• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(1) Question:- ਸਿੱਖ ਇਤਿਹਾਸ ਤੋਂ ਕੀ ਭਾਵ ਹੈ? ਕੀ ਇਹ ਪੰਜਾਬ ਜਾਂ ਹਿੰਦੁਸਤਾਨ ਦੇ ਇਤਿਹਾਸ ਤੋਂ ਅਲੱਗ ਹੈ? ਸਿੱਖਾਂ ਦੇ ਜੀਵਨ ਵਿਚ ਇਸ ਦੀ ਕੀ ਮਹੱਤਤਾ ਹੈ?
Answer:- ਸਿੱਖ ਇਤਿਹਾਸ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਸ਼ੁਰੂ ਹੁੰਦਾ ਹੈ। ਦਸ ਗੁਰੂ ਸਾਹਿਬਾਨ ਦਾ 239 ਸਾਲ ਦਾ ਸਮਾਂ ਪੰਜਾਬ ਦੇ ਇਤਿਹਾਸ ਦਾ ਉਹ ਸਮਾਂ ਸੀ ਜਦੋਂ ਦੇਸ਼ ਵਿਚ ਮੁਗਲ ਰਾਜ ਸਥਾਪਤ ਹੋਇਆ, ਸਿਖ਼ਰ 'ਤੇ ਪੁੱਜਾ ਤੇ ਫਿਰ ਪਤਨ ਵੱਲ ਚੱਲ ਪਿਆ। ਗੁਰੂ ਸਾਹਿਬਾਂ ਨੇ ਬਾਹਰੋਂ ਆਏ ਮੁਗਲ ਰਾਜਿਆਂ ਦੇ ਭਾਰਤ ਦੇ ਲੋਕਾਂ 'ਤੇ ਜ਼ੁਲਮ ਤੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਈ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਨੂੰ ਲਲਕਾਰਿਆ। ਜਦ ਜਹਾਂਗੀਰ ਨੇ ਪੰਚਮ ਪਿਤਾ ਨੂੰ ਸ਼ਹੀਦ ਕਰ ਦਿੱਤਾ ਤਾਂ ਸਾਰੇ ਪੰਜਾਬ ਵਿਚ ਗੁੱਸੇ ਤੇ ਰੋਸ ਦੀ ਭਾਵਨਾ ਉਤਪੰਨ ਹੋਈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਾਹਜਹਾਨ ਦੀਆਂ ਫ਼ੌਜਾਂ ਨਾਲ ਲੋਹਾ ਲਿਆ ਤੇ ਦਸਮ ਪਿਤਾ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਪੰਜਾਬ ਦੇ ਕਮਜ਼ੋਰ ਲੋਕਾਂ ਨੂੰ ਇਕ ਐਸੀ ਸ਼ਕਤੀ ਬਣਾ ਦਿੱਤਾ ਜਿਸ ਨੇ ਮੁਗਲ ਸਮਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ। ਦਸਮ ਪਿਤਾ ਨੇ ਜਦ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਤਾਂ ਉਸਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਜ਼ਾਲਮਾਂ ਨੂੰ ਖਤਮ ਕੀਤਾ ਤੇ ਪੰਜਾਬ ਵਿਚ ਸਿੱਖ ਰਾਜ ਦੀ ਨੀਂਹ ਰੱਖ ਦਿੱਤੀ। 18ਵੀਂ ਸਦੀ ਦੇ ਅੰਤ ਤੱਕ ਸਿੱਖ ਰਾਜ ਪੂਰੀ ਤਰ੍ਹਾਂ ਮਜ਼ਬੂਤ ਹੋ ਗਿਆ।
ਇਸ ਚਰਚਾ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸਿੱਖ ਇਤਿਹਾਸ ਦਾ ਪੰਜਾਬ ਤੇ ਇਸ ਤਰ੍ਹਾਂ ਸਾਰੇ ਦੇਸ਼ ਦੇ ਇਤਿਹਾਸ 'ਤੇ ਬੜਾ ਡੂੰਘਾ ਅਸਰ ਪਿਆ। ਪੰਜਾਬ ਤੇ ਤਾਂ ਗੁਰੂਆਂ ਦੇ ਜੀਵਨ ਤੇ ਉਪਦੇਸ਼ ਦਾ ਹਰ ਖੇਤਰ ਵਿਚ ਪ੍ਰਭਾਵ ਪਿਆ। ਗੁਰੂਆਂ ਦੀਆਂ ਸਿੱਖਿਆਵਾਂ ਨੇ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਸਾਹਿਤਿਕ ਖੇਤਰਾਂ ਵਿਚ ਇਕ ਨਵੀਂ ਚੇਤਨਾ ਲੈ ਆਉਂਦੀ। ਤਦ ਹੀ 'ਤੇ ਪ੍ਰੋ. ਪੂਰਨ ਸਿੰਘ ਨੇ ਕਿਹਾ ਹੈ ਕਿ 'ਪੰਜਾਬ ਜਿਊਂਦਾ ਗੁਰਾਂ ਦੇ ਨਾਮ 'ਤੇ' ਸਿੱਖਾਂ ਦੀ ਜ਼ਿੰਦਗੀ ਤਾਂ ਉਨ੍ਹਾਂ ਦੇ ਇਤਿਹਾਸ ਨਾਲ ਹੀ ਜੁੜੀ ਰਹੀ। 18ਵੀਂ ਸਦੀ ਹੋਵੇ ਜਾਂ 20ਵੀਂ ਸਦੀ, ਉਨ੍ਹਾਂ ਨੂੰ ਹਰ ਸਮੇਂ ਆਪਣੀ ਪਛਾਣ ਲਈ, ਆਪਣੇ ਹੱਕਾਂ ਲਈ, ਏਥੋਂ ਤੱਕ ਆਪਣੇ ਜ਼ਿੰਦਾ ਰਹਿਣ ਲਈ ਵੀ ਸੰਘਰਸ਼ ਕਰਨਾ ਪਿਆ। ਅੱਜ ਵੀ ਅਰਦਾਸ ਵਿਚ ਉਹ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਤੇ ਉਨ੍ਹਾਂ 'ਤੇ ਫ਼ਖ਼ਰ ਮਹਿਸੂਸ ਕਰਦੇ ਹਨ। ਦੁਨੀਆਂ ਦੇ ਹੋਰ ਕਿਸੇ ਵੀ ਧਰਮ ਵਿਚ ਉਨ੍ਹਾਂ ਦੀ ਅਰਦਾਸ ਵਿਚ ਉਨ੍ਹਾਂ ਦੇ ਦੇ ਇਤਿਹਾਸ ਦਾ ਜ਼ਿਕਰ ਨਹੀਂ ਆਉਂਦਾ, ਪਰ ਸਿੱਖ ਧਰਮ ਦਾ ਇਤਿਹਾਸ ਐਨਾ ਮਾਣ ਵਾਲਾ ਹੈ ਕਿ ਇਹ ਉਨ੍ਹਾਂ ਦੀ ਜ਼ਿਦਗੀ ਦਾ ਨਾ ਭੁੱਲਣ ਵਾਲਾ ਹਿੱਸਾ ਬਣ ਗਿਆ ਹੈ।
(2) Question:- ਬਾਬਾ ਬੰਦਾ ਸਿੰਘ ਬਹਾਦਰ ਬਾਰੇ ਤੇ ਉਨ੍ਹਾਂ ਦੇ ਸਿੱਖ ਧਰਮ ਲਈ ਕੀਤੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਦੇਵੋ?
Answer:- ਜੰਮੂ ਕਸ਼ਮੀਰ ਦੇ ਰਾਜੌਰੀ ਕਸਬੇ ਵਿਚ 27 ਅਕਤੂਬਰ 1670 ਨੂੰ ਰਾਜਪੂਤ ਪਰਿਵਾਰ ਵਿਚ ਪੈਦਾ ਹੋਏ ਬੰਦਾ ਬਹਾਦਰ ਦਾ ਸ਼ੁਰੂ ਦਾ ਨਾਮ ਲਛਮਣ ਦਾਸ ਸਪੁੱਤਰ ਰਾਮਦੇਵ ਦੱਸਿਆ ਜਾਂਦਾ ਹੈ। ਸ਼ਿਕਾਰ ਦਾ ਸ਼ੌਕ ਰੱਖਦੇ ਹੋਏ ਜਦ ਉਸ ਨੇ ਇਕ ਵਾਰ ਇਕ ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਤੇ ਹਿਰਨੀ ਦੇ ਦੋਵੇਂ ਬੱਚੇ ਗਿਰ ਕੇ ਤੜਪਦੇ ਹੋਏ ਮਰ ਗਏੇ, ਤਦ ਉਸ ਦੇ ਮਨ ਵਿਚ ਵੈਰਾਗ ਜਾਗ ਪਿਆ। ਵੈਰਾਗੀ ਦਾ ਜੀਵਨ ਬਤੀਤ ਕਰਦੇ ਹੋਏ ਉਸ ਦਾ ਨਾਮ ਮਾਧੋ ਦਾਸ ਪੈ ਗਿਆ। ਉਸ ਨੇ ਆਪਣਾ ਠਿਕਾਣਾ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ 'ਤੇ ਬਣਾ ਲਿਆ। ਗੁਰੂ ਗੋਬਿੰਦ ਸਿੰਘ ਜੀ ਜਦ 3 ਸਤੰਬਰ 1708 ਨੂੰ ਇਸਦੇ ਠਿਕਾਣੇ ਪਹੁੰਚੇ ਤਾਂ ਮਾਧੋ ਦਾਸ ਉਨ੍ਹਾਂ ਦੀ ਸ਼ਖਸੀਅਤ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਦਾ ਬੰਦਾ ਦੱਸਿਆ। ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਦਾ ਨਾਮ ਦਿੱਤਾ ਤੇ ਉਸ ਨੂੰ ਪੰਜ ਸਿੰਘਾਂ ਨਾਲ ਆਪਣੇ ਪੰਜ ਤੀਰ ਦੇ ਕੇ ਪੰਜਾਬ ਵਿਚ ਜ਼ੁਲਮ ਦੇ ਵਿਰੁਧ ਲੜਨ ਲਈ ਭੇਜਿਆ।
ਪੰਜਾਬ ਪਹੁੰਚ ਕੇ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਦੀ ਸੈਨਾ ਇਕੱਠੀ ਕੀਤੀ ਤੇ ਇਕ ਤੋਂ ਬਾਅਦ ਇਕ ਕਈ ਇਲਾਕੇ ਜਿੱਤੇ। ਸੋਨੀਪਤ, ਕੈਥਲ ਤੇ ਫਿਰ ਸਮਾਣੇ 'ਤੇ ਕਬਜ਼ਾ ਕਰ ਕੇ ਉਥੇ ਰਹਿੰਦੇ ਜਲਾਦ ਜਲਾਲੂਦੀਨ (ਜਿਸ ਨੇ 9ਵੇਂ ਗੁਰੂ ਨੂੰ ਕਤਲ ਕੀਤਾ ਸੀ) ਨੂੰ ਖਤਮ ਕਰ ਦਿੱਤਾ। ਫੇਰ ਸਢੌਰੇ ਦੇ ਸ਼ਾਸਕ ਉਸਮਾਨ ਖਾਨ ਨੂੰ, ਜਿਸ ਨੇ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਮਾਰਿਆ ਸੀ, ਮੌਤ ਦੇ ਘਾਟ ਉਤਾਰਿਆ। 12 ਮਈ 1710 ਨੂੰ ਚਪੜਚਿੜੀ ਦੇ ਅਸਥਾਨ 'ਤੇ ਸਰਹੰਦ ਦੇ ਨਵਾਬ ਵਜ਼ੀਰ ਖਾਂ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਨੂੰ ਹਰਾ ਕੇ ਖਤਮ ਕੀਤਾ ਤੇ ਸਰਹੰਦ ਸ਼ਹਿਰ ਨੂੰ ਢਹਿ-ਢੇਰੀ ਕਰ ਦਿੱਤਾ। ਜੰਮੂ ਤੱਕ ਜਿੱਤਦੇ ਹੋਏ ਉਸ ਨੇ ਸਾਰੇ ਪੰਜਾਬ ਦੇ ਬਹੁਤ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਤੇ ਕੁਸ਼ਲ ਪ੍ਰਸ਼ਾਸਨਿਕ ਢਾਂਚਾ ਸਥਾਪਤ ਕੀਤਾ। ਬੰਦਾ ਬਹਾਦਰ ਨੇ ਹਿਮਾਚਲ ਵਿਚ ਮੁਖ ਨਿਰਗੜ੍ਹ ਨੂੰ ਲੋਹਗੜ੍ਹ ਦਾ ਨਾਮ ਦੇ ਕੇ ਆਪਣੀ ਰਾਜਧਾਨੀ ਬਣਾਇਆ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ ਆਪਣਾ ਸਿੱਕਾ ਚਲਾਇਆ। ਉਸਨੇ ਜ਼ਿਮੀਦਾਰ ਪ੍ਰਥਾ ਖਤਮ ਕੀਤੀ ਤੇ ਕਿਸਾਨਾਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ। ਆਖਿਰ ਗੁਰਦਾਸਪੁਰ ਤੋਂ 6 ਕਿਲੋਮੀਟਰ ਦੂਰ ਗੁਰਦਾਸ ਨੰਗਲ ਦੇ ਅਸਥਾਨ 'ਤੇ ਜਦ ਬਹੁਤ ਵੱਡੀ ਮੁਗਲ ਸੈਨਾ ਨੇ ਉਸ ਨੂੰ ਘੇਰ ਲਿਆ ਤਾਂ ਬਹੁਤ ਬਹਾਦਰੀ ਨਾਲ ਲੜਨ ਦੇ ਬਾਵਜੂਦ ਉਹ 794 ਸਿੱਖਾਂ ਸਮੇਤ ਕੈਦ ਕਰ ਲਿਆ ਗਿਆ। ਬੰਦਾ ਬਹਾਦਰ ਨੂੰ ਲੋਹੇ ਦੇ ਪਿੰਜਰੇ ਵਿਚ ਕੈਦ ਕਰ ਕੇ 29 ਫਰਵਰੀ 1716 ਨੂੰ ਦਿੱਲੀ ਵਿਚ ਲਿਆਂਦਾ ਗਿਆ। ਇਸ ਕਾਫ਼ਲੇ ਵਿਚ 700 ਗੱਡੇ ਸਿੱਖਾਂ ਦੇ ਸਿਰਾਂ ਦੇ ਭਰੇ ਹੋਏ ਸੀ ਤੇ 2000 ਸਿੱਖਾਂ ਦੇ ਸਿਰ ਬਰਛਿਆਂ ਉਪਰ ਟੰਗੇ ਹੋਏ ਨਾਲ ਚੱਲ ਰਹੇ ਸਨ। ਉਸ ਵੇਲੇ ਫ਼ਰੁਖਸੀਅਰ ਹਿੰਦੁਸਤਾਨ ਦਾ ਰਾਜਾ ਸੀ। ਸ਼ਾਹੀ ਹੁਕਮ ਨਾਲ ਮਹਿਰੋਲੀ ਦੇ ਇਲਾਕੇ ਵਿਚ ਰੋਜ਼ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਸੀ ਤੇ ਆਖਿਰ 9 ਜੂਨ 1716 ਨੂੰ ਬੰਦਾ ਬਹਾਦਰ ਨੂੰ ਵੀ ਕਤਲ ਕਰ ਦਿੱਤਾ ਗਿਆ। ਉਸ ਨੂੰ ਮਾਰਨ ਤੋਂ ਪਹਿਲੇ ਉਸਦੇ ਪੁੱਤਰ ਅਜੈ ਸਿੰਘ (ਜੋ ਅਜੇ ਬੱਚਾ ਸੀ) ਨੂੰ ਮਾਰ ਕੇ ਉਸਦਾ ਦਿਲ ਬੰਦਾ ਸਿੰਘ ਦੇ ਮੂੰਹ ਵਿਚ ਪਾਇਆ। ਜ਼ੁਲਮ ਦੀ ਇਹ ਹੱਦ ਸੀ। ਪਰ ਅੱਜ ਬੰਦਾ ਸਿੰਘ ਬਹਾਦਰ ਤੇ ਅਨੇਕਾਂ ਸ਼ਹੀਦ ਸਿੰਘਾਂ ਦੀ ਯਾਦ ਵਿਚ ਉਸ ਅਸਥਾਨ 'ਤੇ ਇਕ ਗੁਰਦੁਆਰਾ ਸਥਿਤ ਹੈ ਜਿਥੇ ਲੋਕ ਆ ਕੇ ਸੀਸ ਝੁਕਾਂਦੇ ਹਨ।
(3) Question:- ਭਾਈ ਮਨੀ ਸਿੰਘ ਦੀ ਸਿੱਖ ਧਰਮ ਪ੍ਰਤੀ ਸੇਵਾ ਤੇ ਕੁਰਬਾਨੀ ਦਾ ਬਿਆਨ ਸੰਖੇਪ ਵਿਚ ਕਰੋ।
Answer:- ਭਾਈ ਮਨੀ ਸਿੰਘ ਸ਼ਹੀਦ - ਭਾਈ ਮਨੀ ਸਿੰਘ ਇਕ ਸਿਦਕੀ ਵਿਦਵਾਨ ਸਿੱਖ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਨੌਵੇਂ ਗੁਰੂ ਦੀ ਬਾਣੀ ਆਦਿ ਗ੍ਰੰਥ ਵਿਚ ਜੋੜ ਕੇ ਦਮਦਮਾ ਸਾਹਿਬ ਵਿਖੇ ਨਵੀਂ ਬੀੜ ਤਿਆਰ ਕਰਵਾਈ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਨੇ ਮਾਤਾ ਜੀ ਦੇ ਆਦੇਸ਼ 'ਤੇ ਦਸਮ ਗੁਰੂ ਦੀ ਬਾਣੀ ਇਕੱਠੀ ਕਰਕੇ ਦਸਮ ਗ੍ਰੰਥ ਤਿਆਰ ਕੀਤਾ। ਜਦ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਾਅਦ ਬੰਦਈ ਖਾਲਸਾ (ਜੋ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਦੇ ਸਨ) ਤੇ ਤੱਤ ਖਾਲਸਾ ਦਾ ਹਰਿਮੰਦਰ ਸਾਹਿਬ ਦੇ ਮੈਨੇਜਮੈਂਟ ਦੇ ਕੰਟਰੋਲ ਬਾਰੇ ਝਗੜਾ ਹੋਇਆ ਤਾਂ ਵੀ ਦਿੱਲੀ ਤੋਂ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਿਆ। ਤੇ ਆਪ ਨੇ ਦੋਵਾਂ ਧੜਿਆਂ ਦੇ ਆਪਸੀ ਵਿਰੋਧ ਦਾ ਨਿਪਟਾਰਾ ਕਰਵਾ ਦਿੱਤਾ ਅਤੇ ਜ਼ਿਆਦਾ ਬੰਦਈ ਸਿੱਖ, ਸਿੱਖ ਧਰਮ ਦੀ ਮੁਖਧਾਰਾ ਵਿਚ ਸ਼ਾਮਿਲ ਹੋ ਗਏ।
ਭਾਈ ਮਨੀ ਸਿੰਘ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੇਲੇ ਤੋਂ ਗੁਰੂ ਘਰ ਨਾਲ ਜੁੜੇ ਸਨ। ਆਪ ਨੇ ਦਸਮ ਪਿਤਾ ਦੀਆਂ ਕਈ ਜੰਗਾਂ ਵਿਚ ਵੀ ਹਿੱਸਾ ਲਿਆ। ਉੱਪਰ ਲਿਖੇ ਧਾਰਮਿਕ ਕੰਮ ਕਰਨ ਤੋਂ ਇਲਾਵਾ ਆਪ ਨੇ ਇਕ ਜਨਮ ਸਾਖੀ (ਗਿਆਨ ਰਤਨਾਵਲੀ) ਅਤੇ ਸਿੱਖਾਂ ਦੀ ਭਗਤਮਾਲ (ਭਗਤ ਰਤਨਾਵਲੀ) ਵੀ ਲਿਖੀ। ਰਵਾਇਤ ਅਨੁਸਾਰ ਆਪ ਨੇ ਦਸਮ ਗ੍ਰੰਥ ਅਤੇ ਬਾਕੀ ਗੁਰੂਆਂ ਦੀ ਬਾਣੀ ਦਾ ਇਕ ਗ੍ਰੰਥ ਵੀ ਤਿਆਰ ਕੀਤਾ। ਇਸ ਗ੍ਰੰਥ ਵਿਚ ਬਾਣੀ ਰਾਗਾਂ ਅਨੁਸਾਰ ਨਹੀਂ ਬਲਕਿ ਗੁਰੂਆਂ ਦੇ ਨੰਬਰ ਅਨੁਸਾਰ ਸੀ। ਇਸ ਗ੍ਰੰਥ ਨੂੰ ਭਾਈ ਮਨੀ ਸਿੰਘ ਵਾਲੀ ਬੀੜ ਕਿਹਾ ਜਾਂਦਾ ਹੈ ਤੇ ਇਹ ਦਿੱਲੀ ਦੇ ਇਕ ਪਰਿਵਾਰ (ਰਾਜਾ ਗੁਲਾਬ ਸਿੰਘ ਦਾ ਪਰਿਵਾਰ) ਕੋਲ ਹੈ।
ਜਦ ਭਾਈ ਮਨੀ ਸਿੰਘ ਅੰਮ੍ਰਿਤਸਰ ਦੇ ਗ੍ਰੰਥੀ ਦੇ ਤੌਰ 'ਤੇ ਕੰਮ ਕਰ ਰਹੇ ਸਨ ਤਾਂ ਸਿੰਘਾਂ ਦਾ ਇਕੱਠ ਹਰ ਦੀਵਾਲੀ ਤੇ ਵਿਸਾਖੀ 'ਤੇ ਕਰਦੇ ਸਨ। 1738 ਦੇ ਦੀਵਾਲੀ ਇਕੱਠ ਲਈ ਉਸ ਵੇਲੇ ਦੇ ਸੂਬੇ ਦੀ ਇਜਾਜ਼ਤ ਲਈ ਗਈ ਤੇ ਸਭ ਸਿੱਖਾਂ ਨੂੰ ਇਕੱਠੇ ਹੋਣ ਦਾ ਸੰਦੇਸ਼ ਭੇਜਿਆ ਗਿਆ। ਜ਼ਕਰੀਆ ਖਾਨ ਉਸ ਵੇਲੇ ਪੰਜਾਬ ਦਾ ਹਾਕਮ ਸੀ, ਜਦ ਉਸ ਨੂੰ ਇਤਲਾਹ ਮਿਲੀ ਕਿ ਬਹੁਤ ਸਾਰੇ ਸਿੱਖ ਇਕੱਠੇ ਹੋਣ ਵਾਲੇ ਹਨ ਤਾਂ ਪਹਿਲੇ ਤਾਂ ਉਸਨੇ 5000 ਰੁ: ਲੈਣ ਦੀ ਸ਼ਰਤ ਰੱਖੀ ਪਰ ਬਾਅਦ ਵਿਚ ਉਸਨੇ ਸਿੱਖਾਂ ਨੂੰ ਇਕੱਠੇ ਕਰ ਕੇ ਮਾਰਨ ਦੀ ਯੋਜਨਾ ਬਣਾ ਲਈ। ਭਾਈ ਮਨੀ ਸਿੰਘ ਨੇ ਇਸ ਨੀਅਤ ਨੂੰ ਭਾਂਪਦੇ ਹੋਏ ਸਿੱਖਾਂ ਨੂੰ ਆਉਣ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਕਰਕੇ 5000 ਰੁ: ਨਾ ਦੇਣ ਦਾ ਜੁਰਮ ਬਣਾਉਂਦੇ ਹੋਏ ਭਾਈ ਮਨੀ ਸਿੰਘ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਇਹ ਗੱਲ ਨਹੀਂ ਮੰਨੀ ਤੇ ਫਿਰ ਉਨ੍ਹਾਂ ਦਾ ਬੰਦ-ਬੰਦ ਕੱਟ ਕੇ ਕਤਲ ਦਾ ਹੁਕਮ ਹੋ ਗਿਆ। ਭਾਈ ਸਾਹਿਬ ਨੇ 1734 ਈ. ਵਿਚ ਬੰਦ-ਬੰਦ ਕਟਵਾ ਕੇ ਲਾਹੌਰ ਵਿਖੇ ਇਹ ਸ਼ਹੀਦੀ ਦਿੱਤੀ।
(4) Question:- 18ਵੀਂ ਸਦੀ ਦੇ ਸ਼ੁਰੂ ਵਿਚ ਹੋਰ ਕਿਹੜੇ ਪ੍ਰਮੁੱਖ ਸਿੰਘ ਸ਼ਹੀਦ ਕੀਤੇ ਗਏ ਸਨ?
Answer:- ਭਾਈ ਤਾਰਾ ਸਿੰਘ - ਭਾਈ ਤਾਰਾ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ, ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਤੇ ਭਾਈ ਤਾਰੂ ਸਿੰਘ ਇਸ ਸਦੀ ਦੇ ਸ਼ੁਰੂ ਵਿਚ ਸ਼ਹੀਦ ਹੋਣ ਵਾਲੇ ਪ੍ਰਮੁੱਖ ਸਿੱਖ ਸਨ। ਭਾਈ ਤਾਰਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਪਿੰਡ ਵਿਚ ਜ਼ਿਮੀਂਦਾਰੀ ਕਰਦੇ ਸਨ। ਉਹ ਆਏ ਗਏ ਮੁਸਾਫ਼ਰਾਂ ਦੀ ਖਾਸ ਕਰ ਕੇ ਸਿੱਖਾਂ ਦੀ ਸੇਵਾ ਕਰਦੇ ਸਨ। ਨੌਸ਼ਹਿਰੇ ਦੇ ਚੌਧਰੀ ਸਾਹਿਬ ਰਾਏ ਨੇ ਉਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਬਾਗੀ ਸਿੰਘਾਂ ਨੂੰ ਸ਼ਹਿ ਦੇਂਦਾ ਹੈ। ਚੌਧਰੀ ਗਰੀਬਾਂ ਦੇ ਖੇਤਾਂ ਵਿਚ ਆਪਣੀਆਂ ਘੋੜੀਆਂ ਛੱਡ ਦੇਂਦਾ ਸੀ, ਇਕ ਵਾਰ ਤਾਰਾ ਸਿੰਘ ਤੇ ਉਸ ਦੇ ਸਾਥੀਆਂ ਨੇ ਉਸ ਦੀ ਘੋੜੀ ਵੇਚ ਕੇ ਲੰਗਰ ਲਗਵਾ ਦਿੱਤਾ। ਚੌਧਰੀ ਨੇ ਬਦਲਾ ਲੈਣ ਲਈ ਇਹ ਸ਼ਿਕਾਇਤ ਕੀਤੀ ਤੇ ਪੱਟੀ ਦੇ ਫ਼ੌਜਦਾਰ ਜਾਫਰ ਬੇਗ ਨੇ ਭਾਈ ਸਾਹਿਬ ਦੇ ਵਿਰੁੱਧ 100 ਸੈਨਿਕ ਭੇਜ ਦਿੱਤੇ। ਭਾਈ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਨੇ ਇਨ੍ਹਾਂ ਸੈਨਿਕਾਂ ਨਾਲ ਟੱਕਰ ਲਈ ਜਿਸ ਦੌਰਾਨ ਇਕ ਬਹਾਦਰ ਸਿੰਘ ਬਘੇਲ ਸਿੰਘ ਤੇ ਜਾਫਰ ਬੇਗ ਦਾ ਭਤੀਜਾ ਮਾਰੇ ਗਏ। ਫੇਰ ਕੀ ਸੀ, ਮੋਮਨ ਖਾਂ ਦੇ ਅਧੀਨ 2200 ਸੈਨਿਕਾਂ ਨੇ ਭਾਈ ਸਾਹਿਬ 'ਤੇ ਹਮਲਾ ਕਰ ਦਿੱਤਾ। ਭਾਈ ਸਾਹਿਬ ਤੇ ਉਨ੍ਹਾਂ ਦੇ 18 ਸਿਦਕੀ ਸਿੱਖ ਸਾਥੀਆਂ ਨੇ ਡੱਟ ਕੇ ਮੁਕਾਬਲਾ ਕੀਤਾ ਤੇ 300 ਤੋਂ ਜ਼ਿਆਦਾ ਮੁਸਲਮਾਨ ਸੈਨਿਕਾਂ ਨੂੰ ਮਾਰ ਦਿੱਤਾ। ਇਸ ਉਪਰੰਤ ਲੜਦੇ ਹੋਏ ਆਪ ਭੀ ਸ਼ਹੀਦ ਹੋ ਗਏ।
ਭਾਈ ਸੁੱਖਾ ਸਿੰਘ ਮਹਿਤਾਬ ਸਿੰਘ
ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਉਸ ਵੇਲੇ ਰਾਜਪੂਤਾਨੇ ਵਿਚ ਸਨ, ਜਦ ਉਨ੍ਹ ਨੂੰ ਖਬਰ ਮਿਲੀ ਕਿ ਅੰਮ੍ਰਿਤਸਰ ਦਾ ਕੋਤਵਾਲ ਮੱਸਾ ਰੰਘੜ ਹਰਿਮੰਦਰ ਸਾਹਿਬ ਵਿਚ ਬੈਠ ਕੇ ਨਾਚ ਗਾਣੇ ਵਿਚ ਲੀਨ ਹੁੱਕਾ ਪੀ ਕੇ ਬੇਅਦਬੀ ਕਰ ਰਿਹਾ ਹੈ ਤਾਂ ਆਪ ਦੋਨੋਂ ਵਪਾਰੀ ਬਣ ਕੇ ਆਏ ਤੇ ਮੱਸਾ ਰੰਘੜ ਨੂੰ ਮਿਲ ਕੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਬਾਅਦ ਵਿਚ ਦੋਨੋਂ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਹਰਿਮੰਦਰ ਸਾਹਿਬ ਦੇ ਬਾਹਰ ਉਹ ਅਸਥਾਨ ਹੈ ਜਿੱਥੇ ਆਪ ਘੋੜੇ ਬੰਨ੍ਹ ਕੇ ਅੰਦਰ ਗਏ ਸਨ।
ਭਾਈ ਬੋਤਾ ਸਿੰਘ ਗਰਜਾ ਸਿੰਘ
ਭਾਈ ਬੋਤਾ ਸਿੰਘ ਆਪਣੇ ਇਕ ਸਾਥੀ ਗਰਜਾ ਸਿੰਘ ਨਾਲ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਕੇ ਤਰਨਤਾਰਨ ਵੱਲ ਜਾ ਰਹੇ ਸਨ, ਜਦ ਉਨ੍ਹਾਂ ਨੇ ਮੁਗਲ ਸੈਨਿਕਾਂ ਨੂੰ ਆਉਂਦੇ ਦੇਖਿਆ। ਉਹ ਓਹਲੇ ਹੋ ਕੇ ਖੜੇ ਹੋ ਗਏ। ਉਨ੍ਹਾਂ ਨੇ ਸੁਣਿਆ ਕਿ ਉਹ ਗੱਲ ਕਰ ਰਹੇ ਸਨ ਕਿ ਸਿੱਖ ਹੁਣ ਖਤਮ ਹੋ ਗਏ ਹਨ, ਜੇ ਹੁੰਦੇ ਤਾਂ ਛੁਪਦੇ ਨਾ। ਇਹ ਗੱਲ ਦੋਨਾਂ ਦੇ ਮਨ ਨੂੰ ਲੱਗ ਗਈ ਤੇ ਉਨ੍ਹਾਂ ਨੇ ਖੁਲ੍ਹੇ ਆਮ ਨੂਰਦੀਨ ਦੀ ਸਰਾਂ ਕੋਲ ਨਾਕਾ ਲਗਾ ਕੇ ਆਣ ਜਾਣ ਵਾਲਿਆਂ ਤੋਂ ਕਰ ਉਗਰਾਹੁਣਾ ਸ਼ੁਰੂ ਕਰ ਦਿੱਤਾ। ਇਹ ਕੰਮ ਉਨ੍ਹਾਂ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਕੀਤਾ ਤਾਂ ਕਿ ਪਤਾ ਲੱਗ ਜਾਵੇ ਕਿ ਸਿੱਖ ਹਾਲੇ ਜ਼ਿੰਦਾ ਹਨ, ਖਤਮ ਨਹੀਂ ਹੋਏ। ਬੋਤਾ ਸਿੰਘ ਦੀ ਚਿੱਠੀ ਦੀਆਂ ਪ੍ਰਚੱਲਤ ਸਤਰਾਂ ਇਸ ਪ੍ਰਕਾਰ ਹਨ:-

"ਚਿੱਠੀ ਲਿਖੀ ਸਿੰਘ ਬੋਤਾ
ਹੱਥ ਵਿਚ ਹਈ ਸੋਟਾ, ਆਣ ਵਿਚ ਗੱਡੇ ਖਲੋਤਾ।
ਆਨਾ ਲਾਇਆ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ।
ਆਖੋ ਭਾਬੀ ਖਾਨੋ ਨੂੰ ਇਉਂ ਆਖੇ ਸਿੰਘ ਬੋਤਾ।"

ਸਿੰਘਾਂ ਦੀ ਇਹ ਹਿੰਮਤ ਦੇਖ ਕੇ ਸੂਬਾ ਲਾਹੌਰ ਦੇ ਜ਼ਕਰੀਆ ਖਾਂ ਨੇ 100 ਸੈਨਿਕ ਭੇਜੇ, ਜਿਨਾਂ ਵਿਚੋਂ 80 ਨੂੰ ਸਿੰਘਾਂ ਨੇ ਮਾਰ ਦਿੱਤਾ। ਦੋਨੋਂ ਸਿੰਘਾਂ ਨੇ ਇਹ ਕਾਰਨਾਮਾ ਇਕ ਲੱਕੜ ਦੇ ਮੋਟੇ ਸੋਟੇ ਨਾਲ ਕੀਤਾ। ਆਖਿਰ ਲੜਦੇ-ਲੜਦੇ ਦੋਨੋਂ ਸਿੰਘ ਸ਼ਹੀਦ ਹੋ ਗਏ।
ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ
ਭਾਈ ਸੁਬੇਗ ਸਿੰਘ ਏਨੇ ਕਾਬਲ ਇਨਸਾਨ ਸਨ ਕਿ ਜ਼ਕਰੀਆਂ ਖਾਂ ਵੇਲੇ ਕੁਝ ਸਮੇਂ ਲਈ ਉਹ ਲਾਹੌਰ ਦੇ ਕੋਤਵਾਲ ਰਹੇ ਸਨ। ਜਦ ਜ਼ਕਰੀਆ ਖਾਂ ਸਿੱਖਾਂ ਨੂੰ ਖਤਮ ਕਰਨ ਵਿਚ ਨਾਕਾਮਯਾਬ ਰਿਹਾ ਤੇ ਉਸ ਨੇ ਸਿੱਖਾਂ ਵੱਲ ਦੋਸਤੀ ਦਾ ਪ੍ਰਸਤਾਵ ਭੇਜਿਆ। ਤਦ ਵੀ ਸੁਬੇਗ ਸਿੰਘ ਨੇ ਇਹ ਪੈਗਾਮ ਪਹੁੰਚਾਣ ਦਾ ਕੰਮ ਕੀਤਾ ਸੀ। ਪਰ ਬਾਅਦ ਵਿਚ ਸੁਬੇਗ ਸਿੰਘ ਤੇ ਇਹ ਇਲਜ਼ਾਮ ਲਗਾ ਕੇ ਕਿ ਉਹ ਸਿੱਖਾਂ ਨੂੰ ਸਰਕਾਰੀ ਭੇਦ ਦੇਂਦਾ ਹੈ, ਉਸ ਨੂੰ ਮੁਸਲਮਾਨ ਬਨਣ ਲਈ ਕਿਹਾ ਗਿਆ, ਪਰ ਸੁਬੇਗ ਸਿੰਘ ਨੇ ਇਨਕਾਰ ਕਰ ਦਿੱਤਾ। ਤਦ ਤੱਕ ਜ਼ਕਰੀਆ ਖਾਂ ਦੀ ਥਾਂ ਯਹੀਆ ਖਾਂ ਪੰਜਾਬ ਦਾ ਗਵਰਨਰ ਬਣ ਗਿਆ ਸੀ। ਉਸ ਨੇ ਸੁਬੇਗ ਸਿੰਘ ਦੇ ਜਵਾਨ ਸੋਹਣੇ ਸੁਨੱਖੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਨਾਲ ਲਪੇਟ ਲਿਆ ਅਤੇ ਦੋਨੋਂ ਪਿਓ ਪੁੱਤਰ ਨੂੰ ਮੁਸਲਮਾਨ ਨਾ ਬਨਣ ਤੇ ਚਰਖੜੀ 'ਤੇ ਚਾੜ੍ਹ ਕੇ ਮਾਰਨ ਦੀ ਸਜ਼ਾ ਸੁਣਾ ਦਿੱਤੀ। ਚਰਖੜੀ ਇਕ ਵੱਡਾ ਲੋਹੇ ਦਾ ਚੱਕਰ ਸੀ ਜਿਸ ਦੇ ਆਸ-ਪਾਸ ਵੱਡੇ-ਵੱਡੇ ਤਿੱਖੇ ਸੂਏ ਲੱਗੇ ਹੋਏ ਸਨ। ਦੋਨਾਂ ਨੂੰ ਚਰਖੜੀ 'ਤੇ ਲਾ ਕੇ ਬੰਨ੍ਹ ਦਿੱਤਾ ਤੇ ਫੇਰ ਦੋਨਾਂ ਨੂੰ ਘੁਮਾਇਆ ਗਿਆ। ਦੋਨੋਂ ਗੁਰੂ ਦੇ ਸਿੱਖ ਵਾਹਿਗੁਰੂ ਦਾ ਨਾਮ ਧਿਆਉਂਦੇ ਹੋਏ ਸ਼ਹੀਦ ਹੋ ਗਏ।
ਭਾਈ ਤਾਰੂ ਸਿੰਘ
ਜ਼ਕਰੀਆ ਖਾਂ ਦੇ ਗਵਰਨਰੀ ਰਾਜ ਵਿਚ ਇਕ ਹੋਰ ਸ਼ਹੀਦ ਭਾਈ ਤਾਰੂ ਸਿੰਘ ਦਾ ਨਾਮ ਬਹੁਤ ਮਹੱਤਵਪੂਰਨ ਹੈ। ਭਾਈ ਤਾਰੂ ਸਿੰਘ ਜੀ ਪੂਹਲਾ ਪਿੰਡ ਵਿਚ ਆਪਣੇ ਛੋਟੀ ਭੈਣ ਤੇ ਮਾਤਾ ਦੇ ਨਾਲ ਰਹਿੰਦੇ ਸਨ ਤੇ ਖੇਤੀ ਕਰ ਕੇ ਆਪਣਾ ਨਿਰਬਾਹ ਕਰਿਆ ਕਰਦੇ ਸਨ। ਉਨ੍ਹਾਂ ਦਾ ਪਿਤਾ ਛੋਟੇ ਹੁੰਦਿਆਂ ਦਾ ਗੁ॥ਰ ਗਿਆ ਸੀ। ਭਾਈ ਤਾਰੂ ਸਿੰਘ ਮਿੱਠਾ ਬੋਲਦੇ ਸਨ ਤੇ ਹਰ ਆਏ ਗਏ ਦੀ ਸੇਵਾ ਕਰਦੇ ਸਨ। ਉਨ੍ਹਾਂ ਨੇ ਘਰ ਵਿਚ ਲੰਗਰ ਚਲਾਇਆ ਹੋਇਆ ਸੀ ਤੇ ਉਹ ਲੋੜਵੰਦਾਂ ਦੀ ਮਦਦ ਕਰਿਆ ਕਰਦੇ ਸਨ।
ਉਸ ਸਮੇਂ ਦੀ ਹਕੂਮਤ ਸਿੱਖਾਂ ਦੀ ਵੈਰੀ ਬਣੀ ਹੋਈ ਸੀ। ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਸੂਬੇਦਾਰ ਨੇ ਭਾਈ ਤਾਰੂ ਸਿੰਘ ਨੂੰ ਕਿਹਾ, ''ਤੇਰੇ ਸਾਰੇ ਗੁਨਾਹ ਮੁਆਫ ਹੋ ਸਕਦੇ ਹਨ, ਜੇ ਤੂੰ ਮੁਸਲਮਾਨ ਬਣ ਜਾਵੇ ਤੇ ਇਹ ਲੰਮੇ-ਲੰਮੇ ਕੇਸ ਕਟਵਾ ਕੇ ਮੈਨੂੰ ਦੇ ਦੇਵੇਂ, ਜਿਨ੍ਹਾਂ ਦਾ ਮੈਂ ਵਾਣ ਵੱਟ ਕੇ ਮੰਜਾ ਬਣਵਾ ਲਵਾਂ।'' ਭਾਈ ਤਾਰੂ ਸਿੰਘ ਨੇ ਬੜੇ ਰੋਹ ਨਾਲ ਉੱਤਰ ਦਿੱਤਾ, ''ਮੇਰੀ ਸਿੱਖੀ ਕੇਸਾਂ ਨਾਲ ਨਿਭੇਗੀ। ਮੈਂ ਇਨਾਂ ਕੇਸਾਂ ਲਈ, ਇਕ ਜੀਵਨ ਤਾਂ ਕੀ ਹਜ਼ਾਰਾਂ ਜੀਵਨ ਵੀ ਕੁਰਬਾਨ ਕਰ ਸਕਦਾ ਹਾਂ।'' ਇਹ ਸੁਣ ਕੇ ਸੂਬੇਦਾਰ ਨੂੰ ਬਹੁਤ ਗੁੱਸਾ ਆਇਆ। ਉਸ ਨੇ ਇਕ ਮੋਚੀ ਪਾਸੋ ਉਨ੍ਹਾਂ ਦੀ ਕੇਸਾਂ ਸਮੇਤ ਖੋਪਰੀ ਉਤਰਵਾ ਦਿੱਤੀ ਤਾਂ ਜੁ ਸਿਰ ਉੱਪਰ ਫਿਰ ਕੇਸ ਨਾ ਉਗ ਸਕਣ। ਭਾਈ ਤਾਰੂ ਸਿੰਘ ਨੇ ਬਾਣੀ ਪੜ੍ਹਦਿਆਂ ਤੇ ਅਡੋਲ ਰਹਿੰਦਿਆਂ ਇਹ ਕਸ਼ਟ ਸਹਾਰਿਆ, ਪਰ ਸਿੱਖੀ ਸਿਦਕ ਨੂੰ ਆਂਚ ਨਾ ਆਉਣ ਦਿੱਤੀ।
(5) Question:- ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਜ਼ਕਰੀਆ ਖਾਂ ਦੀ ਮੌਤ ਨਾਲ ਕਿਸ ਤਰ੍ਹਾਂ ਜੋੜਿਆ ਜਾਂਦਾ ਹੈ?
Answer:- ਕਿਹਾ ਜਾਂਦਾ ਹੈ ਕਿ ਜ਼ਕਰੀਆ ਖਾਂ ਨੇ ਜਦੋਂ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਕੇ ਉਸ ਨੂੰ ਖੂਹ ਵਿਚ ਸੁਟਵਾ ਦਿੱਤਾ, ਉਸ ਦਿਨ ਹੀ ਉਸਦਾ ਪੇਸ਼ਾਬ ਬੰਦ ਹੋ ਗਿਆ। ਇਸ ਰੁਕਾਵਟ ਨਾਲ ਉਹ ਤੜਫਣ ਲੱਗਾ ਤੇ 1 ਜੁਲਾਈ 1745 ਨੂੰ ਉਸਦੀ ਮੌਤ ਹੋ ਗਈ। ਕਈ ਵਿਦਵਾਨ ਇਹ ਲਿਖਦੇ ਹਨ ਕਿ ਭਾਈ ਤਾਰੂ ਸਿੰਘ ਦਾ ਇਹ ਵਚਨ ਸੀ ਕਿ ਉਹ ਨਵਾਬ ਨੂੰ ਅੱਗੇ ਲੈ ਕੇ ਜਾਣਗੇ। ਤੇ ਵਾਹਿਗੁਰੂ ਦਾ ਭਾਣਾ ਐਸਾ ਵਰਤਿਆ ਕਿ ਉਨ੍ਹਾਂ ਦਾ ਵਚਨ ਪੂਰਾ ਹੋਇਆ ਤੇ ਉਨ੍ਹਾਂ ਦੀ ਸ਼ਹਾਦਤ ਜ਼ਕਰੀਆ ਖਾਂ ਦੀ ਮੌਤ ਦੀ ਖਬਰ ਸੁਨਣ ਤੋਂ ਬਾਅਦ ਹੋਈ। ਜਿਨ੍ਹਾਂ ਵਿਦਵਾਨਾਂ ਨੇ ਇਹ ਲਿਖਿਆ ਹੈ ਉਨ੍ਹਾਂ ਵਿਚ ਸ਼ਾਮਲ ਹਨ ਖੁਸ਼ਵੰਤ ਰਾਏ, ਸੋਹਨ ਲਾਲ ਤੇ ਭਾਈ ਰਤਨ ਸਿੰਘ ਭੰਗੂ। ਭਾਈ ਰਤਨ ਸਿੰਘ ਭੰਗੂ ਦੇ ਇਹ ਸ਼ਬਦ ਹਨ:
''ਖਾਨ ਬਹਾਦਰ ਮਾਰਯੋ ਤਾਰੂ ਸਿੰਘ ਅਸਾਏ''
(6) Question:- ਪੰਜਾਬ ਦੇ ਗਵਰਨਰ ਜ਼ਕਰੀਆ ਖਾਂ ਬਾਰੇ ਸੰਖੇਪ ਜਾਣਕਾਰੀ ਦਿਓ।
Answer:- ਜਦ ਮੁਗਲ ਬਾਦਸ਼ਾਹ ਫ਼ਰੁਖਸੀਅਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਪਰੇਸ਼ਾਨ ਸੀ, ਉਸ ਨੇ 22 ਫਰਵਰੀ 1713 ਨੂੰ ਅਬਦੁਲ ਸਮਦ ਖਾਂ ਨੂੰ ਪੰਜਾਬ ਦਾ ਗਵਰਨਰ ਇਸ ਹੁਕਮ ਨਾਲ ਬਣਾਇਆ ਕਿ ਸਿੱਖਾਂ ਦਾ ਖੁਰਾ-ਖੋਜ ਮਿਟਾਉਣਾ ਹੈ। ਉਸ ਨੇ ਸਿੱਖਾਂ 'ਤੇ ਅਥਾਹ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ। ਲੋਕਾਂ ਨੂੰ ਖੁੱਲ੍ਹ ਕੇ ਦਿੱਤੀ ਕਿ ਜਿੱਥੇ ਵੀ ਸਿੱਖ ਨੂੰ ਦੇਖੋ ਮਾਰ ਦਿਓ। ਇਸ ਲਈ ਲੋਕਾਂ ਨੂੰ ਇਨਾਮ ਦਿੱਤੇ ਜਾਣ ਲੱਗੇ। ਬਹੁਤ ਸਾਰੇ ਸਿੱਖ ਪਹਾੜਾਂ ਤੇ ਜੰਗਲਾਂ ਵਿਚ ਗੁਪਤ ਟਿਕਾਣਿਆਂ 'ਤੇ ਚਲੇ ਗਏ। 1726 ਵਿਚ ਅਬਦੁਲ ਸਮਦ ਖਾਨ ਦੇ ਪੁੱਤਰ ਜ਼ਕਰੀਆ ਖਾਂ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ। ਜ਼ਕਰੀਆ ਖਾਂ ਨੇ ਵੀ ਸਾਰੇ ਹੀਲੇ ਕੀਤੇ ਕਿ ਸਾਰੇ ਸਿੱਖ ਖਤਮ ਹੋ ਜਾਣ, ਇਥੋਂ ਤੱਕ ਕਿ ਇਕ ਵਾਰੀ ਉਨ੍ਹਾਂ ਵਿਰੁੱਧ ਮੁਸਲਮਾਨਾਂ ਨੂੰ ਹੈਦਰੀ ਝੰਡੇ ਥੱਲੇ ਇਕੱਠੇ ਕਰ ਜਹਾਦ ਛੇੜ ਦਿੱਤਾ।
ਸਿੱਖਾਂ ਵਿਰੁੱਧ ਜਹਾਦ
ਮੁਸਲਮਾਨ ਨੇ ਕਾਹਨੂੰਵਾਨ ਦੇ ਜੰਗਲਾਂ ਵਿਚ ਵੀ ਅੱਗ ਲਗਾ ਦਿੱਤੀ ਤਾਂ ਕਿ ਸਿੱਖਾਂ ਦੇ ਗੁਪਤ ਟਿਕਾਣੇ ਵੀ ਤਬਾਹ ਹੋ ਜਾਣ। ਪਰ ਜਦ ਸਿੱਖ ਉਨ੍ਹਾਂ ਠਿਕਾਣਿਆਂ 'ਚੋਂ ਬਾਹਰ ਆ ਕੇ ਲੜੇ ਤਾਂ ਮੁਸਲਮਾਨਾਂ ਨੂੰ ਭਾਜੜਾਂ ਪੈ ਗਈਆਂ। ਜਦ ਭੀਲੋਵਾਲ ਦੇ ਅਸਥਾਨ 'ਤੇ ਲੜਾਈ ਹੋਈ ਤਾਂ ਮੁਸਲਮਾਨ ਆਪਣਾ ਹੈਦਰੀ ਝੰਡਾ ਵੀ ਛੱਡ ਕੇ ਭੱਜ ਗਏ। ਇਸ ਸ਼ਰਮਨਾਕ ਹਾਰ ਤੋਂ ਬਾਅਦ ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਕਰਨਾ ਚਾਹਿਆ। ਉਸਨੇ ਸਿੱਖਾਂ ਨੂੰ ਇਕ ਜਾਗੀਰ ਦੇ ਕੇ ਸੰਤੁਸ਼ਟ ਕਰਨਾ ਚਾਹਿਆ ਤਾਂਕਿ ਉਹ ਲਾਲਚ ਵਿਚ ਪੈ ਕੇ ਅਵੇਸਲੇ ਹੋ ਜਾਣ ਤੇ ਬਾਅਦ ਵਿਚ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇ।
ਸਿੱਖਾਂ ਨੂੰ ਜਾਗੀਰ
ਸਿੱਖ ਜਾਗੀਰ ਨਹੀਂ ਲੈਣਾ ਚਾਹੁੰਦੇ ਸਨ, ਪਰ ਜਦ ਉਨ੍ਹਾਂ ਨੇ ਸਲਾਹ ਕੀਤੀ ਕਿ ਜਾਗੀਰ ਲੈ ਕੇ ਉਨ੍ਹਾਂ ਨੂੰ ਮਜ਼ਬੂਤ ਹੋਣ ਦਾ ਮੌਕਾ ਮਿਲੇਗਾ ਤੇ ਥੋੜ੍ਹਾ ਸਮਾਂ ਸ਼ਾਂਤੀ ਰਹੇਗੀ, ਤਾਂ ਉਨ੍ਹਾਂ ਨੇ ਕਪੂਰ ਸਿੰਘ ਨੂੰ ਇਸ ਜਾਗੀਰ ਦਾ ਨਵਾਬ ਬਣਾ ਦਿੱਤਾ। ਇਸ ਜਾਗੀਰ ਵਿਚ ਦੀਪਾਲਪੁਰ, ਝਬਾਲ ਤੇ ਕੰਗਨਪੁਰ ਦੇ ਇਲਾਕੇ ਦੇ ਮਾਮਲੇ ਉਗਰਾਹੁਣ ਦਾ ਹੱਕ ਪ੍ਰਾਪਤ ਹੋ ਗਿਆ। ਇਸ ਧਨ ਦਾ ਇਸਤੇਮਾਲ ਲੰਗਰ ਲਈ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਹੋਣ ਲੱਗਾ। ਜ਼ਕਰੀਆ ਖਾਂ ਨੂੰ ਜਦ ਸਿੱਖ ਦੀ ਸਥਿਤੀ ਮਜ਼ਬੂਤ ਹੁੰਦੀ ਲੱਗੀ ਤਾਂ ਉਸ ਨੇ ਫੇਰ ਤੋਂ ਪੁਰਾਣੀ ਨੀਤੀ ਅਪਨਾ ਲਈ। ਭਾਈ ਮਨੀ ਸਿੰਘ ਨੂੰ ਸ਼ਹੀਦ ਕਰ ਕੇ ਉਸ ਨੇ ਸਿੱਖਾਂ ਵਿਚ ਖੌਫ਼ ਪੈਦਾ ਕਰਨਾ ਚਾਹਿਆ। ਪਰ ਸਿੱਖ ਡਰਨ ਵਾਲੇ ਨਹੀਂ ਸਨ।
ਨਾਦਰ ਸ਼ਾਹ ਦਾ ਹਮਲਾ
ਇਸ ਸਮੇਂ ਦੌਰਾਨ ਨਾਦਰ ਸ਼ਾਹ ਨੇ ਭਾਰਤ 'ਤੇ ਹਮਲਾ ਕਰ ਕੇ ਮੁਗਲ ਸਮਰਾਜ ਨੂੰ ਬਿਲਕੁਲ ਖੋਖਲਾ ਕਰ ਦਿੱਤਾ। ਜਦ ਨਾਦਰ ਸ਼ਾਹ ਸਾਰੀ ਦੌਲਤ ਲੁੱਟ ਕੇ ਤੇ ਚੰਗੇ ਕਾਰੀਗਰ ਤੇ ਔਰਤਾਂ ਲੈ ਕੇ ਵਾਪਸ ਆਪਣੇ ਮੁਲਕ ਅਫ਼ਗਾਨਿਸਤਾਨ ਜਾ ਰਿਹਾ ਸੀ ਤਾਂ ਸਿੱਖਾਂ ਨੇ ਰਾਹ ਵਿਚ ਉਸ ਤੋਂ ਕਾਫੀ ਦੌਲਤ ਖੋਹ ਲਈ ਤੇ ਭਾਰਤੀ ਕਾਰੀਗਰ ਤੇ ਔਰਤਾਂ ਨੂੰ ਵੀ ਆਜ਼ਾਦ ਕਰਵਾ ਦਿੱਤਾ।
(7) Question:- ਨਾਦਰ ਸ਼ਾਹ ਕੌਣ ਸੀ? ਉਸ ਨੇ ਸਿੱਖਾਂ ਬਾਰੇ ਕੀ ਭਵਿੱਖ ਬਾਣੀ ਕੀਤੀ ਸੀ?
Answer:- ਨਾਦਰ ਸ਼ਾਹ ਈਰਾਨ ਤੇ ਅਫ਼ਗਾਨਿਸਤਾਨ ਦਾ ਲਾਲਚੀ ਤੇ ਜ਼ਾਲਮ ਹਾਕਮ ਸੀ। ਉਸ ਨੂੰ ਪਤਾ ਸੀ ਕਿ ਭਾਰਤ ਵਿਚ ਬਹੁਤ ਦੌਲਤ ਹੈ ਤੇ ਰਾਜੇ ਤੇ ਹਾਕਮ ਕਮਜ਼ੋਰ ਹੋ ਚੁਕੇ ਹਨ, ਸੋ ਉਸ ਨੇ ਭਾਰਤ ਨੂੰ ਲੁੱਟਣ ਲਈ ਹਮਲਾ ਕਰ ਦਿੱਤਾ। ਪੰਜਾਬ ਦੇ ਗਵਰਨਰ ਨੇ ਉਸ ਨੂੰ 20 ਲੱਖ ਰੁਪਏ ਭੇਟ ਕੀਤੇ ਤੇ ਈਨ ਮੰਨ ਲਈ। ਬਾਅਦ ਵਿਚ ਉਹ ਦਿੱਲੀ ਜਾ ਵੜਿਆ ਤੇ ਖੂਬ ਲੁੱਟ ਮਾਰ ਤੇ ਕਤਲੇਆਮ ਕੀਤਾ। 1739 ਦੇ ਇਸ ਕਤਲੇਆਮ ਤੋਂ ਬਾਅਦ ਜਿਸ ਵਿਚ 20 ਹਜ਼ਾਰ ਲੋਕ ਕਤਲ ਕਰ ਦਿਤੇ ਗਏ ਸਨ, ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਤੇ ਸਾਰੇ ਵਜ਼ੀਰਾਂ ਨੇ ਆਪਣੀ ਸਾਰੀ ਦੌਲਤ ਨਾਦਰ ਸ਼ਾਹ ਦੇ ਕਦਮਾਂ 'ਤੇ ਰੱਖ ਦਿੱਤੀ। ਨਾਦਰ ਸ਼ਾਹ ਨੇ ਸਿਰਫ ਦੌਲਤ ਹੀ ਨਹੀਂ ਇਕੱਠੀ ਕੀਤੀ ਬਲਕਿ ਚੰਗੇ-ਚੰਗੇ ਕਾਰੀਗਰ ਤੇ ਕਈ ਔਰਤਾਂ ਨੂੰ ਆਪਣੇ ਨਾਲ ਲਿਜਾਣ ਲਈ ਬੰਦੀ ਬਣਾ ਲਿਆ।
ਸਿੱਖਾਂ ਦਾ ਨਾਦਰ ਨੂੰ ਲੁੱਟਣਾ
ਸਿੱਖਾਂ ਨੂੰ ਇਹ ਚੰਗਾ ਨਹੀਂ ਲੱਗਾ ਤੇ ਉਹ ਮੌਕਾ ਲੱਭਣ ਲੱਗੇ। 25 ਮਈ 1739 ਨੂੰ ਜਦ ਚਨਾਬ ਵਿਚ ਹੜ੍ਹ ਆ ਗਿਆ ਤੇ ਨਾਦਰ ਸ਼ਾਹ ਤੇ ਸੈਨਾ ਨੂੰ ਦਰਿਆ ਪਾਰ ਕਰਨ ਵਿਚ ਔਕੜ ਆਈ, ਸਿੰਘਾਂ ਨੇ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਹੇਠ ਨਾਦਰ ਦੀ ਸੈਨਾ 'ਤੇ ਹਮਲਾ ਕਰ ਕੇ ਔਰਤਾਂ ਨੂੰ ਛੁਡਾ ਲਿਆ ਤੇ ਬਹੁਤ ਸਾਰੀ ਦੌਲਤ ਖੋਹ ਲਈ। ਜ਼ਕਰੀਆ ਖਾਂ ਹੈਰਾਨ ਰਹਿ ਗਿਆ। ਉਸ ਨੇ ਜ਼ਕਰੀਆ ਖਾਂ (ਜੋ ਹੁਣ ਉਸ ਦੁਆਰਾ ਥਾਪਿਆ ਗਵਰਨਰ ਸੀ) ਨੂੰ ਪੁੱਛਿਆ ਕਿ ਇਹ ਕੌਣ ਲੋਕ ਹਨ, ਤੇ ਕਿੱਥੇ ਰਹਿੰਦੇ ਹਨ? ਜਦ ਜ਼ਕਰੀਆ ਖਾਂ ਨੇ ਦੱਸਿਆ ਕਿ ਇਹ ਘੋੜਿਆਂ ਦੀਆਂ ਕਾਠੀਆਂ 'ਤੇ ਹੀ ਰਹਿੰਦੇ ਹਨ, ਤਾਂ ਨਾਦਰ ਸ਼ਾਹ ਸੋਚੀਂ ਪੈ ਗਿਆ ਤੇ ਉਸ ਨੇ ਕਿਹਾ ਕਿ ਇਹ ਲੋਕ ਜਲਦੀ ਹੀ ਪੰਜਾਬ ਦੇ ਹਾਕਮ ਬਨਣਗੇ। 'ਪੰਥ ਪ੍ਰਕਾਸ਼' ਵਿਚ ਨਾਦਰ ਦੀ ਇਸ ਭਵਿੱਖਬਾਣੀ ਨੂੰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ:-
ਨਾਦਰ ਕਾਦਰ ਸੋਚ ਪੁਨ ਕਹਿਯੋ ਨਵਾਬਹਿ ਐਸਾ।
ਜੇ ਕਰ ਹੈ ਸਹਿ ਐਸਾ ਹੀ, ਭਾਖਤ ਹੋ ਤੁਮ ਜੈਸਾ।
ਤੇ ਇਹ ਮਾਰੇ ਨਾ ਮਰੈ, ਦੁਖ ਦੇਤ ਇਨ ਜੋਨ।
ਮਾਰਤ ਹੋ ਤੁਮ ਆਪ ਹੀ, ਆਪਣੇ ਪੈਰ ਕੁਠਾਰ।
ਕੁਛ ਦਿਨ ਦੋ ਸਿੰਘ ਹੋਇ ਹੈ ਭੂਪਤ ਮੁਲਕ ਮਹਾਰ।
(8) Question:- ਨਾਦਿਰ ਸ਼ਾਹ ਤੋਂ ਬਾਅਦ ਵਿਦੇਸ਼ੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ 'ਤੇ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦਾ ਸਿੱਖਾਂ 'ਤੇ ਕੀ ਪ੍ਰਭਾਵ ਪਿਆ?
Answer:- ਉਨ੍ਹਾਂ ਦਿਨਾਂ ਵਿਚ ਜਿਹੜਾ ਵੀ ਵਿਦੇਸ਼ੀ ਹਮਲਾਵਰ ਭਾਰਤ ਆਉਂਦਾ ਸੀ, ਉਸ ਨੂੰ ਪੰਜਾਬ ਵਿਚੋਂ ਲੰਘਣਾ ਪੈਂਦਾ ਸੀ। ਅਹਿਮਦ ਸ਼ਾਹ ਅਬਦਾਲੀ ਵੀ ਅਫ਼ਗਾਨ ਸ਼ਾਸਕ ਸੀ। ਉਸਨੇ ਪੰਜਾਬ 'ਤੇ 10 ਹਮਲੇ ਕੀਤੇ, ਪਰ ਉਸ ਦੇ ਭਾਰਤ ਵਿਚ ਮਜ਼ਬੂਤ ਰਾਜ ਸਥਾਪਤ ਕਰਨ ਦੇ ਸੁਪਨੇ ਵਿਚ ਸਭ ਤੋਂ ਵੱਡੀ ਰੁਕਾਵਟ ਸਿੱਖ ਹੀ ਸਨ। ਉਸਨੇ ਸਿੱਖਾਂ ਨੂੰ ਸਬਕ ਸਿਖਾਉਣ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਪਰ ਸਿੱਖ ਉਸਦੇ ਹਰ ਵਾਰ ਤੋਂ ਬਾਅਦ ਹੋਰ ਮਜ਼ਬੂਤ ਹੋ ਗਏ। ਮਰਾਠੇ ਵੀ ਪੰਜਾਬ ਵਿਚ ਤਾਕਤਵਰ ਹੋਣ ਲਈ ਤਤਪਰ ਸਨ ਪਰ ਅਬਦਾਲੀ ਨੇ ਉਨ੍ਹਾਂ ਨੂੰ 1761 ਵਿਚ ਪਾਨੀਪਤ ਦੀ ਤੀਜੀ ਲੜਾਈ ਵਿਚ ਐਸੀ ਕਰਾਰੀ ਹਾਰ ਦਿੱਤੀ ਕਿ ਮਰਾਠੇ ਪੰਜਾਬ ਵਿਚੋਂ ਭੱਜ ਗਏ। ਉਨ੍ਹਾਂ ਦੇ ਜਾਣ ਨਾਲ ਸਿੱਖ ਹੋਰ ਵੀ ਮਜ਼ਬੂਤ ਹੋ ਗਏ।
ਵੱਡਾ ਘੱਲੂਘਾਰਾ
ਅਬਦਾਲੀ ਆਪਣੇ ਅਗਲੇ ਹਮਲੇ ਵਿਚ (ਤੇਰਵਾਂ ਹਮਲਾ) ਸਿੱਖਾਂ ਨੂੰ ਮਰਾਠਿਆਂ ਵਾਂਗ ਕੁਚਲ ਦੇਣਾ ਚਾਹੁੰਦਾ ਸੀ। ਉਸ ਨੇ ਇਸ ਦੀ ਯੋਜਨਾ ਬਣਾਈ। ਜਦ ਸਿੱਖ ਵੱਡੀ ਗਿਣਤੀ ਵਿਚ ਔਰਤਾਂ ਬੱਚਿਆਂ ਸਮੇਤ ਰਾਏਪੁਰ ਤੇ ਗੁਜਰਵਾਲ ਦੇ ਇਲਾਕੇ ਦੇ ਨੇੜੇ ਇਕੱਠੇ ਹੋਏ ਤਾਂ ਅਬਦਾਲੀ ਤੇ ਉਸਦਾ ਸਾਥ ਦੇਣ ਵਾਲੇ ਜੈਨ ਖਾਨ, ਭੀਖਣ ਖਾਨ, ਕਾਸਿਮ ਖਾਨ ਤੇ ਮੁਰਤਜਾ ਖਾਨ ਫ਼ੌਜਦਾਰਾਂ ਨੇ ਸਿੱਖਾਂ ਨੂੰ ਚਾਰੋਂ ਤਰਫ਼ ਤੋਂ ਘੇਰ ਲਿਆ। ਸਿੱਖਾਂ ਨੇ ਔਰਤਾਂ ਤੇ ਬੱਚਿਆਂ ਨੂੰ ਇਕ ਘੇਰੇ ਵਿਚ ਲੈ ਲਿਆ, ਤਾਂਕਿ ਉਨ੍ਹਾਂ ਦੀ ਰੱਖਿਆ ਕੀਤੀ ਜਾਵੇ ਤੇ ਆਪ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਹੋ ਗਏ। ਕੁੱਪ ਨਾਮ ਦੇ ਪਿੰਡ ਦੇ ਅਸਥਾਨ 'ਤੇ ਕਾਸਿਮ ਖਾਨ ਨਾਲ ਟੱਕਰ ਹੋਈ। ਸਿੰਘ ਲੜਦੇ-ਲੜਦੇ ਬਰਨਾਲੇ ਵੱਲ ਵਧਣਾ ਚਾਹੁੰਦੇ ਸਨ। ਘੇਰੇ ਵਿਚ ਔਰਤਾਂ ਤੇ ਬੱਚਿਆਂ ਨੂੰ ਰੱਖਦੇ ਹੋਏ ਉਹ ਅੱਗੇ ਵਧਦੇ ਗਏ ਪਰ ਹਮਲਾਵਰਾਂ ਦੀ ਗਿਣਤੀ ਹਰ ਤਰਫੋਂ ਵਧਣ ਲੱਗੀ ਤੇ ਰਸਤੇ ਵਿਚ ਪੈਂਦੇ ਪਿੰਡਾਂ ਦੇ ਲੋਕਾਂ ਨੇ ਵੀ ਅਬਦਾਲੀ ਦੇ ਡਰ ਕਰ ਕੇ ਉਨ੍ਹਾਂ ਦਾ ਸਾਥ ਨਾ ਦਿੱਤਾ ਬਲਕਿ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਸਿੱਖ ਕਰੀਬਨ 150 ਮੀਲ ਤੱਕ ਲੜਦੇ-ਲੜਦੇ ਅਫ਼ਗਾਨਾਂ ਨੂੰ ਬਰਨਾਲਾ ਤੱਕ ਲੈ ਆਏ ਤੇ ਉਸ ਤੋਂ ਅੱਗੇ ਰੇਤੀਲਾ ਇਲਾਕਾ ਹੋਣ ਕਰ ਕੇ ਅਫ਼ਗਾਨ ਅੱਗੇ ਨਹੀਂ ਗਏ। 36 ਘੰਟੇ ਦੀ ਇਸ ਲੜਾਈ ਵਿਚ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ। ਬਹੁਤ ਸਾਰੀਆਂ ਔਰਤਾਂ ਤੇ ਬੱਚਿਆਂ ਨੂੰ ਵੀ ਨਹੀ ਬਚਾਇਆ ਜਾ ਸਕਿਆ। ਇਤਿਹਾਸਕਾਰ ਸ਼ਹੀਦਾਂ ਦੀ ਗਿਣਤੀ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਦੱਸਦੇ ਹਨ। ਏਨੀ ਵੱਡੀ ਗਿਣਤੀ ਵਿਚ ਸ਼ਹੀਦੀਆਂ ਹੋਣ ਕਰਕੇ ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। 5 ਫਰਵਰੀ 1762 ਨੂੰ ਹੋਈ ਇਸ ਜੰਗ ਵਿਚ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ। ਅਬਦਾਲੀ ਦੀ ਸੈਨਾ ਦਾ ਵੀ ਵੱਡਾ ਨੁਕਸਾਨ ਹੋਇਆ।
ਵੱਡੇ ਘੱਲੂਘਾਰੇ ਬਾਅਦ ਅਬਦਾਲੀ ਜਦ ਵਾਪਸ ਜਾ ਰਿਹਾ ਸੀ ਤ ਉਸ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾ ਦਿੱਤਾ ਤੇ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ। ਉਸ ਨੇ ਸਮਝਿਆ ਕਿ ਹੁਣ ਸਿੱਖੀ ਵੀ ਖਤਮ ਤੇ ਉਨ੍ਹਾਂ ਦਾ ਧਰਮ ਵੀ ਖਤਮ, ਪਰ ਵਾਹਿਗੁਰੂ ਦੀ ਕਿਰਪਾ ਨਾਲ ਕੁੱਪ ਦੇ ਹਮਲੇ ਤੋਂ ਜੋ ਸਿੱਖ ਬਚੇ, ਉਨ੍ਹਾਂ ਨੇ ਫੇਰ ਘੋੜੇ ਤੇ ਹਥਿਆਰ ਇਕੱਠੇ ਕੀਤੇ ਤੇ ਇਕ ਵਾਰ ਫੇਰ ਆਪਣੀ ਸ਼ੇਰ ਗਰਜਨਾ ਨਾਲ ਦੁਸ਼ਮਨਾਂ ਨੂੰ ਲਲਕਾਰਿਆ। ਸਰਹੰਦ ਦੇ ਜੈਨ ਖਾ ਨੂੰ ਹਰਾ ਕੇ ਉਸ ਤੋਂ ਹਰਜਾਨਾ ਵਸੂਲਿਆ ਤੇ ਮਲੇਰਕੋਟਲੇ ਦੇ ਹਿੰਗਨ ਖਾਨ ਨੂੰ ਮਾਰ ਮੁਕਾਇਆ। ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਤੇ ਜਦ 1762 ਦੀ ਦੀਵਾਲੀ ਦਾ ਇਕੱਠ ਹੋਇਆ ਤਦ 50-60 ਹਜ਼ਾਰ ਸਿੰਘਾਂ ਨੇ ਅਬਦਾਲੀ ਦਆਂ ਵਧੀਕੀਆਂ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ। ਫੇਰ ਕਸੂਰ ਦੀ ਵੱਡੀ ਜੰਗ ਨੇ ਸਿੰਘਾਂ ਦੇ ਹੌਂਸਲੇ ਬੁਲੰਦੀਆਂ 'ਤੇ ਪਹੁੰਚਾ ਦਿੱਤੇ। ਹਰਿਮੰਦਰ ਸਾਹਿਬ ਦੀ ਫੇਰ ਉਸਰੀ ਕਰ ਲਈ ਗਈ।
ਸ਼ਹੀਦ ਗੁਰਬਖਸ਼ ਸਿੰਘ
ਇਹ ਸਭ ਵੇਖ ਕੇ ਅਬਦਾਲੀ ਇਕ ਵਾਰ ਫੇਰ ਅੰਮ੍ਰਿਤਸਰ ਆ ਵੜਿਆ। ਪਰ ਸਿੱਖਾਂ ਨੇ ਜ਼ਬਰਦਸਤ ਜੰਗ ਕਰ ਕੇ ਉਸ ਨੂੰ ਲਾਹੌਰ ਵਾਪਸ ਜਾਣ ਤੇ ਮਜ਼ਬੂਰ ਕਰ ਦਿੱਤਾ। ਉਸ ਤੋਂ ਬਾਅਦ ਸਿੱਖਾਂ ਨੂੰ ਪਤਾ ਸੀ ਕਿ ਅਬਦਾਲੀ ਇਕ ਵਾਰ ਫੇਰ ਆਪਣੇ ਸਾਥੀਆਂ ਨਾਲ ਵੱਡੀ ਫ਼ੌਜ ਲੈ ਕੇ ਆਏਗਾ, ਸੋ ਉਹ ਲਖੀ ਜੰਗਲ ਵੱਲ ਨਿਕਲ ਗਏ। ਜਦ ਅਬਦਾਲੀ ਦੀ ਵੱਡੀ ਸੈਨਾ ਨੇ ਫੇਰ ਅੰਮ੍ਰਿਤਸਰ 'ਤੇ ਹਮਲਾ ਕੀਤਾ ਤ ਉਸਦੀ ਫ਼ੌਜ ਹਰਿਮੰਦਰ ਸਾਹਿਬ ਵਿਚ ਦਾਖਲ ਹੋ ਗਈ। ਉਥੇ ਉਸ ਵੇਲੇ ਸਿਰਫ਼ 30 ਸਿੱਖ ਸਨ। ਜੱਥੇਦਾਰ ਗੁਰਬਖਸ਼ ਸਿੰਘ ਨੇ 1 ਦਸੰਬਰ 1764 ਨੂੰ ਆਪਣੇ ਸਾਥੀਆਂ ਨਾਲ 30 ਹਜ਼ਾਰ ਦੀ ਪਠਾਣ ਸੈਨਾ ਨਾਲ ਲੋਹਾ ਲਿਆ। ਸਾਰੇ ਸਿੰਘ ਸ਼ਹੀਦ ਹੋ ਗਏ ਤੇ ਹੁਣ ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਅਕਾਲ ਤਖ਼ਤ ਸਾਹਿਬ ਦੇ ਪਿੱਤੇ ਇਕ ਗੁਰਦੁਆਰਾ ਸ਼ਹੀਦ ਗੰਜ ਸੁਭਾਇਮਾਨ ਹੈ। ਆਪਣੇ ਸੱਤਵੇਂ ਹਮਲੇ ਦੀ ਨਾਕਾਮੀ ਤੋਂ ਬਾਅਦ ਅਬਦਾਲੀ ਤੰਗ ਆ ਗਿਆ। ਉਹ ਜਿਸ ਇਲਾਕੇ 'ਤੇ ਕਬਜ਼ਾ ਕਰਦਾ ਸੀ, ਉਸ ਦੇ ਜਾਣ ਤੋਂ ਬਾਅਦ ਸਿੰਘ ਫਿਰ ਉਹ ਇਲਾਕਾ ਖੋਹ ਲੈਂਦੇ ਸਨ। ਅਬਦਾਲੀ ਦੀ ਸੇਹਤ ਗਿਰਦੀ ਜਾ ਰਹੀ ਸੀ ਤੇ ਸਿੰਘਾਂ ਦੀ ਤਾਕਤ ਵਧਦੀ ਜਾ ਰਹੀ ਸੀ। ਉਸੇ ਤਿੰਨ ਵਾਰ ਫੇਰ ਹਿੰਮਤ ਕੀਤੀ, ਸਿੰਘਾਂ ਨਾਲ ਯੁੱਧ ਵੀ ਕੀਤੇ, ਸਿੰਘ ਕਤਲ ਵੀ ਕੀਤੇ, ਪਰ ਸਿੰਘਾਂ ਤੋ ਕਈ ਜਗ੍ਹਾ ਹਾਰ ਵੀ ਸਹਿਣੀ ਪਈ। 14 ਅਪ੍ਰੈਲ 1772 ਨੂੰ ਜਦ ਅਬਦਾਲੀ ਸਦਾ ਦੀ ਨੀਂਦ ਸੌਂ ਗਿਆ, ਸਿੰਘ ਮਿਸਲਾਂ ਨੇ ਅਲੱਗ-ਅਲੱਗ ਰਾਜ ਕਾਇਮ ਕਰ ਲਏ।
(9) Question:- ਭਾਵੇਂ ਅਠਾਰ੍ਹਵੀ ਸਦੀ ਸਿੱਖਾਂ ਲਈ ਸ਼ਹੀਦੀਆਂ ਦੀ ਸਦੀ ਸੀ, ਪਰ ਫੇਰ ਵੀ ਸਿੱਖ ਆਪਣੀ ਤਾਕਤ ਵਧਾਉਂਦੇ ਰਹੇ ਤੇ ਆਖਰ ਵਿਚ ਪੰਜਾਬ ਦੇ ਰਾਜੇ ਬਣ ਗਏ। ਤਾਕਤ ਦੇ ਇਸ ਵਾਧੇ ਦੀ ਗਾਥਾ ਥੋੜ੍ਹੇ ਸ਼ਬਦਾਂ ਵਿਚ ਬਿਆਨ ਕਰੋ।
Answer:- ਸਿੱਖਾਂ ਦੀਆਂ ਕੁਰਬਾਨੀਆਂ ਨੇ ਉਨ੍ਹਾਂ ਨੂੰ ਫੌਲਾਦੀ ਇਨਸਾਨ ਬਣਾ ਦਿੱਤਾ। ਉਨ੍ਹਾਂ ਨੂੰ ਯਕੀਨ ਸੀ ਕਿ ਗੁਰੂਆਂ ਦਾ ਅੰਮ੍ਰਿਤ ਤੇ ਸ਼ਕਤੀ ਉਨ੍ਹਾਂ ਨਾਲ ਹਨ ਤੇ ਰਾਜ ਕਰੇਗਾ ਖਾਲਸਾ ਦਾ ਸੰਕਲਪ ਜ਼ਰੂਰ ਪੂਰਾ ਹੋਵੇਗਾ। ਵਿਦੇਸ਼ੀ ਹਮਲਾਵਰ ਤੇ ਮੁਗਲ ਰਾਜਿਆਂ ਦੀਆਂ ਕਮਜ਼ੋਰੀਆਂ ਉਨ੍ਹਾਂ ਲਈ ਤਰੱਕੀ ਦੇ ਰਾਹ 'ਤੇ ਸਹਾਈ ਸਾਬਤ ਹੋਏ। ਉਨ੍ਹਾਂ ਦੀ ਸਰਬੱਤ ਦੇ ਭਲੇ ਦੀ ਭਾਵਨਾ, ਲੋਕਾਂ ਦੀ ਪੱਤ ਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੀਆਂ ਜਾਨਾ ਦੇ ਦੇਣ ਦੀ ਸਮਰੱਕਾ ਤੇ ਉਨ੍ਹਾਂ ਦਾ ਉੱਚਾ ਤੇ ਸੁੱਚਾ ਚਰਿੱਤਰ, ਜਿਨ੍ਹਾਂ ਕਰਕੇ ਉਹ ਲੋਕਾਂ ਵਿਚ ਐਨੇ ਹਰਮਨ ਪਿਆਰੇ ਹੋ ਗਏ ਕਿ ਲੋਕ ਉਨਾਂ ਨਾਲ ਹੋ ਗਏ। ਸਿੱਖ ਨੇਤਾ ਜਿਵੇਂ ਕਿ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਆਦਿ ਐਨੇ ਸੁਲਝੇ ਹੋਏ ਨੀਤੀਵਾਨ, ਬਹੁਤ ਬਹਾਦਰ ਤੇ ਸਿੱਖਾਂ ਲਈ ਸਿਖਰ 'ਤੇ ਪਹੁੰਚਾਉਣ ਦੇ ਚਾਹਵਾਨ ਸਨ।
ਦਲ ਤੇ ਮਿਸਲਾਂ
ਭਾਈ ਮਨੀ ਸਿੰਘ ਨੇ ਸਿੰਘਾਂ ਵਿਚ ਏਕੇ ਦੀ ਭਾਵਨਾ ਪੈਦਾ ਕੀਤੀ। ਕਪੂਰ ਸਿੰਘ ਨੇ ਨਵਾਬੀ ਸੰਭਾਲਣ ਤੋਂ ਬਾਅਦ ਸਿੱਖਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹਰ ਯਤਨ ਕੀਤਾ। ਸਾਰੇ ਸਿੱਖਾਂ ਨੂੰ ਦੋ ਦਲਾਂ ਵਿਚ ਵੰਡ ਦਿੱਤਾ ਗਿਆ। ਇਕ ਬੁੱਢਾ ਦਲ ਤੇ ਦੂਸਰਾ ਤਰੁਣਾ ਦਲ। ਬੁੱਢਾ ਦਲ ਦਾ ਕੰਮ ਸੀ ਧਰਮ ਪ੍ਰਚਾਰ ਕਰਨਾ, ਗੁਰਦੁਆਰਿਆਂ ਦੀ ਦੇਖ-ਭਾਲ ਤੇ ਜ਼ਰੂਰਤ ਵੇਲੇ ਤਰੁਣਾ ਦਲ ਦਾ ਜੰਗ ਵਿਚ ਸਾਥ ਦੇਣਾ। ਫੇਰ ਅੰਮ੍ਰਿਤਸਰ ਵਿਚ ਇਕ ਕਿਲ੍ਹਾ ਬਣਾਇਆ ਗਿਆ। ਇਸ ਕਿਲ੍ਹੇ ਦਾ ਨਾਮ ਰਾਮ ਰੌਣੀ ਰੱਖਿਆ ਤੇ ਅਪ੍ਰੈਲ 1748 ਵਿਚ ਇਹ ਬਣ ਕੇ ਤਿਆਰ ਹੋ ਗਿਆ। 1748 ਤੱਕ ਸਿੱਖਾਂ ਦੇ ਕਈ ਜੱਥੇ ਬਣ ਚੁੱਕੇ ਸਨ। ਸੋ ਵਿਸਾਖੀ 1748 ਵਾਲੇ ਦਿਨ ਇਕ ਇਤਿਹਾਸਕ ਫ਼ੈਸਲਾ ਲਿਆ ਗਿਆ, ਜਿਸ ਅਨੁਸਾਰ ਸਾਰੇ ਸਿੱਖਾਂ ਨੂੰ 11 ਜਥਿਆਂ ਵਿਚ ਵੰਡਿਆਂ ਗਿਆ। ਇਹ 11 ਜੱਥੇ ਬਾਅਦ ਵਿਚ 11 ਮਿਸਲਾਂ ਬਣ ਗਈਆਂ ਜਿਨ੍ਹਾਂ ਨੇ ਆਪਣੇ-ਆਪਣੇ ਸੈਨਿਕਾਂ ਨਾਲ ਪੰਜਾਬ ਦੇ ਕੀ ਇਲਾਕਿਆਂ ਨੂੰ ਜਿੱਤ ਲਿਆ ਤੇ ਛੋਟੇ-ਛੋਟੇ ਰਾਜ ਸਥਾਪਤ ਕਰ ਲਏ। ਇਨ੍ਹਾਂ ਵਿਚ ਇਕ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ ਸਾਰੇ ਪੰਜਾਬ ਨੂੰ ਇਕੱਠਾ ਕਰਨ ਦਾ ਸੁਪਨਾ ਦੇਖਿਆ ਤੇ ਹੌਲੀ-ਹੌਲੀ ਇਕ ਵਿਸ਼ਾਲ ਰਾਜ ਕਾਇਮ ਕਰ ਕੇ ਮਹਾਰਾਜਾ ਰਣਜੀਤ ਸਿੰਘ ਬਣ ਗਿਆ। ਉਸ ਦੇ ਰਾਜ ਵਿਚ ਲੁਧਿਆਣਾ ਤੋਂ ਲੈ ਕੇ ਲਦਾਖ ਤੱਕ ਦੇ ਸਾਰੇ ਇਲਾਕੇ ਤੇ ਮੌਜੂਦਾ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਇਲਾਕੇ ਸ਼ਾਮਲ ਸਨ।
(10) Question:- ਜ਼ਕਰੀਆ ਖਾਨ ਤੋਂ ਬਆਦ ਪੰਜਾਬ ਦਾ ਗਵਰਨਰ ਉਸਦਾ ਪੁੱਤਰ ਯਹੀਆ ਖਾਂ ਬਣਿਆ। ਉਸ ਦੇ ਸਮੇਂ ਸਿੱਖਾਂ ਨਾਲ ਕੀ ਵਰਤਾਰਾ ਰਹਿਆ?
Answer:- ਵੱਡਾ ਘੱਲੂਘਾਰਾ - ਯਹੀਆ ਖਾਂ ਦਾ ਰਵੱਈਆ ਵੀ ਸਿੱਖਾਂ ਨਾਲ ਕਰੜਾ ਹੀ ਰਿਹਾ। ਉਸ ਦੇ ਸਮੇਂ ਛੋਟਾ ਘੱਲੂਘਾਰਾ ਵਾਪਰਿਆ ਜਿਸ ਵਿਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਘੱਲੂਘਾਰੇ ਪਿੱਛੇ ਦੀਵਾਨ ਲਖਪਤ ਰਾਏ ਦਾ ਹੱਥ ਸੀ। ਉਸ ਦਾ ਭਰਾ ਜਸਪਤ ਰਾਏ ਐਮਨਾਬਾਦ ਦਾ ਫ਼ੌਜਦਾਰ ਸੀ। ਜਦ ਸਿੰਘ ਰੋੜੀ ਸਾਹਿਬ ਆਪਣਾ ਇਕ ਇਕੱਠ ਕਰ ਰਹੇ ਸਨ ਤਾਂ ਜਸਪਤ ਰਾਏ ਨੇ ਆਪਣੇ ਭਰਾ ਦੇ ਕਹਿਣ ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਰ ਸਿੰਘਾ ਨੇ ਉਸ ਨੂੰ ਮਾਰ ਦਿੱਤਾ। ਦੀਵਾਨ ਅੱਗ-ਬਬੂਲਾ ਹੋ ਉਠਿਆ। ਉਸ ਨੇ ਸੈਂਕੜੇ ਸਿੱਖ ਫੜ ਕੇ ਲਾਹੌਰ ਸ਼ਹੀਦ ਕਰ ਦਿੱਤੇ ਅੰਮ੍ਰਿਤਸਰ 'ਤੇ ਵੀ ਹਮਲਾ ਕੀਤਾ ਤੇ ਜਦ ਸਿੱਖ ਕਾਹਨੂੰਵਾਨ ਦੇ ਜੰਗਲਾਂ ਵਿਚ ਸੁਰੱਖਿਅਤ ਅਸਥਾਨਾਂ ਵੱਲ ਚਲੇ ਗਏ ਤਾਂ ਉਥੇ ਵੀ ਪਿੱਛਾ ਕੀਤਾ। ਜਦ ਲਖਪਤ ਰਾਏ ਨੇ ਕਾਹਨੂੰਵਾਨ ਦੇ ਛੰਭਾਂ ਵੱਲ ਆਪਣੀ ਫ਼ੌਜ ਨੂੰ ਵੱਧਣ ਦੇ ਹੁਕਮ ਦਿੱਤੇ ਤਾਂ ਕੁਝ ਸਿੰਘ ਪਹਾੜ ਵਾਲੇ ਪਾਸੇ ਚਲੇ ਗਏ। ਉਨ੍ਹਾਂ ਦਾ ਨਿਸ਼ਾਨਾ ਬਸੌਲੀ ਦੀਆਂ ਪਹਾੜੀਆਂ ਵਿਚ ਪਨਾਹ ਲੈਣ ਦਾ ਸੀ ਪਰ ਉਥੋ ਦੇ ਪਹਾੜੀ ਲੋਕਾਂ ਨੇ ਸ਼ਾਹੀ ਫੁਰਮਾਨ ਸੁਣਿਆ ਹੋਇਆ ਸੀ, ਇਸ ਕਰਕੇ ਉਨ੍ਹਾਂ ਨੇ ਸਿੱਖ ਨਾਲ ਬੁਰਾ ਵਰਤਾਰਾ ਕੀਤਾ। ਜਦ ਉਹ ਬਸੌਲੀ ਦੇ ਨੇੜੇ ਪੁੱਜੇ (ਬਸੌਲੀ ਅੱਜ-ਕਲ੍ਹ ਦੇ ਕਠੂਆ ਦੇ ਨੇੜੇ ਦੇ ਇਲਾਕੇ ਦਾ ਨਾਮ ਸੀ) ਤਾਂ ਉਥੋਂ ਦੇ ਲੋਕਾਂ ਨੇ ਸਿੱਖਾਂ ਨੂੰ ਪੱਥਰ 'ਤੇ ਗੋਲੀਆਂ ਮਾਰ ਕੇ ਉਥੋਂ ਭਜਾਉਣ ਦਾ ਯਤਨ ਕੀਤਾ। ਉਨ੍ਹਾਂ ਦੇ ਸੱਜੇ ਪਾਸੇ ਰਾਵੀ ਦਰਿਆ ਸੀ ਜੋ ਬਹੁਤ ਚੜ੍ਹਿਆ ਹੋਇਆ ਸੀ ਤੇ ਪਿੱਛੇ ਦੁਸ਼ਮਣ ਦੀ ਫ਼ੌਜ ਸੀ। ਸਿੱਖਾਂ ਕੋਲ ਰਸਦ-ਪਾਣੀ ਵੀ ਘੱਟ ਸੀ ਤੇ ਤੋਪਾਂ, ਬਾਰੂਦ ਤੇ ਦਵਾ-ਦਾਰੂ ਬਿਲਕੁਲ ਨਹੀਂ ਸਨ। ਉਨ੍ਹਾਂ ਦੇ ਸ਼ਸਤਰ ਵੀ ਪੁਰਾਣੇ ਹੋ ਚੁੱਕੇ ਸਨ ਤੇ ਘੋੜੇ ਥੱਕ ਚੁੱਕੇ ਸਨ। ਸਿੱਖਾਂ ਦੇ ਕੁਝ ਜੱਥਿਆਂ ਨੇ ਹੱਲਾ ਮਾਰ ਕੇ ਪਹਾੜੀਆਂ 'ਤੇ ਚੜ੍ਹਨ ਦਾ ਅਤੇ ਕੁਝ ਸਿੱਖਾਂ ਨੇ ਰਾਵੀ ਨੂੰ ਪਾਰ ਕਰ ਦਾ ਯਤਨ ਕੀਤਾ, ਪਰ ਉਨ੍ਹਾਂ ਦੀ ਅਵਸਥਾ ਇਸ ਤਰ੍ਹਾਂ ਦੀ ਨਹੀਂ ਸੀ ਕਿ ਉਹ ਬਹੁਤੀ ਕਾਮਯਾਬੀ ਹਾਸਲ ਕਰ ਸਕਣ।
ਬਹਾਦਰ ਸਿੱਖਾਂ ਦੇ ਜੱਥੇ ਨੇ ਪਾਈ ਸੁੱਖਾ ਸਿੰਘ ਮਾੜੀ ਕੰਬੋਅ ਦੀ ਅਗਵਾਈ ਹੇਠ ਲਖਪਤ ਨਾਲ ਟੱਕਰ ਲਈ। ਨਵਾਬ ਕਪੂਰ ਸਿੰਘ ਤੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਵੀ ਆਪਣੇ-ਆਪਣੇ ਜੱਥੇ ਦੀ ਅਗਵਾਈ ਕਰ ਰਹੇ ਸਨ। ਲਖਪਤ ਰਾਏ ਨੇ ਜੰਗਲ ਵਿਚ ਅੱਗ ਲਗਵਾ ਦਿੱਤੀ ਜਿਸ ਨਾਲ ਵੀ ਸਿੱਖਾਂ ਨੂੰ ਭਾਰੀ ਨੁਕਸਾਨ ਹੋਇਆ। ਦਰਿਆ ਵਿਚ ਵੀ ਉਸ ਨੂੰ ਪਾਰ ਕਰਦੇ ਹੋਏ ਕੁਝ ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਵਿਚੋਂ ਪ੍ਰਮੁੱਖ ਸ੍ਰ. ਗੁਰਦਿਆਲ ਸਿੰਘ ਦੱਲੇਵਾਲੀਆ ਤੇ ਉਸ ਦੇ ਦੂਜੇ ਭਰਾ। ਭਾਵੇਂ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ ਪਰ ਉਨ੍ਹਾਂ ਦੀ ਫੁਰਤੀ, ਬਹਾਦਰੀ ਤੇ ਬਰਦਾਸ਼ਤ ਕਰਨ ਦੀ ਸ਼ਕਤੀ ਬੇਮਿਸਾਲ ਸੀ।
ਸ੍ਰ. ਸੁੱਖਾ ਸਿੰਘ ਦੀ ਲੱਤ ਜ਼ਖਮੀ ਹੋ ਗਈ ਪਰ ਉਸ ਨੇ ਆਪਣੀ ਲੱਤ ਨੂੰ ਕੱਸ ਕੇ ਬੰਨ੍ਹ ਲਿਆ ਤੇ ਤਲਵਾਰ ਚਲਾਉਂਦਾ ਤੇ ਵੈਰੀਆਂ ਨੂੰ ਚੀਰਦਾ ਹੋਇਆ ਨਿਕਲ ਗਿਆ। ਉਸ ਦੇ ਪਿੱਛੇ ਹੋਰ ਵੀ ਬਹੁਤ ਸਾਰੇ ਘੋੜਸਵਾਰ ਕੁੱਲੂ, ਮੰਡੀ ਤੇ ਕਾਂਗੜੇ ਦੇ ਇਲਾਕਿਆਂ ਵੱਲ ਪਹੁੰਚਣ ਵਿਚ ਕਾਮਯਾਬ ਹੋ ਗਏ। ਸ੍ਰ ਜੱਸਾ ਸਿੰਘ ਆਹਲੂਵਾਲੀਆ ਦੇ ਵੀ ਪੱਟ 'ਤੇ ਗੋਲੀ ਲੱਗੀ ਸੀ ਪਰ ਉਹ ਵੀ ਇਸ ਦੀ ਪਰਵਾਹ ਕੀਤੇ ਬਿਨਾਂ ਲੜਦੇ ਰਹੇ। ਨਵਾਬ ਕਪੂਰ ਸਿੰਘ 'ਤੇ ਵੀ ਸਿੱਧਾ ਵਾਰ ਹੋਇਆ ਪਰ ਸਿੱਖਾਂ ਲਈ ਹੁਣ ਤਕ ਦਾ ਇਹ ਸਭ ਤੋਂ ਵੱਧ ਜਾਨੀ ਨੁਕਸਾਨ ਹੋਣ ਵਾਲੀ ਘਟਨਾ ਸੀ। ਇਸ ਦਾ ਮੁੱਖ ਕਾਰਨ ਸੀ ਲਖਪਤ ਰਾਏ ਦੀ ਸੈਨਾ ਦਾ ਬਹੁਤ ਵੱਡੀ ਗਿਣਤੀ ਵਿਚ ਤੇ ਪੂਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਹੋ ਕੇ ਸਿੱਖਾਂ 'ਤੇ ਅਚਾਨਕ ਹਮਲਾ ਕਰ ਦੇਣਾ। ਯਹੀਆ ਖਾਂ ਤੇ ਲਖਪਤ ਰਾਏ ਸਿੱਖਾਂ ਦੇ ਪਿੱਛੇ ਤਦ ਤਕ ਪਏ ਰਹੇ ਜਦ ਤਕ ਕਿ ਉਹ ਰਾਵੀ ਦਰਿਆ, ਬਸੌਲੀ ਦੇ ਪਰਬਤ ਤੇ ਜੰਗਲਾਂ ਵਿਚ ਘਿਰ ਨਹੀਂ ਗਏ। ਉਨ੍ਹਾਂ ਦਾ ਇਸ ਤਰ੍ਹਾਂ ਘਿਰ ਜਾਣਾ ਤੇ ਉਨ੍ਹਾਂ ਕੋਲ ਖਾਣ ਦੀ, ਹਥਿਆਰਾਂ ਦੀ ਤੇ ਘੋੜਿਆਂ ਦੀ ਘਾਟ ਨੇ ਉਨਾਂ ਨੂੰ ਬਹੁਤ ਹੀ ਮੁਸ਼ਕਿਲ ਸਥਿਤੀ ਵਿਚ ਪਾ ਦਿੱਤਾ ਸੀ। ਫਿਰ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਪਹਾੜੀ ਲੋਕਾਂ ਨੇ ਤੇ ਹਿੰਦੂਆਂ ਨੇ ਸਰਕਾਰ ਦੇ ਡਰ ਕਰ ਕੇ ਉਲਟਾ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਕਈ ਲੇਖਕਾਂ ਨੇ ਸ਼ਹੀਦ ਹੋਏ ਸਿੱਖਾਂ ਦੀ ਗਿਣਤੀ 10000 ਤੋਂ ਜ਼ਿਆਦਾ ਦੱਸੀ ਹੈ, ਜਿਵੇਂ ਕਿ ਰਤਨ ਸਿੰਘ ਜੀ ਅਨੁਸਾਰ ਇਹ ਗਿਣਤੀ 40000 ਸੀ ਤੇ ਲਛਮਣ ਸਿੰਘ ਅਨੁਸਾਰ ਇਹ ਕਰੀਬਨ 12000 ਸੀ, ਪਰ ਜ਼ਿਆਦਾ ਮੰਨੇ ਜਾਣ ਵਾਲੇ ਅੰਦਾਜ਼ੇ ਅਨੁਸਾਰ ਕਰੀਬਨ 7000 ਸਿੰਘ ਲੜਾਈ ਵਿਚ ਪਹਾੜ ਚੜ੍ਹਦੇ ਹੋਏ, ਦਰਿਆ ਵਿਚ ਤੇ ਜੰਗਲ ਦੀ ਅੱਗ ਕਰਕੇ ਸ਼ਹੀਦ ਹੋ ਗਏ ਤੇ 3000 ਸਿੰਘਾਂ ਨੂੰ ਫੜ ਕੇ ਲਾਹੌਰ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ।
ਆਪਣੇ ਵਿਰੁੱਧ ਖਤਰਾ ਭਾਸਣ ਲੱਗਾ ਤਾਂ ਉਸ ਨੇ ਅਫ਼ਗਾਨਿਸਤਾਨ ਤੋਂ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ 'ਤੇ ਹਮਲਾ ਕਰਨ ਲਈ ਸੱਦਾ ਦਿੱਤਾ। ਜਦ ਅਬਦਾਲੀ ਪੰਜਾਬ ਪਹੁੰਚਾ ਤਦ ਤੱਕ ਸ਼ਾਹ ਨਵਾਜ਼ ਖਾਨ ਦੇ ਸਬੰਧ ਦਿੱਲੀ ਨਾਲ ਠੀਕ ਹੋ ਗਏ ਸਨ, ਸੋ ਉਹ ਅਬਦਾਲੀ ਦੇ ਵਿਰੁੱਧ ਹੋ ਗਿਆ। ਪਰ ਅਬਦਾਲੀ ਨੇ ਉਸ ਨੂੰ ਹਰਾ ਦਿੱਤਾ ਤੇ ਉਹ ਦਿੱਲੀ ਭੱਜ ਗਿਆ। ਅਬਦਾਲੀ ਅੱਗੇ ਵਧਣਾ ਚਾਹੁੰਦਾ ਸੀ ਪਰ ਸ਼ਾਹੀ ਫ਼ੌਜਾਂ ਨੇ ਉਸ ਨੂੰ ਆਪਣੇ ਦੇਸ਼ ਪਰਤਣ ਲਈ ਮਜ਼ਬੂਰ ਕਰ ਦਿੱਤਾ। ਅਬਦਾਲੀ ਦੇ ਵਾਪਸ ਜਾਣ ਤੋਂ ਬਾਅਦ ਪੰਜਾਬ ਦਾ ਗਵਰਨਰ ਮੀਰ ਮੰਨੂੰ ਨੂੰ ਬਣਾਇਆ ਗਿਆ।