• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(21) Question:- ਸਹਿਜ ਪਾਠ, ਅਖੰਡ ਪਾਠ ਤੇ ਸੰਪਟ ਪਾਠ ਤੋਂ ਕੀ ਭਾਵ ਹੈ? ਗੁਰਮਤਿ ਅਨੁਸਾਰ ਇਨ੍ਹਾਂ ਦੀ ਜਾਣਕਾਰੀ ਦਿਉ। ਕੀ ਇਕ ਅਸਥਾਨ 'ਤੇ ਇਕੋ ਸਮੇਂ ਬਹੁਤ ਸਾਰੇ ਅਖੰਡ ਪਾਠ ਇਕੱਠੇ ਕਰਵਾ ਕੇ ਕੋਈ ਲਾਭ ਪ੍ਰਾਪਤ ਹੁੰਦਾ ਹੈ?
Answer:- ਸਹਿਜ ਪਾਠ ਤੇ ਅਖੰਡ ਪਾਠ
ਸਹਿਜਪਾਠ ਤੋਂ ਭਾਵ ਹੈ ਸਪਤਾਹ ਪਾਠ ਜਾਂ ਖੁੱਲ੍ਹਾ ਪਾਠ ਜੋ ਇਕ ਹਫਤੇ ਜਾਂ ਜ਼ਿਆਦਾ ਸਮੇਂ ਵਿਚ ਪੂਰਾ ਕੀਤਾ ਜਾਂਦਾ ਹੈ। ਕੁਝ ਸਿੱਖ ਆਪਣੇ ਘਰ ਪ੍ਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਦੀ ਬੀੜ 'ਤੇ ਖੁੱਲ੍ਹਾ ਪਾਠ ਰੱਖੀ ਰੱਖਦੇ ਹਨ ਤੇ ਆਪਣੀ ਸਹੂਲਤ ਅਨੁਸਾਰ ਉਸ ਦਾ ਭੋਗ ਪਾਉਂਦੇ ਹਨ। ਇਸ ਵਿਚ ਭਾਵੇਂ ਇਕ ਮਹੀਨਾ, ਦੋ ਮਹੀਨੇ ਜਾਂ ਹੋਰ ਜ਼ਿਆਦਾ ਸਮਾਂ ਵੀ ਲੱਗ ਜਾਵੇ। ਅਖੰਡ ਪਾਠ ਅੜਤਾਲੀ ਘੰਟੇ ਤੋ ਕੁਝ ਸਮਾਂ ਵੱਧ ਵੀ ਲੱਗ ਜਾਵੇ ਤਾਂ ਵੀ ਕੋਈ ਹਰਜ਼ ਨਹੀਂ ਹੈ। ਕਾਹਲੀ ਨਾਲ ਕੀਤਾ ਪਾਠ ਨਾ ਕਰਨ ਵਾਲੇ ਨੂੰ ਅਨੰਦ ਦਿੰਦਾ ਹੈ ਤੇ ਨਾ ਹੀ ਸੁਣਨ ਵਾਲੇ ਨੂੰ। ਅਖੰਡ ਪਾਠ ਇਕ ਅਸਥਾਨ 'ਤੇ ਇਕ ਵੇਲੇ ਇਕੋ ਹੀ ਹੋਣਾ ਚਾਹੀਦਾ ਹੈ ਤਾਂ ਕਿ ਪਾਠੀ ਸਿੰਘ ਦਾ ਧਿਆਨ ਨਾ ਭਟਕੇ। ਵੈਸੇ ਵੀ ਇਕੋ ਸਮੇਂ ਇਕ ਤੋਂ ਵੱਧ ਸਰੂਪ ਪ੍ਰਕਾਸ਼ ਕਰਨਾ ਉਚਿਤ ਨਹੀਂ। ਪਾਠ ਵੇਲੇ ਕੁੰਭ, ਜੋਤੀ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿਚ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਮਨਮੱਤ ਹੈ।
ਸੰਪਟ ਪਾਠ
ਜਿਥੋਂ ਤਕ ਸੰਪਟ ਪਾਠ ਦਾ ਸਬੰਧ ਹੈ ਗੁਰਮਤਿ ਦੇ ਇਤਿਹਾਸ ਜਾਂ ਸਿੱਖ ਰਹਿਤ-ਮਰਿਯਾਦਾ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਆਉਂਦਾ। ਇਹ ਕਦੋਂ ਤੇ ਕਿਸ ਤਰ੍ਹਾਂ ਸ਼ੁਰੂ ਹੋਇਆ ਇਸ ਬਾਰੇ ਵੀ ਕੋਈ ਸਪੱਸ਼ਟ ਧਾਰਨਾ ਨਹੀਂ ਹੈ। ਅੱਜਕਲ੍ਹ ਕੁਝ ਲੋਕ ਇਹ ਪਾਠ ਜ਼ਰੂਰ ਕਰਾਉਂਦੇ ਹਨ ਜਿਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਦਾ ਹਰ ਸ਼ਬਦ ਜਾਂ ਸਲੋਕ ਰੁਕ ਰੁਕ ਕੇ ਹੁਕਮਨਾਮੇ ਵਾਂਗੂੰ ਪੜ੍ਹਿਆ ਜਾਂਦਾ ਹੈ। ਪਾਠ ਕਰਨ ਦੀ ਜੋ ਵਿਧੀ ਗੁਰੂਆਂ ਦੇ ਸਮੇਂ ਤੋਂ ਚਲਦੀ ਆ ਰਹੀ ਹੈ ਉਸ ਵਿਚ ਵੀ ਸੰਪਟ ਪਾਠ ਕਰਨ ਦੀ ਵਿਧੀ ਦਾ ਕੋਈ ਜ਼ਿਕਰ ਨਹੀਂ।
(22) Question:- ਕੀ ਸਿੱਖ ਨੂੰ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਹੋਰ ਕਿਸੇ ਬਾਣੀ ਦਾ ਵੀ ਪਾਠ ਕਰਨਾ ਚਾਹੀਦਾ ਹੈ?
Answer:- ਬਾਣੀ ਤਾਂ ਅਨਮੋਲ ਖਜ਼ਾਨਾ ਹੈ, ਉਸ ਦਾ ਜਿੰਨ੍ਹਾਂ ਵੀ ਪਾਠ ਕੀਤਾ ਜਾਵੇ ਉਨਾਂ ਹੀ ਵਕਤ ਸਫਲਾ ਹੈ ਪਰ ਅੱਜਕਲ੍ਹ ਦੇ ਰੁਝੇਵਿਆਂ ਭਰੇ ਜੀਵਨ ਵਿਚ ਜਦ ਵਕਤ ਦੀ ਬਹੁਤ ਤੰਗੀ ਹੈ ਤਾਂ ਬਹੁਤ ਸਾਰੇ ਲੋਕ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਹੋਰ ਬਾਣੀਆਂ ਦਾ ਪਾਠ ਨਹੀਂ ਕਰ ਪਾਉਂਦੇ। ਪਰ ਜੋ ਵਕਤ ਕੱਢ ਸਕਦੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਹੋਰ ਵੀ ਕਈ ਬਾਣੀਆਂ ਦਾ ਪਾਠ ਕਰਦੇ ਹਨ ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਜ਼ਾਰੇ, ਸੁਖਮਨੀ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਹਜ਼ਾਰੇ, ਭੱਟਾਂ ਦੇ ਸਵਯੇ ਆਦਿ। ਸੋ ਜਿੰਨੀ ਬਾਣੀ ਪੜ੍ਹੀ ਜਾ ਸਕੇ ਜ਼ਰੂਰ ਪੜ੍ਹਨੀ ਚਾਹੀਦੀ ਹੈ ਪਰ ਜੇ ਵਕਤ ਦੀ ਤੰਗੀ ਵੀ ਹੋਵੇ ਤਦ ਵੀ ਨਿਤਨੇਮ ਨਹੀਂ ਛੱਡਣਾ ਚਾਹੀਦਾ।
(23) Question:- ਸਿੱਖ ਧਰਮ ਨਾਲ ਸਬੰਧਿਤ ਕੁਝ ਮਹਾਨ ਇਸਤਰੀਆਂ ਬਾਰੇ ਜਾਣਕਾਰੀ ਦਿਓ।
Answer:- ਸਿੱਖ ਧਰਮ ਵਿਚ ਇਸਤਰੀ ਜਾਤੀ ਨੂੰ ਜੋ ਸਨਮਾਨ ਦਿੱਤਾ ਗਿਆ ਹੈ, ਉਹ ਹੋਰ ਕਿਸੇ ਧਰਮ ਵਿਚ ਸ਼ਾਇਦ ਹੀ ਦੇਖਣ ਨੂੰ ਮਿਲੇ। ਗੁਰੂ ਨਾਨਕ ਦੇਵ ਜੀ ਦਾ ਫੁਰਮਾਣ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹਿ ਰਾਜਾਨ।।' ਇਕ ਅੰਦੋਲਨਕਾਰੀ ਫੁਰਮਾਣ ਸੀ। ਉਸ ਸਮੇਂ ਜਦ ਹਿੰਦੂ ਧਰਮ ਵਿਚ ਇਸਤਰੀ ਨੂੰ ਢੋਲ, ਸ਼ੂਦਰ, ਗਵਾਰ ਵਾਂਗ ਸਮਝ ਕੇ ਤਾੜਨ ਦੀ ਅਧਿਕਾਰੀ ਕਰਾਰ ਦਿੱਤਾ ਜਾਂਦਾ ਸੀ ਤੇ ਇਸਲਾਮ ਵਿਚ ਉਸਨੂੰ ਪਰਦੇ ਵਿਚ ਰਖ ਕੇ ਧਾਰਮਿਕ ਰਸਮਾਂ ਤੋਂ ਵੀ ਬਾਹਰ ਰਖਿਆ ਜਾਂਦਾ ਸੀ, ਗੁਰੂ ਸਾਹਿਬ ਨੇ ਉਸਨੂੰ ਸਨਮਾਨ ਬਖਸ਼ਿਆ।
ਬੇਬੇ ਨਾਨਕੀ
ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਐਸੇ ਪਹਿਲੇ ਇਨਸਾਨ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਰੂਹਾਨੀ ਸ਼ਕਤੀ ਨੂੰ ਪਹਿਚਾਨਿਆ ਤੇ ਗੁਰੂ ਸਾਹਿਬ ਲਈ ਹਮੇਸ਼ਾਂ ਹੀ ਪ੍ਰੇਮ ਤੇ ਪ੍ਰੇਰਨਾ ਦਾ ਸਰੋਤ ਬਣੇ ਰਹੇ। ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਇਕ ਵੱਡੇ ਸੰਕਲਪ ਲੰਗਰ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਆਪਣੇ ਮਹਲ ਬੀਬੀ ਖੀਵੀ ਜੀ ਨੂੰ ਦੇ ਕੇ ਔਰਤ ਦੇ ਸਨਮਾਨ ਵਿਚ ਵਾਧਾ ਕੀਤਾ। ਗੁਰੂ ਅਮਰਦਾਸ ਜੀ ਨੇ ਸਤੀ ਤੇ ਪਰਦੇ ਦੀਆਂ ਰਸਮਾਂ ਦਾ ਖੰਡਨ ਕੀਤਾ ਤੇ ਵਿਧਵਾ ਵਿਆਹ ਦੀ ਹਿਮਾਇਤ ਕੀਤੀ। ਜੇ ਆਦਮੀ ਕਈ ਵਿਆਹ ਕਰ ਸਕਦਾ ਹੈ ਤਾਂ ਵਿਧਵਾ ਕਿਉਂ ਨਹੀਂ ਵਿਆਹ ਕਰ ਕੇ ਆਪਣੇ ਜੀਵਨ ਵਿਚ ਖੁਸ਼ੀ ਭਰ ਸਕਦੀ।
ਗੁਰੂ ਰਾਮਦਾਸ ਜੀ ਦੇ ਮਹਲ ਬੀਬੀ ਭਾਨੀ ਜੀ ਸਿੱਖ ਧਰਮ ਦੇ ਉਹ ਸ਼ਖਸੀਅਤ ਹਨ ਜਿਸ ਦੇ ਪਿਤਾ, ਪਤੀ, ਪੁੱਤਰ ਤੇ ਅੱਗੇ ਸੰਤਾਨ ਸਾਰੇ ਗੁਰੂ ਸਨ। ਮਾਤਾ ਜੀ ਬਡੇ ਸ਼ਾਂਤ ਸੁਭਾਅ ਤੇ ਹੌਂਸਲੇ ਵਾਲੇ ਸਨ। ਭਾਵੇਂ ਆਪਣੇ ਪੁੱਤਰ ਪ੍ਰਿਥੀ ਚੰਦ ਦੇ ਕਲੇਸ਼ ਤੋਂ ਦੁਖੀ ਸਨ, ਪਰ ਫਿਰ ਵੀ ਗੁਰੂ ਘਰ ਦੀ ਗੱਦੀ ਦੇਣ ਦੀ ਮਰਯਾਦਾ ਦਾ ਪਾਲਨ ਕਰਕੇ ਆਪ ਨੇ ਆਪਣੀਆਂ ਸਾਰੀਆ ਜਿੰਮੇਵਾਰੀਆਂ ਨਿਭਾਈਆਂਂ। ਆਪ ਜੀ ਨੇ ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ ਨਿਭਾਈ। ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਮਹਲ ਇਕ ਸੂਰਮੇ ਦੀ ਮਾਤਾ ਹੀ ਨਹੀਂ ਸਨ ਬਲਕਿ ਭਾਣਾ ਮੰਨਣ ਵਾਲੀ, ਸੰਸਕਾਰਾਂ ਤੇ ਮਰਯਾਦਾ ਨਿਭਾਉਣ ਵਾਲੀ ਹੌਂਸਲੇ ਵਾਲੀ ਤੇ ਸੇਵਾ ਕਰਨ ਵਾਲੀ ਇਸਤਰੀ ਸੀ। ਆਪ ਨੇ ਪਤੀ ਗੁਰੂ ਦੀ ਸ਼ਹੀਦੀ ਨੂੰ ਬੜੇ ਹੌਂਸਲੇ ਨਾਲ ਭਾਣਾ ਮੰਨਦੇ ਹੋਏ ਸਵੀਕਾਰ ਕੀਤਾ ਤੇ 11 ਸਾਲ ਦੇ ਬਾਲ ਨੂੰ ਵੱਡੇ ਕੰਮ ਕਰਨ ਲਈ ਪ੍ਰੇਰਣਾ ਦਿੱਤੀ। ਆਪ ਨੇ ਧਰਮ ਪ੍ਰਚਾਰ ਦੇ ਕੰਮ ਵਿਚ ਵੀ ਹਿੱਸਾ ਲਿਆ ਤੇ ਭਗਤੀ ਤੇ ਸ਼ਕਤੀ ਦੇ ਮੇਲ ਦੀ ਨਵੀਂ ਨੀਤੀ ਨੂੰ ਪ੍ਰੋਤਸਾਹਿਤ ਕੀਤਾ।
ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ
ਸਾਰੇ ਗੁਰੂ ਸਾਹਿਬਾਨ ਦੇ ਮਹਲਾਂ ਦਾ ਧਰਮ ਪ੍ਰਚਾਰ ਵਿਚ ਵਡਮੁੱਲਾ ਯੌਗਦਾਨ ਸੀ। ਛੇਵੇਂ ਗੁਰੂ ਦੇ ਮਹਲ ਮਾਤਾ ਨਾਨਕੀ ਜੀ ਜੋ ਨੌਂਵੇ ਗੁਰੂ ਦੇ ਮਾਤਾ ਸਨ ਨੇ ਧਰਮ ਦੇ ਰਸਤੇ ਤੇ ਚਲਦੇ ਹੋਏ ਜਿਥੇ ਗੁਰੂ ਹਰਿ ਰਾਇ ਸਾਹਿਬ ਨੂੰ ਗੱਦੀ ਦੇਣ ਦੇ ਫੈਸਲੇ ਨੂੰ ਸਿਰ ਮੱਥੇ ਮੰਨਿਆ ਉਥੇ ਹੀ ਆਪਣੇ ਪੁੱਤਰ ਦੀ ਸ਼ਹੀਦੀ ਵੀ ਵੱਡੇ ਜਿਗਰੇ ਨਾਲ ਸਹਿਨ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਜਦ ਅਨੰਦਪੁਰ ਸਾਹਿਬ ਦੀ ਜ਼ਮੀਨ ਹਾਸਲ ਕੀਤੀ ਤਾਂ ਪਹਿਲਾਂ ਉਸ ਦਾ ਨਾਂ ਆਪਣੀ ਮਾਤਾ ਦੇ ਨਾਂ 'ਨਾਨਕੀ ਚੱਕ' ਰਖਿਆ। ਮਾਤਾ ਜੀ ਧਰਮ ਪ੍ਰਚਾਰ ਦੀ ਯਾਤਰਾ ਤੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਜੀ ਨਾਲ ਪਟਨਾ ਸਾਹਿਬ ਤਕ ਗਏ ਤੇ ਗੁਰੂ ਜੀ ਜਦ ਆਸਾਮ ਚਲੇ ਗਏ ਤਾਂ ਆਪ ਆਪਣੀ ਨੂੰਹ ਮਾਤਾ ਗੁਜਰੀ ਕੋਲ ਪਟਨਾ ਰਹੇ ਜਿਥੇ ਬਾਲਕ ਗੋਬਿੰਦ ਨੇ ਜਨਮ ਲਿਆ। ਆਪਣੇ ਪਤੀ ਦਾ ਸੀਸ ਪ੍ਰਾਪਤ ਕਰਨ ਵੇਲੇ ਆਪ ਬਾਲਕ ਗੋਬਿੰਦ ਨਾਲ ਦ੍ਰਿੜ ਹੋ ਕੇ ਖੜੇ ਰਹੇ, ਡੋਲੇ ਨਹੀਂ। ਨੌਂਵੇਂ ਪਿਤਾ ਦੇ ਮਹਿਲ ਦ੍ਰਿੜ ਇਰਾਦੇ ਦੇ ਸਨ। ਆਪ ਨੇ ਨਾ ਸਿਰਫ ਆਪਦੇ ਪਤੀ ਦੀ ਸ਼ਹੀਦੀ ਨੂੰ ਹਿੰਮਤ ਤੇ ਹੌਂਸਲੇ ਨਾਲ ਬਰਦਾਸ਼ਤ ਕੀਤਾ ਬਲਕਿ ਆਪਣੇ ਪੁੱਤਰ ਦਾ ਵੀ ਅੱਗੇ ਵਧਣ ਵਿਚ ਸਾਥ ਦਿੱਤਾ।
ਜੋ ਮਾਤਾ ਗੁਜਰੀ ਤੇ ਗੁਜਰਿਆ ਉਹ ਸਿੱਖ ਇਤਿਹਾਸ ਦਾ ਬੇ-ਮਿਸਾਲ ਅਧਿਆਇ ਹੈ। ਆਪਣੇ ਪੁੱਤਰ ਨੂੰ ਸਰਬੱਤ ਵਾਰਦੇ ਹੋਏ ਦੇਖਣ ਵਾਲੀ ਮਾਤਾ ਨੇ ਆਪਣੇ ਪੋਤਰਿਆਂ ਨੂੰ (ਛੋਟੇ ਸਾਹਿਬਜ਼ਾਦੇ) ਵੀ ਜ਼ੁਲਮ ਅੱਗੇ ਨਾ ਝੁਕਣ ਦਾ ਸੰਦੇਸ਼ ਦਿੱਤਾ ਤੇ ਇਸ ਤਰ੍ਹਾਂ ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰ ਏਨੀ ਛੋਟੀ ਉਮਰ ਵਿਚ ਧਰਮ ਲਈ ਸਾਹਿਜ਼ਾਦਿਆਂ ਨੇ ਸ਼ਹੀਦੀ ਪਾਈ।
ਮਾਤਾ ਸੁੰਦਰੀ ਜੀ
ਦਸਮ ਪਿਤਾ ਦੇ ਤਿੰਨਾਂ ਮਹਿਲਾਂ ਨੇ ਸਿੱਖ ਇਤਿਹਾਸ ਵਿਚ ਅਰਮ ਭੂਮਿਕਾ ਨਿਭਾਈ। ਜਿਥੇ ਮਾਤਾ ਜੀਤੋ ਜੀ ਨੇ ਅੰਮ੍ਰਿਤ ਸੰਚਾਰ ਵੇਲੇ ਜਲ ਵਿਚ ਪਤਾਸੇ ਘੋਲ ਕੇ ਅੰਮ੍ਰਿਤ ਦੀ ਸ਼ਕਤੀ ਵਿਚ ਮਿਠਾਸ ਭਰੀ, ਉਥੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੇ ਪੰਥ ਨੂੰ ਸੰਗਠਿਤ ਕਰਨ ਵਿਚ ਵੱਡਮੁਲਾ ਯੋਗਦਾਨ ਪਾਇਆ ਖਾਸ ਕਰਕੇ ਮਾਤਾ ਸੁੰਦਰੀ ਜੀ ਜੋ ਗੁਰੂ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਕਰੀਬਨ 40 ਸਾਲ ਜੀਉਂਦੇ ਰਹੇ, ਲੰਬੇ ਸਮੇਂ ਤਕ ਪੰਥ ਦੀ ਅਗਵਾਈ ਕਰਦੇ ਰਹੇ। ਆਪ ਅੰਦਰ ਸਿੱਖੀ ਦਾ ਜਜ਼ਬਾ ਬਹੁਤ ਪ੍ਰਬੱਲ ਸੀ, ਇਸ ਕਰਕੇ ਆਪਣੇ ਪਾਲਿਤ ਪੁੱਤਰ ਅਜੀਤ ਸਿੰਘ (ਮਾਤਾ ਜੀ ਨੇ ਇਸ ਨੂੰ ਗੋਦ ਲਿਆ ਸੀ) ਜਿਨ੍ਹਾਂ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਸੀ ਜਦ ਸਿੱਖ ਮਰਯਾਦਾ ਤੋਂ ਬੇਮੁਖ ਹੋਇਆ ਤਾਂ ਉਸਦਾ ਤਿਆਗ ਕਰ ਦਿੱਤਾ। ਦੂਸਰੇ ਪਾਸੇ ਮਾਤਾ ਜੀ ਨੇ ਕਈਆਂ ਨੂੰ ਸਿੱਖੀ ਵਿਚ ਪ੍ਰਪੱਕ ਰਹਿਣ ਲਈ ਪ੍ਰੇਰਣਾ ਦਿੱਤੀ ਜਿਨਾਂ ਵਿਚ ਜੱਸਾ ਸਿੰਘ ਆਹਲੂਵਾਲੀਆ ਵੀ ਸ਼ਾਮਲ ਸਨ।
ਮਾਈ ਭਾਗੋ
ਮਾਈ ਭਾਗੋ ਸਿੱਖ ਇਤਿਹਾਸ ਦੀ ਉਹ ਇਸਤਰੀ ਹੈ ਜਿਸ ਨੇ ਨਾ ਸਿਰਫ ਬੇਦਾਵਾ ਲਿਖਣ ਵਾਲੇ ਸਿੰਘਾਂ ਨੂੰ ਪ੍ਰੇਰ ਕੇ ਵਾਪਿਸ ਭੇਜਿਆ ਤੇ ਚਾਲੀ ਮੁਕਤੇ ਬਣਵਾ ਦਿਤਾ, ਬਲਕਿ ਆਪ ਵੀ ਮੁਕਤਸਰ ਦੀ ਜੰਗ ਵਿਚ ਬਹਾਦਰੀ ਨਾਲ ਲੜੇ। ਭਾਰਤ ਦੇ ਇਤਿਹਾਸ ਵਿਚ ਉਹ ਸ਼ਾਇਦ ਪਹਿਲੀ ਆਮ ਔਰਤ (ਸ਼ਾਹੀ ਸਬੰਧ ਵਾਲੀ ਨਹੀਂ) ਸੀ ਜਿਸ ਨੇ ਸ਼ਸਤਰ ਚੁੱਕੇ ਤੇ ਜੰਗ ਵਿਚ ਬਹਾਦਰੀ ਦੇ ਜੌਹਰ ਦਿਖਾਏ। ਮੁਕਤਸਰ ਦੀ ਜੰਗ ਤੋਂ ਬਾਅਦ ਮਾਈ ਜੀ ਗੁਰੂ ਜੀ ਦੇ ਨਾਲ ਨੰਦੇੜ ਗਏ ਤੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤਕ ਉਥੇ ਹੀ ਰਹੇ। ਬਾਅਦ ਵਿਚ ਆਪ ਬਿਦਰ ਚਲੇ ਗਏ ਤੇ ਉਥੇ ਇਕ ਪਿੰਡ ਜਨਵਾੜਾ ਵਿਖੇ ਆਪਣਾ ਡੇਰਾ ਬਣਾ ਲਿਆ। ਹੁਣ ਪਿੰਡ ਜਨਵਾੜੇ ਜੋ ਬਿਦਰ ਤੋਂ ਕੋਈ 10 ਕਿਲੋਮੀਟਰ ਦੀ ਦੂਰੀ 'ਤੇ ਹੈ ਉਨ੍ਹਾਂ ਦੀ ਯਾਦ ਵਿਚ ਇਕ ਖੂਬਸੂਰਤ ਗੁਰਦੁਆਰਾ ਸਥਿਤ ਹੈ।
ਪਹਿਲੀ ਸਿੱਖ ਸ਼ਹੀਦ ਔਰਤ
ਬੀਬੀ ਸ਼ਰਨ ਕੌਰ ਦਾ ਨਾਂ ਚਮਕੌਰ ਦੀ ਗੜ੍ਹੀ ਦੀ ਜੰਗ ਨਾਲ ਜਿੜਆ ਹੈ। ਜੰਗ ਹੋਣ ਤੋਂ ਬਾਅਦ ਉਸਨੇ ਨਾ ਸਿਰਫ ਆਪਣੇ ਪਤੀ ਬਲਕਿ ਹੋਰ ਕਈ ਸਿੰਘਾਂ ਤੇ ਸਾਹਿਬਜ਼ਾਦਿਆਂ ਦੀ ਮ੍ਰਿਤਕ ਦੇਹਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦਾ ਸਸਕਾਰ ਕੀਤਾ। ਜਦ ਦੁਸ਼ਮਣਾਂ ਨੇ ਉਸਨੂੰ ਇਹ ਕਰਦੇ ਦੇਖਿਆ ਤਾਂ ਚਿਤਾਵਾਂ ਦੀ ਜਲਦੀ ਹੋਈ ਅੱਗ ਵਿਚ ਉਹਨਾਂ ਨੂੰ ਸੁੱਟ ਦਿੱਤਾ, ਇਸ ਤਰ੍ਹਾਂ ਉਹ ਵੀ ਸ਼ਹੀਦ ਹੋ ਗਏ। ਇਸ ਤਰ੍ਹਾਂ ਸਿੱਖ ਇਤਿਹਾਸ ਵਿਚ ਸ਼ਹੀਦ ਹੋਣ ਵਾਲੀ ਉਹ ਪਹਿਲੀ ਔਰਤ ਸੀ ਤੇ ਫੇਰ ਬਾਅਦ ਵਿਚ ਹਰ ਸਦੀ ਵਿਚ ਸਿੱਖ ਔਰਤ ਨੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਹੀਦੀਆਂ ਪਾਈਆਂ। ਅਰਦਾਸ ਵਿਚ ਰੋਜ਼ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।
ਜੇ ਮਿਸਲਾਂ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਪਟਿਆਲਾ ਰਿਆਸਤ ਨੂੰ ਬਚਾਉਣ ਵਾਲੀ ਬੀਬੀ ਸਾਹਿਬ ਕੌਰ ਦਾ ਨਾਂ ਉਭਰ ਕੇ ਆਉਂਦਾ ਹੈ ਜਦ ਉਸਦਾ ਭਰਾ ਸਾਹਿਬ ਸਿੰਘ ਨਾਭਾ ਸੀ ਤਾਂ ਮਰਹੱਟਿਆਂ ਨੇ ਹਮਲਾ ਕਰ ਦਿੱਤਾ। ਸਾਹਿਬ ਕੌਰ ਨੇ ਬਹਾਦਰੀ ਨਾਲ ਲੜ ਕੇ ਪਟਿਆਲਾ ਰਿਆਸਤ ਨੂੰ ਬਚਾ ਲਿਆ ਤੇ ਕੁਸ਼ਲ ਪ੍ਰਸ਼ਾਸਨ ਦਿੱਤਾ। ਅਠਾਰ੍ਹਵੀ ਸਦੀ ਦੀਆਂ ਬਹਾਦਰ ਸਿੱਖ ਔਰਤਾਂ ਬਾਰੇ ਭਾਵੇਂ ਇਤਿਹਾਸ ਵਿਚੋਂ ਬਹੁਤ ਜਾਣਕਾਰੀ ਨਹੀਂ ਮਿਲਦੀ ਪਰ ਭਾਈ ਵੀਰ ਸਿੰਘ ਤੇ ਹੋਰ ਸਾਹਿਤਕਾਰਾਂ ਦੀਆਂ ਰਚਨਾਵਾਂ ਤੋਂ ਉਨ੍ਹਾਂ ਦੇ ਉਚੇ ਤੇ ਸੁੱਚੇ ਕਿਰਦਾਰ ਤੇ ਹਿੰਮਤ ਤੇ ਹੌਂਸਲੇ ਦਾ ਪਤਾ ਲਗਦਾ ਹੈ। ਆਧੁਨਿਕ ਸਮੇਂ ਦੇ ਮੋਰਚਿਆਂ ਵਿਚ ਵੀ ਸਿੱਖ ਔਰਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਤੇ ਕੁਰਬਾਨੀਆਂ ਵੀ ਦਿੱਤੀਆਂ। ਜਿੱਥੋਂ ਤਕ ਅਲੱਗ-ਅਲੱਗ ਖੇਤਰਾਂ ਵਿਚ ਉਨ੍ਹਾਂ ਨੇ ਆਪਣੀ ਯੋਗਤਾ ਤੇ ਕਾਬਲੀਅਤ ਦਿਖਾਈ ਹੈ, ਇਸਦਾ ਜ਼ਿਕਰ ਉਪਯੁਕਤ ਅਸਥਾਨਾਂ ਤੇ ਕੀਤਾ ਗਿਆ ਹੈ। ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਗੁਰੂਆਂ ਨੇ ਔਰਤ ਨੂੰ ਬਹੁਤ ਸਨਮਾਨ ਦਿੱਤਾ ਜਿਸ ਕਰਕੇ ਉਹ ਹਮੇਸ਼ਾ ਲਾਭਦਾਇਕ ਤੇ ਚੰਗਾ ਜੀਵਨ ਬਿਤਾਉਂਦੀਆਂ ਰਹੀਆਂ ਹਨ। ਉਹ ਪੁਰਸ਼ ਦੀ ਅਧਿਆਤਮਿਕ ਤਰੱਕੀ ਵਿਚ ਕਦੀ ਰੋੜਾ ਨਹੀਂ ਸਾਬਤ ਹੋਈਆਂ ਬਲਕਿ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਉਸ ਦੇ ਸਰੀਰ ਦਾ ਅੱਧਾ ਹਿੱਸਾ ਬਣ ਕੇ ਉਸਨੂੰ ਹਰ ਪੱਖੋਂ ਪ੍ਰੇਰਿਤ ਕਰਦੀਆਂ ਰਹੀਆਂ ਹਨ।
(24) Question:- ਹੇਠ ਲਿਖੇ ਸ਼ਬਦਾਂ ਦਾ ਸੰਖੇਪ ਵਿਚ ਵਿਵੇਚਨ ਕਰੋ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਅਤੇ ਸਤਿ ਸ੍ਰੀ ਅਕਾਲ।
Answer:- ਵਾਹਿਗੁਰੂ ਦੇ ਅਰਥ
ਵਾਹਿਗੁਰੂ ਸ਼ਬਦ ਦਾ ਇਸਤੇਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਹਿਲੀ ਵਾਰ ਭੱਟ ਗਯੰਦ ਜੀ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਕਰਦਿਆਂ ਕੀਤਾ ਸੀ:
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।।1।। (ਅੰਗ 1402)
ਸੇਵਕ ਕੈ ਭਰਪਰ ਜੁਗ ਜੁਗ ਵਾਹਗੁਰੂ ਤੇਰਾ ਸਭੁ ਸਦਕਾ।। (ਅੰਗ 1403)
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ।।3।। (ਅੰਗ 1404)
ਵਾਹਿਗੁਰੂ ਗੁਰਮੰਤਰ
ਇਨ੍ਹਾਂ ਸਵੱਈਆਂ ਵਿਚ ਜਿੱਥੇ ਭੱਟ ਜੀ ਚੌਥੇ ਪਾਤਸ਼ਾਹ ਨੂੰ ਵਾਹਿਗੁਰੂ ਸਰੂਪ ਮੰਨਦੇ ਹਨ ਉਥੇ ਹੀ ਇਸ ਸ਼ਬਦ ਨੂੰ ਪ੍ਰਮਾਤਮਾ ਲਈ ਵੀ ਵਰਤਦੇ ਹਨ, ਖਾਸ ਕਰਕੇ ਜਦ ਸਾਰੀ ਰਚਨਾ ਉਸ ਦੀ ਦੱਸਦੇ ਹਨ ਤਾਂ ਭਾਵ ਸਪੱਸ਼ਟ ਹੋ ਜਾਂਦਾ ਹੈ। ਵੈਸੇ ਇਹ ਸ਼ਬਦ ਵਾਹ (ਫ਼ਾਰਸੀ) ਅਤੇ ਗੁਰੂ (ਸੰਸਕ੍ਰਿਤ) ਮਿਲ ਕੇ ਬਣਿਆ ਹੈ। ਵਾਹ ਦਾ ਅਰਥ ਹੈ ਬੇਅੰਤ ਤੇ ਗੁਰੂ ਦੇ ਦੋ ਅੱਖਰਾਂ ਦਾ ਅਰਥ ਹੈ ਗੁ-ਅੰਧੇਰਾ, ਰੂ- ਦੂਰ ਕਰਨ ਵਾਲਾ ਭਾਵ ਅੰਧੇਰਾ ਦੂਰ ਕਰਨ ਵਾਲਾ। ਸੋ ਵਾਹਿਗੁਰੂ ਦਾ ਪੂਰਾ ਅਰਥ ਹੈ ਬੇਅੰਤ ਜੋ ਅੰਧੇਰਾ ਦੂਰ ਕਰਦਾ ਹੈ। ਭੱਟ ਜੀ ਨੇ ਆਪਣੇ ਸਵੱਈਆਂ ਵਿਚ ਗੁਰੂ ਤੇ ਪ੍ਰਮਾਤਮਾ ਦੀ ਸਮਾਨਤਾ ਨੂੰ ਦਰਸਾਉਂਦੇ ਹੋਏ ਇਹ ਸ਼ਬਦ ਇਸਤੇਮਾਲ ਕੀਤਾ ਹੈ। ਕਿਉਂਕਿ ਉਨ੍ਹਾਂ ਦਿਨਾਂ ਵਿਚ ਲੋਕ ਅਵਤਾਰਾਂ ਨੂੰ ਮੰਨਦੇ ਸਨ (ਸਿੱਖ ਧਰਮ ਅਵਤਾਰਵਾਦ ਵਿਚ ਵਿਸ਼ਵਾਸ ਨਹੀਂ ਰੱਖਦਾ) ਸੋ ਭਾਈ ਗੁਰਦਾਸ ਜੀ ਨੇ ਅਵਤਾਰਵਾਦ ਦੀ ਮਿੱਥ ਦੇ ਆਧਾਰ 'ਤੇ ਇਸ ਸ਼ਬਦ ਦੀ ਬਣਤਰ ਨੂੰ ਆਪਣੀ ਪਹਿਲੀ ਵਾਰ ਦੀ 49ਵੀਂ ਪਉੜੀ ਵਿਚ ਵਾਸਦੇਵ, ਹਰਿਕ੍ਰਿਸ਼ਨ, ਗੁਰੂ ਰਾਮ ਤੇ ਗੁਰੂ ਨਾਨਕ ਦੇ ਨਾਵਾਂ ਨਾਲ ਜੋੜ ਕੇ ਵਾਹਿਗੁਰੂ ਸ਼ਬਦ ਨੂੰ ਜਾਪ ਮੰਤ੍ਰ ਕਰਾਰ ਦਿੱਤਾ। ਬਾਅਦ ਵਿਚ ਕਈ ਵਾਰਾਂ ਵਿਚ ਇਸ ਨੂੰ ਗੁਰਮੰਤ੍ਰ, ਸੱਚ ਮੰਤ੍ਰ ਤੇ ਗੁਰਸ਼ਬਦ ਵੀ ਕਿਹਾ ਗਿਆ ਹੈ।
ਦਸਮ ਪਿਤਾ ਨੇ ਜਦ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤਾਂ ਖਾਲਸੇ ਨੂੰ ਇਹ ਵਾਕ ਉਚਾਰਨ ਦਾ ਆਦੇਸ਼ ਦਿੱਤਾ ''ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।'' ਭਾਵ ਹੁਣ ਖਾਲਸਾ ਪ੍ਰਮਾਤਮਾ ਦਾ ਹੈ ਤੇ ਉਸਦੀ ਹਰ ਜਗ੍ਹਾ ਜਿੱਤ ਹੋਵੇਗੀ। ਇਹ ਵਾਕ ਖਾਲਸੇ ਦੀ ਮਾਨਸਿਕਤਾ ਵਿਚ ਬਹੁਤ ਵੱਡੀ ਤਬਦੀਲੀ ਲਿਆਇਆ। ਖਾਲਸੇ ਦਾ ਵਿਸ਼ਵਾਸ ਪੱਕਾ ਹੋ ਗਿਆ ਕਿ ਹੁਣ ਉਹ ਪ੍ਰਮਾਤਮਾ ਦਾ ਆਪਣਾ ਹੋਣ ਕਰ ਕੇ ਕਦੀ ਹਰਾਇਆ ਨਹੀਂ ਜਾ ਸਕਦਾ। ਭਗਤ ਰਤਨਾਵਲੀ (ਸਿੱਖਾਂ ਦੀ ਭਗਤਮਾਲਾ) ਇਕ ਐਸੀ ਰਚਨਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਭੀ ਗੁਰਦਾਸ ਜੀ ਦੀ ਗਿਆਰ੍ਹਵੀਂ ਵਾਰ ਦੇ ਆਧਾਰ 'ਤੇ ਭਾਈ ਮਨੀ ਸਿੰਘ ਜੀ ਨੇ ਰਚੀ। ਭਾਈ ਮਨੀ ਸਿੰਘ ਇਸ ਰਚਨਾ ਵਿਚ ਦਸਦੇ ਹਨ ਕਿ ਦਸਮ ਪਿਤਾ ਨੇ ਅੰਮ੍ਰਿਤ ਛਕਾਉਣ ਵੇਲੇ ਇਹ ਆਦੇਸ਼ ਵੀ ਕੀਤਾ ਕਿ ਜਦ ਸਿੱਖ ਆਪਸ ਵਿਚ ਮਿਲਣ ਤਾਂ 'ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।' ਬੁਲਾਉਣ।
ਸਤਿ ਸ੍ਰੀ ਅਕਾਲ ਜੈਕਾਰਾ
ਪਰ ਹੁਣ ਬਹੁਤ ਸਾਰੇ ਸਿੱਖ ਆਪਸ ਵਿਚ ਮਿਲਣ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹਨ। ਅਸਲ ਵਿਚ ਸਤਿ ਸ੍ਰੀ ਅਕਾਲ ਇਕ ਯੁੱਧ ਵਿਚ ਜੋਸ਼ ਦਿਵਾਉਣ ਵਾਲੇ ਜੈਕਾਰੇ ਦਾ ਹਿੱਸਾ ਹੈ। ਇਹ ਜੈਕਾਰਾ ਦਸਮ ਪਿਤਾ ਨੇ ਦਿੱਤਾ ਸੀ ''ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ& ਇਸ ਦਾ ਪਹਿਲਾ ਹਿੱਸਾ ਜਿਸਦਾ ਭਾਵ ਸੀ ਕਿ ਜੋ ਬੋਲੇਗਾ ਨਿਹਾਲ ਹੋ ਜਾਵੇਗਾ (ਖੁਸ਼ੀ ਤੇ ਜੋਸ਼ ਨਾਲ ਭਰ ਜਾਵੇਗਾ) ਕੋਈ ਸਿੰਘ ਉੱਚੀ ਸੁਰ ਵਿਚ ਬੋਲਦਾ ਸੀ ਤੇ ਬਾਕੀ ਪੂਰੇ ਜੋਸ਼ ਨਾਲ ਜਵਾਬ ਦਿੰਦੇ ਸਨ ਸਤਿ ਸ੍ਰੀ ਅਕਾਲ ਭਾਵ ਕਿ ਪ੍ਰਮਾਤਮਾ ਹੀ ਸੱਚ ਹੈ। 18ਵੀਂ ਸਦੀ ਵਿਚ ਲੜਾਈ ਦੇ ਮੈਦਾਨ ਵਿਚ ਗੂੰਜਨ ਵਾਲਾ ਇਹ ਜੈਕਾਰਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਨਿਸ਼ਸਤ੍ਰ ਸੰਘਰਸ਼ ਵੇਲੇ ਵੀ ਬੁਲਾਇਆ ਜਾਣ ਲੱਗਾ। ਹੁਣ ਕੋਈ ਵੀ ਧਰਮ ਦਾ ਕੰਮ ਕਰਨ ਵੇਲੇ, ਦੀਵਾਨ ਦੀ ਸਮਾਪਤੀ ਵੇਲੇ, ਕਿਸੀ ਮਤੇ ਨੂੰ ਪਾਸ ਕਰਨ ਵੇਲੇ, ਸ਼ਲਾਘਾ ਵਜੋਂ ਆਦਿ ਮੌਕਿਆਂ 'ਤੇ ਇਹ ਜੈਕਾਰਾ ਬੁਲਾਇਆ ਜਾਂਦਾ ਹੈ। ਪਰ ਇਸ ਦੇ ਅੱਧੇ ਹਿੱਸੇ ਨੂੰ ਮਿਲਣ ਵੇਲੇ ਵਰਤੋਂ ਮਰਯਾਦਾ ਅਨੁਕੂਲ ਨਹੀਂ, ਉਸ ਵੇਲੇ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਹੀ ਬੁਲਾਉਣੀ ਚਾਹੀਦੀ ਹੈ।
(25) Question:- ਗੁਰਬਾਣੀ ਦੇ ਸ਼ੁੱਧ ਉਚਾਰਣ ਵਿਚ ਕੀ ਦਿੱਕਤਾਂ ਆਉਂਦੀਆਂ ਹਨ। ਸ਼ੁੱਧ ਉਚਾਰਣ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਬਾਰੇ ਕੁਝ ਮਹੱਤਵਪੂਰਨ ਨੁਕਤੇ ਦੱਸੋ।
Answer:- ਕਿਸੇ ਵੀ ਰਚਨਾ ਦਾ ਉਚਾਰਨ ਅਗਰ ਸ਼ੁੱਧ ਨਾ ਹੋਵੇ ਤਾਂ ਉਸਦਾ ਸਹੀ ਭਾਵ ਸਮਝਿਆ ਨਹੀਂ ਜਾ ਸਕਦਾ। ਗੁਰਬਾਣੀ ਲਈ ਤਾਂ ਇਸ ਪੱਖੋਂ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਉਚਾਰਨ ਵਿਚ ਜ਼ਰਾ ਜਿੰਨੀ ਗਲਤੀ ਵੀ ਸਾਨੂੰ ਅਸਲੀ ਭਾਵ ਤੋਂ ਦੂਰ ਲੈ ਜਾ ਸਕਦੀ ਹੈ ਕਿਉਂਕਿ ਸਮੇਂ ਦੇ ਨਾਲ ਨਾਲ ਭਾਸ਼ਾ ਵਿਚ ਵੀ ਪਰਿਵਰਤਨ ਹੁੰਦੇ ਰਹਿੰਦੇ ਹਨ। ਇਸ ਕਰਕੇ ਸ਼ੁੱਧ ਗੁਰਬਾਣੀ ਪੜ੍ਹਣ ਲਈ ਸਾਡੇ ਲਈ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਿੱਥੇ ਅੱਜ ਤੋਂ 500 ਸਾਲ ਪਹਿਲਾਂ ਅਤੇ ਅੱਜ ਦੀ ਪੰਜਾਬੀ ਵਿਚ ਵੱਡਾ ਫਰਕ ਹੈ ਉਥੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਰਚਣਹਾਰਿਆ ਦੀ ਭਾਸ਼ਾ ਵਿਚ ਵੀ ਉਨ੍ਹਾਂ ਦੇ ਸਮੇਂ ਦੇ ਫਰਕ ਕਰਕੇ ਅੰਤਰ ਦੇਖਣ ਨੂੰ ਮਿਲਦਾ ਹੈ। ਬਾਬਾ ਫਰੀਦ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ, ਬਾਣੀ ਰਚਣਹਾਰੇ, ਤਕਰੀਬਨ 500 ਸਾਲ ਦੇ ਲੰਬੇ ਸਮੇਂ ਵਿਚ ਅਲੱਗ-ਅਲੱਗ ਸਮਿਆਂ ਵਿਚ ਰਹੇ ਸਨ।
ਉਸ ਵੇਲੇ ਦੀ ਭਾਸ਼ਾ ਹੀ ਅੱਜ ਦੀ ਭਾਸ਼ਾ ਨਾਲੋਂ ਅਲੱਗ ਨਹੀਂ ਸੀ ਬਲਕਿ ਵਿਆਕਰਣ ਵਿਚ ਵੀ ਬਹੁਤ ਫਰਕ ਸੀ। ਇਨ੍ਹਾਂ ਕਰਕੇ ਧੁਨੀਆਂ ਵਿਚ ਵੀ ਫਰਕ ਦੇਖਣ ਨੂੰ ਮਿਲਦਾ ਹੈ। ਉਸ ਵੇਲੇ ਵੀ ਗੁਰਮੁਖੀ ਵਿਚ ਸ ਅਤੇ ਜ ਅੱਖਰਾਂ ਹੇਠ ਨੁਕਤੇ ਨਹੀਂ ਲਗਾਏ ਜਾਂਦੇ ਸਨ। ਇਸੇ ਤਰ੍ਹਾਂ ਦੇਵਨਾਗਰੀ ਦਾ ਸ਼ ਵੀ ਉਸ ਵੇਲੇ ਪ੍ਰਚੱਲਿਤ ਨਹੀਂ ਸੀ। ਸੋ ਗੁਰਬਾਣੀ ਵਿਚ ਜਿਥੇ ਸ ਅਤੇ ਜ ਬਿਨਾਂ ਨੁਕਤਿਆਂ ਦੇ ਮਿਲਦੇ ਹਨ ਉਥੇ ਹੀ ਸ਼ ਦੀ ਥਾਂ 'ਤੇ ਵੀ ਸ ਲਿਖਿਆ ਮਿਲਦਾ ਹੈ। ਬਾਅਦ ਵਿਚ ਜਦੋਂ ਅਰਬੀ, ਫਾਰਸੀ ਭਾਸ਼ਾਵਾਂ ਦੀ ਉਚਾਰਨ ਵਿਧੀ ਨੂੰ ਅਪਣਾਇਆ ਗਿਆ ਤਾਂ ਯ ਅਤੇ ਜ ਦੇ ਥੱਲੇ ਬਿੰਦੀ ਲਾ ਕੇ ਇਕ ਅਲੱਗ ਧਵਨੀ ਪੈਦਾ ਕੀਤੀ ਗਈ।
ਧਵਨੀ ਬਾਰੇ ਇਕ ਹੋਰ ਵੱਡਾ ਫਰਕ ਜੋ ਉਸ ਵੇਲੇ ਦੀ ਪੰਜਾਬੀ ਅਤੇ ਅੱਜ ਵੇਲੇ ਦੀ ਪੰਜਾਬੀ ਵਿਚ ਹੈ ਉਹ ਨਾਸਿਕਤਾ ਨਾਲ ਸੰਬੰਧਤ ਹੈ। ਉਸ ਵੇਲੇ ਪੰਜਾਬੀ ਲਹਿੰਦੀ ਉਪ-ਭਾਸ਼ਾ ਦਾ ਪ੍ਰਭਾਵ ਵੱਧ ਹੋਣ ਕਰਕੇ ਨਾਸਿਕਤਾ ਦਾ ਇਸਤੇਮਾਲ ਬਹੁਤ ਘੱਟ ਹੁੰਦਾ ਸੀ।
ਸੋ ਗੁਰਬਾਣੀ ਦੇ ਸ਼ੁੱਧ ਉਚਾਰਣ ਵਿਚ ਕਠਿਨਾਈ ਤਦ ਹੀ ਆਉਂਦੀ ਹੈ ਜਦ ਅਸੀਂ ਅੱਜ ਦੀ ਪੰਜਾਬੀ ਅਨੁਸਾਰ ਗੁਰਬਾਣੀ ਨੂੰ ਉਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਵੇਂ ਪ੍ਰੋ. ਸਾਹਿਬ ਸਿੰਘ ਜੀ ਤੇ ਪ੍ਰਿੰਸੀਪਲ ਤੇਜਾ ਸਿੰਘ ਜੀ ਆਦਿ ਵਿਦਵਾਨਾਂ ਤੇ ਅੱਜ ਦੇ ਵਿਆਕਰਣ ਨੂੰ ਆਧਾਰ ਬਣਾ ਕੇ ਗੁਰਬਾਣੀ ਦੇ ਆਪਣੇ ਵਿਆਕਰਣ ਦੇ ਅਸੂਲਾਂ ਦੀ ਗੱਲ ਕੀਤੀ ਹੈ ਪਰ ਅੱਜ ਦੇ ਵਿਆਕਰਣ ਵਿਚ ਉਸ ਨਾਲੋਂ ਕਈ ਭਿੰਨ-ਭੇਦ ਹਨ। ਜੋ ਸ਼ੁੱਧ ਉਚਾਰਨ ਲਈ ਸਮਝਣੇ ਜ਼ਰੂਰੀ ਹਨ।
ਬਾਣੀ ਦੇ ਸ਼ੁੱਧ ਉਚਾਰਨ ਲਈ ਕੁਝ ਕਿਤਾਬਾਂ ਉਪਲਬਧ ਹਨ ਜਿਨ੍ਹਾਂ ਅਨੁਸਾਰ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਮਿਸਾਲ ਦੇ ਤੌਰ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਛਾਪਿਆ 'ਗੁਰਬਾਣੀ ਦੇ ਸਰਲ ਨੇਮ' ਇਸ ਪੱਖੋਂ ਲਾਹੇਵੰਦ ਹੈ। ਇਸ ਸੰਬੰਧ ਵਿਚ ਇਕ ਵਿਦਵਾਨ ਬੀਬੀ ਹਰਜੀਤ ਕੌਰ ਨੇ ਕਈ ਵਾਰ ਸਲੋਕ ਸਹਸਕ੍ਰਿਤੀ ਤੇ ਭਾਸ਼ਣ ਦਿੰਦੇ ਹੋਏ ਦੱਸਿਆ ਹੈ ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ੁੱਧ ਉਚਾਰਨ ਦੇ ਪੱਖੋਂ ਮੁਸ਼ਕਿਲ ਬਾਣੀਆਂ ਵਿਚੋਂ ਹੈ। ਉਨ੍ਹਾਂ ਦੇ ਸ਼ਬਦਾਂ ਵਿਚ ਇਸ ਬਾਣੀ ਵਿਚ ਅੱਧੇ ਅੱਖਰਾਂ 'ਤੇ ਟਿੱਪੀ ਦਾ ਬਹੁਤ ਪ੍ਰਯੋਗ ਕੀਤਾ ਗਿਆ ਹੈ ਇਸ ਲਈ ਹੇਠਾਂ ਲਿਖੇ ਕੁਝ ਨੁਕਤੇ ਸ਼ੁੱਧ ਉਚਾਰਨ ਕਰਨ ਲਈ ਸਮਝ ਲੈਣੇ ਚਾਹੀਦੇ ਹਨ।
(ਉ) ਇਸ ਬਾਣੀ ਵਿਚ ਜਿਹੜੇ ਅੱਧੇ ਅੱਖਰ ਆਏ ਹਨ ਉਨ੍ਹਾਂ ਦੀ ਆਵਾਜ਼ ਨੂੰ ਸਮਝਣਾ ਜ਼ਰੂਰੀ ਹੈ।
੍ਰ- ਰ
੍ਹ - ਹ
ੇ - ਦੀ ਬਹੁਤ ਹਲਕੀ ਆਵਾਜ਼
' - ਯ
੍ਵ - ਵ
ਨ - ਨ
ਤ - ਤ
ਟ - ਟ
(ਅ) ਅੱਧਾ ਅੱਖਰ ਪੂਰੇ ਅੱਖਰ ਦੀ ਅਵਾਜ਼ ਨੂੰ ਘੱਟ ਕਰ ਦਿੰਦਾ ਹੈ ਜਿਵੇਂ 'ਪ੍ਰੇਮ' ਵਿਚ 'ਪ' ਦੀ ਅਵਾਜ਼ ਘੱਟ ਗਈ ਹੈ ਤੇ 'ਰ' ਦੀ ਆਵਾਜ਼ ਉਭਰ ਕੇ ਆ ਰਹੀ ਹੈ।
(ੲ) ਜਿਸ ਅੱਖਰ ਨਾਲ ਅੱਧਾ ਅੱਖਰ ਜੁੜਿਆ ਹੈ ਉਸ ਨੂੰ ਲੱਗੀ ਹੋਈ ਮਾਤ੍ਰਾ ਵੀ ਅੱਧੇ ਅੱਖਰ ਨਾਲ ਹੀ ਬੋਲੀ ਜੇਗੀ। ਜਿਵੇਂ 'ਖੱਤ੍ਰੀ' ਵਿਚ ਬਿਹਾਰੀ 'ਰ' ਨੂੰ ਲਗੇਗੀ 'ਤ' ਨੂੰ ਨਹੀਂ ਨਹੀਂ।
(ਸ) ਟਿੱਪੀ ਦੀਆਂ ਦੋ ਆਵਾਜ਼ਾਂ ਹਨ ਇਕ 'ਨ' ਦੀ ਆਵਾਜ਼ ਦੇਵੇਗੀ। ਤੇ ਦੂਜੀ ਜੋ ਸ਼ਬਦਾਂ ਦੇ ਆਖਰੀ ਅੱਖਰ ਤੇ ਹੁੰਦੀ ਹੈ ਨੈਂਗ ਦੀ।
ਹੁਣ ਜੇ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਦਾਹਰਣ ਦੇ ਤੌਰ 'ਤੇ ਨੌਵਾਂ ਸਲੋਕ ਪੜ੍ਹਾਂਗੇ ਤਾਂ ਬੜੀ ਆਸਾਨੀ ਨਾਲ ਪੜ੍ਹ ਸਕਾਂਗੇ। ਸਲੋਕ ਦਾ ਮੂਲ ਪਾਠ ਇਹ ਹੈ-
ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵਿ ਸਸੀਅਰ ਨਖਤ੍ਰ ਗਗਨੰ ॥
ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥
ਘਟੰਤ ਲਲਨਾ ਸੁਤ ਭ੍ਰਾਤ ਹੀਤੰ ॥
ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥
ਨਹ ਘਟੰਤ ਕੇਵਲ ਗੋਪਾਲ ਅਚੁਤ ॥
ਅਸਥਿਰੰ ਨਾਨਕ ਸਾਧ ਜਨ ॥9॥(ਅੰਗ 1354)
1. ਘਟੰਤ ਵਿਚ ਟਿੱਪੀ ਨੂੰ 'ਟ+ਨ' ਪੜ੍ਹਾਂਗੇ।
2. ਰੂਪੰ ਵਿਚ ਟਿੱਪੀ ਨੂੰ 'ਪ+ਨ+ਗ' ਪੜ੍ਹਾਂਗੇ।
3. ਨਖ੍ਤ੍ਰ ਵਿਚ 'ਖ+ਯ' ਤੇ ਤੇ 'ਤ+ਰ' ਪੜ੍ਹਿਆ ਜਾਵੇਗਾ।
4. ਸਿਖੰਡੰ ਵਿਚ ਲੱਗੀਆਂ ਦੋਨੋਂ ਟਿੱਪੀਆਂ ਦੀ ਆਵਾਜ਼ ਵਿਚ ਫਰਕ ਹੈ। ਪਹਿਲੀ ਟਿੱਪੀ ਨੂੰ 'ਖ+ਨ' ਪਰ ਦੂਜੀ ਟਿੱਪੀ ਨੂੰ 'ਡ+ਨ+ਗ' ਪੜ੍ਹਿਆ ਜਾਏਗਾ।
5. ਸ੍ਵ੍ਰੂੂਪੰ ਵਿਚ 'ਸ+ਵ' ਦੀ ਆਵਾਜ਼ ਆਏਗੀ ਤੇ ਆਖਰ ਵਿਚ ਪ+ਨ+ਗ ਪੜ੍ਹਾਂਗੇ।
ਇਕ ਹੋਰ ਨੁਕਤਾ ਜੋ ਗੁਰਬਾਣੀ ਵਿਚ ਅਕਸਰ ਦੇਖਣ ਨੂੰ ਮਿਲਦਾ ਹੈ ਉਹ ਹੈ ਕਿਸੇ ਸ਼ਬਦ ਦੇ ਅਖੀਰਲੇ ਅੱਖਰ ਨੂੰ ਸਿਹਰੀ ਤੇ ਔਂਕੜ ਦਾ ਲਗਾਇਆ ਜਾਣਾ। ਐਸੀ ਸਿਹਾਰੀ ਤੇ ਔਂਕੜ ਉਚਾਰਨ ਵਿਚ ਨਹੀਂ ਬੋਲੇ ਜਾਂਦੇ ਜਿਵੇਂ ਉੱਤੇ ਲਿਖੇ ਸਲੋਕ ਵਿਚ ਆਏ 'ਗਿਰਿ' ਨੂੰ 'ਗਿਰੀ' ਨਹੀਂ 'ਗਿਰ' ਬੋਲਿਆ ਜਾਏਗਾ ਗੁਰਬਾਣੀ ਵਿਆਕਰਣ ਦੇ ਕੁਝ ਹੋਰ ਨੁਕਤੇ ਹੇਠ ਲਿਖੇ ਹਨ:-
1. ਜੇ ਸਿਹਾਰੀ ਵਾਲ ਅੱਖਰ 'ਹ' ਨਾਲ ਲੱਗੀ ਹੋਵੇ ਤੇ ਹ ਤੋਂ ਪਹਿਲੇ ਅੱਖਰ ਨਾਲ ਕੋਈ ਮਾਤਰਾ ਨਾ ਹੋਵੇ ਜਿਵੇਂ ਗਹਿਰ, ਪਹਿਰ, ਪਹਿਲਾਂ, ਮਹਿਮਾਂ ਆਦਿ ਤਾਂ ਗੁਰਬਾਣੀ ਵਿਚ ਪਹਿਲੇ ਅੱਖਰ ਨਾਲ ਦੋਲਾਵਾਂ ਲੱਗਾ ਕੇ ਪੜ੍ਹੀਆਂ ਜਾਂਦੀਆਂ ਹਨ ਤੇ 'ਹ' ਦੀ ਸਿਹਰੀ ਨੂੰ ਨਹੀਂ ਪੜ੍ਹਿਆ ਜਾਂਦਾ। ਸੋ ਗੁਰਬਾਣੀ ਵਿਚ ਅਸੀਂ ਪੜ੍ਹਾਂਗੇ ਗੈਹਰ, ਪੈਹਰ, ਪੈਹਲਾ, ਆਦਿ
2. ਗੁਰਬਾਣੀ ਵਿਚ ਜਿੱਥੇ ਟਿੱਪੀ ਵਾਲੇ ਸ਼ਬਦ ਉਤੇ ਟਿਪੀ ਨਹੀਂ ਲੱਗੀ, ਉਥੇ ਵੀ ਸ਼ਬਦ ਦਾ ਮਤਲਬ ਉਹੀ ਹੈ, ਸੋ ਉਚਾਰਣ ਵੀ ਉਹੀ ਹੈ, ਜਿਵੇਂ ਅਨੰਦੁ ਤੇ ਅਨਦੁ, ਮੁੰਦਾਵਣੀ ਤੇ ਮੁਦਾਵਣੀ, ਅੰਨੁ ਤੇ ਅਨੁ ਸਾਰਿਆਂ ਵਿਚ ਟਿੱਪੀ ਲਾ ਕੇ ਪੜ੍ਹਣਾ ਹੈ। ਅੱਧਕ ਦਾ ਇਸਤੇਮਾਲ ਗੁਰਬਾਣੀ ਵਿਚ ਨਹੀਂ ਕੀਤਾ ਗਿਆ ਪਰ ਉਚਾਰਨ ਵੇਲੇ ਇਹ ਲੱਗਾ ਕੇ ਪੜ੍ਹਿਆ ਜਾਦਾ ਹੈ। ਮਿਸਾਲ ਦੇ ਤੌਰ 'ਤੇ ਜੇ ਅਸੀਂ ਮੱਲ, ਮੱਧ, ਕਲ, ਪਗ, ਸਿੱਖ ਆਦਿ ਤੇ ਅੱਧਕ ਲਾਏ ਬਿਨ੍ਹਾਂ ਪੜੀਏ ਅਰਥ ਅਲੱਗ ਹੋ ਜਾਵੇਗਾ।
ਉਪਰ ਲਿਖੇ ਕੁਝ ਨਿਯਮ ਗੁਰਬਾਣੀ ਵਿਆਕਰਣ ਦੇ ਹਨ ਤੇ ਸ਼ੁੱਧ ਉਚਾਰਣ ਲਈ ਵਰਤਣੇ ਜ਼ਰੂਰੀ ਹਨ ਭਾਵੇਂ ਉਹ ਅੱਜ ਦੇ ਭਾਸ਼ਾ ਵਿਆਕਰਣ ਨਾਲ ਮੇਲ ਨਹੀਂ ਖਾਂਦੇ।
(26) Question:- ਕੀ ਸਿੱਖਾਂ ਵਿਚ ਵੀ ਕੋਈ ਸੰਪ੍ਰਦਾਵਾਂ ਹਨ, ਅਗਰ ਹਨ ਤਾਂ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਦਿਉ।
Answer:- ਜਦ ਕੋਈ ਪ੍ਰਚਾਰਕ ਕਿਸੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਹੋਏ ਪ੍ਰਮੁੱਖ ਸ਼ਖਸੀਅਤ ਵਜੋਂ ਉਭਰਦਾ ਹੈ ਤਾਂ ਬਹੁਤ ਸਾਰੇ ਲੋਕ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਤੌਰ-ਤਰੀਕੇ ਤੇ ਰਹਿਣ ਸਹਿਣ ਦੇ ਢੰਗ ਨੂੰ ਮੁੱਖ ਵਿਚਾਧਾਰਾ ਤੋਂ ਨਿਖੇੜਦੇ ਹੋਏ ਉਸ ਸੇਵਕ ਦੇ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਸੰਪ੍ਰਦਾ ਜਨਮ ਲੈਂਦੀ ਹੈ। ਹਰ ਧਰਮ ਦੇ ਵਿਚੌਂ ਕੁਝ ਸੰਪ੍ਰਦਾਵਾਂ ਨਿਕਲੀਆਂ ਹਨ। ਸਿੱਖ ਧਰਮ ਵਿਚੋਂ ਵੀ ਸਮੇਂ-ਸਮੇਂ 'ਤੇ ਕਈ ਸੰਪ੍ਰਦਾਵਾਂ ਉਭਰ ਕੇ ਸਾਹਮਣੇ ਆਈਆਂ ਤੇ ਉਸ ਖਾਸ ਸਮੇਂ ਵਿਚ ਸਿੱਖ ਧਰਮ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦਾ ਖਾਸ ਯੋਗਦਾਨ ਰਿਹਾ।
ਉਦਾਸੀ ਸੰਪ੍ਰਦਾ
ਐਸੀ ਪਹਿਲੀ ਸੰਪ੍ਰਦਾ ਉਦਾਸੀਆਂ ਦਾ ਜਨਮ ਗੁਰੂ ਨਾਨਕ ਦੇਵ ਜੀ ਵੇਲੇ ਹੀ ਹੋ ਗਿਆ ਸੀ ਕਿਉਂਕਿ ਇਸ ਸੰਪ੍ਰਦਾ ਦੇ ਬਾਨੀ ਗੁਰੂ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਸਨ। ਬਾਬਾ ਜੀ ਦਾ ਉਪਦੇਸ਼ ਸਿੱਖ ਧਰਮ ਦਾ ਹੀ ਸੀ, ਕਿ ਪ੍ਰਮਾਤਮਾ ਤੇ ਸਰਬ ਸਾਂਝੀਵਾਲਤਾ ਦਾ। ਪਰ ਉਦਾਸੀ ਗ੍ਰਹਿਸਤ ਆਸ਼ਰਮ ਨੂੰ ਨਹੀਂ ਸਨ ਮੰਨਦੇ, ਸ਼ਾਇਦ ਇਸ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਨੂੰ ਗੁਰਗੱਦੀ ਨਹੀਂ ਦਿੱਤੀ। ਬਾਬਾ ਸ੍ਰੀ ਚੰਦ ਜੀ ਸਾਰੀ ਉਮਰ ਆਪਣੇ ਪਿਤਾ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਰਹੇ। ਬਾਬਾ ਜੀ ਨੇ ਆਪਣੀ ਗੱਦੀ ਵੀ ਗੁਰੂ ਘਰ ਦੇ ਇਕ ਹੋਰ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ। ਸ਼ੁਰੂ-ਸ਼ੁਰੂ ਵਿਚ ਸਿੱਖ ਸਿਧਾਂਤ ਹੀ ਪ੍ਰਚਾਰੇ ਜਾਂਦੇ ਸਨ। ਉਦਾਸੀਆਂ ਤੇ ਡੇਰਿਆਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 20ਵੀਂ ਸਦੀ ਦੇ ਸ਼ੁਰੂ ਤੱਕ ਹੁੰਦਾ ਰਿਹਾ ਪਰ ਜਦ ਬਾਬਾ ਪ੍ਰੀਤਮ ਦਾਸ ਅਤੇ ਬਾਬਾ ਬਨਖੰਡੀ ਸੰਪ੍ਰਦਾ ਦੇ ਆਗੂ ਬਣੇ ਤਾਂ ਸਿੱਖ ਵਿਚਾਰਧਾਰਾ ਤੇ ਸਰਗੁਰਣਵਾਦੀ ਵਿਚਾਰਧਾਰਾ ਹਾਵੀ ਹੋ ਗਈ। 1925 ਦਾ ਐਕਟ ਬਨਣ ਤੋਂ ਬਾਅਦ ਉਦਾਸੀ ਡੇਰਿਆਂ 'ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾ ਦਿੱਤਾ ਗਿਆ। ਹੁਣ ਭਾਵੇਂ ਇਹ ਸੰਪ੍ਰਦਾ ਸਿੱਖ ਧਰਮ ਦਾ ਹਿੱਸਾ ਨਹੀਂ ਪਰ ਉਨ੍ਹਾਂ ਦਾ ਸਿੱਖ ਧਰਮ ਦੇ ਪ੍ਰਚਾਰ ਵਿਚ, ਗੁਰਦੁਆਰਿਆਂ ਦੇ ਪ੍ਰਬੰਧ ਵਿਚ, ਸਾਹਿਤ ਰਚਣ ਵਿਚ ਤੇ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਨਿਰਮਲੇ ਸੰਤ
ਅਗਲੀ ਮਹੱਤਵਪੂਰਨ ਸੰਪ੍ਰਦਾ ਨਿਰਮਲਿਆਂ ਦੀ ਹੈ ਜਿਸ ਦੀ ਸ਼ੁਰੂਆਤ ਉਨ੍ਹਾਂ ਪੰਜ ਸਿੰਘਾਂ ਨਾਲ ਹੋਈ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਨਾਰਸ ਸੰਸਕ੍ਰਿਤ ਤੇ ਪੁਰਾਤਨ ਗ੍ਰੰਥਾਂ ਦਾ ਗਿਆਨ ਹਾਸਲ ਕਰਨ ਲਈ ਭੇਜਿਆ ਸੀ। ਇਨ੍ਹਾਂ ਦੇ ਨਾਮ ਰਾਮ ਸਿੰਘ, ਬੀਰ ਸਿੰਘ, ਕਰਮ ਸਿੰਘ, ਗੰਡਾ ਸਿੰਘ ਤੇ ਸੈਣਾ ਸਿੰਘ ਦੱਸੇ ਜਾਂਦੇ ਹਨ। ਇਨ੍ਹਾਂ ਨੇ ਗਿਆਨ ਹਾਸਲ ਕਰ ਕੇ ਜਿਨ੍ਹਾਂ ਨੂੰ ਅੱਗੇ ਵੰਡਿਆ ਉਹ ਸਾਰੇ ਲੋਕ ਆਪਣੇ ਸਫੈਦ ਬਸਤਰਾਂ ਤੇ ਨਿਰਮਲ ਸੁਭਾਅ, ਬੋਲੀ ਤੇ ਆਚਰਣ ਕਰ ਕੇ ਨਿਰਮਲੇ ਕਹਿਲਾਏ। ਨਿਰਮਲੇ ਸੰਤਾਂ ਮਹਾਤਮਾਵਾਂ ਨੇ ਸਿੱਖ ਆਦਰਸ਼ਾਂ ਦਾ ਰੱਜ ਕੇ ਪ੍ਰਚਾਰ ਕੀਤਾ। ਪਟਿਆਲਾ, ਨਾਭਾ ਤੇ ਜੀਂਦ ਦੇ ਰਾਜਿਆਂ ਨੇ ਮਿਲ ਕੇ 1861 ਵਿਚ ਨਿਰਮਲੇ ਸਾਧੂਆਂ ਦਾ ਪੰਚਾਇਤੀ ਅਖਾੜਾ ਕਾਇਮ ਕੀਤਾ, ਜਿਸ ਦਾ ਮੌਜੂਦਾ ਮੁੱਖ ਟਿਕਾਣਾ ਹਰਿਦੁਆਰ ਵਿਚ ਹੈ। ਨਿਰਮਲਿਆਂ ਦੁਆਰਾ ਰਚਿਆ ਸਾਹਿਤ ਸਿੱਖ ਧਰਮ ਦਾ ਅਨਮੋਲ ਖਜ਼ਾਨਾ ਹੈ, ਜਿਵੇਂ ਕਿ ਗੁਰਦਿੱਤ ਸਿੰਘ ਦਾ ਗੁਰਮਤਿ ਸਿਧਾਂਤ, ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ, ਗੁਰਧਾਮ ਸੰਗ੍ਰਹਿ ਆਦਿ ਤੇ ਤਾਰਾ ਸਿੰਘ ਨਰੋਤਮ ਦਾ ਗੁਰਮਤ ਨਿਰਣਯ ਸਾਗਰ ਆਦਿ।
ਸੰਤੋਖ ਸਿੰਘ ਦੁਆਰਾ ਜਪੁਜੀ ਦਾ ਗਰਬ ਗੰਜਨੀ ਟੀਕਾ ਜੋ ਉਨ੍ਹਾਂ ਨੇ ਸੁਆਮੀ ਆਨੰਦਘਨ (ਇਕ ਉਦਾਸੀ ਸਾਧ) ਦੇ ਟੀਕੇ ਵਿਚ ਕੀਤੇ ਵਿਅੰਗ ਦੇ ਉੱਤਰ ਵਜੋਂ ਲਿਖਿਆ ਸੀ, ਵੀ ਮਹੱਤਵਪੂਰਨ ਰਚਨਾ ਹੈ। ਨਿਰਮਲਿਆਂ ਦਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਪ੍ਰੇਮ ਤੇ ਸ਼ਰਧਾ ਰਹੇ ਹਨ। ਜਿਸ ਦੇ ਸਬੂਤ ਵਜੋਂ ਕਵੀ ਸੰਤ ਨਿਹਾਲ ਨਿਰਮਲੇ ਦਾਂ ਹੇਠ ਲਿਖੀਆਂ ਪੰਕਤੀਆਂ ਦਿੱਤੀਆਂ ਜਾ ਸਕਦੀਆਂ ਹਨ-
ਕਾਹੂੰ ਕੋ ਭਰੇਸੇ ਹੈ ਜਮੀਨ ਕੋ ਜਮਾਨੇ ਬੀਚ।
ਮੋ ਕੋ ਤੋ ਭਰੋਸੇ ਏਕ ਗ੍ਰੰਥ ਮਹਾਰਾਜਾ ਪੈ।
ਕਾਹੂੰ ਕੋ ਭਰੋਸੇ ਭਾਰੀ ਸ਼ਾਹ ਪਾਤਸ਼ਾਹ ਮੀਤ।
ਕਾਹੂੰ ਕੋ ਭਰਸੋ ਹੈ ਕੁਟੰਬੀ ਕਰੈਂ ਕਾਜ ਪੈ।
ਕਾਹੂੰ ਕੋ ਭਰੋਸੇ ਦੇਵਬਾਨੀ ਅਰੁ ਪਾਰਸੀ ਕੋ
ਕਾਹੂੰ ਕੋ ਭਰਸੋਸੇ ਸੰਤਗੀਰੀ ਕੀ ਮਿਜਾਜ ਪੈ।
ਕਾਹੂੰ ਕੋ ਭਰੋਸੇ ਚਾਰੁ ਚਾਤਰੀ ਚਲਾਕੀ ਚੋਖ।
ਮੋ ਕੋ ਤੋ ਭਰੋਸੇ ਏਕ ਗ੍ਰੰਥ ਮਹਾਰਾਜਾ ਪੈ।
ਸੇਵਾ ਪੰਥੀ ਸੰਪ੍ਰਦਾ
ਸੇਵਾ ਪੰਥੀ ਸੰਪ੍ਰਦਾ ਦੀ ਸ਼ੁਰੂਆਤ ਨਿਸ਼ਕਾਮ ਸੇਵਾ ਦੇ ਪੁੰਜ ਭਾਈ ਘਨ੍ਹਈਆ ਜੀ ਤੋਂ ਹੁੰਦੀ ਹੈ। ਭਾਈ ਸਾਹਿਬ ਗੁਰੂ ਘਰ ਦੇ ਅਨਿੰਨ ਪ੍ਰੇਮੀ ਤੇ ਸੇਵਕ ਸਨ। ਜਦ ਅੰਦਪੁਰ ਸਾਹਿਬ ਦੀ ਜੰਗ ਹੋ ਰਹੀ ਸੀ ਤਾਂ ਸ਼ਾਮ ਪੈਣ ਤੋ ਬਾਅਦ ਜੰਗ ਵਿਚ ਜ਼ਖਮੀ ਹੋਏ ਸਿੱਖ ਤੇ ਮੁਸਲਮਾਨ ਸੈਨਿਕਾਂ ਨੂੰ ਆਪ ਪਾਣੀ ਪਿਲਾ ਕੇ ਮੌਤ ਤੋਂ ਦੂਰ ਕਰਦੇ ਸਨ। ਗੁਰੂ ਸਾਹਿਬ ਕੋਲ ਇਹ ਸ਼ਿਕਾਇਤ ਪੁੱਜੀ ਕਿ ਭਾਈ ਸਾਹਿਬ ਦੁਸ਼ਮਨਾਂ ਨੂੰ ਪਾਣੀ ਪਿਲਾ ਕੇ ਜੀਵਨਦਾਨ ਦੇ ਰਹੇ ਹਨ। ਗੁਰੂ ਸਾਹਿਬ ਨੇ ਜਦ ਭਾਈ ਸਾਹਿਬ ਨੂੰ ਇਸ ਬਾਰੇ ਪੁੱਛਿਆ ਤਾਂ ਭਾਈ ਸਾਹਿਬ ਬੋਲੇ, "ਮੈਨੂੰ ਤੇ ਹਰ ਇਨਸਾਨ ਵਿਚ ਗੁਰੂ ਸਾਹਿਬ ਦੀ ਨਜ਼ਰ ਆਉਂਦੇ ਹਨ, ਭਾਵ ਕਿ ਸਭ ਵਿਚ ਇਕੋ ਦਾ ਵਾਸ ਹੈ ਫੇਰ ਸੱਜਣ ਕੌਣ ਤੇ ਦੁਸ਼ਮਨ ਕੌਣ।" ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਤੇ ਭਾਈ ਸਾਹਿਬ ਨੂੰ ਮਲ੍ਹਮ ਦੇ ਕੇ ਬੋਲੇ ਜ਼ਰੂਰਤ ਵੇਲੇ ਜ਼ਖਮਾਂ 'ਤੇ ਮਰਮ ਭੀ ਲਗਾ ਦਿਆ ਕਰੋ।
ਦੁਸ਼ਮਨ ਦੀ ਵੀ ਸੇਵਾ ਦਾ ਇਹ ਸੰਕਲਪ ਭਾਈ ਘਨ੍ਹਈਆ ਜੀ ਨੇ ਦੁਨੀਆਂ ਨੂੰ ਸਭ ਤੋਂ ਪਹਿਲੇ ਦਿੱਤਾ। ਬਾਅਦ ਵਿਚ ਭਾਈ ਸੇਵਾ ਰਾਮ ਜੀ, ਭਾਈ ਸਹਿਜ ਰਾਮ ਜੀ, ਭਾਈ ਅੱਡਣ ਸ਼ਾਹ ਜੀ, ਭਾਈ ਭਲਾ ਰਾਮ ਜੀ ਤੇ ਭਾਈ ਜਗਤਾ ਜੀ ਮਹਾਨ ਸੇਵਾ ਪੰਥ ਸ਼ਖਸੀਅਤਾਂ ਹੋਈਆਂ। ਹੁਣ ਸੇਵਾ ਪੰਥੀ ਡੇਰੇ ਕਈ ਅਸਥਾਨਾਂ 'ਤੇ ਹਨ ਪਰ ਮੁੱਖ ਟਿਕਾਣਾ 'ਟਿਕਾਣਾ ਭਾਈ ਜਗਤਾ ਜੀ' ਗੋਨਿਆਣਾ ਮੰਡੀ ਬਠਿੰਡਾ ਵਿਖੇ ਹੈ। ਸੇਵਾ ਤੋਂ ਇਲਾਵਾ ਸੇਵਾ ਪੰਥੀਆਂ ਨੇ ਸਾਹਿਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ, ਖਾਸ ਕਰ ਕੇ ਭਾਈ ਸਹਿਜ ਰਾਮ ਜੀ ਦੁਆਰਾ ਰਚਿਤ ਪੰਜ ਰਚਨਾਵਾਂ, ਪਰਚੀ ਭਾਈ ਘਨ੍ਹਈਆ ਜੀ ਦੀ, ਪਰਚੀ ਭਾਈ ਸੇਵਾ ਰਾਮ ਜੀ ਦੀ, ਪਰਚੀ ਭਾਈ ਅੱਡਣ ਸ਼ਾਹ ਜੀ ਦੀ, ਸਾਖੀਆਂ ਭਾਈ ਅੱਡਣ ਸ਼ਾਹ ਦੀਆਂ ਤੇ ਪੋਥੀ ਆਸਾਵਰੀਆਂ, ਮਹਾਂਪੁਰਸ਼ਾਂ ਦੇ ਜੀਵਨ ਤੇ ਕੰਮਾਂ ਬਾਰੇ ਪ੍ਰਮਾਣਿਕ ਰਚਨਾਵਾਂ ਹਨ।
ਵਣਜਾਰੇ
ਲੁਬਾਣੇ ਸਿੱਖਾਂ ਦੀ ਸੰਪ੍ਰਦਾ ਉਨ੍ਹਾਂ ਸਿੱਖਾਂ ਕਰ ਕੇ ਜਾਣੀ ਜਾਂਦੀ ਹੈ, ਜਿਨ੍ਹਾਂ ਬਿਨ੍ਹਾਂ ਸਿੱਖ ਇਤਿਹਾਸ ਲਿਖਿਆ ਹੀ ਨਹੀਂ ਜਾ ਸਕਦਾ ਜਿਵੇਂ ਮੱਖਣ ਸ਼ਾਹ ਲੁਭਾਣਾ (ਜਿਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਦੇ ਰੂਪ ਵਿਚ ਲੱਭਿਆ) ਲੱਖੀ ਸ਼ਾਹ ਵਣਜਾਰਾ (ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਆਪਣਾ ਘਰ ਜਲਾ ਕੇ ਕੀਤਾ) ਤੇ ਭਾਈ ਮਨੀ ਸਿੰਘ। ਸਭ ਤੋਂ ਜ਼ਿਆਦਾ ਸ਼ਹੀਦੀਆਂ ਅਗਰ ਕਿਸੀ ਪਰਿਵਾਰ ਵਿਚ ਹੋਈਆਂ ਤਾਂ ਉਹ ਹੈ ਭਾਈ ਮਨੀ ਸਿੰਘ ਦਾ ਪਰਿਵਾਰ। ਉਨ੍ਹਾਂ ਨੇ ਸਿਰਫ਼ ਆਪ ਹੀ ਸ਼ਹੀਦੀ ਨਹੀਂ ਪਾਈ, ਬਲਕਿ ਉਨ੍ਹਾਂ ਦੇ ਬਜ਼ੁਰਗਵਾਰ ਦਾਦਾ, ਭਰਾ, ਪੁੱਤਰ, ਪੋਤਰੇ ਤੇ ਭੈਣ ਦੇ ਪਰਿਵਾਰ ਵਿਚੋਂ ਅਨੇਕਾਂ ਸ਼ਹੀਦ ਹੋਏ। ਆਪ ਦੇ 10 ਪੁੱਤਰ ਸਨ ਜਿਨ੍ਹਾਂ ਵਿਚੋਂ 8 ਜੰਗ ਵਿਚ ਸ਼ਹੀਦ ਹੋ ਗਏ।
ਨਿਰੰਕਾਰੀ ਲਹਿਰ
ਨਿਰੰਕਾਰੀ ਲਹਿਰ ਧਰਮ ਪ੍ਰਚਾਰ ਦੇ ਸੁਧਾਰ ਦੇ ਲਈ ਉਠੀਆਂ ਲਹਿਰਾਂ ਵਿਚੋਂ ਸਭ ਤੋਂ ਪਹਿਲ ਸ਼ੁਰ ਹੋਈ। ਭਾਈ ਦਿਆਲ ਜੀ ਨੇ ਰਾਵਲਪਿੰਡੀ ਵਿਖੇ ਹਿੰਦੂ ਧਰਮ ਦੇ ਵਹਿਮ ਭਰਮਾਂ ਨੂੰ ਦੂਰ ਕਰਨ ਲਈ ਤੇ ਇਕ ਨਿਰੰਕਾਰ ਦੀ ਪੂਜਾ ਨੂੰ ਪ੍ਰਚਾਰਨ ਲਈ ਇਸ ਲਹਿਰ ਨੂੰ ਸ਼ੁਰੂ ਕੀਤਾ। ਆਪ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਆਪਣਾ ਵਿਆਹ ਅਨੰਦ ਦੀ ਰਸਮ ਨਾਲ ਕੀਤਾ। ਆਪ ਦਾ ਵਿਰੋਧ ਬਹੁਤ ਹੋਇਆ ਪਰ ਆਪ ਨੇ ਪੋਠੋਹਾਰ ਦੇ ਇਲਾਕੇ ਵਿਚ 'ਧੰਨ ਨਿਰੰਕਾਰ' 'ਧੰਨ ਨਿਰੰਕਾਰ' ਦੇ ਪ੍ਰਚਾਰ ਨੂੰ ਇਕ ਲਹਿਰ ਬਣਾ ਦਿੱਤਾ।
30 ਜਨਵਰੀ 1850 ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਬਾਬਾ ਦਰਬਾਰਾ ਸਿੰਘ ਨੇ ਇਸ ਲਹਿਰ ਨੂੰ ਅੱਗੇ ਤੋਰਦੇ ਹੋਏ ਵਿਆਹ ਲਈ ਅਨੰਦ ਮਰਯਾਦਾ ਦਾ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ। ਆਪ ਨੇ ਅੰਮ੍ਰਿਤਸਰ ਵਿਚ 15 ਅਪ੍ਰੈਲ 1861 ਨੂੰ ਇਕ ਅਨੰਦ ਕਾਰਜ ਕਰਵਾJਆ। ਤੇ ਵਿਆਹ ਦਾਜ ਤੇ ਸ਼ਰਾਬ ਦੇ ਸੇਵਨ ਤੋਂ ਬਿਨਾਂ ਕਰਨ ਤੇ ਜ਼ੋਰ ਦਿੱਤਾ। ਬਾਅਦ ਵਿਚ ਇਹ ਲਹਿਰ ਨੂੰ ਬਾਬਾ ਰਤਨ ਚੰਦ (ਰਤਾ ਜੀ) ਬਾਬਾ ਗੁਰਦਿੱਤਾ ਸਿੰਘ ਤੇ ਬਾਬਾ ਹਰਾ ਸਿੰਘ ਨੇ ਇਸ ਲਹਿਰ ਨੂੰ ਅੱਗੇ ਤੋਰਿਆ ਤੇ ਪ੍ਰਸਾਰ ਕੀਤਾ। ਇਹ ਨਿਰੰਕਾਰੀ ਜਿਨ੍ਹਾਂ ਵਿਚ ਕੇਸਾਧਾਰੀ ਤੇ ਸਹਿਜਧਾਰੀ ਸਿੱਖ ਦੋਨੋਂ ਸ਼ਾਮਲ ਰਹੇ ਹਨ। ਸੰਤ ਨਿਰੰਕਾਰੀਆਂ ਤੋਂ ਅਲੱਗ ਸਨ ਭਾਵੇਂ ਸੰਤ ਨਿਰੰਕਾਰੀ ਸੰਗਠਨ ਸ਼ੁਰੂ ਕਰਨ ਵਾਲਾ ਬੂਟਾ ਸਿੰਘ ਕਦੇ ਗਵਲਪਿੰਡ ਦੇ ਨਿਰੰਕਾਰੀ ਦਰਬਾਰ ਨਾਲ ਸੰਬੰਧਿਤ ਸੀ। ਜਿਥੇ ਨਿਰੰਕਾਰੀ ਹਮੇਸ਼ਾਂ ਸਿੱਖ ਧਰਮ ਦੀ ਮੁੱਖ ਧਾਰਾ ਨਾਲ ਜੁਡੇ ਰਹੇ ਹਨ, ਉਥੇ ਸੰਤ ਨਿਰੰਕਾਰੀ ਸਿੱਖ ਧਰਮ ਦੀ ਮਰਯਾਦਾ ਵਿਪਰਤ ਕੰਮ ਕਰਦੇ ਰਹੇ ਹਨ, ਜਿਸ ਕਾਰਨ ਸਿੱਖਾਂ ਦਾ ਉਨ੍ਹਾਂ ਨਾਲ ਕਈ ਵਾਰ ਟਾਕਰਾ ਹੋਇਆ ਹੈ ਤੇ ਸਿੱਖਾਂ ਦਾ ਉਨ੍ਹਾਂ ਨਾਲ ਮੇਲਜੋਲ ਵਿਵਰਜਿਤ ਹੈ।
ਨਾਮਧਾਰੀ
ਸਿੱਖ ਧਰਮ ਨਾਲ ਸਬੰਧ ਰੱਖਣ ਵਾਲੀ ਇਕ ਹੋਰ ਵੱਡੀ ਸੰਪ੍ਰਦਾ ਹੈ ਨਾਮਧਾਰੀਆਂ ਦੀ। ਇਸ ਸੰਪ੍ਰਦਾ ਦੇ ਬਾਨੀ ਸਨ ਬਾਬਾ ਬਾਲਕ ਸਿੰਘ। ਉਨ੍ਹਾਂ ਨੇ 1847 ਵਿਚ ਹਜਾਰਾ ਜ਼ਿਲ੍ਹੇ ਵਿਚ ਨਾਮ ਸਿਮਰਨ 'ਤੇ ਜ਼ੋਰ ਦੇਣ ਲਈ ਇਹ ਲਹਿਰ ਸ਼ੁਰੂ ਕੀਤੀ। ਉਨ੍ਹਾਂ ਨੇ ਸੱਚੇ ਸੁੱਚੇ ਜੀਵਨ ਬਿਤਾਉਣ, ਧਰਮ ਦੀ ਕਮਾਈ ਕਰਨ, ਤੇ ਪ੍ਰਮਾਤਮਾ ਤੋਂ ਇਲਾਵਾ ਕਿਸੀ ਭੀ ਮੱਤ ਵਿਚ ਵਿਸ਼ਵਾਸ ਨਾ ਕਰਨ ਤੇ ਜ਼ੋਰ ਦਿੱਤਾ। ਪਰ ਜਦ ਅੰਗਰੇਜ਼ਾਂ ਨੇ ਧੋਖੇ ਨਾਲ ਸਿੱਖਾਂ ਦਾ ਰਾਜ ਖੋਹ ਲਿਆ ਤਾਂ ਬਾਬਾ ਜੀ ਦੇ ਉਤਰਾਧਿਕਾਰੀ ਵਜੋਂ ਬਾਬਾ ਰਾਮ ਸਿੰਘ ਨੇ ਅੰਗਰੇਜ਼ਾਂ ਦੀ ਖੁਲ੍ਹ ਕੇ ਖ਼ਿਲਾਫਤ ਕੀਤੀ। ਬਾਬਾ ਜੀ ਸੱਚੇ ਸਿੱਖ ਵਾਂਗ ਸੰਤ ਵੀ ਸਨ ਤੇ ਸਿਪਾਹੀ ਵੀ। ਉਨ੍ਹਾਂ ਨੇ ਤੰਤੀ ਸਾਜ਼ਾਂ 'ਤੇ ਕੀਰਤਨ ਕਰਨ 'ਤੇ ਵੀਰ ਰਸੀ ਕੀਰਤਨ 'ਤੇ ਜ਼ੋਰ ਦੇ ਕੇ ਸਿੱਖਾਂ ਦੇ ਆਤਮ ਵਿਸ਼ਵਾਸ ਤੇ ਬੀਰਤਾ ਨੂੰ ਜਗਾਇਆ। ਗੁਰੂਆਂ ਦੇ ਆਦਰਸ਼ ਤੇ ਅਮਲ ਕਰਦੇ ਹੋਏ ਉਨ੍ਹਾਂ ਨੇ ਕੁੜੀਆਂ ਨੂੰ ਮਾਰਨ, ਛੋਟੀ ਉਮਰ ਵਿਚ ਉਨਾਂ ਦਾ ਵਿਆਹ ਕਰਨ ਤੇ ਸਤੀ ਦੀ ਰਸਮ ਦਾ ਕਰੜੇ ਸ਼ਬਦਾਂ ਵਿਚ ਖੰਡਨ ਕੀਤਾ। ਆਪ ਨੇ ਦਹੇਜ, ਤੇ ਦਿਖਾਵੇ ਵਾਲੇ ਖਰਚੀਲੇ ਵਿਆਹ ਦਾ ਵੀ ਵਿਰੋਧ ਕੀਤਾ ਤੇ ਸਾਦੇ ਢੰਗ ਨਾਲ ਅਨੰਦ ਦੀ ਰਸਮ ਨਾਲ ਵਿਆਹ ਕਰਨ ਦਾ ਪ੍ਰਚਾਰ ਕੀਤਾ। ਧਾਰਮਿਕ ਅੰਧਵਿਸ਼ਵਾਸ ਨੂੰ, ਦਿਖਾਵੇ ਦੇ ਰੀਤੀ ਰਿਵਾਜ਼ਾਂ ਨੂੰ, ਮੜੀਆਂ ਮਸਾਨਾਂ ਦੀ ਪੂਜਾ ਨੂੰ ਨਾ ਮੰਨਣ ਬਾਰੇ ਲੋਕਾਂ ਨੂੰ ਪ੍ਰੇਰਣਾ ਦਿੱਤੀ। ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰ ਕੇ ਆਜ਼ਾਦੀ ਦੀ ਲੜਾਈ ਸ਼ੁਰੂ ਕਰਨ ਵਾਲਿਆਂ ਵਿਚੋਂ ਬਾਬਾ ਜੀ ਮੋਢੀ ਸਨ। ਆਪਣੀ ਇਸ ਪੱਖੋਂ ਭੂਮਿਕਾ ਦਾ ਜ਼ਿਕਰ ਅਲੱਗ ਜਗ੍ਹਾ 'ਤੇ ਹੋਇਆ ਹੈ।
ਬਾਬਾ ਰਾਮ ਸਿੰਘ ਜੀ ਤੋਂ ਬਾਅਦ ਨਾਮਧਾਰੀ ਲਹਿਰ ਦੇ ਸੰਚਾਲਕ ਸਨ ਬਾਬਾ ਬੁਧ ਸਿੰਘ ਤੇ ਫੇਰ ਬਾਬਾ ਪ੍ਰਤਾਪ ਸਿੰਘ। ਇਨ੍ਹਾਂ ਦੇ ਸਮੇਂ ਵਿਚ ਸ਼ਬਦ ਗੁਰ ਦੀ ਥਾਂ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬਾਕਲ ਸਿੰਘ, ਬਾਬਾ ਰਾਮ ਸਿੰਘ ਆਦਿ ਨੂੰ ਗੁਰੂ ਦੀ ਉਪਾਧੀ ਦੇ ਕੇ ਉਨ੍ਹਾਂ ਦੇ ਨਾਮ ਅਰਦਾਸ ਵਿਚ ਸ਼ਾਮਲ ਕੀਤੇ ਗਏ। ਹੁਣ ਗੱਦੀ 'ਤੇ ਬਿਰਾਜਮਾਨ ਬਾਬਾ ਜਗਜੀਤ ਸਿੰਘ ਨੂੰ ਸਤਿਗੁਰੂ ਦੀ ਪਦਵੀ ਪ੍ਰਾਪਤ ਹੈ। ਭਾਵੇਂ ਹੁਣ ਸੰਪ੍ਰਦਾ ਬੜੀ ਮਜਬੂਤ ਹੈ, ਕਈ ਤਰ੍ਹਾਂ ਦੇ ਲੋਕ ਭਲਾਈ ਕਾਰਜ (ਜਿਵੇਂ ਕਿ ਅਪੋਲੋ ਹਸਪਤਾਲ ਲੁਧਿਆਣਾ ਰਾਹੀਂ ਲੋਕਾਂ ਦਾ ਇਲਾਜ) ਕੀਤੇ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਦੋਨਾਂ 'ਤੇ ਇਨ੍ਹਾਂ ਲੋਕਾਂ ਦੀ ਨਿਸ਼ਠਾ ਹੈ (ਚੰਡੀ ਦੀ ਵਾਰ ਦਾ ਨਿਰੰਤਰ ਪਾਠ ਹੁੰਦਾ ਹੈ) ਤੰਤੀ ਸਾਜ਼ਾਂ 'ਤੇ ਕੀਰਤਨ ਵੀ ਕਰਦੇ ਹਨ, ਜੀਵਨ ਤੇ ਆਚਰਣ ਉੱਚਾ ਸੁੱਚਾ ਹੈ, ਪਰ ਦੇਹਧਾਰੀ ਗੁਰੂਆਂ ਨੂੰ ਮੰਨ ਕੇ ਗੁਰੂ ਮਾਨਿਓ ਗ੍ਰੰਥ ਦੇ ਆਦਰਸ਼ ਦਾ ਪਾਲਣ ਨਾ ਕਰਨ ਕਰ ਕੇ, ਸਿੱਖ ਰਹਿਤ ਮਰਿਆਦਾ ਦਾ ਉਲੰਘਣ ਕਰਦੇ ਹਨ।
ਨਿਹੰਗ ਸਿੰਘ
ਦਸਮ ਪਿਤਾ ਨੇ ਅੰਮ੍ਰਿਤਧਾਰੀ ਸਿੱਖਾਂ ਦੀ ਜੋ ਫ਼ੌਜ ਤਿਆਰ ਕੀਤੀ, ਉਸ ਨੂੰ ਅਕਾਲ ਪੁਰਖ ਦੀ ਫ਼ੌਜ ਕਹਿ ਕੇ ਬੁਲਾਇਆ। ਇਸ ਫ਼ੌਜ ਦੇ ਸਿਪਾਹੀ ਜੋ ਨੀਲੇ ਬਸਤਰ ਪਹਿਨਦੇ ਸਨ, ਆਪਣੇ ਆਪ ਨੂੰ ਅਕਾਲ, ਭਾਵ ਨਾ ਮਰਨ ਵਾਲੇ ਅਖਵਾਂਦੇ ਸਨ। ਨਿਹੰਗ ਦਾ ਅਰਥ ਹੈ ਨਿਧੜਕ ਯੋਧਾ ਫ਼ਾਰਸੀ ਵਿਚ ਨਿਹੰਗ 'ਮਗਰਮਛ ਦਾ ਵਾਚਕ ਹੈ' ਜੋ ਬਹੁਤ ਤਗੜਾ ਤੇ ਹਠੀਲਾ ਜਾਵਰ ਹੈ। ਸੰਖੇਪ ਵਿਚ ਨੀਲ ਬਸਤਰਧਾਰੀ ਇਹ ਅਕਾਲੀ ਆਪਣੇ ਸੁਭਾਅ ਤੇ ਸੂਰਬੀਰਤਾ ਕਾਰਣ ਨਿਹੰਗ ਕਹਿਲਾਏ ਜਾਣ ਲੱਗੇ। ਬਹਾਦਰ ਹੋਣ ਦੇ ਨਾਲ ਨਾਲ ਇਹ ਬਹੁਤ ਧਾਰਮਿਕ ਤੇ ਉਚੇ ਸੁੱਚੇ ਚਰਿੱਤਰ ਦੇ ਮਾਲਕ ਰਹੇ ਹਨ। ਨੀਲੇ ਬਸਤਰ ਧਾਰਨ ਕਰਨ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਉਚ ਦੇ ਪੀਰ ਦਾ ਭੇਸ ਧਾਰਿਆ ਤਾਂ ਨੀਲ ਬਸਤਰ ਪਹਿਨੇ ਤੇ ਮਾਲਵੇ ਪਹੁੰਚ ਕੇ ਉਹ ਉਤਾਰ ਦਿੱਤੇ ਤੇ ਪਾੜ ਦਿੱਤੇ, ਉਸ ਦੀ ਇਕ ਟਾਕੀ ਭਾਈ ਮਾਨ ਸਿੰਘ ਨੇ ਸਿਰ 'ਤੇ ਧਾਰ ਲਈ। ਥੁਝ ਲੋਕ ਇਹ ਵੀ ਕਹਿੰਦੇ ਹਨ ਕਿ ਬਾਬਾ ਫਤਹਿ ਸਿੰਘ ਨੇ ਚੋਂ ਵਜੋਂ ਇਕ ਦਿਨ ਨੀਲੇ ਰੰਗ ਦਾ ਚੋਲਾ ਪਾ ਕੇ ਸੀਸ ਉਤੇ ਦੁਸ਼ਾਲਾ ਸਜਾਇਆ ਜਿਸ ਨੂੰ ਦੇਖ ਕੇ ਗੁਰੂ ਜੀ ਨੇ ਭਵਿੱਖ ਬਾਣੀ ਕੀਤੀ ਕਿ ਅਜਿਹੇ ਬਾਣੇ ਵਾਲਾ ਨਿਹੰਗ ਪੰਥ ਹੋਵੇਗਾ।
ਨਿਹੰਗ ਜੱਥੇਦਾਰ
ਪਹਿਲਾ ਨਿਹੰਗ ਜੱਥੇਦਾਰ ਬਾਬਾ ਬਿਨੋਦ ਸਿੰਘ (ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ) ਨੂੰ ਮੰਨਿਆ ਜਾਂਦਾ ਹੈ। ਦੀਵਾਨ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ, ਦੂਜੇ, ਤੀਜੇ ਤੇ ਚੌਥੇ ਜੱਥੇਦਾਰ ਸਾਰੀ ਕੌਮ ਦੀ ਰਹਿਨੁਮਾਈ ਕਰਦੇ ਸਨ। ਉਸ ਤੋਂ ਬਾਅਦ ਨੈਨਾ ਸਿੰਘ ਜੋ ਨਿਸ਼ਾਨਾ ਵਾਲੀ ਮਿਸਲ ਦੇ ਸਨ ਜਥੇਦਾਰ ਬਣੇ। ਆਪ ਨੇ ਸੈਨਿਕ ਟੁੱਕੜੀ ਦੇ ਨਿਸ਼ਾਨਚੀ ਦੇ ਸਿਰ ਉਪਰ ਦਸਤਾਰ ਸਜਾ ਕੇ ਉਸ ਤੇ ਨਿਸ਼ਾਨ ਦੇ ਰੂਪ ਵਿਚ ਫਰਹਰਾ ਝੁਲਾ ਦਿੱਤਾ। ਫਰਹਰੇ ਦੀ ਪ੍ਰਥਾ ਸ਼ੁਰ ਕਰਨ ਵਾਲੇ ਨੈਨਾ ਸਿੰਘ ਨੇ ਫੂਲਾ ਸਿੰਘ ਨੂੰ ਪਾਲਿਆ ਸੀ, ਸੋ ਉਨ੍ਹ ਬਾਅਦ ਫੂਲਾ ਸਿੰਘ ਨੇ ਨਿਹੰਗਾਂ ਦੀ ਰਹਿਨੁਮਾਈ ਕੀਤੀ। ਮਹਾਰਾਜਾ ਰਣਜੀਤ ਸਿੰਘ ਵੇਲੇ ਨਿਹੰਗਾਂ ਦੀ ਵੱਖਰੀ ਪਛਾਣ ਬਣਾਏ ਰੱਖਣ ਵਾਲੇ ਫੂਲਾ ਸਿੰਘ ਐਸੇ ਧਰਮ ਯੋਧੇ ਸਨ ਜਿਨ੍ਹਾਂ ਨੇ ਕਸੂਰ, ਮੁਲਤਾਨ ਤੇ ਨੌਹਿਰੇ ਦੀਆਂ ਜੰਗਾਂ ਵਿਚ ਹਿੱਸਾ ਲਿਆ ਤੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਜੋਂ ਮਹਾਰਾਜਾ ਸਾਹਿਬ ਨੂੰ ਤਨਖ਼ਾਹ (ਸਿੱਖ ਧਰਮ ਵਿਚ ਤਨਖ਼ਾਹ ਉਸ ਸਜ਼ਾ ਜਾਂ ਦੰਡ ਨੁੰ ਕਹਿੰਦੇ ਹਨ ਜੋ ਰਹਿਤ ਜਾਂ ਧਾਰਮਿਕ ਮਰਯਾਦਾ ਦੇ ਵਿਪਰੀਤ ਕੰਮ ਕਰਨ ਕਰ ਕੇ ਦਿੱਤੀ ਜਾਂਦੀ ਹੈ) ਵੀ ਲਾਈ।
ਬਾਬਾ ਫੂਲਾ ਸਿੰਘ ਉਪਰੰਤ ਹਨੂੰਮਾਨ ਸਿੰਘ, ਬਾਬਾ ਪ੍ਰਹਿਲਾਦ ਸਿੰਘ, ਬਾਬਾ ਗਿਆਨਾ ਸਿੰਘ, ਬਾਬਾ ਤੇਜਾ ਸਿੰਘ, ਬਾਬਾ ਸਾਹਿਬ ਸਿੰਘ ਕਲਾਧਾਰੀ, ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਨਿਹੰਗ ਜਥੇਦਾਰ ਰਹੇ। ਬਾਬਾ ਸੰਤਾ ਸਿੰਘ ਨੂੰ ਸਾਕਾ ਨੀਲਾ ਤਾਰਾ ਹੋਣ ਤੋਂ ਬਾਅਦ ਸਰਕਾਰ ਵੱਲੋਂ ਕਹਿਣ 'ਤੇ ਅਕਾਲ ਤਖ਼ਤ ਦੀ ਕਾਰ ਸੇਵਾ ਕਰ ਕੇ ਸਿੱਖ ਪੰਥ ਵਿਚੋ ਛੇਕ ਦਿੱਤਾ ਗਿਆ ਸੀ। ਪਰ ਬਾਅਦ ਵਿਚ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲਗਣ ਤੋਂ ਬਾਅਦ ਮਾਫੀ ਦੇ ਕੇ ਫਿਰ ਤੋਂ ਪੰਥ ਵਿਚ ਸ਼ਾਮਲ ਕਰ ਲਿਆ ਗਿਆ ਸੀ। ਬਾਬਾ ਜੀ ਲੰਬੀ ਬੀਮਾਰੀ ਤੋਂ ਬਾਅਦ ਹਾਲ ਵਿਚ ਹੀ ਗੁਜ਼ਰ ਗਏ ਹਨ। ਉਨ੍ਹਾਂ ਬਾਅਦ ਹੁਣ ਮੌਜੂਦ ਜੱਥੇਦਾਰ ਹਨ ਬਾਬਾ ਬਲਬੀਰ ਸਿੰਘ।
ਅਠਾਰ੍ਹਵੀਂ ਸਦੀ ਵਿਚ ਸ਼ਹੀਦੀਆਂ ਪਾਉਣ ਤੇ ਆਪਣੀ ਹੋਂਦ ਬਚਾਉਣ ਖਾਤਰ ਜੰਗਾਂ ਕਰਨ ਦਾ ਸਿੱਵਖ ਇਤਿਹਾਸ ॥ਿਆਦਾਤਰ ਅਕਾਲੀ ਨਿਹੰਗਾਂ ਦਾ ਹੀ ਇਤਿਹਾਸ ਹੈ। 19ਵੀ ਸਦੀ ਵਿਚ ਨਿਹੰਗ ਅੰਗਰੇਜ਼ਾਂ ਦਾ ਵਿਰੋਧ ਕਰਨ ਲਈ ਜੂਝਦੇ ਰਹੇ। ਜਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਪਹਿਲੀ ਲੜਾਈ ਵਿਚ ਹਰਾ ਦਿਤਾ ਤਾਂ ਨਿਹੰਗ ਪਟਿਆਲੇ ਵਾਲੇ ਪਾਸੇ ਆ ਗਏ ਪਰ ਮਹਾਰਾਜਾ ਪਟਿਆਲਾ ਅੰਗਰੇਜ਼ਾਂ ਨਾਲ ਸੰਬੰਧ ਖਰਾਬ ਨਹੀਂ ਸੀ ਕਰਨਾ ਚਾਹੁੰਦਾ, ਸੋ ਇਥੇ ਉਨ੍ਹਾਂ ਨੂੰ ਸ਼ਾਹੀ ਫ਼ੌਜ ਨਾਲ ਟਕਰਾਉਣਾ ਪਿਆ। ਪਟਿਆਲੇ ਵਿਚ ਬਾਬਾ ਬੰਦਾ ਸਿੰਘ ਦੀ ਬਗੀਚੀ ਵਾਲੇ ਥਾਂ 'ਤੇ ਕਈ ਨਿਹੰਗ ਸ਼ਹੀਦ ਹੋ ਗਏ ਤੇ ਨਿਹੰਗ ਜਥੇਦਾਰ ਹਨੂੰਮਾਨ ਸਿੰਘ, ਕੁੰਭਡੇ ਮੁਹਾਣੇ ਪਾਸ ਲੜਦੇ ਸ਼ਹੀਦ ਹੋ ਗਏ। ਉਥੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਹੈ ਫਿਰ ਬਹੁਤ ਸਾਰੇ ਨਿਹੰਗ ਨੰਦੇੜ ਚਲੇ ਗਏ ਪਰ ਉਥੇ ਵੀ ਨਵਾਬ ਹੈਦਰਾਬਾਦ ਅੰਗਰੇਜ਼ਾਂ ਦਾ ਮਿੱਤਰ ਹੋਣ ਕਰ ਕੇ, ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਬਾ ਪ੍ਰਹਿਲਾਦ ਸਿੰਘ ਦਾ ਨੰਦੇੜ ਵਿਖੇ ਕਤਲ ਕਰਨ ਵਾਲੇ ਭਾਈ ਆਲਾ ਸਿੰਘ ਨੂੰ ਸਰਕਾਰੀ ਸ਼ਹਿ ਪ੍ਰਾਪਤ ਸੀ। 1922-23 ਵਿਚ ਜਦ ਸਿੰਘਾਂ ਨੇ ਅੰਗਰੇਜ਼ਾਂ ਵਿਰੁੱਧ ਕਿਰਪਾਨ ਰੱਖਣ ਲਈ ਮੋਰਚਾ ਲਾਇਆ ਤਾਂ ਨਿਹੰਗ ਜਥੇਦਾਰ ਕਲਾਧਾਰੀ ਜੀ ਵੀ ਗ੍ਰਿਫਤਾਰ ਹੋਏ। ਆਖਰ ਵਿਚ ਅੰਗਰੇਜ਼ ਸਰਕਾਰ ਨੇ ਸਿੱਖਾਂ ਨੂੰ ਕਿਰਪਾਣ ਰੱਖਣ ਦੀ ਇਜਾਜ਼ਤ ਦੇ ਦਿੱਤੀ।
ਸਿੱਖ ਇਤਿਹਾਸ ਵਿਚ ਨਿਹੰਗ ਆਪਣੀ ਨਿਰਭੈਤਾ, ਬਹਾਦਰੀ ਤੇ ਬੋਲੀਆਂ ਕਰਕੇ ਜਾਣੇ ਜਾਂਦੇ ਰਹੇ ਹਨ। ਨਿਹੰਗ ਬੋਲੇ ਉਹ ਸੰਕੇਤਕ ਸ਼ਬਦਾਵਲੀ ਹੈ ਜੋ ਸਿੰਘਾਂ ਨੇ ਆਪਣੀ ਗੱਲਬਾਤ ਗੁਪਤ ਰੱਖਣ ਲਈ ਰਚੀ ਸੀ। ਤੇ ਜੋ ਬਾਅਦ ਵਿਚ ਕੁਝ ਹੱਦ ਤੱਕ ਪੰਜਾਬੀ ਭਾਸ਼ਾ ਦਾ ਅੰਗ ਬਣ ਗਈ। ਮਿਸਾਲ ਦੇ ਤੌਰ 'ਤੇ ਉਗਰਾਹੀ, ਉਜਾਗਰ, (ਦੀਵਾ) ਅਗਕੀ (ਘੋੜੀ) ਸ਼ਹੀਦੀ ਦੇਗ (ਘੋਟੀ ਹੋਈ ਭੰਗ) ਤਨਖ਼ਾਹ (ਧਾਰਮਿਕ ਦੰਡ) ਲੰਗਰ ਮਸਤਾਨਾ ਹੋਣਾ (ਖਤਮ ਹੋਣਾ) ਬਦਾਮ (ਛੋਲੇ) ਰੂਪਾ (ਗੰਢਾ) ਇਸ ਸ਼ਬਦਾਵਲੀ ਦੀਆਂ ਕੁਝ ਮਿਸਾਲਾਂ ਹਨ। ਇਹ ਇਨ੍ਹਾਂ ਦੀ ਚੜ੍ਹਦੀ ਕਲਾ ਦੇ ਵੀ ਪ੍ਰਤੀਕ ਹਨ। ਜੇ ਭੁੱਖੇ ਰਹਿੰਦੇ ਤਾਂ ਲੰਗਰ ਮਸਤ ਹੈ ਕਹਿੰਦੇ, ਜੇ ਛੋਲੇ ਖਾਂਦੇ ਤਾਂ ਬਦਾਮ ਕਹਿੰਦੇ ਇਕ ਨੂੰ ਸਵਾ ਲੱਖ ਫ਼ੌਜ, ਮਰਨ ਨੂੰ ਚੜ੍ਹਾਈ ਕਰਨਾ, ਡੇਰੇ ਨੂੰ ਛਾਉਣੀ ਕਹਿਣਾ, ਉਨ੍ਹਾਂ ਦੀ ਚੜ੍ਹਦੀ ਕਲਾ ਪ੍ਰਗਟਾਉਂਦੇ ਹਨ।
ਸਰਦਾਰ ਕਪੂਰ ਸਿੰਘ ਦੇ ਵਲੇ ਤੋਂ ਬੁੱਢਾ ਦਲ ਨਿਹੰਗ ਦਾ ਮੁੱਖ ਦਲ ਰਿਹਾ ਹੈ। ਦੂਸਰਾ ਦਲ ਜਵਾਨਾਂ ਦਾ ਜਿਸ ਨੂੰ ਤਰੁਣਾ ਦਲ ਕਿਹਾ ਜਾਂਦਾ ਹੈ ਤੇ ਸਮਾਂ ਬੀਤਣ ਨਾਲ ਹੁਣ ਕਈ ਤਰੁਣਾ ਦਲ ਹੋ ਗਏ ਹਨ। ਤਰੁਣਾ ਦਲ ਦਾ ਮੁੱਖ ਕੇਂਦਰ ਗੁਰਦੁਆਰਾ ਹਰੀਆਂ ਵੇਲਾਂ ਪਿੰਡ ਬਿਜਨੌਰ ਜੋ ਹੁਸ਼ਿਆਰਪੁਰ ਤੋਂ 10 ਕਿਲੋਮੀਰ ਦੱਖਣ ਪੂਰਬ ਵੱਲ ਹੈ ਵਿਖੇ ਹੈ ਤੇ ਇਸ ਦੇ ਮੌਜ਼ੂਦਾ ਮੁਖੀ ਹਨ ਬਾਬਾ ਨਿਹਾਲ ਸਿੰਘ। ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਕਿ ਸੱਤਵੇਂ ਗੁਰੂ 1651 ਵਿਚ ਕੀਰਤਪੁਰ ਜਾਂਦੇ ਹੋਏ ਏਥੇ ਰੁਕੇ ਸਨ। ਏਥੇ ਇਕ ਉਨ੍ਹਾਂ ਦਾ ਸ਼ਰਧਾਲੂ ਪਰਜਾਪਤ ਉਨ੍ਹਾਂ ਦੇ ਘੋੜਿਆਂ ਲਈ ਸੁੱਕੀਆਂ ਵੇਲਾਂ ਲੈ ਕੇ ਆਇਆ ਸੀ ਜੋ ਗੁਰੂ ਜੀ ਦੇ ਬਚਨ ਨਾਲ ਹਰੀਆਂ ਹੋ ਗਈਆਂ ਸਨ। ਬੁੱਢਾ ਦਲ ਦਾ ਮੁੱਖ ਕੇਂਦਰ ਤਲਵੰਡੀ ਸਾਬੋ ਹੈ ਪਰ ਇਹ ਲੋਕ ਆਪਣੇ ਆਪ ਨੂੰ ਛਿਆਨਵੇਂ ਕਰੋੜੀ ਚਲਦਾ ਵਹੀਰ ਕਹਿ ਕੇ ਹਮੇਸ਼ਾ ਗਤੀਸ਼ੀਲ ਰਹਿੰਦੇ ਹਨ। ਨਿਹੰਗ ਛਾਉਣੀਆਂ ਪੰਜਾਬ ਤੋਂ ਇਲਾਵਾ, ਯੂ.ਪੀ., ਮੱਧ ਪ੍ਰਦੇਸ, ਮਹਾਰਾਸ਼ਟਰ ਤੇ ਹੋਰ ਸੂਬਿਆਂ ਵਿਚ ਹਨ ਤੇ ਵਿਦੇਸ਼ ਵਿਚ ਵੀ ਦੇਖੀਆਂ ਜਾ ਸਕਦੀਆਂ ਹਨ। ਨਿਹੰਗ ਅੱਜ ਵੀ ਧਰਮ ਕਰਮ ਦੇ ਪੱਕੇ, ਗੁਰੂ ਗ੍ਰੰਥ ਸਾਹਿਬ, ਦਸਮ ਗੰ੍ਰਥ ਤੇ ਸਰਬ ਲੋਹ ਗ੍ਰੰਥ (ਜੋ ਦਸਮ ਪਿਤਾ ਦੀ ਰਚਨਾ ਮੰਨਿਆ ਜਾਂਦਾ ਹੈ) 'ਤੇ ਸ਼ਿਚਾ ਰੱਖਦੇ ਹਨ। ਪੂਰੀ ਮਰਯਾਦਾ ਅਨੁਸਾਰ ਸਾਦਾ ਜੀਵਨ ਬਿਤਾਉਂਦੇ ਹਨ। ਭਾਵੇਂ ਸਿਖਿਆ ਦੀ ਘਾਟ ਕਰ ਕੇ ਤੇ ਆਪਣੇ ਅਨੋਖੇ ਪਹਿਰਾਵੇ ਤੇ ਰਹਿਣ ਸਹਿਣ ਕਰ ਕੇ ਸਿੱਖ ਮੁੱਖ ਧਾਰਾ ਤੋਂ ਅਲੱਗ ਰਹਿੰਦੇ ਹਨ ਪਰ ਕਈ ਇਤਿਹਾਸਕ ਮੌਕਿਆਂ 'ਤੇ ਖਾਸ ਕਰ ਕੇ ਹੋਲੇ ਮਹੰਲੇ 'ਤੇ ਜਦ ਅਨੰਦਪੁਰ ਸਾਹਿਬ ਵਿਖੇ ਉਹ ਆਪਣੀ ਸ਼ਸਤਰ ਵਿੱਦਿਆ ਦੇ ਜੌਹਰ ਦਿਖਾਉਂਦੇ ਹਨ ਤੇ ਜਦੋਂ ਜਲੂਸ ਦੀ ਸ਼ਕਲ ਵਿਚ ਮਹੱਲਾ ਚੜ੍ਹਦਾ ਹੈ, ਉਹ ਆਪਣੀਆਂ ਉਚੀਆਂ ਪੱਗਾਂ ਤੇ ਚਿੰਨ੍ਹ ਤੇ ਸ਼ਸਤਰ ਲਾ ਕੇ ਫਰਲੇ ਛੱਡ ਕੇ ਘੋੜਿਆਂ 'ਤੇ ਬੈਠ ਕੇ ਨਿਕਲਦੇ ਹਨ ਤਾਂ ਉਨ੍ਹਾਂ ਦਾ ਜਲਾਲ ਵੇਖਣ ਵਾਲਾ ਹੁੰਦਾ ਹੈ ਹਰ ਸਾਲ ਹੋਲੇ ਮਹੱਲੇ ਤੇ ਸਭ ਤੋਂ ਵੱਡੀ ਪੱਗ ਬੰਨਣ ਵਾਲਾ ਨਿਹੰਗ ਮੇਜਰ ਸਿੰਘ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਸੰਨ 2009 ਵਿਚ ਉਸਨੇ 430 ਮੀਟਰ ਲੰਬੀ ਪੱਗ ਬੰਨ ਕੇ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ। ਹੋਲਾ ਮਹੱਲੇ ਦਾ ਤਿਉਹਾਰ ਗੁਰ ਗੋਬਿੰਦ ਸਿੰਘ ਵੇਲੇ ਸ਼ੁਰੂ ਹੋਇਆ ਸੀ ਜਦ ਗੁਰੂ ਜੀ ਨੇ ਆਪਣੇ ਨਵੇਂ ਸਿਰਜੇ ਖਾਲਸੇ ਨੂੰ ਯੁੱਧ ਵਿੱਦਿਆ ਵਿਚ ਪਰਬੀਨ ਕਰਨ ਲਈ ਉਨ੍ਹਾਂ ਦੇ ਬਨਾਵਟੀ ਮੁਕਾਬਲੇ ਕਰਵਾ ਕੇ ਉਨ੍ਹਾਂ ਵਿਚ ਹੋਲੀ ਖੇਲਣ ਦਾ ਨਵਾਂ ਢੰਗ ਪ੍ਰਚਲਿਤ ਕੀਤਾ।
ਸਰਬ ਲੋਹ ਗ੍ਰੰਥ
ਨਿਹੰਗਾਂ ਦੀ ਚਰਚਾ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਵੀ ਜ਼ਿਕਰ ਕਰਨਾ ਬਣਦਾ ਹੈ। ਸਰਬ ਲੋਹ ਦਸਮ ਪਿਤਾ ਦੀ ਰਚਨਾ ਹੈ, ਇਸ ਬਾਰੇ ਵਿਦਵਾਨ ਸਹਿਮਤ ਨਹੀਂ ਹਨ, ਪਰ ਇਹ ਰਚਨਾ ਕਿਸੀ ਐਸੇ ਨਿਹੰਗ ਸਿੰਘ ਦੀ ਜਾਪਦੀ ਹੈ ਜੋ ਸ਼ਸਤਰ, ਸ਼ਾਸਤਰ, ਸਾਹਿਤ, ਸੰਗੀਤ ਤੇ ਛੰਦ ਵਿਵਸਥਾ, ਪੰਜਾਂ ਦਾ ਗਿਆਤਾ ਸੀ। ਪੰਜ ਅਧਿਆਵਾਂ ਵਾਲੇ ਇਸ ਗ੍ਰੰਥ ਦੀ ਪ੍ਰਧਾਨ ਭਾਸ਼ਾ ਬ੍ਰਜ ਹੈ ਤੇ ਸ਼ੈਲੀ ਪੁਰਾਣਿਕ ਪੁਰਾਣਾਂ ਵਾਂਗ ਹੈ। ਕਥਾ ਦੈਂਤਾਂ ਤੇ ਦੇਵਤਿਆਂ ਦੇ ਯੁੱਧ ਦੀ ਹੈ। ਜਦ ਦੇਵਤੇ ਹਾਰਦੇ ਹਨ ਤਾਂ ਉਹ ਮਦਦ ਲਈ ਮਹਾਂਕਾਲ ਕੋਲ ਜਾਂਦੇ ਹਨ। ਇਹ ਮਹਾਂਕਾਲ ਸਰਬਲੋਹ ਰੂਪ ਵਿਚ ਅਵਤਾਰ ਹੈ ਜੋ ਦੇਵਤਿਆਂ ਨੂੰ ਜਿਤਾਉਂਦਾ ਹੈ। ਉਸ ਤੋਂ ਬਾਅਦ ਦਸ ਅਵਤਾਰਾਂ ਦੀ ਕਥਾ, ਤੇ ਦਸਮ ਗੁਰੂ ਦੀ ਗੁਰਗੱਦੀ ਤੇ ਖਾਲਸਾ ਪ੍ਰਕਾਸ਼ ਦਾ ਜ਼ਿਕਰ ਹੈ। ਭਾਈ ਰਤਨ ਸਿੰਘ ਭੰਗੂ ਰਚੈਤਾ ਪੰਥ ਪ੍ਰਕਾਸ਼ ਭੀ ਨਿਹੰਗ ਸਿੰਘ ਸਨ। ਕੌਰ ਸਿੰਘ ਨਿਹੰਗ, ਅਕਾਲੀ ਬਹੁਤ ਉੱਚੇ ਵਿਦਵਾਨ ਸਨ ਜਿਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਹਿੱਤ ਵਡਮੁੱਲੀ ਸਾਹਿਤਕ ਰਚਨਾ ਕੀਤੀ। 28 ਜੂਨ 1886 ਨੂੰ ਜੰਮੂ ਕਸ਼ਮੀਰ ਦੇ ਮੁਜਫਰਾਬਾਦ ਜ਼ਿਲੇ (ਕਸਬਾ ਚਕਾਰ ਪਿੰਡ ਪੱਧਰ) ਵਿਚ ਪੈਦਾ ਹੋਏ ਇਸ ਨਿਹੰਗ ਵਿਦਵਾਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਤੁਕ-ਤਤਕਰਾਂ ਪ੍ਰਕਾਸ਼ਤ ਕਰਾ। ਤੁਕ-ਤਤਕਰੇ ਰਾਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਵਾਰਾਂ ਦੀ ਹਰ ਪੰਕਤੀ (ਕਿਹੜੇ ਪੰਨੇ 'ਤੇ) ਹੈ ਲੱਭ ਸਕਦੇ ਹਾਂ। ਆਪ ਜੀ 23 ਜਨਵਰੀ 1952 ਨੂੰ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਏ।
ਉੱਪਰ ਦਿੱਤੀ ਵਿਚਾਰ ਅਨੁਸਾਰ ਪ੍ਰਮੁੱਖ ਸਿੱਖ ਸੰਪ੍ਰਦਾਵਾਂ ਉਦਾਸੀ ਨਰਮਲੇ, ਸੇਵਾ ਪੰਥੀ, ਨਿਰੰਕਾਰੀ, ਨਾਮਧਾਰੀ ਤੇ ਨਿਹੰਗ ਹੀ ਹਨ। ਇਨ੍ਹਾਂ ਤੋਂ ਇਲਾਵਾ ਐਸੀਆਂ ਹੋਰ ਛੋਟੀਆਂ ਸੰਪ੍ਰਦਾਵਾਂ ਹਨ ਜਿਨ੍ਹ ਦੇ ਅਨੁਆਈ ਸਿੱਖ ਧਰਮ ਵੱਲ ਝੁਕਾ ਰੱਖਦੇ ਹਨ, ਜਿਵੇਂ ਵਣਜਾਰੇ, ਸਤਿਕਰਤਾਰੀਏ, ਸਤਿਨਾਮੀਏ, ਰਾਮਦਾਸੀਏ, ਰਵੀਦਾਸੀਏ ਆਦਿ। ਐਸੇ ਛੋਟੇ ਮੱਤ ਅਨੇਕਾਂ ਹਨ ਜੋ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਦੇ ਹਨ। ਸਿੰਧੀ ਵੀ ਵੱਡੀ ਗਿਣਤੀ ਵਿਚ ਗੁਰੂ ਨਾਨਕ ਦੇ ਉਪਾਸ਼ਕ ਰਹੇ ਹਨ। ਪਰ ਐਸੇ ਸਾਰੇ ਨਾਨਕ-ਗੋਬਿੰਦ ਸਿੰਘ ਨਾਮ ਲੇਵਾ ਹੁਣ ਹੋਲੀ-ਹੋਲੀ ਸਿੱਖ ਧਰਮ ਤੋਂ ਅਲੱਗ ਥਲੱਗ ਹੁੰਦੇ ਜਾ ਰਹੇ ਹਨ। ਸਿੱਖਾਂ ਵਲੋਂ ਉਨ੍ਹਾਂ ਨੂੰ ਨਾਲ ਰੱਖਣ ਲਈ ਕੋਈ ਲਾਹੇਵੰਦ ਉਦਮ ਵੀ ਨਹੀਂ ਹੋ ਰਹੇ। ਜ਼ਰੂਰਤ ਹੈ ਪ੍ਰਚਾਰ ਦੀ ਤਾਂ ਕਿ ਸਾਰੀਆਂ ਛੋਟੀਆਂ ਵੱਡੀਆਂ ਸੰਪ੍ਰਦਾਵਾਂ ਨੂੰ ਸਿੱਖ ਧਰਮ ਨਾਲ ਜੋੜੀ ਰੱਖਿਆ ਜਾ ਸਕੇ।
(27) Question:- ਕਈ ਨਿਹੰਗ ਸਿੰਘ ਭੰਗ ਨੂੰ ਸ਼ਹੀਦੀ ਦੇਗ ਕਹਿੰਦੇ ਹਨ ਤੇ ਕਈ ਸੁਖਨਿਧਾਨ ਵੀ। ਕੀ ਇਹ ਗੁਰਮਤਿ ਵਿਚ ਪ੍ਰਵਾਨ ਹੈ?
Answer:- ਇਹ ਬੜੇ ਦੁੱਖ ਦੀ ਗੱਲ ਹੈ ਕਿ ਸਿੱਖ ਧਰਮ ਦਾ ਇਕ ਅਹਿਮ ਅੰਗ ਨਿਹੰਗ ਸਿੰਘ ਭੰਗ ਜਿਹੇ ਮਾਰੂ ਨਸ਼ੇ ਦਾ ਪ੍ਰਯੋਗ ਕਰਦੇ ਹੋਏ ਇਸ ਨੂੰ ਇਕ ਜ਼ਰੂਰੀ ਵਸਤੂ ਸਮਝਦੇ ਹਨ। ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਗੁਰਬਾਣੀ ਵਿਚ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਨਾ ਸਿੱਖਾਂ ਲਈ ਮਨ੍ਹਾ ਹੈ। ਉਨ੍ਹਾਂ ਨੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਪੀਣ ਲਈ ਭੰਗ ਪੇਸ਼ ਕੀਤੀ ਤਾਂ ਗੁਰੂ ਜੀ ਨੇ ਉਸਨੂੰ ਸਮਝਾਇਆ ਕਿ ਅਸਲੀ ਭੰਗ ਤਾਂ ਵਾਹਿਗੁਰੂ ਦਾ ਨਾਮ ਹੈ ਜਿਸ ਦਾ ਨਸ਼ਾ ਉਤਰਦਾ ਹੀ ਨਹੀਂ। ਆਪ ਜੀ ਦਾ ਬਚਨਾ ਹੈ:- ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ।। (ਅੰਗ 721)
ਜਿਸ ਤੋਂ ਭਾਵ ਹੈ ਕਿ ਵਾਹਿਗੁਰੂ ਦਾ ਡਰ ਹੀ ਮੇਰੀ ਭੰਗ ਹੈ ਤੇ ਇਸ ਭੰਗ ਨੂੰ ਸਾਂਭਣ ਵਾਲੀ ਚਮੜੇ ਦੀ ਗੁਥਲੀ ਮੇਰਾ ਮਨ ਹੈ। ਰਵਾਇਤ ਇਹ ਵੀ ਹੈ ਕਿ ਆਮਤੌਰ 'ਤੇ ਇਹ ਵੀ ਕਿਹਾ ਜਾਂਦਾ ਹੈ:- ਪੋਸਤ, ਭੰਗ, ਅਫੀਮ, ਮਦ ਉਤਰ ਜਾਣ ਪਰਭਾਤਿ।।
ਨਾਮ ਖੁਮਾਰੀ ਨਾਨਕਾ ਚੜ੍ਹੀ ਰਹੈ ਦਿਨੁ ਰਾਤਿ।। (ਨੋਟ :ਇਹ ਤੁਕਾਂ ਪਾਵਨ ਗੁਰਬਾਣੀ ਦਾ ਹਿੱਸਾ ਨਹੀਂ ਹਨ।)
ਪੰਜਾਬੀ ਯੂਨੀਵਰਸਿਟੀ ਦੁਆਰਾ ਛਾਪੀ ਗਈ 'ਮੱਕੇ ਮਦੀਨੇ ਦੋ ਗੋਸ਼ਟਿ' ਵਿਚ ਵੀ ਗੁਰੂ ਮਹਾਰਾਜ ਦੁਆਰਾ ਮੁਸਲਮਾਨਾਂ ਨੂੰ ਭੰਗ ਪੀਣ ਤੋਂ ਮਨ੍ਹਾਂ ਕਰਦੇ ਹੋਏ ਦੱਸਿਆ ਗਿਆ ਹੈ। ਰਹਿਤਨਾਮਿਆਂ ਵਿਚ ਵੀ ਐਸਾ ਹੀ ਜ਼ਿਕਰ ਆਉਂਦਾ ਹੈ ਤੇ ਭਾਈ ਗੁਰਦਾਸ ਜੀ ਦੀ ਉਨਤਾਲੀਵੀ ਵਾਰ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਕ ਹੁਕਮਨਾਮਾ ਵੀ ਭੰਗ, ਅਫੀਮ, ਪੋਸਤ ਵਰਗੇ ਅਮਲਾਂ ਦੇ ਇਸਤੇਮਾਲ ਨੂੰ ਮਨ੍ਹਾਂ ਕਰਦੇ ਹਨ। ਸ਼ਾਇਦ ਨਿਹੰਗ ਵੀਰ ਇਹੋ ਜਿਹੇ ਹਵਾਲਿਆਂ ਤੇ ਤੁਕਾਂ ਤੋਂ ਵਾਕਫ ਨਹੀਂ ਹਨ। ਇਹੀ ਕਾਰਨ ਹੈ ਕਿ ਉਹ ਗੁਰਬਾਣੀ ਵਿਚ ਆਏ ਸ਼ਬਦ 'ਸੁਖਨਿਧਾਨ' ਦਾ ਭਾਵ ਨਹੀਂ ਸਮਝਦੇ। ਮਿਸਾਲ ਦੇ ਤੌਰ 'ਤੇ ਗੁਰਬਾਣੀ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ:-
ਸੁਖ ਨਿਧਾਨ ਹਰਿ ਅਲਖ ਸੁਆਮੀ।। (ਅੰਗ 184)
ਸੁਖ ਨਿਧਾਨੁ ਪ੍ਰਭੁ ਏਕੁ ਹੈ...।। (ਅੰਗ 319)
ਕੁਝ ਨਿਹੰਗਾਂ ਦੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 'ਸੁਖਨਿਧਾਨ ਦੇਗ' ਤਿਆਰ ਕਰਨ ਤੇ ਛਕਣ-ਛਕਾਉਣ ਦੀ ਪ੍ਰਥਾ ਨੂੰ ਪ੍ਰਵਾਨ ਕਰ ਰੱਖਿਆ ਹੈ ਜਿਸਦਾ ਕਿ ਕੋਈ ਧਾਰਮਿਕ ਆਧਾਰ ਨਹੀਂ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਨਿਹੰਗ ਵੀਰਾਂ ਨੂੰ ਗੁਰਬਾਣੀ ਦੇ ਇਸ ਪਹਿਲੂ ਤੋਂ ਜਾਣੂ ਕਰਵਾਇਆ ਜਾਵੇ ਤਾਂ ਕਿ ਉਹ ਆਪਣੇ ਜੀਵਨ ਵਿਚੋਂ ਐਸੇ ਨਸ਼ਿਆਂ ਨੂੰ ਕੱਢ ਕੇ ਸੱਚੀ ਪ੍ਰਭੂ-ਭਗਤੀ ਨਾਲ ਜੁੜ ਸਕਣ। ਸਿੱਖ ਧਰਮ ਦੇ ਇਕ ਅਟੁੱਟ ਅੰਗ ਹੁੰਦੇ ਹੋਏ ਨਿਹੰਗ ਸਿੰਘਾਂ ਲਈ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੇ ਹੇਠ ਲਿਖੇ ਸ਼ਬਦ ਯੌਗ ਅਗਵਾਈ ਦੇ ਸਕਦੇ ਹਨ। ਗੁਰਦੁਆਰਿਆਂ ਵਿਚੋਂ ਭੰਗ ਦੇ ਡੰਡੇ-ਕੁੰਡੇ ਹਟਾ ਕੇ ਸਾਵਧਾਨ ਹੋਵੋ। ਨਾਮ, ਗੁਰਬਾਣੀ ਤੇ ਕੀਰਤਨ ਦੀ ਅਖੰਡ ਪ੍ਰਵਾਹ ਚਲਾਓ ਤੇ ਕੌਮ ਨੂੰ ਸੱਚੀ ਸਿੱਖ ਦਾ ਮਾਰਗ ਪਰ ਤੋਰੋ.... (ਅਕਾਲੀ ਫੂਲਾ ਸਿੰਘ, ਅੰਗ 118-19)
(28) Question:- ਸਿੱਖਾਂ ਦੇ ਕੈਲੰਡਰ ਬਾਰੇ ਜਾਣਕਾਰੀ ਦਿਉ, ਇਹ ਈਸਵੀ, ਸੰਨ ਤੇ ਬਿਕ੍ਰਮੀ ਸੰਮਤ ਤੋਂ ਕਿਸ ਤਰ੍ਹਾਂ ਅਲੱਗ ਹੈ। ਇਹ ਕੈਲੰਡਰ ਕਦੋਂ ਲਾਗੂ ਕੀਤਾ ਗਿਆ?
Answer:- ਸਿੱਖਾਂ ਦੇ ਕੈਲੰਡਰ ਦਾ ਨਾਂ ਹੈ ਨਾਨਕਸ਼ਾਹੀ ਕੈਲੰਡਰ। ਇਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਸ਼ੁਰੂ ਹੁੰਦਾ ਹੈ। ਉਸ ਸਾਲ 1469 ਵਿਚ ਜਦ ਗੁਰੂ ਨਾਨਕ ਦੇਵ ਜੀ ਪੈਦਾ ਹੋਏ ਸਨ, ਬਿਕ੍ਰਮੀ ਸੰਮਤ 1526 ਸੀ। ਸੋ ਈਸਵੀ ਸੰਨ ਜੋ ਈਸਾ ਦੇ ਸੰਸਾਰ ਤਿਆਗਣ ਤੋਂ ਸ਼ੁਰੂ ਹੁੰਦਾ ਹੈ, ਬਿਕ੍ਰਮੀ ਸੰਨ, (ਜਿਸ ਦਾ ਸੰਬੰਧ ਉਜੈਨ ਦੇ ਰਾਜੇ ਬਿਕ੍ਰਮਾਦਿੱਤ ਨਾਲ ਹੈ) ਤੋਂ 57 ਸਾਲ ਬਾਅਦ ਸ਼ੁਰੂ ਹੋਇਆ। ਲੰਬੇ ਸਮੇਂ ਤੋਂ ਸਿੱਖ ਆਪਣਾ ਕੈਲੰਡਰ ਅਪਨਾਉਣਾ ਚਾਹੁੰਦੇ ਸਨ ਪਰ ਇਸ ਨੂੰ ਬਨਾਉਣ ਵਿਚ ਕਾਫੀ ਸਮਾਂ ਲੰਘ ਗਿਆ। ਆਖਿਰਕਾਰ ਇਕ ਕਨੈਡੀਅਨ ਸਿੱਖ (ਸੇਵਾ ਮੁਕਤ ਕੰਪਿਊਟਰ ਇੰਜੀਨੀਅਰ) ਸ੍ਰ. ਪਾਲ ਸਿੰਘ ਪੁਰੇਵਾਲ ਨੇ ਇਹ ਕੈਲੰਡਰ ਬਣਾਇਆ। ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ 14 ਅਪ੍ਰੈਲ 2003 ਨੂੰ ਸ਼ੁਰੂ ਕੀਤਾ। ਇਹ ਕੈਲੰਡਰ ਸੂਰਜੀ ਹੈ ਚੰਦਾਇਨੀ ਨਹੀਂ। ਇਸ ਵਿਚ 365 ਦਿਨ 5 ਘੰਟੇ 48 ਮਿੰਟ ਤੇ 45 ਸੈਕਿੰਡ ਹੁੰਦੇ ਹਨ। ਇਹ ਸਾਲ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ, ਸੋ ਹਰ 4 ਸਾਲ ਬਾਅਦ ਲੀਪ ਸਾਲ ਕਰ ਕੇ ਅਖੀਰਲਾ ਮਹੀਨਾ ਫੱਗਣ (14 ਮਾਰਚ 2009 ਨੂੰ ਨਾਨਕਸ਼ਾਹੀ 541 ਸ਼ੁਰੂ ਹੋਇਆ ਹੈ।) ਇਕ ਦਿਨ ਜ਼ਿਆਦਾ ਹੁੰਦਾ ਹੈ। ਸਾਲ ਦੇ ਮਹੀਨਿਆਂ ਦਾ ਕ੍ਰਮ, ਸ਼ੁਰੂ ਦੀ ਤਾਰੀਖ ਤੇ ਦਿਨਾਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ।
ਮਹੀਨਾ ਕੁਲ ਦਿਨ ਸ਼ੁਰੂ ਹੋਣ ਦੀ ਈਸਵੀ ਤਾਰੀਖ
ਚੇਤ 31 14 ਮਾਰਚ
ਵੈਸਾਖ 31 14, 15 ਅਪ੍ਰੈਲ
ਜੇਠ 31 15 ਮਈ
ਹਾੜ 31 15 ਜੂਨ
ਸਾਵਣ 31 16 ਜੁਲਾਈ
ਭਾਦਰੋਂ 30 16 ਅਗਸਤ
ਅੱਸੂ 30 15 ਸਤੰਬਰ
ਕੱਤਕ 30 15 ਅਕਤੂਬਰ
ਮੱਘਰ 30 14 ਨਵੰਬਰ
ਪੋਹ 30 14 ਦਸੰਬਰ
ਮਾਘ 30 13 ਜਨਵਰੀ
ਫੱਗਣ 30 (ਲੀਪ ਦੇ ਸਾਲ ਵਿਚ)-31 12 ਫਰਵਰੀ
(29) Question:- ਸਿੱਖਾਂ ਦੀ ਜ਼ਿੰਦਗੀ ਵਿਚ ਤਿਉਹਾਰ ਤੇ ਮੇਲੇ ਕੀ ਅਹਿਮੀਅਤ ਰੱਖਦੇ ਹਨ। ਪਿਛਲੇ ਕੁਝ ਸਾਲਾਂ ਵਿਚ ਮਨਾਈਆਂ ਗਈਆਂ ਗੁਰੂ ਸ਼ਤਾਬਦੀਆਂ ਦੀ ਕੀ ਮਹੱਤਤਾ ਹੈ। ਇਸ ਬਾਰੇ ਵੀ ਜ਼ਿਕਰ ਕਰੋ।
Answer:- ਭਾਵੇਂ ਸਿੱਖ ਭਾਰਤ ਦੇਸ਼ ਵਿਚ ਰਹਿੰਦੇ ਹੋਏ ਕਈ ਤਰ੍ਹਾਂ ਦੇ ਸਾਂਝੇ ਤਿਉਹਾਰ ਜਿਵੇਂ ਕਿ ਦੀਵਾਲੀ ਦਿਵਸ, ਅਤੇ ਮਹਾਤਮਾ ਗਾਂਧੀ ਦੀ ਜਯੰਤੀ ਦਿਵਸ, ਸਾਰੇ ਭਾਰਤੀਆਂ ਨਾਲ ਮਿਲ ਕੇ ਮਨਾਉਂਦੇ ਰਹੇ ਹਨ, ਪਰ ਉਹਨਾਂ ਦੇ ਜ਼ਿਆਦਾ ਮਹੱਤਵਪੂਰਨ ਤਿਉਹਾਰ ਗੁਰੂਆਂ ਦੇ ਜੀਵਨ ਨਾਲ ਸੰਬੰਧਿਤ ਦਿਨਾਂ ਨਾਲ ਜੁੜੇ ਹੋਏ ਹਨ। ਜਿਵੇਂ ਕਿ ਅਵਤਾਰ ਪੁਰਬ, ਗੁਰਿਆਈ ਦਿਵਸ, ਸ਼ਹੀਦੀ ਦਿਵਸ ਆਦਿ। ਪਿਛਲੇ ਕੁਝ ਸਾਲਾਂ ਵਿਚ ਗੁਰੂਆਂਦੇ ਇਨ੍ਹਾਂ ਦਿਨਾਂ ਦੀਆਂ ਸ਼ਤਾਬਦੀਆਂ ਵੀ ਬੜੀ ਧੂਮਧਾਮ ਨਾਲ ਮਨਾਈਆਂ ਗਈਆਂ ਹਨ। 1966 ਵਿਚ ਸਭ ਤੋ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਜਨਮ ਸ਼ਤਾਬਦੀ ਨੇ ਸਿੱਖਾਂ ਦਾ ਧਿਆਨ ਆਕਰਸ਼ਿਤ ਕੀਤਾ ਤੇ ਉਨ੍ਹਾਂ ਨੇ ਇਸ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਫਿਰ ਆਈ 1969 ਵਿਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜਨਮ ਸ਼ਤਾਬਦੀ। 1975 ਵਿਚ ਗੁਰੂ ਤੇਗ ਬਹਾਦਰ ਜੀ ਦੀ ਤੀਜੀ ਸ਼ਹਾਦਤ ਸ਼ਤਾਬਦੀ ਤੇ 1979 ਵਿਚ ਤੀਜੇ ਗੁਰੂ ਜੀ ਦੀ ਪੰਜਵੀਂ ਜਨਮ ਸ਼ਤੀਬਦੀ ਵੀ ਹੁੰਮਮੁੰਮਾ ਕੇ ਮਨਾਈਆਂ ਗਈਆਂ। 1999 ਵਿਚ ਖਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਵੀ ਸਾਰੀ ਦੁਨੀਆਂ ਵਿਚ ਮਨਾਈ ਗਈ। ਸੰਨ 2004 ਵਿਚ ਕਈ ਸ਼ਤਾਬਦੀਆਂ ਦਾ ਸਾਲ ਸੀ, ਜਿਨ੍ਹਾਂ ਵਿਚ ਗੁਰ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਪੰਜਵੀਂ ਸ਼ਤਾਬਦੀ ਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਸ਼ਾਮਲ ਸਨ। ਜੋ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਿਵਸ ਦੀ ਤੀਜੀ ਸ਼ਤਾਬਦੀ 2008 ਵਿਚ ਆਈ, ਉਸਦਾ ਜਲਾਲ ਹੀ ਵੱਖਰਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ-ਗੱਦੀ ਦਿਵਸ ਦੀ ਤੀਸਰੀ ਸ਼ਤਾਬਦੀ ਕੁਝ ਦਿਨ ਪਹਿਲਾਂ ਨਾਂਦੇੜ ਸ਼ਹਿਰ ਵਿਖੇ ਬੜੀ ਧੂਮਧਾਮ ਨਾਲ ਮਨਾਈ ਗਈ। ਸ਼ਤਾਬਦੀ ਦੇ ਸਾਲ ਭਰ ਚੱਲਣ ਵਾਲੇ ਸਮਾਰੋਹ ਅਜੇ ਜਾਰੀ ਹਨ। ਇਸ ਸ਼ਤਾਬਦੀ ਨੂੰ ਮਨਾਉਣ ਵਿਚ ਸਿੱਖਾਂ ਤੋਂ ਇਲਾਵਾ ਭਾਰਤ ਦੀ ਸਰਕਾਰ ਤੇ ਮਹਾਰਾਸ਼ਟਰ ਦੀ ਸਰਕਾਰ ਨੇ ਵੀ ਬਹੁਤ ਦਿਚਸਪੀ ਲਈ। ਸ਼ਤਾਬਦੀ ਦੇ ਇੰਤਜਾਮਾਂ ਲਈ ਸਰਕਾਰ ਨੇ ਜੋ ਕਮੇਟੀ ਬਣਾਈ ਉਸ ਦਾ ਚੇਅਰਮੈਨ ਸ੍ਰ. ਪੀ.ਐਸ. ਪਸਰੀਚਾ (ਰਿਟਾਇਰਡ ਡੀ.ਜੀ.ਪੀ. ਮਹਾਰਾਸ਼ਟਰ) ਨੂੰ ਬਣਾਇਆ। ਕਰੋੜਾਂ ਰੁਪਏ ਦੇ ਬਜਟ ਪਾਸ ਕੀਤੇ ਗਏ ਅਤੇ ਕਈ ਨਵੀਆਂ ਯੋਜਨਾਵਾਂ ਬਣਾਈਆਂ ਗਈਆਂ। ਇਕ ਯੋਜਨਾ ਗੁਰੂ ਗੋਬਿੰਦ ਸਿੰਘ ਮਾਰਗ ਤਲਵੰਡੀ ਸਾਬੋ ਤੋਂ ਨਾਂਦੇੜ ਤੱਕ ਬਨਾਉਣ ਦੀ ਹੈ ਜੋ ਦੇਸ਼ ਦੇ ਸੱਤ ਸੂਬਿਆਂ ਵਿਚੋਂ ਨਿਕਲੇਗਾ। ਨਾਂਦੇੜ ਵਿਚ ਤੇ ਦਿੱਲੀ ਵਿਚ ਗੁਰੂ ਗੋਬਿੰਦ ਸਿੰਘ ਦੇ ਨਾ ਤੇ ਮੈਮੋਰੀਅਲ ਤੇ ਲਾਇਬ੍ਰੇਰੀ ਬਨਾਉਣ ਦੀ ਯੋਜਨਾ ਹੈ, ਇਸ ਤਰ੍ਹਾਂ ਹੀ ਇਕ ਅਜਾਇਬ ਘਰ ਵੀ ਬਣਾਇਆ ਜਾਵੇਗਾ। ਗੁਰੂ ਜੀ ਨਾਲ ਸੰਬੰਧਿਤ ਕਈ ਵਸਤੂਆਂ ਤੇ ਸ਼ਸਤਰ ਜੋ ਕਈ ਅਸਥਾਨਾਂ ਤੋਂ ਇਕੱਠੇ ਕੀਤੇ ਗਏ ਲੋਕਾਂ ਦੇ ਦਰਸ਼ਨਾਂ ਲਈ ਰੱਖੇ ਗਏ। ਸਭ ਤੋਂ ਮਹੱਤਵਪੂਰਨ ਗੱਲ ਇਸ ਸ਼ਤਾਬਦੀ ਬਾਰੇ ਗੁਰੂ ਮਾਨਿਓ ਗ੍ਰੰਥ ਜਾਗ੍ਰਤੀ ਯਾਤਰਾ ਦੀ ਲੱਗਦੀ ਹੈ ਇਹ ਯਾਤਰਾ ਸਾਰੇ ਹਿੰਦੁਸਤਾਨ ਵਿਚ ਗਈ। ਯਾਤਰਾ ਵਾਲੀ ਬੱਸ ਇਸ ਮੌਕੇ ਲਈ ਖਾਸ ਤਿਆਰ ਕੀਤੀ ਗਈ ਸੀ। ਚਾਰੋਂ ਤਰਫ ਐਸੇ ਸ਼ੀਸ਼ੇ ਲੱਗੇ ਸਨ ਜਿਨ੍ਹਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸ਼ਸਤਰਾਂ ਦੇ ਦਰਸ਼ਨ ਹੁੰਦੇ ਸਨ। ਇਹ ਸਪੈਸ਼ਲ ਬਸ ਇਕ ਮਹਾਰਾਸ਼ਟਰੀਅਨ ਪਰਿਵਾਰ ਜਿਸਦੇ ਮੁੱਖੀ ਸ੍ਰੀ ਵਿਜੇ ਵਾਸਨ ਜੀ ਹਨ ਉਨ੍ਹਾਂ ਵਲੋਂ ਦਿੱਤੀ ਗਈ ਸੀ। ਇਸ ਪਰਿਵਾਰ ਨੇ ਸਿਰਫ ਇਹ ਬਸ ਹੀ ਨਹੀਂ ਦਿੱਤੀ ਬਲਕਿ ਉਸਦੇ ਪਟ੍ਰੋਲ ਦੇ ਦੇਖਭਾਲ ਦਾ ਜ਼ਿੰਮਾ ਵੀ ਆਪਣੇ ਸਿਰ 'ਤੇ ਲਿਆ।
ਭਾਰਤ ਸਰਕਾਰ ਵਲੋਂ ਜਿਥੇ ਟੀ.ਵੀ. 'ਤੇ ਗੁਰੂ ਮਾਨਿਓ ਗ੍ਰੰਥ ਜਾਗ੍ਰਤੀ ਯਾਤਰਾ ਦੇ ਵਿਵਰਣ ਬਾਰੇ ਪ੍ਰਚਾਰ ਕੀਤਾ ਉਥੇ ਹੀ ਜਲੰਧਰ ਦੂਰਦਰਸ਼ਨ ਕੇਂਦਰ ਵਲੋਂ ਗੁਰੂ ਮਾਨਿਓ ਗ੍ਰੰਥ ਦਾ ਇਕ ਸੁੰਦਰ ਟੀ.ਵੀ. ਸੀਰੀਅਲ ਵੀ ਤਿਆਰ ਕੀਤਾ ਗਿਆ। ਇਹ ਸੀਰੀਅਲ ਪੰਜਾਬੀ, ਹਿੰਦੀ ਤੇ ਇੰਗਲਿਸ਼ ਵਿਚ ਸੱਤ ਕਿਸ਼ਤਾਂ ਵਿਚ ਦਿਖਾਇਆ ਗਿਆ ਇਸ ਵਿਚ ਸ਼ਬਦ ਗਾਉਣ ਵਾਲੇ ਗਾਇਕ ਦੇਸ਼ ਦੇ ਸਾਰੇ ਹੀ ਮਸ਼ਹੂਰ ਗਾਇਕ ਜਿਵੇ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਪੰਡਿਤ ਜਸਰਾਜ, ਸੁਰੇਸ਼ ਵਾਡੇਕਰ, ਅਲਕਾ ਯਾਗਨਿਕ ਆਦਿ ਸਨ। ਇਸ ਦਾ ਸਕ੍ਰਿਪਟ ਪੰਜਾਬੀ ਦੇ ਉਘੇ ਕਵੀ ਸੁਰਜੀਤ ਪਾਤਰ ਨੇ ਲਿਖਿਆ ਸੀ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਜੋਧ ਸਿੰਘ ਦੀ ਖੋਜ 'ਤੇ ਆਧਾਰਿਤ ਸੀ। ਸ੍ਰ. ਉੱਤਮ ਸਿੰਘ ਨੇ ਸੰਗੀਤ ਦਿੱਤਾ ਸੀ।
ਇਸ ਸ਼ਤਾਬਦੀ ਦੀਆਂ ਹੋਰ ਮੁੱਖ ਯੌਜਨਾਵਾਂ ਵਿਚ ਜਿਥੇ ਫਤਹਿਗੜ੍ਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਉਥੇ ਹੀ ਚੀਫ ਖਾਲਸਾ ਦੀਵਾਨ ਨੇ ਵੀ ਅੰਮ੍ਰਿਤਸਰ ਵਿਖੇ ਯੂਨੀਵਰਸਿਟੀ ਬਨਾਉਣ ਦੀ ਘੋਸ਼ਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਪੈਨਿਸ਼ ਵਿਚ ਜੋ ਕਿ ਬਾਬਾ ਜੀਤ ਸਿੰਘ ਨੇ ਆਪਣੀ ਪਤਨੀ ਬੀਬੀ ਅੰਮ੍ਰਿਤ ਕੌਰ ਦੇ ਨਾਲ ਲਿਖੇ ਸਨ, ਉਸਦਾ ਵਿਮੋਚਨ ਯੋਗੀ ਹਰਭਜਨ ਸਿੰਘ ਜੀ ਦੀ ਪਤਨੀ ਬੀਬੀ ਇੰਦਰਜੀਤ ਕੌਰ ਦੀ ਹਾਜ਼ਰੀ ਵਿਚ ਅਮਰੀਕਾ ਦੇ ਗੁਰੂ ਰਾਮ ਦਾਸ ਮਿਸ਼ਨ ਵਲੋਂ ਆਯੋਜਿਤ ਫੰਕਸ਼ਨ ਵਿਚ ਕੀਤਾ ਗਿਆ। ਐਸੇ ਹੋਰ ਵੀ ਕਈ ਪ੍ਰੋਗਰਾਮ ਉਲੀਕੇ ਗਏ ਜਿਨ੍ਹਾਂ ਵਿਚ ਨਾਂਦੇੜ ਵਿਖੇ ਕਰਵਾਈਆਂ ਜਾਣ ਵਾਲੀਆਂ ਖਾਲਸਾ ਖੇਡਾਂ ਵੀ ਹਨ। ਇਥੇ ਇਹ ਵੀ ਵਰਨਣ ਯੋਗ ਹੈ ਕਿ ਇਸ ਸਮੇਂ ਦੌਰਾਨ ਨਾਂਦੇੜ ਦੇ ਮੇਅਰ ਤੇ ਡਿਪਟੀ ਮੇਅਰ ਵੀ ਸਿੱਖ ਹੀ ਬਣਾਏ ਹਨ (ਸ੍ਰ. ਬਲਵੰਤ ਸਿੰਘ ਗੱਡੀਵਾਲ ਮੇਅਰ ਤੇ ਸੁਰਜੀਤ ਸਿੰਘ ਗਿੱਲ ਡਿਪਟੀ ਮੇਅਰ) ਤਾਂ ਕਿ ਸ਼ਹਿਰ ਦਾ ਵਿਕਾਸ ਸਿੱਖਾਂ ਦੀਆਂ ਭਾਵਨਾਵਾਂ ਅਨੁਰੂਪ ਹੋ ਸਕੇ।
ਸਾਡੇ ਪੁਰਬਾਂ ਦਾ ਮੇਲਿਆਂ ਨਾਲ ਵੀ ਡੂੰਘਾਂ ਸੰਬੰਧ ਹੈ। ਕਿਉਜਕਿ ਜਦ ਵੀ ਕੋਈ ਪੁਰਬ ਮਨਾਇਆ ਜਾਂਦਾ ਹੈ ਲੋਕ ਮੇਲਿਆ ਵਾਂਗ ਦੁਕਾਨਾਂ ਲਗਾਉਂਦੇ ਹਨ, ਖਾਣ ਪੀਣ ਲਈ ਕਈ ਸਟਾਲ ਲੱਗਦੇ ਹਨ ਤੇ ਕਈ ਤਰ੍ਹਾਂ ਦੇ ਕਰਤਬ ਦੇਖਣ ਦਾ ਮੌਕਾ ਵੀ ਮਿਲਦਾ ਹੈ। ਜਲੂਸ ਵਿਚ ਜਿਥੇ ਨਗਰ ਕੀਰਤਨ ਹੁੰਦਾ ਹੈ, ਬਾਬਾ ਜੀ ਦੀ ਪਾਲਕੀ ਸਜਾ ਕੇ ਕੱਢੀ ਜਾਂਦੀ ਹੈ, ਉਥੇ ਹੀ ਬੈਂਡ, ਗਤਕੇ, ਵਿਦਿਆਰਥੀਆਂ ਵਲੋਂ ਸਾਜ ਵਜਾਉਂਦੇ ਹੋਏ ਵੀ ਇਸ ਦਾ ਹਿੱਸਾ ਬਣਦੇ ਹਨ। ਘੋੜੇ, ਹਾਥੀ ਆਦਿ ਵੀ ਜਲੂਸ ਵਿਚ ਆ ਕੇ ਸਿਰਫ ਅਧਿਆਤਮਿਕ ਰੰਗਤ ਹੀ ਨਹੀਂ ਮੇਲੇ ਵਾਲਾ ਮਹੌਲ ਵੀ ਸਜਾਉਂਦੇ ਹਨ। ਸੱਚ ਤਾਂ ਇਹ ਹੈ ਕਿ ਪੰਜਾਬੀਆਂ ਦੇ ਖੁਲ੍ਹੇ ਸੁਭਾਅ ਕਰ ਕੇ ਮੇਲੇ ਵੀ ਸਾਡੇ ਸਭਿਆਚਾਰ ਦਾ ਮਹੱਤਵਪੂਰਨ ਅੰਗ ਰਹੇ ਹਨ।
ਪੰਜਾਬ ਦੇ ਮੇਲੇ
ਹੁਣ ਵੀ ਪੰਜਾਬ ਵਿਚ ਕਈ ਮੇਲੇ ਲੱਗਦੇ ਹਨ ਜਿਵੇਂ ਜਰਗ ਦਾ ਮੇਲਾ। ਇਨ੍ਹਾਂ ਮੇਲਿਆਂ ਵਿਚ ਹਰ ਤਰ੍ਹਾਂ ਦੀ ਰੌਣਕ ਦੇਖਣ ਨੂੰ ਮਿਲਦੀ ਹੈ, ਲੋਕ ਬੜੇ ਚਾਅ ਨਾਲ ਇਕੱਠੇ ਹੁੰਦੇ ਹਨ ਤੇ ਜ਼ਿੰਦਗੀ ਦਾ ਭਰਪੂਰ ਅਨੰਦ ਲੈਂਦੇ ਹਨ। ਧਨੀ ਰਾਮ ਚਾਤ੍ਰਿਕ ਦੀ ਮਸ਼ਹੂਰ ਕਵਿਤਾ ਵਿਚ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਦੀ ਭਾਵਨਾ ਝਲਕਦੀ ਹੈ, ਤੇ ਸਾਡੇ ਮੇਲਿਆਂ ਦੀ ਪਹਿਚਾਣ ਹੈ। ਕਈ ਮੇਲਿਆਂ ਵਿਚ ਮਾਰਸ਼ਲ ਖੇਡਾਂ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿਲ੍ਹਾ ਰਾਏਪੁਰ ਦਾ ਮੇਲਾ। ਉਥੇ ਗੜਿਆਂ ਦੀ ਰੇਸ, ਘੋੜਿਆਂ 'ਤੇ ਚੜ੍ਹ ਕੇ ਬਹਾਦਰੀ ਦੇ ਕਰਤਬ ਤੇ ਬਹੁਤ ਕੁਝ ਅਨੋਖਾ ਤੇ ਹੈਰਤੰਗੇਜ਼ ਦੇਖਣ ਨੂੰ ਮਿਲਦਾ ਹੈ। ਹੁਣ ਤੇ ਖੇਡਾਂ ਵਾਲੇ ਮੇਲੇ ਬਾਹਰਲੇ ਦੇਸ਼ਾਂ ਜਿਵੇਂ ਆਸਟ੍ਰੇਲੀਆ ਤੇ ਕੈਨੇਡਾ ਵਿਚ ਵੀ ਦੇਖਣ ਨੂੰ ਮਿਲਦੇ ਹਨ। ਕਬੱਡੀ, ਦੰਗਲ ਕੁਸ਼ਤੀਆਂ ਉਥੇ ਵੀ 'ਖਾਲਸਾ ਖੇਡ ਕਰ ਕੇ ਮਸ਼ਹੂਰ ਹੋ ਰਹੀਆਂ ਹਨ, ਹੁਣ ਤੇ ਵਿਦੇਸ਼ ਵਿਚ ਸਿੱਖ ਧਰਮ ਤੇ ਬਣੀਆਂ ਫਿਲਮਾਂ ਦੇ ਮੇਲੇ ਵੀ ਲੱਗਦੇ ਹਨ, ਖਾਸ ਕਰਕੇ ਅਮਰੀਕਾ ਵਿਚ ਜਿਥੇ ਕਈ ਫਿਲਮਾਂ ਧਰਮ ਪ੍ਰਚਾਰ ਦੇ ਪੱਖੋਂ ਤੇ ਧਰਮ ਦੀ ਜਾਣਕਾਰੀ ਵਧਾਉਣ ਲਈ ਬਣਾਈਆਂ ਗਈਆਂ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸਭਿਆਚਾਰ ਨੂੰ ਜ਼ਿੰਦਾ ਰਖੀਏ ਤੇ ਆਪਣੇ ਮੇਲੇ ਸਜਾਉਂਦੇ ਰਹੀਏ ਤੇ ਦਿਨ ਪੁਰਬ ਤਿਉਹਾਰ ਇਸ ਤਰ੍ਹਾਂ ਹੀ ਮਨਾਉਂਦੇ ਰਹੀਏ।
(30) Question:- ਸਿੱਖ ਧਰਮ ਦੇ ਸੰਦਰਭ ਵਿਚ ਇਨ੍ਹਾਂ ਬਾਰੇ ਜਾਣਕਾਰੀ ਦਿਉ। (ਉ) ਅੰਮ੍ਰਿਤ ਵੇਲਾ (ਅ) ਅਨਹਦ (ੲ) ਸੇਵਾ (ਸ) ਕੜਾਹ ਪ੍ਰਸ਼ਾਦ (ਹ) ਖੰਡਾ (ਕ) ਦਸਵੰਧ (ਖ) ਨਿਸ਼ਾਨ ਸਾਹਿਬ (ਗ ) ਲੰਗਰ (ਘ) ਨਗਾੜਾ
Answer:- ਅੰਮ੍ਰਿਤ ਵੇਲਾ - ਗੁਰਮਤਿ ਅਨੁਕੂਲ ਸਿੱਖ ਦੀ ਦਿਨ ਚੜ੍ਹਿਆ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੁੰਦੀ ਹੈ ਭਾਵ ਅਗਲਾ ਦਿਨ ਜੋ ਰਾਤ ਦੇ 12 ਵਜੇ ਸ਼ੁਰੂ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੂਰਜ ਚੜਨ ਤੋਂ ਘੱਟੋ ਘੱਟ ਤਿੰਨ ਘੰਟੇ ਪਹਿਲਾਂ ਜੋ ਸਿੱਖ ਪ੍ਰਭੂ ਦਾ ਨਾਮ ਧਿਆਉਂਦਾ ਹੈ ਉਹ ਉਸ ਦੀ ਨੇੜਤਾ ਮਹਿਸੂਸ ਕਰਦਾ ਹੈ। ਗੁਰੂ ਸਾਹਿਬ ਦਾ ਆਦੇਸ਼ ਹੈ- 'ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।।' ਵੈਸੇ ਤਾਂ ਹਰ ਧਰਮ ਨੇ ਸਵੇਰੇ ਜਲਦੀ ਉਠਣ ਦੀ ਗੱਲ ਕੀਤੀ ਹੈ ਪਰ ਸਿੱਖ ਧਰਮ ਵਿਚ ਇਸ ਪੱਖੋਂ ਖਾਸ ਤੌਰ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਉਹ ਵੇਲਾ ਹੈ ਜਦ ਸਾਰੀ ਕੁਦਰਤ ਸ਼ਾਂਤ ਹੋ ਕੇ ਪ੍ਰਭੂ ਵਿਚ ਲੀਨ ਹੁੰਦੀ ਹੈ। ਮਨ ਦੀ ਸ਼ਾਂਤੀ ਸਿੱਧਾ ਪ੍ਰਭੂ ਨਾਲ ਜੋੜਦੀ ਹੈ। ਸਵੇਰੇ ਉਠਣਾ ਸਰੀਰ ਦੀ ਤੰਦਰੁਸਤੀ ਲਈ ਵੀ ਲਾਹੇਵੰਦ ਹੈ। ਬਾਬਾ ਫਰੀਦ ਜੀ ਤਾਂ ਲੇਟ ਉਠਣ ਵਾਲੇ ਨੂੰ ਮੋਇਆ ਹੋਇਆ ਹੀ ਸਮਝਦੇ ਹਨ:-
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ।। (ਅੰਗ 1383)
ਭਾਈ ਨੰਦ ਲਾਲ ਜੀ ਨੇ ਵੀ ਐਸੇ ਵਿਅਕਤੀ ਨੂੰ ਗੁਨਾਹਗਾਰ ਤੇ ਤਨਖਾਹਵਾਰ ਦਸਿਆ ਹੈ।
ਪ੍ਰਾਤਹਿਕਾਲ ਸਤਸੰਗਿ ਨ ਜਾਵੈ, ਤਨਖਾਹ ਵਾਰ ਵਹੁ ਵਡਾ ਕਹਾਵੈ।।
ਅਨਹਦ ਗੁਰੂ ਸਾਹਿਬਾਂ ਤੋਂ ਪਹਿਲਾਂ ਯੌਗੀ ਲੋਕ ਇਹ ਮੰਨਦੇ ਸਨ ਕਿ ਜਦ ਪ੍ਰਾਨ ਅਨਾਹਤ ਚੱਕ੍ਰ ਵਿਚ ਹੀ ਬ੍ਰਹਮ ਗ੍ਰੰਥੀ ਨੂੰ ਵਿੰਨਦੇ ਹਨ ਤਦ ਇਕ ਅਜੀਬ ਸੰਗੀਤ ਜਿਹਾ ਮਹਿਸੂਸ ਹੁੰਦਾ ਹੈ ਜਿਸ ਵਿਚ ਪੰਜ ਸ਼ਬਦ ਭਾਵ ਸਾ॥, ਸੰਖ, ਮ੍ਰਿਦੰਗ, ਕਿੰਗੁਰੀ, ਮੁਰਲੀ ਅਤੇ ਵੀਣਾ ਸੁਣਾਈ ਦਿੰਦੇ ਹਨ। ਗੁਰਮਤ ਵਿਚ ਅਨਹਦ, ਅਨਹਦ ਸ਼ਬਦ, ਅਨਹਤ, ਅਨਾਹਤ ਆਦਿ ਕਈ ਸ਼ਬਦ ਐਸਾ ਭਾਵ ਪ੍ਰਗਟਾਉਣ ਲਈ ਵਰਤੇ ਗਏ ਹਨ। ਪਰ ਗੁਰਮਤ ਇਨ੍ਹਾਂ ਨੂੰ ਯੋਗ ਕ੍ਰਿਆ ਨਾਲ ਨਹੀਂ ਜੋੜਦੀ ਬਲਕਿ ਉਸ ਅਵਸਥਾ ਨਾਲ ਜੋੜਦੀ ਹੈ ਜਿਸ ਦੇ ਅੰਤਰਗਤ ਗੁਰਸਿੱਖ ਸ਼ਾਂਤ ਅਤੇ ਟਿਕੇ ਹੋਏ ਮਨ ਨਾਲ ਨਾਮ ਸਿਮਰਨ ਕਰਦਾ ਹੈ। ਇਸ ਅਵਸਥਾ ਨੂੰ ਕਈ ਨਾਮ ਦਿੱਤੇ ਗਏ ਹਨ ਜਿਵੇ ਵਿਸਮਾਦ ਜਾਂ ਤੁਰੀਯਾ ਅਵੱਸਥਾ। ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ:-
ਗੁਰਮਤਿ ਰਾਮੁ ਜਪੈ ਜਨੁ ਪੂਰਾ।। ਤਿਤੁ ਘਟ ਅਨਹਤ ਬਾਜੈ ਤੂਰਾ।।2।। (ਅੰਗ 228)
ਕਿਉਂਕਿ ਅਨਹਦ ਨਾਦ ਇਕ ਉੱਚ ਅਵਸਥਾ ਹੈ, ਇਸ ਨੂੰ ਗੁਰਬਾਣੀ ਵਿਚ ਪ੍ਰਮਾਤਮਾ ਦੇ ਇਕ ਵਿਸ਼ੇਸ਼ਣ ਅਥਵਾ ਗੁਣਵਾਚਕ ਨਾਂ ਵਜੋ ਵੀ ਵਰਤਿਆ ਗਿਆ ਹੈ-
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।। (ਅੰਗ 7)
ਸੇਵਾ
ਹਰ ਧਰਮ ਵਿਚ ਸੇਵਾ ਦੀ ਬਹੁਤ ਮਹੱਤਤਾ ਦੱਸੀ ਗਈ ਹੈ, ਭਾਵੇਂ ਉਹ ਗੁਰੂ ਦੀ ਸੇਵਾ ਹੋਵੇ, ਸੰਤ ਮਹਾਤਮਾ ਦੀ ਹੋਵੇ, ਸੰਗਤ ਦੀ ਹੋਵੇ ਜਾਂ ਆਮ ਲੋਕਾਂ ਦੀ ਹੋਵੇ। ਵੈਸੇ ਤਾਂ ਕੋਈ ਵੀ ਨੌਕਰੀ ਕਰਨ ਵਾਲਾ ਜਾਂ ਸੈਨਾ ਵਿਚ ਲੜਣ ਵਾਲਾ ਸਿਪਾਹੀ ਇਹੀ ਕਹਿੰਦਾ ਹੈ ਕਿ ਮੈਂ ਸੇਵਾ ਕਰ ਰਿਹਾ ਹਾਂ। ਰਾਜਨੀਤੀ ਵਿਚ ਪਏ ਹੋਏ ਲੋਕ ਵੀ ਸੇਵਾ ਕਰਨ ਦਾ ਦਾਵਾ ਕਰਦੇ ਹਨ ਪਰ ਉਹ ਸੇਵਾ ਜੋ ਕਿਸੀ ਨਿਜੀ ਮੰਤਵ ਲਈ, ਪੈਸੇ ਕਮਾਉਣ ਲਈ, ਜਾਂ ਆਪਣੀ ਮਹਿਮਾ ਕਰਵਾਉਣ ਲਈ ਕੀਤੀ ਜਾਵੇ, ਉਸਨੂੰ ਸੇਵਾ ਨਹੀਂ ਕਿਹਾ ਜਾ ਸਕਦਾ। ਗੁਰਮਤਿ ਵਿਚ ਸੇਵਾ ਉਹੀ ਹੈ ਜੋ ਬਗੈਰ ਕਿਸੀ ਮਤਲਬ ਦੇ ਨਿਸ਼ਕਾਮ ਢੰਗ ਨਾਲ ਕੀਤੀ ਜਾਵੇ। ਜੋ ਐਸੀ ਸੇਵਾ ਕਰਦਾ ਹੈ ਪ੍ਰਭੂ ਉਸ ਉਸ 'ਤੇ ਖੁਸ਼ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦੇ ਇਸ ਸੰਬੰਧ ਵਿਚ ਬਹੁਤ ਹੀ ਵੱਡਮੁੱਲੇ ਵਚਨ ਹਨ। ਅਬੂ ਬਿਨ ਆਦਮ ਦੀ ਕਹਾਣੀ ਬੜੀ ਮਸ਼ਹੂਰ ਕਹਾਣੀ ਹੈ ਉਸ ਵਿਚ ਅਬੂ ਬਿਨ ਆਦਮ ਰਾਤ ਨੂੰ ਸੁਪਨੇ ਵਿਚ ਦੇਖਦਾ ਹੈ ਕਿ ਪਰਮਾਤਮਾ ਦਾ ਫਰਿਸ਼ਤਾ ਇਕ ਐਸੇ ਲੋਕਾਂ ਦੀ ਲਿਸਟ ਬਣਾ ਰਿਹਾ ਹੈ ਜਿਨ੍ਹਾਂ ਨੂੰ ਪਰਮਾਤਮਾ ਪਿਆਰ ਕਰਦਾ ਹੈ। ਕਿਉਂਕਿ ਅਬੂ ਬਿਨ ਆਦਮ ਲੋਕਾਂ ਦੀ ਸੇਵਾ ਵਿਚ ਲੱਗਾ ਰਹਿੰਦਾ ਸੀ ਇਸ ਕਰਕੇ ਉਸਦਾ ਨਾਂ ਸਭ ਤੋਂ ਉਪਰ ਸੀ। ਗੁਰਮਤਿ ਵਿਚ ਵੀ ਲੋਕ ਸੇਵਾ ਦਾ ਬੜਾ ਮਹੱਤਵ ਹੈ। ਗੁਰੂ ਸਾਹਿਬ ਦਾ ਫੁਰਮਾਣ ਹੈ:-
ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।। (ਅੰਗ 26)
ਸਿੱਖ ਇਤਿਹਾਸ ਵਿਚ ਐਸੀਆਂ ਬਹੁਤ ਮਿਸਾਲਾਂ ਹਨ ਜਿਥੇ ਸਿੱਖਾਂ ਨੇ ਹਰ ਤਰ੍ਹਾਂ ਦੀ ਸੇਵਾ ਕਰਕੇ ਨਾਮਣਾ ਖੱਟਿਆ ਹੈ। ਗੁਰੂ ਸਾਹਿਬ ਆਪ ਵੀ ਲੰਗਰ ਦੀ ਸੇਵਾ ਕਰਦੇ ਰਹੇ ਹਨ। ਗੁਰੂ ਅੰਗਦ ਦੇਵ ਜੀ, ਗੁਰੂ ਰਾਮਦਾਸ ਜੀ ਦੀ ਗੁਰੂ ਪ੍ਰਤੀ ਸੇਵਾ, ਸ਼ਰਧਾ ਤੇ ਪ੍ਰੇਮ ਨੇ ਹੀ ਉਨ੍ਹਾਂ ਨੂੰ ਗੁਰਗੱਦੀ ਦੇ ਵਾਰਿਸ ਬਣਾ ਦਿੱਤਾ। ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੇ ਸਿੰਘਾਂ ਦੀ ਕੁਰਬਾਨੀਆਂ ਧਰਮ ਪ੍ਰਤੀ ਸੇਵਾ ਦੀਆਂ ਸੁੰਦਰ ਮਿਸਾਲਾਂ ਹਨ। ਨੌਵੇਂ ਗੁਰੂ ਨੇ ਆਪਣੀ ਕੁਰਬਾਨੀ ਕਿਸੇ ਨੂੰ ਵੀ ਆਪਣਾ ਧਰਮ ਮੰਨਣ ਦੀ ਅਜ਼ਾਦੀ ਖਾਤਰ ਦਿੱਤੀ। ਨਵਾਬ ਕਪੂਰ ਸਿੰਘ ਉਸ ਵੇਲੇ ਸੰਗਤ ਵਿਚ ਸੇਵਾ ਕਰ ਰਹੇ ਸਨ ਜਦ ਉਨ੍ਹਾਂ ਨੂੰ ਨਵਾਬ ਦਾ ਖਿਤਾਬ ਦਿੱਤਾ ਗਿਆ ਤੇ ਉਨ੍ਹਾਂ ਨੇ ਇਹ ਖਿਤਾਬ ਇਹ ਬੇਨਤੀ ਕਰਦੇ ਹੋਏ ਸਵੀਕਾਰ ਕੀਤਾ ਕਿ ਉਨ੍ਹਾਂ ਤੋਂ ਸੇਵਾ ਨਾ ਖੋਹੀ ਜਾਵੇ।
ਸਿੱਖ ਧਰਮ ਵਿਚ ਤਾਂ ਦੁਸ਼ਮਣਾਂ ਦੀ ਸੇਵਾ ਕਰਨ ਦੀਆਂ ਮਿਸਾਲਾਂ ਹਨ। ਭਾਈ ਘਨਈਆ ਜੀ ਨੇ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਤੇ ਉਨ੍ਹਾਂ ਦੀ ਮਰਹਮ ਪੱਟੀ ਕਰਕੇ ਸੇਵਾ ਦੀ ਐਸੀ ਮਿਸਾਲ ਕਾਇਮ ਕੀਤੀ ਕਿ ਅੱਜ ਦੁਨੀਆਂ ਭਰ ਵਿਚ ਭਾਈ ਘਨੱਈਆ ਮਿਸ਼ਨ ਨੂੰ ਲੈ ਕੇ ਸੰਸਥਾਵਾਂ ਬਣੀਆਂ ਹੋਈਆਂ ਹਨ ਤੇ ਕੰਮ ਕਰ ਰਹੀਆਂ ਹਨ। ਹਰ ਸਾਲ 8 ਮਈ ਨੂੰ ਅਸੀਂ ਰੈਡ ਕਰਾਸ ਦਿਨ ਸਾਰੀ ਦੁਨੀਆਂ ਵਿਚ ਮਨਾਉਂਦੇ ਹਾਂ, ਉਸ ਦਿਨ ਸਿੱਖਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਤੇ ਦੁਨੀਆਂ ਨੂੰ ਦੱਸਣ ਚਾਹੀਦਾ ਹੈ ਕਿ ਜਦ ਭਾਈ ਘਨਈਆ ਜੀ ਨੇ ਇਹ ਸੇਵਾ ਕੀਤੀ ਸੀ, ਉਸ ਵੇਲੇ ਰੈਡ ਕਰਾਸ ਵਰਗੀ ਕੋਈ ਲਹਿਰ ਨਹੀਂ ਸੀ।
ਸਿੱਖ ਧਰਮ ਵਿਚ ਜਿਥੇ ਸੇਵਾ ਕਿਸੀ ਨਿਜੀ ਮਤਲਬ ਲਈ ਜਾਂ ਪੈਸੇ ਕਮਾਉਣ ਲਈ ਨਹੀਂ ਕੀਤੀ ਜਾਂਦੀ, ਉਥੇ ਹੀ ਇਸ ਦਾ ਮੰਤਵ ਦੁਨੀਆਂ ਦੀ ਵਾਹ-ਵਾਹ ਖਟਣਾ ਵੀ ਨਹੀਂ। ਸਿੱਖ ਜਾਣਦਾ ਹੈ ਕਿ ਵਾਹ-ਵਾਹ ਹਉਮੈ ਪੈਦਾ ਕਰਦੀ ਹੈ ਤੇ ਇਹ ਝੂਠੀ ਵਡਿਆਈ ਹੈ। ਅਗਰ ਕੋਈ ਵਡਿਆਈ ਹੈ ਤੇ ਉਹ ਵਾਹਿਗੁਰੂ ਦੀ ਹੈ। ਉਹ ਮਿਹਰਬਾਨ ਹੋ ਜਾਵੇ ਤਾਂ ਵਡਿਆਈ ਮਿਲ ਜਾਂਦੀ ਹੈ। ਗੁਰਸਿੱਖ ਨੂੰ ਸਦਾ ਇਹ ਸੋਚਣਾ ਚਾਹੀਦਾ ਹੈ ਕਿ
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੈ।। (ਅੰਗ 167)
ਜੇ ਕਿਸੇ ਦੀ ਵਡਿਆਈ ਕਰਨੀ ਹੈ ਤਦ ਵੀ ਇਹ ਹੀ ਕਹਿਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਉਹ ਇਨਸਾਨ 'ਤੇ ਕਿਰਪਾ ਹੈ ਜੋ ਉਸ ਨੇ ਵਡਿਆਈ ਯੋਗ ਕੰਮ ਕੀਤਾ ਹੈ। ਗੁਰੂ ਅਰਜਨ ਦੇਵ ਜੀ ਸ੍ਰੀ ਰਾਗੁ ਵਿਚ ਕਹਿੰਦੇ ਹਨ:-
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ।।
ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ।। (ਅੰਗ 45)
ਸੇਵਾ ਵਿਚ ਜ਼ਬਰਦਸਤੀ ਨਹੀਂ ਹੋ ਸਕਦੀ। ਇਸਦੀ ਭਾਵਨਾ ਮਨ ਵਿਚੋਂ ਉਠਦੀ ਹੈ ਮਿਸਾਲ ਦੇ ਤੌਰ 'ਤੇ ਅਗਰ ਕੋਈ ਸੈਨਿਕ ਲੜਨ ਜਾਂਦਾ ਹੈ ਉਹ ਤਨਖਾਹ ਲੈ ਕੇ ਲੜ ਰਿਹਾ ਹੈ ਪਰ ਜੇ ਕਿਸੇ ਦੇ ਮਨ ਵਿਚ ਦੇਸ਼ ਪ੍ਰਤੀ ਸੇਵਾ ਦੀ ਭਾਵਨਾ ਜਾਗਦੀ ਹੈ ਤਾਂ ਉਹ ਆਪਣੇ ਆਪ ਨੂੰ ਦੁਸ਼ਮਣ ਨਾਲ ਲੜਣ ਲਈ ਜਾਣ ਲਈ ਪੇਸ਼ ਕਰਦਾ ਹੈ ਉਸਨੂੰ ਕੋਈ ਲਾਲਚ ਨਹੀਂ ਹੁੰਦਾ ਤੇ ਨਾ ਹੀ ਉਸ 'ਤੇ ਕੋਈ ਦਬਾਅ ਹੁੰਦਾ ਹੈ। ਗੁਰੂ ਅੰਗਦ ਦੇਵ ਜੀ ਨੇ ਕਿਹਾ ਹੈ ਬੱਧੋ ਰਿਧਾ ਕੋਈ ਸੇਵਾ ਨਹੀਂ ਹੋ ਸਕਦੀ।
ਚੁਗਿਰਦੇ ਦੀ ਦੇਖਭਾਲ ਸੰਤ ਬਲਬੀਰ ਸਿੰਘ ਸੀਚੇਵਾਲ
ਆਧੁਨਿਕ ਯੁੱਗ ਵਿਚ ਇਕ ਹੋਰ ਐਸੀ ਸੇਵਾ ਹੈ ਜਿਸ ਦੀ ਸਭ ਤੋਂ ਜ਼ਿਆਦਾ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਉਹ ਸੇਵਾ ਹੈ ਆਪਣੇ ਚੁਗਿਰਦੇ ਦੀ ਦੇਖਭਾਲ ਕਰਨਾਂ, ਉਸਨੂੰ ਪ੍ਰਦੂਸ਼ਣ ਰਹਿਤ ਬਨਾਉਣਾ, ਉਸ ਨੂੰ ਸਾਫ-ਸੁਥਰਾ ਰੱਖਣਾ, ਹਵਾ ਤੇ ਪਾਣੀ ਵਰਗੀਆਂ ਕੁਦਰਤੀ ਨੇਮਤਾਂ ਨੂੰ ਬਚਾਉਣਾ ਤੇ ਇਸਤੇਮਾਲ ਦੇ ਕਾਬਿਲ ਬਨਾਉਣਾ, ਖਤਮ ਹੋ ਰਹੀ ਬਨਸਪਤੀ, ਜੰਗਲ, ਜਾਨਵਰ ਤੇ ਪਸ਼ੂ-ਪੰਛੀਆਂ ਦੀ ਸੰਭਾਲ ਕਰਨੀ। ਸਿੱਖ ਧਰਮ ਵਿਚ ਕੁਦਰਤ ਦੇ ਨੇੜੇ ਰਹਿਣ ਦਾ ਆਦੇਸ਼ ਹੈ ਕਿਉਂਕਿ ਇਹ ਕੁਦਰਤ ਹੀ ਹੈ ਜੋ ਸਾਨੂੰ ਪਾਲਦੀ ਹੈ, ਜੋ ਸਾਡੇ ਜੀਵਨ ਵਿਚ ਖੇੜਾ ਲਿਆਉਂਦੀ ਹੈ ਤੇ ਸਾਨੂੰ ਪ੍ਰਫੁੱਲਿਤ ਕਰਦੀ ਹੈ। ਗੁਰੂ ਸਾਹਿਬਾਂ ਨੇ ਜਿਥੇ ਪਵਨ ਨੂੰ ਗੁਰੂ ਕਿਹਾ ਹੈ, ਪਾਣੀ ਨੂੰ ਪਿਤਾ ਕਿਹਾ ਹੈ ਤੇ ਧਰਤੀ ਨੂੰ ਮਾਤਾ ਕਿਹਾ ਹੈ ਉਥੇ ਹੀ ਸਾਰੇ ਕੁਦਰਤੀ ਮਾਹੌਲਾਂ ਵਿਚ ਉਸ ਪਰਮਾਤਮਾ ਦਾ ਵਾਸਾ ਸਮਝ ਕੇ ਉਸ ਦੀ ਸੰਭਾਲ ਕਰਨ ਲਈ ਤੇ ਉਸ ਨਾਲ ਨੇੜਤਾ ਰੱਖਣ ਦਾ ਵੀ ਆਦੇਸ਼ ਹੈ।
ਭਾਈ ਵੀਰ ਸਿੰਘ ਵਰਗੇ ਕਵੀ ਨੇ ਕੁਦਰਤ ਵਿਚੋਂ ਕਾਦਰ ਦਾ ਜਲਵਾ ਦੇਖਿਆ ਸੀ। ਇਸ ਅਹਿਸਾਸ ਨਾਲ ਵੀ ਬਹੁਤ ਸਾਰੇ ਗੁਰੂ ਦੇ ਸਿੱਖ ਇਸ ਸੇਵਾ ਵਿਚ ਲੱਗੇ ਹੋਏ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਦਾ ਨਾਮ ਇਸ ਪੱਖੋਂ ਬਹੁਤ ਜਾਣਿਆ ਪਛਾਣਿਆ ਹੈ। ਉਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਲਈ ਜਿਥੇ ਦਰਿਆਵਾਂ ਦੇ ਪਾਣੀ ਸਾਫ਼ ਕਰਨ ਲਈ ਕੰਮ ਕੀਤਾ ਹੈ ਉਥੇ ਹੀ ਖੇਤੀ ਬਾੜੀ ਨੂੰ ਵੀ ਪੁਰਾਤਨ ਢੰਗ ਨਾਲ ਬਗੈਰ ਕਿਸੇ ਕੈਮੀਕਲ ਨੂੰ ਇਸਤੇਮਾਲ ਕਰਨ ਦੇ ਕਰਨ ਦੀ ਪ੍ਰੇਰਨਾ ਦਿੱਤੀ ਹੈ। ਸੰਤ ਜੀ ਦੇ ਉਦਮਾਂ ਦੀ ਬਹੁਤ ਪ੍ਰਸ਼ੰਸਾ ਹੋਈ ਹੈ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਨਮਾਨ ਵੀ ਦਿੱਤੇ ਗਏ ਹਨ ਪਰ ਜ਼ਰੂਰਤ ਸੰਤ ਜੀ ਦੇ ਨਾਲ ਮਿਲ ਕੇ ਕੰਮ ਕਰਨ ਦੀ ਹੈ। ਜੇ ਅਸੀਂ ਉਨ੍ਹ ਵਾਂਗ ਇਸ ਪੱਖੋਂ ਮਿਲ ਕੇ ਉਦਮ ਕਰਾਂਗੇ ਤਾਂ ਸਾਰੇ ਦੇਸ਼ ਨੂੰ ਤੇ ਖਾਸ ਕਰਕੇ ਪੰਜਾਬ ਨੂੰ ਪਾਣੀ ਦੀ ਹੋਣ ਵਾਲੀ ਕਮੀ ਤੋਂ, ਗਲੋਬਲ ਵਾਰਮਿੰਗ ਦੀ ਗਰਮੀ ਤੋਂ ਤੇ ਆਪਣੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਪਾਵਾਂਗੇ।
ਖੂਨ ਦਾਨ ਕੈਂਪ 2009
ਸਿੱਖਾਂ ਦੀ ਕਾਰ-ਸੇਵਾ ਜਾਂ ਲੰਗਰ ਸਵਾ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ, ਇਸ ਕਿਤਾਬ ਵਿਚ ਵੀ ਉਸਦਾ ਕਈ ਜਗ੍ਹਾ 'ਤੇ ਜ਼ਿਕਰ ਹੈ ਪਰ ਐਸੇ ਵੀ ਬਹੁਤ ਮੌਕੇ ਇਤਿਹਾਸ ਵਿਚ ਆਏ ਹਨ, ਜਦ ਸਿੱਖਾਂ ਨੇ ਕੁਦਰਤੀ ਜਾਂ ਇਨਸਾਨੀ ਬਿਪਤਾ ਵੇਲੇ ਲੋਕਾਂ ਦੀ ਤਨ-ਮਨ-ਧਨ ਨਾਲ ਸੇਵਾ ਕੀਤੀ। ਜ਼ਿਆਦਾ ਵਿਸਥਾਰ ਵਿਚ ਨਾ ਜਾਂਦੇ ਹੋਏ ਪਿੱਛੇ ਜਿਹੇ 2009 ਹੋਲੇ ਮਹੱਲੇ ਵਾਲੇ ਦਿਨ ਅਨੰਦਪੁਰ ਸਾਹਿਬ ਵਿਚ ਜਿਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਉਹ ਵੀ ਇਤਿਹਾਸ ਵਿਚ ਇਕ ਅਦਭੁਤ ਘਟਨਾ ਸੀ। ਦੂਰੋਂ-ਦੂਰੋਂ ਲੋਕ ਜਿਵੇਂ ਉਤਰਾਖੰਡ, ਰਾਜਸਥਾਨ, ਮਹਾਰਾਸ਼ਟਰ, ਜੰਮੂ ਕਸ਼ਮੀਰ ਤੋਂ ਖੂਨਦਾਨ ਕਰਨ ਲਈ ਉਥੇ ਪੁੱਜੇ ਸਨ। ਕਰੀਬ 20 ਹਜ਼ਾਰ ਲੋਕਾਂ ਨੇ ਖੂਨਦਾਨ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ। ਜਿਸ ਕਰਕੇ ਇਹ ਘਟਨਾ ਗਿਨੀਜ਼ ਬੁੱਕ ਵਿਚ ਦਰਜ ਹੋ ਗਈ ਹੈ। ਕੜਾਹ ਪ੍ਰਸ਼ਾਦ
ਸਿੱਖ ਧਰਮ ਵਿਚ ਕੜਾਹ ਪ੍ਰਸ਼ਾਦ ਸੰਗਤ ਵਿਚ ਵੰਡੇ ਜਾਣ ਦੀ ਪਰੰਪਰਾ ਹੈ। ਇਸ ਵਿਚਾਰਧਾਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਵੇਲੇ ਵੀ ਕੜਾਹ ਪ੍ਰਸ਼ਾਦ ਬਣਾਇਆ ਜਾਂਦਾ ਸੀ। ਪਰ ਬਹੁਤ ਲੋਕਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਹ ਪਰੰਪਰਾ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਸੀ। ਜੋ ਖਾਸ ਮੌਕਿਆਂ ਉਤੇ ਹਰਿਮੰਦਰ ਸਾਹਿਬ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਇਆ ਕਰਦੇ ਸਨ। ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਦਾ ਨਾਂ 'ਪੰਚਾ-ਮਤਿ ਲਿਖਿਆ ਹੈ। ਭਾਵ ਜੋ ਪੰਜ ਚੀਜ਼ਾਂ ਨਾਲ ਬਣੇ। ਲੱਗਦਾ ਹੈ ਕਿ ਪਾਣੀ, ਆਟਾ, ਖੰਡ ਤੇ ਘਿਉ ਤੋਂ ਇਲਾਵਾ ਪੰਜਵੀਂ ਚੀਜ਼ ਮੇਵੇ ਸਮਝੀ ਜਾਂਦੀ ਸੀ। ਹੁਣ ਮੇਵੇ ਪਾਣ ਦੀ ਪ੍ਰਥਾ ਨਹੀਂ ਪਰ ਪ੍ਰਸ਼ਾਦ ਸਿਰਫ ਇਹ ਹੀ ਪ੍ਰਵਾਨਿਤ ਹੈ।
ਖੰਡਾ
ਖੰਡਾ ਕਿਰਪਾਨ ਵਰਗਾ ਇਕ ਸ਼ਸਤਰ ਹੁੰਦਾ ਹੈ ਜਿਸ ਦੀ ਧਾਰ ਦੋਵੇਂ ਪਾਸੇ ਹੁੰਦੀ ਹੈ ਅਤੇ ਆਕਾਰ ਤੇ ਭਾਰ ਕ੍ਰਿਪਾਨ ਤੋਂ ਵੱਡਾ ਹੁੰਦਾ ਹੈ। ਅੱਜ ਜਦ ਵੀ ਅਸੀਂ ਕਿਸੇ ਧਰਮ ਅਸਥਾਨ 'ਤੇ ਗੁਰੂ ਸਾਹਿਬ ਦੇ ਜਾਂ ਸਿੱਖ ਯੋਧਿਆਂ ਦੇ ਸ਼ਸਤਰ ਦੇਖਦੇ ਹਾਂ ਤਾਂ ਉਨ੍ਹਾਂ ਵਿਚ ਬਹੁਤ ਭਾਰੀ-ਭਾਰੀ ਖੰਡੇ ਦੇਖਣ ਨੂੰ ਮਿਲਦੇ ਹਨ। ਦਸਮ ਪਿਤਾ ਨੇ ਇਸ ਸ਼ਸਤਰ ਦਾ ਇਸਤੇਮਾਲ ਅੰਮ੍ਰਿਤ ਤਿਆਰ ਕਰਨ ਵੇਲੇ ਕੀਤਾ ਸੀ ਤੇ ਅੱਜ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਭਾਵੇਂ ਉਸਦਾ ਆਕਾਰ ਛੋਟਾ ਹੋਵੇ (ਕਰੀਬਨ ਇਕ ਫੁਟ ਲੰਬਾ ਖੰਡਾ)। ਇਸ ਕਰਕੇ ਹੀ ਇਸ ਨੂੰ ਖੰਡੇ ਦਾ ਅੰਮ੍ਰਿਤ ਕਿਹਾ ਜਾਂਦਾ ਹੈ। ਜੋ ਲੋਹੇ ਦੇ ਬਾਟੇ ਵਿਚ ਤਿਆਰ ਕੀਤਾ ਜਾਂਦਾ ਹੈ, ਸੋ ਖੰਡੇ ਬਾਟੇ ਦਾ ਅੰਮ੍ਰਿਤ ਕਰਕੇ ਜਾਣਿਆ ਜਾਂਦਾ ਹੈ।
ਖੰਡੇ ਦੀ ਇਕ ਮਹੱਤਤਾ ਸਿੱਖ ਧਰਮ ਵਿਚ ਇਹ ਵੀ ਹੈ ਕਿ ਇਹ ਇਕ ਸਿੱਖ ਚਿੰਨ੍ਹ ਵਜੋਂ ਵਰਤਿਆ ਜਾਂਦਾ ਹੈ। ਸਿੰਘ ਸਭਾ ਵੇਲੇ ਕਿਸੇ ਕਲਾਕਾਰ ਨੇ ਇਹ ਚਿੰਨ੍ਹ ਤਿਆਰ ਕੀਤਾ ਸੀ ਜਿਸ ਵਿਚ ਚੱਕਰ ਅਤੇ ਦੋ ਕਿਰਪਾਨਾਂ ਨੂੰ ਜੋੜਿਆ ਗਿਆ ਹੈ। ਚੱਕਰ ਧਰਮ ਦਾ ਚਿੰਨ੍ਹ ਹੈ ਅਤੇ ਦੋ ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਸੂਚਕ ਹਨ।
0 ਦਸਵੰਧ
ਦਸਵੰਧ ਤੋਂ ਭਾਵ ਹੈ ਆਪਣੀ ਕਮਾਈ ਦਾ ਦਸਵਾਂ ਹਿੱਸਾ। ਸਿੱਖ ਧਰਮ ਵਿਚ ਜਦੋਂ ਗੁਰੂ ਸਾਹਿਬ ਨੇ ਪ੍ਰਚਾਰਕ ਨਿਯੁਕਤ ਕੀਤੇ ਤਾਂ ਇਹ ਆਦੇਸ਼ ਕੀਤਾ ਕਿ ਹਰ ਸਿੱਖ ਆਪਣੀ ਕਮਾਈ ਵਿਚੋਂ ਦਸਵੰਧ ਗੁਰੂ ਦੀ ਗੋਲਕ ਵਿਚ ਪਹੁੰਚਾਵੇ ਤਾਂਕਿ ਲੰਗਰ ਦੀ ਵਿਵਸਥਾ ਤੇ ਵਿਕਾਸ ਦੇ ਕਾਰਜ ਚਲਦੇ ਰਹਿਣ। ਜਦੋਂ ਦਸਮ ਪਿਤਾ ਨੇ ਮਸੰਦ ਪ੍ਰਥਾ ਖਤਮ ਕਰ ਦਿੱਤੀ ਤਦ ਵੀ ਸੰਗਤ ਨੂੰ ਸਿੱਧੇ ਤੌਰ 'ਤੇ ਦਸਵੰਧ ਕੱਢਣ ਤੇ ਪਹੁੰਚਾਉਣ ਦਾ ਆਦੇਸ਼ ਦਿੱਤਾ ਗਿਆ। ਹੋਰ ਧਰਮਾਂ ਵਿਚ ਵੀ ਐਸਾ ਹਿੱਸਾ ਕੱਢਣ ਦੀ ਪ੍ਰਥਾ ਹੈ ਜਿਵੇਂ ਇਸਲਾਮ ਵਿਚ ਜ਼ਕਾਤ ਰਾਹੀਂ ਚਾਲੀਵਾਂ ਹਿੱਸਾ ਤੇ ਬਾਈਬਲ ਵਿਚ ਵੀ ਈਸਾਈ ਲੋਕਾਂ ਲਈ ਵੀ ਐਸਾ ਹੀ ਵਿਧਾਨ ਹੈ।
ਨਿਸ਼ਾਨ ਸਾਹਿਬ
ਸਿੱਖਾਂ ਦਾ ਧਰਮ ਅਸਥਾਨ ਗੁਰਦੁਆਰਾ ਦੂਰੋਂ ਹੀ ਉਸ ਦੇ ਬਾਹਰ ਲੱਗੇ ਇਕ ਉੱਚੇ ਝੰਡੇ ਕਰ ਕੇ ਨਜ਼ਰ ਆ ਜਾਂਦਾ ਹੈ। ਇਸ ਝੰਡੇ ਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ। ਨਿਸ਼ਾਨ ਫਾਰਸੀ ਭਾਸ਼ਾ ਦਾ ਸ਼ਬਦ ਹੈ ਜੋ ਝੰਡੇ ਲਈ ਵਰਤਿਆ ਜਾਂਦਾ ਹੈ। ਸਾਹਿਬ ਅਰਬੀ ਭਾਸ਼ਾ ਵਿਚ ਕਿਸੀ ਨੂੰ ਅਦਬ ਦੇਣ ਲਈ ਵਰਤਿਆ ਜਾਂਦਾ ਹੈ। ਨਿਸ਼ਾਨ ਸਾਹਿਬ ਲਾਉਣ ਦੀ ਪ੍ਰਥਾ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਬੁੰਗਾ ਸਥਾਪਿਤ ਕਰਨ ਵੇਲੇ ਕੀਤੀ ਸੀ। ਨਿਸ਼ਾਨ ਸਾਹਿਬ ਕਾਫੀ ਉੱਚਾ ਹੁੰਦਾ ਹੈ (ਉਚਾਈ ਮੁਕੱਰਰ ਨਹੀਂ) ਤੇ ਇਸ ਦਾ ਮੁੱਖ ਰੰਗ ਕੇਸਰੀ ਹੁੰਦਾ ਹੈ। ਨਿਹੰਗ ਸਿੰਘ ਆਪਣੇ ਡੇਰਿਆਂ ਤੇ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਝੁਲਾਉਂਦੇ ਹਨ। ਨਿਸ਼ਾਨ ਸਾਹਿਬ ਦੇ ਖੰਭੇ ਦੀ ਚੋਟੀ 'ਤੇ ਖੰਡਾ ਹੁੰਦਾ ਹੈ। ਨਿਸ਼ਾਨ ਸਾਹਿਬ ਨੂੰ ਜਲੂਸਾਂ, ਨਗਰ ਕੀਰਤਨਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਅੱਗੇ ਲੈ ਕੇ ਚੱਲਣ ਦੀ ਪਰੰਪਰਾ ਹੈ। ਅਕਾਲ ਤਖ਼ਤ ਸਾਹਿਬ ਪਾਸ ਦੋ ਨਿਸ਼ਾਨ ਸਾਹਿਬ ਝੂਲ ਰਹੇ ਹਨ ਜੋ ਲਗਪੱਗ 125 ਫੁੱਟ ਉੱਚੇ ਹਨ।
ਨਗਾੜਾ
ਪਹਿਲੇ ਪੰਜ ਗੁਰੂਆਂ ਵੇਲੇ ਜਦ ਲੰਗਰ ਤਿਆਰ ਹੋ ਜਾਂਦਾ ਸੀ ਤਾਂ ਉੱਚੀ ਆਵਾਜ਼ ਨਾਲ ਹਉਕਾ ਦਿੱਤਾ ਜਾਂਦਾ ਸੀ। ਜਦੋਂ ਆਸਾ ਦੀ ਵਾਰ ਅਤੇ ਸੋਦਰ ਦੇ ਭੋਗ ਪੈਂਦੇ ਸਨ ਤਦ ਰਣ ਸਿੰਘਾਂ ਅਤੇ ਸ਼ੰਖ ਵਜਾਏ ਜਾਂਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਜਦ ਮੀਰੀ ਤੇ ਪੀਰੀ ਦੀਆਂ ਕ੍ਰਿਪਾਨਾਂ ਧਾਰਨ ਕੀਤੀਆਂ ਤਾਂ ਫਕੀਰੀ ਦੇ ਨਾਲ-ਨਾਲ ਸ਼ਾਹੀ ਠਾਠ ਵਾਲੇ ਪਰਿਵਰਤਨ ਵੀ ਲਿਆਉਂਦੇ। ਨਗਾੜਾ ਉਸ ਵੇਲੇ ਚਿੰਨ੍ਹ ਮਾਤਰ ਲਿਆਉਂਦਾ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਵੇਲੇ ਇਸ ਨੂੰ ਅਜ਼ਾਦ ਹਸਤੀ ਦੇ ਪ੍ਰਤੀਕ ਵਜੋਂ ਵਰਤਿਆ ਜਾਣ ਲੱਗਾ। 1684 ਵਿਚ ਗੁਰੂ ਜੀ ਦੀ ਆਗਿਆ ਨਾਲ ਗੁਰੂ ਘਰ ਦੇ ਇਕ ਸ਼ਰਧਾਲੂ ਦੀਵਾਨ ਨੰਦ ਚੰਦ ਨੇ ਇਕ ਨਗਾਰਾ ਬਣਾਇਆ ਜਿਸ ਦਾ ਨਾਮ ਰਣਜੀਤ ਨਗਾੜਾ ਰੱਖਿਆ ਗਿਆ। ਕਿਉਂਕਿ ਉਸ ਵੇਲੇ ਹਕੂਮਤ ਨੇ ਸਿੱਖ ਧਰਮ ਦੇ ਵਿਕਾਸ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਸਨ। ਨਗਾੜਾ ਬਣਾ ਕੇ, ਉਸਨੂੰ ਵਜਾਉਣ ਦੀ ਪ੍ਰਥਾ ਸ਼ੁਰੂ ਕਰਕੇ ਗੁਰੂ ਸਾਹਿਬ ਨੇ ਐਸੀਆਂ ਪਾਬੰਦੀਆਂ ਵਿਰੁੱਧ ਜ਼ਾਲਮਾਂ ਨੂੰ ਵੰਗਾਰਿਆ। ਲੰਗਰ ਵਰਤਾਉਣ ਸਮੇਂ ਸਭਨਾਂ ਲਈ ਲੰਗਰ ਦਾ ਸੱਦਾ, ਜੰਗਾਂ ਯੁੱਧਾਂ ਦੀ ਚੜ੍ਹਾਈ ਸਮੇਂ ਚੜ੍ਹਦੀ ਕਲਾ ਲਈ ਜੋਸ਼ ਤੇ ਅਰਦਾਸ ਸਮੇਂ ਸੰਗਤ ਨੂੰ ਸਾਵਧਾਨ ਤੇ ਸੁਚੇਤ ਹੋਣ ਲਈ ਨਗਾੜਾ ਵਜਾਇਆ ਜਾਂਦਾ ਸੀ।
ਲੰਗਰ
ਲੰਗਰ ਬਾਰੇ ਕਈ ਸਵਾਲਾਂ ਵਿਚ ਚਰਚਾ ਹੋਈ ਹੈ। ਲੰਗਰ ਤੋਂ ਭਾਵ ਉਹ ਅਸਥਾਨ ਹੁੰਦਾ ਹੈ ਜਿਥੇ ਗਰੀਬਾਂ ਜਾਂ ਅਨਾਥਾਂ ਨੂੰ ਮੁਫਤ ਅੰਨ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸੂਫੀ ਲੋਕ ਐਸੇ ਲੰਗਰ ਲਗਾਇਆ ਕਰਦੇ ਸਨ। ਸਿੱਖ ਧਰਮ ਵਿਚ ਇਸ ਦਾ ਆਰੰਭ ਗੁਰੂ ਨਾਨਕ ਦੇਵ ਜੀ ਵੇਲੇ ਹੋਇਆ। ਜਿਸ ਦਾ ਮੰਤਵ ਗਰੀਬਾਂ ਜਾਂ ਅਨਾਥਾਂ ਨੂੰ ਅੰਨ ਦੇਣਾ ਨਹੀਂ ਸੀ ਬਲਕਿ ਸਾਰਿਆਂ ਨੂੰ ਇਕੱਠੇ ਕਰਕੇ ਪੰਗਤ ਵਿਚ ਬੈਠ ਕੇ ਲੰਗਰ ਛਕਣ ਦੀ ਵਿਵਸਥਾ ਰਾਹੀਂ ਸਮਾਨਤਾ ਦੀ ਭਾਵਨਾ ਨੂੰ ਪ੍ਰਫੁਲਿਤ ਕਰਨਾ ਸੀ। ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਦਾ ਬਹੁਤ ਵਿਕਾਸ ਕੀਤਾ ਤੇ ਗੁਰੂ ਅਮਰਦਾਸ ਜੀ ਨੇ ਤੇ 'ਪਹਿਲੇ ਪੰਗਤਿ ਪਾਛੈ ਸੰਗਤਿ' ਦਾ ਆਦੇਸ਼ ਦੇ ਕੇ ਲੰਗਰ ਦੀ ਮਹਾਨਤਾ ਨੂੰ ਹੋਰ ਵੀ ਵਧਾ ਦਿੱਤਾ। ਪੰਗਤਿ ਤੋਂ ਭਾਵ ਹੈ ਪੰਕਤੀ ਵਿਚ ਬੈਠ ਕੇ ਲੰਗਰ ਛਕਣਾ।
ਗੁਰੂ ਗੋਬਿੰਦ ਸਿੰਘ ਜੀ ਵੇਲੇ ਤੱਕ ਲੰਗਰ ਦੀ ਪ੍ਰਥਾ ਬਹੁਤ ਮਜ਼ਬੂਤ ਹੋ ਗਈ ਸੀ। ਦਸਮ ਪਿਤਾ ਨੇ ਦੇਗ ਤੇਗ ਫਤਹਿ ਦੇ ਸੰਕਲਪ ਨੂੰ ਦਿੱਤਾ ਕਿਉਂਕਿ ਉਨ੍ਹਾਂ ਅਨੁਸਾਰ ਕੋਈ ਵੀ ਲਹਿਰ ਦੇਗ ਅਤੇ ਤੇਗ ਦੇ ਬਿਨਾਂ ਨਹੀਂ ਚਲ ਸਕਦੀ ਸੀ। ਆਪ ਜੀ ਦੇ ਬਚਨ 'ਦੇਗ ਤੇਗ ਜਗ ਮਹਿ ਦੋਊ ਚਾਲੈ' 'ਤੇ ਸਿੱਖਾਂ ਨੇ ਹਮੇਸ਼ਾਂ ਹੀ ਅਮਲ ਕੀਤਾ ਭਾਵੇਂ ਉਹ ਜੰਗਲਾਂ ਵਿਚ ਰਹੇ ਜਾਂ ਰਾਜ ਕੀਤਾ। ਅੱਜ ਵੀ ਸਾਰੀ ਦੁਨੀਆਂ ਵਿਚ ਸਿੱਖ ਆਪਣੀ ਇਸ ਪ੍ਰਥਾ ਕਰਕੇ ਜਾਣੇ ਜਾਂਦੇ ਹਨ। ਇਹ ਪ੍ਰਥਾ ਜਿਥੇ ਸਮਾਜਿਕ ਏਕਤਾ ਦੀ ਪ੍ਰਤੀਕ ਹੈ ਉਥੇ ਹੀ ਸੇਵਾ ਤੇ ਦਾਨ ਦੀ ਅਦਭੁਤ ਮਿਸਾਲ ਹੈ। ਲੰਗਰ ਵਿਚ ਇਸਤੇਮਾਲ ਕੀਤੀ ਜਾਣ ਸ਼ਬਦਾਵਲੀ ਵੀ ਥੋੜ੍ਹੀ ਹਟਕੇ ਹੈ ਜਿਵੇਂ ਫੁਲਕੇ ਨੂੰ ਪ੍ਰਸ਼ਾਦਾ ਤੇ ਦਾਲ ਨੂੰ ਦਾਲਾ ਕਿਹਾ ਜਾਂਦਾ ਹੈ। ਪ੍ਰਸ਼ਾਦਾ ਦੋਵੇਂ ਹੱਥ ਬੰਨ ਕੇ ਲਿਆ ਜਾਂਦਾ ਹੈ।