਾਰ ਵਿਚ ਰਹਿੰਦੇ ਹੋਏ, ਗ੍ਰਹਿਸਤ ਵਿਚ ਵਿਚਰਦੇ ਹੋਏ ਤੇ ਸਾਰੇ ਕੰਮ ਹੱਥਾਂ-ਪੈਰਾਂ ਨਾਲ ਕਰਦੇ ਹੋਏ ਇਹ ਭਗਤੀ ਦਾ ਮਾਰਗ ਅਪਨਾਉਣਾ ਦੱਸਿਆ ਗਿਆ ਹੈ। ਐਸੀ ਭਗਤੀ ਕਰਨ ਵਾਲਾ ਇਨਸਾਨ ਜਿਥੇ ਆਪ ਮੁਕਤੀ ਪਾਉਂਦਾ ਹੈ, ਉਥੇ ਸੰਸਾਰ ਨੂੰ ਵੀ ਮੁਕਤੀ ਦਿਵਾਉਂਦਾ ਹੈ:-
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ।। ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ।। (ਅੰਗ 295)
ਗੁਰਬਾਣੀ ਵਿਚ ਨੌਂ ਪ੍ਰਕਾਰ ਦੀ ਭਗਤੀ ਦੱਸੀ ਗਈ ਹੈ। ਇਹ ਨੌਂ ਪ੍ਰਕਾਰਾਂ ਦੀ ਭਗਤੀ ਦਾ ਵੇਰਵਾ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ 'ਗੁਰਮਤਿ ਨਿਰਣਯ ਸਾਗਰ' ਵਿਚ ਇਸ ਪ੍ਰਕਾਰ ਲਿਖਿਆ ਹੈ:-
1. ਸ੍ਰਵਣ
2. ਕੀਰਤਨ
3. ਸਿਮਰਨ
4. ਪਾਕ ਸੇਵਨ
5. ਅਰਚਨ
6. ਬੰਧਨ
7. ਦਾਸ ਭਾਵ
8. ਮਿੱਤ੍ਰਤਾ
9. ਆਤਮ ਨਿਵੇਦਨ।
ਭਾਰਤੀ ਅਧਿਆਤਮਿਕ ਪਰੰਪਰਾ ਵਿਚ ਸੁਨਣ ਦੀ ਬੜੀ ਮਾਨਤਾ ਹੈ। ਸੁਨਣ ਨਾਲ ਹੀ ਭਾਵ ਦਾ ਸਾਡੇ ਹਿਰਦੇ ਵਿਚ ਵਾਸ ਹੁੰਦਾ ਹੈ ਤੇ ਉਹ ਸਾਡੀ ਜ਼ਿੰਦਗੀ ਦਾ ਹੀ ਹਿੱਸਾ ਬਣ ਜਾਂਦਾ ਹੈ-
ਪ੍ਰਮੇਸ਼ਰ ਦੇ ਨਾਮ ਨੂੰ ਸੁਣ ਕੇ ਜੋ ਫਾਇਦੇ ਇਨਸਾਨ ਨੂੰ ਹੁੰਦੇ ਹਨ ਉਨ੍ਹਾਂ ਦਾ ਵਿਵਰਣ ਜਪੁਜੀ ਸਾਹਿਬ ਦੀਆਂ ਪਉੜੀ ਨੰ. 8 ਤੋਂ 11 ਤਕ ਦਿੱਤਾ ਗਿਆ ਹੈ। ਸੋ ਗੁਰਮਤਿ ਸੁਨਣ ਤੇ ਫਿਰ ਉਸ ਨੂੰ ਮਨ ਵਿਚ ਵਸਾਉਣ ਦੀ ਮਹਿਮਾ ਹੀ ਮੰਨਦੀ ਹੈ।
ਕੀਰਤਨ ਕਰਨਾ ਗੁਰਮਤਿ ਅਨੁਸਾਰ ਭਗਤੀ ਦਾ ਪ੍ਰਮੁੱਖ ਢੰਗ ਹੈ। 'ਕਲਜੁਗ ਮਹਿ ਕੀਰਤਨੁ ਪਰਧਾਨਾ' ਹੋਣ ਤੋਂ ਭਾਵ ਇਹ ਹੈ ਕਿ ਇਸ ਦਾ ਮਹੱਤਵ ਬਹੁਤ ਜ਼ਿਆਦਾ ਮੰਨਿਆ ਗਿਆ ਹੈ। ਗੁਰਬਾਣੀ ਦੀਆਂ ਹੇਠ ਲਿਖੀਆਂ ਸਤਰਾਂ ਕੀਰਤਨ ਦੀ ਮਹਿਮਾ ਦਰਸਾਉਂਦੀਆਂ ਹਨ:-
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ।। (ਅੰਗ 468)
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ।। (ਅੰਗ 670)
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾ।। (ਅੰਗ 1298)
ਵਾਹਿਗੁਰੂ ਦੀ ਸਵਾਸ-ਸਵਾਸ ਅਰਾਧਨਾ ਕਰਨਾ ਸਿਮਰਨ ਹੈ। ਗੁਰੂ ਅਰਜਨ ਦੇਵ ਜੀ 'ਸੁਖਮਨੀ ਸਾਹਿਬ' ਵਿਚ ਫੁਰਮਾਉਂਦੇ ਹਨ ਕਿ ਜਿਵੇਂ ਬਰਸਾਤ ਤੋਂ ਬਿਨਾਂ ਖੇਤੀ ਖਤਮ ਹੋ ਜਾਦੀ ਹੈ। ਇਸ ਤਰ੍ਹਾਂ ਹੀ ਸਿਮਰਨ ਤੋਂ ਬਿਨਾਂ ਇਹ ਜੀਵਨ ਬਿਰਥਾ ਜਾਂਦਾ ਹੈ:-
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ।।
ਮੇਘ ਬਿਨਾ ਜਿਉ ਖੇਤੀ ਜਾਇ।। (ਅੰਗ 269)
ਸੁਖਮਨੀ ਸਾਹਿਬ ਦਾ ਤਾਂ ਆਰੰਭ ਹੀ ਸਿਮਰਨ ਦੀ ਮਹਿਮਾ ਨਾਲ ਹੁੰਦਾ ਹੈ। ਸਿਮਰਨ ਨੂੰ ਕਲਹ-ਕਲਸ਼ ਮਿਟਾਉਣ ਵਾਲਾ ਤੇ ਪਰਮਾਤਮਾ ਦੇ ਨਜ਼ਦੀਕ ਲਿਜਾਣ ਵਾਲਾ ਦੱਸਿਆ ਗਿਆ ਹੈ। ਪਾਕ ਸੇਵਨ ਭਗਤੀ ਜਿਥੇ ਪਰਮਾਤਮਾ ਦੇ ਚਰਨ-ਕੰਵਲਾਂ ਨੂੰ ਸਮਰਪਿਤ ਹੈ ਉਥੇ ਬੰਦਨਾ ਭਗਤੀ ਝੁੱਕ ਕੇ ਸੀਸ ਨਿਵਾਉਣ ਦਾ ਇਸ਼ਾਰਾ ਕਰਦੀ ਹੈ ਅਰਚਨ ਭਗਤੀ ਮਨ ਨੀਵਾਂ ਕਰਕੇ ਤੇ ਅਹੰਕਾਰ ਨੂੰ ਤਿਆਗ ਕੇ ਹਰੀ ਦੀ ਸੇਵਾ ਕਰਨ ਦਾ ਨਾਮ ਹੈ। ਦਾਸ ਭਾਵ ਭਗਤੀ ਆਪਣੇ ਆਪ ਨੂੰ ਪਰਮਾਤਮਾ ਦਾ ਦਾਸ ਮੰਨਦੇ ਹੋਏ ਉਸ ਦੀ ਸੇਵਾ ਕਰਨ ਨੂੰ ਕਹਿੰਦੇ ਹਨ। ਗੁਰਬਾਣੀ ਵਿਚ ਇਸ ਦੇ ਕਈ ਪ੍ਰਮਾਣ ਮਿਲਦੇ ਹਨ, ਜਿਵੇਂ ਕਿ:-
ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ।। (ਅੰਗ 749)
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ।।
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ।। (ਅੰਗ 757)
ਗੁਰਬਾਣੀ ਵਿਚ ਜਿਥੇ ਪਰਮਾਤਮਾ ਨੂੰ ਮਾਤਾ-ਪਿਤਾ ਦੱਸਿਆ ਗਿਆ ਹੈ, ਉਥੇ ਹੀ ਉਸ ਨੂੰ ਮਿੱਤਰ ਵੀ ਦਰਸਾਇਆ ਗਿਆ ਹੈ। ਮਿੱਤਰ ਦੇ ਰੂਪ ਵਿਚ ਉਹ ਸਿਤਰੀ ਰੂਪੀ ਇਨਸਾਨ ਦਾ ਪਤੀ ਵੀ ਹੈ। ਗੁਰੂ ਸਾਹਿਬ ਨੇ ਇਨਸਾਨ ਨੂੰ ਇਕ ਚੰਗੀ ਪਤਨੀ ਵਾਂਗੂੰ ਆਪਣੇ ਪਤੀ ਨੂੰ ਖੁਸ਼ ਕਰਨ ਵਾਲੇ ਗੁਣ ਧਾਰਨ ਕਰ ਲਈ ਪ੍ਰੇਰਿਆ ਹੈ। ਭਗਤੀ ਦਾ ਨੌਵਾਂ ਰੂਪ ਆਤਮ ਸਮਰਪਣ ਦਾ ਰੂਪ ਹੈ ਜੋ ਇਕ ਐਸੀ ਦਿਸ਼ਾ ਨੂੰ ਦਰਸਾਉਂਦਾ ਹੈ, ਜਿਸ ਵਿਚ ਇਨਸਾਨ ਤੇ ਪਰਮਾਤਮਾ ਵਿਚ ਕੋਈ ਭੇਦ ਨਹੀਂ ਰਹਿ ਜਾਂਦਾ ਹੈ। ਗੁਰਬਾਣੀ ਭਗਤੀ ਦੇ ਇਸ ਰੂਪ ਨੂੰ ਹੇਠ ਲਿਖੀਆਂ ਸਤਰਾਂ ਵਿਚ ਦਰਸਾਉਂਦੀ ਹੈ:-
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।। ਕਨਕ ਕਟਿਕ ਜਲ ਤਰੰਗ ਜੈਸਾ।। (ਅੰਗ 93)
ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹੰਮ।। ਏਕਹਿ ਆਪ ਨਹੀਂ ਕਛੁ ਭਰਮੁ।। (ਅੰਗ 287)
ਉਪਰੋਕਤ ਚਰਚਾ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਇਨਸਾਨ ਨੂੰ ਭਗਤੀ ਦਾ ਕੋਈ ਵੀ ਰੂਪ ਅਪਨਾਅ ਕੇ ਪਰਮਾਤਮਾ ਨਾਲ ਜੁੜਨ ਲਈ ਪ੍ਰੇਰਦੀ ਹੈ ਜੋ ਕਿਸੇ ਤਰ੍ਹਾਂ ਵੀ ਭਗਤੀ ਕਰਦਾ ਹੈ ਉਹ ਇਸ ਭਵ-ਸਾਗਰ ਤੋਂ ਤਰ ਜਾਂਦਾ ਹੈ। ਤੇ ਜੋ ਭਗਤੀ ਨਹੀਂ ਕਰਦਾ ਉਸ ਬਾਰੇ ਗੁਰਵਾਕ ਹੈ:-
ਬਿਨੁ ਭਗਤੀ ਤਨੁ ਹੋਸੀ ਛਾਰੁ।। (ਅੰਗ 290)
ਸ਼ਰਧਾ
ਸ਼ਰਧਾ ਤੋਂ ਭਾਵ ਹੈ ਜਿਸ ਵਿਚ ਸ਼ਰਧਾ ਰੱਖੀ ਜਾਂਦੀ ਹੈ ਉਸ ਦੇ ਹੁਕਮ ਨੂੰ ਸਤਿ ਕਰ ਕੇ ਮੰਨਣਾ। ਇਸ਼ਟ ਕੋਈ ਵੀ ਹੋਵੇ, ਸ਼ਰਧਾ ਕਰਨ ਵਾਲਾ ਉਸ 'ਤੇ ਹੀ ਭਰੋਸਾ ਰੱਖਦਾ ਹੈ। ਮਿਸਾਲ ਦੇ ਤੌਰ 'ਤੇ ਧੰਨਾ ਜੀ ਨੇ ਸ਼ਰਧਾ ਵਜੋਂ ਇਕ ਪੱਥਰ ਨੂੰ ਹੀ ਆਪਣਾ ਠਾਕੁਰ ਸਮਝ ਲਿਆ। ਭਾਈ ਗੁਰਦਾਸ ਜੀ ਧੰਨਾ ਜੀ ਦੀ ਸ਼ਰਧਾ ਦਾ ਜ਼ਿਕਰ ਕਰਦੇ ਹੋਏ ਆਪਣੀ ਦਸਵੀਂ ਵਾਰ ਦੀ ਤੇਰ੍ਹਵੀਂ ਪਉੜੀ ਵਿਚ ਦੱਸਦੇ ਹਨ ਕਿ ਕਿਸ ਤਰ੍ਹਾਂ ਧੰਨਾ ਜੀ ਨੇ ਆਪਣੇ ਠਾਕੁਰ ਨੂੰ ਭੋਗ ਲਵਾਉਣ ਵਾਸਤੇ ਜ਼ਿਦ ਕੀਤੀ ਤੇ ਕਿਸ ਤਰ੍ਹਾਂ ਪਰਮਾਤਮਾ ਨੇ ਉਨ੍ਹਾਂ ਦੀ ਸ਼ਰਧਾ ਵੇਖ ਕੇ ਪ੍ਰਤੱਖ ਰੂਪ ਵਿਚ ਦਰਸ਼ਨ ਦਿੱਤੇ। ਗੁਰੂ ਅਰਜਨ ਦੇਵ ਜੀ ਭਰੋਸਾ ਰੱਖਣ ਵਾਲੇ ਇਨਸਾਨ ਦੇ ਬਾਰੇ ਫੁਰਮਾਉਂਦੇ ਹਨ ਕਿ ਉਹ ਕਦੇ ਨਹੀਂ ਡੋਲਦਾ ਤੇ ਹਮੇਸ਼ਾ ਜੱਗ ਵਿਚ ਵਡਿਆਈ ਪਾਉਂਦਾ ਹੈ:-
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ।।
ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ।। (ਅੰਗ 678)
ਇਥੇ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਕਿ ਸ਼ਰਧਾ, ਵਿਸ਼ਵਾਸ, ਭਰੋਸਾ ਰੱਖਣ ਵਾਲੇ ਇਨਸਾਨ ਕਿਸੇ ਗੱਲ 'ਤੇ ਵੀ ਕਿੰਤੂ-ਪ੍ਰੰਤੂ ਨਹੀਂ ਕਰਦੇ।
ਸੰਖੇਪ ਵਿਚ ਸਿੱਖ ਧਰਮ ਵਿਚ ਭਾਣਾ ਮੰਨਣਾ ਦਾ ਸੰਕਲਪ ਸ਼ਰਧਾ ਤੇ ਭਰੋਸੇ ਦਾ ਹੀ ਰੂਪ ਹੈ। ਜਿਸ ਗੱਲ ਵਿਚ ਪਰਮਾਤਮਾ ਖੁਸ਼ ਹੁੰਦਾ ਹੈ, ਉਸ ਨੂੰ ਉਸ ਦਾ ਹੁਕਮ ਮੰਨ ਕੇ ਸ਼ਰਧਾਲੂ ਵੀ ਖਿੜੇ ਮੱਥੇ ਸਵੀਕਾਰਦਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਇਕ ਹੋਰ ਪ੍ਰਸ਼ਨ ਦੇ ਉਤਰ ਵਿਚ ਦਿੱਤੀ ਗਈ ਹੈ।
ਵੈਰਾਗ
ਸਿੱਖ ਧਰਮ ਤੋਂ ਪਹਿਲਾਂ ਵੈਰਾਗ ਤੋਂ ਭਾਵ ਸੀ ਸੰਸਾਰ ਨੂੰ ਤਿਆਗਣਾ, ਪ੍ਰੰਤੂ ਸਿੱਖ ਧਰਮ ਵਿਚ ਸੰਸਾਰ ਤੋਂ ਉਪਰਾਮਤਾ ਵੈਰਾਗ ਨਹੀਂ ਹੈ। ਸਿੱਖ ਧਰਮ ਦਾ ਵੈਰਾਗ ਆਪਣੀਆਂ ਮਨੋਬਿਰਤੀਆਂ ਨੂੰ ਮੰਦ ਭਾਵਨਾ ਤੋਂ ਹਟਾ ਕੇ ਕਿਸੇ ਉਚੇ ਆਦਰਸ਼ ਨਾਲ ਜੋੜਨਾ ਹੈ। ਗੁਰੂ ਅਮਰਦਾਸ ਜੀ ਹੇਠ ਲਿਖੀਆਂ ਸਤਰਾਂ ਵਿਚ ਬੈਰਾਗ ਤੇ ਬੈਰਾਗੀ ਦਾ ਭਾਵ ਸਪੱਸ਼ਟ ਕਰਦੇ ਹਨ:-
ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ।।
ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ।।
ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ।।
ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ।। (ਅੰਗ 440)
ਗੁਰਸਿੱਖ ਜਦ ਬੈਰਾਗੀ ਬਣਦਾ ਹੈ ਤਾਂ ਉਹ ਬਾਬਾ ਫਰੀਦ ਜੀ ਵਾਂਗੂੰ ਤੇ ਗੁਰੂ ਤੇਗ ਬਹਾਦਰ ਜੀ ਵਾਂਗੂੰ ਸੰਸਾਰਕ ਚੀਜ਼ਾਂ ਦੀ ਨਾਸ਼ਵਾਨਤਾ ਨੂੰ ਮਹਿਸੂਸ ਕਰਦਾ ਹਇਆ ਪ੍ਰਭੂ ਵੱਲ ਆਪਣਾ ਧਿਆਨ ਲਗਾਉਂਦਾ ਹੈ। ਬਾਬਾ ਫਰੀਦ ਜੀ ਦੇ ਅਤੇ ਨੌਵੇਂ ਗੁਰੂ ਜੀ ਦੇ ਸਲੋਕ ਬੈਰਾਗਮਈ ਅਵਸਥਾ ਦਾ ਪ੍ਰਗਟਾਵਾ ਹਨ। ਪੰਚਮ ਪਿਤਾ ਸਾਨੂੰ ਦੱਸਦੇ ਹਨ ਕਿ ਬੈਰਾਗ ਦੀ ਇਸ ਅਵਸਥਾ ਨੂੰ ਜੋ ਪਹਿਚਾਣ ਲੈਂਦਾ ਹੈ, ਉਹ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਜਾਂਦਾ ਹੈ:-
ਬੂਝਿ ਬੈਰਾਗੁ ਕਰੇ ਜੇ ਕੋਇ।। ਜਨਮ ਮਰਣ ਫਿਰਿ ਸੋਗੁ ਨ ਹੋਇ।। (ਅੰਗ 1145)
(12) Question:- ਗੁਰਮਤਿ ਅਨੁਸਾਰ ਗਿਆਨੀ ਕਿਸ ਮਨੁੱਖ ਨੂੰ ਕਿਹਾ ਜਾਂਦਾ ਹੈ ਤੇ ਉਸ ਦੀ ਕੀ ਮਹਿਮਾ ਹੈ?
Answer:- ਕਿਸੇ ਵੀ ਚੀਜ਼ ਬਾਰੇ ਉਹਦੀ ਪੂਰੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨਾ ਹੀ ਗਿਆਨ ਹੈ। ਦੁਨੀਆਂ ਵਿਚ ਹਰ ਇਕ ਵਿਅਕਤੀ ਲਈ ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨਾ ਮੁਮਕਿਨ ਨਹੀਂ। ਕੋਈ ਕਿਸੇ ਵਿਸ਼ੇ ਨੂੰ 'ਤੇ ਜਾਣਕਾਰੀ ਇਕੱਠੀ ਕਰਦਾ ਰਹਿੰਦਾ ਹੈ ਤੇ ਦੂਸਰਾ ਵਿਅਕਤੀ ਕਿਸੇ ਹੋਰ ਵਿਸ਼ੇ 'ਤੇ ਜਾਣਕਾਰੀ ਹਾਸਲ ਕਰ ਕੇ ਗਿਆਨ ਪ੍ਰਾਪਤ ਕਰਦਾ ਹੈ। ਗੁਰਬਾਣੀ ਅਨੁਸਾਰ ਗਿਆਨੀ ਉਹ ਹੈ ਜੋ ਇਨਸਾਨੀ ਜੀਵਨ ਦੀ ਸਚਾਈ ਨੂੰ ਸਮਝਦਾ ਹੈ। ਗੁਰੂ ਅਰਜਨ ਦੇਵ ਜੀ ਅਨੁਸਾਰ ਇਨਸਾਨ ਦੀ ਜ਼ਿੰਦਗੀ ਦਾ ਮਕਸਦ ਹੈ ਪਰਮਾਤਮਾ ਦੀ ਪ੍ਰਾਪਤੀ:-
ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।
ਅਵਰਿ ਕਾਜ ਤੇਰੈ ਕਿਤੈ ਨ ਕਾਮ।। ਮਿਲੁ ਸਾਧਸੰਗਤਿ ਭਜੁ ਕੇਵਲ ਨਾਮ।। (ਅੰਗ 378)
ਐਸੇ ਗਿਆਨ ਦੀ ਪ੍ਰਾਪਤੀ ਪਰਮਾਤਮਾ ਦਾ ਨਾਮ ਜਪਣ ਨਾਲ ਹੀ ਹੁੰਦੀ ਹੈ ਐਸਾ ਗਿਆਨ ਜਿਥੇ ਜੀਵਨ ਨੂੰ ਮੁਕਤੀ ਦੇ ਰਸਤੇ 'ਤੇ ਲੈ ਜਾਂਦਾ ਹੈ ਉਥੇ ਦੁਨੀਆਂ ਦੇ ਲਈ ਵੀ ਗੁਣਕਾਰੀ ਤੇ ਕਲਿਆਣ ਕਾਰੀ ਹੈ ਗੁਰਬਾਣੀ ਅਨੁਸਾਰ ਜਿਹੜਾ ਵਿਅਕਤੀ ਐਸੇ ਗਿਆਨ ਤੋਂ ਸੱਖਣਾ ਹੈ ਉਸ ਦਾ ਜੀਵਨ ਸਫਲ ਨਹੀਂ:-
ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ।। (ਅੰਗ 556)
ਗਿਆਨ ਵਿਹੂਣਾ ਗਾਵੈ ਗੀਤ।। ਭੁਖੇ ਮੁਲਾਂ ਘਰੇ ਮਸੀਤਿ।। (ਅੰਗ 1245)
ਗੁਰਬਾਣੀ ਇਹ ਵੀ ਸਪੱਸ਼ਟ ਕਰਦੀ ਹੈ ਕਿ ਪਰਮਾਤਮਾ ਦਾ ਨਾਮ ਜਪਣ ਵਾਲੇ ਗਿਆਨੀ ਦੇ ਕੀ ਲੱਛਣ ਹੁੰਦੇ ਹਨ। ਹੇਠ ਲਿਖੀਆਂ ਸਤਰਾਂ ਇਹ ਲੱਛਣ ਇਸ ਤਰ੍ਹਾਂ ਪ੍ਰਗਟਾਉਂਦੀਆਂ ਹਨ:
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ।। ਆਪੁ ਪਛਾਣੈ ਬੂਝੇ ਸੋਇ।।
ਗੁਰ ਪਰਸਾਦਿ ਕਰੇ ਬੀਚਾਰੁ।। ਸੋ ਗਿਆਨੀ ਦਰਗਹ ਪਰਵਾਣੁ।। (ਅੰਗ 25)
ਮਨਿ ਸਾਚਾ ਮੁਖਿ ਸਾਚਾ ਸੋਇ।।
ਅਵਰੁ ਨ ਪੇਖੈ ਏਕਸੁ ਬਿਨੁ ਕੋਇ।।
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ।। (ਅੰਗ 272)
ਸੁਖਮਨੀ ਸਾਹਿਬ ਦੀ ਅੱਠਵੀਂ ਅਸਟਪਦੀ ਬ੍ਰਹਮ ਗਿਆਨੀ ਦੇ ਗੁਣਾਂ ਦਾ ਸੁੰਦਰ ਵਿਵਰਣ ਹੈ। ਗੁਰਬਾਣੀ ਵਿਚ ਹੋਰ ਵੀ ਕਈ ਜਗ੍ਹਾ 'ਤੇ ਬ੍ਰਹਮ ਗਿਆਨੀ ਨੂੰ ਕਈ ਨਾਵਾਂ ਨਾਲ ਪੁਕਾਰਦੇ ਹੋਏ ਉਸ ਦੇ ਗੁਣਾਂ ਨੂੰ ਦਰਸਾਇਆ ਗਿਆ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਨੌਵੀਂ ਅਸਟਪਦੀ ਵਿਚ ਐਸੇ ਬ੍ਰਹਮ ਗਿਆਨੀ ਨੂੰ ਜੀਵਨ ਮੁਕਤ ਦੱਸਦੇ ਹਨ ਤੇ ਉਸ ਦਾ ਵਿਆਖਿਆਨ ਇਸ ਤਰ੍ਹਾਂ ਕਰਦੇ ਹਨ:
ਤੈਸਾ ਹਰਖੁ ਤੈਸਾ ਉਸੁ ਸੋਗੁ।। ਸਦਾ ਅਨੰਦੁ ਤਹ ਨਹੀ ਬਿਓਗੁ।।
ਤੈਸਾ ਸੁਵਰਨੁ ਤੈਸੀ ਉਸੁ ਮਾਟੀ।। ਤੈਸਾ ਅੰਮ੍ਰਿਤੁ ਤੈਸੀ ਖਾਟੀ।।
ਤੈਸਾ ਮਾਨੁ ਤੈਸਾ ਅਭਿਮਾਨੁ।। ਤੈਸਾ ਰੰਕੁ ਤੈਸਾ ਰਾਜਾਨੁ।।
ਜੋ ਵਰਤਾਏ ਸਾਈ ਜੁਗਤਿ।। ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ।। (ਅੰਗ 275)
ਗੁਰੂ ਤੇਗ ਬਹਾਦਰ ਜੀ ਵੀ ਗਿਆਨੀ ਨੂੰ ਮੁਕਤ ਦੱਸਦੇ ਹੋਏ ਇਸ ਤਰ੍ਹਾਂ ਫੁਰਮਾਉਂਦੇ ਹਨ:
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ।।
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ।। (ਅੰਗ 220)
ਪਰ ਜਿਸ ਤਰ੍ਹਾਂ ਕਿ ਉੱਤੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਗਿਆ ਹੈ ਕਿ ਸਿੱਖ ਧਰਮ ਵਿਚ ਮੁਕਤੀ ਦਾ ਰਾਹ ਦੱਸਣ ਵਾਲਾ ਗੁਰੂ ਨੂੰ ਮੰਨਿਆ ਗਿਆ ਹੈ, ਇਸ ਕਰਕੇ ਗਿਆਨ ਦੀ ਪ੍ਰਾਪਤੀ ਲਈ ਗੁਰੂ ਦੀ ਲੋੜ ਹੈ। ਗੁਰੂ ਜੀ ਆਸਾ ਦੀ ਵਾਰ ਵਿਚ ਦੱਸਦੇ ਹਨ:-
ਕੁੰਭੇ ਬਧਾ ਜਲੁ ਰਹੈ ਜਲੁ ਬਿਨੁ ਕੁੰਭੁ ਨ ਹੋਇ।।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।। (ਅੰਗ 469)
ਉਪਰੋਕਤ ਚਰਚਾ ਤੋਂ ਭਾਵ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਉਚ ਪਦਵੀ ਨੂੰ ਪ੍ਰਾਪਤ ਕਰਨ ਵਾਲਾ ਇਨਸਾਨ ਹੀ ਗਿਆਨੀ ਹੁੰਦਾ ਹੈ। ਜਦ ਉਸ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਤਾਂ ਉਸ ਲਈ ਸੰਸਾਰ ਦੀਆਂ ਖੁਸ਼ੀਆਂ ਤੇ ਗਮ, ਉਚ-ਨੀਚ ਤੇ ਉਸਤਤ-ਨਿੰਦਿਆ ਕੁਝ ਵੀ ਮਤਲਬ ਨਹੀਂ ਰੱਖਦੇ। ਉਹ ਬ੍ਰਹਮ ਗਿਆਨੀ ਹੋ ਕੇ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਇਸ ਕਰਕੇ ਹੀ ਗੁਰੂ ਜੀ ਸੁਖਮਨੀ ਸਾਹਿਬ ਵਿਚ 'ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ' ਦਾ ਬਚਨ ਕਰਦੇ ਹਨ।
(13) Question:- ਗੁਰਬਾਣੀ ਵਿਚ ਗੁਰਸਿੱਖ ਨੂੰ ਪੰਚ ਦੋਖ ਤੋਂ ਬਚਣ ਦੇ ਕੀ ਆਦੇਸ਼ ਹਨ?
Answer:- ਪੰਚ ਦੋਖ ਤੋਂ ਭਾਵ ਹੈ ਇਨਸਾਨ ਦੀ ਜ਼ਿੰਦਗੀ ਵਿਚ ਪੰਜ ਵਿਕਾਰ ਜਿਨ੍ਹਾਂ ਨੂੰ ਗੁਰਬਾਣੀ ਵਿਚ ਪੰਚ ਦੂਤ ਵੀ ਕਿਹਾ ਗਿਆ ਹੈ ਇਹ ਪੰਜ ਦੂਤ ਹਨ-ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਗੁਰੂ ਅਮਰਦਾਸ ਜੀ ਇਨਸਾਨ ਦੀ ਜ਼ਿੰਦਗੀ ਦੀ ਖੁਸ਼ੀ ਤੇ ਸ਼ਾਂਤੀ ਨੂੰ ਲੁੱਟਣ ਵਾਲੇ ਇਨ੍ਹਾਂ ਪੰਜ ਵਿਕਾਰਾਂ ਨੂੰ ਪੰਜ ਚੋਰ ਵੀ ਕਹਿੰਦੇ ਹਨ। ਆਪ ਜੀ ਦੇ ਵਚਨ ਅਨੁਸਾਰ:-
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ।।
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ।। (ਅੰਗ 600)
ਕਾਮ ਤੋਂ ਭਾਵ ਹੈ ਕਿਸੇ ਪਰ ਇਸਤਰੀ ਜਾਂ ਪੁਰਸ਼ ਨਾਲ ਲਿੰਗ-ਸੰਬੰਧ ਰੱਖਣਾ। ਗੁਰਮਤਿ ਅਨੁਸਾਰ ਆਪਣੇ ਪਤੀ ਜਾਂ ਆਪਣੀ ਪਤਨੀ ਨਾਲ ਐਸੇ ਸੰਬੰਧ ਰੱਖਣ ਵਿਚ ਵੀ ਸੰਜਮ ਰੱਖਣ ਦੀ ਹਦਾਇਤ ਹੈ। ਗੁਰੂ ਅਰਜਨ ਦੇਵ ਜੀ ਕਾਮੀ ਪੁਰਸ਼ ਨੂੰ ਸਖਤ ਤਾੜਨਾ ਕਰਦੇ ਹਨ:-
ਰੇ ਨਰ ਕਾਇ ਪਰ ਗ੍ਰਿਹਿ ਜਾਇ।।
ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ।।ਰਹਾਉ।। (ਅੰਗ 1001)
ਗੁਰਸਿੱਖੀ ਜੀਵਨ ਲਈ ਕਾਮ ਤੋਂ ਬਚਾਅ ਵਾਸਤੇ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰ-ਇਸਤਰੀ ਗਮਨ ਕਰਨ ਵਾਲੇ ਨੂੰ ਪਤਿਤ ਕਰਾਰ ਦਿੱਤਾ ਹੈ। ਇਸ ਲਈ ਗੁਰਸਿੱਖ ਦਾ ਫਰਜ਼ ਹੈ ਕਿ ਉਹ ਸਾਧ ਦਾ ਸੰਗ ਕਰਕੇ ਤੇ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਕਾਮ ਤੋਂ ਛੁਟਕਾਰਾ ਪਾਵੇ। ਇਸ ਬਾਰੇ ਹੋਰ ਚਰਚਾ ਕੁਝ ਹੋਰ ਸਵਾਲਾਂ-ਜਵਾਬਾਂ ਵਿਚ ਕੀਤੀ ਗਈ ਹੈ।
ਦੂਸਰਾ ਚੰਡਾਲ ਹੈ ਕ੍ਰੋਧ ਜਿਸ ਤੋਂ ਭਾਵ ਹੈ ਬੁੱਧੀ ਔਰ ਵਿਚਾਰ ਨੂੰ ਤਿਆਗ ਕੇ ਬਹੁਤ ਜ਼ਿਆਦਾ ਗੁੱਸੇ ਵਿਚ ਆ ਜਾਣਾ। ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਜਿਥੇ ਕਾਮ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਕੇ ਕ੍ਰੋਧ ਵੀ ਇਸ ਨੂੰ ਗਾਲਦਾ ਹੈ।:
ਕਾਮੁ ਕ੍ਰੋਧੁ ਕਾਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ।। (ਅੰਗ 932)
ਕ੍ਰੋਧ
ਕ੍ਰੋਧ ਦੀ ਭਾਵਨਾ ਨਾਲ ਕਈ ਝਗੜੇ, ਦੰਗੇ ਤੇ ਫਸਾਦ ਵੀ ਹੋ ਜਾਂਦੇ ਹਨ ਇਸ ਕਰਕੇ ਇਨਸਾਨ ਦੀ ਜ਼ਿੰਦਗੀ ਦਾ ਇਹ ਦੁਸ਼ਮਣ ਸਮਾਜ ਲਈ ਵੀ ਸਮੱਸਿਆਵਾਂ ਖੜੀਆਂ ਕਰਦਾ ਹੈ। ਗੁਰਬਾਣੀ ਕ੍ਰੋਧ ਤੋਂ ਬਚਣ ਦੇ ਢੰਗ ਵੀ ਦੱਸਦੀ ਹੈ। ਗੁਰ ਮਹਾਰਾਜ ਫੁਰਮਾਉਂਦੇ ਹਲ ਕਿ ਇਨਸਾਨ ਨੂੰ ਸਦਾਚਾਰਕ ਗੁਣ ਅਪਨਾਉਣੇ ਚਾਹੀਦੇ ਹਨ ਤੇ ਹਰ ਇਨਸਾਨ ਨੂੰ ਉਸ ਵਾਹਿਗੁਰੂ ਦੀ ਰਚਨਾ ਸਮਝ ਕੇ ਉਸ ਨਾਲ ਕ੍ਰੋਧ ਨਹੀਂ ਕਰਨਾ ਚਾਹੀਦਾ। ਸਬਰ ਤੇ ਖਿਮਾ ਦੇ ਗੁਣਾਂ ਨਾਲ ਕ੍ਰੋਧ ਨੂੰ ਜਿੱਤਿਆ ਜਾ ਸਕਦਾ ਹੈ। ਕਿਸੇ ਨੂੰ ਸਜ਼ਾ ਦੇਣ ਦੀ ਭਾਵਨਾ ਜਾਂ ਕਿਸੇ ਤੋਂ ਬਦਲਾ ਲੈਣ ਦੀ ਭਾਵਨਾ ਉਤਪੰਨ ਕਰਦੀਆਂ ਹਨ। ਐਸੀਆਂ ਭਾਵਨਾਵਾਂ ਤੋਂ ਇਨਸਾਨ ਨੂੰ ਬਚ ਕੇ ਰਹਿਣਾ ਚਾਹੀਦਾ ਹੈ। ਖਿਮਾ ਦੀ ਭਾਵਨਾ ਸਤ-ਸੰਤੋਖ ਨਾਲ ਪੈਦਾ ਹੁੰਦੀ ਹੈ। ਅਗਰ ਕਿਸੇ ਇਨਸਾਨ ਤੋਂ ਗਲਤੀ ਹੋ ਜਾਦੀ ਹੈ ਤਾਂ ਉਸ ਨੂੰ ਮਾਫ ਕਰ ਦੇਣ ਵਿਚ ਜ਼ਿਆਦਾ ਤਾਕਤ ਦੀ ਜ਼ਰੂਰਤ ਹੈ ਔਰ ਇਹ ਤਾਕਤ ਇਕ ਸੰਤੋਖੀ ਪ੍ਰਾਣੀ ਵਿਚ ਹੀ ਹੋ ਸਕਦੀ ਹੈ। ਗੁਰੂ ਮਹਾਰਾਜ ਫੁਰਮਾਨ ਕਰਦੇ ਹਨ:-
ਸਤ ਸੰਤੋਖਿ ਰਹਹੁ ਜਨ ਭਾਈ।। ਖਿਮਾ ਗਹਹੁ ਸਤਿਗੁਰ ਸਰਣਾਈ।।
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ।। (ਅੰਗ 1030)
ਭਗਤ ਕਬੀਰ ਜੀ ਵੀ ਆਪਣੇ ਇਕ ਸਲੋਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1372 'ਤੇ ਸੁਸ਼ੋਭਿਤ ਹੈ, ਵਿਚ ਕਹਿੰਦੇ ਹਨ-'ਜਹਾ ਖਿਮਾ ਤਹ ਆਪਿ।।'
ਕ੍ਰੋਧ ਤੋਂ ਬਚਣ ਦਾ ਇਕ ਹੋਰ ਢੰਗ ਗੁਰਬਾਣੀ ਦੱਸਦੀ ਹੈ ਕਿ ਕ੍ਰੋਧੀ ਪੁਰਸ਼ ਦੀ ਸੰਗਤ ਨਾ ਕਰੋ, ਆਪ ਵੀ ਕਿਸੇ ਨਾਲ ਨਾਰਾਜ਼ ਨਾ ਹੋਵੋ ਤੇ ਨਿਮਰਤਾ ਵਾਲਾ ਵਰਤਾਰਾ ਰੱਖੋ। ਯਥਾ ਗੁਰਵਾਕ:
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ।। (ਅੰਗ 40)
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ।।
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ।। (ਅੰਗ 259)
ਬਾਬਾ ਫਰੀਦ ਜੀ ਤੇ ਆਪਣੇ ਇਕ ਸਲੋਕ ਵਿਚ ਇਥੋਂ ਤੱਕ ਲਿਖਦੇ ਹਨ ਕਿ ਜੇ ਕੋਈ ਤੈਨੂੰ ਮਾਰੇ, ਤੂੰ ਉਸ ਨਾਲ ਵੀ ਪਿਆਰ ਦਾ ਹੀ ਵਿਵਹਾਰ ਕਰੇ ਆਸਾ ਦੀ ਵਾਰ ਵਿਚ ਇਕ ਤੁਕ 'ਜੇਹਾ ਵੇਖਹਿ ਤੇਹਾ ਵੇਖੁ' ਤੋਂ ਭਾਵ ਹੈ ਕਿ ਜਿਹੋ ਜਿਹਾ ਹਿਤ ਤੁਸੀਂ ਆਪਣਾ ਚਾਹੁੰਦੇ ਹੋ, ਬਾਕੀਆਂ ਲਈ ਭੀ ਵੈਸਾ ਹੀ ਚਾਹੋ। ਜੋ ਤੁਸੀਂ ਆਪਣੇ ਵਾਸਤੇ ਨਹੀਂ ਚਾਹੁੰਦੇ, ਉਹ ਦੂਜਿਆਂ ਲਈ ਵੀ ਨਾ ਚਾਹੋ। ਇਸ ਭਾਵਨਾ ਨਾਲ ਵੀ ਕ੍ਰੋਧ ਦਾ ਨਾਸ ਹੁੰਦਾ ਹੈ। ਅਗਰ ਗੁਰਸਿੱਖ ਗੁਰਬਾਣੀ ਵਿਚ ਦੱਸੇ ਢੰਗ ਅਪਣਾਵੇ ਤਾਂ ਉਹ ਕ੍ਰੋਧ ਜੈਸੇ ਦੁਸ਼ਟ ਤੋਂ ਬਚ ਜਾਵੇਗਾ। ਗੁਰੂ ਅਰਜਨ ਦੇਵ ਜੀ ਸਹਸਕ੍ਰਿਤੀ ਸਲੋਕਾਂ ਵਿਚ ਕ੍ਰੋਧ ਨੂੰ ਕਹਿੰਦੇ ਹਨ ਕਿ ਹੇ ਕ੍ਰੋਧ! ਤੂੰ ਕਲੇਸ਼ ਦਾ ਮੂਲ ਹੈ, ਤੇ ਮਨੁੱਖ ਤੋਂ ਬੁਰੇ ਕਰਮ ਕਰਾਉਂਦਾ ਉਸ ਨੂੰ ਅਧੋਗਤੀ ਨੂੰ ਪਹੁੰਚਾ ਦਿੰਦਾ ਹੈ, ਪਰ ਤੇਰੇ ਪਾਸੋਂ ਛੁਡਾਉਣ ਵਾਲਾ ਕੇਵਲ ਇਕ ਵਾਹਿਗੁਰੂ ਹੀ ਹੈ ਯਥਾ ਗੁਰਵਾਕ:
ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥
ਬਿਖਯੰਤ ਜੀਵੰ ਵਸੵੰ ਕਰੋਤਿ ਨਿਰਤੵੰ ਕਰੋਤਿ ਜਥਾ ਮਰਕਟਹ ॥
ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ॥
ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖੵਾ ਕਰੋਤਿ ॥47॥ (ਅੰਗ 1358)
ਲੋਭ
ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ ਕਿ ਜ਼ਿਦਗੀ ਨੂੰ ਚੰਗੀ ਤਰ੍ਹਾਂ ਗੁਜ਼ਾਰਨ ਲਈ ਮਾਇਆ ਦੀ ਜ਼ਰੂਰਤ ਹੈ। ਭਗਤ ਧੰਨਾ ਜੀ ਨੇ ਜ਼ਿੰਦਗੀ ਦੀਆਂ ਕੁਝ ਜ਼ਰੂਰਤਾਂ ਦਾ ਜ਼ਿਕਰ ਆਪਣੇ ਇਕ ਸ਼ਬਦ ਵਿਚ ਕੀਤਾ ਹੈ। ਜਦ ਉਹ ਪਰਮਾਤਮਾ ਸਾਡਾ ਪਾਲਣਹਾਰ ਹੈ ਤਾਂ ਉਸ ਦੀ ਉਪਾਸ਼ਨਾ ਕਰਦੇ ਹੋਏ ਗ੍ਰਹਿਸਤੀ ਆਪਣੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਅਰਦਾਸ ਕਰਦਾ ਹੋਇਆ ਭਗਤ ਧੰਨਾ ਜੀ ਵਾਂਗੂੰ ਕਹਿ ਸਕਦਾ ਹੈ ਕਿ ਉਹ ਉਸ ਦੀਆਂ ਲੋੜਾਂ ਪੂਰੀਆਂ ਕਰਕੇ ਉਸ ਦੇ ਕੰਮ ਸੁਆਰੇ। ਭਗਤ ਕਬੀਰ ਜੀ ਨੇ ਵੀ ਗੁਰਬਾਣੀ ਵਿਚ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਭੁੱਖਿਆਂ ਭਗਤੀ ਨਹੀਂ ਹੋ ਸਕਦੀ, ਮਿਹਨਤ ਕਰਨ ਵਾਲੇ ਨੂੰ ਦੋ ਵੇਲੇ ਦੀ ਚੰਗੀ ਰੋਟੀ ਤਾਂ ਨਸੀਬ ਹੋਣੀ ਚਾਹੀਦੀ ਹੈ। ਜਿਥੇ ਗੁਰਬਾਣੀ ਗੁਜ਼ਾਰੇ ਲਈ ਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਮਾਇਆ ਨੂੰ ਬੁਰਾ ਨਹੀਂ ਸਮਝਦੀ ਉਥੇ ਮਾਇਆ ਦੇ ਜ਼ਰੂਰਤ ਨਾਲੋਂ ਜ਼ਿਆਦਾ ਪਿਆਰ ਤੇ ਤ੍ਰਿਸ਼ਨਾ ਨੂੰ ਇਨਸਾਨ ਦੀ ਜ਼ਿਦਗੀ ਦਾ ਇਕ ਵੱਡਾ ਵਿਕਾਰ ਹੀ ਸਮਝਦੀ ਹੈ। ਮਾਇਆ ਨਾਲ ਹੱਦੋਂ ਵੱਧ ਪਿਆਰ ਇਨਸਾਨ ਨੂੰ ਧੋਖਾ, ਠੱਗੀ ਤੇ ਨਾਜਾਇ॥ ਤਰੀਕਿਆਂ ਨਾਲ ਧਨ ਇਕੱਠਾ ਕਰਨ ਦੇ ਰਸਤੇ 'ਤੇ ਪਾ ਦਿੰਦਾ ਹੈ। ਲੋਭੀ ਪੁਰਸ਼ ਕਿਸ ਤਰ੍ਹਾਂ ਦਾ ਹੁੰਦਾ ਹੈ, ਉਸ ਦਾ ਬਿਆਨ ਗੁਰਬਾਣੀ ਵਿਚ ਕਈ ਥਾਂਈਂ ਕੀਤਾ ਗਿਆ ਹੈ। ਕਿਉਂਕਿ ਧਨ-ਦੌਲਤ ਨਾਲ ਪਿਆਰ ਕਰਨ ਵਾਲਾ ਲੋਭੀ ਲਾਲਚ ਲਈ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ, ਕਿਸੇ ਦਾ ਵੀ ਹੱਕ ਮਾਰ ਸਕਦਾ ਹੈ, ਹਲਾਲ ਹਰਾਮ ਨੂੰ ਇਕੋ ਜਿਹਾ ਜਾਣ ਕੇ ਹਜ਼ਮ ਕਰ ਸਕਦਾ ਹੈ, ਉਸ ਦਾ ਕੋਈ ਵਿਸਾਹ ਨਹੀਂ ਕਰਨਾ ਚਾਹੀਦਾ, ਉਹ ਧੋਖਾ ਦੇ ਕੇ ਕਿਸੇ ਨੂੰ ਵੀ ਐਸੀ ਸਥਿਤੀ ਵਿਚ ਪਹੁੰਚਾ ਸਕਦਾ ਹੈ ਜਿਥੇ ਕੋਈ ਸਹਾਇਤਾ ਨਹੀਂ ਹੋ ਸਕਦੀ। ਗੁਰਬਾਣੀ ਦੀਆਂ ਹੇਠ ਲਿਖੀਆਂ ਪੰਕਤੀਆਂ ਇਨ੍ਹਾਂ ਭਾਵਾਂ ਨੂੰ ਦਰਸਾਉਂਦੀਆਂ ਹਨ:
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ।।
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ।।
ਮੁਹ ਕਾਲੇ ਤਿਨ ਲੋਭੀਆਂ ਜਾਸਨਿ ਜਨਮੁ ਗਵਾਇ।। (ਅੰਗ 1417)
ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ।।
ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ।। (ਅੰਗ 1326)
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸਿ ਜਾਇ।।
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।। (ਅੰਗ 50)
ਤ੍ਰਿਸ਼ਨਾ
ਕੁਝ ਲੋਕ ਐਸੇ ਵੀ ਹੁੰਦੇ ਹਨ ਜਿਨ੍ਹਾਂ ਕੋਲ ਬਹੁਤ ਸਾਰਾ ਧਨ ਹੁੰਦਾ ਹੈ ਪਰ ਫਿਰ ਵੀ ਉਹ ਰੱਜਦੇ ਨਹੀਂ। ਇਸ ਵਧੀ ਹੋਈ ਭੁੱਖ ਨੂੰ ਤ੍ਰਿਸ਼ਨਾ ਕਹਿੰਦੇ ਹਨ। ਗੁਰੂ ਅਰਜਨ ਦੇਵ ਜੀ ਗੁਰਬਾਣੀ ਵਿਚ ਬਚਨ ਕਰਦੇ ਹਨ ਕਿ ਵੱਡੇ-ਵੱਡੇ ਰਾਜੇ ਮਹਾਰਾਜੇ ਵੀ ਇਸ ਤ੍ਰਿਸ਼ਨਾ ਦੀ ਲਪੇਟ ਵਿਚ ਫਸੇ ਹੋਏ ਹਨ। ਆਪ ਦੀਆਂ ਹੇਠ ਲਿਖੀਆਂ ਪੰਕਤੀਆਂ ਤ੍ਰਿਸ਼ਨਾ ਵਿਚ ਫਸੇ ਹੋਏ ਇਨਸਾਨ ਦੀ ਹਾਲਤ ਇਸ ਤਰ੍ਹਾਂ ਬਿਆਨ ਕਰਦੀਆਂ ਹਨ:-
ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ।।
ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ।। (ਅੰਗ 672)
ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ।। ਰਹਾਉ।।
ਕੋਟਿ ਜੋਰੇ ਲਾਗ ਕ੍ਰੋਰਬੇ ਮਨੁ ਨ ਹੋਰੇ।। ਪਰੈ ਪਰੈ ਹੀ ਕਉ ਲੁਝੀ ਹੇ।। (ਅੰਗ 213)
ਪੰਚਮ ਪਾਤਸ਼ਾਹ ਤ੍ਰਿਸ਼ਨਾ ਤੋਂ ਬਚਣ ਦਾ ਇਕੋ ਹੀ ਉਪਾਅ ਦੱਸਦੇ ਹਨ ਤੇ ਉਹ ਹੈ ਸੰਤੋਖ ਦੀ ਭਾਵਨਾ ਜੋ ਪ੍ਰਭ ਦੀ ਕ੍ਰਿਪਾ ਤੇ ਧਿਆਨ ਨਾਲ ਹੀ ਇਨਸਾਨ ਵਿਚ ਪੈਦਾ ਹੁੰਦੀ ਹੈ। ਆਪ ਜੀ ਦਾ ਹੇਠ ਲਿਖਿਆ ਬਚਨ ਇਸ ਭਾਵ ਨੂੰ ਦਰਸਾਉਂਦਾ ਹੋਇਆ ਪ੍ਰਭੂ ਅੱਗੇ ਇਕ ਜੋਦੜੀ ਕਰਦਾ ਹੈ ਕਿ ਇਨਸਾਨ ਨੂੰ ਤ੍ਰਿਸ਼ਨਾ ਤੋਂ ਬਚਾ ਕੇ ਆਪਣੇ ਨਾਮ ਨਾਲ ਜੋੜੇ:-
ਤ੍ਰਿਸਨਾ ਬੂਝੈ ਹਰਿ ਕੈ ਨਾਮਿ।।
ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ।।ਰਹਾਉ।।
ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ।।
ਅਪਣਾ ਨਾਮ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ।। (ਅੰਗ 682-83)
ਮੋਹ
ਲੋਭ, ਲਾਲਚ, ਤ੍ਰਿਸ਼ਨਾ-ਇਹ ਸਭ ਮਨੋਬਿਰਤੀਆਂ ਜ਼ਿੰਦਗੀ ਦੇ ਇਕ ਹੋਰ ਦੁਸ਼ਟ ਨੂੰ ਜਨਮ ਦਿੰਦੀਆਂ ਹਨ ਜਿਸ ਦਾ ਨਾਮ ਹੈ ਮੋਹ। ਪਦਾਰਥਕ ਵਸਤਾਂ ਦੇ ਨਾਲ ਜ਼ਿਆਦਾ ਲਗਾਓ, ਪਤਨੀ ਤੇ ਬੱਚਿਆਂ ਦੇ ਲਗਾਓ ਦੇ ਨਾਲ ਜੁੜਿਆ ਹੋਇਆ ਹੈ। ਇਨਸਾਨ ਪਰਮਾਤਮਾ ਦੁਆਰਾ ਦਿੱਤੀਆਂ ਹੋਈਆਂ ਇਨ੍ਹਾਂ ਸਾਰੀਆਂ ਦਾਤਾਂ ਦੇ ਪਿਆਰ ਵਿਚ ਇੰਨਾ ਲੀਨ ਹੋ ਜਾਂਦਾ ਹੈ ਕਿ ਉਹ ਦਾਤਾਰ ਨੂੰ ਹੀ ਭੁੱਲ ਜਾਂਦਾ ਹੈ, ਜਿਵੇਂ ਕਿ ਗੁਰਬਾਣੀ ਕਹਿੰਦੀ ਹੈ:-
ਦਾਤਿ ਪਿਆਰੀ ਵਿਸਰਿਆ ਦਾਤਾਰਾ।। (ਅੰਗ 676)
ਆਪਣੇ ਫਰਜ਼ ਦੇ ਪਾਲਣ ਵਾਸਤੇ ਯੋਗ ਸਨੇਹ ਜਾਂ ਮਨੁੱਖਤਾ ਦੇ ਭਲੇ ਤੇ ਸੇਵਾ ਦੇ ਹਿਤ ਪ੍ਰੇਮ-ਪਿਆਰ ਦੀ ਭਾਵਨਾ ਮੋਹ ਨਹੀਂ ਹੈ। ਪਰ ਜਗਤ-ਪਦਾਰਥਾਂ ਵਿਚ ਮਨ ਨੂੰ ਪੂਰੀ ਤਰ੍ਹਾਂ ਲੀਨ ਕਰ ਲੈਣਾ ਤੇ ਲਾਲਚੀ ਹੋ ਕੇ ਮਾਇਆ ਜਾਂ ਹੋਰ ਪਦਾਰਥ ਨਾਲ ਪਿਆਰ 'ਤੇ ਕਾਬੂ ਨਾ ਪਾਉਣਾ ਮੋਹ ਹੈ। ਗੁਰੂ ਅਰਜਨ ਦੇਵ ਜੀ ਮੋਹ ਨੂੰ ਐਸੀ ਭਾਵਨਾ ਨਾਲ ਜੋੜਦੇ ਹੇਏ ਬਿਆਨ ਕਰਦੇ ਹਨ:-
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ।।
ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ।। (ਅੰਗ 252)
ਗੁਰੂ-ਮਹਾਰਾਜ ਨੇ ਮੋਹ ਨੂੰ ਚਿੱਕੜ ਦੱਸਿਆ ਹੈ। ਜੋ ਇਸ ਚਿੱਕੜ ਵਿਚ ਪੈ ਜਾਂਦਾ ਹੈ, ਉਹ ਦਰਗਾਹ ਦੇ ਰਸਤੇ 'ਤੇ ਨਹੀਂ ਚੱਲ ਸਕਦਾ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:
ਜੇਤਾ ਮੋਹੁ ਪਰੀਤਿ ਸੁਆਦ।। ਸਭਾ ਕਾਲਖ ਦਾਗਾ ਦਾਗ।।
ਦਾਗ ਦੋਸ ਮੁਹਿ ਚਲਿਆ ਲਾਇ।। ਦਰਗਹ ਬੈਸਣ ਨਾਹੀ ਜਾਇ।। (ਅੰਗ 662)
ਗੁਰਬਾਣੀ ਵਿਚ ਮੋਹ ਤੋਂ ਬਚਣ ਦਾ ਬਾਰ-ਬਾਰ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਕੋਈ ਬੀਰ ਹੀ ਇਸ ਮੋਹ ਤੋਂ ਬਚਣਾ ਹੈ ਤੇ ਇਸ ਤੋਂ ਪਾਰ ਉਤਰਦਾ ਹੈ। ਸੰਸਾਰ ਵਿਚ ਰਹਿੰਦੇ ਹੋਏ ਧੀਆਂ-ਪੁੱਤਰਾਂ ਨੂੰ ਪਾਲਦੇ ਹੋਏ, ਰਿਸ਼ਤੇਦਾਰੀਆਂ ਤੇ ਭਾਈਚਾਰਾ ਨਿਭਾਉਂਦੇ ਹੋਏ ਅਗਰ ਅਸੀਂ ਪ੍ਰਭੂ ਦੇ ਨਾਮ ਨਾਲ ਜੁੜੇ ਰਹਾਂਗੇ ਤਾਂ ਸਾਡਾ ਛੁਟਕਾਰਾ ਮੋਹ ਤੋਂ ਹੋ ਜਾਵੇਗਾ। ਸਾਧ ਸੰਗਤ ਵਿਚ ਜਾਣ ਨਾਲ ਐਸਾ ਬਚਾਅ ਮੁਮਕਿਨ ਹੈ। ਗੁਰਬਾਣੀ ਵਿਚੋਂ ਹੇਠ ਲਿਖੀਆਂ ਪੰਕਤੀਆਂ ਇਨ੍ਹਾਂ ਭਾਵਾਂ ਨੂੰ ਪ੍ਰਗਟਾਉਂਦੀਆਂ ਹਨ।
ਮੋਹੁ ਅਰ ਭਰਮੁ ਤਜਹੁ ਤੁਮ ਬੀਰ।। ਸਾਚੁ ਨਾਮੁ ਰਿਦੇ ਰਵੈ ਸਰੀਰ।। ਰਹਾਉ।।
ਸਚੁ ਨਾਮੁ ਜਾ ਨਵ ਨਿਧਿ ਪਾਈ।। ਰੋਵੈ ਪੂਤੁ ਨ ਕਲਪੈ ਮਾਈ।।
ਏਤੁ ਮੋਹਿ ਡੂਬਾ ਸੰਸਾਰੁ।। ਗੁਰਮੁਖਿ ਕੋਈ ਉਤਰੈ ਪਾਰਿ।। (ਅੰਗ 356)
ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ।।
ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ।। (ਅੰਗ 452)
ਹੰਕਾਰ
ਸਭ ਵਿਕਾਰਾਂ ਤੋਂ ਭੈੜਾ ਹੈ ਹੰਕਾਰ। ਇਹ ਘੁਮੰਡ, ਅਭਿਮਾਨ, ਹੈਂਕੜ ਤੇ ਹਉਮੈਂ ਸਾਰੀਆਂ ਭਾਵਨਾਵਾਂ ਦਾ ਜਮ੍ਹਾਂ ਜੋੜ ਹੈ। ਗੁਰਬਾਣੀ ਵਿਚ ਥਾਂ-ਥਾਂ 'ਤੇ ਇਨਸਾਨ ਨੂੰ ਹੰਕਾਰ ਮਾਰਨ ਲਈ ਆਖਿਆ ਗਿਆ ਹੈ। ਗੁਰੂ ਅਮਰਦਾਸ ਜੀ ਦੇ ਸ਼ਬਦਾਂ ਵਿਚ 'ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ।।' ਇਹ ਭਾਵਨਾ ਤਦ ਪੈਦਾ ਹੁੰਦੀ ਹੈ ਜਦ ਕੋਈ ਪੁਰਸ਼ ਆਪਣੇ ਆਪ ਨੂੰ ਦੂਸਰਿਆਂ ਤੋਂ ਚੰਗਾ ਸਮਝਦਾ ਹੈ, ਇਸ ਕਰਕੇ ਉਹ ਉਹਨਾਂ ਦੀ ਨਿੰਦਾ ਕਰਨ ਲੱਗ ਜਾਂਦਾ ਹੈ ਗੁਰਬਾਣੀ ਸਾਨੂੰ ਉਪਦੇਸ਼ ਦਿੰਦੀ ਹੈ:
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ।। (ਅੰਗ 29-30)
ਹੰਕਾਰੀ ਹਉਮੈ ਦੇ ਰੋਗ ਨਾਲ ਗ੍ਰਸਤ ਹੋ ਕੇ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਗੁਰੂ-ਮਹਾਰਾਜ ਦੱਸਦੇ ਹਨ:-
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ।। (ਅੰਗ 1089)
ਸੁਖਮਨੀ ਸਾਹਿਬ ਦੀ ਬਾਰ੍ਹਵੀਂ ਅਸਟਪਦੀ ਵਿਚ ਪੰਚਮ ਪਾਤਸ਼ਾਹ ਨੇ ਅਹੰਕਾਰੀਆਂ ਦੀ ਸਥਿਤੀ ਬਿਆਨ ਕੀਤੀ ਹੈ। ਕਿਸੇ ਨੂੰ ਰਾਜ ਦਾ ਅਭਿਮਾਨ ਹੈ ਤਾਂ ਕਿਸੇ ਨੂੰ ਜੋਬਨ ਦਾ। ਕੋਈ ਕਰਮ-ਕਾਂਡੀ ਹੈ ਤੇ ਕੋਈ ਧਨ-ਭੂਮੀ ਦਾ ਗੁਮਾਨ ਕਰਦਾ ਹੈ। ਐਸੇ ਲੋਕ ਮੂਰਖ ਹਨ ਤੇ ਜਨਮ ਮਰਨ ਦੇ ਗੇੜ ਵਿਚ ਪੈ ਕੇ ਨਰਕ ਭੋਗਣ ਵਾਲੇ ਹਨ। ਉਹ ਇਨਸਾਨ ਜੋ ਆਪਣੇ ਆਪ ਨੂੰ ਭਲਾ ਵੀ ਕਹਾਉਂਦਾ ਹੈ, ਉਸ ਵਿਚ ਵੀ ਅਭਿਮਾਨ ਤੇ ਹਉਮੈ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਭਲਾਈ ਤਾਂ ਉਹਦੇ ਨੇੜੇ ਵੀ ਨਹੀਂ ਆਉਂਦੀ। ਇਸ ਤਰ੍ਹਾਂ ਹੀ ਪੰਦਰ੍ਹਵੀ ਅਸਟਪਦੀ ਵਿਚ ਗੁਰੂ ਜੀ ਰੂਪ, ਧਨ, ਤੇ ਤਾਕਤ ਦੇ ਮਾਣ ਕਰਨ ਵਾਲੇ ਨੂੰ ਪ੍ਰਭੂ ਤੋਂ ਦੂਰ ਸਮਝਦੇ ਹਨ। ਜੇ ਕੋਈ ਆਪਣੇ ਆਪ ਨੂੰ ਦਾਤਾਰ ਸਮਝ ਬੈਠੇ ਉਹ ਤਾਂ ਗੰਵਾਰ ਹੈ। ਹਉਮੈ ਦੇ ਰੋਗ ਨੂੰ ਗੁਰਬਾਣੀ ਵਿਚ ਦੀਰਘ ਰੋਗ ਕਿਹਾ ਗਿਆ ਹੈ। ਇਸ ਰੋਗ ਤੋਂ ਪਰਮਾਤਮਾ ਦਾ ਨਾਮ ਹੀ ਇਨਸਾਨ ਨੂੰ ਬਚਾ ਸਕਦਾ ਹੈ। ਜਦ ਮੈਂ ਦੀ ਭਾਵਨਾ ਤਿਆਗ ਕੇ ਇਨਸਾਨ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਉਸ ਦੀ ਖੁਦੀ ਮਿਟ ਜਾਂਦੀ ਹੈ, ਉਸ ਦੇ ਰੋਗ ਹਟ ਜਾਂਦੇ ਹਨ ਤੇ ਉਹ ਮਨਚਿੰਦੇ ਫਲ ਪਾਉਂਦਾ ਹੈ। ਗਰਬਾਣੀ ਦੀਆਂ ਕੁਝ ਹੇਠ ਲਿਖੀਆਂ ਪੰਕਤੀਆਂ ਇਸ ਸਬੰਧ ਵਿਚ ਦਿਸ਼ਾ ਨਿਰਦੇਸ਼ ਕਰਦੀਆਂ ਹਨ:
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ।।
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ।। (ਅੰਗ 301)
ਜਿਸੁ ਗੁਰ ਪ੍ਰਸਾਦਿ ਤੁਟੈ ਹਉ ਰੋਗ।। ਨਾਨਕ ਸੋ ਜਨੁ ਸਦਾ ਅਰੋਗੁ।। (ਅੰਗ 282)
ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ।। (ਅੰਗ 298)
ਇਥੇ ਇਹ ਗੱਲ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਕਿ ਕੁਝ ਵਿਦਵਾਨ ਕੁਝ ਐਸੀਆਂ ਭਾਵਨਾਵਾਂ ਨੂੰ ਪੰਚ-ਦੋਖ ਕਹਿੰਦੇ ਹਨ। ਜਿਸ ਤਰ੍ਹਾਂ ਕਿ ਦੂਸਰਿਆਂ ਨਾਲ ਦਵੈਸ਼ ਰੱਖਣਾ, ਦੂਸਰਿਆਂ ਦੇ ਦੋਸ਼ ਕੱਢਦੇ ਰਹਿਣਾ, ਦੂਸਰਿਆਂ ਲਈ ਜਲਨ ਦੀ ਭਾਵਨਾ ਰੱਖਣੀ ਆਦਿ। ਇਹ ਸਾਰੀਆਂ ਭਾਵਨਾਵਾਂ ਉਪਰ ਲਿਖੇ ਹੋਏ ਪੰਜ ਵਿਕਾਰਾਂ ਨਾਲ ਜੁੜੀਆਂ ਹੋਈਆਂ ਹਨ। ਗੁਰਬਾਣੀ ਵਿਚ ਦੱਸੇ ਹੋਏ ਸਦਾਚਾਰਕ ਅਸੂਲ ਜਿਵੇਂ ਨਿਮਰਤਾ, ਖਿਮਾ ਤੇ ਦਇਆ ਸਾਨੂੰ ਮੰਦੀਆਂ ਭਾਵਨਾਵਾਂ ਤੋਂ ਬਚਾਉਂਦੇ ਹਨ। ਜਦ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਨਸਾਨ ਸਭ ਮੰਦ-ਭਾਵਨਾਵਾਂ ਤੇ ਵਿਕਾਰ ਤਿਆਗ ਕੇ ਸਦਗੁਣ ਅਪਣਾਉਂਦਾ ਹੈ। ਉਹ ਐਸੀ ਉੱਚੀ ਅਵਸਥਾ ਵਿਚ ਪਹੁੰਚ ਜਾਂਦਾ ਹੈ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਰਾਗ ਟੋਡੀ ਵਿਚ ਇਸ ਤਰ੍ਹਾਂ ਕਰਦੇ ਹਨ:
ਮਾਈ ਮੇਰੇ ਮਨ ਕੋ ਸੁਖੁ।।
ਕੋਟਿ ਅਨੰਦ ਰਾਜ ਸੁਖੁ ਭੁਗਵੈ
ਹਰਿ ਸਿਮਰਤ ਬਿਨਸੈ ਸਭ ਦੁਖੁ।।ਰਹਾਉ।। (ਅੰਗ 717)
(14) Question:- ਰਜੋ, ਸਤੋ ਅਤੇ ਤਮੋ-ਮਾਇਆ ਦੇ ਇਨ੍ਹਾਂ ਤਿੰਨ ਗੁਣਾਂ ਬਾਰੇ ਜਾਣਕਾਰੀ ਦਿਉ।
Answer:- ਹਿੰਦੂ ਧਰਮ ਤੇ ਮਿਥਿਹਾਸ ਵਿਚ ਮਾਇਆ ਦੇ ਇਨ੍ਹਾਂ ਤਿੰਨ ਗੁਣਾਂ ਦਾ ਜ਼ਿਕਰ ਕਈ ਵਾਰ ਆਉਂਦਾ ਹੈ। ਭਗਵਤ ਗੀਤਾ ਅਤੇ ਭਗਵਤਮ ਵਿਚ ਵੀ ਇਨ੍ਹਾਂ ਗੁਣਾਂ ਬਾਰੇ ਦੱਸਿਆ ਗਿਆ ਹੈ। ਗੀਤਾ ਅਨੁਸਾਰ ਸਤ ਦਾ ਗੁਣ ਅੱਛਾਈ ਤੋਂ ਪ੍ਰਗਟ ਹੁੰਦਾ ਹੈ ਤੇ ਇਸ ਦੇ ਨਾਲ ਗਿਆਨ ਵਿਚ ਵਾਧਾ ਹੁੰਦਾ ਹੈ। ਰਾਜਸ ਦੇ ਗੁਣ ਤੋਂ ਲਾਲਚ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਤਾਮਸ ਨਾਮ ਹੈ ਅਗਿਆਨਤਾ ਦਾ, ਜਿਸ ਦਾ ਮੂਲ ਭਾਵ ਹੈ ਹਨ੍ਹੇਰੇ ਵਿਚ ਹੋਣਾ। ਭਾਈ ਕਾਹਨ ਸਿੰਘ ਜੀ ਨਾਭਾ ਪਹਿਲੇ ਗੁਣ ਦੀ ਵਿਸ਼ੇਸ਼ਤਾ ਸਤ ਗੁਣ ਦੱਸਦੇ ਹਨ। ਤਾਮਸ ਮੋਹ ਤੇ ਅਗਿਆਨ ਦਾ ਸੂਚਕ ਹੈ। ਰਾਜਸ ਮਾਇਆ ਦਾ ਉਹ ਗੁਣ ਹੈ ਜੋ ਮੋਹ, ਹੰਕਾਰ ਆਦਿ ਦਾ ਕਾਰਨ ਹੈ। ਇਨ੍ਹਾਂ ਤਿੰਨਾਂ ਗੁਣਾਂ ਨੂੰ ਮਾਇਆ ਰੂਪੀ ਸ੍ਰਿਸ਼ਟੀ ਦੀ ਰਚਨਾ ਨਾਲ ਜੋੜਦੇ ਹੋਏ ਕੁਝ ਦੇਵਤਿਆਂ ਨਾਲ ਜੋੜਿਆ ਗਿਆ ਹੈ। ਗੁਰਬਾਣੀ ਇਨ੍ਹਾਂ ਗੁਣਾਂ ਦਾ ਜ਼ਿਕਰ ਜਿੱਥੇ ਵੀ ਕਰਦੀ ਹੈ ਉਨ੍ਹਾਂ ਨੂੰ ਸੰਕੇਤ ਵਜੋਂ ਦਰਸਾ ਕੇ ਸਭ ਨੂੰ ਪਰਮਾਤਮਾ ਦੀ ਹੀ ਰਚਨਾ ਦਾ ਹਿੱਸਾ ਦੱਸਿਆ ਗਿਆ ਹੈ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:
ਰਜ ਤਮ ਸਤ ਕਲ ਤੇਰੀ ਛਾਇਆ।। (ਅੰਗ 1038)
ਇਨ੍ਹਾਂ ਤਿੰਨ ਗੁਣਾਂ ਨੂੰ ਸ੍ਰਿਸ਼ਟੀ ਦੀ ਰਚਨਾ, ਉਸ ਦੀ ਸੰਭਾਲ ਤੇ ਉਸ ਦੇ ਅੰਤ ਨਾਲ ਸਬੰਧਿਤ ਕ੍ਰਿਆਵਾਂ ਨਾਲ ਵੀ ਜੋੜਿਆ ਗਿਆ ਹੈ। ਹਿੰਦੂ ਧਰਮ ਅਨੁਸਾਰ ਬ੍ਰਹਮਾ ਜੀ ਸ੍ਰਿਸ਼ਟੀ ਰਚਨਾ ਕਰਦੇ ਹਨ, ਵਿਸ਼ਨੂੰ ਜੀ ਇਸ ਨੂੰ ਚਲਾਉਂਦੇ ਹਨ ਤੇ ਸ਼ਿਵਜੀ ਮਹਾਰਾਜ ਜੀਵਾਂ ਦੇ ਸਮੇਟਣ ਦਾ ਕਾਰਜ ਕਰਦੇ ਹਨ। ਗੁਰਬਾਣੀ ਇਸ ਮੱਤ ਨਾਲ ਵੀ ਸਹਿਮਤ ਨਹੀਂ। ਗੁਰਬਾਣੀ ਦਾ ਮੱਤ ਹੈ ਕਿ ਇਹ ਤਿੰਨੋਂ ਕੰਮ ਵਾਹਿਗੁਰੂ ਆਪ ਕਰਦਾ ਹੈ, ਜੀਵਨ ਮਰਨ ਸਭ ਪਰਮਾਤਮਾ ਦੇ ਹੱਥ ਹੈ ਅਤੇ ਤਿੰਨੋਂ ਦੇਵਤੇ ਵੀ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਚਲਦੇ ਹਨ। ਰਹਰਾਸਿ ਸਾਹਿਬ ਵਿਚ ਜ਼ਿਕਰ ਆਉਂਦਾ ਹੈ ਕਿ ਇਹ ਸੰਸਾਰ ਸਭ ਪਰਮਾਤਮਾ ਦਾ ਤਮਾਸ਼ਾ ਹੈ ਅਤੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਕਾਲ ਦੇ ਅਧੀਨ ਹਨ:-
ਕਾਲ ਪਾਇ ਬ੍ਰਹਮਾ ਬਪੁ ਧਰਾ।। ਕਾਲ ਪਾਇ ਸ਼ਿਵਜੂ ਅਵਤਰਾ।।
ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ।। ਸਕਲ ਕਾਲ ਕਾ ਕੀਆ ਤਮਾਸ਼ਾ।। (ਦਸਮ ਗ੍ਰੰਥ, ਅੰਗ 1387)
ਗੁਰੂ ਨਾਨਕ ਦੇਵ ਜੀ ਨੇ ਵੀ ਜਪੁਜੀ ਸਾਹਿਬ ਵਿਚ ਇਸ ਪੱਖੋਂ ਜ਼ਿਕਰ ਕਰਦੇ ਹੋਏ ਫੁਰਮਾਇਆ ਹੈ ਕਿ ਜੋ ਵੀ ਕੰਮ ਇਨ੍ਹਾਂ ਦੇਵਤਿਆਂ ਨੂੰ ਸੌਂਪੇ ਗਏ ਹਨ, ਉਹ ਵਾਹਿਗੁਰੂ ਨੇ ਹੀ ਉਨ੍ਹਾਂ ਨੂੰ ਸੌਂਪੇ ਹਨ। ਉਹ ਜਿਵੇਂ ਚਾਹੁੰਦਾ ਹੈ ਉਨ੍ਹਾਂ ਤੋਂ ਕੰਮ ਲੈਂਦਾ ਹੈ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।।
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।।
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।। (ਅੰਗ 7)
ਸੰਖੇਪ ਵਿਚ ਗੁਰਬਾਣੀ ਕਿਸੇ ਵੀ ਦੇਵਤੇ ਨੂੰ ਕਿਸੇ ਵੀ ਗੁਣ ਕਰਕੇ ਪੂਜਣਯੋਗ ਨਹੀਂ ਸਮਝਦੀ, ਕਿਉਂਕਿ ਸਾਰੇ ਗੁਣ ਤੇ ਸਾਰੀ ਸ੍ਰਿਸ਼ਟੀ ਇਕੋ ਸਰਬ ਸ਼ਕਤੀਮਾਨ ਪਰਮਾਤਮਾ ਦੀ ਰਚਨਾ ਹੈ। ਕਬੀਰ ਜੀ ਆਪਣੀ ਇਸ ਪੰਕਤੀ ਵਿਚ ਇਸ ਭਾਵ ਨੂੰ ਸਪੱਸ਼ਟ ਕਰਦੇ ਹਨ:
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ।। (ਅੰਗ 1123)
(15) Question:- ਗੁਰਬਾਣੀ ਵਿਚ ਨਿੰਦਾ, ਈਰਖਾ, ਕਪਟ, ਠੱਗੀ ਤੇ ਅਕ੍ਰਿਤਘਣੇ ਦੇ ਪਾਪਾਂ ਬਾਰੇ ਕੀ ਵੀਚਾਰ ਦਿੱਤੇ ਗਏ ਹਨ?
Answer:- ਨਿੰਦਾ - ਨਿੰਦਾ ਕਰਾ ਇਕ ਬਹੁਤ ਹੀ ਬੁਰੀ ਆਦਤ ਹੈ। ਗੁਰਬਾਣੀ ਵਿਚ ਨਿੰਦਾ ਤਿਆਗਣ ਦਾ ਆਦੇਸ਼ ਹੈ। ਗੁਰੂ ਅਮਰਦਾਸ ਜੀ ਕਹਿੰਦੇ ਹਨ:-
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰ।। (ਅੰਗ 29-30)
ਗੁਰੂ ਰਾਮਦਾਸ ਜੀ ਨੇ ਨਿੰਦਕ ਦੀ ਦਿਸ਼ਾ ਇਸ ਤਰ੍ਹਾਂ ਬਿਆਨ ਕੀਤੀ ਹੈ:-
ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ।। (ਅੰਗ 507)
ਕਬੀਰ ਜੀ ਨੇ ਜਦ ਨਿੰਦੋ ਨਿੰਦੋ ਦਾ ਗਾਣ ਕੀਤਾ ਤਾਂ ਉਨ੍ਹਾਂ ਦਾ ਭਾਵ ਇਹ ਸੀ ਕਿ ਸੱਜਣ ਪੁਰਸ਼ ਦੀ ਨਿੰਦਾ ਕਰਨ ਵਾਲਾ ਆਪ ਹੀ ਨਿੰਦਾ ਦਾ ਪਾਤਰ ਬਣਦਾ ਹੈ। ਆਪ ਜੀ ਕਹਿੰਦੇ ਹਨ:-
ਹਮਰੇ ਕਪਰੇ ਨਿੰਦਕੁ ਧੋਇ।। (ਅੰਗ 339)
ਭਾਈ ਗੁਰਦਾਸ ਜੀ ਵੀ 12ਵੀਂ ਵਾਰ ਵਿਚ ਕਹਿੰਦੇ ਹਨ:-
ਹਉ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣਿ ਆਪੁ ਹਟਾਵੈ।।
ਭਾਈ ਚੌਪਾ ਸਿੰਘ ਦੇ ਰਹਿਤਨਾਮੇ ਅਨੁਸਾਰ:-
ਖਾਲਸਾ ਸੋ ਜੋ ਨਿੰਦਾ ਤਿਆਗੇ।।
ਈਰਖਾ
ਈਰਖਾ ਦੀ ਭਾਵਨਾ ਵੀ ਨਿੰਦਾ ਵਾਂਗੂੰ ਇਨਸਾਨ ਦੇ ਚੰਗੇ ਬਨਣ ਵਿਚ ਰੁਕਾਵਟ ਹੈ। ਈਰਖਾ ਤੋਂ ਭਾਵ ਹੈ ਦੂਸਰੇ ਦੀ ਵਡਿਆਈ ਅਤੇ ਸ਼ੋਭਾ ਨਾ ਸਹਾਰਨਾ। ਗੁਰਬਾਣੀ ਕਿਸੇ ਨਾਲ ਈਰਖਾ ਕਰਨ ਨੂੰ ਮੰਦਾ ਕਰਾਰਦੀ ਹੈ। ਗੁਰੂ ਰਾਮਦਾਸ ਜੀ ਤਾਂ ਇਥੋਂ ਤੱਕ ਕਹਿੰਦੇ ਹਨ:-
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ।। (ਅੰਗ 308)
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ:-
ਏਕਸੁ ਸਿਉ ਜਾ ਕਾ ਮਨ ਰਾਤਾ।। ਵਿਸਰੀ ਤਿਸੈ ਪਰਾਈ ਤਾਤਾ।। (ਅੰਗ 189)
ਪਰ ਇਹ ਗੁਣ ਇਨਸਾਨ ਪ੍ਰਭੂ ਦੀ ਕ੍ਰਿਪਾ ਨਾਲ ਹਾਸਲ ਕਰਦਾ ਹੈ
ਗੁਰੂ ਨਾਨਕ ਦੇਵ ਜੀ ਅਨੁਸਾਰ ਜਦ ਗੁਰੂ ਦੀ ਇਹ ਗੱਲ ਸਮਝ ਆ ਜਾਂਦੀ ਹੈ ਕਿ-
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।। (ਅੰਗ 2)
ਤਦ ਉਹ ਅਵੱਸਥਾ ਆ ਜਾਂਦੀ ਹੈ ਕਿ ਸਭ ਤਾਤ ਪਰਾਈ ਵਿਸਰ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਵਿਚ
ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ।।
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ।। (ਅੰਗ 215)
ਉਸ ਅਵੱਸਥਾ ਵਿਚ:-
ਨਾ ਕੋ ਬੈਰੀ ਨਹੀ ਬਿਗਾਨਾ
ਸਗਲ ਸੰਗਿ ਹਮ ਕਉ ਬਨਿ ਆਈ।। (ਅੰਗ 1299)
ਕਪਟ
ਕਪਟ ਤੋਂ ਭਾਵ ਹੈ ਫਰੇਬ ਯਾਨਿ ਕਿ ਜੋ ਹੈ ਉਸ ਤੋਂ ਉਲਟ ਨਜ਼ਰ ਆਉਣਾ। ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਕਪਟੀ ਦਾ ਢੰਗ ਹੈ। ਕਪਟੀ ਆਪਣਾ ਮਤਲਬ ਹਾਸਿਲ ਕਰਨ ਲਈ ਝੂਠ ਦਾ ਸਹਾਰਾ ਲੈਂਦਾ ਹੈ। ਗੁਰੂ ਰਾਮਦਾਸ ਜੀ ਐਸੇ ਆਦਮੀ ਦਾ ਸੁਭਾਅ ਦੱਸਦੇ ਹੋਏ ਕਹਿੰਦੇ ਹਨ:-
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ।। (ਅੰਗ 85)
ਗੁਰਬਾਣੀ ਅਨੁਸਾਰ ਐਸੇ ਲੋਕਾਂ ਦਾ ਇਤਬਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਜਨਮ ਕਿਸੇ ਕੰਮ ਨਹੀਂ:-
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ।। (ਅੰਗ 123)
ਅੱਜ-ਕਲ੍ਹ ਕੁਝ ਝੂਠੇ ਸਾਧੂ ਵੀ ਹਨ ਜੋ ਲੋਕ ਫਰੇਬ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਐਸੇ ਲੋਕਾਂ ਲਈ ਪੰਚਮ ਪਾਤਸ਼ਾਹ ਫੁਰਮਾਉਂਦੇ ਹਨ:-
ਹਿਰਦੈ ਜਿਨ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ।।
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪੁਛਤਾਹਿ।। (ਅੰਗ 491)
ਠੱਗੀ
ਠੱਗੀ ਵੀ ਕਪਟ ਦਾ ਹੀ ਇਕ ਢੰਗ ਹੈ। ਗੁਰੂ ਨਾਨਕ ਦੇਵ ਜੀ ਦਾ ਬਚਨ ਹੈ ਕਿ ਜੋ ਠੱਗੀ ਕਰਕੇ ਖਾਂਦਾ ਹੈ ਉਹ ਮੁਰਦਾਰ ਖਾਂਦਾ ਹੈ:-
ਠਗਿ ਖਾਧਾ ਮੁਰਦਾਰ।। (ਸਿਰੀਰਾਗੁ ਮ: ੧)
ਅਕ੍ਰਿਤਘਣ
ਅਕ੍ਰਿਤਘਣ ਗੁਰਬਾਣੀ ਵਿਚ ਸਭ ਤੋਂ ਮਹਾਂ ਪਾਪਾਂ ਵਿਚ ਗਿਣਿਆ ਜਾਣ ਵਾਲਾ ਪਾਪ ਹੈ। ਨਮਕ-ਹਲਾਲੀ, ਸ਼ੁਕਰਾਨਾ ਨਾ ਕਰਨਾ।
ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:-
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਦਾ ਥਾਨੁ।। (ਅੰਗ 315)
ਇਨਸਾਨ ਕਿਸੇ ਦੂਸਰੇ ਇਨਸਾਨ ਦਾ ਕੀਤਾ ਤਾਂ ਭੁਲਾ ਦੇਦਾ ਹੈ ਪਰ ਉਹ ਰੱਬ ਨੂੰ ਵੀ ਭੁੱਲ ਜਾਂਦਾ ਹੈ 'ਜਿਨ ਸਭ ਕੁਛ ਦੀਆ'। ਗੁਰੂ ਨਾਨਕ ਦੇਵ ਜੀ ਬਚਨ ਕਰਦੇ ਹਨ:-
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ।।
ਬਧੇ ਕਰਨਿ ਸਲਾਮ ਖਸਮ ਨ ਭਾਣਿਆ।। (ਅੰਗ 143)
ਗੁਰੂ ਅਰਜਨ ਦੇਵ ਜੀ ਵੀ ਇਹ ਵੀਚਾਰ ਰੱਖਦੇ ਹਨ:-
ਜਿਸ ਕਾ ਦੀਆ ਪੈਨੈ ਖਾਇ।। ਤਿਸੁ ਸਿਉ ਆਲਸੁ ਕਿਉ ਬਨੈ ਮਾਇ।।
ਖਸਮੁ ਬਿਸਾਰਿ ਆਨ ਕੰਮਿ ਲਾਗਹਿ।। ਕਉਡੀ ਬਦਲੇ ਰਤਨੁ ਤਿਆਗਹਿ।।ਰਹਾਉ।। (ਅੰਗ 195)
ਗੁਰਬਾਣੀ ਵਿਚ ਐਸੇ ਪੁਰਸ਼ ਨੂੰ ਜੋ ਕਿਸੇ ਦੇ ਉਪਕਾਰ ਨੂੰ ਭੁਲਾ ਦੇਂਦਾ ਹੈ, ਸਾਕਤ ਵੀ ਕਿਹਾ ਗਿਆ ਹੈ। ਕਬੀਰ ਜੀ ਕਹਿੰਦੇ ਹਨ ਕਿ ਐਸੇ ਪੁਰਸ਼ ਦਾ ਸੰਗ ਵੀ ਆਪਣੇ ਆਪ ਨੂੰ ਅਪਵਿੱਤ੍ਰ ਕਰ ਦੇਂਦਾ ਹੈ:-
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ।।
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ।। (ਅੰਗ 1371)
ਇਹੋ ਜਿਹੇ ਪੁਰਸ਼ ਤੋਂ ਤਾਂ ਗੰਦ ਖਾਣ ਵਾਲਾ ਸੂਰ ਵੀ ਚੰਗਾ ਹੈ:-
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ।।
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ।। (ਅੰਗ 1372)
ਭਾਈ ਗੁਰਦਾਸ ਜੀ ਅਕ੍ਰਿਤਘਣ ਨੂੰ ਭੂਮੀ ਤੇ ਭਾਰ ਸਮਝਦੇ ਹਨ। ਸੋ ਸਿੱਖਾਂ ਦਾ ਧਰਮ ਹੈ ਕਿ ਉਹ ਕਿਸੀ ਦਾ ਕੀਤਾ ਨਾ ਭੁਲਾਣ। ਵਾਹਿਗੁਰੂ ਦੀ ਸ਼ੁਕਰਗੁਜ਼ਾਰੀ ਤਾਂ ਕਦਮ-ਕਦਮ ਤੇ ਕਰਨੀ ਚਾਹੀਦੀ ਹੈ। ਉਸਨੇ ਸਾਨੂੰ ਸਭ ਕੁਝ ਦਿੱਤਾ ਹੈ-ਕੰਨ, ਨੱਕ, ਜੀਭਾ ਆਦਿ, ਸਭ ਦਾਤਾਂ ਦੇ ਮਾਲਕ ਤੇ ਦੇਣਹਾਰੇ ਨੂੰ ਕਦੀ ਨਾ ਭੁਲਣਾ ਹੀ ਗੁਰਮਤ ਹੈ।