• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(11) Question:- ਮੀਰ ਮੰਨੂੰ ਦੇ ਸਮੇਂ ਸਿੱਖਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ?
Answer:- ਮੀਰ ਮੰਨੂੰ ਦੇ ਜ਼ੁਲਮ - ਸਿੱਖ ਇਤਿਹਾਸ ਵਿਚ ਮੀਰ ਮੰਨੂੰ ਇਕ ਐਸਾ ਨਾਮ ਹੈ ਜਿਸ ਨੇ ਸਿੱਖਾਂ 'ਤੇ ਅੱਤ ਦੇ ਜ਼ੁਲਮ ਕੀਤੇ, ਪਰ ਮੌਕਾ ਪੈਣ ਤੇ ਸਿੱਖਾਂ ਨਾਲ ਦੋਸਤੀ ਵੀ ਕੀਤੀ। ਉਨ੍ਹਾਂ ਦੀ ਮਦਦ ਵੀ ਲਿਤੀ ਤੇ ਯੁੱਧ ਵੀ ਕੀਤਾ। ਸ਼ੁਰੂ-ਸ਼ੁਰੂ ਵਿਚ ਉਸਦੀ ਹਾਲਤ ਬੜੀ ਕਮਜ਼ੋਰ ਸੀ, ਦਿੱਲੀ ਦਾ ਕਮਜ਼ੋਰ ਪ੍ਰਸ਼ਾਸਨ ਤੇ ਅਬਦਾਲੀ ਦੇ ਹਮਲਿਆਂ ਦਾ ਡਰ, ਸੋ ਉਸਨੇ ਕੁਝ ਸਮਾਂ ਸਿੱਖਾਂ ਨੂੰ ਨਾ ਛੇੜਨ ਦਾ ਫ਼ੈਸਲਾ ਕੀਤਾ। ਇਹ ਹੀ ਨਹੀਂ ਉਸਨੇ ਸਿੱਖਾਂ ਦੇ ਦੁਸ਼ਮਨ ਲਖਪਤ ਰਾਏ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਤੇ ਸਿੱਖਾਂ ਦੁਆਰਾ ਪਸੰਦ ਕੀਤਾ ਜਾਣ ਵਾਲਾ ਕੌੜਾ ਮੱਲ ਫਿਰ ਤੋਂ ਦੀਵਾਨ ਬਣਾ ਦਿੱਤਾ।
ਦੀਵਾਨ ਕੌੜਾ ਮੱਲ ਦੀ ਸਿੱਖਾਂ ਨਾਲ ਬਹੁਤ ਸਾਂਝ ਸੀ, ਸੋ ਉਸਨੇ ਸ਼ਾਹਨਵਾਜ਼ ਖਾਨ ਦੇ ਵਿਰੁਧ ਮੁਲਤਾਨ ਦੀ ਜੰਗ ਵਿਚ ਸਿੱਖਾਂ ਦੀ ਮਦਦ ਲੈ ਕੇ ਉਹ ਇਲਾਕਾ ਮੀਰ ਮੰਨੂੰ ਲਈ ਜਿੱਤ ਲਿਆ। ਪਰ ਦੀਵਾਨ ਕੌੜਾ ਮੱਲ ਦੀ ਮੌਤ ਤੋਂ ਬਾਅਦ, ਉਸਦਾ ਰਵੱਈਆਂ ਸਿੱਖਾਂ ਨਾਲ ਸਖ਼ਤ ਹੋ ਗਿਆ। ਸਿੱਖਾਂ 'ਤੇ ਜ਼ੁਲਮ ਕਰਨ ਲੱਗਿਆ? ਉਸ ਨ ਆਪਣੇ ਪੂਰਬਵਰਤੀ ਹਾਕਮਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ। ਜਿੱਥੇ ਵੀ ਕੋਈ ਸਿੱਖ ਮਿਲਦਾ ਮਾਰ ਦਿੱਤਾ ਜਾਂਦਾ। ਜਿੱਥੇ ਕਿਤੇ ਸਿੱਖ ਇਕੱਠੇ ਹੁੰਦੇ ਉਨ੍ਹਾਂ 'ਤੇ ਹਮਲਾ ਬੋਲਿਆ ਜਾਂਦਾ। ਮੀਰ ਮੰਨੂੰ ਨੇ ਬੀਬੀਆਂ ਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਬੀਬੀਆਂ ਨੂੰ ਛੋਟੀਆਂ-ਛੋਟੀਆਂ ਕੋਠੜੀਆਂ ਵਿਚ ਬੰਦ ਕਰ ਕੇ ਉਨ੍ਹਾਂ 'ਤੇ ਜ਼ੁਲਮ ਕੀਤੇ ਗਏ, ਪੂਰਾ-ਪੂਰਾ ਦਿਨ ਚੱਕੀਆਂ ਪੀਹਣ 'ਤੇ ਲਾਇਆ ਜਾਂਦਾ। ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਟੋਟੇ ਕਰ ਕੇ ਉਨ੍ਹਾਂ ਦੇ ਹਾਰ ਬੀਬੀਆਂ ਦੇ ਗਲ੍ਹਾਂ ਵਿਚ ਪਾਏ ਜਾਂਦੇ, ਉਨ੍ਹਾਂ ਨੂੰ ਮੁਸਲਮਾਨ ਬਨਣ ਲਈ ਕਿਹਾ ਜਾਂਦਾ, ਪਰ ਕਦੀ ਵੀ ਕਿਸੀ ਬੀਬੀ ਨੇ ਇਸਲਾਮ ਕਬੂਲ ਨਹੀਂ ਕੀਤਾ ਤੇ ਸ਼ਹੀਦੀਆਂ ਪਾਈਆਂ। ਇਸ ਅੱਤ ਦੇ ਜ਼ੁਲਮ ਦੇ ਸਮਜ ਵੀ ਜਦ ਲਾਹੌਰ ਦਾ ਸ਼ਾਖਾਸ ਬਾਜ਼ਾਰ ਖੂਨ ਨਾਲ ਲਾਲ ਹੁੰਦਾ ਰਹਿੰਦਾ ਸੀ, ਖੂਹ ਦੇ ਖੂਹ ਸਿੱਖਾਂ ਦੇ ਧੜਾਂ ਤੇ ਸਿਰਾਂ ਨਾਲ ਭਰ ਗਏ ਸਨ, ਸਿੱਖ ਡੋਲੇ ਨਹੀਂ, ਚੜ੍ਹਦੀ ਕਲਾ ਵਿਚ ਰਹੇ। ਉਨ੍ਹਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਗੀਤ ਜੋ ਉਹ ਗਾਉਂਦੇ ਹੁੰਦੇ ਸਨ:-
ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ।
ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।
(12) Question:- ਅਠਾਰ੍ਹਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ ਮਹਾਨ ਸ਼ਖਸੀਅਤਾਂ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਦੀਪ ਸਿੰਘ ਤੇ ਜਰਨੈਲ ਬਘੇਲ ਸਿੰਘ ਬਾਰੇ ਜਾਣਕਾਰੀ ਦਿਉ।
Answer:- ਨਵਾਬ ਕਪੂਰ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਤੇ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਬਾਅਦ ਜੋ ਸਿੱਖ ਜਰਨੈਲ ਸਿੱਖ ਇਤਿਹਾਸ ਦੇ ਪੰਨਿਆਂ 'ਤੇ ਉਭਰ ਕੇ ਆਇਆ ਉਹ ਸੀ ਨਵਾਬ ਕਪੂਰ ਸਿੰਘ। ਜਿਸ ਵੇਲੇ ਪੰਥ ਨੇ ਇਹ ਮਹੱਤਵਪੂਰਨ ਫ਼ੈਸਲਾ ਕਰਨਾ ਸੀ ਕਿ ਜ਼ਕਰੀਆ ਖਾਂ ਦੁਆਰਾ ਭੇਜੇ ਹੋਏ ਪ੍ਰਸਤਾਵ ਦੇ ਅੰਤਰਗਤ ਨਵਾਬੀ ਲੈਣੀ ਚਾਹੀਦੀ ਹੈ ਜਾਂ ਨਹੀਂ, ਉਸ ਵੇਲੇ ਸ੍ਰ. ਕਪੂਰ ਸਿੰਘ, ਸੇਵਾ ਦੀ ਮੂਰਤ, ਸੰਗਤਾਂ ਵਿਚ ਪੱਖਾ ਝੱਲਣ ਦੀ ਸੇਵਾ ਕਰ ਰਹੇ ਸਨ। ਜਦ ਨਵਾਬੀ ਲੈ ਲੈਣ ਦਾ ਫ਼ੈਸਲਾ ਹੋਇਆ ਤਦ ਇਹ ਸਵਾਲ ਉਠਿਆ ਕਿ ਨਵਾਬ ਕਿਸ ਨੂੰ ਬਣਾਇਆ ਜਾਵੇ। ਸ੍ਰ. ਕਪੂਰ ਸਿੰਘ ਦੇ ਨਾਮ 'ਤੇ ਸਹਿਮਤੀ ਹੋਈ ਤੇ ਸ੍ਰ. ਕਪੂਰ ਸਿੰਘ ਨੇ ਬੜੀ ਨਿੰਮ੍ਰਤਾ ਨਾਲ ਸੰਗਤ ਦਾ ਹੁਕਮ ਮੰਨਦੇ ਹੋਏ ਨਵਾਬੀ ਨੂੰ ਇਸ ਸ਼ਰਤ 'ਤੇ ਪ੍ਰਵਾਨ ਕੀਤਾ ਕਿ ਉਹਨਾਂ ਤੋਂ ਸੇਵਾਦਾਰੀ ਦਾ ਹੱਕ ਨਾ ਖੋਹਿਆ ਜਾਵੇ। ਉਸ ਦਿਨ ਤੋਂ ਬਾਅਦ ਪੰਥ ਦਾ ਇਹ ਸੇਵਾਦਾਰ ਨਵਾਬ ਕਪੂਰ ਸਿੰਘ ਕਹਿਲਾਇਆ ਜਾਣ ਲੱਗਾ।
ਨਵਾਬ ਕਪੂਰ ਸਿੰਘ ਦਾ ਜਨਮ 1697 ਈ. ਵਿਚ ਪੱਛਮੀ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਕਾਲੋਕੇ ਦੇ ਸ੍ਰ. ਦਲੀਪ ਸਿੰਘ ਵਿਰਕ ਦੇ ਘਰ ਹੋਇਆ। ਸੰਨ 1721 ਵਿਚ ਕਪੂਰ ਸਿੰਘ ਨੇ ਦੀਵਾਲੀ ਦੇ ਅਵਸਰ 'ਤੇ ਭਾਈ ਮਨੀ ਸਿੰਘ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ। ਨਵਾਬ ਬਣਨ ਤੋਂ ਬਾਅਦ ਸਿੰਘਾਂ ਵਿਚ ਅਨੁਸ਼ਾਸਨ ਲਿਆਉਣ ਲਈ, ਸ੍ਰ. ਕਪੂਰ ਸਿੰਘ ਨੇ, ਦੋ ਦਲ ਕਾਇਮ ਕੀਤੇ, ਇਕ ਬੁੱਢਾ ਦਲ ਅਤੇ ਦੂਜਾ ਤਰੁਣਾ ਦਲ। ਜਦੋਂ ਹੋਰ ਬਹੁਤ ਸਾਰੇ ਜਥੇ ਬਣ ਗਏ ਤਾਂ ਆਪਸੀ ਵੈਰ ਵਿਰੋਧ ਨੂੰ ਖਤਮ ਕਰਨ ਲਈ ਤੇ ਇਕ ਮੁੱਖ ਜੱਥੇਦਾਰ ਦੀ ਆਗਿਆ ਵਿਚ ਸਭ ਨੂੰ ਲਿਆਉਣ ਲਈ 1748 ਦੀ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਤੋਂ ਪ੍ਰਵਾਨਗੀ ਲੈ ਕੇ ਦਲ ਖਾਲਸਾ ਦੀ ਸਥਾਪਨਾ ਕੀਤੀ। ਨਵਾਬ ਸਾਹਿਬ ਬਹੁਤ ਹੀ ਉੱਚੀ ਧਾਰਮਿਕ ਸ਼ਖਸੀਅਤ ਸਨ, ਜਿਨ੍ਹਾਂ ਪਾਸੋਂ ਅੰਮ੍ਰਿਤ ਛਕਣਾ ਮਾਣ ਦੀ ਗੱਲ ਹੁੰਦੀ ਸੀ। ਆਪ ਤਲਵਾਰ ਦੇ ਧਨੀ ਸਨ ਤੇ ਸਿੰਘਪੁਰੀਆ ਮਿਸਲ ਦੇ ਬਾਨੀ ਹੋਣ ਦੇ ਨਾਤੇ ਕੁਝ ਇਲਾਕਿਆਂ ਨੂੰ ਇਹਨਾਂ ਨੇ ਆਪਣੇ ਕਬਜ਼ੋ ਵਿਚ ਕਰ ਲਿਆ ਸੀ। ਕਿਹਾ ਜਾਂਦਾ ਹੈ ਕਿ ਅਲੱਗ-ਅਲੱਗ ਯੁੱਧਾਂ ਵਿਚ ਆਪ ਨੇ 500 ਤੋਂ ਜ਼ਿਆਦਾ ਵੈਰੀਆਂ ਨੂੰ ਇਕੱਲੇ ਹੀ ਮਾਰਿਆ ਸੀ ਤੇ ਉਸਦੇ ਸਾਰੇ ਸ਼ਰੀਰ ਉਤੇ ਫੱਟਾਂ ਦੇ ਨਿਸ਼ਾਨ ਪਏ ਹੋਏ ਸਨ। 7 ਅਕਤੂਬਰ 1757 ਨੂੰ ਆਪ ਜੀ ਅਕਾਲ ਚਲਾਣਾ ਕਰ ਗਏ। ਆਪ ਜੀ ਨੇ ਆਪਣੇ ਹੁੰਦੇ ਹੋਏ ਹੀ ਦਲ ਖਾਲਸਾ ਦਾ ਜੱਥੇਦਾਰ ਸ੍ਰੀ ਜੱਸਾ ਸਿੰਘ ਆਹਲੂਵਾਲੀਆ ਨੂੰ ਬਣਾ ਦਿੱਤਾ ਸੀ।
ਸ੍ਰੀ ਜੱਸਾ ਸਿੰਘ ਆਹਲੂਵਾਲੀਆ
ਸ੍ਰ. ਜੱਸਾ ਸਿੰਘ ਆਹਲੂਵਾਲੀਆ ਸਿੱਖ ਇਤਿਹਾਸ ਵਿਚ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਧਰਮ ਦੀ ਤਨ, ਮਨ ਤੇ ਧਨ ਨਾਲ ਅਪਾਰ ਸੇਵਾ ਕੀਤੀ ਤੇ ਅਪਣੀ ਕੌਮ ਨੂੰ ਮਾਣ ਦਿਵਾਇਆ ਤੇ ਮਜ਼ਬੂਤੀ ਬਖਸ਼ੀ। ਲਾਹੌਰ ਦੇ ਨੇੜੇ ਇਕ ਪਿੰਡ ਆਹਲੂ ਵਿਚ ਸ੍ਰ. ਬਦਰ ਸਿੰਘ ਦੇ ਘਰ 3 ਮਈ 1718 ਨੂੰ ਪੈਦਾ ਹੋਏ। ਸ੍ਰ. ਜੱਸਾ ਸਿੰਘ ਦਾ ਬਚਪਨ ਮਾਤਾ ਸੁੰਦਰੀ ਜੀ ਦੀ ਦੇਖ-ਰੇਖ ਵਿਚ ਬੀਤਿਆ ਸੀ। ਨਵਾਬ ਕਪੂਰ ਸਿੰਘ ਦੇ ਨੇੜੇ ਹੋ ਕੇ ਆਪ ਨੇ ਅਨੇਕਾਂ ਜੰਗ ਲੜੇ ਤੇ ਜਿੱਤੇ। ਜਦ 11 ਮਿਸਲਾਂ ਬਣਾਈਆਂ ਗਈਆਂ, ਆਪ ਆਹਲੂਵਾਲੀਆ ਮਿਸਲ ਦੇ ਜੱਥੇਦਾਰ ਥਾਪੇ ਗਏ। ਆਪ ਜੀ ਦੀਆਂ ਵੱਡੀਆਂ ਉਪਲਬਧੀਆਂ ਵਿਚੋ 1761 ਵਿਚ ਜਦ ਅਹਿਮਦ ਸ਼ਾਹ ਅਬਦਾਲੀ ਮਰਹੱਟਿਆਂ ਨੂੰ ਹਰਾ ਕੇ 2200 ਇਸਤ੍ਰੀਆਂ ਨੂੰ ਆਪਣੇ ਨਾਲ ਲਿਜਾ ਰਿਹਾ ਸੀ, ਉਹਨਾਂ ਨੂੰ ਉਸਦੇ ਚੁੰਗਲ ਤੋਂ ਛੁਡਾ ਕੇ ਘਰੋ-ਘਰ ਪਹੁੰਚਾਉਂਦਾ ਸੀ।
ਸਤੰਬਰ 1761 ਵਿਚ ਸ੍ਰ. ਜੱਸਾ ਸਿੰਘ ਨੇ ਦੂਸਰੀਆਂ ਮਿਸਲਾਂ ਨਾਲ ਮਿਲ ਕੇ ਲਾਹੌਰ ਦੇ ਅਫ਼ਗਾਨ ਖਵਾਜਾ ਉਬੇਦ ਖਾਨ ਨੂੰ ਗੁਜਰਾਂਵਾਲੇ ਦੇ ਨੇੜੇ ਲਕ-ਤੋੜਵੀ ਹਾਰ ਦਿੱਤੀ ਅਤੇ ਲਾਹੌਰ ਤੱਕ ਉਸ ਦਾ ਪਿੱਛਾ ਕਰਕੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 'ਸੁਲਤਾਨ-ਉਲ-ਕੌਮ' ਘੋਸ਼ਿਤ ਕਰਕੇ ਖਾਲਸੇ ਦਾ ਸਿੱਕਾ ਚਲਾਇਆ ਗਿਆ। ਜਦੋਂ ਦੁਰਾਨੀ ਨੂੰ ਇਸ ਦਾ ਸਮਾਚਾਰ ਮਿਲਿਆ ਤਾਂ ਉਸ ਨੇ ਸੰਨ 1762 ਈ. ਵਿਚ ਇਕ ਵੱਡੇ ਲਸ਼ਕਰ ਨਾਲ ਹਿੰਦੁਸਤਾਲ ਉਪਰ ਹਮਲਾ ਕੀਤਾ। ਇਸ ਵੱਡੇ ਘੱਲੂਘਾਰੇ ਵਿਚ ਸ੍ਰ. ਜੱਸਾ ਸਿੰਘ ਬੜੀ ਬਹਾਦਰੀ ਨਾਲ ਲੜਿਆ ਅਤੇ ਆਪਣੇ ਸਰੀਰ ਉੱਪਰ 22 ਜ਼ਖਮ ਲੈ ਕੇ ਵੀ ਹਿੰਮਤ ਨਹੀਂ ਹਾਰੇ। ਜਦੋਂ ਦੁਰਾਨੀ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਾ ਦਿੱਤਾ ਤਾਂ ਬਦਲਾ ਲੈਣ ਲਈ ਸ੍ਰ. ਜੱਸਾ ਸਿੰਘ ਨੇ ਦਲ ਖਾਲਸਾ ਨੂੰ ਇਕੱਠਾ ਕਰਕੇ 1764 ਈ. ਵਿਚ ਸਰਹੰਦ ਦੇ ਫ਼ੌਜਦਾਰ ਜੈਨ ਖਾਂ ਨੂੰ ਹਰਾਇਆ ਤੇ ਮਾਰ ਦਿਤਾ। ਸ੍ਰ. ਜੱਸਾ ਸਿੰਘ ਨੇ ਆਹਲੂਵਾਲੀਆ ਮਿਸਲ ਲਈ ਜੋ ਇਲਾਕੇ ਜਿੱਤੇ ਉਹਨਾਂ ਵਿਚੋਂ ਮੁੱਖ ਕਪੂਰਥਲਾ ਨੂੰ ਆਪਣੀ ਰਾਜਧਾਨੀ ਬਣਾਇਆ। ਸ੍ਰੀ ਹਰਿਮੰਦਰ ਸਾਹਿਬ ਨੂੰ ਦੁਬਾਰਾ ਬਨਾਉਣ ਲਈ ਸ੍ਰੀ ਜੱਸਾ ਸਿੰਘ ਨੇ ਇਕ ਚਾਦਰ ਵਿਛਾ ਕੇ ਪੈਸੇ ਇਕੱਠੇ ਕਰਨ ਦਾ ਕੰਮ ਆਪਣੇ ਦੁਆਰਾ ਸਰਹੰਦ ਵਿਚੋਂ ਲੁਟੇ 9 ਲੱਖ ਰੁਪਏ ਰੱਖ ਕੇ ਕੀਤਾ। ਸੋ ਜੱਸਾ ਸਿੰਘ ਜਿੱਥੇ ਯੁੱਧ ਵੀਰ ਸਨ ਉਥੇ ਹੀ ਧਰਮ ਵੀਰ ਵੀ ਸਨ। ਉਹ ਕੌਮ ਦੇ ਸੁਲਤਾਨ ਸਨ ਤੇ ਬਹੁਤ ਸਾਰੇ ਲੋਕ ਉਹਨਾਂ ਤੋਂ ਅੰਮ੍ਰਿਤ ਛੱਕ ਕੇ ਪ੍ਰੇਰਣਾ ਲੈਂਦੇ ਸਨ। ਆਪ ਜੀ 20 ਅਕਤੂਬਰ 1783 ਨੂੰ ਅੰਮ੍ਰਿਤਸਰ ਵਿਖੇ ਪੂਰੇ ਹੋ ਗਏ ਅਤੇ ਉਹਨਾਂ ਦੀ ਸਮਾਧ ਸ੍ਰ. ਕਪੂਰ ਸਿੰਘ ਦੀ ਸਮਾਧ ਦੇ ਨਾਲ ਗੁਰਦੁਆਰਾ ਬਾਬਾ ਅਟੱਲ ਦੇ ਇਤਿਹਾਤੇ ਵਿਚ ਮੌਜੂਦ ਹੈ।
ਜੱਸਾ ਸਿੰਘ ਰਾਮਗੜ੍ਹੀਆ
ਜੱਸਾ ਸਿੰਘ ਨਾਮ ਦਾ ਇਕ ਹੋਰ ਜਰਨੈਲ ਸੀ ਜੋ 5 ਮਈ 1723 ਨੂੰ ਲਾਹੌਰ ਜ਼ਿਲ੍ਹੇ ਦੇ ਈਚੋਗਿਲ ਪਿੰਡ ਵਿਚ ਗਿਆਨੀ ਭਗਵਾਨ ਸਿੰਘ ਦੇ ਘਰ ਪੈਦਾ ਹੋਇਆ ਸੀ। ਬਾਅਦ ਵਿਚ ਉਹ ਜੱਸਾ ਸਿੰਘ ਰਾਮਗੜ੍ਹੀਆ ਵਜੋਂ ਮਸ਼ਹੂਰ ਹੋਇਆ। ਜੱਸਾ ਸਿੰਘ ਰਾਮਗੜ੍ਹੀਆ ਵੀ ਬਹੁਤ ਬਹਾਦਰ ਜਰਨੈਲ ਸਨ ਜਿਨ੍ਹਾਂ ਨੇ ਹੋਰ ਮਿਸਲਾਂ ਦੇ ਸਰਦਾਰਾਂ ਨਾਲ ਮਿਲ ਕੇ ਦਿੱਲੀ ਅਤੇ ਜਮਨਾ ਪਾਰ ਦੇ ਇਲਾਕਿਆਂ ਉਤੇ ਜਿੱਤਾਂ ਪ੍ਰਾਪਤ ਕੀਤੀਆਂ ਸਨ। ਜਦੋਂ ਆਪ ਜਲੰਧਰ-ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਦੇ ਪਾਸ ਨੌਕਰੀ ਕਰਦੇ ਸਨ ਤਾਂ ਅਦੀਨਾ ਬੇਗ ਦੀ ਸੈਨਾ ਨੇ ਸਿੰਘਾਂ ਦੇ ਕਿਲ੍ਹੇ ਰਾਮ ਰੌਣੀ ਨੂੰ ਘੇਰ ਲਿਆ ਸੀ ਤਦ ਜੱਸਾ ਸਿੰਘ ਅਦੀਨਾ ਬੇਗ ਦੀ ਨੌਕਰੀ ਛੱਡ ਕੇ ਪੰਥ ਤੋ ਮੁਆਫੀ ਮੰਗਦੇ ਹੋਏ ਪੰਥ ਨਾਲ ਆ ਮਿਲੇ ਸਨ। ਰਾਮ ਰੌਣੀ ਕਿਲ੍ਹਾ ਜੋ ਬਰਬਾਦ ਹੋ ਗਿਆ ਸੀ ਉਸਨੂੰ ਉਸਾਰਨ ਦਾ ਕੰਮ ਜੱਸਾ ਸਿੰਘ ਨੇ ਕੀਤਾ। ਉਸ ਨੇ ਇਹ ਨਿਰਮਾਣ ਕਰਵਾ ਕੇ ਉਸਦਾ ਨਾਮ ਰਾਮਗੜ੍ਹ ਰੱਖਿਆ ਤੇ ਉਸ ਦਿਨ ਤੋਂ ਬਾਅਦ ਸ੍ਰ. ਜੱਸਾ ਸਿੰਘ ਨੂੰ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਕਹਿਣ ਲੱਗ ਪਏ। ਰਾਮਗੜ੍ਹੀਆ ਮਿਸਲ ਦੇ ਆਪ ਮੁਖੀ ਸਨ ਤੇ ਆਪ ਨੇ ਇਸ ਮਿਸਲ ਲਈ ਜਲੰਧਰ ਦੁਆਬ ਦੇ ਨੇੜੇ ਦੇ ਇਲਾਕੇ ਜਿਵੇਂ ਕਾਂਗੜਾ, ਨੂਰਪੁਰ, ਮੰਡੀ ਅਤੇ ਚੰਬੇ ਦੀਆਂ ਰਿਆਸਤਾਂ ਆਦਿ ਜਿੱਤ ਕੇ ਮਿਸਲ ਦਾ ਰਾਜ ਸਥਾਪਤ ਕੀਤਾ ਸੀ। 20 ਅਪ੍ਰੈਲ 1803 ਵਿਚ ਸ੍ਰੀ ਹਰਿਗੋਬਿੰਦਪੁਰ ਵਿਖੇ ਅਕਾਲ ਚਲਾਦਾ ਕਰ ਗਏ ਸਨ।
ਬਾਬਾ ਦੀਪ ਸਿੰਘ ਸ਼ਹੀਦ
ਸ਼ਹੀਦੀ ਮਿਸਲ ਦੇ ਬਾਬਾ ਦੀਪ ਸਿੰਘ ਤੇ ਸ੍ਰ. ਗੁਰਬਖਸ਼ ਸਿੰਘ ਉੱਘੇ ਜਰਨੈਲ ਸਨ। ਬਾਬਾ ਦੀਪ ਸਿੰਘ ਇਸ ਮਿਸਲ ਦੇ ਬਾਨੀ ਸਨ। ਆਪ ਜੀ ਦਾ ਜਨਮ 1682 ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਹੂਵਿੰਡ ਪਿੰਡ ਵਿਚ ਹੋਇਆ ਸੀ। ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਤੇ ਜਿਸ ਵੇਲੇ ਗੁਰੂ ਸਾਹਿਬ ਦਮਦਮਾ ਸਾਹਿਬ ਤੋਂ ਦੱਖਣ ਵੱਲ ਚਲੇ ਗਏ ਸਨ, ਉਸ ਤੋਂ ਬਾਅਦ ਦਮਦਮਾ ਸਾਹਿਬ ਦੀ ਸੇਵਾ ਸੰਭਾਲਣ ਦਾ ਕੰਮ ਆਪ ਨੇ ਹੀ ਕੀਤਾ ਸੀ। ਜਿੱਥੇ ਆਪ ਨੇ ਦਮਦਮਾ ਸਾਹਿਬ ਲਿਖੀ ਨਵੀਂ ਬੀੜ ਦੀਆਂ ਚਾਰ ਨਕਲਾਂ ਤਿਆਰ ਕੀਤੀਆ ਸਨ ਜੋ ਚਾਰ ਤਖ਼ਤਾਂ 'ਤੇ ਭੇਜੀਆਂ ਗਈਆਂ ਸਨ, ਉਥੇ ਹੀ ਆਪ ਨੇ ਯੁੱਧ ਵਿਚ ਵੀ ਇਕ ਬਹੁਤ ਹੀ ਬਹਾਦਰ ਜਰਨੈਲ ਦੀ ਭੂਮਿਕਾ ਨਿਭਾਈ ਸੀ। ਆਪ ਜੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੁਹਿੰਮਾਂ ਵਿਚ ਵੀ ਸ਼ਾਮਲ ਹੋਏ ਤੇ ਤਰੁਣਾ ਦਲ ਦੇ ਇਕ ਜੱਥੇ ਦੇ ਜੱਥੇਦਾਰ ਵਜੋਂ ਵੀ ਲੜਦੇ ਰਹੇ। ਸੰਨ 1757 ਵਿਚ ਜਦੋਂ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਦੁਆਰਾ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਬਾਬਾ ਦੀਪ ਸਿੰਘ ਨੂੰ ਤਲਵੰਡੀ ਸਾਬੋ ਪਹੁੰਚੀ ਤਾਂ ਆਪ ਜੱਥਾ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਏ। ਜਹਾਨ ਖਾਨ ਦੀਆ ਫ਼ੌਜਾਂ ਨਾਲ ਬੜੇ ਘਮਸਾਨ ਯੁੱਧ ਵਿਚ ਲੜਦੇ ਹੋਏ ਰਾਮਸਰ ਕੋਲ ਆਪ ਗੰਭੀਰ ਜ਼ਖਮੀ ਹੋ ਗਏ ਸਨ। ਪਰ ਜਿੱਦਾਂ ਆਪ ਨੇ ਪ੍ਰਣ ਲਿਆ ਸੀ ਆਪਣੇ ਪ੍ਰਾਣ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ 11 ਨਵੰਬਰ 1757 ਨੂੰ ਤਿਆਗੇ।
ਜਰਨੈਲ ਬਘੇਲ ਸਿੰਘ
ਕਰੋੜੀਆਂ ਮਿਸਲ ਦਾ ਇਕ ਜਰਨੈਲ ਬਘੇਲ ਸਿੰਘ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਪਿੰਡ ਵਿਚ ਪੈਦਾ ਹੋਇਆ ਸੀ, ਇਸ ਸਦੀ ਦੇ ਇਤਿਹਾਸ ਦਾ ਇਕ ਹੋਰ ਮਹਾਂ ਨਾਇਕ ਸੀ। ਉਸ ਦੀ ਸਭ ਤੋਂ ਵੱਡੀ ਉਪਲਬਧੀ ਸੀ ਰੁਹੇਲਾ ਰਿਆਸਤ ਉਤੇ ਜਿੱਤ ਅਤੇ ਉਸ ਤੋਂ ਬਾਅਦ ਦਿੱਲੀ ਦੇ ਇਰਦ-ਗਿਰਦ ਦੇ ਇਲਾਕੇ ਜਿੱਤਣੇ। ਜਦ ਦਿੱਲੀ ਵਿਚ 30 ਹਜ਼ਾਰ ਸਿੱਖ ਸੈਨਾ ਲੈ ਕੇ ਆਪ ਨੇ ਡੇਰਾ ਕੀਤਾ (ਡੇਰੇ ਵਾਲਾ ਅਸਥਾਨ ਬਾਅਦ ਵਿਚ ਤੀਸ ਹਜ਼ਾਰੀ ਨਾਮ ਨਾਲ ਪ੍ਰਸਿੱਧ ਹੋਇਆ) ਅਤੇ 11 ਮਾਰਚ 1783 ਨੂੰ ਲਾਲ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਉਸ ਵੇਲੇ ਦਾ ਬਾਦਸ਼ਾਹ ਸ਼ਾਹ ਆਲਮ ਸਮਝੌਤਾ ਕਰਨਾ ਚਾਹੁੰਦਾ ਸੀ ਅਤੇ ਇਹ ਸਮਝੌਤਾ ਬੇਗਮ ਸਮਰੂ ਦੀ ਵਿਚੋਲਗੀ ਰਾਹੀਂ ਹੋਇਆ, ਜਿਸ ਉਪਰੰਤ ਸਿੱਖਾਂ ਨੇ 3 ਲੱਖ ਰੁਪਏ ਹਰਜਾਨਾ ਲਿਆ ਅਤੇ ਬਾਦਸ਼ਾਹ ਨੂੰ ਇਹ ਕਿਹਾ ਗਿਆ ਕਿ ਉਹ ਸਾਰੇ ਸਿੱਖ ਗੁਰਧਾਮਾਂ ਦੀ ਨਿਸ਼ਾਨਦੇਹੀ ਕਰਵਾਏਗਾ। ਸ੍ਰ. ਬਘੇਲ ਸਿੰਘ ਉਸ ਤੋਂ ਬਾਅਦ ਕਰੀਬਨ 8 ਮਹੀਨੇ ਦਿੱਲੀ ਰਹੇ ਅਤੇ ਦਿੱਲੀ ਦੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ। ਸੰਨ 1802 ਵਿਚ ਅੰਮ੍ਰਿ੍ਤਸਰ ਵਿਖੇ ਆਪ ਜੀ ਅਕਾਲ ਚਲਾਣਾ ਕਰ ਗਏ।
(13) Question:- ਹੇਠ ਲਿਖਿਆਂ ਬਾਰੇ ਸੰਖੇਪ ਜਾਣਕਾਰੀ ਦਿਉ (ਉ) ਦੀਵਾਨ ਕੌੜਾ ਮਲ (ਅ) ਮਹਾਰਾਜਾ ਆਲਾ ਸਿੰਘ, (ੲ) ਰਾਖੀ ਪ੍ਰਥਾ, (ਸ) ਵੀਰ ਹਕੀਕਤ ਰਾਏ।
Answer:- ਦੀਵਾਨ ਕੌੜਾ ਮੱਲ
ਜਿੱਥੇ ਮੁਗਲ ਗਵਰਨਰ ਤੇ ਪੰਜਾਬ ਦੇ ਕੁਝ ਦੀਵਾਨ ਮੁਸਲਮਾਨ ਤੇ ਹਿੰਦੂ (ਜਿਵੇਂ ਕਿ ਦੀਵਾਨ ਲਖਪਤ ਰਾਏ) ਸਿੰਘਾਂ ਦੇ ਵਿਰੁੱਧ ਸਨ, ਉਥੇ ਹੀ ਹਿੰਦੂ ਪਰਿਵਾਰ ਦਾ ਇਕ ਦੀਵਾਨ ਕੌੜਾ ਮੱਲ ਸਿੰਘਾਂ ਦਾ ਹਮਦਰਦ ਸੀ। ਕੜਾ ਮੱਲ ਨੇ 1738 ਵਿਚ ਭੱਟੀਆਂ ਦੇ ਵਿਰੁੱਧ ਲੜਦੇ ਹੋਏ ਐਨੀ ਬਹਾਦਰੀ ਦਿਖਾਈ ਸੀ ਕਿ ਉਸ ਵੇਲੇ ਦੇ ਗਵਰਨਰ ॥ਕਰੀਆਂ ਖਾਂ ਨੇ ਖੁਸ਼ ਹੋ ਕੇ ਉਸਨੂੰ ਮੁਲਤਾਨ ਦਾ ਦੀਵਾਨ ਬਣਾ ਦਿੱਤਾ ਸੀ। ਛੋਟੇ ਘੱਲੂਘਾਰੇ ਵੇਲੇ ਉਸ ਨੇ ਗਵਰਨਰ ਨੂੰ ਸਿੱਖਾਂ ਦੇ ਹੱਕ ਵਿਚ ਬੇਨਤੀ ਕੀਤੀ ਸੀ ਜਿਸ ਕਰਕੇ ਉਹ ਸਿੱਖਾਂ ਵਿਚ ਹਰਮਨ ਪਿਆਰੇ ਹੋ ਗਏ ਸਨ। ਸ਼ਾਹ ਨਵਾਜ਼ ਖਾਨ ਨੇ ਉਨ੍ਹਾਂ ਨੂੰ ਦੀਵਾਨੀ ਤੋਂ ਹਟਾ ਦਿੱਤਾ ਸੀ ਪਰ ਮੀਰ ਮੰਨੂੰ ਨੇ ਇਕ ਵਾਰ ਫੇਰ ਉਸਦੀ ਮਦਦ ਲਈ ਅਤੇ ਉਸ ਨੂੰ ਮਹਾਰਾਜ ਬਹਾਦਰ ਦਾ ਖਿਤਾਬ ਦੇ ਕੇ ਮੁਲਤਾਨ ਤੇ ਹੋਰ ਇਲਾਕੇ ਦੇ ਦਿੱਤੇ ਇਸ ਮੁਹਿੰਮ ਲਈ ਦੀਵਾਨ ਕੌੜਾ ਮੱਲ ਨੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਲਈ ਸੀ। ਬਾਅਦ ਵਿਚ ਸਿੰਘਾਂ ਦੇ ਸਹਿਯੋਗ ਕਾਰਨ ਦੀਵਾਨ ਜੀ ਨੇ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਬਾਲ ਲੀਲ੍ਹਾ ਉਸਾਰਨ ਅਤੇ ਸਰੋਵਰ ਬਣਾਉਣ ਵਿਚ ਪੂਰੀ ਮਦਦ ਕੀਤੀ ਅਤੇ ਯਹੀਆ ਖਾਂ ਦੀ ਸੂਬੇਦਾਰੀ ਵੇਲੇ ਲਖਪਤ ਰਾਏ ਦੁਆਰਾ ਭਰਵਾਏ ਗਏ ਅੰਮ੍ਰਿਤਸਰ ਦੇ ਸਰੋਵਰ ਨੂੰ ਮੁੜ ਸਾਫ ਕਰਵਾਇਆ। ਇਸ ਨੇ ਸ਼ੇਰਕੋਟ ਨੇੜੇ ਆਪਣੇ ਪਿੰਡ ਵਿਚ 'ਗੜ੍ਹ ਮਹਾਰਾਜ' ਦੀ ਉਸਾਰੀ ਕਰਵਾਈ। ਇਨ੍ਹਾਂ ਕੰਮਾਂ ਕਰਕੇ ਸਿੱਖਾਂ ਵਿਚ ਇਹ 'ਕੌੜਾ ਮੱਲ' ਮਿੱਠਾ ਮੱਲ ਦੇ ਨਾਮ ਨਾਲ ਪ੍ਰਸਿੱਧ ਹੋਇਆ। ਦੀਵਾਨ ਜੀ ਜਦ ਅਹਿਮਦ ਸ਼ਾਹ ਦੁਰਾਨੀ ਦੇ ਤੀਜੇ ਹਮਲੇ ਵੇਲੇ ਯੁੱਧ ਲੜ ਰਹੇ ਸਨ ਤਾਂ 6 ਮਾਰਚ 1752 ਨੂੰ ਆਪ ਜੀ ਦੀ ਮੌਤ ਹੋ ਗਈ।
ਮਹਾਰਾਜਾ ਆਲਾ ਸਿੰਘ
ਸਿੱਖ ਹਿਤੈਸ਼ੀਆਂ ਵਿਚ ਮਹਾਰਾਜਾ ਆਲਾ ਸਿੰਘ ਦਾ ਨਾਮ ਵੀ ਬਹੁਤ ਮਹੱਤਵਪੂਰਨ ਹੈ। ਸ਼ੁਰੂ-ਸ਼ੁਰੂ ਵਿਚ ਬਾਬਾ ਆਲਾ ਇਕ ਸਹਿਜਧਾਰੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਅਤੇ ਉਹ ਪਟਿਆਲਾ ਰਿਆਸਤ ਦਾ ਬਾਨੀ ਸੀ। ਬਾਬਾ ਆਲਾ ਤਲਵਾਰ ਦਾ ਐਨਾ ਧਨੀ ਸੀ ਕਿ ਇਸ ਨੇ ਆਪਣੇ ਇਲਾਕੇ ਨੂੰ ਹੌਲੀ-ਹੌਲੀ ਪਟਿਆਲੇ ਤੋਂ ਬਰਨਾਲੇ ਤੱਕ ਵਧਾ ਲਿਆ। ਜਦੋਂ ਜਲੰਧਰ ਦੇ ਫ਼ੌਜਦਾਰ ਨੇ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਬਰਨਾਲੇ ਨੂੰ ਘੇਰ ਲਿਆ ਤਾਂ ਬਾਬਾ ਆਲਾ ਨੇ ਖਾਲਸੇ ਨੂੰ ਸਹਾਇਤਾ ਲਈ ਬੁਲਾਇਆ। ਉਸ ਵੇਲੇ ਬਾਬਾ ਦੀਪ ਸਿੰਘ ਸ਼ਹੀਦ ਤੋਂ ਅੰਮ੍ਰਿਤਪਾਨ ਕਰਕੇ ਬਾਬਾ ਆਲਾ ਸਿੰਘ ਬਣ ਗਿਆ। ਜਦ ਅਹਿਮਦ ਸ਼ਾਹ ਦੁਰਾਨੀ ਨੇ ਇਸ ਨੂੰ ਰਾਜਨੈਤਿਕ ਸਰਪ੍ਰਸਤੀ ਦਿੱਤੀ ਤਾਂ ਦਲ ਖਾਲਸਾ ਬਾਬਾ ਆਲਾ ਸਿੰਘ ਨਾਲ ਨਰਾਜ਼ ਹੋ ਗਿਆ। ਪਰ ਬਾਅਦ ਵਿਚ ਸ੍ਰ. ਜੱਸਾ ਸਿੰਘ ਆਹਲੂਵਾਲੀਆਂ ਨੇ ਵਿਚ ਪੈ ਕੇ ਬਾਬਾ ਆਲਾ ਸਿੰਘ ਤੋਂ ਮੁਆਫੀ ਮੰਗਵਾਈ ਅਤੇ ਉਸ ਉਪਰੰਤ ਬਾਬਾ ਜੀ ਹਮੇਸ਼ਾਂ ਹੀ ਸਿੰਘਾਂ ਦੇ ਹਿਤੈਸ਼ੀ ਰਹੇ। ਜਦ ਸਭ ਸਿੰਘ ਸਰਹੰਦ 'ਤੇ ਹਮਲਾ ਕਰਨ ਲਈ ਇਕੱਠੇ ਹੋਏ ਤਾਂ ਬਾਬਾ ਜੀ ਉਨ੍ਹਾਂ ਨਾਲ ਸਨ। ਸਰਹੰਦ ਨਗਰ ਨੂੰ ਕੋਈ ਵੀ ਨਹੀਂ ਸੀ ਲੈਣਾ ਚਾਹੁੰਦਾ। ਪਰ ਬਾਬਾ ਆਲਾ ਸਿੰਘ ਨੇ ਸ੍ਰ. ਬੁੱਢਾ ਸਿੰਘ (ਜਿਨ੍ਹਾਂ ਦੇ ਹਿੱਸੇ ਸਰਹੰਦ ਨਗਰ ਆਇਆ ਸੀ) ਨੂੰ 25 ਹਜ਼ਾਰ ਰੁਪਏ ਦੇ ਕੇ ਸਰਹੰਦ ਨੂੰ ਆਪਣੇ ਇਲਾਕੇ ਵਿਚ ਸ਼ਾਮਲ ਕਰ ਲਿਆ। ਵੱਡੇ ਘੱਲੂਘਾਰੇ ਵੇਲੇ ਵੀ ਬਾਬਾ ਆਲਾ ਸਿੰਘ ਸਿੰਘਾਂ ਦੇ ਨਾਲ ਸਨ ਜਿਸ ਕਰਕੇ ਅਬਦਾਲੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਸੀ। ਪਰ ਬਾਅਦ ਵਿਚ ਅਬਦਾਲੀ ਦੇ ਲਾਲਚੀ ਸੁਭਾਅ ਕਾਰਨ ਉਸ ਨੂੰ ਪੈਸੇ ਦੇ ਕੇ ਸਮਝੌਤਾ ਕਰ ਲਿਆ ਗਿਆ ਤੇ ਅਬਦਾਲੀ ਨੇ ਆਲਾ ਸਿੰਘ ਨੂੰ ਉਸ ਇਲਾਕੇ ਦਾ ਰਾਜਾ ਮੰਨ ਲਿਆ। ਬਾਬਾ ਆਲਾ ਸਿੰਘ ਦਾ ਦੇਹਾਂਤ 7 ਅਗਸਤ 1765 ਨੂੰ ਹੋਇਆ ਸੀ।
ਰਾਖੀ ਪ੍ਰਥਾ
ਜਦੋਂ 1748 ਵਿਚ ਦਲ ਖਾਲਸਾ ਹੋਂਦ ਵਿਚ ਅਇਆ ਤਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਤਾਕਤਵਰ ਸੰਗਠਨ ਉਹ ਹੀ ਲੱਗਾ। ਪ੍ਰਸ਼ਾਸਨ ਬੁਰੀ ਤਰ੍ਹਾਂ ਗਿਰ ਚੁੱਕਾ ਸੀ। ਛੋਟੇ-ਛੋਟੇ ਹਾਕਮ ਪਰਜਾ ਨੂੰ ਲੁੱਟ ਰਹੇ ਸਨ, ਉਹਨਾਂ ਦੀਆਂ ਫਸਲਾਂ ਖੋਹ ਲੈਂਦੇ ਸਨ ਤੇ ਹਰ ਤਰ੍ਹਾਂ ਦੀ ਤਕਲੀਫ ਦਿੰਦੇ ਸਨ। ਵਿਦੇਸ਼ੀ ਅਫਗਾਨਾਂ ਦੇ ਹਮਲੇ ਵੀ ਲੋਕਾਂ ਦੇ ਮਨ ਵਿਚ ਦਹਿਸ਼ਤ ਭਰ ਦਿੰਦੇ ਸਨ ਤੇ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਦੁਖੜੇ, ਕਿਸ ਕੋਲ ਰੋਣ। ਭਾਵੇਂ ਸਿੱਖ ਉਸ ਵੇਲੇ ਹਾਕਮ ਲਹੀਂ ਸੀ ਪਰ ਉਹਨਾਂ ਦੇ ਦਿਲਾਂ ਵਿਚ ਲੋਕਾਂ ਦੀ ਹਮਦਰਦੀ ਸੀ। ਸੋ ਇਸ ਕਰਕੇ ਉਹ ਉਹਨਾਂ ਦੀ ਹਰ ਮੁਸੀਬਤ ਵਿਚ ਉਹਨਾਂ ਦੀ ਸਹਾਇਤਾ ਲਈ ਆਉਂਦੇ ਸਨ। ਹੌਲੀ-ਹੌਲੀ ਲੋਕਾਂ ਦਾ ਇਤਬਾਰ ਸਿੱਖਾਂ 'ਤੇ ਵੱਧਦਾ ਗਿਆ ਤੇ ਸਿੱਖਾਂ ਦੇ ਕਿਸੇ ਨਾ ਕਿਸੇ ਧੜੇਦਾਰ ਦਾ ਕਿਸੇ ਇਲਾਕੇ ਵਿਚ ਪ੍ਰਭਾਵ ਏਨਾ ਵੱਧ ਗਿਆ ਕਿ ਲੋਕਾਂ ਨੂੰ ਉਹ ਹੀ ਹਾਕਮ ਲੱਗਣ ਲੱਗ ਪਏ। ਜੋ ਧੜਾ ਉਹਨਾਂ ਦੀ ਰਾਖੀ ਕਰਦਾ ਸੀ ਉਹ ਉਸ ਨੂੰ ਫਸਲ ਵਿਚੋਂ ਕੁਝ ਹਿੱਸਾ ਵਸੂਲੀ ਦੇ ਤੌਰ 'ਤੇ ਦਿੰਦੇ ਸਨ। ਰਾਖੀ ਦੀ ਇਹ ਪ੍ਰਥਾ ਐਨੀ ਪ੍ਰਚੱਲਤ ਹੋ ਗਈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਿੱਖਾਂ ਦੇ ਬਚਾਉ-ਘੇਰੇ ਵਿਚ ਆਉਣ ਲੱਗੇ। ਉਨਾਂ ਨੂੰ ਸਿੱਖਾਂ 'ਤੇ ਏਨਾ ਵਿਸ਼ਵਾਸ ਹੁੰਦਾ ਸੀ ਕਿ ਇਸ ਸਿਸਟਮ ਨੂੰ ਅਪਣਾ ਕੇ ਉਹ ਹਰ ਤਰ੍ਹਾਂ ਦੀ ਮੁਸੀਬਤ ਤੋਂ ਬਚ ਜਾਣਗੇ।
ਇਕ ਅੰਗਰੇਜ਼ ਲੇਖਕ ਬਰਾਉਨ ਇਸ ਪ੍ਰਥਾ ਬਾਰੇ ਲਿਖਦਾ ਹੋਇਆ ਦੱਸਦਾ ਹੈ ਕਿ ਜੋ ਵੀ ਲੋਕ ਸਿੱਖ ਅਹੁਦਾਦਾਰ ਨੂੰ ਇਹ ਨ॥ਰਾਨਾ ਦੇਣ ਲਈ ਰਾਜ਼ੀ ਹੋ ਜਾਂਦੇ ਸਨ ਤਦ ਨਾ ਹੀ ਸਿਰਫ ਸਿੱਖ ਆਪ ਉਸ ਇਲਾਕੇ ਵਿਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਸੀ ਕਰਦੇ ਬਲਕਿ ਸੰਬੰਧਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਚੋਰੀ ਡਾਕੇ, ਜ਼ਬਰਦਸਤੀ ਤੇ ਜ਼ੁਲਮ ਤੋਂ ਬਚਾਉਂਦੇ ਸਨ। ਰਾਖੀ ਸਿਸਟਮ ਦੀ ਕਾਮਯਾਬੀ ਇਸ ਗੱਲ ਤੋਂ ਵੀ ਸਾਬਤ ਹੁੰਦੀ ਹੈ ਕਿ ਥੋੜ੍ਹੇ ਹੀ ਸਮੇਂ ਵਿਚ ਪੰਜਾਬ ਦਾ 80% ਹਿੱਸਾ ਸਿੱਖਾਂ ਦੀ ਇਸ ਪ੍ਰਣਾਲੀ ਦੇ ਦਾਇਰੇ ਵਿਚ ਆ ਗਿਆ ਸੀ। ਪ੍ਰਮੁੱਖ ਸਿੱਖ ਜੱਥੇਦਾਰਾਂ ਨੇ ਆਪਣੇ ਪ੍ਰਭਾਵ ਦੇ ਇਲਾਕੇ ਵੰਡ ਲਏ ਸਨ, ਜਿਵੇਂ ਕਿ ਸਰਦਾਰ ਜੈ ਸਿੰਘ ਘਨ੍ਹਈਆ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਰਿਆੜਕੀ ਦਾ ਇਲਾਕਾ ਦਿੱਤਾ ਗਿਆ ਸੀ। ਰਾਵੀ ਤੇ ਚਨਾਬ ਦੇ ਵਿਚ ਦਾ ਇਲਾਕਾ ਸਰਦਾਰ ਚੜ੍ਹਤ ਸਿੰਘ ਸ਼ੁਕਚੱਕੀਆ ਤੇ ਸਰਦਾਰ ਹਰੀ ਸਿੰਘ ਭੱਗੀ ਕੋਲ ਸੀ। ਕਈ ਸਰਦਾਰਾਂ ਨੇ ਆਪਣੇ-ਆਪਣੇ ਇਲਾਕਿਆਂ ਵਿਚ ਕੁਝ ਕਿਲ੍ਹੇ ਵੀ ਖੜੇ ਕਰ ਲਏ ਸਨ ਜਿੱਥੇ ਸੈਨਿਕਾਂ ਨੂੰ ਰੱਖਿਆ ਜਾਂਦਾ ਸੀ ਤਾਂ ਉਹ ਰਾਖੀ ਪ੍ਰਣਾਲੀ ਨੂੰ ਸੁਚੱਜੇ ਢੰਗ ਨਾਲ ਲਾਗੂ ਕਰ ਸਕਣ। ਜਿੱਥੇ ਰਾਖੀ ਪ੍ਰਣਾਲੀ ਨੇ ਬਹੁਤ ਫਾਇਦਾ ਪਹੁੰਚਾਇਆ, ਲੋਕਾਂ ਦਾ ਡਰ ਖਤਮ ਕੀਤਾ, ਉਨ੍ਹਾਂ ਨੂੰ ਸ਼ਾਂਤੀ ਨਾਲ ਰਹਿਣ ਦਾ ਸਮਾਂ ਦਿੱਤਾ, ਉਥੇ ਹੀ ਇਸ ਪ੍ਰਣਾਲੀ ਨੇ ਸਿੱਖ ਲਹਿਰ ਨੂੰ ਵੀ ਬਹੁਤ ਪ੍ਰਚੰਡ ਕਰ ਦਿੱਤਾ। ਸਿੱਖਾਂ ਨੂੰ ਬਹੁਤ ਸਾਰਾ ਧਨ ਪ੍ਰਾਪਤ ਹੋਇਆ ਤੇ ਆਪਣੇ ਪ੍ਰਭਾਵ ਦੇ ਇਲਾਕੇ ਬਣਾਉਣ ਤੇ ਉਨ੍ਹਾਂ ਦਾ ਪ੍ਰਬੰਧ ਚਲਾਉਣ ਦਾ ਤਜਰਬਾ ਹਾਸਿਲ ਹੋਇਆ। ਇਹ ਪ੍ਰਣਾਲੀ 1764-65 ਤੱਕ ਬੜੀ ਕਾਮਯਾਬੀ ਨਾਲ ਚੱਲੀ ਤੇ ਉਸ ਤੋਂ ਬਾਅਦ ਜਦ ਸਿੱਖ ਮਿਸਲਾਂ ਨੇ ਆਪਣੇ-ਆਪਣੇ ਇਲਾਕਿਆਂ ਵਿਚ ਰਾਜ ਸਥਾਪਿਤ ਕਰ ਲਏ ਤਦ ਉਥੇ ਇਸ ਦੀ ਜ਼ਰੂਰਤ ਨਹੀਂ ਰਹੀ। ਐਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਦੇ ਅਨੁਸਾਰ ਗੰਗਾ ਦੁਆਬ ਤੇ ਦਿੱਲੀ ਅਤੇ ਪਾਨੀਪਤ ਦੇ ਵਿਚ ਦੇ ਇਲਾਕਿਆਂ ਵਿਚ ਰਾਖੀ 1803 ਤੱਕ ਉਗਰਾਹੀ ਜਾਂਦੀ ਰਹੀ ਤੇ ਉਦੋਂ ਖਤਮ ਹੋਈ ਜਦੋਂ ਉਸ ਇਲਾਕੇ ਵਿਚ ਬ੍ਰਿਟਿਸ਼ ਈਸਟ ਇੰਡੀਆਂ ਕੰਪਨੀ ਨੇ ਆਪਣਾ ਰਾਜ ਸਥਾਪਿਤ ਕਰ ਲਿਆ।
ਵੀਰ ਹਕੀਕਤ ਰਾਏ
ਸ਼ਹੀਦੀਆਂ ਦੀ ਇਸ ਸਦੀ ਦੇ ਪ੍ਰਮੁੱਖ ਸ਼ਹੀਦਾਂ ਦਾ ਜ਼ਿਕਰ ਅੱਗੇ ਆ ਚੁੱਕਾ ਹੈ। ਇਕ ਐਸਾ ਸ਼ਹੀਦ ਭੀ ਸੀ ਜਿਸ ਨੂੰ ਸਹਿਜਧਾਰੀ ਸਿੱਖ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਜਿਸ ਪਰਿਵਾਰ ਨਾਲ ਸਬੰਧ ਰੱਖਦਾ ਸੀ ਉਹ ਸਿੱਖ ਧਰਮ ਨੂੰ ਮੰਨਦਾ ਸੀ, ਉਸ ਦੀ ਸ਼ਾਦੀ ਵੀ ਇਕ ਪਤਵੰਤੇ ਸਿੱਖ ਕਿਸ਼ਨ ਸਿੰਘ ਦੀ ਲੜਕੀ ਨਾਲ ਤਹਿ ਹੋਈ ਸੀ। ਇਹ ਸੀ ਵੀਰ ਹਕੀਕਤ ਰਾਏ। ਕਿਹਾ ਜਾਂਦਾ ਹੈ ਕਿ ਉਸਦਾ ਦੋਸ਼ ਇਹ ਸੀ ਕਿ ਜਦ ਮੁਸਲਮਾਨ ਮੌਲਵੀ ਨੇ ਹਿੰਦੂ ਅਵਤਾਰਾਂ ਵਿਰੁਧ ਮਾੜੇ-ਸ਼ਬਦ ਵਰਤੇ ਤਾਂ ਉਸਨੇ ਰੋਸ ਪ੍ਰਗਟਾਇਆ। ਇਸ ਕਰਕੇ ਉਸ ਨੂੰ ਮੁਸਲਮਾਨ ਬਨਣ ਲਈ ਕਿਹਾ ਗਿਆ। ਪਰ ਉਹ ਸਿੱਖ ਧਰਮ ਤੋਂ ਪ੍ਰਭਾਵਿਤ ਹੋਣ ਕਰ ਕੇ ਧਰਮ ਦੀ ਇੱਜ਼ਤ ਕਰਦਾ ਸੀ। ਪਰ ਆਪਣਾ ਧਰਮ ਛੱਡ ਕੇ ਮੁਸਲਮਾਨ ਨਹੀਂ ਸੀ ਬਣ ਸਕਦਾ। ਉਸ ਦੇ ਇਸਲਾਮ ਨਾ ਕਬੂਲ ਕਰਨ ਤੇ ਉਸ ਨੂੰ ਬੈਂਤ ਨਾਲ ਕੁੱਟ-ਕੁੱਟ ਕੇ ਅੱਧਮਰਿਆ ਕਰ ਦਿੱਤਾ ਤੇ ਫਿਰ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਜਦ ਉਸਦੇ ਹੋਣ ਵਾਲੇ ਸਹੁਰੇ ਨੇ ਇਹ ਘਟਨਾ ਸਿੰਘਾਂ ਨੂੰ ਦੱਸੀ ਤਾਂ ਸਿੱਘਾਂ ਨੇ ਸਿਆਲਕੋਟ 'ਤੇ ਹਮਲਾ ਕਰ ਕੇ ਉਨ੍ਹਾਂ ਸਾਰਿਆਂ ਨੂੰ ਸੋਧਿਆ ਜੋ ਹਕੀਕਤ ਰਾਏ ਦੀ ਸ਼ਹੀਦੀ ਲਈ ਜ਼ਿੰਮੇਵਾਰ ਸਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿਆਲਕੋਟ ਵਿਚ ਹਕੀਕਤ ਰਾਏ ਦੀ ਸਮਾਧ 'ਤੇ ਬਸੰਤ ਪੰਚਮੀ ਨੂੰ ਮੇਲਾ ਲੱਗਦਾ ਸੀ, ਜਿਸ ਵਿਚ ਸਿੱਖ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਵੀ ਇਸ ਸਲਾਨਾ ਸਮਾਗਮ ਵਿਚ ਸ਼ਾਮਲ ਹੁੰਦੇ ਸਨ।
(14) Question:- ਸਰਬੱਤ ਖਾਲਸਾ, ਗੁਰਮਤਾ, ਦਲ ਖਾਲਸਾ ਤੇ ਸਿੱਖ ਮਿਸਲਾਂ ਬਾਰੇ ਜਾਣਕਾਰੀ ਦਿਉ। ਅਲੱਗ-ਅਲੱਗ ਮਿਸਲਾਂ ਨੇ ਕਿਹੜੇ-ਕਿਹੜੇ ਇਲਾਕਿਆਂ ਤੇ ਆਪਣਾ ਰਾਜ ਕਾਇਮ ਕੀਤਾ?
Answer:- ਸਰਬੱਤ ਖਾਲਸਾ
ਜਿਵੇਂ ਕਿ ਅੱਗੇ ਦੱਸਿਆ ਗਿਆ ਹੈ ਕਿ ਸਿੰਘ ਹਰ ਦੀਵਾਲੀ 'ਤੇ ਵੈਸਾਖੀ 'ਤੇ ਇਕੱਠ ਕਰਦੇ ਸਨ। ਜਿਸ ਇਕੱਠ ਵਿਚ ਜ਼ਿਆਦਾਤਰ ਸਿੱਖ ਦੂਰ-ਦੁਰਾਡੇ ਤੋਂ, ਪਹਾੜਾਂ ਜੰਗਲਾਂ ਤੇ ਰਾਜਸਥਾਨ ਤੇ ਰੇਤੀਲੇ ਇਲਾਕਿਆਂ ਤੋਂ ਜਿੱਥੇ ਉਨ੍ਹਾਂ ਦੇ ਸੁਰੱਖਿਅਤ ਠਿਕਾਣੇ ਸਨ, ਸ਼ਾਮਲ ਹੋਣ ਲਈ ਆਉਂਦੇ ਸਨ। ਸੰਗਤ ਦੇ ਇਸ ਵਿਸ਼ਾਲ ਇਕੱਠ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ ਸੀ ਤੇ ਇਸ ਵਿਚ ਬੜੇ ਮਹੱਤਵਪੂਰਨ ਫ਼ੈਸਲੇ ਕੀਤੇ ਜਾਂਦੇ ਸਨ। ਸਭ ਤੋਂ ਪਹਿਲਾਂ ਸਰਬੱਤ ਖਾਲਸਾ ਜਿਸ ਬਾਰੇ ਜਾਣਕਾਰੀ ਮਿਲਦੀ ਹੈ ਉਹ 1723 ਦੀਵਾਲੀ ਦਾ ਸੀ। ਉਸ ਦਿਨ ਬੰਦਈ ਖਾਲਸਾ ਤੇ ਤੱਤ ਖਾਲਸਾ ਵਿਚ ਫੈਸਲਾ ਕਰਵਾਇਆ ਗਿਆ ਸੀ। 1726 ਵਿਚ ਸਰਬੱਤ ਖਾਲਸਾ ਨੇ ਇਹ ਫੈਸਲਾ ਕੀਤਾ ਕਿ ਸਰਕਾਰੀ ਖਜ਼ਾਨੇ ਨੂੰ ਲੁਟਿਆ ਜਾਵੇ, ਸਰਕਾਰੀ ਹਥਿਆਰ, ਰੱਥ ਤੇ ਘੋੜੇ ਖੋਏ ਜਾਣ ਤੇ ਸਿੱਖਾਂ ਬਾਰੇ ਸਰਕਾਰ ਨੂੰ ਇਤਲਾਹ ਦੇਣ ਵਾਲਿਆਂ ਨੂੰ ਸੋਧਿਆ ਜਾਵੇ। 1733 ਦੇ ਸਰਬੱਤ ਖਾਲਸਾ ਵਿਚ ਨਵਾਬੀ ਲੈਣ ਬਾਰੇ ਫੈਸਲਾ ਕੀਤਾ ਗਿਆ। 1745 ਦੀਵਾਲੀ ਵਾਲੇ ਦਿਨੀ ਸਿੱਖਾਂ ਦੇ 25 ਜੱਥੇ ਬਣਾਏ ਗਏ, ਪਰ ਸਭ ਤੋਂ ਮਹੱਤਵਪੂਰਨ ਫੈਸਲਾ 29 ਮਾਰਚ 1748 ਵਿਸਾਖੀ ਵਾਲੇ ਦਿਨ ਕੀਤਾ ਗਿਆ ਜਿਸ ਅਨੁਸਾਰ ਸਭ ਪੁਰਾਣੇ ਜੱਥੇ ਤੋੜ ਕੇ 11 ਜੱਥੇ ਬਣਾਏ ਗਏ।
ਗੁਰਮਤਾ
ਸਰਬੱਤ ਖਾਲਸਾ ਵਿਚ ਜੋ ਫੈਸਲਾ ਲਿਆ ਜਾਂਦਾ ਸੀ ਉਸ ਨੂੰ ਗੁਰਮਤਾ ਕਹਿੰਦੇ ਸਨ। 1748 ਦਾ ਗੁਰਮਤਾ ਇਤਿਹਾਸਕ ਸੀ, ਕਿਉਂਕਿ ਇਹ 11 ਜੱਥੇ ਬਾਅਦ ਵਿਚ 11 ਮਿਸਲਾਂ ਬਣ ਕੇ ਉਪਰੇ। 12ਵੀਂ ਮਿਸਲ ਫੂਲਕੀਆਂ ਜੱਥਾ ਬਾਅਦ ਵਿਚ ਸ਼ਾਮਲ ਕੀਤੀ ਗਈ ਸੀ। 11 ਜਥਿਆਂ ਦੇ ਨਾਂ, ਉਨ੍ਹਾਂ ਦੇ ਜੱਥੇਦਾਰ ਤੇ ਇਲਾਕੇ ਹੇਠ ਲਿਖੇ ਹਨ:-
ਮਿਸਲ ਰਾਜ-ਖੇਤਰ
1. ਫੈਜ਼ਲਪੁਰੀਆ ਮਿਸਲ - ਜਲੰਧਰ, ਨੂਰਮਹਿਲ, ਬਹਿਰਾਮਪੁਰ ਅਤੇ ਪੱਟੀ।
2. ਆਹਲੂਵਾਲੀਆ ਮਿਸਲ - ਸੁਲਤਾਨਪੁਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਇਲਾਕੇ।
3. ਭੰਗੀਆ ਮਿਸਲ - ਅੰਮ੍ਰਿਤਸਰ, ਲਾਹੌਰ, ਗੁਜਰਾਤ (ਪਾਕਿਸਤਾਨ) ਅਤੇ ਸਿਆਲਕੋਟ (ਪਾਕਿਸਤਾਨ)।
4. ਰਾਮਗੜ੍ਹੀਆ ਮਿਸਲ - ਹਰਿਗੋਬਿੰਦਪੁਰ, ਕਲਨੌਰ, ਹਾਜੀਪੁਰ ਅਤੇ ਗੁਰਦਾਸਪੁਰ।
5. ਘਨੱਈਆ ਮਿਸਲ - ਮੁਕੇਰੀਆਂ, ਪਠਾਨਕੋਟ, ਹਾਜ਼ੀਪੁਰ ਅਤੇ ਗੁਰਦਾਸਪੁਰ।
6. ਸ਼ੁਕਰਚੱਕੀਆ ਮਿਸਲ - ਗੁਜਰਾਂਵਾਲਾ, ਐਮਨਾਬਾਦ, ਵਜ਼ੀਰਾਬਾਦ ਅਤੇ ਪਿੰਡ ਦਾਦਾ ਖਾਂ।
7. ਫੂਲਕੀਆ ਮਿਸਲ - ਪਟਿਆਲਾ, ਨਾਭਾ, ਜੀਂਦ।
8. ਡੱਲੇਵਾਲੀਆ ਮਿਸਲ - ਜਲੰਧਰ ਦੁਆਬਾ (ਜੇਜੋ ਅਤੇ ਰਾਹੌਂ ਅਤੇ ਸਤਲੁਜ ਦੇ ਕੁਝ ਪੂਰਬੀ ਇਲਾਕੇ।)
9. ਕਰੋੜ ਸਿੰਘੀਆ ਮਿਸਲ - ਭੁੰਗਾ, ਨਵਾਂ ਸ਼ਹਿਰ ਅਤੇ ਰੁੜਕਾ।
10. ਨੱਕਈ ਮਿਸਲ - ਮੁਲਤਾਨ ਦੇ ਨੇੜੇ ਨੰਕਾ ਪ੍ਰਦੇਸ਼-ਦੁਨੀਆਂ, ਸ਼ਰਕਪੁਰ ਅਤੇ ਕਸੂਰ ਦਾ ਕੁਝ ਹਿੱਸਾ।
11. ਨਿਸ਼ਾਨ ਵਾਲੀਆ ਮਿਸਲ - ਅੰਬਾਲਾ, ਸ਼ਾਹਬਾਦ, ਕਰਨਾਲ।
12. ਸ਼ਹੀਦ ਮਿਸਲ - ਸਤਲੁਜ ਦੇ ਕੁਝ ਪੂਰਬੀ ਪ੍ਰਦੇਸ਼।
ਮਿਸਲ ਜਥੇਦਾਰ
ਸ਼ੁਕਰਚੱਕੀਆ - ਸ੍ਰ. ਨੌਧ ਸਿੰਘ।
ਆਹਲੂਵਾਲੀਆ - ਸ੍ਰ. ਜੱਸਾ ਸਿੰਘ ਆਹਲੂਵਾਲੀਆ।
ਨਿਸ਼ਾਨ ਵਾਲੀਆ - ਸ੍ਰ. ਦਸੌਧਾ ਸਿੰਘ।
ਫੈਜ਼ਲਪੁਰੀਆ - ਨਵਾਬ ਕਪੂਰ ਸਿੰਘ।
ਭੰਗੀਆ - ਸ੍ਰ. ਹਰੀ ਸਿੰਘ।
ਘਨਈਆ - ਸ੍ਰ. ਜੈ ਸਿੰਘ ਕਨ੍ਹਹੀਆ।
ਨਕਈ - ਸ੍ਰ. ਹੀਰਾ ਸਿੰਘ।
ਡੱਲੇਵਾਲੀਆ - ਸ੍ਰ. ਗੁਲਾਬ ਸਿੰਘ।
ਸ਼ਹੀਦੀ - ਬਾਬਾ ਦੀਪ ਸਿੰਘ।
ਕਰੋੜਸਿੰਘੀਆ - ਸ੍ਰ. ਕਰੋੜੀ ਸਿੰਘ।
ਰਾਮਗੜ੍ਹੀਆ - ਸ. ਜੱਸਾ ਸਿੰਘ ਰਾਮਗੜ੍ਹੀਆ।
ਫੂਲਕੀਆ - (ਬਾਬਾ ਫੂਲ ਸਿੰਘ) ਆਲਾ ਸਿੰਘ।
ਦਲ ਖਾਲਸਾ
ਉਪਰ ਲਿਖੇ ਸਾਰੇ ਜਥੇ ਮਿਲ ਕੇ ਦਲ ਖਾਲਸਾ ਕਹਿਲਾਉਂਦੇ ਸਨ ਤੇ ਦਲ ਖਾਲਸਾ ਲਈ ਖਾਸ ਨਿਯਮ ਮੁਕੱਰਰ ਕੀਤੇ ਗਏ ਸਨ। ਸੋ ਜਿਥੇ ਸਾਰੇ ਜਥੇ ਆਪਣੇ ਆਪ ਆਜ਼ਾਦ ਸਨ ਤੇ ਆਪਣੇ ਹਿੱਤ ਲਈ ਕੋਈ ਵੀ ਕਾਰਵਾਈ ਕਰ ਸਕਦੇ ਸਨ, ਉਥੇ ਸਾਰਿਆਂ ਦੀ ਜ਼ਿੰਮੇਵਾਰੀ ਦਲ ਖਾਲਸਾ ਪ੍ਰਤੀ ਸਾਂਝੀ ਸੀ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਕ ਸੈਨਾ ਬਣਾਈ ਸੀ ਜੋ ਕਿ ਅਨੰਦਪੁਰ ਸਾਹਿਬ ਛੱਡਣ ਵੇਲੇ ਖਿੰਡ-ਪੁੰਡ ਗਹੀ ਸੀ ਤੇ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਇਕ ਖਾਲਸਾਈ ਸੈਨਾ ਦਾ ਨਿਰਮਾਣ ਕੀਤਾ ਸੀ ਜੋ ਉਨ੍ਹਾਂ ਦੀ ਸ਼ਹੀਦੀ ਬਾਅਦ ਖਤਮ ਹੋ ਗਈ ਸੀ। ਉਸ ਤਰ੍ਹਾਂ ਦੀ ਹੀ ਸੈਨਾ ਇਕ ਵਾਰ ਫਿਰ 'ਦਲ ਖਾਲਸਾ' ਦੇ ਰੂਪ ਵਿਚ ਪ੍ਰਗਟ ਹੋਈ ਸੀ। ਇਸ ਸ਼ਾਹੀ ਸੈਨਾ ਦਾ ਸਾਂਝਾ ਸਿਪਹਸਾਲਾਰ ਸਰਬੱਤ ਖਾਲਸੇ ਦੇ ਗੁਰਮਤਿ ਅਨੁਸਾਰ ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੂੰ ਬਣਾਇਆ ਗਿਆ ਸੀ। ਕੋਈ ਵੀ ਸਿੱਖ ਜਿਸ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਜਿਸ ਨੂੰ ਘੋੜਸਵਾਰੀ ਅਤੇ ਹਥਿਆਰਾਂ ਦਾ ਇਸਤੇਮਾਲ ਆਉਂਦਾ ਸੀ, ਕਿਸੇ ਵੀ ਜਥੇ ਵਿਚ ਸ਼ਾਮਿਲ ਹੋ ਕੇ ਸਰਬੱਤ ਖਾਲਸਾ ਦਾ ਹਿੱਸਾ ਬਣ ਸਕਦਾ ਸੀ। ਜੇਮਜ਼ ਬਰਾਉਨ ਆਪਣੀ ਲਿਖਤ 'ਇੰਡੀਆ ਟੈਕਸ' ਜੋ ਕਿ 1788 ਵਿਚ ਛਪੀ, ਅਸੀਂ ਸਿੱਖ ਸੈਨਾ ਨੂੰ 'ਦਲ ਖਾਲਸਾ ਜੀ' ਕਰਕੇ ਲਿਖਦਾ ਹੈ। ਸੋਹਨ ਲਾਲ ਸੂਰੀ ਵੀ ਆਪਣੀ 'ਤਵਾਰੀਖ' ਵਿਚ 'ਦਲ ਖਾਲਸਾ ਜੀਓ' ਜ਼ਿਕਰ ਕਰਦਾ ਹੈ। 'ਦਲ ਖਾਲਸਾ ਜੀ' ਦਾ ਹੋਂਦ ਵਿਚ ਆਉਣ ਸਿੱਖ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਹੈ। ਇਸ ਨਾਲ ਸਾਰੇ ਸਿੱਖਾਂ ਵਿਚ ਇਕੱਠ ਤੇ ਏਕੇ ਦੀ ਭਾਵਨਾ ਪ੍ਰਬਲ ਹੋ ਗਈ। ਇਸ ਨੇ ਆਉਣ ਵਾਲੇ ਸਮੇਂ ਵਿਚ ਜਿਥੇ ਧਰਮ ਪ੍ਰਚਾਰ 'ਚ ਵਧਾਵਾ ਦਿੱਤਾ, ਉਥੇ ਹੀ ਸਿੱਖਾਂ ਦੀ ਰਾਜਨੀਤਕ ਸ਼ਕਤੀ ਨੂੰ ਵਧਾਇਆ।
(15) Question:- ਅਲੱਗ-ਅਲੱਗ ਮਿਸਲਾਂ ਦੁਆਰਾ ਛੋਟੇ-ਛੋਟੇ ਰਾਜਾ ਨੂੰ ਇਕੱਠਾ ਕਰ ਕੇ ਪੰਜਾਬ ਵਿਚ ਬਣਾਏ ਇਕ ਵਿਸ਼ਾਲ ਤੇ ਮਜ਼ਬੂਤ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਬਾਰੇ ਸੰਖੇਪ ਜਾਣਕਾਰੀ ਦਿਉ।
Answer:- ਰਣਜੀਤ ਸਿੰਘ ਦਾ ਜਨਮ 1 ਨਵੰਬਰ 1780 ਨੂੰ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ। ਛੋਟੀ ਉਮਰ ਤੋਂ ਹੀ ਉਸਨੂੰ ਸ਼ਸਤਰ ਵਿੱਦਿਆ ਚੰਗੀ ਲੱਗਦੀ ਸੀ ਤੇ ਉਸ ਵਿਚ ਨਿਪੁੰਨਤਾ ਦੇ ਜੌਹਰ ਉਸ ਨੇ 10 ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਨਾਲ ਭੰਗੀ ਮਿਸਲ ਦੇ ਵਿਰੁੱਧ ਲੜਦੇ ਹੋਏ ਦਿਖਾਏ ਸਨ। ਬਚਪਨ ਵਿਚ ਜਿੱਥੇ ਮਾਤਾ ਦੀ ਬੀਮਾਰੀ ਕਰਕੇ ਉੁਸਦੀ ਖੱਬੀ ਅੱਖ ਜਾਂਦੀ ਰਹੀ ਅਤੇ ਚੇਹਰੇ ਉਤੇ ਵੱਡੇ-ਵੱਡੇ ਕਰੂਪ ਦਾਗ ਪੈ ਗਏ, ਉਥੇ ਹੀ ਉਸ ਦੇ ਪਿਤਾ ਦੀ ਮੌਤ ਵੀ ਹੋ ਗਈ। ਉਸ ਦੀ ਮਾਂ ਨੇ ਉਸਦੀ ਅਗਵਾਈ ਕਰਦੇ ਹੋਏ ਉਸ ਨੂੰ ਮਿਸਲ ਦਾ ਸਰਦਾਰ ਬਣਾ ਦਿੱਤਾ। ਘਨੱਈਆ ਮਿਸਲ ਦੀ ਰਾਣੀ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਉਸ ਦਾ ਵਿਆਹ ਉਸਦੀ ਤਰੱਕੀ ਲਈ ਬੜਾ ਸਹਾਈ ਸਾਬਤ ਹੋਇਆ। ਆਹਲੂਵਾਲੀਆ ਮਿਸਲ ਦੇ ਉਸ ਵੇਲੇ ਦੇ ਸਰਦਾਰ ਫਤਹਿ ਸਿੰਘ ਨੂੰ ਆਪਣਾ ਪੱਗ-ਵੱਟ ਸਾਥੀ ਬਣਾ ਕੇ ਰਣਜੀਤ ਸਿੰਘ ਨੇ ਉਸਦੀ ਵੀ ਭਰਪੂਰ ਮਦਦ ਪ੍ਰਾਪਤ ਕੀਤੀ।
1799 ਵਿਚ ਲਾਹੌਰ ਦੀ ਜਿੱਤ ਤੋਂ ਬਾਅਦ ਉਸ ਨੇ ਆਪਣੀਆਂ ਜਿੱਤਾਂ ਦਾ ਕਾਰਵਾਂ ਤੇਜ਼ੀ ਨਾਲ ਅੱਗੇ ਵਧਾਇਆ। ਉਸ ਤੋਂ ਬਾਅਦ ਮੁਲਤਾਨ, ਕਸ਼ਮੀਰ ਤੇ ਪੇਸ਼ਾਵਰ 'ਤੇ ਆਪਣਾ ਕਬਜ਼ਾ ਜਮਾਇਆ। ਉਹ ਸਤਲੁਜ ਪਾਰ ਕਰ ਕੇ ਦਿੱਲੀ ਵੱਲ ਕਦਮ ਵਧਾਉਣਾ ਚਾਹੁੰਦਾ ਸੀ, ਪਰ ਅੰਗਰੇਜ਼ਾਂ ਨਾਲ 25 ਅਪ੍ਰੈਲ 1809 ਨੂੰ ਇਕ ਸੰਧੀ ਕਰ ਕੇ ਦੋਹਾਂ ਵਿਚ ਸਤਲੁਜ ਨਦੀ ਨੂੰ ਸਰਹੱਦ ਮੰਨ ਲਿਆ ਗਿਆ। ਅੰਗਰੇਜ਼ ਮਹਾਰਾਜਾ ਤੋਂ ਡਰਦੇ ਸਨ ਤੇ ਉਸ ਦੇ ਰਾਜ ਵੱਲ ਨਹੀਂ ਵਧਣਾ ਚਾਹੁੰਦੇ ਸਨ ਤੇ ਰਣਜੀਤ ਸਿੰਘ ਵੀ ਸਾਰੇ ਹਿੰਦੁਸਤਾਨ ਵਿਚ ਕਬਜ਼ਾ ਕਰਨ ਵਾਲੀ ਵਿਦੇਸ਼ੀ ਤਾਕਤ ਨਾਲ ਤਕਰਾਰ ਨਹੀਂ ਕਰਨਾ ਚਾਹੁੰਦਾ ਸੀ। ਸੋ ਉਸ ਨੇ ਆਪਣਾ ਰਾਜ ਅਫ਼ਗਾਨਿਸਤਾਨ ਤੱਕ ਤੇ ਕਸ਼ਮੀਰ ਲਦਾਖ ਤੋਂ ਅੱਗੇ ਤਿੱਬਤ ਦੀ ਹੱਦ ਤੱਕ ਫੈਲਾ ਲਿਆ।
ਮਹਾਰਾਜਾ ਦੀ ਫ਼ੌਜ
ਮਹਾਰਾਜਾ ਦੀ ਫ਼ੌਜ ਉਸ ਵੇਲੇ ਦੀਆਂ ਉੱਤਮ ਫ਼ੌਜਾਂ ਵਿਚੋਂ ਸੀ। ਉਸ ਨੇ ਫ਼ੌਜੀਆਂ ਨੂੰ ਪੱਛਮੀ ਲੀਹਾਂ 'ਤੇ ਸਿਖਲਾਈ ਦੇਣ ਲਈ ਬਹੁਤ ਸਾਰੇ ਯੋਰਪੀਅਨ ਜਰਨੈਲ ਵਿਸ਼ੇਸ਼ ਨਿਯੁਕਤ ਕੀਤੇ ਹੋਏ ਸਨ, ਜਿਵੇਂ ਕਿ ਐਲਾਰਡ ਤੇ ਵੈਨਤੂਰਾਜੀਨ ਬੇਪਟਿਸੇਟੀ ਵੈਨਟੂਰਾ, ਇਕ ਇਟੇਲੀਅਨ ਜਰਨੈਲ ਜੋ ਪਹਿਲੇ ਵਾਟਰਲੂ ਦੀ ਜੰਗ ਵਿਚ ਨੈਪੋਲੀਅਨ ਦੀ ਫ਼ੌਜ ਵਿਚ ਕਰਨਲ ਸੀ। ਇਨ੍ਹਾਂ ਵਿਦੇਸ਼ੀਆਂ ਨੇ ਫ਼ੌਜ ਨੂੰ ਅਨੁਸ਼ਾਨਕ ਸਿਖਲਾਈ ਦੇ ਕੇ ਤੇਜ਼ ਤੇ ਚੁਸਤ ਕਰ ਦਿੱਤਾ ਸੀ। ਇਸ ਫ਼ੌਜ ਵਿਚ ਇਕ ਲੱਖ ਤੋਂ ਵਧ ਸੈਨਿਕਾਂ ਵਿਚ 30 ਹਜ਼ਰ ਘੋੜ-ਸਵਾਰ ਸਨ। 1288 ਤੋਪਾਂ ਦਾ ਇਕ ਵੱਡਾ ਤੋਪਖਾਨਾਂ ਸੀ। ਇਸ ਤੋਂ ਇਲਾਵਾ ਅਕਾਲ ਸੈਨਾ ਅਲੱਗ ਸੀ। ਅਕਾਲ ਸੈਨਾ ਵਿਚ ਨਿਹੰਗ ਸਿੰਘ ਸਨ, ਜਿਨ੍ਹਾਂ ਨੂੰ ਜ਼ਰੂਰਤ ਸਮੇਂ ਬੁਲਾਇਆ ਜਾਂਦਾ ਸੀ।
ਅੰਮ੍ਰਿਤਸਰ ਵਿਚ ਸੋਨੇ ਦੀ ਸੇਵਾ
ਮਹਾਰਾਜਾ ਇਕ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਸਥਾ ਰੱਖਦਾ ਸੀ। ਰੋਜ਼ ਪਾਠ ਸਰਵਣ ਕਰਦਾ ਸੀ। ਧਰਮ ਅਸਥਾਨਾਂ ਦੀ ਯਾਤਰਾ ਕਰਾ ਉਸ ਨੂੰ ਪਸੰਦ ਸੀ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 'ਤੇ ਸੋਨਾ ਚੜ੍ਹਾਉਣ ਦੀ ਸੇਵਾ ਉਸਨੇ ਹੀ ਕਰਵਾਈ। ਇਹ ਜ਼ਿੰਮੇਵਾਰੀ ਮਹਾਰਾਜਾ ਸਾਹਿਬ ਨੇ ਗਿਆਨੀ ਸੰਤ ਸਿੰਘ ਜੀ ਨੂੰ ਸੌਂਪੀ। ਆਪ ਜੀ ਨੇ ਬਖੂਬੀ ਗੁੰਬਜ ਅੰਦਰ ਚਿੱਤਰਕਾਰੀ, ਮੀਨਕਾਰੀ ਤੇ ਸੋਨੇ ਦੇ ਪੱਤਰੇ ਚੜ੍ਹਾਣ ਦਾ ਕੰਮ ਸਿਰੇ ਚਾੜ੍ਹਿਆ। ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਨਵੀਂ ਇਮਾਰਤ ਦੀ ਉਸਾਰੀ ਵੀ ਮਹਾਰਾਜਾ ਸਾਹਿਬ ਨੇ ਹੀ ਕਰਵਾਈ ਸੀ। ਉਸ ਨੂੰ ਜੋ ਕੀਮਤੀ ਤੋਹਫੇ ਆਉਂਦੇ ਸਨ ਉਹ ਹਰਿਮੰਦਰ ਸਾਹਿਬ ਚੜ੍ਹਾ ਦਿੰਦਾ ਸੀ। ਮਿਸਾਲ ਦੇ ਤੋਰ 'ਤੇ ਨਵਾਬ ਹੈਦਰਾਬਾਦ ਨੇ ਮਹਾਰਾਜਾ ਨੂੰ ਇਕ ਬਹੁਤ ਹੀ ਕੀਮਤੀ ਚੰਦੋਆ, ਜਿਸ ਦੀ ਕੀਮਤ ਉਸ ਵੇਲੇ ਲੱਖ ਰੁਪਿਆ ਸੀ, ਭੇਟ ਕੀਤਾ ਸੀ, ਪਰ ਮਹਾਰਾਜਾ ਨੇ ਦਰਬਾਰ ਸਾਹਿਬ ਭੇਟ ਕਰ ਦਿੱਤਾ। ਇਹ ਤੋਸ਼ਾਖਾਨਾ (ਉਹ ਜਗ੍ਹਾ ਜਿੱਥੇ ਕੀਮਤੀ ਸਮਾਨ ਰੱਖਿਆ ਜਾਂਦਾ ਹੈ) ਵਿਚ 1984 ਤੱਕ ਸੁਰੱਖਿਅਤ ਸੀ ਪਰ ਸਾਕਾ ਨੀਲਾ ਤਾਰਾ ਵੇਲੇ ਗੋਲਾਬਾਰੀ ਦੀ ਤਪਸ਼ ਨਾਲ ਝੁਲਸ ਗਿਆ।
ਹੋਰ ਧਰਮਾਂ ਲਈ ਕੰਮ
ਕਿਉਂਕਿ ਮਹਾਰਾਜਾ ਸਾਹਿਬ ਇਕ ਚੰਗੇ ਸਿੱਖ ਸਨ, ਆਪ ਬਹੁਤ ਹੀ ਨਿਆਂਸ਼ੀਲ ਤੇ ਧਰਮ ਨਿਰਪੱਖ ਸ਼ਾਸਕ ਸਨ। ਆਪ ਧਰਮ ਦੇ ਆਧਾਰ 'ਤੇ ਕੋਈ ਵਿਤਕਰਾ ਹੀਂ ਸਨ ਕਰਦੇ। ਹਰ ਧਰਮ ਦੇ ਧਾਰਮਿਕ ਅਸਥਾਨਾਂ ਲਈ ਖੁੱਲ੍ਹ ਕੇ ਗ੍ਰਾਂਟ ਦੇਂਦੇ ਸੀ। ਜਿੱਥੇ ਬਨਾਰਸ ਤੇ ਕਾਂਸ਼ੀ ਵਿਸ਼ਵਾਨਾਥ ਮੰਦਿਰ ਤੇ ਸੋਨਾ ਚੜ੍ਹਾਉਣ ਲਈ ਭੇਜਿਆ, ਉਥੇ ਹੀ ਕਾਦੀਆਂ ਵਿਚ ਇਸਲਾਮਿਕ ਇਮਾਰਤ ਲਈ ਵੱਡੀ ਧਨ ਰਾਸ਼ੀ ਦਿੱਤੀ। ਅਫ਼ਗਾਨਿਸਤਾਨ ਤੋਂ ਸੋਮਨਾਥ ਮੰਦਰ ਦੇ ਦਰਵਾਜ਼ੇ (ਜੋ ਮੁਹੰਮਦ ਗਜ਼ਨਵੀ ਲੁੱਟ ਕੇ ਲੈ ਗਿਆ ਸੀ) ਲਿਆ ਕੇ ਵਾਪਸ ਮੰਦਰ ਵਿਚ ਭੇਜ ਦਿੱਤੇ।
ਕੋਹਿਨੂਰ ਹੀਰਾ
ਅਫ਼ਗਾਨਿਸਤਾਨ ਦੇ ਸ਼ਾਹ ਸੁਜਾ ਕੋਲੋਂ ਮਹਾਰਾਜਾ ਸਾਹਿਬ ਨੇ ਬਲ ਪੂਰਵਕ ਦੁਨੀਆਂ ਦਾ ਸਭ ਤੋਂ ਖੂਬਸੂਰਤ ਚਮਕਦਾਰ ਤੇ ਚਰਚਿਤ ਹੀਰਾ ਕੋਹਿਨੂਰ ਵੀ 1 ਜੂਨ 1813 ਨੂੰ ਪ੍ਰਾਪਤ ਕਰ ਲਿਆ ਸੀ। ਮਹਾਰਾਜਾ ਸਾਹਿਬ ਇਸ ਹੀਰੇ ਨੂੰ ਆਪਣੇ ਸੱਜੇ ਡੋਲੇ ਉਤੇ ਬੰਨ੍ਹਦੇ ਸਨ। ਹੀਰੇ ਨੂੰ ਛੱਡ ਕੇ ਉਹ ਆਮ ਤੌਰ 'ਤੇ ਸਾਦੀ ਪੁਸ਼ਾਕ ਹੀ ਪਹਿਨਦੇ ਸਨ। ਨਿਮਰਤਾ ਐਨੀ ਸੀ ਕਿ ਆਪਣੇ ਆਪ ਨੂੰ ਮਹਾਰਾਜਾ ਨਹੀਂ ਬਲਕਿ ਭਾਈ ਸਾਹਿਬ, ਸਰਦਾਰ ਸਾਹਿਬ ਜਾਂ ਸਿੰਘ ਸਾਹਿਬ ਅਖਵਾਉਣ ਵਿਚ ਖੁਸ਼ੀ ਮਹਿਸੂਸ ਕਰਦੇ ਸਨ।
ਬੇਮਿਸਾਲ ਸਿੱਖ ਰਾਜ
ਆਪਣੇ ਰਾਜ ਨੂੰ ਸਰਕਾਰ ਖਾਲਸਾ ਤੇ ਆਪਣੇ ਆਲੀਸ਼ਾਨ ਦਰਬਾਰ ਨੂੰ 'ਦਰਬਾਰ ਖਾਲਸਾ' ਅਖਵਉਂਦੇ ਸਨ। ਸਰਕਾਰੀ ਸਿੱਕੇ ਉਤੇ ਵੀ ਆਪਣਾ ਨਾਮ ਨਹੀਂ ਸੀ ਲਿਖਵਾਇਆ ਬਲਕਿ 'ਅਕਾਲ ਪੁਰਖ ਜੀ ਸਾਹਿਬ' 'ਦੇਗ ਤੇਗ ਫਤਹਿ ਨੁਸਰਤ ਬੇਦਰੰਗ', 'ਨਾਨਕ ਗੁਰੂ ਗੋਬਿੰਦ ਸਿੰਘ' ਲਿਖਵਾਇਆ ਸੀ। ਸਿਰ 'ਤੇ ਤਾਜ ਜਾਂ ਕਲਗੀ ਵੀ ਨਹੀਂ ਸਨ ਲਗਾਉਦੇ। ਰਹਿਮ-ਦਿਲ ਐਨੇ ਕਿ ਗਰੀਬਾਂ ਨੂੰ ਦਾਨ ਦੇਂਦੇ ਰਹਿਣਾ, ਸਜ਼ਾ ਵੀ ਜੁਰਮਾਨੇ ਦੀ ਦੇਂਦੇ ਸਨ। ਕਦੀ ਕਿਸੀ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਰਾਮ ਰਾਜ ਦਾ ਜ਼ਿਕਰ ਤਾ ਮਿਥਿਹਾਸ ਵਿਚ ਹੈ ਪਰ ਰਣਜੀਤ ਸਿੰਘ ਦਾ ਰਾਜ ਤਾਂ ਸਚਮੁੱਚ ਰਾਮ ਰਾਜ ਸੀ। ਸਭ ਦੇ ਲਈ ਖੁਸ਼ਹਾਲੀ, ਖੁਸ਼ੀ ਤੇ ਹਰ ਤਰ੍ਹਾਂ ਦੀ ਅਜ਼ਾਦੀ ਦਾ ਸਮਾਂ, ਭਾਰਤ ਦੇ ਇਤਿਹਾਸ ਵਿਚ ਸਿੱਖ ਰਾਜ ਦਾ ਇਹ ਨਮੂਨਾ ਸਾਰੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ।
(16) Question:- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਐਸੇ ਕਿਹੜੇ ਲੋਕ ਸਨ ਜਿਨ੍ਹਾਂ ਨੇ ਮਹਾਰਾਜਾ ਸਾਹਿਬ ਦੀਆਂ ਸਫਲਤਾਵਾਂ ਤੇ ਕੁਸ਼ਲ ਪ੍ਰਬੰਧ ਵਿਚ ਵਡਮੁੱਲਾ ਯੋਗਦਾਨ ਪਾਇਆ?
Answer:- ਹਰੀ ਸਿੰਘ ਨਲਵਾ
ਮਹਾਰਾਜੇ ਦੇ ਕਈ ਪ੍ਰਬੰਧਕ ਤੇ ਜਰਨੈਲ ਐਸੇ ਸਨ ਜਿਨ੍ਹਾਂ ਨੇ ਮਹਾਰਾਜੇ ਦੀਆਂ ਸਫ਼ਲਤਾਵਾਂ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਜਿੱਥੇ ਗੈਰ-ਸਿੱਖਾਂ ਵਿਚ ਫ਼ਕੀਰ ਅਜੀਜੁਦੀਨ ਮਹਾਰਾਜਾ ਦੇ ਪ੍ਰਮੁੱਖ ਸਲਾਹਕਾਰਾਂ ਵਿਚੋਂ ਸਨ, ਉਥੇ ਹੀ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਵਰਗੇ ਜਰਨੈਲ ਉਸ ਨੂੰ ਜਿੱਤਾਂ ਦਿਵਾਉਣ ਵਿਚ ਅੱਗੇ ਸਨ। ਹਰੀ ਸਿੰਘ ਨਲਵਾ ਤਾਂ ਅਫ਼ਗਾਨਾਂ ਲਈ ਦਹਿਸ਼ਤ ਸੀ। ਹੁਣ ਤੱਕ ਅਫ਼ਗਾਨ ਮਾਵਾਂ ਆਪਣੇ ਬੱਚਿਆਂ ਨੂੰ ਡਰਾਉਣ ਲਈ ਉਸ ਦਾ ਨਾਂ ਲੈਂਦੀਆਂ ਰਹੀਆਂ ਹਨ। ਇਸ ਦੇ ਨਾਮ ਨਾਲ ਨਲਵਾ ਲੱਗਣ ਦੀ ਕਹਾਣੀ ਵੀ ਇਸ ਦੀ ਬਹਾਦਰੀ ਨੂੰ ਪ੍ਰਗਟਾਉਂਦੀ ਹੈ। ਇਕ ਵਾਰ ਮਹਾਰਾਜੇ ਨਾਲ ਸ਼ਿਕਾਰ 'ਤੇ ਗਏ ਹੋਏ ਉਸ ਨੇ ਫੁਰਤੀ ਨਾਲ ਇਕ ਸ਼ੇਰ ਨੂੰ ਮਾਰ ਦਿੱਤਾ। ਮਹਾਰਾਜਾ ਸਾਹਿਬ ਨੇ 'ਨਲ' ਦਾ ਖਿਤਾਬ ਦਿੱਤਾ, ਕਿਉਂਕਿ ਉਸ ਨੇ ਰਾਜਾ ਨਲ ਵਾਂਗੂੰ ਫੁਰਤੀ ਨਾਲ ਸ਼ੇਰ ਨੂੰ ਮਾਰਿਆ ਸੀ। ਬਾਅਦ ਵਿਚ 'ਨਲ' ਸ਼ਬਦ 'ਨਲਵਾ' ਬਣ ਗਿਆ। ਉਸ ਨੂੰ ਕਸੂਰ (1807), ਸਿਆਲਕੋਟ (1810), ਮੁਲਤਾਨ (1810), ਰਜਰੋ (1813), ਕਸ਼ਮੀਰ (1815) ਦੇ ਯੁੱਧਾਂ ਵਿਚ ਬਹਾਦਰੀ ਦਿਖਾਈ ਤੇ ਜਿੱਤਾਂ ਜਿੱਤੀਆਂ। ਜਦ ਅਫ਼ਗਾਨ ਵਿਰੁੱਧ ਜਮਰੌਦ ਦੇ ਕਿਲ੍ਹੇ ਲਈ ਨਲਵਾ ਲੜ ਰਿਹਾ ਸੀ ਉਥੇ ਉਸ ਨੂੰ ਗੋਲੀਆਂ ਲੱਗ ਗਈਆਂ, ਜਿਨ੍ਹਾਂ ਕਰ ਕੇ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਨਲਵਾ ਨੇ ਕਿਹਾ ਕਿ ਜਦ ਤੱਕ ਰਾਜਾ ਸਾਹਿਬ ਫ਼ੌਜ ਲੈ ਕੇ ਉਥੇ ਪੁੱਜ ਨਾ ਜਾਣ ਉਸ ਦੀ ਮੌਤ ਦੀ ਖਬਰ ਗੁਪਤ ਰੱਖੀ ਜਾਵੇ। ਐਸੇ ਬਹਾਦਰ ਦੀ ਮੌਤ (30 ਅਪ੍ਰੈਲ 1837 ਨੂੰ ਹੋਈ) ਨੇ ਮਹਾਰਾਜਾ ਸਾਹਿਬ ਦੀਆਂ ਅੱਖਾਂ ਵਿਚ ਅੱਥਰੂ ਲੈ ਆਉਂਦੇ।
ਅਕਾਲੀ ਫੂਲਾ ਸਿੰਘ
ਅਕਾਲੀ ਫੂਲਾ ਸਿੰਘ ਇਕ ਨਿਹੰਗ ਜਥੇਦਾਰ ਸੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਵੀ ਰਿਹਾ। ਜਿਸ ਨੇ ਵੀ ਅਕਾਲ ਫ਼ੌਜ ਦੇ ਕਮਾਂਡਰ ਵਜੋਂ ਮਹਾਰਾਜੇ ਦੀ ਕਸੂਰ, ਮੁਲਤਾਨ ਤੇ ਕਸ਼ਮੀਰ ਦੀਆਂ ਮੁਹਿੰਮਾਂ ਵਿਚ ਮਦਦ ਕੀਤੀ। ਆਖ਼ਰੀ ਜੰਗ ਨੌਸ਼ਹਿਰੇ ਵਿਚ ਲੜੀ ਜਿੱਥੇ ਹਾਰ ਨੂੰ ਜਿੱਤ ਵਿਚ ਬਦਲ ਕੇ 14 ਮਾਰਚ 1823 ਨੂੰ ਵੀਰਗਤੀ ਪ੍ਰਾਪਤ ਕੀਤੀ। ਕਿਉਂਕਿ ਫੂਲਾ ਸਿੰਘ ਸਿੱਖ ਧਰਮ ਵਿਚ ਪ੍ਰਪੱਕ ਸੀ, ਉਸ ਨੇ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਮਹਾਰਾਜਾ ਸਾਹਿਬ ਨੂੰ ਵੀ ਇਕ ਵਾਰ ਤਨਖ਼ਾਹ ਲਗਾ ਦਿੱਤੀ ਸੀ।
ਤਨਖ਼ਾਹ
ਫ਼ਾਰਸੀ ਦੇ ਸ਼ਬਦ ਤਨਖ਼ਾਹ ਦਾ ਮਤਲਬ ਭਾਵੇਂ ਵੇਤਨ ਹੁੰਦਾ ਹੈ ਪਰ ਸਿੱਖ ਧਰਮ ਵਿਚ ਇਸ ਤੋਂ ਭਾਵ ਹੈ ਐਸੀ ਸਜ਼ਾ ਜੋ ਕਿਸੀ ਨੂੰ ਧਾਰਮਿਕ ਰਹਿਤ ਜਾਂ ਮਰਿਯਾਦਾ ਦੇ ਖੰਡਨ ਕਰਨ 'ਤੇ ਦਿੱਤੀ ਜਾਂਦੀ ਹੈ। ਭਾਵੇਂ ਜ਼ਿਆਦਾਤਰ ਇਹ ਸੇਵਾ ਦੀ ਸ਼ਕਲ ਵਿਚ ਹੁੰਦੀ ਹੈ ਪਰ ਇਹ ਇਕ ਧਾਰਮਿਕ ਅਨੁਸ਼ਾਸਨ ਹਿਤ ਹੋਣ ਕਰ ਕੇ ਕੋਈ ਵੀ ਸਿੱਖ ਐਸਾ ਕੁਝ ਨਹੀਂ ਕਰਨਾ ਚਾਹੇਗਾ ਜਿਸ ਕਰਕੇ ਤਨਖ਼ਾਹ ਲੱਗੇ।
(17) Question:- ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਕੀ ਹਾਲਾਤ ਬਣੇ?
Answer:- ਮਹਾਰਾਜਾ ਸਾਹਿਬ ਦੀ ਮੌਤ 27 ਜੂਨ 1839 ਨੂੰ ਹੋਈ ਤੇ ਉਸ ਨਾਲ ਹੀ ਸਿੱਖ ਰਾਜ ਦਾ ਸੂਰਜ ਡੁੱਬਣਾ ਸ਼ੁਰੂ ਹੋ ਗਿਆ। ਉਨ੍ਹਾਂ ਦੇ ਉਤਰਾਧਿਕਾਰੀ ਬਹੁਤ ਕਮਜ਼ੋਰ ਸਨ ਤੇ ਰਾਜ ਵਿਚ ਧੜੇਬਾਜ਼ੀ ਤੇ ਖਾਨਾਜੰਗੀ ਸ਼ੁਰੂ ਹੋ ਗਈ ਸੀ। ਮਹਾਰਾਜਾ ਸਾਹਿਬ ਤੋਂ ਬਾਅਦ ਉਨ੍ਹਾਂ ਦਾ ਵੱਡਾ ਲੜਕਾ ਖੜਕ ਸਿੰਘ ਗੱਦੀ 'ਤੇ ਬੈਠਾ ਤੇ ਫੇਰ ਸ਼ੇਰ ਸਿੰਘ। ਸ਼ੇਰ ਸਿੰਘ ਤੋਂ ਬਾਅਦ ਰਾਣੀ ਜਿੰਦਾਂ ਦੇ ਪੁੱਤਰ ਦਲੀਪ ਸਿੰਘ ਨੂੰ 18 ਸਤੰਬਰ 1843 ਨੂੰ ਗੱਦੀ 'ਤੇ ਬਿਠਾਇਆ ਗਿਆ। ਕਿਉਂਕਿ ਉਹ ਨਾਬਾਲਗ ਸੀ, ਇਸ ਕਰਕੇ ਰਾਣੀ ਜਿੰਦਾਂ ਉਸ ਦੀ ਸਰਪ੍ਰਸਤ ਬਣੀ। ਅੰਗਰੇਜ਼ਾਂ ਨੇ ਜਦ ਸਾਰੇ ਹਾਲਾਤ ਦੇਖੇ ਤਾਂ ਉਨ੍ਹਾਂ ਨੇ ਪੰਜਾਬ ਹਥਿਆਉਣ ਦਾ ਮਨ ਬਣਾ ਲਿਆ। ਉਨ੍ਹਾਂ ਦੀਆਂ ਚਾਲਾਂ ਬਦੌਲਤ ਰਾਜ ਦੇ ਕੁਝ ਬੰਦਿਆਂ ਨੂੰ ਉਨ੍ਹਾਂ ਨੇ ਆਪਣੇ ਜਾਸੂਸ ਵਜੋਂ ਗੰਢ ਲਿਆ। ਅੰਗਰੇਜ਼ ਸੈਨਾ ਲੁਧਿਆਣਾ ਦੇ ਕੋਲ ਆਪਣੇ ਆਪ ਨੂੰ ਮਜ਼ਬੂਤ ਕਰਨ ਲੱਗ ਗਈ ਤੇ ਸਿੰਘਾਂ ਨਾਲ ਯੁੱਧ ਦਾ ਮੌਕਾ ਲੱਭਣ ਲੱਗੀ।
ਏਧਰ ਦਰਬਾਰ ਵਿਚੋਂ ਅੰਗਰੇਜ਼ਾਂ ਨਾਲ ਮਿਲੇ ਦਰਬਾਰੀਆਂ ਨੇ ਸਿੱਖ ਫ਼ੌਜ ਨੂੰ ਅੰਗਰੇਜ਼ਾਂ ਨਾਲ ਲੜਾਈ ਕਰਨ ਨੂੰ ਉਕਸਾਇਆ। ਅੰਗਰੇਜ਼ਾਂ ਸਿੱਖਾਂ ਦੀ ਪਹਿਲੀ ਲੜਾਈ ਵਿਚ ਸਿੱਖਾਂ ਦੀ ਹਾਰ ਹੋਈ ਤੇ 9 ਮਾਰਚ 1836 ਨੂੰ ਸੰਧੀ ਹੋ ਗਈ। ਉਸ ਤੋਂ ਬਾਅਦ ਅੰਗਰੇਜ਼ਾਂ ਦੀ ਦਖ਼ਲਅੰਦਾਜ਼ੀ ਏਨੀ ਵੱਧ ਗਈ ਕਿ ਦੂਸਰੀ ਲੜਾਈ ਦੀ ਨੌਬਤ ਆ ਗਈ। ਇਸ ਲੜਾਈ ਵਿਚ ਜਿੱਤਣ ਤੋਂ ਬਾਦ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾਂ ਕਰ ਲਿਆ ਤੇ ਦਲੀਪ ਸਿੰਘ ਨੂੰ ਪਹਿਲੇ ਪੰਜਾਬ ਤੋਂ ਬਾਹਰ ਯੂ.ਪੀ. ਵਿਚ ਫਤਹਿਗੜ੍ਹ ਤੇ ਫਿਰ ਇਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ ਗਿਆ।
(18) Question:- ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਤੇ ਦੂਜੀ ਲੜਾਈ ਦਾ ਵੇਰਵਾ ਦਿਉ।
Answer:- ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ - ਇਹ ਲੜਾਈ ਇਸ ਕਰਕੇ ਹੋਈ ਕਿ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਮਨ ਬਣਾ ਲਿਆ ਸੀ ਕਿ ਪੰਜਾਬ ਨੂੰ ਅੰਗਰੇਜ਼ਾਂ ਦੇ ਰਾਜ ਵਿਚ ਮਿਲਾਉਣਾ ਹੈ। ਉਸ ਨੂੰ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਗੱਦਾਰਾਂ ਦਾ ਸਾਥ ਮਿਲਿਆ ਤੇ ਰਾਜ ਤੇ ਸਿੱਖ ਫ਼ੌਜ ਦੀ ਕਮਜ਼ੋਰੀ ਬਾਰੇ ਪੂਰੀ ਇਤਲਾਹ। 18 ਦਸੰਬਰ 1845 ਵਾਲੇ ਦਿਨ ਮੁਦਕੀ ਦੇ ਅਸਥਾਨ 'ਤੇ, 21 ਦਸੰਬਰ 1845 ਨੂੰ ਫ਼ਿਰੋਜ਼ਸ਼ਾਹ ਦੇ ਅਸਥਾਨ 'ਤੇ, ਬਦੋਵਾਲ ਅਲੀਵਾਲ ਅਤੇ ਸਭਰਾਓ ਦੇ ਅਸਥਾਨ 'ਤੇ 21 ਜਨਵਰੀ, 28 ਜਨਵਰੀ ਤੇ 10 ਫਰਵਰੀ ਨੂੰ ਅੰਗਰੇਜ਼ ਤੇ ਸਿੱਖ ਆਪਸ ਵਿਚ ਟਕਰਾਏ। ਸਿੱਖ ਬੜੀ ਬਹਾਦਰੀ ਨਾਲ ਲੜੇ ਪਰ ਗੱਦਾਰਾਂ ਦੀ ਧੋਖੇਬਾਜ਼ੀ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਦੀ ਸਿੱਖਾਂ ਨਾਲ ਬੇਵਫਾਈ ਕਾਰਨ ਸਿੱਖਾਂ ਦੀ ਹਾਰ ਹੋਈ ਤੇ ਸੰਧੀ ਕਰ ਕੇ ਮਹਾਰਾਣੀ ਜਿੰਦਾਂ ਦੀ ਥਾਂ ਅੰਗਰੇ॥ ਰੀਜੈਂਟ ਮੁਕੱਰਰ ਕਰ ਦਿੱਤਾ ਜੋ ਲਾਹੌਰ ਹੀ ਰਹਿਣ ਲੱਗਾ। ਕਸ਼ਮੀਰ ਦਾ ਇਲਾਕਾ 75 ਲੱਖ ਰੁਪਏ ਬਦਲੇ ਰਾਜਾ ਗੁਲਾਬ ਸਿੰਘ ਨੂੰ ਦੇ ਦਿੱਤਾ ਗਿਆ। ਸਤਲੁਜ ਤੇ ਬਿਆਸ ਵਿਚਲਾ ਇਲਾਕਾ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਗਿਆ।
ਅੰਗਰੇਜ਼ਾਂ ਤੇ ਸਿੱਖਾਂ ਦੀ ਦੂਜੀ ਲੜਾਈ 22 ਨਵੰਬਰ 1848 ਤੋਂ 21 ਫਰਵਰੀ 1849 ਤੱਕ ਹੋਈ। ਸਿੱਖਾਂ ਨੇ ਇਸ ਲੜਾਈ ਵਿਚ ਪੂਰੇ ਜੋਸ਼ ਤੇ ਹਿੰਮਤ ਦਾ ਪ੍ਰਗਟਾਵਾ ਕੀਤਾ। ਸ਼ੁਰੂ-ਸ਼ੁਰੂ ਵਿਚ ਲਾਰਡ ਗਫ ਦੀ ਅਗਵਾਈ ਵਿਚ ਜਦ ਅੰਗਰੇਜ਼ਾਂ ਨੇ ਰਾਵੀ ਦਰਿਆ ਪਾਰ ਕੀਤਾ ਤਾਂ ਰਾਮ ਨਗਰ ਦੇ ਅਸਥਾਨ 'ਤੇ ਅੰਗਰੇਜ਼ਾਂ ਨੂੰ ਹਾਰ ਹੋਈ। ਚਿਲਿਆਂਵਾਲਾ ਦੇ ਅਸਥਾਨ 'ਤੇ ਜੋ ਲੜਾਈ 13 ਜਨਵਰੀ 1849 ਨੂੰ ਹੋਈ ਉਸ ਵਿਚ ਇਕ ਵਾਰ ਫੇਰ ਗਫ ਦੀ ਬੜੀ ਬੁਰੀ ਹਾਰ ਹੋਈ ਤੇ ਉਸ ਨੂੰ ਪਦਵੀ ਤੋਂ ਹੱਥ ਧੋਣਾ ਪਿਆ।
ਚਿਲਿਆਂਵਾਲਾ ਦੀ ਲੜਾਈ
ਚਿਲਿਆਂਵਾਲਾ ਪੱਛਮੀ ਪੰਜਾਬ (ਹੁਣ ਪਾਕਿਸਤਾਨ) ਦੇ ਗੁਜਰਾਤ ਜ਼ਿਲ੍ਹੇ ਦਾ ਚਿਨਾਬ ਦਰਿਆ ਦੇ ਨੇੜੇ ਵੱਸਿਆ ਇਕ ਪਿੰਡ ਹੈ। ਇਹ ਲੜਾਈ ਸਿੱਖ ਇਤਿਹਾਸ ਦੀ ਇਕ ਗੌਰਵਮਈ ਗਾਥਾ ਹੈ। ਜਦ ਸ਼ੇਰ ਸਿੰਘ ਨੇ ਸਿੰਘਾਂ ਨੂੰ ਲਲਕਾਰ ਕੇ ਕਿਹਾ ਕਿ ਆਪਣੀ ਆਣ ਬਾਣ ਸ਼ਾਨ ਨੂੰ ਬਚਾਉਣਾ ਹੈ ਤਾਂ ਸਿੰਘਾਂ ਨੇ ਵੱਡੀ ਗਿਣਤੀ ਵਿਚ ਅੰਗਰੇਜ਼ ਮਾਰੇ। ਜਿੱਤ ਦੇ ਬਾਵਜੂਦ ਅੰਗਰੇਜ਼ ਇਸ ਨੂੰ ਹਾਰ ਸਮਝਦੇ ਸਨ। ਇੰਗਲੈਂਡ ਵਿਚ ਐਨੇ ਲੋਕਾਂ ਦੀ ਮੌਤ ਦੀ ਖਬਰ ਨੇ ਸਾਰੇ ਦੇਸ਼ ਨੂੰ ਗਮ ਨਾਲ ਭਰ ਦਿੱਤਾ। ਨੇਪੀਅਰ ਤੇ ਵੈਲਿੰਗਨ ਵਰਗੇ ਜਰਨੈਲਾਂ ਨੇ ਸਿੱਖਾਂ ਤੋਂ ਬਦਲਾ ਲੈਣ ਲਈ ਭਾਰਤ ਜਾਣ ਦੀ ਇੱਛਾ ਪ੍ਰਗਟਾਈ। ਅੰਗਰੇਜ਼ੀ ਦੇ ਕਵੀ ਜੋਰਜ ਮੈਰੀਡਥ ਨੇ ਇਕ ਕਵਿਤਾ ਲਿਖੀ ਜਿਸ ਵਿਚ ਚਿਲਿਆਂਵਾਲਾ ਵਿਚ ਮਰੇ ਹੋਏ ਸਾਥੀਆਂ ਲਈ ਦਰਦ ਤੇ ਦੁੱਖ ਪ੍ਰਗਟਾਇਆ। ਲਾਰਡ ਡਲਹੌਜ਼ੀ ਨੇ ਏਥੋਂ ਤੱਕ ਕਹਿ ਦਿੱਤਾ ਕਿ ਇਕ ਅਜੇਹੀ ਹੋਰ ਜਿੱਤ ਸਾਨੂੰ ਬਰਬਾਦ ਕਰ ਦੇਵੇਗੀ। ਉਸ ਤੋਂ ਬਾਅਦ ਗਫ ਦੀ ਜਗ੍ਹਾ ਆਏ ਚਾਰਲਸ ਨੇਪੀਅਰ ਨੇ ਸਿੱਖਾਂ ਦੇ ਮੁਕਾਬਲੇ ਆਪਣੀ ਸੈਨਾ ਤੇ ਤੋਪਾਂ ਦੀ ਗਿਣਤੀ ਕਾਫੀ ਵਧਾ ਲਈ। ਭਾਵੇਂ ਸਭਰਾਓਂ ਦੀ ਲੜਾਈ ਵੀ ਸਿੱਖ ਹਾਰ ਗਏ, ਪਰ ਉਨ੍ਹਾਂ ਦੀ ਬਹਾਦਰੀ ਬੇਮਿਸਾਲ ਦਿਖੀ। ਲਾਰਡ ਹਾਰਡਿੰਗ ਨੇ ਵੀ ਉਨ੍ਹਾਂ ਦੀਆਂ ਤੋਪਾਂ ਦੀ ਅੱਗ ਤੇ ਸੂਰਬੀਰਤਾ ਨੂੰ ਸਲਾਹਿਆ ਸੀ। ਸਭਰਾਓ ਦੀ ਲੜਾਈ ਬਾਰੇ ਗਫ ਨੇ ਮੰਨਿਆ ਸੀ ਕਿ ਅਗਰ ਗੱਦਾਰ ਨਾ ਹੁੰਦੇ ਤਾਂ ਬਹਾਦਰ ਸਿੰਘਾਂ ਨੂੰ ਹਾਰ ਨਹੀਂ ਸੀ ਹੋਣੀ। ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਇਸ ਲੜਾਈ ਵਿਚ ਸ਼ਹੀਦ ਹੋ ਗਿਆ ਸੀ, ਦੀ ਬਹਾਦਰੀ ਦੇ ਚਰਚੇ ਸਭ ਦੀ ਜ਼ੁਬਾਨ 'ਤੇ ਸਨ।
(19) Question:- ਪੰਜਾਬ 'ਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਦੇ ਸਿੱਖਾਂ ਨਾਲ ਕਿਸ ਤਰ੍ਹਾਂ ਦੇ ਸੰਬੰਧ ਰਹੇ?
Answer:- ਅੰਗਰੇਜ਼ ਬਹੁਤ ਹੁਸ਼ਿਆਰ ਕੌਮ ਸੀ। ਉਨ੍ਹਾਂ ਨੇ ਸਿੱਖਾਂ ਦੀ ਬਹਾਦਰੀ ਦੇਖੀ ਸੀ। ਇਸ ਕਰਕੇ ਪੰਜਾਬ 'ਤੇ ਕਬਜ਼ਾ ਕਰਨ ਤੋਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਆਪਣੀ ਸੈਨਾ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਦਰਬਾਰ ਸੈਨਾ ਵਿਚੋਂ ਕੁਝ ਲੋਕ ਇਰੈਗੂਲਰ ਆਰਮੀ ਵਿਚ ਲਏ ਗਏ, ਫਿਰ ਸਿੱਖ ਰੇਜੀਮੈਂਟ ਬਣਾਈ ਗਈ।
ਅੰਗਰੇਜ਼ਾਂ ਦਾ ਵਿਰੋਧ
ਇਸ ਨੀਤੀ ਕਰ ਕੇ 1857 ਦੇ ਗਦਰ ਵੇਲੇ ਕਈ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਪਰ ਹਾਲੇ ਵੀ ਕੁਝ ਸਿੱਖ ਐਸੇ ਸਨ ਜੋ ਅੰਗਰੇਜ਼ਾਂ ਨੂੰ ਵਿਦੇਸ਼ੀ ਸਮਝਦੇ ਸਨ ਤੇ ਪਸੰਦ ਨਹੀਂ ਸਨ ਕਰਦੇ। ਮਿਸਾਲ ਦੇ ਤੌਰ 'ਤੇ ਨਿਹੰਗ ਸਿੰਘਾਂ ਨੂੰ ਅੰਗਰੇ॥ ਆਪਣੇ ਦੁਸ਼ਮਣ ਜਾਪਦੇ ਸਨ, ਇਸ ਕਰਕੇ ਹੀ ਅੰਗਰੇਜ਼ਾਂ ਨੇ ਜਿੱਥੇ ਆਮ ਸਿੱਖਾਂ ਨੂੰ ਭਰਤੀ ਦਿੱਤੀ, ਨਿਹੰਗਾਂ ਨੂੰ ਖਤਮ ਕਰਨ ਦੀ ਨੀਤੀ ਅਪਣਾਈ। ਬਾਬਾ ਬੀਰ ਸਿੰਘ ਜੋ ਪਹਿਲੇ ਬਹਾਦਰ ਸਿਪਾਹੀ ਸਨ ਤੇ ਫੇਰ ਸੰਤ ਬਣ ਕੇ ਆਪਣਾ ਡੇਰਾ ਨੌਰੰਗਾਬਾਦ ਰੱਖਿਆ ਸੀ, ਵੀ ਅੰਗਰੇਜਜ਼ਾਂ ਦੇ ਵਿਰੁੱਧ ਸੀ। ਬਾਬਾ ਜੀ ਕੋਲ ਐਸੇ ਬਹੁਤ ਸਿੱਖ ਆਉਂਦੇ ਸਨ ਜਿਵੇਂ ਸ੍ਰ. ਅਤਰ ਸਿੰਘ ਸੰਧਾਵਾਲੀਆ, ਸ਼ਹਿਜ਼ਾਦਾ ਕਸ਼ਮੀਰਾ ਸਿੰਘ, ਸ਼ਹਿਜ਼ਾਦਾ ਪਿਸ਼ੌਰਾ ਸਿੰਘ, ਭਾਈ ਮਹਾਰਾਜ ਸਿੰਘ ਆਦਿ, ਜਿਹੜਾ ਹਾਲੇ ਵੀ ਅੰਗਰੇਜ਼ਾਂ ਦੇ ਵਿਰੁੱਧ ਤੇ ਉਨ੍ਹਾਂ ਦੇ ਪਿੱਠੂਆਂ ਲੜਨ ਦੇ ਇੱਛਕ ਸਨ।
ਭਾਈ ਮਹਾਰਾਜ ਸਿੰਘ
ਜਦੋਂ ਡੋਗਰਿਆਂ ਨੇ 7 ਮਈ 1844 ਨੂੰ ਡੇਰੇ 'ਤੇ ਹਮਲਾ ਕੀਤਾ ਸੀ ਤਾਂ ਇਕ ਐਸਾ ਹੀ ਤਕਰਾਰ ਉਭਰ ਕੇ ਆਇਆ ਸੀ। ਇਸ ਦੌਰਾਨ ਭਾਈ ਬੀਰ ਸਿੰਘ ਮਾਰੇ ਗਏ ਸਨ ਤੇ ਭਾਈ ਮਹਾਰਾਜ ਸਿੰਘ ਉਨਾਂ ਦੀ ਗੱਦੀ 'ਤੇ ਬੈਠੇ। ਭਾਈ ਮਹਾਰਾਜ ਸਿੰਘ ਨੇ ਸਿੱਖਾਂ ਨੂੰ ਅੰਗਰੇਜ਼ਾਂ ਵਿਰੁੱਧ ਅੰਦੋਲਨ ਕਰਨ ਦਾ ਸੱਦਾ ਦਿੱਤਾ। ਪਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸਿੰਘਾਪੁਰ ਭੇਜ ਦਿੱਤਾ। ਸਿੰਘਾਪੁਰ ਜਾ ਕੇ ਵੀ ਉਨ੍ਹਾਂ ਨੇ ਆਪਣੀ ਅੰਦੋਲਨਕਾਰੀ ਭਾਵਨਾ ਨਹੀਂ ਛੱਡੀ। ਪਰ ਹੌਲੀ-ਹੌਲੀ ਸਿਹਤ ਵਿਗੜਣ ਕਰ ਕੇ ਆਪ ਜੀ ਉਥੇ ਹੀ ਪੂਰੇ ਹੋ ਗਏ। ਸਿੰਘਾਪੁਰ ਵਿਚ ਮਿਲਟ ਰੋਡ 'ਤੇ ਉਨ੍ਹਾਂ ਦੀ ਯਾਦ ਵਿਚ ਇਕ ਬਹੁਤ ਵੱਡਾ ਗੁਰਦੁਆਰਾ ਹੈ।
ਬਾਬਾ ਰਾਮ ਸਿੰਘ ਤੇ ਕੂਕੇ
ਬਾਬਾ ਰਾਮ ਸਿੰਘ ਨੇ ਵੀ ਅੰਗਰੇਜ਼ਾਂ ਵਿਰੁੱਧ ਬਾਈਕਾਟ ਅੰਦਲੋਨ ਸ਼ੁਰੂ ਕੀਤਾ। ਇਹ ਅੰਦੋਲਨ ਗਾਂਧੀ ਜੀ ਦੇ ਅੰਦੋਲਨ ਤੋਂ ਪਹਿਲੇ 1863 ਵਿਚ ਸ਼ੁਰੂ ਕੀਤਾ ਗਿਆ ਸੀ, ਜਦੋਂ ਹਾਲੇ ਗਾਂਧੀ ਜੀ ਦਾ ਜਨਮ ਵੀ ਨਹੀਂ ਸੀ ਹੋਇਆ। ਇਸ ਅੰਦੋਲਨ ਦੇ ਹਿੱਸੇ ਵਜੋਂ ਬਾਬਾ ਜੀ ਨੇ ਗਊ ਰੱਖਿਆ ਹਿੱਤ ਬੁੱਚੜਾਂ ਦੇ ਵਿਰੁੱਧ ਲੜਾਈ ਛੇੜ ਦਿੱਤੀ। ਬਾਬਾ ਜੀ ਨੇ ਬਾਬਾ ਬਾਲਕ ਸਿੰਘ ਜੀ ਦੁਆਰਾ 1847 ਵਿਚ ਸ਼ੁਰੂ ਕੀਤੀ ਨਾਮਧਾਰੀ ਸੰਪਰਦਾ ਨੂੰ ਮਜ਼ਬੂਤ ਕੀਤਾ ਤੇ ਭੈਣੀ ਪਿੰਡ ਵਿਖੇ ਇਸ ਦਾ ਟਿਕਾਣਾ ਬਣਾਇਆ। ਭਾਵੇਂ ਬਾਬਾ ਜੀ ਦਾ ਮੁੱਖ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ਤੇ ਉਸ ਨੂੰ ਬ੍ਰਾਹਮਣਵਾਦ, ਮਹੰਤਪੁਣੇ ਤੇ ਜਾਤ-ਪਾਤ ਤੋਂ ਬਚਾਉਣਾ ਸੀ, ਪਰ ਦੇਸ਼ ਪ੍ਰੇਮ ਦੀ ਭਾਵਨਾ ਅੰਗਰੇਜ਼ਾਂ ਵਿਰੁੱਧ ਪ੍ਰਬਲ ਹੋ ਗਈ, ਜਦ ਨਾਮਧਾਰੀਆਂ ਨੇ ਜਿਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਹੈ, ਰਾਇਪੁਰ, ਮਲੋਟ ਤੇ ਅੰਮ੍ਰਿਤਸਰ ਵਿਖੇ ਕੁਝ ਬੁੱਚੜ ਮਾਰ ਦਿੱਤੇ ਤਾਂ ਅੰਗਰੇਜ਼ਾਂ ਨੇ 66 ਨਾਮਧਾਰੀਆਂ ਨੂੰ ਮਲੇਰਕੋਟਲੇ ਨੇੜੇ ਤੋਪਾਂ ਨਾਲ ਉਡਾ ਦਿੱਤਾ। ਬਾਬਾ ਜੀ ਨੂੰ ਜਲਾਵਤਨ ਕਰ ਕੇ ਰੰਗੂਨ ਭੇਜ ਦਿੱਤਾ ਗਿਆ। ਕੂਕਾ ਲਹਿਰ ਨੂੰ ਹੁਣ ਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਹਿੱਸਾ ਮੰਨ ਲਿਆ ਗਿਆ ਹੈ।
(20) Question:- ਭਾਵੇਂ ਦੇਸ਼ ਦੀ ਆਜ਼ਾਦੀ ਦਾ ਬਿਗਲ ਵੀ ਸਿੱਖਾਂ ਨੇ ਵਜਾਇਆ, ਪਰ ਫੇਰ ਵੀ ਵਫਾਦਾਰ ਸਿੱਖਾਂ ਨੇ ਅੰਗਰੇਜ਼ਾਂ ਲਈ ਯੁੱਧ ਲੜ ਕੇ ਬਹਾਦਰੀ ਦੀ ਉੱਚੀ ਮਿਸਾਲ ਪੈਦਾ ਕੀਤੀ, ਇਸ ਪੱਖੋਂ ਜਾਣਕਾਰੀ ਦਿਓ।
Answer:- ਜਿਸ ਤਰ੍ਹਾਂ ਕਿ ਉਤੇ ਦੱਸਿਆ ਗਿਆ ਹੈ, ਅੰਗਰੇਜ਼ਾਂ ਨੇ ਸਿਰਫ਼ ਨਿਹੰਗਾਂ ਤੇ ਕੂਕਿਆਂ ਵਰਗੇ ਸਿੰਘਾਂ ਨਾਲ ਕਰੜਾ ਵਰਤਾਰਾ ਰੱਖਿਆ। ਬਾਕੀ ਆਮ ਸਿੰਘਾਂ ਨੂੰ ਫ਼ੌਜ ਵਿਚ ਸਭ ਤੋਂ ਜ਼ਿਆਦਾ ਭਰਤੀ ਕਰ ਕੇ ਆਪਣੇ ਵਫਾਦਾਰ ਬਣਾ ਲਿਆ। ਸਰ ਜੋਨ ਲਾਰੰਸ ਨੇ ਕਰੀਬਨ 1000 ਸਿੱਖਾਂ ਨੂੰ ਅਲੱਗ-ਅਲੱਗ ਨਵੀਆਂ ਕੰਪਨੀਆਂ ਬਣਾ ਕੇ ਭਰਤੀ ਕੀਤਾ। ਸਿੱਖਾਂ ਨੇ ਭਾਈ ਗੁਰਦਾਸ ਜੀ ਦੇ ਤੁੱਕ 'ਲੂਣ ਸਾਹਿਬ ਦਾ ਖਾਇ ਕੈ ਰਣ ਅੰਦਰਿ ਲੜ ਮਰੈ ਸੁ ਜਾਪੈ' ਨੂੰ ਸੰਚ ਕਰਦੇ ਹੋਏ ਅੰਗਰੇਜ਼ਾਂ ਲਈ ਲੜਾਈਆਂ ਲੜ ਕੇ ਜਿੱਤੀਆਂ ਤੇ ਇਸ ਤਰ੍ਹਾਂ ਅੰਗਰੇਜ਼ਾਂ ਦੇ ਦਿਲਾਂ ਵਿਚ ਆਪਣੇ ਲਈ ਸਤਿਕਾਰ ਵਧਾਇਆ।
ਸਾਰਾਗੜ੍ਹੀ ਦੀ ਲੜਾਈ
ਮਿਸਾਲ ਦੇ ਤੌਰ 'ਤੇ 12 ਸਤੰਬਰ 1897 ਨੂੰ ਲੜੀ ਸਾਰਾ ਗੜ੍ਹੀ ਦੀ ਲੜਾਈ ਦੁਨੀਆਂ ਦੀਆਂ ਬੇਮਿਸਾਲ ਬਹਾਦਰੀ ਦੀਆਂ ਲੜਾਈਆ ਵਿਚ ਗਿਣੀ ਜਦੀ ਹੈ। ਸਾਰਾਗੜ੍ਹੀ ਪਾਕਿਸਤਾਨ ਦੇ ਕੁਰਾਟ ਜ਼ਿਲ੍ਹੇ ਦੀ ਸਰਹੱਦ 'ਤੇ ਲੋਕਹਾਰ ਤੇ ਗੁਲਿਸਤਾਨ ਦੇ ਕਿਲ੍ਹਿਆਂ ਵਿਚਾਲੇ ਇਕ ਛੋਟੀ ਜਿਹੀ ਗੜ੍ਹੀ ਸੀ ਜੋ 6000 ਫੁੱਟ ਦੀ ਉਚਾਈ 'ਤੇ ਕਬਾਇਲੀਆਂ ਉਤੇ ਨਜ਼ਰ ਰੱਖਣ ਲਈ ਬਣਾਈ ਗਈ ਸੀ। ਜਦੋਂ 10000 ਕਬਾਇਲੀਆਂ ਨੇ ਇਸ 'ਤੇ ਹਮਲਾ ਕੀਤਾ ਉਸ ਵਕਤ ਸ੍ਰ. ਈਸ਼ਰ ਸਿੰਘ ਦੀ ਕਮਾਨ ਹੇਠ 36 ਸਿੱਖ ਰੈਜੀਮੈਂਟ ਦੇ ਸਿਰਫ 21 ਸੈਨਿਕ ਸਨ। ਪਰ ਜਿਸ ਤਰ੍ਹਾਂ ਉਹ 21 ਸਿੱਖ ਲੜੇ ਤੇ 600 ਕਬਾਇਲੀਆਂ ਨੂੰ ਮਾਰ ਕੇ ਸਾਰੇ ਸ਼ਹੀਦ ਹੋ ਗਏ, ਉਸ ਨੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਇੰਗਲੈਂਡ ਦੀ ਪਾਰਲੀਮੈਂਟ ਵਿਚ ਸਭ ਨੇ ਖੜ੍ਹੇ ਹੋ ਕੇ ਸ਼ਹੀਦਾਂ ਨੂੰ ਯਾਦ ਕੀਤਾ। ਸਾਰਿਆਂ ਨੂੰ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਔਫ਼ ਮੈਰਿਟ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰ ਨੂੰ 500 ਰੁਪਏ ਨਕਦ ਤੇ 2-2 ਮੁਰੱਬੇ ਜ਼ਮੀਨ ਦੇ ਦਿੱਤੀ ਗਈ। ਇਸ ਲੜਾਈ ਨੂੰ ਬੱਚਿਆਂ ਦੀ ਕੋਰਸ ਕਿਤਾਬਾਂ ਵਿਚ ਸ਼ਾਮਿਲ ਕੀਤਾ ਗਿਆ, ਉਨ੍ਹਾਂ ਦੀ ਯਾਦ ਵਿਚ ਲੋਕਹਾਰਟ, ਅੰਮ੍ਰਿਤਸਰ ਤੇ ਫਿਰੋਜ਼ਪੁਰ ਸਮਾਰਕ ਬਣਾਏ ਗਏ। ਜਦ ਦੁਨੀਆਂ ਦੀਆਂ ਪਹਿਲੀ ਤੇ ਦੂਜੀ ਵੱਡੀਆਂ ਜੰਗਾਂ ਹੋਈਆਂ ਤਦ ਵੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਲੜਨ ਲਈ ਵਿਦੇਸ਼ ਵਿਚ ਭੇਜਿਆ ਤੇ ਉਥੇ ਵੀ ਉਨ੍ਹਾਂ ਨੇ ਆਪਣੀ ਸਫ਼ਲਤਾ ਤੇ ਵੀਰਤਾ ਦੇ ਝੰਡੇ ਗੱਡੇ। ਇਸ ਕਰਕੇ ਹੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਮਾਰਸ਼ਲ ਕੌਮ ਕਰਾਰ ਦਿੱਤਾ। ਉਨਾਂ ਲਈ ਮਕਾਨ ਬਣਵਾ ਕੇ ਅਲੱਗ ਕਲੋਨੀਆਂ ਬਣਵਾਈਆਂ ਉਨ੍ਹਾਂ ਦੀ ਰਹਿਤ ਮਰਿਯਾਦਾ ਨੂੰ ਮਿਲਟਰੀ ਅਨੁਸ਼ਾਸਨ ਦਾ ਹਿੱਸਾ ਬਣਾਇਆ ਤੇ ਵੱਡੇ-ਵੱਡੇ ਖਿਤਾਬ, ਪਦਵੀਆਂ, ਤਗਮੇ ਤੇ ਇਨਾਮ ਦਿੱਤੇ।