(11) Question:- |
ਤਨਖਾਹ ਲਾਉਣ ਦੀ ਕੀ ਵਿਧੀ ਹੈ? |
Answer:- |
ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਜਾਰੀ ਕੀਤੀ ਸਿੱਖ ਰਹਿਤ ਮਰਯਾਦਾ ਅਨੁਸਾਰ ਤਨਖਾਹ ਹੇਠ ਲਿਖੀ ਵਿਧੀ ਨਾਲ ਲਾਈ ਜਾ ਸਕਦੀ ਹੈ:-
(ਉ) ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜੋ ਕੇ ਆਪਣੀ ਭੁੱਲ ਮੰਨੇ।
(ਅ) ਗੁਰ-ਸੰਗਤ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਪਿਆਰੇ ਚੁੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰੂ-ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨਾ)
(ੲ) ਸੰਗਤ ਨੂੰ ਬਖਸ਼ਣ ਵੇਲੇ ਹਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਉਣ ਵਾਲੇ ਨੂੰ ਦੰਡ ਭਰਨ ਵਿਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਹੈ।
(ਸ) ਅੰਤ ਸੋਧ ਦੀ ਅਰਦਾਸ ਹੋਵੇ।
|
(12) Question:- |
ਸਿੱਖ ਧਰਮ ਵਿਚ ਅਰਦਾਸ ਦੀ ਕੀ ਮਹੱਤਾ ਹੈ ਤੇ ਅਰਦਾਸ ਕਰਨ ਦੇ ਕੀ ਨਿਯਮ ਹਨ? |
Answer:- |
ਅਰਦਾਸ ਤੋਂ ਭਾਵ ਹੈ ਕਿ ਆਪਣੀ ਅੰਤਰ-ਆਤਮਾ ਨਾਲ ਆਪਣੇ ਇਸ਼ਟ ਤੋਂ ਕੁਝ ਮੰਗਣਾ। ਇਹ ਸ਼ਬਦ ਫਾਰਸੀ ਦੇ (ਅਰਜ਼-ਦਾਸ਼ਤ) ਦਾ ਸੰਖੇਪ ਰੂਪ ਮੰਨਿਆ ਜਾਂਦਾ ਹੇ। ਕੁਝ ਵਿਦਵਾਨ ਇਸ ਨੂੰ ਸੰਸਕ੍ਰਿਤ ਵਿਚੋਂ ਆਇਆ ਵੀ ਮੰਨਦੇ ਹਨ। ਸਿੱਖ ਧਰਮ ਵਿਚ ਅਰਦਾਸ ''ਪੱਥ ਦੀ ਸਮੂਹਿਕ ਚੇਤਨਾ ਵਿਚੋਂ ਉਪਜਿਆ ਉਹ ਵਿਸ਼ੇਸ਼ ਬੇਨਤੀ-ਨਾਮਾ ਹੈ ਜਿਸ ਰਾਹੀਂ ਪੰਥ ਦੀਆਂ ਸਮੂਹਕ ਅਕਾਂਥਿਆਵਾਂ ਤੇ ਉਸ ਦੇ ਜੀਅ ਦੀਆਂ ਵਿਅਕਤੀਗਤ ਜੋਦੜੀਆਂ ਨੂੰ ਦਾਤਾਰ ਵਾਹਿਗੁਰੂ ਅੱਗੇ ਪੇਸ਼ ਕਰਕੇ ਉਸ ਦੇ ਭਾਣੇ ਵਿਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ।" (ਅਰਦਾਸ-ਜਸਵੰਤ ਸਿੰਘ ਨੇਕੀ, ਪੰਨਾ 15)
ਅਰਦਾਸ ਦੀ ਵਿਸ਼ੇਸ਼ਤਾ
ਸਿੱਖ ਧਰਮ ਦੀ ਅਰਦਾਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਇਸ ਧਰਮ ਦੇ ਗੌਰਵਮਈ ਇਤਿਹਾਸ ਦਾ ਵਰਣਨ ਵੀ ਕਰਦੀ ਹੈ ਜਦ ਕੋਈ ਸਿੱਖ ਆਪਣੇ ਇਸ ਗੌਰਵ ਭਰਪੂਰ ਇਤਿਹਾਸ ਨੂੰ ਯਾਦ ਕਰਕੇ ਆਪਣੇ ਸਿਦਕੀ ਮਨ ਨਾਲ ਵਾਹਿਗੁਰੂ ਦਾ ਧਿਆਨ ਧਰਦਾ ਹੈ ਤਾਂ ਸਾਡੀ ਅਰਦਾਸ ਕਬੂਲ ਹੋ ਜਾਂਦੀ ਹੈ। ਗੁਰਬਾਣੀ ਵਿਚ ਅਰਦਾਸ ਕਰਨ ਦੇ ਨਿਯਮ ਹੇਠ ਲਿਖੀਆਂ ਸਤਰਾਂ ਵਿਚ ਦੱਸੇ ਗਏ ਹਨ:
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ।।
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ।। (ਅੰਗ 1093)
ਦੁਇ ਕਰ ਜੋੜਿ ਕਰਉ ਅਰਦਾਸਿ।। (ਅੰਗ 737)
ਅਰਦਾਸ ਕਰਨ ਦੇ ਨਿਯਮ
ਇਨ੍ਹਾਂ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਅਰਦਾਸ ਕੇਵਲ ਕਰਤਾਰ ਅੱਗੇ ਕਰਨੀ ਹੈ, ਖੜ੍ਹੇ ਹੋ ਕੇ ਕਰਨੀ ਹੈ ਤੇ ਹੱਥ ਜੋੜ ਕੇ ਕਰਨੀ ਹੈ। ਅਰਦਾਸ ਕਰਨ ਵੇਲੇ ਕਿਸੇ ਖਾਸ ਦਿਸ਼ਾ ਵੱਲ ਮੁੱਖ ਕਰਕੇ ਖਲੋਣ ਦੀ ਆਗਿਆ ਨਹੀਂ ਹੈ। ਕਮਜ਼ੋਰੀ ਤੇ ਬਿਮਾਰੀ ਦੀ ਹਾਲਤ ਵਿਚ ਕੋਈ ਵਿਅਕਤੀ ਬੈਠੇ ਹੋਏ ਜਾਂ ਲੇਟ ਕੇ ਵੀ ਅਰਦਾਸ ਕਰੇ ਤਾਂ ਉਸ ਵਿਚ ਕੋਈ ਹਰਜ਼ ਨਹੀਂ। ਸਰਬੱਤ ਪੰਥ ਵਿਚ ਅਰਦਾਸ ਇਕ ਜੈਸੀ ਹੋਣੀ ਚਾਹੀਦੀ ਹੈ, ਭਿੰਨ-ਭਿੰਨ ਨਹੀਂ। ਕੁਝ ਪ੍ਰੇਮੀ ਅਰਦਾਸ ਕਰਦੇ ਸਮੇਂ ਅਰਦਾਸ ਦੇ ਸ਼ਬਦਾਂ ਵਿਚ ਤਬਦੀਲੀ ਕਰ ਲੈਂਦੇ ਹਨ ਜਾਂ ਬੇਲੋੜੇ ਵਿਸਥਾਰ ਜਾਂ ਤੁਕਾਂ ਵਧਾ ਦਿੰਦੇ ਹਨ, ਜੋ ਠੀਕ ਨਹੀਂ। ਮਿਸਾਲ ਦੇ ਤੌਰ 'ਤੇ ਅਰਦਾਸ ਦੀਆਂ ਸ਼ੁਰੂ ਦੀਆਂ ਸਤਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਭਗਉਤੀ ਕੀ ਵਾਰ (ਚੰਡੀ ਦੀ ਵਾਰ) ਦੀ ਪਹਿਲੀ ਪਉੜੀ ਹੈ। ਇਸ ਵਿਚ ਸ਼ਬਦ ਹਨ ''ਗੁਰ ਨਾਨਕ ਲਈ ਧਿਆਇ'' ਪੜ੍ਹਦੇ ਹਨ। ਭਾਵੇਂ ਉਹ ਐਸਾ ਸਤਿਕਾਰ ਵਜੋਂ ਕਰਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਦਸਮ ਪਿਤਾ ਦੁਆਰਾ ਰਚਿਤ ਸ਼ਬਦਾਂ ਵਿਚ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ। ਇਸ ਤਰ੍ਹਾਂ ਹੀ ਕਈ ਲੋਕ ਐਸੇ ਵਾਕ ਜਿਵੇਂ ਕਿ ''ਆਪੇ ਜਾਣੈ ਕਰੇ ਆਪਿ'' ਅਤੇ ''ਦੁਇ ਕਰ ਜੋੜਿ'' ਅਰਦਾਸ ਵਿਚ ਜੋੜ ਦਿੰਦੇ ਹਨ ਜਦ ਕਿ ਇਹ ਅਰਦਾਸ ਦਾ ਅੰਗ ਨਹੀਂ। ਅਰਦਾਸ ਦਾ ਜੋ ਸਰੂਪ ਪੰਥ ਲਈ ਪ੍ਰਵਾਨਿਤ ਹੈ, ਅਰਦਾਸ ਉਸ ਅਨੁਸਾਰ ਹੀ ਕਰਨੀ ਚਾਹੀਦੀ ਹੈ। ਅਰਦਾਸ ਕਰਨ ਵੇਲੇ ਨੰਗੇ ਸਿਰ ਨਹੀਂ ਹੋਣਾ ਚਾਹੀਦਾ ਅਤੇ ਜੁੱਤੀ ਵੀ ਉਤਾਰਨੀ ਚਾਹੀਦੀ ਹੈ। ਕੁਝ ਸੱਜਣ ਜੁੱਤੀ ਉਤਾਰ ਕੇ ਉਸ ਉਤੇ ਪੈਰ ਰੱਖ ਕੇ ਖੜ੍ਹੇ ਹੋ ਜਾਂਦੇ ਹਨ ਜੋ ਮੁਨਾਸਿਬ ਨਹੀਂ ਪਰ ਜੇ ਸਫ਼ਰ ਕਰਦੇ ਸਮੇਂ, ਸੈਰ ਕਰਦੇ ਸਮੇਂ ਜਾਂ ਘੋੜੇ 'ਤੇ ਚੜ੍ਹੇ ਹੋਏ ਅਰਦਾਸ ਕਰਨ ਦਾ ਮੌਕਾ ਬਣੇ ਤਾਂ ਜੁੱਤੀ ਉਤਾਰਨ ਦੀ ਜ਼ਰੂਰਤ ਨਹੀਂ। |
(13) Question:- |
ਅਰਦਾਸ ਦਾ ਪ੍ਰਵਾਨਿਤ ਸਰੂਪ ਕੀ ਹੈ? ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਤੇ ਅਰਦਾਸ ਤੋਂ ਬਾਅਦ ਕਿਹੜੇ ਸ਼ਬਦ ਜਾਂ ਜੈਕਾਰੇ ਬੋਲੇ ਜਾਂਦੇ ਹਨ? |
Answer:- |
ਗੁਰੂ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਵਾਨ ਕੀਤਾ ਹੋਇਆ ਅਰਦਾਸ ਦਾ ਸਰੂਪ ਹੇਠਾਂ ਦਿੱਤਾ ਗਿਆ ਹੈ:
ੴ ਵਾਹਿਗੁਰੂ ਜੀ ਕੀ ਫਤਹਿ।।
ਸ੍ਰੀ ਭਗੌਤੀ ਜੀ ਸਹਾਇ।। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦।। ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।। ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ।। ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ।। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।। ਸਭ ਥਾਈ ਹੋਇ ਸਹਾਇ।। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਇ ਸਹਾਇ।। ਦਸਾਂ ਪਾਤਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ!
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿੰਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
ਪੰਜਾਂ ਤਖ਼ਤਾਂ, ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ!
ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ!
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ ਜੁਗੋ ਜੁੱਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!
ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ!
ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ!
ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਜੀ ਦੇ ਹਜ਼ੂਰ... ਦੀ ਅਰਦਾਸ ਹੈ ਜੀ
ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ।
ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ।। ਤੇਰੇ ਭਾਣੇ ਸਰਬੱਤ ਦਾ ਭਲਾ।।
ਅਰਦਾਸ ਉਪਰੰਤ ਤਿੰਨ ਦੋਹਰੇ
ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਖੜ੍ਹੇ ਹੋ ਕੇ 'ਤੂੰ ਠਾਕੁਰ ਤੁਮ ਪਹਿ ਅਰਦਾਸ' ਸੁਖਮਨੀ ਸਾਹਿਬ ਦੀ ਚੌਥੀ ਅਸਟਪਦੀ ਦੀ ਅੱਠਵੀਂ ਪਉੜੀ ਦਾ ਉਚਾਰਨ ਕਰਦੀ ਹੈ। ਉਸ ਉਪਰੋਕਤ ਅਰਦਾਸ ਦਾ ਆਰੰਭ 'ੴ ਵਾਹਿਗੁਰੂ ਜੀ ਕੀ ਫਤਹ।।' ਨਾਲ ਹੁੰਦਾ ਹੈ ਤੇ ਸਮਾਪਤੀ 'ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।' ਨਾਲ। ਉਸ ਤੋਂ ਬਾਅਦ ਜੈਕਾਰਾ ਛੱਡਿਆ ਜਾਂਦਾ ਹੈ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।' ਜੈਕਾਰੇ ਤੋਂ ਬਾਅਦ ਤਿੰਨ ਦੋਹਰੇ ਪੜ੍ਹਨ ਦੀ ਪਰੰਪਰਾ ਹੈ। ਇਨ੍ਹਾਂ ਵਿਚੋਂ ਪਹਿਲੇ ਦੋ ਗਿਆਨੀ ਗਿਆਨ ਸਿੰਘ ਦੇ 'ਪੰਥ ਪ੍ਰਕਾਸ਼' ਵਿਚੋਂ ਹਨ ਜੋ ਇਸ ਪ੍ਰਕਾਰ ਹਨ:
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੈ ਖੋਂ ਸਬਦ ਮਹਿ ਲੇਹ।
ਤੀਸਰਾ ਦੋਹਰਾ 'ਤਨਖਾਹ ਨਾਮਾ ਭਾਈ ਨੰਦ ਲਾਲ ਜੀ' ਵਿਚੋਂ ਹੈ, ਜੋ ਇਸ ਪ੍ਰਕਾਰ ਹੈ:
ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ।
ਖੁਆਰ ਹੋਇ ਸਭ ਮਿਲਹਿਗੇ ਬਚੇ ਸ਼ਰਨ ਜੋ ਹੋਇ।
ਕੁਝ ਗੁਰਦੁਆਰਿਆਂ ਵਿਚ ਕੁਝ ਭਾਈ ਸਾਹਿਬਾਨ ਹੋਰ ਦੋਹਰੇ ਵੀ ਜੋੜ ਕੇ ਬੋਲ ਦਿੰਦੇ ਹਨ ਪਰ ਇਹ ਪ੍ਰਚਲਿਤ ਪਰੰਪਰਾ ਦੇ ਵਿਪਰੀਤ ਹੈ। |
(14) Question:- |
ਸਿੱਖ ਰਹਿਤ ਮਰਯਾਦਾ ਵਿਚ ਜਨਮ, ਵਿਆਹ ਤੇ ਮਰਨ ਵੇਲੇ ਨਾਲ ਸੰਬੰਧਿਤ ਕੀ ਹਿਦਾਇਤਾਂ ਹਨ। |
Answer:- |
ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਬੱਚੇ ਦਾ ਜਨਮ ਵੇਲੇ ਨਾਲ ਸੰਬੰਧਿਤ ਹੇਠ ਲਿਖੇ ਆਦੇਸ਼ ਹਨ-
(ੳ) ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੌਗ ਹੋਵੇ ਤਾਂ (ਦਿਨਾਂ ਦੀ ਕੋਈ ਗਿਣਤੀ ਮੁਕੱਰਰ ਨਹੀਂ) ਟੱਬਰ ਤੇ ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ 'ਪਰਮੇਸਰਿ ਦਿਤਾ ਬੰਨਾ' (ਸੋਰਠਿ ਮ: ਨੂੰ) 'ਸਤਿਗੁਰ ਸਚੈ ਦੀਆ ਭੇਜਿ' (ਆਸਾ ਮ: ਨੂੰ) ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ, ਉਪਰੰਤ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ, ਫਿਰ ਵਾਕ ਲਿਆ ਜਾਵੇ। ਵਾਕ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੇ ਕੇ ਨਾਮ ਪ੍ਰਗਟ ਕਰੇ।
ਸਿੰਘ ਤੇ ਕੌਰ ਲਗਾਣਾ ਜ਼ਰੂਰੀ
ਲੜਕੇ ਦੇ ਨਾਉ ਪਿੱਛੇ 'ਸਿੰਘ' ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ 'ਕੌਰ' ਸ਼ਬਦ ਲਗਾਇਆ ਜਾਵੇ, ਉਪਰੰਤ ਅਨੰਦੁ ਸਾਹਿਬ (ਛੇ ਪਉੜੀਆਂ) ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿਚ ਅਰਦਾਸਾ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।
(ਅ) ਜਨਮ ਦੇ ਸੰਬੰਧ ਵਿਚ ਖਾਣ-ਪੀਣ ਵਿਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ ਕਿਉਂਕਿ
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।।
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ।। (ਅੰਗ 412)
(ੲ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਤੋਂ ਚੋਲਾ ਬਣਾ ਕੇ ਪਾਉਣਾ ਆਦਿ ਮਨਮੱਤ ਹੈ।
ਵਿਆਹ ਸੰਬੰਧੀ ਮਰਿਯਾਦਾ
ਸਿੱਖ ਦੇ ਵਿਆਹ ਸੰਬੰਧੀ ਮਰਿਯਾਦਾ ਅਨੁਸਾਰ ਜਾਤ-ਪਾਤ ਦੀ ਕੋਈ ਗੱਲ ਨਹੀਂ ਪਰ ਦੋਨੋਂ ਬੱਚੇ ਸਿੱਖ ਹੋਣੇ ਚਾਹੀਦੇ ਹਨ। ਬਾਲ ਵਿਆਹ, ਦਾਨ ਦੇਣਾ, ਪਤਰੀਆਂ ਮਿਲਾਣੀਆਂ, ਸ਼ਰਾਬ ਪੀਣੀ, ਜੋਸ਼ ਵਿਚ ਬੜਕਾ ਮਾਰਨੀਆਂ, ਦਿਖਾਵਾ ਕਰਨਾ, ਫਜ਼ੂਲ ਖਰਚੀ ਕਰਨਾ ਸਭ ਮਰਿਯਾਦਾ ਦੇ ਵਿਪਰੀਤ ਹਨ। ਵਿਆਹ ਆਨੰਦ ਰੀਤੀ ਨਾਲ ਹੀ ਹੋਣਾ ਚਾਹੀਦਾ ਹੈ। ਕੁਝ ਹੋਰ ਹਿਦਾਇਤਾਂ ਹੇਠ ਲਿਖੀਆਂ ਹਨ।
1. ਲੜਕੇ ਜਾਂ ਲੜਕੀ ਦਾ ਸੰਜੋਗ ਪੈਸਾ ਲੈ ਕੇ ਨਾ ਕਰੇ।
2. ਜੇ ਬਾਲਕੀ ਦੇ ਮਾਪੇ ਕਦੀ ਸਬੱਬ ਪਾਇ ਕੈ ਬਾਲਕੀ ਦੇ ਗ੍ਰਹਿ ਵਿਖੇ ਜਾਣ ਅਤੇ ਉਥੇ ਪ੍ਰਸ਼ਾਦਿ ਤਿਆਰ ਹੋਵੇ, ਤਾਂ ਖਾਣ ਤੋਂ ਸੰਕੋਚਣਾ ਨਹੀਂ। ਅੰਨ ਨਾ ਖਾਣਾ ਸਭ ਭਰਮ ਹੈ। ਖਾਲਸੇ ਨੂੰ ਖਾਣਾ ਖਲਾਵਣਾ ਸ੍ਰੀ ਗੁਰੂ ਬਾਬੇ ਅਕਾਲ ਪੁਰਖ ਬਖਸ਼ਿਆ ਹੈ। ਬੇਟੀ ਬੇਟੇ ਵਾਲੇ ਆਪਸ ਮੇਂ ਖਾਂਦੇ ਰਹਿਣ, ਇਸ ਵਾਸਤੇ ਜੋ ਗੁਰੂ ਨੇ ਦੋਵੇਂ ਸਾਕ ਇਕ ਕੀਤੇ ਹੈਨ।
3. ਜਿਸ ਇਸਤਰੀ ਦਾ ਭਰਤਾ ਕਾਲ-ਵੱਸ ਹੋ ਜਾਵੇ, ਉਹ ਚਾਹੇ ਤਾਂ ਯੋਗ ਵਰ ਦੇਖ ਕੇ ਪੁਨਰ ਸੰਜੋਗ ਕਰ ਲਵੇ। ਸਿੱਖ ਦੀ ਇਸਤਰੀ ਮਰ ਜਾਵੇ ਤਾਂ ਉਸ ਲਈ ਭੀ ਇਹੋ ਹੁਕਮ ਹੈ।
4. ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛਕਾ ਲਵੇ।
ਪੁਨਰ ਵਿਆਹ ਦੀ ਅਨੰਦ ਦੀ ਰਸਮ ਨਾਲ ਹੀ ਹੋ ਸਕਦਾ ਹੈ। ਸਿੱਖ ਧਰਮ ਵਿਚ ਤਲਾਕ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਕਿਉਂਕਿ ਵਿਆਹ ਐਸਾ ਪਿਆਰ ਦਾ ਬੰਧਨ ਹੈ ਕਿ ਦੋਵੇਂ ਪਤੀ-ਪਤਨੀ 'ਏਕ ਜੋਤਿ ਦੁਇ ਮੂਰਤੀ' ਹੋ ਜਾਂਦੇ ਹਨ। ਪਰ ਅਗਰ ਤਲਾਕ ਦੀ ਨੌਬਤ ਆ ਜਾਵੇ ਤਾਂ ਆਪਸ ਵਿਚ ਵਿਚਾਰ ਕਰਕੇ ਕਾਨੂੰਨੀ ਢੰਗ ਅਪਣਾਉਣਾ ਚਾਹੀਦਾ ਹੈ।
ਮ੍ਰਿਤਕ ਸਸਕਾਰ
ਮੌਤ ਅਟੱਲ ਸਚਾਈ ਹੈ, ਸੋ ਸਿੱਖ ਕਿਸੀ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ ਜਿਵੇਂ ਕਿ ਪ੍ਰਾਣੀ ਨੂੰ ਮੰਜੇ ਤੋਂ ਥੱਲੇ ਉਤਾਰਣਾ, ਦੀਵਾ ਵੱਟੀ ਆਦਿ ਕਰਨੀ, ਸਿਆਪਾ ਕਰਨਾ, ਸਸਕਾਰ ਲਈ ਢੰਗ ਜਾਂ ਦਿਨ ਰਾਤ ਦਾ ਵਹਿਮ, ਅਧ ਮਾਰਗ ਦੀ ਰਸਮ, ਕਪਾਲ ਭਾਰਤੀ ਆਦਿ-ਇਹ ਸਾਰੀਆਂ ਰਸਮਾਂ ਮਨਮਤ ਹਨ। ਸ਼ਰਾਧ ਦੀ ਰਸਮ ਵੀ ਮਰਿਯਾਦਾ ਅਨੁਕੂਲ ਨਹੀਂ। ਗੁਰਮਤਿ ਅਨੁਸਾਰ ਆਦੇਸ਼ ਇਸ ਪ੍ਰਕਾਰ ਹੈ:-
(ੳ) ਪ੍ਰਾਣੀ ਨੂੰ ਮਰਨ ਵੇਲੇ - ਜੇ ਮੰਜੇ ਤੇ ਹੋਵੇ ਤਾਂ ਹੇਠਾਂ ਨਹੀਂ ਉਤਾਰਨਾ, ਦੀਵਾ ਵੱਟੀ, ਗਊ ਮਣਸਾਉਣਾ ਜਾਂ ਹਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ, ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ 'ਵਾਹਿਗੁਰੂ ਵਾਹਿਗੁਰੂ' ਕਰਨਾ।
(ਅ) ਪ੍ਰਾਣੀ ਦੇ ਦੇਹ ਤਿਆਗਣ ਤੇ ਧਾਹ ਨਹੀ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣ ਚੰਗਾ ਹੈ।
(ੲ) ਪ੍ਰਾਣੀ ਭਾਵੇਂ ਛੋਟੀ ਤੋਂ ਵੱਡੀ ਉਮਰ ਦਾ ਹੋਵੇ, ਸੋ ਭੀ ਸਸਕਾਰਨਾ ਚਾਹੀਏ ਜਿਥੇ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ। ਉਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਸਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ।
ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸੁਅਛ ਬਸਤ੍ਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ। ਫਿਰ ਤਖ਼ਤੇ ਉਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ। ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸਸਕਾਰ ਦੀ ਥਾਂ 'ਤੇ ਪਹੁੰਚ ਕੇ ਚਿਖਾ ਰਚੀ ਜਾਵੇ। ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿਥ 'ਤੇ ਬਹਿ ਕੇ ਕੀਰਤਨ ਕਰੇ ਜਾਂ ਵੈਰਾਗ ਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉਠੇ ਤਾਂ (ਕਪਾਲਿ ਕਿਰਿਆ ਆਦਿ ਕਰਨਾ ਮਨਮਤ ਹੈ) ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ। ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਵਿਚ ਪ੍ਰਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ ਤੇ ਅਨੰਦ ਸਾਹਿਬ (ਛੇ ਪਉੜੀਆ) ਦਾ ਪਾਠ ਕਰਕੇ ਅਰਦਾਸਾ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁਖ ਰੱਖ ਕੇ ਨੀਯਤ ਕੀਤਾ ਜਾਵੇ। ਇਸ ਪਾਠ ਦੇ ਕਰਨ ਵਿਚ ਘਰ ਵਾਲੇ ਤੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਵੀ ਹੋਵੇ। 'ਦੁਸਹਿਰੇ' ਦੇ ਪਿੱਛੇ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।
ਮ੍ਰਿਤਕ ਪ੍ਰਾਣੀ ਦਾ 'ਅੰਗੀਠਾ' ਠੰਡਾ ਹੋਣ 'ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਿਮੀ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ 'ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ।
ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸ਼ਰਾਧ, ਬੁਢਾ ਮਰਨਾ ਆਦਿ ਕਰਨਾਂ ਮਨਮੱਤ ਹੈ। ਅੰਗੀਠੇ ਵਿਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਂਵਾਂ ਵਿਚ ਜਾ ਕੇ ਪਾਉਣੇ ਮਨਮਤ ਹੈ। ਕਿਸੇ ਅਸਥਾਨ 'ਤੇ ਵਹਿੰਦੇ ਜਲ ਵਿਚ ਫੁੱਲ ਪ੍ਰਵਾਹ ਕੀਤੇ ਜਾ ਸਕਦੇ ਹਨ। |
(15) Question:- |
ਹਰ ਸਿੱਖ ਨੂੰ ਕਿਰਤ ਕਰਨ ਦਾ ਆਦੇਸ਼ ਹੈ। ਉਸ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕਿਸ ਤਰ੍ਹਾਂ ਦੀ ਕਿਰਤ ਕਰਨੀ ਚਾਹੀਦੀ ਹੈ। |
Answer:- |
ਗੁਰਬਾਣੀ ਵਿਚ ਰੋਜ਼ੀ-ਰੋਟੀ ਕਮਾਉਣ ਲਈ ਕਿਸੇ ਵੀ ਕੰਮ ਦੀ ਮਨਾਹੀ ਨਹੀਂ। ਪਰ ਕੰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਗੁਰਸਿੱਖ ਉਸ ਨੂੰ ਨੇਕਦਿਲੀ ਤੇ ਈਮਾਨਦਾਰੀ ਨਾਲ ਕਰ ਸਕੇ। ਆਪਣੇ ਕੰਮ ਦੇਣ ਵਾਲੇ ਮਾਲਕ ਤੇ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੇ ਮਾਲਕ ਨੂੰ ਯਾਦ ਰੱਖ ਕੇ ਪੂਰੀ ਮਿਹਨਤ ਤੇ ਸੂਝ-ਬੂਝ ਨਾਲ ਆਪਣੇ ਕੰਮ ਨੂੰ ਕਰੇ। ਜੇ ਉਹ ਨੌਕਰੀ ਕਰਦਾ ਹੈ ਤਾਂ ਕੋਈ ਵੀ ਐਸਾ ਕੰਮ ਨਾ ਕਰੇ ਜੋ ਦੇਸ਼ ਦੇ ਕਾਨੂੰਨ ਦੇ ਵਿਰੁੱਧ ਹੋਵੇ ਜਾਂ ਉਸ ਦੀ ਨੌਕਰੀ ਦੇ ਸੰਬੰਧ ਵਿਚ ਲਾਗੂ ਕੀਤੇ ਹੋਏ ਨਿਯਮਾਂ ਦੀ ਉਲੰਘਣਾ ਕਰਦਾ ਹੋਵੇ। ਗੁਰੂ ਨਾਨਕ ਦੇਵ ਜੀ ਦਾ ਪੂਰੀ ਲਗਨ ਨਾਲ ਮੋਦੀਖਾਨੇ ਵਿਚ ਕੰਮ ਕਰਨਾ ਹਰ ਸਿੱਖ ਲਈ ਪ੍ਰੇਰਨਾ ਦਾ ਸ੍ਰੋਤ ਹੈ। ਪਰ ਜਿਸ ਤਰ੍ਹਾਂ ਗੁਰੂ ਜੀ ਕੰਮ ਕਰਦੇ ਹੋਏ ਪਰਮਾਤਮਾ ਨਾਲ ਜੁੜੇ ਰਹਿੰਦੇ ਸਨ ਉਸ ਤਰ੍ਹਾਂ ਹੀ ਸਿੱਖ ਨੂੰ, ਸਰਕਾਰੀ ਜਾਂ ਗੈਰ-ਸਰਕਾਰੀ ਕਰਮਚਾਰੀ ਹੁੰਦੇ ਹੋਏ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ।
ਜਿਥੋਂ ਤੱਥ ਵਪਾਰ ਦਾ ਸੰਬੰਧ ਹੈ, ਗੁਰਬਾਣੀ ਉਤਮ ਢੰਗ ਨਾਲ ਵਪਾਰ ਕਰਨ ਦੇ ਗੁਰ ਦਰਸਾਉਂਦੀ ਹੈ। ਗੁਰੂ ਅਮਰਦਾਸ ਜੀ ਦੇ ਕਥਨ ਅਨੁਸਾਰ ਜੋ ਵਪਾਰ ਧਰਮ ਅਨੁਸਾਰ ਕੀਤਾ ਜਾਵੇ, ਉਹ ਹੀ ਭਲਾ ਹੈ:-
ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੇ ਰਾਮ।। (ਅੰਗ 568)
ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਅਨੁਸਾਰ ਜਿਸ ਵਸਤੂ ਦਾ ਵਪਾਰ ਕਰਨਾ ਹੈ ਉਸ ਬਾਰੇ ਪੂਰਨ ਜਾਣਕਾਰੀਰ ਹੋਣੀ ਚਾਹੀਦੀ ਹੈ। ਇਸ ਤੋਂ ਭਾਵ ਹੈ ਕਿ ਕੋਈ ਐਸਾ ਵਾਪਾਰ ਨਹੀਂ ਕਰਨਾ ਚਾਹੀਦਾ ਜੋ ਦੇਸ਼ ਜਾਂ ਸਮਾਜ ਦੇ ਕਾਨੂੰਨਾਂ ਤੇ ਨਿਯਮਾਂ ਦੇ ਵਿਰੁੱਧ ਹੋਵੇ। ਕੋਈ ਐਸੀ ਵਸਤੂ ਦਾ ਵਪਾਰ ਜਿਸ ਬਾਰੇ ਲੋੜੀਂਦੀ ਜਾਣਕਾਰੀ ਜਾਂ ਯੋਗਤਾ ਨਾ ਹੋਵੇ:-
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ।। (ਅੰਗ 1410)
ਗੁਰਬਾਣੀ ਵਿਚ ਇਹ ਵੀ ਆਦੇਸ਼ ਹੈ ਕਿ ਵਪਾਰ ਕਰਨ ਲਈ ਜੇ ਅਸੀਂ ਪੂੰਜੀ ਲਗਾਉਣੀ ਹੈ ਉਹ ਵੀ ਨੇਕ ਕਮਾਈ ਵਿਚੋਂ ਹੋਣੀ ਚਾਹੀਦੀ ਹੈ। ਸੱਚ ਦੀ ਕਮਾਈ ਲਾ ਕੇ ਸੱਚੇ ਢੰਗ ਨਾਲ ਵਪਾਰ ਕਰਨ ਨੂੰ ਹੀ ਗੁਰਬਾਣੀ ਵਿਚ ਸਲਾਹਿਆ ਗਿਆ ਹੈ:-
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ।।
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ।। (ਅੰਗ 23)
ਕਰਿ ਮਨ ਮੇਰੇ ਸਤਿ ਬਿਉਹਾਰ।। (ਅੰਗ 281)
ਸਤ ਕੈ ਖਟਿਐ ਦੁਖੁ ਨਹੀ ਪਾਇਆ।। (ਅੰਗ 372)
ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ।। (ਅੰਗ 962)
ਜੋ ਲੋਕ ਮੈਲੇ ਮਨ ਨਾਲ ਵਪਾਰ ਕਰਦੇ ਹਨ ਉਨ੍ਹਾਂ ਦਾ ਕੂੜ ਵਾਲਾ ਵਪਾਰ ਉਨ੍ਹਾਂ ਨੂੰ ਦੁੱਖ ਦੇਂਦਾ ਹੈ। ਗੁਰੂ ਅਮਰਦਾਸ ਜੀ ਦਾ ਹੇਠ ਲਿਖਿਆ ਵਚਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ:-
ਅੰਤਰਿ ਲੋਭੁ ਮਨਿ ਮੈਲੇ ਮਲੁ ਲਾਏ।। ਮੈਲੇ ਕਰਮ ਕਰੇ ਦੁਖੁ ਪਾਏ।।
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ।। (ਅੰਗ 1062)
ਵਪਾਰ ਬਾਰੇ 'ਪ੍ਰੇਮ ਸਮਾਗਮ' ਵਿਚ ਕੁਝ ਸੁੰਦਰ ਖਿਆਲ ਇਸ ਤਰ੍ਹਾਂ ਪ੍ਰਗਟਾਏ ਗਏ ਹਨ:-
ਬਿਉਹਾਰ ਮੈਂ ਲੇਵੇ ਦੇਵੇ ਮੈਂ ਇਕ ਹੀ ਬਾਤ ਕਰੈ, ਦੂਸਰੀ ਨਾ ਕਰੈ, ਕਿਸੀ ਭਾਂਤ ਦਗੇਬਾਜ਼ੀ ਨਾ ਕਰੈ, ਮਿਥਯਾ ਬਿਉਹਾਰ ਨਾ ਕਰੈ ਅਰ ਕੋਈ ਕਿਸੀ ਕੋ ਕਸਬ ਕਰਨ ਤੇ ਐਬ ਨਾ ਰੱਖੇ, ਕਸਬ ਕਰਨਾ ਕਿਆ ਉੱਤਮ, ਕਿਆ ਮੱਧਮ, ਕਿਸਮ ਨੀਚ ਬਡੀ ਭਗਤਿ ਹੈ, ਇਸ ਬਰਾਬਰ ਔਰ ਭਗਤਿ ਨਾਹੀ ਜੋ ਕਸਬ ਕਰ ਕੈ ਬੰਦਗੀ ਕਰੈ।।
ਖੇਤੀ ਸਾਡੀ ਦੇਸ਼ ਦਾ ਪ੍ਰਮੁੱਖ ਕਿੱਤਾ ਰਹੀ ਹੈ। ਹਾਲੇ ਵੀ ਬਹੁਤ ਸਾਰੇ ਲੋਕ ਖੇਤੀ ਹੀ ਕਰਦੇ ਹਨ। ਪੰਜਾਬ ਵਿਚ ਤੇ ਜ਼ਿਆਦਾਤਰ ਲੋਕਾਂ ਦਾ ਕਿੱਤਾ ਖੇਤੀ ਹੋਣ ਕਰਕੇ ਗੁਰਬਾਣੀ ਵਿਚ ਗੁਰੂ ਸਾਹਿਬ ਤੇ ਹੋਰ ਸੰਤ ਕਵੀਆਂ ਨੇ ਹੋਰ ਸੰਤ ਕਵੀਆਂ ਨੇ ਇਸ ਕਿੱਤੇ ਨਾਲ ਸੰਬੰਧਿਤ ਮਿਸਾਲਾਂ ਦੇ ਕੇ ਆਪਣੇ ਵਿਚਾਰ ਸਪੱਸ਼ਟ ਕੀਤੇ ਹਨ। ਮਿਸਾਲ ਦੇ ਤੌਰ 'ਤੇ ਗੁਰੂ ਨਾਨਕ ਦੇਵ ਜੀ ਦੀਆਂ ਹੇਠ ਲਿਖੀਆਂ ਸਤਰਾਂ ਖੇਤੀਬਾੜੀ ਨਾਲ ਸਬੰਧਿਤ ਹੁੰਦੇ ਹੋਏ ਇਨਸਾਨ ਨੂੰ ਸੱਚੇ ਤੇ ਸੁੱਚੇ ਜੀਵਨ ਜੀਣ ਦਾ ਰਾਹ ਦੱਸਦੀਆਂ ਹਨ:-
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ।।
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ।।
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ।। (ਅੰਗ 595)
ਉੱਪਰ ਲਿਖੀ ਚਰਚਾ ਤੋਂ ਭਾਵ ਹੈ ਕਿ ਕੰਮ ਕਿਸ ਤਰਾਂ ਦਾ ਵੀ ਹੋਵੇ, ਕਿਰਤ-ਕਮਾਈ ਸੱਚ ਤੇ ਈਮਾਨਦਾਰੀ ਨਾਲ ਹੀ ਕਰਨੀ ਚਾਹੀਦੀ ਹੈ। ਐਸੀ ਕਮਾਈ ਕਰਦੇ ਹੋਏ ਮਨੁੱਖ ਨੂੰ ਪਰਮਾਤਮਾ ਦੇ ਨਾਮ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਹੱਥ-ਪੈਰ ਕਿਰਤ ਕਰਨ ਲਈ ਵਰਤਣੇ ਚਾਹੀਦੇ ਹਨ ਤੇ ਚਿੱਤ ਨੂੰ ਪਰਮਾਤਮਾ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ:-
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ।।
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।। (ਅੰਗ 1375-76)
ਹਥੀ ਕਾਰ ਕਮਾਵਣੀ ਪੈਰੀ ਚਲਿ ਸਤਿਸੰਗਿ ਮਿਲੇਹੀ।।
ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ।।
(ਭਾਈ ਗੁਰਦਾਸ, ਵਾਰ 1/3)
ਜਿਥੇ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਉਪਦੇਸ਼ ਗੁਰਬਾਣੀ ਦਿੰਦੀ ਹੈ ਉਥੇ ਹੀ ਆਪਣੀ ਕਿਰਤ-ਕਮਾਈ ਵਿਚੋਂ ਧਰਮ ਤੇ ਮਨੁੱਖੀ ਭਲੇ ਦੇ ਕਾਰਜਾਂ ਲਈ ਕੁਝ ਹਿੱਸਾ ਦਾਨ ਕਰਨ ਦਾ ਵੀ ਉਪਦੇਸ਼ ਹੈ। ਦਸਵੰਧ ਦਾ ਸੰਕਲਪ ਗੁਰੂ ਸਾਹਿਬ ਨੇ ਆਪਣੇ ਜੀਵਨ-ਕਾਲ ਵਿਚ ਹੀ ਪ੍ਰਚੱਲਤ ਕਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ਕਿਰਤ-ਕਮਾਈ ਬਾਰੇ ਬਹੁਤ ਸੁੰਦਰ ਵਿਚਾਰ ਗੁਰਸਿੱਖ ਜੀਵਨ ਲਈ ਦਿੱਤਾ ਹੈ:-
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। (ਅੰਗ 1245)
ਰਹਿਤਨਾਮਿਆਂ ਵਿਚ ਵੀ ਕਿਰਤ-ਕਮਾਈ ਬਾਰੇ ਸਥਿਤੀ ਸਪੱਸ਼ਟ ਕੀਤੀ ਗਈ ਹੈ ਜਿਵੇਂ ਕਿ:-
ਦਸ ਨਖ ਕਰ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਅਰ ਮੈ ਆਵੈ।
ਤਿਸ ਤੇ ਗੁਰੁ ਦਸੌਧ ਜੋ ਦੇਈ। ਸਿੰਘ ਸੁਯਸ ਬਹੁ ਜਮ ਮਹਿ ਲੇਈ।
(ਰਹਿਤਨਾਮਾ, ਪ੍ਰਸ਼ਨ-ਉੱਤਰ ਭਾਈ ਨੰਦ ਲਾਲ) |
(16) Question:- |
ਕੀ ਸਿੱਖ ਕੋਲ ਧੰਨ ਨਹੀਂ ਹੋਣਾ ਚਾਹੀਦਾ? ਸਿੱਖ ਧਰਮ ਵਿਚ ਗਰੀਬੀ ਤੋਂ ਕੀ ਭਾਵ ਹੈ? |
Answer:- |
ਸਿੱਖ ਧਰਮ ਵਿਚ ਗਰੀਬੀ ਤੋਂ ਭਾਵ ਹੈ ਨਿਮਰਤਾ। ਸਿੱਖ ਕਿੰਨੀ ਵੀ ਵੱਡੀ ਪਦਵੀ 'ਤੇ ਹੋਏ, ਕਿੰਨੇ ਵੀ ਪੈਸੇ ਵਾਲਾ ਹੋਵੇ, ਉਸ ਨੂੰ ਨਿਮਰਤਾ ਨਹੀਂ ਤਿਆਗਣੀ ਚਾਹੀਦੀ। ਭਾਈ ਗੁਰਦਾਸ ਜੀ ਦੇ ਇਹ ਸ਼ਬਦ ''ਗੁਰਮਤਿ ਰਿਦੈ ਗਰੀਬੀ ਆਵੈ'' ਉਸ ਦੀ ਜ਼ਿੰਦਗੀ ਦਾ ਆਧਾਰ ਹੋਣੇ ਚਾਹੀਦੇ ਹਨ। ਜਿਥੋਂ ਤੱਕ ਪੈਸੇ ਦਾ ਸਵਾਲ ਹੈ, ਸਿੱਖ ਧਰਮ ਵਿਚ ਪੈਸਾ ਕਮਾਉਣ ਜਾਂ ਵਰਤਣ 'ਤੇ ਕੋਈ ਪਾਬੰਦੀ ਨਹੀਂ ਪਰ ਗੁਰੂ ਮਹਾਰਾਜ ਨੇ ਮਾਇਆ ਨੂੰ ਗੁਜਰਾਨ ਕਹਿ ਕੇ ਸਾਨੂੰ ਸਿੱਖਾਂ ਨੂੰ ਮਾਇਆ ਦੇ ਬੇਲੋੜੇ ਮੋਹ ਤੋਂ ਵਰਜਿਆ ਹੈ। ਸਿੱਖ ਲੋਭ ਜਾਂ ਲਾਲਚ ਵਿਚ ਪੈਂਦਾ ਤੇ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਜਿੰਨਾਂ ਜ਼ਰੂਰੀ ਹੋਵੇ ਉਨ੍ਹਾਂ ਪੈਸਾ ਕਮਾਉਂਦਾ ਹੈ। ਜਿਥੇ ਬਹੁਤਾ ਧਨ ਦੁਖੀ ਕਰਦਾ ਹੈ ਉਥੇ ਹੀ ਧਨ ਦੀ ਘਾਟ ਵੀ ਇਨਸਾਨ ਦੀ ਜ਼ਿੰਦਗੀ ਵਿਚ ਬੇਚੈਨੀ ਪੈਦਾ ਕਰਦੀ ਹੈ। ਗੁਰਮਤਿ ਅਨੁਸਾਰ ਸਿੱਖ ਨੇ ਦੋਹਾਂ ਅਵਸਥਾਵਾਂ ਤੋਂ ਬਚਣਾ ਹੈ। ਗੁਰੂ ਅਰਜਨ ਦੇਵ ਜੀ ਦੇ ਹੇਠ ਲਿਖੇ ਬਚਨ ਇਸੇ ਭਾਵ ਨੂੰ ਦ੍ਰਿੜ ਕਰਵਾਉਂਦੇ ਹਨ:-
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ।।
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ।।
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ।।1।। (ਅੰਗ 16)
ਐਸੀ ਪਾਬੰਦੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਬਾਰੇ ਵੀ ਲਗਾਈ ਹੈ, ਭਾਵ ਕਿ ਜਿਸ ਖਾਣ ਪਹਿਨਣ ਨਾਲ ਸਰੀਰ ਨੂੰ ਤਕਲੀਫ ਹੁੰਦੀ ਹੈ ਤੇ ਮਨ ਵਿਚ ਵਿਕਾਰ ਪੈਦਾ ਹੁੰਦੇ ਹਨ, ਉਹ ਖਾਣਾ ਪਹਿਨਣਾ ਗੁਰਮਤਿ ਅਨੁਸਾਰ ਨਹੀਂ। ਮਿਸਾਲ ਦੇ ਤੌਰ 'ਤੇ ਨਸ਼ਿਆਂ ਦਾ ਸੇਵਨ ਸਿਹਤ ਨੂੰ ਖਰਾਬ ਕਰਦਾ ਹੈ ਤੇ ਮਨ ਵਿਚ ਵਿਕਾਰ ਵੀ ਪੈਦਾ ਕਰਦਾ ਹੈ। ਇਸੇ ਲਈ ਨਸ਼ਿਆ ਦੇ ਸੇਵਨ ਦੀ ਮਾਹੀ ਹੈ। ਇਸ ਤਰ੍ਹਾਂ ਅਗਰ ਕੋਈ ਖਾਣਾ ਕਿਸੇ ਨੂੰ ਪਚਦਾ ਨਹੀਂ ਜਾਂ ਉਸਦੇ ਸਰੀਰ ਨੂੰ ਰਾਸ ਨਹੀਂ, ਤਾਂ ਨਹੀਂ ਖਾਣਾ ਚਾਹੀਦਾ। ਕਈ ਕੱਪੜੇ ਵੀ ਐਸੇ ਹੁੰਦੇ ਹਨ। ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਾਂ ਸਾਡੇ ਮਨ ਵਿਚ ਜਾਂ ਦੇਖਣ ਵਾਲਿਆਂ ਦੇ ਮਨ ਵਿਚ ਵਿਕਾਰ ਪੈਦਾ ਕਰਦੇ ਹਨ, ਐਸੇ ਕੱਪੜੇ ਪਾਉਣ ਦੀ ਮਨਾਹੀ ਹੈ। ਸਾਦਾ ਖਾਣਾ ਤੇ ਸਾਦਾ ਪਹਿਨਣਾ ਸਭ ਤੋਂ ਉੱਤਮ ਹੈ। ਤੰਬਾਕੂ ਦੀ ਵਰਤੋਂ ਤੇ ਕੁੱਠਾ ਮਾਸ ਖਾਣਾ ਗੁਰੂ ਗੋਬਿੰਦ ਸਿੰਘ ਨੇ ਕੁਰਹਿਤ ਕਰਾਰ ਦਿੱਤਾ ਹੈ। ਸੋ ਸਿੱਖ ਦਾ ਫਰਜ਼ ਹੈ ਕਿ ਉਹ ਕੁਰਹਿਤ ਕਰਕੇ ਗੁਰੂ ਜੀ ਦੇ ਹੁਕਮ ਦੀ ਉਲੰਘਨਾ ਨਾ ਕਰੇ। ਪਹਿਣ ਬਾਰੇ ਗੁਰਮਤਿ ਵਿਚ ਦੋ ਵਸਤਰਾਂ ਦਾ ਹੁਕਮ ਹੈ-ਇਕ ਸਿਰ ਤੇ ਦਸਤਾਰ ਸਜਾਉਣੀ, ਦੂਜਾ ਕਛਹਿਰਾ ਪਾਉਣਾ। ਜੋ ਪੰਜ ਕਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੇ (ਕੱਛ, ਕੜਾ, ਕਿਰਪਾਨ, ਕੰਘਾ ਤੇ ਕੇਸ) ਕਛਹਿਰਾ ਉਨਾਂ ਵਿਚੋਂ ਇਕ ਹੈ। ਹੋਰ ਕਿਸੇ ਵੀ ਤਰ੍ਹਾਂ ਦਾ ਕੱਪੜਾ ਮੌਸਮ ਅਨੁਸਾਰ ਜਾਂ ਫੈਸ਼ਨ ਅਨੁਸਾਰ ਪਾਇਆ ਜਾ ਸਕਦਾ ਹੈ, ਪਰ ਉਹ ਮਨ ਤੇ ਤਨ ਤੇ ਕੋਈ ਗਲਤ ਪ੍ਰਭਾਵ ਨਾ ਪਾਵੇ ਜਿਸ ਤਰ੍ਹਾਂ ਉਤੇ ਦੱਸਿਆ ਗਿਆ ਹੈ। ਤੀਜੇ ਗੁਰੂ ਜੀ ਅਨੁਸਾਰ ਨੇਕ ਕਮਾਈ ਨਾਲ ਕਮਾਇਆ ਹੋਇਆ ਖਾਣਾ ਤੇ ਪਹਿਨਣਾ ਅੰਮ੍ਰਿਤ ਹੈ, ਇਸ ਨਾਲ ਵਡਿਆਈ ਮਿਲਦੀ ਹੈ।
ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ।।1।। (ਅੰਗ 511)
|
(17) Question:- |
ਕੀ ਸਿੱਖ ਧਰਮ ਵਿਚ ਮੀਟ ਖਾਣ ਦੀ ਮਨਾਹੀ ਹੈ? |
Answer:- |
ਗੁਰੂਆਂ ਦੀ ਜੀਵਨ-ਗਾਥਾਵਾਂ ਤੋਂ ਸਾਨੂੰ ਐਸਾ ਕੋਈ ਸੰਕੇਤ ਨਹੀਂ ਮਿਲਦਾ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਸਿੱਖ ਧਰਮ ਵਿਚ ਮਾਸ ਖਾਣ ਦੀ ਮਨਾਹੀ ਹੈ ਕਿ ਨਹੀਂ? ਕੁਝ ਘਟਨਾਵਾਂ ਦਾ ਜ਼ਿਕਰ ਕਈ ਐਸੇ ਗ੍ਰੰਥਾਂ ਵਿਚ ਆਉਂਦਾ ਹੈ ਜਿਵੇਂ ਕਿ 'ਨਾਨਕ ਪ੍ਰਕਾਸ਼', 'ਭਾਈ ਬਾਲੇ ਵਾਲੀ ਜਨਮ ਸਾਖੀ', 'ਸ੍ਰੀ ਗੁਰੂ ਨਾਨਕ ਚਮਤਕਾਰ' ਆਦਿ ਜਿਨਾਂ ਤੋਂ ਇਹ ਪ੍ਰਭਾਵ ਪੈਦਾ ਹੈ ਕਿ ਤਾਮਸਿਕ ਵਸਤੂਆਂ ਜਿਵੇਂ ਕਿ ਮਾਸ ਤੇ ਸ਼ਰਾਬ ਦਾ ਇਸਤੇਮਾਲ ਗੁਰਮਤਿ ਅਨੁਸਾਰ ਨਹੀਂ ਕਿਹਾ ਜਾ ਸਕਦਾ। ਮਿਸਾਲ ਦੇ ਤੌਰ 'ਤੇ ਮੱਕੇ ਮਦੀਨੇ ਦੀ ਸਾਖੀ ਵਿਚ ਜਦੋਂ ਕਾਜ਼ੀ ਰੁਕਨਦੀਨ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਜੇ ਮਾਸ ਨਹੀਂ ਖਾਣਾ ਚਾਹੀਦਾ ਤਾਂ ਫਿਰ ਕੀ, ਖਾਣਾ ਚਾਹੀਦਾ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ - ਬਾਝਹੁ ਪਾਣੀ ਅੰਨ ਦੇ ਖਾਣਾ ਹੋਰ ਹਰਾਮ। ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਜਦ ਗੁਰੂ ਜੀ ਮਦੀਨੇ ਪਹੁੰਚੇ ਤਾਂ ਉਥੇ ਮਾਸ ਖਾਣ ਵਾਲਿਆਂ ਨੇ ਕਈ ਸਵਾਲ ਪੁੱਛੇ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਇਸ ਗੱਲ 'ਤੇ ਸੰਤੁਸ਼ਟ ਕੀਤਾ ਕਿ ਜੋ ਹਿੰਦੂ ਜਾਂ ਮੁਸਲਮਾਨ ਮਾਸ ਖਾਂਦੇ ਹਨ ਉਹ ਦਰਗਾਹ ਵਿਚ ਇਸ ਗੱਲ ਦੀ ਸਜ਼ਾ ਪਾਉਣਗੇ-
ਜ਼ਿਦੋ ਜ਼ਿਦੀ ਆਪ ਵਿਚ ਹਿੰਦੂ ਤੁਰਕ ਲੜਾਇ।
ਉਹਨਾਂ ਮਾਰਿਆ ਸੂਰ ਨੂੰ, ਉਹਨਾਂ ਮਾਰੀ ਗਾਇ।
ਦੁਹਾਂ ਕੀਤੀ ਹਤਿਆ, ਮੁਏ ਨ ਜੀਵੈ ਫੇਰ।
ਦਰਗਹਿ ਸਚੇ ਰੱਬ ਦੀ, ਦੁਇ ਲਹਿਨ ਸਜਾਇ ਢੇਰ।
(ਮਦੀਨੇ ਦੀ ਸਾਖੀ, ਅੰਗ 208)
ਐਸੀਆਂ ਕੁਝ ਸਾਖੀਆਂ ਤੋਂ ਇਲਾਵਾ ਗੁਰੂ ਸਾਹਿਬਾਂ ਦੁਆਰਾ ਚਲਾਏ ਗਏ ਲੰਗਰ ਦਾ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਲੰਗਰ ਵਿਚ ਮਾਸ ਨਹੀਂ ਵਰਤਿਆ ਗਿਆ। ਗੁਰਬਾਣੀ ਵਿਚ ਐਸੀਆਂ ਅਨੇਕਾਂ ਤੁਕਾਂ ਹਨ ਜੋ ਇਨਸਾਨ ਨੂੰ ਕਿਸੇ ਵੀ ਜੀਵ ਦੀ ਹੱਤਿਆ ਕਰਨ ਤੋਂ ਵਰਜਦੀਆਂ ਹਨ। ਹਿੰਸਾ ਨੂੰ ਤਿਆਗ ਕੇ ਦਇਆ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਧਰਮ ਨੂੰ ਦਇਆ ਦਾ ਪੁੱਤਰ ਦੱਸਿਆ ਹੈ। ਕਬੀਰ ਜੀ ਜੀਵ-ਹੱਤਿਆ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ:
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ।। (ਅੰਗ 1350)
ਕੁਝ ਇਤਿਹਾਸਕਾਰਾਂ ਨੇ ਕੁਝ ਹੁਕਮਨਾਮਿਆਂ ਦਾ ਜ਼ਿਕਰ ਵੀ ਕੀਤਾ ਹੈ ਜਿਨਾਂ ਵਿਚ ਗੁਰੂ ਸਾਹਿਬਾਨ ਨੇ ਮਾਸ ਮੱਛੀ ਨੂੰ ਨਾ ਖਾਣ ਦਾ ਆਦੇਸ਼ ਦਿੱਤਾ ਹੈ। ਮਿਸਾਲ ਦੇ ਤੌਰ 'ਤੇ ਮੁਹਸਨ ਫਾਨੀ, ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਇਤਿਹਾਸਕਾਰ ਆਪਣੀ ਪੁਸਤਕ 'ਦਬਿਸਤਾਨੇ ਮਜ਼ਾਹਬ' ਭਾਗ 2 ਅੰਗ 249 'ਤੇ ਗੁਰੂ ਸਾਹਿਬ ਦੇ ਇਕ ਐਸੇ ਹੀ ਹੁਕਮਨਾਮੇ ਦਾ ਜ਼ਿਕਰ ਕਰਦਾ ਹੈ। ਛੇਵੇਂ ਸਤਿਗੁਰੂ ਜੀ ਦੇ ਇਕ ਹੁਕਮਨਾਮੇ ਵਿਚ ਜੋ ਕਿ ਸ੍ਰੀ ਪਟਨਾ ਸਾਹਿਬ ਵਿਚ ਅਸਲ ਰੂਪ ਵਿਚ ਸੁਰੱਖਿਅਤ ਪਿਆ ਹੈ, ਇਕ ਸਤਰ ਵਿਚ ਆਦੇਸ਼ ਹੈ-'ਮਾਸ ਮੱਛੀ ਦੇ ਨੇੜੇ ਨਹੀ ਆਵਣਾ'। ਇਹੋ ਜਿਹਾ ਹੀ ਹੁਕਮਨਾਮਾ ਬਾਬਾ ਬੰਦਾ ਸਿੰਘ ਬਹਾਦਰ ਦੇ ਇਕ ਪੱਤਰ ਵਿਚ ਆਇਆ ਦੱਸਿਆ ਜਾਂਦਾ ਹੈ। ਇਹ ਇਤਿਹਾਸਕ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ 'ਨਿਸ਼ਾਨ ਤੇ ਹੁਕਮਨਾਮੇ' ਦੇ ਅੰਗ 113 'ਤੇ ਹੁਕਮਨਾਮਾ ਨੰ. 113 ਵਜੋਂ ਦਰਜ ਹੈ।
ਐਸੇ ਕੁਝ ਰਹਿਤਨਾਮੇ ਵੀ ਹਨ ਜਿਨਾਂ ਵਿਚ ਮਾਸ ਤੇ ਸ਼ਰਾਬ ਦਾ ਇਸਤੇਮਾਲ ਕਰਨ ਦੀ ਸਖ਼ਤ ਮਨਾਹੀ ਦੱਸੀ ਗਈ ਹੈ। ਮਿਸਾਲ ਦੇ ਤੌਰ 'ਤੇ:
ਉਤਮ ਕੁਲਿ ਜਿਨ ਜਨਮਹਿ ਪਾਯੋ।। ਮਦਰਾ ਮਾਸੁ ਨ ਕਬਹੂੰ ਖਾਯੋ।।102।।
ਬਕਰਾ ਝਟਕਾ ਬੀਚ ਨ ਕਰੈ।। ਮਾਸੁ ਅਵਰ ਨਹਿ ਲੰਗਰ ਧਰੈ।।
(ਰਹਿਤਨਾਮਾ ਭਾਈ ਦਯਾ ਸਿੰਘ ਜੀ)
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰਮਤਿ ਵਿਚ ਮਾਸ ਖਾਣ ਦੀ ਮਨਾਹੀ ਨਹੀਂ ਹੈ। ਉਹ ਗੁਰਬਾਣੀ ਵਿਚੋਂ ਗੁਰੂ ਨਾਨਕ ਦੇਵ ਜੀ ਦੁਆਰਾ ਰਚੇ ਰਾਗ ਮਲਾਰ ਦੇ ਸ਼ਬਦਾਂ ਦਾ ਜ਼ਿਕਰ ਕਰਦੇ ਹਨ। ਉਨ੍ਹਾਂ ਦਾ ਇਹ ਵੀ ਕਥਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਹਿਤ ਮਰਿਯਾਦਾ ਬਣਾਉਣ ਵੇਲੇ ਸਿੱਖ ਨੂੰ ਸਿਰਫ ਕੁੱਠਾ ਮਾਸ ਖਾਣ ਦੀ ਮਨਾਹੀ ਕੀਤੀ ਹੈ। ਉਹ ਕੁਝ ਰਹਿਤਨਾਮਿਆਂ ਦਾ ਵੀ ਜ਼ਿਕਰ ਕਰਦੇ ਹਨ ਜਿਨ੍ਹਾਂ ਵਿਚ ਝਟਕਾ ਖਾਣ ਦੀ ਕੋਈ ਮਨਾਹੀ ਨਹੀਂ ਦੱਸੀ ਗਈ।
ਦੋਨੋਂ ਤਰਫ਼ ਦੀਆਂ ਦਲੀਲਾਂ ਤੇ ਪੱਖ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਵਿਚ ਜੀਵਾਂ 'ਤੇ ਦਇਆ ਕਰਨ ਬਾਰੇ ਬਾਰ-ਬਾਰ ਵਿਚਾਰ ਆਇਆ ਹੈ, ਉਨ੍ਹਾਂ ਦੀ ਹੱਤਿਆ ਕਰਨੀ ਹੀ ਗੁਰਮਤਿ ਅਨੁਕੂਲ ਨਹੀਂ ਹੈ ਪਰ ਗੁਰਬਾਣੀ ਵਿਚ ਉਚੇਚੇ ਤੌਰ 'ਤੇ ਐਸਾ ਕੋਈ ਕਥਨ ਨਹੀਂ ਹੈ ਜਿਸ ਤੋਂ ਇਹ ਭਾਵ ਕੱਢਿਆ ਜਾ ਸਕੇ ਕਿ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ? ਗੁਰੂ ਨਾਨਕ ਦੇਵ ਜੀ ਦੇ ਦੋ ਸ਼ਬਦ ਜੋ ਕੁਰੂਕਸ਼ੇਤਰ ਵਿਚ ਉਚਾਰੇ ਦੱਸੇ ਜਾਂਦੇ ਹਨ, ਵੀ ਲੋਕਾਂ ਨੂੰ ਸਿਰਫ਼ ਇਹ ਸਮਝਾਉਣ ਲਈ ਰਚੇ ਗਏ ਸਨ ਕਿ ਮਾਸ ਬਾਰੇ ਬਹਿਸ ਕਰਨਾ ਵਿਅਰਥ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਮਨੁੱਖ ਦਾ ਸ਼ੁਰੂ ਤੋਂ ਅਖੀਰ ਤਕ ਪੱਕਾ ਤੇ ਅਟੁੱਟ ਸੰਬੰਧ ਮਾਸ ਨਾਲ ਬਣਿਆ ਰਹਿੰਦਾ ਹੈ, ਮਨੁੱਖ ਨੂੰ ਐਸੀ ਬਹਿਸ ਤੇ ਝਗੜੇ ਨੂੰ ਛੱਡ ਕੇ ਵਾਹਿਗੁਰੂ ਦੇ ਹੁਕਮ ਵਿਚ ਰਹਿਣਾ ਚਾਹੀਦਾ ਹੈ। ਆਪ ਜੀ ਦੀਆਂ ਹੇਠ ਲਿਖੀਆਂ ਦੋ ਸਤਰਾਂ ਇਨ੍ਹਾਂ ਸ਼ਬਦਾਂ ਦਾ ਮੁੱਖ ਉਪਦੇਸ਼ ਹਨ:
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ।।
ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ।। (ਅੰਗ 1289)
ਜਦ ਰਹਿਤ-ਮਰਯਾਦਾ ਵੱਲ ਆਉਂਦੇ ਹਾਂ ਤਾਂ ਕੁੱਠਾ ਖਾਣ ਦੀ ਮਨਾਹੀ ਤੋਂ ਸਾਨੂੰ ਇਹ ਲੱਗਦਾ ਹੈ ਕਿ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਜੀਵ ਦਾ ਮਾਸ ਖਾਣਾ ਮਨ੍ਹਾ ਕੀਤਾ ਗਿਆ ਹੈ। ਇਕ ਵਾਰ ਨਾਲ ਝਟਕਿਆ ਜੀਵ ਸਿੱਖਾਂ ਲਈ ਖਾਣਾ ਵਰਜਿਤ ਨਹੀਂ ਹੈ। ਸਿੱਖ ਇਤਿਹਾਸ ਵਿਚ ਐਸੇ ਬਹੁਤ ਸਾਰੇ ਮੋੜ ਆਏ, ਜਦ ਉਨ੍ਹਾਂ ਨੂੰ ਮਾਸ ਖਾਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਾਥੀ ਜਦ ਕਈ ਮਹੀਨੇ ਕਿਲ੍ਹੇ ਵਿਚ ਰਹੇ ਤੇ ਉਨ੍ਹਾਂ ਨੂੰ ਹੋਰ ਕੋਈ ਆਹਾਰ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਮਾਸ ਦਾ ਸੇਵਨ ਕੀਤਾ। ਅਗਲੇ ਪੰਜਾਹ ਸਾਲ ਦੇ ਇਤਿਹਾਸ ਵਿਚ ਜਦ ਸਿੱਖਾਂ ਨੂੰ ਜੰਗਲਾਂ ਵਿਚ ਰਹਿਣਾ ਪੈਂਦਾ ਸੀ ਤਾਂ ਐਸੇ ਕਈ ਮੌਕੇ ਹੁੰਦੇ ਸਨ ਜਦ ਕੋਈ ਹੋਰ ਖਾਣ ਵਾਲੀ ਵਸਤੂ ਪ੍ਰਾਪਤ ਲਹੀਂ ਸੀ ਹੁੰਦਾ ਤਾਂ ਮਾਸ ਖਾਧਾ ਜਾਂਦਾ ਸੀ।
ਉਪਰ ਦਿੱਤੀ ਚਰਚਾ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਭਾਵੇਂ ਗੁਰਮਤਿ ਵਿਚ ਝਟਕਾ ਮਾਸ ਖਾਣਾ ਮਨ੍ਹਾ ਨਹੀਂ ਹੈ ਪਰ ਫਿਰ ਵੀ ਅਗਰ ਗੁਰਸਿੱਖ ਨੂੰ ਸਾਦੇ ਤੇ ਪੋਸ਼ਟਿਕ ਆਹਾਰ ਉਪਲਬਧ ਹਨ ਤਾਂ ਉਸ ਨੂੰ ਕਿਸੇ ਵੀ ਜੀਵ ਨੂੰ ਨਹੀਂ ਖਾਣਾ ਚਾਹੀਦਾ। ਗੁਰਬਾਣੀ ਵਿਚ ਜਗ੍ਹਾ-ਜਗ੍ਹਾ 'ਤੇ ਜੀਵਾਂ 'ਤੇ ਦਇਆ ਕਰਨ ਦਾ ਹੁਕਮ ਹੈ। ਗੁਰਸਿੱਖ ਲਈ ਖਾਣ ਦਾ ਜੋ ਨਿਯਮ ਗੁਰੂ ਨਾਨਕ ਦੇਵ ਜੀ ਨੇ ਦਿਤਾ ਹੈ, ਉਹ ਰਾਗ ਸ੍ਰੀ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਦੇ ਅੰਗ '16' 'ਤੇ ਇਸ ਤਰ੍ਹਾਂ ਅੰਕਿਤ ਕੀਤਾ ਹੈ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ।।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। (ਅੰਗ 16)
ਇਸ ਤੋਂ ਭਾਵ ਹੈ ਕਿ ਜਿਹੜਾ ਅੰਨ ਕਿਸੇ ਦੇ ਤਨ ਨੂੰ ਤਕਲੀਫ ਦਿੰਦਾ ਹੈ ਤੇ ਮਨ ਵਿਚ ਵਿਕਾਰ ਪੈਦਾ ਕਰਦਾ ਹੈ, ਉਹ ਨਹੀਂ ਖਾਣਾ ਚਾਹੀਦਾ। ਆਧੁਨਿਕ ਵਿਗਿਆਨਕ ਖੋਜਾਂ ਅਨੁਸਾਰ ਮਾਸ ਖਾਣ ਦੇ ਸਰੀਰ ਨੂੰ ਕਈ ਨੁਕਸਾਨ ਹਨ। ਜਿਥੇ ਇਹ ਪਾਚਨ ਸਥਿਤੀ ਖਰਾਬ ਕਰਦਾ ਹੈ ਉਥੇ ਹੀ ਕਲੋਸਟਰੋਲ ਵਧਾ ਕੇ ਰਕਤ-ਦੋਸ਼ ਤੇ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਨ੍ਹਾਂ ਤੱਥਾਂ ਦੀ ਸਚਾਈ ਨੂੰ ਮੰਨਿਆ ਹੈ ਤੇ ਇਹੀ ਕਾਰਨ ਹੈ ਕਿ ਯੂਰਪ ਤੇ ਅਮਰੀਕਾ ਵਿਚ ਕਈ ਲੋਕ ਮਾਸਾਹਾਰੀ ਤੋਂ ਸ਼ਾਕਾਹਾਰੀ ਹੋ ਗਏ ਹਨ। ਜਿਸ ਤਰ੍ਹਾਂ ਕਿ ਉਤੇ ਦੱਸਿਆ ਗਿਆ ਹੈ ਕਿ ਮਾਸ ਇਕ ਤਾਮਸ ਭੋਜਨ ਹੈ। ਇਸ ਨੂੰ ਖਾ ਕੇ ਮਨ ਵਿਚ ਕਈ ਤਰ੍ਹਾਂ ਦੇ ਗਲਤ ਵਿਚਾਰ ਆ ਸਕਦੇ ਹਨ। ਗੁਰਸਿੱਖ ਨੂੰ ਸਾਦੀ ਜ਼ਿਦਗੀ ਬਿਤਾਉਣ ਦਾ ਉਪਦੇਸ਼ ਹੈ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ:
ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਇਆ ਛਿਮਾ ਤਨ ਪ੍ਰੀਤਿ।।
ਸੀਲ ਸੰਤੋਖ ਸਦਾ ਨਿਰਬਾਹਿਬੋ ਹੈਬੋ ਤ੍ਰਿਗੁਣ ਅਤੀਤਿ।।
ਕਿਸੇ ਵੀ ਪਵਿੱਤਰ ਉਤਸਵ ਉੱਪਰ ਅਤੇ ਲੰਗਰ ਵਿਚ ਮਾਸ ਦਾ ਨਾ ਖਾਧੇ ਜਾਣਾ ਵੀ ਗੁਰਸਿੱਖੀ ਪਰੰਪਰਾ ਨੂੰ ਸਪੱਸ਼ਟ ਕਰਦਾ ਹੈ ਪਰ ਅਗਰ ਕਿਸੇ ਡਾਕਟਰ ਦੀ ਸਲਾਹ 'ਤੇ ਸਿਹਤ ਲਈ ਜ਼ਰੂਰੀ ਹੋਵੇ ਤਾਂ ਮਾਸ ਖਾ ਲੈਣ ਵਿਚ ਕੋਈ ਭਰਮ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਹੀ ਕਿਸੇ ਹੋਰ ਮਜ਼ਬੂਰੀ ਵਿਚ ਅਗਰ ਮਾਸ ਖਾਧਾ ਜਾਵੇ ਤਾਂ ਵੀ ਗੁਰਮਤਿ ਦੇ ਕਿਸੇ ਅਸੂਲ ਦੀ ਉਲੰਘਣਾ ਨਹੀਂ ਸਮਝਣੀ ਚਾਹੀਦੀ। ਐਸੇ ਹਾਲਾਤ ਵਿਚ ਸਿੱਖ ਨੂੰ ਰਹਿਤ-ਮਰਯਾਦਾ ਅਨੁਸਾਰ ਹੀ ਮਾਸ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਕੁੱਠਾ ਖਾ ਕੇ ਕੁਰਹਿਤ ਹੋ ਜਾਂਦੀ ਹੈ ਤੇ ਕੁਰਹਿਤੀਆ ਪਤਿਤ ਗਿਣਿਆ ਜਾਂਦਾ ਹੈ। ਸੰਖੇਪ ਵਿਚ ਜਿਥੋਂ ਤਕ ਹੋ ਸਕੇ, ਮਾਸ ਨਹੀਂ ਖਾਣਾ ਚਾਹੀਦਾ ਪਰ ਅਗਰ ਖਾਧਾ ਜਾਵੇ ਤਾਂ ਕੁੱਠਾ ਨਹੀਂ ਖਾਣਾ। |
(18) Question:- |
ਸਿੱਖ ਧਰਮ ਵਿਚ ਸ਼ਰਾਬ ਪੀਣ ਜਾਂ ਕੋਈ ਵੀ ਨਸ਼ਾ ਕਰਨਾ ਵਿਵਰਜਿਤ ਹੈ, ਇਸ ਬਾਰੇ ਚਰਚਾ ਕਰੋ। |
Answer:- |
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਖਾਲਸਾ ਪੰਥ ਸਾਜਿਆ ਤਾਂ ਉਨ੍ਹਾਂ ਨੇ ਕੁਝ ਰਹਿਤਾਂ ਤੇ ਕੁਝ ਕੁਰਹਿਤਾਂ ਪੰਥ ਲਈ ਨਿਰਧਾਰਿਤ ਕੀਤੀਆਂ। ਗੁਰੂ ਜੀ ਨੇ ਜਿਨਾਂ ਚਾਰ ਕੁਰਹਿਤਾਂ ਦਾ ਜ਼ਿਕਰ ਕੀਤਾ, ਉਹਨਾਂ ਵਿਚੋਂ ਇਕ ਕੁਰਹਿਤ ਨਸ਼ਿਆਂ ਦੇ ਸੇਵਨ ਨਾਲ ਸਬੰਧਤ ਹੈ। ਇਹ ਕੁਰਹਿਤ ਹੈ ਤੰਬਾਕੂ ਦੇ ਇਸਤੇਮਾਲ ਦੀ ਮਨਾਹੀ। ਕੁਝ ਸਿੱਖਾਂ ਨੂੰ ਇਹ ਭੁਲੇਖਾ ਹੈ ਕਿ ਨਸ਼ਿਆ ਵਿਚ ਸਿਰਫ ਬੀੜੀ, ਸਿਗਰਟ ਪੀਣ ਦੀ ਤੇ ਤੰਬਾਕੂ ਦੇ ਇਸਤੇਮਾਲ ਦੀ ਮਨਾਹੀ ਹੈ। ਪਰ ਸੱਚ ਤਾਂ ਇਹ ਹੈ ਕਿ ਤੰਬਾਕੂ ਨਸ਼ਿਆਂ ਦਾ ਇਕ ਚਿੰਨ੍ਹ ਹੈ ਜਿਸ ਦੇ ਇਸਤੇਮਾਲ ਤੋਂ ਖਾਲਸਾ ਪੰਥ ਨੂ ਵਰਜਿਆ ਗਿਆ ਹੈ। ਸਿੱਖ ਧਰਮ ਦਾ ਨਸ਼ਿਆਂ ਪ੍ਰਤੀ ਵਿਰੋਧ ਗੁਰਬਾਣੀ ਵਿਚ ਆਈਆਂ ਕਈ ਤੁਕਾਂ ਤੇ ਸਤਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ। ਐਸੀਆਂ ਕੁਝ ਸਤਰਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਨਸ਼ੇ ਬਲ ਤੇ ਬੁੱਧੀ ਦੇ ਵਿਨਾਸ਼ਕ ਹਨ ਤੇ ਇਨ੍ਹਾਂ ਤੋਂ ਪਰਾਧੀਨਤਾ, ਆਲਸ, ਕਮਜ਼ੋਰੀ ਅਤੇ ਕਈ ਰੋਗ ਤਥਾ ਵਿਕਾਰ ਉਪਜਦੇ ਹਨ:-
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ।।
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ।। (ਅੰਗ 399)
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।। (ਅੰਗ 553)
ਗੁਰੂ ਰਾਮਦਾਸ ਜੀ ਜਦ ਕਹਿੰਦੇ ਹਨ. ਕਿ ਜੋ ਪ੍ਰਭੂ ਦਾ ਨਾਮ ਨਹੀਂ ਜਪਦੇ, ਉਨ੍ਹਾਂ ਦੇ ਮੰਹ ਵਿਚੋਂ ਝੱਗ ਨਿਕਲਦੀ ਹੈ ਤੇ ਉਹ ਕਮਲੇ ਲੱਗਦੇ ਹਨ, ਤਾਂ ਉਨ੍ਹਾਂ ਦਾ ਇਸ਼ਾਰਾ ਇਕ ਨਸ਼ੱਈ ਵੱਲ ਹੀ ਹੈ। ਚੌਥੇ ਪਾਤਸ਼ਾਹ ਨੇ ਪਾਨ ਸੁਪਾਰੀ ਖਾ ਕੇ ਮੂੰਹ ਲਾਲ ਕਰਨ ਵਾਲੇ ਲੋਕਾਂ ਬਾਰੇ ਵੀ ਜ਼ਿਕਰ ਕੀਤਾ ਹੈ ਤੇ ਐਸੇ ਲੋਕ ਨਾਮ ਭੁਲਾ ਕੇ ਮੌਤ ਦੇ ਫਰਿਸ਼ਤੇ ਦੇ ਵੱਸ ਹੋ ਜਾਂਦੇ ਹਨ। ਗੁਰੂ ਅਮਰਦਾਸ ਜੀ ਨੇ ਵਾਰ ਬਿਹਾਗੜਾ ਵਿਚ ਸ਼ਰਾਬ ਪੀਣ ਵਾਲੇ ਦੀ ਤਸਵੀਰ ਹੇਠ ਲਿਖੀਆਂ ਸਤਰਾਂ ਵਿਚ ਪੇਸ਼ ਕਰਦੇ ਹੋਏ ਝੂਠੇ ਨਸ਼ਿਆਂ ਤੋਂ ਬਚਣ ਲਈ ਕਿਹਾ ਹੈ:-
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।।
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।।
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।।
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ।। (ਅੰਗ 554)
ਜਨਮ ਸਾਖੀ ਤੋ ਪਤਾ ਚਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਜਦ ਬਾਬਰ ਤੇ ਫਿਰ ਸਿੱਧਾਂ ਤੇ ਯੋਗੀਆਂ ਨੇ ਝੂਠੇ ਨਸ਼ਿਆਂ ਨਾਲ ਖੁਮਾਰੀ ਵਿਚ ਰਹਿਣ ਬਾਰੇ ਦੱਸਿਆ ਤਾਂ ਗੁਰੂ ਜੀ ਨੇ ਝੂਠੇ ਨਸ਼ੇ ਤਿਆਗ ਕੇ ਨਾਮ ਦੀ ਖੁਮਾਰੀ ਵਿਚ ਰਹਿਣ ਦਾ ਉਪਦੇਸ਼ ਦਿੱਤਾ-ਐਸੀ ਖੁਮਾਰੀ ਜੋ ਕਦੀ ਉਤਰਦੀ ਨਹੀਂ। ਝੂਠੇ ਨਸ਼ਿਆਂ ਬਾਰੇ ਸੰਤ ਕਬੀਰ ਤੇ ਰਵਿਦਾਸ ਜੀ ਵੀ ਚਿਤਾਵਨੀ ਦਿੰਦੇ ਹਨ ਕਿ:-
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ।।
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ। (ਅੰਗ 1377)
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ।।
ਸੁਰਾ ਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ।। (ਅੰਗ 1293)
ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਰਚਨਾਵਾਂ ਵਿਚ ਪੋਸਤ, ਭੰਗ ਤੇ ਸ਼ਰਾਬ ਪੀਣ ਵਾਲੇ ਅਮਲੀਆਂ ਦਾ ਜੀਵਨ ਲਾਹਨਤਾਂ ਭਰਿਆ ਦੱਸਿਆ ਹੈ। ਰਹਿਤਨਾਮਿਆਂ ਵਿਚ ਵੀ ਸਿੰਘਾਂ ਨੂੰ ਪੰਜ ਐਬਾਂ ਵਿਚ ਸ਼ਰਾਬ ਦਾ ਐਬ ਦੱਸਦੇ ਹੋਏ ਕਿਹਾ ਗਿਆ ਕਿ ਇਹ ਤਿਆਗ ਕੇ ਹੀ ਕੋਈ ਸਿੰਘ ਬਣ ਸਕਦਾ ਹੈ:-
ਪਰ ਨਾਰੀ ਜੂਆ ਅਸਤ ਚੋਰੀ ਮਦਿਰਾ ਜਾਨ।
ਪਾਂਚ ਐਬ ਏ ਜਗਤ ਮੈ ਤਜੈ ਸੁ ਸਿੰਘ ਸੁਜਾਨ।
|
(19) Question:- |
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸੁੱਖ ਆਸਨ ਕਦੋਂ ਤੇ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ? |
Answer:- |
ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਸੁਖ ਆਸਨ ਬਾਰੇ ਮਰਿਆਦਾ ਇਕ ਹੀ ਹੈ ਭਾਵੇਂ ਗੁਰਦੁਆਰਾ ਹੋਵੇ ਜਾਂ ਘਰ ਵਿਚ ਪ੍ਰਕਾਸ਼ ਕੀਤਾ ਹੋਵੇ। ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੋਜ਼ ਨਿਤਨੇਮ ਨਾਲ ਹੋਣਾ ਚਾਹੀਦਾ ਹੈ। ਰਹਿਰਾਸ ਦੇ ਪਾਠ ਤੋਂ ਮਗਰੋਂ ਸੁਖ ਆਸਣ ਵੀ ਰੋਜ਼ ਕਰਨਾ ਚਾਹੀਦਾ ਹੈ। ਜਦ ਤਕ ਕੋਈ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਬਿ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕਦਾ ਹੈ ਜਾਂ ਪਾਠੀਆਂ ਦੀ ਜਾਂ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹਿੰਦੀ ਹੈ ਤਦ ਤਕ ਪ੍ਰਕਾਸ਼ ਰਖਿਆ ਜਾ ਸਕਦਾ ਹੈ। ਅਗਰ ਸੇਵਾਦਾਰ ਤੋਂ ਬਿਨਾਂ ਜਾਂ ਕਿਸੀ ਵੀ ਆਵਾਜਾਈ ਤੋਂ ਬਿਨਾਂ ਰਾਤ ਨੂੰ ਪ੍ਰਕਾਸ਼ ਰਖਿਆ ਜਾਵੇ ਜਾਂ ਬੇਅਦਬੀ ਦਾ ਖਦਸ਼ਾ ਬਣਿਆ ਰਹਿ ਸਕਦਾ ਹੈ। ਇਸ ਲਈ ਸੁਖ ਆਸਨ ਠੀਕ ਟਾਇਮ 'ਤੇ ਕਰ ਦੇਣਾ ਹੀ ਜਾਇਜ਼ ਹੈ। ਰਾਤ ਨੂੰ ਪ੍ਰਕਾਸ਼ ਤਦ ਹੀ ਰਖਿਆ ਜਾ ਸਕਦਾ ਹੈ ਜਿਵੇਂ ਕਿ ਅਖੰਡ ਪਾਠ ਦਾ ਹੋ ਰਿਹਾ ਹੋਣਾ ਜਾਂ ਕੋਈ ਰੈਣ ਸਬਾਈ ਕੀਰਤਨ ਜਾਂ ਹੋਰ ਕੋਈ ਪ੍ਰੋਗਰਾਮ ਹੋ ਰਿਹਾ ਹੋਣਾ ਆਦਿ।
ਗੁਰਦੁਆਰਾ ਸਾਹਿਬ ਵਿਚ ਸੁਖ ਆਸਨ ਲਈ ਅਲੱਗ ਸਥਾਨ ਹੋਣਾ ਚਾਹੀਦਾ ਹੈ ਪਰ ਘਰਾਂ ਵਿਚ ਜਗ੍ਹਾ ਦੀ ਥੁੜ੍ਹ ਕਰਕੇ ਜੇ ਵੱਖਰੀ ਜਗ੍ਹਾ ਨਾ ਹੋਵੇ ਤਾਂ ਪੀਹੜਾ ਸਾਹਿਬ 'ਤੇ ਹੀ ਸੁਖ ਆਸਨ ਕੀਤਾ ਜਾ ਸਕਦਾ ਹੈ।
ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਉਹ ਅਸਥਾਨ, ਸਾਫ ਸੁਥਰਾ ਹੋਵੇ ਤੇ ਉਪਰ ਚਾਨਣੀ ਹੋਵੇ ਤੇ ਮੰਜੀ ਸਾਹਿਬ ਤੇ ਪੂਰਾ ਸਾਫ ਸੁਥਰਾ ਵਿਛੋਣਾ ਕੀਤਾ ਹੋਵੇ। ਜ਼ਰੂਰੀ ਗਦੇਲੇ ਆਦਿ ਤੇ ਉਪਰ ਲਈ ਰੁਮਾਲ ਵੀ ਸਾਫ ਸੁਥਰੇ ਹੋਣੇ ਚਾਹੀਦੇ ਹਨ। ਪ੍ਰਕਾਸ਼ ਵੇਲੇ ਚੌਰ ਵੀ ਕਰਨਾ ਚਾਹੀਦਾ ਹੈ। ਪਾਠ ਕਰਨ ਵੇਲੇ ਉਪਰਲੇ ਰੁਮਾਲ ਨੂੰ ਹਟਾਉਣਾ ਪੈਂਦਾ ਹੈ। ਪਰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਰੁਮਾਲ ਥਲੇ ਨਾ ਡਿੱਗ ਪਵੇ। ਸੁਖ ਆਸਨ ਕਰਕੇ ਉਤੇ ਰੁਮਾਲਾ ਦੇਣਾ ਚਾਹੀਦਾ ਹੈ।
|
(20) Question:- |
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੁਕਮਨਾਮਾ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ? |
Answer:- |
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਮੇਂ ਜੇ ਸੁਭਾਵਕ ਪੰਨੇ ਸਾਹਮਣੇ ਹੋਣ ਉਨ੍ਹਾਂ ਵਿਚੋਂ ਖੱਬੇ ਪਾਸੇ ਦੇ ਪੰਨੇ (ਅਰਥਾਤ ਜਪੁ ਵੱਲ) ਜੋ ਸ਼ਬਦ ਮੁੱਢ ਹੋਵੇ ਅਥਵਾ ਜਿਸ ਸ਼ਬਦ ਦੇ ਆਦਿ ੴ ਹੋਵੇ ਉਸ ਦਾ ਪਾਠ ਮੂਲ ਮੰਤ੍ਰ ਪੜ੍ਹਣ ਪਿੱਛੋਂ ਕਰਨਾ ਚਾਹੀਦਾ ਹੈ। ਇਸ ਸ਼ਬਦ ਨੂੰ ਸਿੱਖ ਸੰਗਤ ਸਤਿਗੁਰੂ ਦਾ ਹੁਕਮ ਮੰਨ ਕੇ ਅੰਗੀਕਾਰ ਕਰਦੀ ਹੈ। ਜੇ ਸ਼ਬਦ ਪਿਛਲੇ ਪੰਨੇ ਤੋਂ ਸ਼ੁਰੂ ਹੋਇਆ ਹੈ, ਤਦ ਪੱਤਰਾ ਪਲਟ ਕੇ ਪਾਠ ਆਰੰਭਨਾ ਲੋੜੀਂਦੇ। ਕਈ ਗ੍ਰੰਥੀ ਦੁਪਹਿਰ ਵੇਲੇ ਪੰਨੇ ਦੇ ਮੱਧ ਦਾ ਸ਼ਬਦ ਅਤੇ ਸੰਝ ਸਮੇਂ ਪੰਨੇ ਦੇ ਅੰਤ ਦਾ ਸ਼ਬਦ ਪੜ੍ਹਦੇ ਹਨ, ਪਰ ਇਹ ਮਨ-ਕਲਪਿਤ ਰੀਤਿ ਹੈ। |