• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(31) Question:- ਅਗਰ ਸਿੱਖ ਧਰਮ ਸਰਲ, ਆਧੁਨਿਕ ਤੇ ਸਰਬ ਸਾਂਝਾ ਹੈ, ਫਿਰ ਉਸ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਸੀਮਿਤ ਕਿਉਂ ਹੈ?
Answer:- ਪਿੱਛੇ ਵਿਸਤਾਰ ਵਿਚ ਆਈ ਜਾਣਕਾਰੀ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਸਿੱਖ ਧਰਮ ਸਰਲ, ਆਧੁਨਿਕ ਤੇ ਸਰਬ ਸਾਂਝਾ ਹੈ। ਇਹ ਸਰਲ ਇਸ ਲਈ ਕਿਉਂਕਿ ਇਸ ਧਰਮ ਵਿਚ ਕੋਈ ਜੰਤਰ-ਮੰਤਰ, ਕਥਾ ਕਹਾਣੀਆਂ, ਵਹਿਮ-ਭਰਮ ਜਾਂ ਕਠੋਰ ਨਿਯਮ ਨਹੀਂ ਹਨ। 'ਨਾਨਕ ਕੈ ਘਰਿ ਕੇਵਲ ਨਾਮੁ।।' ਦਾ ਮਹਾਵਕ ਸਾਡੇ ਜੀਵਨ ਵਿਚ ਨਾਮ ਦੀ ਮਹਿਮਾ ਦਾ ਅਹਿਸਾਸ ਕਰਵਾਉਂਦਾ ਹੈ। ਭਾਵੇਂ ਇਸ ਧਰਮ ਦੇ ਸੰਕਲਪ ਸਰਲ ਤੇ ਸਪੱਸ਼ਟ ਹਨ, ਉਨ੍ਹਾਂ ਵਿਚ ਕੋਈ ਵੱਲ ਛੱਲ ਨਹੀਂ ਪਰ ਉਹ ਐਸੇ ਹਨ ਜੋ ਜੁਗੋ ਜੁਗ ਇਨਸਾਨ ਦੀ ਜ਼ਿੰਦਗੀ ਨਾਲ ਜੁੜੇ ਰਹਿ ਸਕਦੇ ਹਨ ਤੇ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੇ ਬਦਲਾਵ ਦੀ ਜ਼ਰੂਰਤ ਨਹੀਂ। ਬਾਣੀ ਦੇ ਰਚਣਹਾਰਿਆਂ ਨੂੰ ਸਾਨੂੰ ਅੱਜ ਤੋਂ 500 ਸਾਲ ਤੋਂ ਵੀ ਪਹਿਲਾਂ ਜੋ ਸਚਾਈਅ ਦੱਸੀਆਂ ਸਨ। ਉਹ ਆਧੁਨਿਕ ਯੁੱਗ ਵਿਚ ਵੀ ਸੱਚੀਆਂ ਤੇ ਮੰਨਣ ਵਾਲੀਆਂ ਹਨ।
ਸਿੱਖ ਧਰਮ ਤੇ ਮਨੋਵਿਗਿਆਨ
ਮਿਸਾਲ ਦੇ ਤੌਰ 'ਤੇ ਗੁਰੂ ਸਾਹਿਬਾਂ ਨੇ ਸਰੀਰ ਤੋਂ ਜ਼ਿਆਦਾ ਸਾਡੇ ਮਾਨਸਿਕ ਰੋਗਾਂ ਦਾ ਜ਼ਿਕਰ ਕੀਤਾ ਹੈ। ਹਉਮੈ ਇਕ ਐਸਾ ਹੀ ਦੀਰਘ ਰੋਗ ਹੈ। ਹੁਣ ਮਨੋਵਿਗਿਆਨਕ ਦੰਸਦੇ ਹਨ ਕਿ ਸਰੀਰ ਦੇ ਸਾਰੇ ਰੋਗ ਸਾਡੀ ਮਾਨਸਿਕ ਸਥਿਤੀ ਤੋਂ ਹੀ ਜਨਮ ਲੈਂਦੇ ਹਨ। ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਹੀ ਹਨ ਜੋ ਸਾਡਾ ਮਾਨਸਿਕ ਸੰਤੁਲਨ ਵਿਗਾੜ ਕੇ ਸਾਡੀ ਕਾਇਆ ਨੂੰ ਗਾਲ ਦਿੰਦੇ ਹਨ। ਕੈਂਸਰ, ਏਡਜ਼, ਦਿਲ ਦੀਆਂ ਬੀਮਾਰੀਆਂ ਆਦਿ ਸਾਰੇ ਹੀ ਰੋਗ ਸਾਡੀਆਂ ਮਾਨਸਿਕ ਸਮੱਸਿਆਵਾਂ ਤੋਂ ਹੀ ਪੈਦਾ ਹੁੰਦੇ ਹਨ। ਜੇ ਕ੍ਰੋਧ ਸਾਡੇ ਦਿਲ ਨੂੰ ਬੀਮਾਰ ਕਰ ਸਕਦਾ ਹੈ। ਤਾਂ ਕਾਮ ਏਡਜ਼ ਵਰਗੀ ਬੀਮਾਰੀ ਦਾ ਕਾਰਨ ਬਣਦਾ ਹੈ। ਗੁਰੂ ਸਾਹਿਬ ਨੇ ਬੀਮਾਰੀਆਂ ਨੂੰ ਦੂਰ ਕਰਨ ਦੇ ਢੰਗ ਵੀ ਮਨੋਵਿਗਿਆਨਕ ਵਾਂਗ ਹੀ ਦੱਸੇ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਸੰਬੰਧਿਤ ਉੱਤਰਾਂ ਵਿਚ ਕਰ ਚੁੱਕੇ ਹਾਂ। ਇਹ ਧਰਮ ਸਰਬ ਸਾਂਝਾ ਹੈ, ਇਸ ਨੂੰ ਸਾਰੀ ਦੁਨੀਆਂ ਮੰਨਦੀ ਹੈ। ਇਹ ਗੱਲ ਵੀ ਸਪੱਸ਼ਟ ਹੈ ਕਿ ਧਰਮ ਨਿਰਪੇਖਤਾ ਦੀ ਜੋ ਸੁੰਦਰ ਮਿਸਾਲ ਸਿੱਖ ਧਰਮ ਵਿਚੋਂ ਵੇਖਣ ਨੂੰ ਮਿਲਦੀ ਹੈ, ਉਹ ਕਿਤੇ ਹੋਰ ਨਹੀਂ ਮਿਲਦੀ।
ਸਿੱਖ ਧਰਮ ਵਿਗਿਆਨਕ ਹੈ
ਸਾਡਾ ਧਰਮ ਵਿਗਿਆਨਕ ਪੱਖੋਂ ਵੀ ਸ਼ੇਸ਼ਟ ਧਰਮ ਹੈ। ਸਿਰਫ ਇਹੀ ਨਹੀਂ ਕਿ ਜੋ ਸਚਾਈਆਂ ਵਿਗਿਆਨਕ ਅੱਜ ਦੱਸ ਰਹੇ ਹਨ, ਉਹ ਸਾਨੂੰ ਗੁਰਬਾਣੀ ਦੇ ਰਚੈਤਾ 500 ਸਾਲ ਪਹਿਲਾਂ ਦੱਸੇ ਚੁੱਕੇ ਹਨ, ਦੁਨੀਆਂ ਬਾਰੇ, ਵੱਖ-ਵੱਖ ਬ੍ਰਹਿਮੰਡਾਂ ਬਾਰੇ, ਸੰਸਾਰ ਰਚਨਾ ਤੇ ਉਤਪਤੀ ਬਾਰੇ, ਇਹ ਸਾਰੀਆਂ ਗੱਲਾਂ ਗੁਰ ਗ੍ਰੰਥ ਸਾਹਿਬ ਵਿਚ ਦੇਖਣ ਨੂੰ ਮਿਲਦੀਆ ਹਨ, ਬਲਕਿ ਵਿਗਿਆਨਕ ਨਿਯਮ ਕਿ ਹਰ ਨਤੀਜਾ ਵਿਚਾਰ ਤੇ ਦਲੀਲਾਂ 'ਤੇ ਆਧਾਰਿਤ ਹੋਣਾ ਚਾਹੀਦਾ ਹੈ, ਭੀ ਗੁਰਬਾਣੀ ਵਿਚ ਦਰਸਾਇਆ ਗਿਆ ਹੈ।
ਮੁੰਦਾਵਣੀ ਮ: ੫
ਮੁੰਦਾਵਣੀ ਵਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਦੋ ਸਲੋਕ ਦਰਜ ਕੀਤੇ ਹਨ ਉਸ ਵਿਚੋਂ ਪਹਿਲੇ ਸਲੋਕ ਵਿਚ ਭੋਜਨ ਕਰਨ ਲਈ ਪਰੋਸੇ ਹੋਏ ਥਾਲ ਦਾ ਰੂਪਕ ਅਲੰਕਾਰ ਵਰਤਿਆ ਹੈ। ਉਸ ਥਾਲ ਵਿਚ ਜੋ ਤਿੰਨ ਪਦਾਰਥ ਹਨ ਉਨ੍ਹਾਂ ਵਿਚੋਂ ਇਕ ਵੀਚਾਰ ਹੈ ਜੋ ਸਪੱਸ਼ਟ ਕਰਦਾ ਹੈ ਕਿ ਇਨਸਾਨ ਨੇ ਜੋ ਅਧਿਆਤਮਿਕ ਖੁਰਾਕ ਖਾਣੀ ਹੈ ਉਨ੍ਹਾਂ ਵਿਚ ਵਿਚਾਰਾਂ ਦੀ ਵੀ ਉਨੀ ਹੀ ਮਹੱਤਾ ਹੈ ਜਿੰਨੀ ਸਤ ਅਤੇ ਸੰਤੋਖ ਦੀ।
ਹੁਣ ਸਵਾਲ ਇਹ ਉਠਦਾ ਹੈ ਕਿ ਐਸੇ ਧਰਮ ਦੇ ਮੰਨਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਕਿਉਂ ਨਹੀਂ ਹੋਇਆ। ਇਸ ਦਾ ਮੁੱਖ ਕਾਰਨ ਹੈ ਸਿੱਖ ਧਰਮ ਦੇ ਪ੍ਰਚਾਰ ਦੀ ਘਾਟ। ਕੁਝ ਤੇ ਸਿੱਖਾਂ ਦਾ ਇਤਿਹਾਸ ਹੀ ਐਸਾ ਰਿਹਾ ਹੈ ਕਿ ਉਹ ਹਮੇਸ਼ਾ ਹੀ ਜ਼ੁਲਮ ਕਰਨ ਵਾਲੇ ਰਾਜ ਨਾਲ ਜੂਝਦੇ ਰਹੇ ਹਨ। ਰਾਜ ਕਰਨ ਵਾਲਿਆਂ ਦੀਆਂ ਬੇਇਨਸਾਫੀਆਂ ਨੇ ਜਾਂ ਗਲਤ ਫੈਸਲਿਆਂ ਨੇ ਸਿੱਖਾਂ ਨੂੰ ਹਮੇਸ਼ਾਂ ਹੀ ਉਨ੍ਹਾਂ ਵਿਰੁੱਧ ਲੜਣ ਵਿਚ ਵਿਅਸਤ ਰੱਖਿਆ ਹੈ। ਅੱਜ ਦੇ ਯੁੱਗ ਵਿਚ ਵੀ ਭਾਵੇਂ ਦੇਸ਼ ਵਿਚ ਐਮਰਜੈਂਸੀ ਲਗਾਉਣ ਦਾ ਫੈਸਲਾ ਹੋਵੇ, ਜਾਂ ਉਨ੍ਹਾਂ ਦੇ ਗੁਰਦੁਆਰਿਆਂ 'ਤੇ ਹਮਲਾ ਹੋਵੇ ਜਾਂ ਕੋਈ ਐਸਾ ਫੈਸਲਾ ਹੋਵੇ ਜਿਹੜਾ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਉਂਦਾ ਹੋਵੇ, ਜਿਵੇਂ ਕਿ ਹਾਲ ਦੀਆਂ ਹੋਈਆਂ ਚੋਣਾਂ (ਮਈ 2009) ਵਿਚ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਕਾਂਗਰਸ ਦੁਆਰਾ ਚੋਣਾਂ ਲੜਣ ਲਈ ਟਿਕਟ ਦੇਣ ਦਾ ਫੈਸਲਾ, ਉਹ ਹਮੇਸ਼ਾਂ ਹੀ ਐਸੇ ਫੈਸਲਿਆਂ ਵਿਰੁੱੱਧ ਲੜਦੇ ਰਹੇ ਹਨ ਤੇ ਪ੍ਰਚਾਰ ਕਰਨ ਵਾਲੇ ਪਾਸੇ, ਉਨ੍ਹਾਂ ਦਾ ਧਿਆਨ ਗਿਆ ਹੀ ਨਹੀਂ।
ਜੇ ਕਦੀ ਐਸਾ ਸਮਾਂ ਮਿਲਿਆ ਵੀ ਤਾਂ ਸਾਡੇ ਲੀਡਰ ਨੇ ਤੇ ਪ੍ਰਚਾਰਕ ਕਲਾਸ ਨੇ ਉਸ ਸਮੇਂ ਦਾ ਫਾਇਦਾ ਹੀ ਨਹੀਂ ਉਠਾਇਆ ਤੇ ਉਸਨੂੰ ਐਂਵੇ ਹੀ ਗੁਆ ਦਿੱਤਾ। ਪ੍ਰਚਾਰ ਕਰਨ ਦੀ ਸਹੀ ਦਿਸ਼ਾ ਕਦੀ ਕਿਸੇ ਨੂੰ ਸਮਝ ਹੀ ਨਹੀਂ ਆਈ। ਮਿਸਾਲ ਦੇ ਤੌਰ ਤੇ ਇਕ ਵਾਰ ਭੀਮ ਰਾਉ ਅੰਬੇਦਕਰ ਤੇ ਹੋਰ ਦਲਿਤ ਲੋਕਾਂ ਨੇ ਸਿੱਖ ਧਰਮ ਅਪਨਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਉਸ ਵੇਲੇ ਐਸ.ਜੀ.ਪੀ.ਸੀ. ਨੇ ਇਹ ਫੈਸਲਾ ਕੀਤਾ ਕਿ ਦਲਿਤਾਂ ਵਿਚ ਉੱਤਰ ਪ੍ਰਦੇਸ਼ ਤੇ ਦੱਖਣ ਦੇ ਇਲਾਕਿਆਂ ਵਿਚ ਪ੍ਰਚਾਰ ਦਾ ਕੰਮ ਤੇ॥ ਕਰਨ ਲਈ ਇਕ ਉੱਚ ਪੱਧਰੀ ਕਾਨਫਰੰਸ ਕੀਤੀ ਜਾਵੇ। 1936 ਦੀ ਵਿਸਾਖੀ ਵਾਲੇ ਦਿਨ ਇਹ ਕਾਨਫਰੰਸ ਹੋਈ ਜਿਸ ਵਿਚ ਕਈ ਸਿੱਖ ਜੱਥੇਬੰਦੀਆਂ ਤੋਂ ਇਲਾਵਾਂ ਬਹੁਤ ਸਾਰੇ ਦਲਿਤਾਂ ਨੇ ਵੀ ਹਿੱਸਾ ਲਿਆ। ਡਾ. ਅੰਬੇਦਕਰ ਆਪ ਵੀ ਆਏ। ਇਥੇ 94 ਵਿਅਕਤੀਆਂ ਨੇ ਅੰਮ੍ਰਿਤਪਾਨ ਕੀਤਾ ਜਿਨ੍ਹਾਂ ਵਿਚੋਂ 43 ਪੰਜਾਬ ਤੋਂ ਬਾਹਰ ਦੇ ਸਨ। ਇਸ ਮੌਕੇ 'ਤੇ 'ਸਰਬ ਹਿੰਦ ਸਿੱਖ ਮਿਸ਼ਨ' ਦੀ ਸਥਾਪਨਾ ਕੀਤੀ ਗਈ ਜਿਸ ਦੇ ਅੰਤਰਗਤ ਉੱਤਰ ਦੇਸ਼ ਦੇ ਹਾਪੁੜ ਅਤੇ ਅਲੀਗੜ੍ਹ ਨਗਰ ਵਿਚ, ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿਚ, ਅਤੇ ਮਹਾਰਾਸ਼ਟਰ ਦੇ ਅਕੋਲਾ ਅਤੇ ਨਾਗਪੁਰ ਵਿਚ ਸੈਂਟਰ ਖੋਲੇ ਗਏ ਅਤੇ ਪ੍ਰਚਾਰ ਲਈ ਕਾਫੀ ਧਨ ਇਕੱਠਾ ਕੀਤਾ ਗਿਆ। ਪਰ ਜਦ ਅੰਬੇਦਕਰ ਜੀ ਸਿੱਖ ਨਹੀਂ ਬਣੇ ਤਾਂ ਸਾਰਿਆਂ ਦੀ ਦਿਲਚਸਪੀ ਘੱਟ ਗਈ ਤੇ ਮਿਸ਼ਨ ਫੇਲ੍ਹ ਹੋ ਗਿਆ। ਇਸ ਮਿਸ਼ਨ ਦੀ ਇਕ ਵੱਡੀ ਪ੍ਰਾਪਤੀ ਸੀ 1936 ਵਿਚ ਮੁੰਬਈ ਵਿਚ ਖਾਲਸਾ ਕਾਲਜ ਸਥਾਪਿਤ ਕਰਨਾ।
ਸਰਬ ਹਿੰਦ ਸਿੱਖ ਮਿਸ਼ਨ ਦੀ ਨਾਕਾਮਯਾਬੀ ਤੇ ਉਸ ਤੋਂ ਬਾਅਦ ਹੋਰ ਐਡਾ ਵੱਡਾ ਉਦਮ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਅਸੀਂ ਧਰਮ ਪ੍ਰਚਾਰ ਲਈ ਸੰਜੀਦਾ ਨਹੀਂ ਸੀ। ਛੋਟੀਆਂ ਜਾਤੀਆਂ, ਦਲਿਤਾਂ, ਜਾਂ ਹੋਰ ਧਰਮਾਂ ਦੇ ਲੋਕਾਂ ਨੂੰ ਸਮਝਾਉਣਾ ਤਾਂ ਦੂਰ ਦੀ ਗੱਲ ਅਸੀ ਤਾਂ ਆਪਣੇ ਬੱਚਿਆਂ ਨੂੰ ਵੀ ਸਿੱਖ ਧਰਮ ਵਿਚ ਨਹੀਂ ਰੱਖ ਪਾ ਰਹੇ ਤੇ ਉਹ ਵੱਡੀ ਗਿਣਤੀ ਵਿਚ ਪਤਿਤ ਹੁੰਦੇ ਜਾ ਰਹੇ ਹਨ। ਸਾਡੀ ਜਵਾਨ ਪੀੜੀ ਦੇ ਰੋਜ਼ਗਾਰ ਬਾਰੇ, ਉਨ੍ਹਾਂ ਦੀ ਖੁਸ਼ਹਾਲੀ ਬਾਰੇ, ਉਨ੍ਹਾਂ ਦੇ ਕੰਮ ਧੰਧਿਆਂ ਬਾਰੇ ਸਾਡੇ ਕੋਲ ਕੀ ਯੌਜਨਾ ਹੈ, ਕੁਝ ਵੀ ਨਹੀਂ। ਸਾਡੇ ਪ੍ਰਚਾਰਕਾਂ ਦਾ ਕੋਈ ਭਵਿੱਖ ਨਹੀਂ ਤੇ ਨਾ ਹੀ ਕੋਈ ਐਸਾ ਸਿਸਟਮ ਜਿਸ ਅਨੁਸਾਰ ਉਹ ਪ੍ਰਚਾਰ ਨੂੰ ਆਪਣਾ ਪੱਕਾ ਕਿੱਤਾ ਬਣਾ ਸਕਣ।
ਕੇਸ ਸੰਭਾਲ ਪ੍ਰਚਾਰ ਸੰਸਥਾ, ਅੰਮ੍ਰਿਤਸਰ ਨੇ ਇਕ ਪ੍ਰਬੰਧਕੀ ਖਾਂਚੇ ਦਾ ਖਾਕਾ ਤਿਆਰ ਕਰਕੇ ਐਸ.ਜੀ.ਪੀ.ਸੀ. ਕੋਲ ਭੇਜਿਆ ਸੀ ਪਰ ਸ਼੍ਰੋਮਣੀ ਕਮੇਟੀ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਉਸ ਢਾਚੇ ਅਨੁਸਾਰ ਸਾਰੀ ਦੁਨੀਆਂ ਵਿਚ ਪ੍ਰਚਾਰ ਕਰਨ ਦੀ ਐਸੀ ਵਿਵਸਥਾ ਬਿਆਨੀ ਗਈ ਹੈ ਕਿ ਜਿਸ ਨਾਲ ਸਿੱਖਾਂ ਦੀਆਂ ਆਰਥਿਕ, ਸਮਾਜਿਕ ਤੇ ਧਾਰਮਿਕ ਸਮੱਸਿਆਵਾਂ ਤੁਰੰਤ ਹੱਲ ਹੋ ਸਕਣ। ਆਲ ਇੰਡੀਆ ਗੁਰਦੁਆਰਾ ਐਕਟ ਤੇ ਆਧਾਰਿਤ ਇਸ ਵਿਵਸਥਾ ਵਿਚ ਪ੍ਰਚਾਰਕਾਂ ਦੀ ਇਕ ਐਸੀ ਸਰਵਿਸ ਦੀ ਵਿਵਸਥਾ ਹੈ ਜੋ ਪ੍ਰਸ਼ਾਸਨਿਕ ਸੇਵਾਵਾਂ ਜਿਵੇਂ ਆਈ.ਏ.ਐਸ.ਆਈ.ਪੀ.ਐਸ. ਨਾਲ ਮੁਕਾਬਲਾ ਕਰ ਸਕਦੀ ਹੈ। ਪਰ ਕਿਉਂਕਿ ਸਾਡੇ ਲੀਡਰ ਆਲ ਇੰਡੀਆ ਗੁਰਦੁਆਰਾ ਐਕਟ ਹੀ ਨਹੀਂ ਬਨਾਉਣਾ ਚਾਹੁੰਦੇ, ਉਹ ਕੋਈ ਵੀ ਤਬਦੀਲੀ ਦੇ ਹੱਕ ਵਿਚ ਨਹੀਂ ਤੇ ਪੁਰਾਣਾ ਸਿਸਟਮ ਨਤੀਜੇ ਦੇ ਨਹੀਂ ਸਕਦਾ, ਸੋ ਪ੍ਰਚਾਰ ਸਹੀ ਢੰਗ ਨਾਲ, ਸਹੀ ਦਿਸ਼ਾ ਨਾਲ ਨਹੀ ਹੋ ਸਕਦਾ। ਫਿਰ ਕਿਸ ਤਰ੍ਹਾਂ ਵਧੇਗੀ ਸਿੱਖਾਂ ਦੀ ਗਿਣਤੀ। ਇਕ ਅੰਗਰੇਜ਼ ਪਾਦਰੀ ਨੇ ਠੀਕ ਹੀ ਕਿਹਾ ਸੀ ਕਿ ਈਸਾ ਮਸੀਹ ਦੀ ਕੁਰਬਾਨੀ ਨੇ ਅੰਗਰੇਜ਼ਾਂ ਨੂੰ ਸਾਰੀ ਦੁਨੀਆਂ ਵਿਚ ਆਪਣਾ ਧਰਮ ਫੈਲਾਉਣ ਲਈ ਪ੍ਰੇਰਿਤ ਕੀਤਾ, ਪਰ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਣ ਦੇ ਬਾਵਜੂਦ ਸਿੱਖ ਆਪਣੇ ਧਰਮ ਨੂੰ ਨਹੀਂ ਫੈਲਾ ਸਕੇ, ਉਹ ਦੁਨੀਆਂ ਨੂੰ ਇਸ ਬਾਰੇ ਦੱਸ ਵੀ ਨਹੀਂ ਸਕੇ, ਇਹ ਸਾਡੀ ਬਦਕਿਸਮਤੀ ਹੈ।
(32) Question:- ਸਿੱਖ ਧਰਮ ਦੇ ਪ੍ਰਚਾਰ ਵਿਚ ਕੀ ਮੁੱਖ ਰੁਕਾਵਟਾਂ ਹਨ?
Answer:- ਜਿੰਨੇ ਵੀ ਧਰਮ ਦੁਨੀਆਂ ਵਿਚ ਆਏ ਉਨ੍ਹਾਂ ਦੇ ਅਨੁਯਾਈਆਂ ਨੇ ਬੜੇ ਜ਼ੋਰ-ਸ਼ੋਰ ਨਾਲ ਉਨ੍ਹਾਂ ਦਾ ਪ੍ਰਚਾਰ ਕੀਤਾ। ਅੱਜ ਆਜ਼ਾਦ ਭਾਰਤ ਵਿਚ ਵੀ ਸਾਡੇ ਸੰਵਿਧਾਨ ਵਿਚ ਹਰ ਧਰਮ ਨੂੰ ਇਹ ਹੱਕ ਦਿੱਤਾ ਗਿਆ ਹੈ ਕਿ ਉਹ ਆਪਣੇ ਧਰਮ ਦਾ ਪ੍ਰਚਾਰ-ਪਸਾਰ ਕਰ ਸਕਦੇ ਹਨ, ਉਹ ਆਪਣੇ ਵਿਦਿਅਕ ਅਦਾਰੇ ਖੋਲ ਸਕਦੇ ਹਨ, ਆਪਣੇ ਧਰਮ ਅਸਥਾਨ ਬਣਾ ਸਕਦੇ ਹਨ ਤੇ ਬਗੈਰ ਦੂਜੇ ਲੋਕਾਂ ਨੂੰ ਤੰਗ ਕੀਤੇ, ਦਖ਼ਲ-ਅੰਦਾਜ਼ੀ ਕਰਕੇ ਜਾਂ ਡਰਾ ਕੇ, ਧਰਮ ਦੀ ਸਿਖਿਆ ਦੇ ਸਕਦੇ ਹਨ ਪਰ ਜਿਵੇਂ ਕਿ ਉਪਰ ਦੱਸਿਆ ਗਿਆ ਹੈ ਸਿੱਖ ਧਰਮ ਦਾ ਪ੍ਰਚਾਰ ਠੀਕ ਢੰਗ ਨਾਲ ਨਹੀਂ ਹੋ ਸਕਿਆ। ਪ੍ਰਚਾਰ ਕਰਨਾ ਤਾਂ ਇਕ ਤਰਫ਼, ਇਸ ਵਿਚ ਰੁਕਾਵਟਾਂ ਵੀ ਸਾਡੇ ਹੀ ਲੋਕ ਪੈਦਾ ਕਰਦੇ ਰਹੇ ਹਨ।
ਸਾਡੇ ਐਸੇ ਲੀਡਰ ਜਿਨ੍ਹਾਂ ਨੂੰ ਧਰਮ, ਇਤਿਹਾਸ ਦੇ ਵਿਰਸੇ ਦੀ ਪੂਰੀ ਜਾਣਕਾਰੀ ਨਹੀਂ ਹੈ, ਸਾਡੇ ਧਰਮ ਦੇ ਸੰਕਲਪਾਂ ਨੂੰ ਬਜਾਏ ਸਪੱਸ਼ਟ ਕਰਨ ਦੇ ਲੋਕਾਂ ਵਿਚ ਭਰਮ-ਭੁਲੇਖੇ ਪੈਦਾ ਕਰਦੇ ਰਹੇ ਹਨ। ਜਿਨ੍ਹਾਂ ਚੀਜ਼ਾਂ ਬਾਰੇ ਸਾਨੂੰ ਸਪੱਸ਼ਟ ਰੂਪ ਵਿਚ ਗੁਰੂਆਂ ਦੇ ਵਿਚਾਰ ਉਪਲਬਧ ਨਹੀਂ ਕਿਉਂਕਿ ਉਹ ਆਧੁਨਿਕ ਯੁੱਗ ਵਿਚ ਆਈਆਂ ਹਨ ਉਥੇ ਜ਼ਰੂਰਤ ਪੈਂਦੀ ਹੈ ਇਕ ਸੁਚੱਜੇ ਤੇ ਵਿਗਿਆਨਕ ਢੰਗ ਨਾਲ ਸੋਚਣ ਦੀ ਪਰ ਸਾਡੇ ਲੀਡਰ ਤੇ ਪ੍ਰਚਾਰਕ ਕਲਾਸ ਜੋ ਰੂੜੀਵਾਦੀ ਦ੍ਰਿਸ਼ਟੀਕੋਣ ਅਪਣਾ ਲੈਂਦੇ ਹਨ ਤਾਂ ਆਪਣੇ ਹੀ ਧਰਮ ਦੇ ਲੋਕਾਂ ਨੂੰ ਆਪਣੇ ਵਿਰੁੱਧ ਕਰ ਲੈਂਦੇ ਹਨ। ਗੁਰੂ ਸਾਹਿਬਾਂ ਨੇ ਸਾਨੂੰ ਕਿਸੇ ਵੀ ਵਹਿਮ-ਭਰਮ ਵਿਚ ਪੈਣ ਲਈ ਨਹੀਂ ਕਿਹਾ ਤੇ ਨਾ ਹੀ ਰੂੜ੍ਹੀਵਾਦੀ ਸੋਚ ਦੇ ਧਾਰਣੀ ਬਣਾਇਆ ਹੈ।
ਸਿੱਖ ਧਰਮ ਵਿਚ ਰੂੜ੍ਹੀਵਾਦੀ ਵਿਚਾਰ ਵਾਲੇ ਲੋਕਾਂ ਦਾ ਰਵੱਈਆ ਇਸ ਗੱਲ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਸਿੱਖ ਧਰਮ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਹ ਲੋਕ ਪਹੁੰਚਾਉਂਦੇ ਹਨ ਜਿਨ੍ਹਾਂ ਕੋਲ ਧਰਮ, ਇਤਿਹਾਸ ਤੇ ਵਿਰਸੇ ਦੀ ਜਾਣਕਾਰੀ ਪੂਰੀ ਤੇ ਸਹੀ ਨਹੀਂ ਹੈ। ਐਸੀ ਅਧੂਰੀ ਜਾਣਕਾਰੀ ਕਈ ਤਰ੍ਹਾਂ ਦੇ ਭਰਮ ਪੈਦਾ ਕਰਦੀ ਹੈ ਜੋ ਬਜਾਏ ਧਰਮ ਦੇ ਸੰਕਲਪਾਂ ਨੂੰ ਸਪੱਸ਼ਟ ਕਰਨ ਦੇ ਲੋਕਾਂ ਵਿਚ ਭੁਲੇਖੇ ਪੈਦਾ ਕਰਦੇ ਹਨ। ਜਿਨ੍ਹਾਂ ਚੀਜ਼ਾਂ ਬਾਰੇ ਗੁਰੂ ਮਹਾਰਾਜ ਨੇ ਕੋਈ ਵਿਚਾਰ ਨਹੀਂ ਦਿੱਤੇ ਤੇ ਉਨ੍ਹਾਂ ਬਾਰੇ ਅੱਜ ਆਧੁਨਿਕ ਯੁੱਗ ਵਿਚ ਠੀਕ ਢੰਗ ਨਾਲ ਸੋਚਣ ਦੀ ਜ਼ਰੂਰਤ ਹੈ, ਐਸੇ ਲੋਕ ਰੂੜ੍ਹੀਵਾਦੀ ਦ੍ਰਿਸ਼ਟੀਕੋਣ ਅਪਣਾਅ ਕੇ ਸਿੱਖ ਨੂੰ ਹੀ ਧਰਮ ਦੇ ਵਿਰੁੱਧ ਕਰ ਲੈਂਦੇ ਹਨ। ਜਦੋਂ ਹਰਿਮੰਦਰ ਸਾਹਿਬ ਵਿਚ ਬਿਜਲੀ ਲਗਵਾਉਣੀ ਸੀ ਤਾਂ ਐਸੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਸ ਤਰ੍ਹਾਂ ਕਰਨਾ ਧਰਮ ਦੇ ਵਿਰੁੱਧ ਹੈ। ਐਸੇ ਹੀ ਉਹ ਲੋਕ ਵੀ ਹਨ ਜੋ ਆਪਣੇ ਧਰਮ-ਅਨੁਯਾਈਆਂ ਨੂੰ ਦੇਸ਼ ਤੇ ਸਮਾਜ ਦੇ ਅਸੂਲਾਂ ਦੇ ਵਿਰੁੱਧ ਧਾਰਮਿਕ ਦ੍ਹਿਸ਼ਟੀਕੋਣ ਅਪਣਾਉਣ ਲਈ ਕਹਿੰਦੇ ਹਨ। ਐਸੇ ਹੀ ਲੋਕਾਂ ਨੇ ਜਨਰਲ ਡਾਇਰ ਨੂੰ ਸਨਮਾਨਿਤ ਕਰ ਦਿੱਤਾ ਸੀ। ਅੱਜ ਵੀ ਜੋ ਲੋਕ ਜਾਤ-ਪਾਤ ਤੇ ਵਹਿਮ-ਭਰਮ ਵਾਲੀਆਂ ਅਤੇ ਦੇਸ਼ ਤੇ ਸਮਾਜ ਦੇ ਵਿਰੁੱਧ ਗੱਲਾਂ ਕਰਦੇ ਹਨ ਉਹ ਲੋਕ ਗੁਰਬਾਣੀ ਦੇ ਸੱਚੇ ਤੇ ਉੱਚੇ ਸੰਦੇਸ਼ ਨੂੰ ਨਹੀਂ ਸਮਝਦੇ। ਐਸੇ ਪ੍ਰਚਾਰਕ ਜੋ ਮਿਥਿਹਾਸਿਕ ਕਥਾਵਾਂ ਸੁਣਾ ਦਿੰਦੇ ਹਨ, ਐਸੇ ਕੀਰਤਨੀਏ ਜੋ ਬੇਤੁਕੇ ਬਿਰਤਾਂਤ ਸੁਣਾ ਕੇ ਕੀਰਤਨ ਦਾ ਰਸ ਖਤਮ ਕਰਦੇ ਹਨ ਤੇ ਐਸੇ ਨੇਤਾ ਜੋ ਧਰਮ ਦੀ ਗੱਲ ਘੱਟ ਤੇ ਆਪਸ ਵਿਚ ਲੜਾਈ-ਝਗੜੇ ਤੇ ਵਿਤਕਰੇ ਵਾਲੀਆਂ ਗੱਲਾਂ ਕਰਦੇ ਹਨ-ਪ੍ਰਚਾਰ ਨੂੰ ਬਹੁਤ ਵੱਡੀ ਢਾਹ ਲਗਾ ਰਹੇ ਹਨ।
ਪੰਜਾਬ ਵਿਚ ਬਹੁਤ ਸਾਰੇ ਸੰਤ ਬਾਬਿਆਂ ਦਾ ਉਭਰ ਕੇ ਉਪਰ ਆਉਣਾ ਵੀ ਸਿੱਖ ਧਰਮ ਦੇ ਪ੍ਰਚਾਰ ਵਿਚ ਰੁਕਾਵਟ ਸਾਬਤ ਹੋਇਆ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਧਨ ਤੇ ਜਾਇਦਾਦਾਂ ਇਕੱਠੇ ਕਰਨ ਲਈ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ ਤੇ ਗੁੰਮਰਾਹ ਕਰਦੇ ਹਨ। ਉਹ ਲੋਕ ਗੁਰਬਾਣੀ ਦਾ ਪ੍ਰਚਾਰ ਨਹੀਂ ਕਰਦੇ ਬਲਕਿ ਗੁਰਬਾਣੀ ਨਾਲ ਕੱਚੀਆਂ ਬਾਣੀਆਂ ਜੋੜ ਕੇ ਸਿੱਖਾਂ ਵਿਚ ਭੁਲੇਖੇ ਫੈਲਾਉਂਦੇ ਹਨ। ਉਨ੍ਹਾਂ ਵਿਚੋਂ ਕਈ ਤਾਂ ਗੁਰ-ਮੰਤਰ ਜਾਂ ਨਾਮ ਗੁਰਮਤਿ ਪ੍ਰਥਾ ਦੇ ਵਿਪਰੀਤ ਦਿੰਦੇ ਹਨ। ਉਹ ਨਾਮ ਦੇਣ ਨੂੰ ਗੁਰੂ ਸਾਹਿਬ ਦੇ ਅੰਮ੍ਰਿਤ ਦੇਣ ਤੋਂ ਜ਼ਿਆਦਾ ਮਹੱਤਤਾ ਦਿੰਦੇ ਹਨ। ਕਿਉਂਕਿ ਲੋਕਾਂ ਵਿਚ ਉਨ੍ਹਾਂ ਦਾ ਪ੍ਰਭਾਵ ਬਹੁਤ ਹੈ। ਇਸ ਕਰਕੇ ਸਾਡੇ ਕਈ ਲੀਡਰ ਆਪਣੇ ਮਤਲਬ ਪੂਰੇ ਕਰਨ ਲਈ ਉਨ੍ਹਾਂ ਦੇ ਡੇਰਿਆਂ 'ਤੇ ਜਾਂਦੇ ਰਹਿੰਦੇ ਹਨ। ਜੋ ਲੋਕ ਗੁਰਮਤਿ ਦੇ ਅਸੂਲਾਂ ਨੂੰ ਸਮਝਦੇ ਹੀ ਨਹੀਂ, ਉਹ ਲੋਕ ਸਿੱਖਾਂ ਲਈ ਰੋਲ-ਮਾਡਲ ਨਹੀਂ ਬਣ ਸਕਦੇ। ਇਹੀ ਕਾਰਨ ਹੈ ਕਿ ਪੰਜਾਬ ਵਿਚ ਆਸ਼ੂਤੋਸ਼ ਤੇ ਭਨਿਆਰਾ ਵਰਗੇ ਲੋਕ ਪ੍ਰਫੁਲਿਤ ਹੁੰਦੇ ਰਹੇ ਤੇ ਜਦ ਸਿੱਖਾਂ ਨੂੰ ਸੱਚਾਈ ਪਤਾ ਲੱਗੀ, ਤਦ ਤੱਕ ਸਾਡੀ ਜੱਥੇਬੰਦੀ ਏਕਤਾ ਨੂੰ ਭਾਰੀ ਨੁਕਸਾਨ ਪੁੱਜ ਚੁੱਕਾ ਸੀ। ਹੁਣ ਵੀ ਪਿੱਛੇ ਜਿਹੇ ਜਦੋਂ ਸਿਰਸਾ ਵਾਲੇ ਬਾਬੇ ਗੁਰਮੀਤ ਰਾਮ ਰਹੀਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਵਾਂਗ ਵਸਤਰ ਪਾ ਕੇ ਅੰਮ੍ਰਿਤ ਛਕਾਉਣ ਦਾ ਪਾਖੰਡ ਰਚਾਇਆ ਤਾਂ ਸਿੱਖਾਂ ਨੂੰ ਸਮਝ ਆਈ ਕਿ ਐਸੇ ਲੋਕ ਕਿਸ ਤਰ੍ਹਾਂ ਸਾਡੇ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਐਸੀਆਂ ਬਹੁਤ ਸਾਰੀਆਂ ਸੰਸਥਾਵਾਂ ਵੀ ਬਣ ਗਈਆਂ ਹਨ ਜੋ ਆਰ.ਐਸ.ਐਸ. ਤੋਂ ਪ੍ਰਭਾਵਿਤ ਹੋ ਕੇ ਉਤੋਂ ਭਾਵੇਂ ਸਿੱਖ ਧਰਮ ਦੇ ਹਿਮਾਇਤੀ ਲੱਗਣ ਪਰ ਅੰਦਰੋਂ ਸਾਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਰੱਖਦੀਆਂ ਹਨ। ਇਕ ਆਰ.ਐਸ.ਐਸ. ਦੇ ਮੈਂਬਰ ਨੇ ਇਕ ਪ੍ਰਾਈਵੇਟ ਮਿਲਣੀ ਵਿਚ ਇਹ ਗੱਲ ਮੰਨੀ ਸੀ ਕਿ ਅਗਰ ਸਿੱਖ ਆਪਣੇ ਕੇਸ ਕਤਲ ਕਰਵਾ ਦੇਣ ਤਾਂ ਫਿਰ ਇਹ ਧਰਮ ਜਲਦੀ ਹੀ ਖਤਮ ਹੋ ਜਾਵੇਗਾ। ਤਦ ਹੀ ਤਾਂ ਇੰਗਲੈਂਡ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਨੇ ਇਕ ਸ਼ਤਾਬਦੀ ਸਮਾਰੋਹ ਵਿਚ ਬੋਲਦੇ ਹੋਏ ਕਿਹਾ ਸੀ ਕਿ ਸਿੱਖੋ ਆਪਣੇ ਕੇਸ ਕਤਲ ਕਰਵਾ ਕੇ ਆਪਣੀ ਪਹਿਚਾਣ ਨਾ ਗੁਆਉਣਾ, ਨਹੀਂ ਤਾਂ ਤੁਸੀਂ ਦੁਨੀਆਂ ਵਿਚ ਗੁੰਮ ਹੋ ਜਾਓਗੇ।
ਸਿੱਖ ਧਰਮ ਦੇ ਪ੍ਰਚਾਰ ਵਿਚ ਜੋ ਸਭ ਤੋਂ ਵੱਡੀ ਰੁਕਾਵਟ ਹੈ, ਉਹ ਹੈ ਸਿੱਖਾਂ ਵਿਚ ਏਕੇ ਦੀ ਭਾਵਨਾ ਦੀ ਘਾਟ। ਹਰ ਸਿੱਖ ਚੌਧਰ ਲੈਣ ਲਈ ਦੂਜੇ ਸਿੱਖਾਂ ਦੇ ਵਿਚਾਰਾਂ ਨੂੰ ਕੱਟਦਾ ਰਹਿੰਦਾ ਹੈ। ਭਾਵੇਂ ਕੋਈ ਕਿੰਨਾ ਵੀ ਚੰਗਾ ਕੰਮ ਕਰ ਰਿਹਾ ਹੋਵੇ, ਇਕ ਸਿੱਖ ਦੂਜੇ ਸਿੱਖ ਦੇ ਕੰਮ ਦੀ ਪ੍ਰਸੰਸਾ ਨਹੀਂ ਕਰਦਾ। ਇਹੀ ਹਾਲ ਸੰਸਥਾਵਾਂ ਦਾ ਹੈ। ਆਪਸੀ ਵਾਦ-ਵਿਵਾਦ ਸਾਡੇ ਲਈ ਸ਼ਰਾਪ ਹੈ। ਗੁਰਮਤਿ ਵਿਚ ਵਾਦ-ਵਿਵਾਦ ਵਿਚ ਪੈਣ ਵਾਲਾ ਇਨਸਾਨ ਚੰਗਾ ਗੁਰਸਿੱਖ ਨਹੀਂ ਹੈ। ਸਿੱਖ ਧਰਮ ਦੇ ਪ੍ਰਚਾਰ ਵਿਚ ਜੋ ਸਭ ਤੋਂ ਮਹੱਤਵਪੂਰਨ ਕਮੀ ਹੈ ਉਹ ਹੈ ਚੰਗੇ ਪ੍ਰਚਾਰਕਾਂ ਦੀ ਘਾਟ। ਰਾਜਨੀਤਕ ਨੇਤਾ ਰਾਜਨੀਤੀ ਦੀਆਂ ਗੱਲਾਂ ਵਿਚ ਇਸ ਤਰ੍ਹਾਂ ਫਸੇ ਹੋਏ ਹਨ ਕਿ ਉਹ ਗੁਰਮਤਿ ਦੇ ਅਸੂਲਾਂ ਨੂੰ ਆਪ ਹੀ ਨਹੀਂ ਸਮਝਦੇ ਤਾਂ ਪ੍ਰਚਾਰ ਕੀ ਕਰ ਸਕਦੇ ਹਨ? ਜੋ ਪ੍ਰਚਾਰਕ ਰੂਪ ਵਿਚ ਕੰਮ ਰਹੇ ਹਨ ਉਨ੍ਹਾਂ ਨੂੰ ਧਰਮ ਬਾਰੇ, ਪਰੰਪਰਾਵਾਂ ਬਾਰੇ ਤੇ ਇਤਿਹਾਸ ਬਾਰੋ ਲੁੜੀਂਦੀ ਜਾਣਕਾਰੀ ਨਹੀਂ ਹੁੰਦੀ। ਆਪਣੀ ਆਪਣੀ ਸਮਝ ਅਨੁਸਾਰ ਉਹ ਇਕ ਦੂਜੇ ਦੇ ਵਿਚਾਰਾਂ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਆਪਸੀ ਵਾਦ-ਵਿਵਾਦ ਪੈਦਾ ਹੁੰਦਾ ਹੈ।
ਗੁਰਮਤਿ ਦਾ ਕੰਮ ਹੈ ਵਾਹਿਗੁਰੂ ਦੀ ਉਸਤਤ ਕਰਨਾ ਤੇ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਨਾ ਜੋ ਇਸ ਮਹਾਨ ਕੰਮ ਵਿਚ ਉਸ ਦੇ ਧਰਮ-ਭਾਈ ਹਨ। ਇਸ ਤਰ੍ਹਾਂ ਕੋਈ ਵੀ ਸਿੱਖ ਕਿਸੇ ਦੂਸਰੇ ਸਿੱਖ ਦੀ ਨਿੰਦਾ ਨਹੀਂ ਕਰ ਸਕਦਾ। ਜੇ ਵਿਚਾਰਾਂ ਵਿਚ ਕੋਈ ਭਿੰਨਤਾ ਹੋਵੇ ਤਾਂ ਇਕ ਦੂਜੇ ਨੂੰ ਆਪਸੀ ਵਿਚਾਰ ਰਾਹੀਂ ਸਮਝਾਇਆ ਜਾ ਸਕਦਾ ਹੈ। ਭਗਤ ਨਾਮਦੇਵ ਜੀ ਗੁਰਬਾਣੀ ਵਿਚ ਸਾਨੂੰ ਆਦੇਸ਼ ਕਰਦੇ ਹਨ ਕਿ ਅਸੀਂ ਕਿਸੇ ਵੀ ਵਾਦ-ਵਿਵਾਦ ਵਿਚ ਨਾ ਪਈਏ:-
ਬਾਦੁ ਬਿਬਾਦੁ ਕਾਹੂ ਸਿਉ ਨਾ ਕੀਜੈ।। ਰਸਨਾ ਰਾਮ ਰਸਾਇਨੁ ਪੀਜੈ।।2।। (ਅੰਗ 1164)
ਗੁਰਬਾਣੀ ਵਿਚ ਹੋਰ ਵੀ ਕਈ ਐਸੀਆਂ ਤੁਕਾਂ ਹਨ ਜੋ ਇਹ ਸਪੱਸ਼ਟ ਕਰਦੀਆਂ ਹਨ ਕਿ ਗੁਰੂ ਦਾ ਸਿੱਖ ਵਾਦ ਵਿਵਾਦ ਨੂੰ ਤਿਆਗਦਾ ਹੈ। ਜਿਵੇਂ ਕਿ:-
ਬਿਨੁ ਬਾਦ ਬਿਰੋਧਹਿ ਕੋਈ ਨਾਹੀ।। ਮੈ ਦੇਖਾਲਿਹੁ ਤਿਸੁ ਸਾਲਾਹੀ।। (ਅੰਗ 1025)
ਬਾਣੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ।। (ਅੰਗ 911)
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ।। (ਅੰਗ 473)
ਦਸਮ ਪਿਤਾ ਜੀ ਨੇ ਵੀ ਬਚਿਤ੍ਰ ਨਾਟਕ ਅਧਿਆਇ 6 ਵਿਚ ਵਾਦ-ਵਿਵਾਦ ਕਰਨ ਵਾਲੇ ਹੰਕਾਰੀ ਨੂੰ ਪਰਮਾਤਮਾ ਤੋਂ ਦੂਰ ਦੱਸਿਆ ਹੈ:-
ਜੇ ਜੇ ਬਾਦ ਕਰਤ ਹੰਕਾਰਾ।। ਤਿਨ ਤੇ ਭਿੰਨ ਰਹਤ ਕਰਤਾਰਾ।।62।।
ਗੁਰਬਾਣੀ ਦੀਆਂ ਉਪਰੋਕਤ ਸਤਰਾਂ ਨੂੰ ਮੁੱਖ ਰੱਖਦੇ ਹੋਏ ਗੁਰਸਿੱਖ ਦਾ ਇਕ ਫਰਜ਼ ਬਣ ਜਾਂਦਾ ਹੈ ਕਿ ਉਹ ਕਿਸੇ ਵੀ ਵਾਦ-ਵਿਵਾਦ ਵਿਚ ਨਾ ਪਵੇ। ਕੋਈ ਐਸੇ ਅਸਥਾਨ 'ਤੇ ਨਾ ਜਾਵੇ ਜਿਥੇ ਵਾਦ-ਵਿਵਾਦ ਹੋਣ ਦਾ ਆਸ਼ੰਕਾ ਹੋਵੇ। ਅਗਰ ਸਾਰੇ ਸਿੱਖ ਵਾਦ-ਵਿਵਾਦ ਨੂੰ ਛੱਡ ਕੇ ਮਿਲ ਕੇ ਆਪਣੇ ਧਰਮ ਦੀਆਂ ਉੱਚ ਪਰੰਪਰਾਵਾਂ ਪ੍ਰਚਾਰਨ ਤਾਂ ਬਹੁਤ ਘੱਟ ਸਮੇਂ ਵਿਚ ਹੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋ ਸਕਦਾ ਹੈ।
ਗੁਰੂਆਂ ਦੇ ਵੇਲੇ ਵੀ ਕੁਝ ਲੋਕ ਗੁਰੂ-ਘਰ ਦੇ ਦੋਖੀ ਸਨ ਤੇ ਲੋਕਾਂ ਵਿਚ ਭੁਲੇਖੇ ਪਾ ਕੇ ਏਕੇ ਦੀ ਭਾਵਨਾ ਨੂੰ ਖਤਮ ਕਰਨ ਦੀਆ ਕੋਸ਼ਿਸ਼ ਕਰਦੇ ਰਹਿੰਦੇ ਸਨ। ਗੁਰਬਾਣੀ ਤਾਂ ਸਭ ਜੱਗ ਨਾਲ ਮੇਲ-ਮਿਲਾਪ ਰੱਖਣ ਦਾ ਸੰਦੇਸ਼ ਦਿੰਦੀ ਹੈ। ਉਸ ਵਿਚ ਤਾਂ 'ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।' ਦਾ ਉਪਦੇਸ਼ ਹੈ। ਐਸੀ ਸਾਂਝੀਵਾਲਤਾ ਦੇ ਉਪਦੇਸ਼ ਨੂੰ ਮੁੱਖ ਰੱਖਦੇ ਹੋਏ ਸਿੱਖਾਂ ਨੂੰ ਆਪਸੀ ਭਾਈਚਾਰੇ ਦਾ ਮਾਹੌਲ ਨਹੀਂ ਵਿਗਾੜਨਾ ਚਾਹੀਦਾ। ਗੁਰੂ ਅਰਜਨ ਦੇਵ ਜੀ ਦੀਆਂ ਹੇਠ ਲਿਖੀਆਂ ਤੁਕਾਂ ਸਿੱਖਾਂ ਤੋਂ ਏਕਤਾ ਦੀ ਉਮੀਦ ਰੱਖਦੀਆਂ ਹਨ:-
ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ।। (ਅੰਗ 1185)
ਜੋ ਜੋ ਕੀਨੋ ਹਮ ਤਿਸ ਕੇ ਦਾਸ।। ਪ੍ਰਭ ਮੇਰੇ ਕੋ ਸਗਲ ਨਿਵਾਸ।।
ਨਾ ਕੋ ਦੂਤੁ ਨਹੀ ਬੈਰਾਈ।। ਗਲਿ ਮਿਲਿ ਚਾਲੇ ਏਕੈ ਭਾਈ।।3।। (ਅੰਗ 887)
ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮ ਕਹਹੁ ਕਿਉ ਜਾਈ।।1।।
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ।। (ਅੰਗ 205)
ਏਕਤਾ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਹੈ ਕਿ ਚੰਗੇ ਗੁਰਸਿੱਖਾਂ ਨੂੰ ਆਪਣੇ ਆਗੂ ਮੰਨਿਆ ਜਾਵੇ। ਜੇ ਹਰ ਕੋਈ ਆਗੂ ਬਣਨਾ ਚਾਹੇਗਾ ਤੇ ਆਪਣੇ-ਆਪਣੇ ਧੜੇ ਬਣਾਏਗਾ ਤਾਂ Tਹ ਸਿੱਖ ਧਰਮ ਦਾ ਨੁਕਸਾਨ ਹੀ ਕਰੇਗਾ। ਭਾਈ ਗੁਰਦਾਸ ਜੀ ਆਪਣੇ ਕਬਿੱਤ ਵਿਚ ਏਕੇ ਦੇ ਮਾਰਗ ਨੂੰ ਛੱਡ ਕੇ, ਵੱਖਰੀ ਚਾਲ ਚਲਦੇ ਹੋਏ, ਫੁੱਟ ਨੂੰ ਵਧਾਵਾ ਦਿੰਦੇ ਹੋਏ ਐਸੇ ਅਗਿਆਨੀ ਲੋਕਾਂ ਨੂੰ ਚੀਂਟੀਆਂ ਤੇ ਪੰਛੀਆਂ ਦੀ ਮਿਸਾਲ ਦਿੰਦੇ ਹਨ ਜੋ ਆਪਣੇ ਮੁਖੀ ਦੇ ਪਿੱਛੇ ਚੱਲ ਕੇ ਆਪਣੇ ਏਕੇ ਦਾ ਪ੍ਰਗਟਾਵਾ ਕਰਦੇ ਹਨ:-
ਜੈਸੇ ਏਕ ਚੀਟੀ ਪਾਛੈ ਕੋਟਿ ਚੀਟੀ ਚਲੀ ਜਾਤਿ, ਇਕ ਟਕ ਪਗ ਡਗਮਗਿ ਸਾਵਧਾਨ ਹੈ।
ਜੈਸੇ ਕੂੰਜ ਪਾਂਤਿ ਭਲੀ ਭਾਂਤਿ ਸ਼ਾਂਤਿ ਸਹਜ ਮੈ, ਉਡਤ ਆਕਾਸ਼ਚਾਰੀ ਆਗੈ ਅਗਵਾਨ ਹੈ।
ਜੈਸੇ ਮ੍ਰਿਗਸਾਲ ਚਾਲ ਚਲਤ ਟਲਤ ਨਾਹਿ, ਜਤ੍ਰ ਤਤ੍ਰ ਅਗ੍ਰਭਾਗੀ ਹਮੈ ਤਤ ਧਿਆਨ ਹੈ।
ਚੀਟੀ ਖਗ ਮ੍ਰਿਗ ਸਨਮੁਖ ਪਾਛੇ ਲਾਗੈ ਜਾਹਿ ਪ੍ਰਾਨੀ ਗੁਰ ਪੰਥ ਛਾਡਿ ਚਲਤ ਅਗਿਆਨ ਹੈ।(ਕਬਿੱਤ 413)
(33) Question:- ਵੀਹਵੀਂ ਸਦੀ ਦੇ ਕੁਝ ਸੰਤਾਂ ਨੇ ਧਰਮ ਪ੍ਰਚਾਰ ਲਈ ਬਹੁਤ ਯੋਗਦਾਨ ਪਾਇਆ ਹੈ, ਉਨ੍ਹਾਂ ਕੁਝ ਪ੍ਰਮੁੱਖ ਸੰਤਾਂ ਦਾ ਜ਼ਿਕਰ ਕਰੋ।
Answer:- ਸਿੱਖ ਧਰਮ ਦੇ ਪ੍ਰਚਾਰ ਵਿਚ ਰੁਕਾਵਟਾਂ ਦੀ ਗੱਲ ਕਰਦੇ ਹੋਏ ਸੰਤ ਬਾਬਿਆਂ ਦਾ ਜ਼ਿਕਰ ਕੀਤਾ ਹੈ। ਪਰ ਇਸ ਤੋਂ ਭਾਵ ਇਹ ਨਹੀਂ ਕਿ ਸੱਚੇ ਸੰਤ ਦੀ ਨਿੰਦਾ ਕੀਤੀ ਜਾਵੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੱਚਾ ਸੰਤ ਕੌਣ ਹੈ? ਸੰਸਕ੍ਰਿਤ ਵਿਚ ਸੰਤ ਸ਼ਬਦ ਦਾ ਅਰਥ ਹੈ ਸੱਜਣ ਪੁਰਸ਼ ਭਾਵ ਜਿਸ ਵਿਚ ਇਨਸਾਨ ਦੇ ਉੱਤਮ ਗੁਣ ਹੋਣ। ਗੁਰਮਤਿ ਵਿਚ ਜਿਨਾ ਸਾਸਿ ਗਿਰਾਸਿ ਨਾ ਵਿਸਰੈ ਹਰਿ ਨਾਮਾਂ ਮਨਿ ਮੰਤੁ।। (ਅੰਗ 319) ਪੰਚਮ ਪਿਤਾ ਨੇ ਤਾਂ ਐਸੇ ਸੰਤ ਦੀ ਬਹੁਤ ਮਹਿਮਾ ਕੀਤੀ ਹੈ। ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਪੀਠਾ ਜਾਉ।। (ਅੰਗ 108) ਤੇ ਸੁਖਮਨੀ ਸਾਹਿਬ ਵਿਚ ਇਕ ਪੂਰੀ ਅਸਟਪਦੀ ਉਨ੍ਹਾਂ ਨੂੰ ਸਮਰਪਿਤ ਕਰ ਦਿੱਤੀ ਹੈ। ਜੇ ਅਸੀਂ ਉਸ ਅਸਟਪਦੀ ਦਾ ਅਧਿਐਨ ਕਰੀਏ ਤਾਂ ਸਾਨੂੰ ਸਮਝ ਪੈਂਦੀ ਹੈ ਕਿ ਸੰਤ ਵਿਚ ਸਭ ਤੋਂ ਵੱਡਾ ਗੁਣ ਹੈ ਪ੍ਰਭੂ ਨਾਮ ਨਾਲ ਜੁੜੇ ਹੋਣਾ ਤੇ ਲੋਕਾਂ ਨੂੰ ਉਸ ਨਾਲ ਜੋੜਨਾ। ਐਸੇ ਸੰਤ ਦੀ ਸੰਗਤ ਤੇ ਪ੍ਰੇਰਨਾ ਵੱਡੇ ਭਾਗ ਨਾਲ ਮਿਲਦੀ ਹੈ। ਉਹ ਸਾਨੂੰ ਸੱਚਾ ਰਸਤਾ ਦਿਖਾਉਂਦਾ ਹੈ ਅਤੇ ਅਸੀਂ ਉਸ ਨਾਲ ਆਪਣੇ ਮਨ ਦੀ ਦੁਬਿਧਾ ਖੋਲ ਸਕਦੇ ਹਾਂ। ਕਬੀਰ ਜੀ ਨੇ ਤਾਂ ਇਹ ਕਿਹਾ ਹੈ ਕਿ ਜੇ ਸੰਤ ਮਿਲੇ ਤਦ ਹੀ ਸਾਨੂੰ ਕੋਈ ਗੱਲ ਕਰਨੀ ਚਾਹੀਦੀ ਹੈ।
ਸੰਤੁ ਮਿਲੈ ਕਿਛੁ ਸੁਨੀਐ ਕਹੀਐ।।
ਮਿਲੈ ਅਸੰਤੁ ਮਸਟਿ ਕਰਿ ਰਹੀਐ।।1।। (ਅੰਗ 870)
ਸੰਤ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ
ਵੀਹਵੀਂ ਸਦੀ ਵਿਚ ਸੰਤ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੇ ਸੰਤ ਵਧਾਵਾ ਸਿੰਘ ਤੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਸਿਖਿਆ ਗ੍ਰਹਿਣ ਕੀਤੀ ਅਤੇ ਉਸ ਉਪਰੰਤ ਹਜ਼ੂਰ ਸਾਹਿਬ ਤੇ ਹੋਰ ਅਸਥਾਨਾਂ ਤੇ ਲੰਬਾ ਸਮਾਂ ਨਾਮ ਸਿਮਰਨ ਕਰਨ ਉਪਰੰਤ ਸਿੱਖ ਧਰਮ ਦਾ ਪ੍ਰਚਾਰ ਕੀਤਾ ਅਤੇ ਕਲੇਰਾਂ (ਜਗਰਾਉਂ) ਵਿਖੇ ਇਸ ਪ੍ਰਚਾਰ ਲਈ ਇਕ ਅਸਥਾਨ ਸਥਾਪਿਤ ਕੀਤਾ, ਇਕ ਮਹਾਨ ਸੰਤ ਸਨ। ਉਸੇ ਅਸਥਾਨ 'ਤੇ ਉਨ੍ਹਾਂ ਬਾਅਦ ਸੰਤ ਈਸ਼ਰ ਸਿੰਘ ਜੀ ਨੇ ਵੀ ਸਿੱਖ ਧਰਮ ਦੇ ਪ੍ਰਚਾਰ ਲਈ ਵੱਡਮੁੱਲਾ ਯੋਗਦਾਨ ਪਾਇਆ। ਸੰਤ ਈਸ਼ਰ ਸਿੰਘ ਨੇ ਜਗਰਾਉਂ ਵਿਖੇ ਨਾਨਕਸਰ ਗੁਰਦੁਆਰਾ ਬਣਾਇਆ ਤੇ ਦੇਸ਼ ਦੇ ਕੋਨੇ-ਕੋਨੇ ਵਿਚ ਧਰਮ ਪ੍ਰਚਾਰ ਲਈ ਗਏ। ਕਈ ਰਾਗੀ ਆਪ ਨਾਲ ਜਾਂਦੇ ਸਨ ਤੇ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਸੀ। ਬਾਬਾ ਜੀ ਦੇ ਕੀਰਤਨ ਸਮਾਗਮ ਐਨੇ ਹਰਮਨ ਪਿਆਰੇ ਹੋ ਗਏ ਸਨ ਕਿ ਵੱਡੇ ਵੱਡੇ ਲੋਕ ਆਪ ਦੇ ਚਰਨ ਆਪਣੇ ਗ੍ਰਹਿ ਵਿਖੇ ਪਾਉਣ ਲਈ ਬੇਨਤੀ ਕਰਦੇ ਸਨ। ਇਨ੍ਹਾਂ ਲੋਕਾਂ ਵਿਚ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਤੇ ਡਾ. ਰਾਧਾ ਕ੍ਰਿਸ਼ਨਨ ਵੀ ਸ਼ਾਮਿਲ ਸਨ।
ਸੰਤ ਅਤਰ ਸਿੰਘ ਤੇ ਬਾਬਾ ਕਰਮ ਸਿੰਘ ਹੋਤੀ ਮਰਦਾਨ
ਸੰਤ ਅਤਰ ਸਿੰਘ ਜੀ ਨੇ ਨਾ ਸਿਰਫ ਅੰਮ੍ਰਿਤ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕੀਤਾ ਬਲਕਿ ਆਪਣੇ ਬਾਅਦ ਸੰਤ ਤੇਜਾ ਸਿੰਘ ਵਰਗੇ ਬਹੁਤ ਹੀ ਵਿਦਵਾਨ ਤੇ ਕਰਮਯੋਗੀ ਸੰਤ ਨੂੰ ਸੇਵਾ 'ਤੇ ਲਾ ਦਿੱਤਾ। ਸੰਤ ਤੇਜਾ ਸਿੰਘ ਜੀ ਦਾ ਜ਼ਿਕਰ ਇਕ ਹੋਰ ਉੱਤਰ ਵਿਚ ਕੀਤਾ ਜਾ ਚੁੱਕਾ ਹੈ।
ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰਨ ਵਾਲੇ ਇਕ ਹੋਰ ਸੰਤ ਈਸ਼ਰ ਸਿੰਘ ਜੀ ਸਨ ਜਿਨ੍ਹਾਂ ਨੂੰ ਆਪਣਾ ਡੇਰਾ ਬੜੂ ਸਾਹਿਬ ਵਿਖੇ ਬਣਾ ਕੇ ਧਰਮ ਪ੍ਰਚਾਰ ਤੇ ਵਿਦਿਆ ਦੇ ਪ੍ਰਸਾਰ ਵਿਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ। ਉਸ ਡੇਰੇ ਤੇ ਬਾਅਦ ਵਿਚ ਬਾਬਾ ਕ੍ਰਿਸ਼ਨ ਸਿੰਘ ਤੇ ਬਾਬਾ ਮਹਿੰਦਰ ਸਿੰਘ ਨੇ ਉਨ੍ਹਾਂ ਦੇ ਕੰਮ ਨੂੰ ਅੱਗੇ ਤੋਰਿਆ। ਹੋਤੀ ਮਰਦਾਨ ਵਾਲੇ ਬਾਬਾ ਕਰਮ ਸਿੰਘ ਜੀ ਬਾਰੇ ਬਹੁਤ ਗਾਥਾਵਾਂ ਪ੍ਰਚਲਿਤ ਹਨ ਪਰ ਉਨ੍ਹਾਂ ਦੀ ਸ਼ਖਸੀਅਤ ਦਾ ਜੋ ਅਧਿਆਤਮਿਕ ਪ੍ਰਭਾਵ ਸੀ ਉਸ ਕਰਕੇ ਬਹੁਤ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨਾਲ ਜੁੜੇ। ਸੰਤ ਬਾਬਾ ਆਇਆ ਸਿੰਘ ਜੋ ਬਾਅਦ ਵਿਚ ਹੋਤੀ ਮਰਦਾਨ ਦੀ ਗੱਦੀ 'ਤੇ ਬਿਰਾਜੇ, ਵੀ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਸਨ।
ਪਿਛਲੀ ਸਦੀ ਦੇ ਕੁਝ ਹੋਰ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਧਰਮ ਪ੍ਰਚਾਰ ਦੇ ਖੇਤਰ ਵਿਚ ਡੂੰਘਾ ਪ੍ਰਭਾਵ ਛੱਡਿਆ। ਉਨ੍ਹਾਂ ਵਿਚੋਂ ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਸੰਗਤ ਸਿੰਘ ਕਮਾਲੀਏ ਵਾਲੇ, ਸੰਤ ਕਰਤਾਰ ਸਿੰਘ ਕਮਾਲੀਏ ਵਾਲੇ (ਸਤ ਸੰਗਤ ਸਿੰਘ ਦੇ ਸਪੁੱਤਰ) ਜਿਨ੍ਹਾਂ ਡੇਰਾ ਪਟਿਆਲੇ ਵਿਚ ਬਣਾਇਆ ਤੇ ਸੰਤ ਨਿਸ਼ਚਲ ਸਿੰਘ ਯਮੁਨਾ ਨਗਰ ਵਾਲਿਆਂ ਦੇ ਨਾਮ ਲਏ ਜਾ ਸਕਦੇ ਹਨ। ਸੰਤ ਨਿਧਾਨ ਸਿੰਘ ਉਹ ਸੰਤ ਸਨ ਜਿਨ੍ਹਾਂ ਨੇ ਹਜ਼ੂਰ ਸਾਹਿਬ ਨਾ ਸਿਰਫ ਧਰਮ ਪ੍ਰਚਾਰ ਕੀਤਾ ਬਲਕਿ ਹਜ਼ੂਰ ਸਾਹਿਬ ਆਉਣ ਵਾਲੇ ਯਾਤਰੀਆਂ ਲਈ ਰਹਿਣ ਦਾ ਪ੍ਰਬੰਧ ਕਰਨ ਲਈ ਵੱਡਾ ਉਪਰਾਲਾ ਕੀਤਾ। ਗੁਰਦੁਆਰਾ ਲੰਗਰ ਸਾਹਿਬ ਉਨ੍ਹਾਂ ਦੀ ਸੇਵਾ ਦੀ ਯਾਦ ਦਿਵਾਉਂਦਾ ਹੈ।
(34) Question:- ਅਗਰ ਹਰ ਸਿੱਖ ਪ੍ਰਚਾਰਕ ਹੈ ਤਾਂ ਉਹ ਆਪਣੇ-ਆਪਣੇ ਧੰਦੇ/ਕੰਮ ਨੂੰ ਕਰਦਾ ਹੋਇਆ ਸਿੱਖ ਧਰਮ ਦਾ ਪ੍ਰਚਾਰ ਕਿਵੇਂ ਕਰ ਸਕਦਾ ਹੈ।
Answer:- ਪਹਿਲੇ ਆਏ ਕੁਝ ਪ੍ਰਸ਼ਨਾਂ ਵਿਚ ਜਿਥੇ ਅਸੀਂ ਕੁਝ ਨੌਕਰੀ ਕਰਦੇ ਹੋਏ, ਖੇਤੀ ਬਾੜੀ ਕਰਦੇ ਹੋਏ ਤੇ ਵਪਾਰਕ ਧੰਦੇ ਕਰਦੇ ਹੋਏ ਸਿੱਖਾਂ ਦਾ ਜ਼ਿਕਰ ਕੀਤਾ ਹੈ ਉਥੇ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੇ-ਆਪਣੇ ਕੰਮ ਦੇ ਵਿਚ ਮੁਹਾਰਤ ਹਾਸਲ ਕਰਦੇ ਹੋਏ ਵਾਹਿਗੁਰੂ ਦੇ ਨਾਮ ਨਾਲ ਜੁੜ ਸਕਦੇ ਹਨ ਤੇ ਧਰਮ ਦਾ ਪ੍ਰਚਾਰ ਕਰ ਸਕਦੇ ਹਨ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਤੇ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਇਹ ਦੇਖਿਆ ਗਿਆ ਹੈ ਕਿ ਸਿੱਖਾਂ ਦੇ ਪ੍ਰਮੁੱਖ ਕੰਮ ਹਨ, ਟਰਾਂਸਪੋਰਟ, ਮੋਟਰ ਪਾਰਟਸ ਦਾ ਵਪਾਰ, ਖਰਾਦ ਦੇ, ਮਸ਼ੀਨਰੀ ਬਣਾਉਣ ਦਾ ਧੰਦਾ ਤੇ ਢਾਬੇ ਤੇ ਹੋਟਲ ਚਲਾਉਣ ਦਾ ਕੰਮ। ਦੇਸ਼ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਉ, ਟਰੱਕਾਂ 'ਤੇ ਪੰਜਾਬੀ ਦੀਆਂ ਤੁਕਾਂ ਆਮ ਦੇਖਣ ਨੂੰ ਮਿਲਦੀਆਂ ਹਨ। ਇਸ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਸਾਡੇ ਦੇਸ਼ ਵਿਚ ਜਿੰਨੇ ਟਰੱਕ ਸਿੱਖਾਂ ਦੇ ਹਨ ਉਨੇ ਕਿਸੇ ਵੀ ਹੋਰ ਕੌਮ ਕੋਲ ਨਹੀਂ। ਟਰੱਕਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਮਾਨ ਢੋਣ ਵਾਲੇ ਵਾਹਨ ਸਿੱਖਾਂ ਦੇ ਹਨ ਜਾਂ ਸਿੱਖ ਡਰਾਇਵਰ ਉਨ੍ਹਾਂ ਨੂੰ ਚਲਾਉਂਦੇ ਹਨ। ਕਿਉਂਕਿ ਸਿੱਖ ਡਰਾਇਵਰ ਤੇ ਹੋਰ ਸਹਾਇਕ ਜੋ ਇਨ੍ਹਾਂ ਸਾਰੇ ਵਾਹਨਾਂ ਵਿਚ ਦੇਸ਼ ਦੇ ਕੋਨੇ-ਕੋਨੇ ਵਿਚ ਸਫ਼ਰ ਕਰਦੇ ਹਨ-ਇਹ ਲੋਕ ਧਰਮ ਪ੍ਰਚਾਰ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ। ਜਿਥੇ ਇਨ੍ਹਾਂ ਨੂੰ ਆਪਣੀ ਰਹਿਣੀ-ਬਹਿਣੀ ਸਾਫ-ਸੁਥਰੀ ਰੱਖਣੀ ਚਾਹੀਦੀ ਹੈ, ਉਥੇ ਹੀ ਆਪਣਾ ਆਚਾਰ-ਵਿਹਾਰ ਵੀ ਉੱਚਾ ਤੇ ਸੁੱਚਾ ਰੱਖਣਾ ਚਾਹੀਦਾ ਹੈ। ਆਪਣੀ ਮਿਹਨਤ ਤੇ ਹਿੰਮਤ ਨਾਲ ਤਾਂ ਉਨ੍ਹਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੀ ਹੋਇਆ ਹੈ ਜੋ ਇਸ ਗੱਲ ਤੋਂ ਸਾਬਤ ਹੋ ਜਾਂਦਾ ਹੈ ਕਿ ਭਾਵੇਂ ਲੇਹ ਲੱਦਾਖ ਦੀ ਚੜ੍ਹਾਈ ਹੋਵੇ ਤੇ ਭਾਵੇਂ ਰੇਗਿਸਤਾਨ ਤੇ ਜੰਗਲਾਂ ਦੇ ਇਲਾਕਿਆਂ ਵਿਚੋਂ ਦੀ ਸਾਮਾਨ ਲਿਜਾਣਾ ਹੋਵੇ ਤਾਂ ਸਿੱਖਾਂ ਤੋਂ ਬਿਨਾਂ ਕੋਈ ਵਿਰਲਾ ਹੀ ਇਹ ਹਿੰਮਤ ਕਰ ਸਕਦਾ ਹੈ, ਚੰਗਾ ਇਹ ਹੈ ਕਿ ਉਹ ਆਪਣੀ ਈਮਾਨਦਾਰੀ ਤੇ ਸ਼ਰਾਫਤ ਦਾ ਵੀ ਪ੍ਰਭਾਵ ਲੋਕਾਂ 'ਤੇ ਪਾਉਣ ਤੇ ਆਪਣੇ ਆਪ ਨੂੰ ਨਸ਼ਿਆਂ ਦੇ ਗੁਲਾਮ ਦਿਖਾਉਣ ਦੀ ਥਾਂ ਜਨ ਸੇਵਾ ਵਿਚ ਲੱਗੇ ਹੋਏ ਤੇ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਏ ਪ੍ਰਗਟਾਉਣ। ਆਪਣੇ ਵਾਹਨਾਂ 'ਤੇ ਅਲੱਗ-ਅਲੱਗ ਰਾਜਾਂ ਦੀਆਂ ਭਾਸ਼ਾਵਾਂ ਵਿਚ ਗੁਰਬਾਣੀ ਦੀਆਂ ਤੁਕਾਂ ਲਿਖਵਾਉਣ, ਤੇ ਵਾਹਨਾਂ 'ਤੇ ਪੰਜਾਬੀ ਸਭਿਆਚਾਰ ਤੇ ਰਸ ਭਰੇ ਕੀਰਤਨ ਦੀਆਂ ਕੈਸਟਾਂ ਚਲਾਉਣ। ਜੋ ਸਿੱਖ ਡਰਾਇਵਰ ਐਸਾ ਜੀਵਨ ਅਪਣਾਉਣਗੇ-ਉਹ ਜਿਥੋਂ ਦੀ ਵੀ ਲੰਘਣਗੇ ਸਿੱਖ ਧਰਮ ਦਾ ਮਿੱਠਾ ਤੇ ਡੂੰਘਾ ਪ੍ਰਭਾਵ ਛੱਡਦੇ ਹੋਏ ਜਾਣਗੇ।
ਟਰਾਂਸਪੋਰਟ ਨਾਲ ਸੰਬੰਧਿਤ ਹੈ ਮੋਟਰ ਪਾਰਟਸ ਦੀ ਖਰੀਦ ਤੇ ਵੇਚ ਦਾ ਕੰਮ। ਕੁਝ ਸਿੱਖਾਂ ਨੇ ਤਾਂ ਟਰੱਕਾਂ, ਕਾਰਾਂ ਤੇ ਹੋਰ ਵਾਹਨਾਂ ਦੇ ਪੁਰਜ਼ੇ ਬਣਾ ਕੇ ਦੇਸ਼ ਵਿਚ ਐਸੇ ਕੰਮ ਦਾ ਏਕਾਧਿਕਾਰ ਵੀ ਪ੍ਰਾਪਤ ਕਰ ਲਿਆ ਹੈ। ਜਿਥੋਂ ਤੱਕ ਮੋਟਰ ਪਾਰਟਸ ਦੀਆਂ ਦੁਕਾਨਾਂ ਦਾ ਸੰਬੰਧ ਹੈ, ਸਿੱਖਾਂ ਦੀਆਂ ਇਹ ਦੁਕਾਨਾਂ ਦੇਸ਼ ਦੀਆਂ ਚਾਰੋਂ ਦਿਸ਼ਾਵਾਂ ਵਿਚ ਚੋਖੀ ਗਿਣਤੀ, ਵਿਚ ਮਿਲ ਜਾਦੀਆਂ ਹਨ। ਬੰਗਲੌਰ ਹੋਵੇ ਭਾਵੇਂ ਚੇਨੰਈ ਤੇ ਹੈਦਰਾਬਾਦ ਹੋਵੇ ਭਾਵੇਂ ਬੰਬੇ, ਪਟਨਾ ਹੋਵੇ ਭਾਵੇਂ ਕਲਕੱਤਾ ਕੋਈ ਵੱਡਾ ਜਾਂ ਪ੍ਰਮੁੱਖ ਸ਼ਹਿਰ ਐਸਾ ਨਹੀਂ ਜਿਥੇ ਉਨ੍ਹਾਂ ਨੇ ਇਸ ਬਿਜ਼ਨਸ ਵਿਚ ਨਾਮਣਾ ਨਾ ਖੱਟਿਆ ਹੋਵੇ। ਐਸੇ ਸਾਰੇ ਸਿੱਖਾਂ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣਾ ਧੰਦਾ ਕਰਦੇ ਹੋਏ ਗੁਰਮਤਿ ਦੇ ਅਸੂਲਾਂ ਨੂੰ ਅਪਣਾਉਣ ਤੇ ਪ੍ਰਚਾਰਨ। ਕੋਈ ਐਸਾ ਕੰਮ ਨਾ ਕਰਨ ਜਿਸ ਨਾਲ ਲੋਕ ਸਿੱਖਾਂ ਨੂੰ ਚੰਗੇ ਲੋਕ ਨਾ ਸਮਝਣ। ਇਹ ਸਚਾਈ ਹੈ ਕਿ ਪੰਜਾਬ ਤੋਂ ਬਾਹਰ ਦੂਰ-ਦੁਰਾਡੇ ਐਸਾ ਵਪਾਰ ਕਰਦੇ ਲੋਕਾਂ ਨੇ ਬਹੁਤ ਧਨ ਕਮਾਇਆ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੇ ਇਹ ਵਪਾਰ ਸਾਫ-ਸੁੱਥਰੇ ਢੰਗ ਨਾਲ ਤੇ ਉਥੋਂ ਦੇ ਲੋਕਾਂ ਨਾਲ ਮਿਲਵਰਤਨ ਕਰਕੇ ਕੀਤਾ ਹੈ। ਸਿੱਖਾਂ ਨੇ ਇਲਾਕਾਈ ਭਾਸ਼ਾਵਾਂ ਸਿੱਖ ਕੇ ਲੋਕਾਂ ਦਾ ਮਨ ਜਿੱਤਿਆ ਹੈ। ਆਪਣੀ ਕਾਮਯਾਬੀ ਨੂੰ ਵਾਹਿਗੁਰੂ ਦੀ ਬਖਸ਼ਿਸ਼ ਮੰਨਦੇ ਹੋਏ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਿਥੇ-ਜਿਥੇ ਵੀ ਰਹਿੰਦੇ ਹਨ ਉਥੋਂ ਦੀਆਂ ਭਾਸ਼ਾਵਾਂ ਵਿਚ ਗੁਰਬਾਣੀ ਤੇ ਸਿੱਖ ਧਰਮ ਦੀ ਜਾਣਕਾਰੀ ਬਾਰੇ ਸਾਹਿਤ ਲਿਖਵਾ ਕੇ ਤੇ ਛਪਵਾ ਕੇ ਉਥੋਂ ਦੇ ਲੋਕਾਂ ਵਿਚ ਵੰਡਣ। ਆਪਣੇ ਸਮਾਗਮਾਂ 'ਤੇ ਉਥੋਂ ਦੇ ਲੋਕਾਂ ਨੂੰ ਬੁਲਾ ਕੇ ਆਪਣੇ ਧਰਮ ਤੇ ਪਰੰਪਰਾਵਾਂ ਬਾਰੇ ਜਾਣੂ ਕਰਵਾਉਣ। ਲੋਕਲ ਪ੍ਰੈਸ ਅਤੇ ਟੀ.ਵੀ. ਤੇ ਰੇਡੀਓ 'ਤੇ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਸਿੱਖ ਧਰਮ ਦੀ ਜਾਣਕਾਰੀ ਬਾਰੇ ਲਿਖਤਾਂ ਤੇ ਪ੍ਰੋਗਰਾਮ ਦੇਣ। ਇਹ ਸਭ ਕਾਰਜ ਸਿੱਖ ਦਸਵੰਧ ਕੱਢ ਕੇ ਕਰ ਸਕਦੇ ਹਨ। ਇਸ ਦੇ ਵਿਪਰੀਤ ਕਿਸੇ ਵੀ ਇਲਾਕੇ ਵਿਚ ਅਲੱਗ-ਅਲੱਗ ਗੁਰਦੁਆਰੇ ਬਣਵਾ ਕੇ ਲੋਕਾਂ ਨੂੰ ਆਪਣੀ ਫੁੱਟ ਨਾ ਦਿਖਾਉਣ। ਆਪਸੀ ਭਾਈਚਾਰੇ ਦੀ ਭਾਵਨਾ ਹੀ ਲੋਕਾਂ 'ਤੇ ਇੱਛਤ ਪ੍ਰਭਾਵ ਪਾ ਸਕਦੀ ਹੈ। ਆਪਣੇ ਗੁਰਦੁਆਰਿਆਂ ਨਾਲ ਡਿਸਪੈਂਸਰੀਆਂ, ਹਸਪਤਾਲ, ਸਕੂਲ, ਕਾਲਜ ਆਦਿ ਖੋਲ੍ਹਣ ਜਿਨ੍ਹਾਂ ਵਿਚ ਸਰਬੱਤ ਦੇ ਭਲੇ ਦਾ ਕਾਰਜ ਪੂਰਾ ਹੁੰਦਾ ਹੋਵੇ।
ਸਿੱਖਾਂ ਵਿਚ ਰਾਮਗੜ੍ਹੀਆ ਵਜੋਂ ਜਾਣੇ ਜਾਂਦੇ ਸਿੱਖ ਆਪਣੇ ਲੱਕੜੀ ਦੇ ਸੁੰਦਰ ਕੰਮ ਲਈ ਅਤੇ ਮਸ਼ੀਨਾਂ ਆਦਿ ਬਣਾਉਣ ਲਈ ਦੁਨੀਆਂ ਭਰ ਵਿਚ ਮਸ਼ਹੂਰ ਹਨ। ਦੱਖਣ ਵਿਚ ਵੀ ਭਾਵੇਂ ਸ਼ਹਿਰ ਵਿਜੇਵਾੜਾ ਹੋਵੇ ਤੇ ਭਾਵੇਂ ਚੇਨਈ, ਹੈਦਰਾਬਾਦ ਹੋਵੇ ਜਾਂ ਸਿਕੰਦਰਾਬਾਦ-ਚੰਗਾ ਫਰਨੀਚਰ ਬਣਾਉਣ ਵਾਲਾ ਸਿੱਖ ਕਾਰੀਗਰ ਮਿਲ ਜਾਂਦਾ ਹੈ। ਇਹੀ ਗੱਲ ਮਸ਼ੀਨਾਂ, ਖਰਾਦ ਜਾਂ ਹੋਰ ਲੋਹੇ ਦੇ ਕੰਮ ਲਈ ਵੀ ਕਹੀ ਜਾ ਸਕਦੀ ਹੈ। ਬਟਾਲੇ ਵਿਚ ਬਣੀਆਂ ਲੇਥਾਂ ਤੇ ਹੋਰ ਮਸ਼ੀਨਾਂ ਭਾਰਤ ਦੇ ਕਈ ਹਿੱਸਿਆਂ ਵਿਚ ਜਾਂਦੀਆਂ ਹਨ। ਜਲੰਧਰ, ਲੁਧਿਆਣਾ, ਫਗਵਾੜਾ, ਕਪੂਰਥਲਾ ਤੇ ਹੋਰ ਕਈ ਸ਼ਹਿਰਾਂ ਵਿਚ ਅਨੇਕਾਂ ਤਰ੍ਹਾਂ ਦੀਆਂ ਮਸ਼ੀਨਾਂ ਬਣਦੀਆਂ ਹਨ ਜੋ ਸਿੱਖ ਕਾਰੀਗਰੀ ਦਾ ਸੁੰਦਰ ਨਮੂਨਾ ਹਨ। ਐਸੇ ਕੰਮ ਕਰਨ ਵਾਲੇ ਸਿੱਖਾਂ ਨੂੰ ਵੀ ਉਹ ਸਭ ਕੁਝ ਕਰਨਾ ਚਾਹੀਦਾ ਹੈ ਜਿਸ ਦਾ ਜ਼ਿਕਰ ਉਪਰੋਕਤ ਪੈਰ੍ਹੇ ਵਿਚ ਕੀਤਾ ਗਿਆ ਹੈ।
ਦੇਸ਼ ਦਾ ਕੋਈ ਵੀ ਕੋਨਾ ਹੋਵੇ, ਦੂਰ-ਦੁਰਾਡੇ ਵੀ ਕੋਈ ਨਾ ਕੋਈ ਪੰਜਾਬੀ ਢਾਬਾ ਮਿਲ ਹੀ ਜਾਂਦਾ ਹੈ ਜਿਸ ਨੂੰ ਕੋਈ ਗੁਰੂ ਦਾ ਸਿੱਖ ਚਲਾ ਰਿਹਾ ਹੁੰਦਾ ਹੈ। ਦੇਸ਼ ਦੇ ਵੱਡੇ ਅਤੇ ਛੋਟੇ ਸ਼ਹਿਰਾਂ ਵਿਚ ਵੀ ਕਈ ਚੰਗੇ ਹੋਟਲਾਂ ਦੇ ਮਾਲਕ ਸਿੱਖ ਹਨ। ਹੋਟਲ ਤੇ ਢਾਬੇ ਚਲਾਉਣ ਵਾਲਿਆਂ ਨੂੰ ਸਿੱਖ ਧਰਮ ਦੇ ਪ੍ਰਚਾਰ ਵਿਚ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਐਸੇ ਹੋਟਲਾਂ ਤੇ ਢਾਬਿਆਂ ਵਿਚ ਲੋਕਲ ਭਾਸ਼ਾਵਾਂ ਵਿਚ ਲਿਖਿਆ ਤੇ ਛਪਿਆ ਹੋਇਆ ਸਿੱਖ ਧਰਮ ਦੀ ਜਾਣਕਾਰੀ ਬਾਰੇ ਸਾਹਿਤ ਉਪਲਬਧ ਕਰਵਾਉਣਾ ਚਾਹੀਦਾ ਹੈ। ਗੁਰਬਾਣੀ ਦੀਆਂ ਤੁਕਾਂ ਉਨ੍ਹਾਂ ਭਾਸ਼ਾਵਾਂ ਵਿਚ ਲਿਖਵਾ ਕੇ ਲੋਕਾਂ ਨੂੰ ਉਨ੍ਹਾਂ ਦਾ ਭਾਵ ਅਰਥ ਦੱਸਣਾ ਚਾਹੀਦਾ ਹੈ। ਨੇਕ ਕਿਰਤ-ਕਮਾਈ ਕਰਦੇ ਹੋਏ ਲੋਕਾਂ ਨੂੰ ਸ਼ੁੱਧ ਤੇ ਪੌਸ਼ਟਿਕ ਭੋਜਣ ਖੁਆ ਕੇ ਉਨ੍ਹਾਂ ਦੀ ਸਰੀਰਕ ਭੁੱਖ ਦੀ ਤ੍ਰਿਪਤੀ ਕਰਦੇ ਹੋਏ ਸਿੱਖਾਂ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਮਨ ਦੀ ਸ਼ਾਂਤੀ ਲਈ ਉਨ੍ਹਾਂ ਨੂੰ ਉਥੇ ਬੈਠੇ ਹੋਏ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦਾ ਆਨੰਦ ਵੀ ਦਿਵਾਉਣ। ਪੰਜਾਬੀ ਸਭਿਆਚਾਰਕ ਗੀਤ ਵੀ ਬਜਾਏ ਜਾ ਸਕਦੇ ਹਨ ਪਰ ਲੱਚਰ ਗੀਤ ਕਦੇ ਵੀ ਨਹੀਂ ਵਜਾਉਣ ਚਾਹੀਦੇ। ਆਪਣੇ ਹੋਟਲਾਂ ਤੇ ਢਾਬਿਆਂ ਵਿਚ ਦੇਸ਼ ਤੇ ਸਮਾਜ ਦੇ ਕਾਨੂੰਨ ਦੀ ਉਲੰਘਣਾ ਕਰਦਾ ਹੋਇਆ ਕੋਈ ਵੀ ਕੰਮ ਨਹੀਂ ਹੋਣ ਦੇਣਾ ਚਾਹੀਦਾ। ਕੋਈ ਵੀ ਹੋਟਲ ਜਾਂ ਢਾਬੇ ਦਾ ਮਾਲਕ ਜੋ ਗੁਰਸਿੱਖੀ ਸ਼ਖਸੀਅਤ ਦਾ ਵੀ ਮਾਲਕ ਹੈ ਲੋਕਾਂ ਦੀ ਸੇਵਾ ਕਰਦਾ ਹੋਇਆ ਜਨ ਕਲਿਆਣ ਵਿਚ ਆਪਣਾ ਯੋਗਦਾਨ ਪਾਉਂਦਾ ਹੋਇਆ ਧਰਮ ਦਾ ਇਕ ਚੰਗਾ ਪ੍ਰਚਾਰਕ ਸਾਬਤ ਹੋ ਸਕਦਾ ਹੈ।
ਉਪਰੋਕਤ ਚਰਚਾ ਤੋਂ ਇਹ ਸਪੱਸ਼ਟ ਹੈ ਕਿ ਕੰਮ-ਧੰਦਾ ਕੋਈ ਵੀ ਹੋਵੇ ਉਸ ਨੂੰ ਚੰਗੇ ਤੇ ਗੁਰਮਤਿ ਢੰਗ ਨਾਲ ਕਰ ਕੇ ਆਪਣੇ ਧਰਮ ਦਾ ਪ੍ਰਚਾਰ ਹਰ ਸਿੱਖ ਕਰ ਸਕਦਾ ਹੈ। ਜੇ ਅਸੀਂ ਸਾਰੇ ਇਸ ਗੱਲ ਨੂੰ ਦਿਲ ਵਿਚ ਰੱਖਦੇ ਹੋਏ ਧਰਮ ਪ੍ਰਚਾਰ ਕਰਾਂਗੇ ਤਾਂ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਤੇ ਗੁਰੂ ਸਾਨੂੰ ਹਰ ਮੈਦਾਨ ਫਤਹਿ ਬਖਸ਼ੇਗਾ।