• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(21) Question:- ਅੰਗਰੇਜ਼ਾਂ ਨੂੰ ਪਹਿਲੀ ਅਤੇ ਦੂਜੀ ਵੱਡੀ ਜੰਗ ਵਿਚ ਜਿਤਾਉਣ ਲਈ ਸਿੱਖਾਂ ਨੇ ਕੀ ਯੋਗਦਾਨ ਪਾਇਆ?
Answer:- ਦੁਨੀਆਂ ਦੀ ਪਹਿਲੀ ਵੱਡੀ ਜੰਗ 1914 ਵਿਚ ਸ਼ੁਰੂ ਹੋਈ। ਅੰਗਰੇਜ਼ਾਂ ਦੇ ਵਿਰੁੱਧ ਲੜ ਰਹੇ ਸਨ ਜਰਮਨ ਤੇ ਤੁਰਕ ਲੋਕ। ਦੁਨੀਆਂ ਵਿਚ ਉਨ੍ਹਾਂ ਕਈ ਅਸਥਾਨਾਂ 'ਤੇ ਜਿੱਥੇ-ਜਿੱਥੇ ਲੜਾਈ ਹੋਈ, ਫਰਾਂਸ ਦੇ ਕਈ ਅਸਥਾਨ ਸ਼ਾਮਿਲ ਸਨ। ਫਰਾਂਸ ਵਿਚ ਜਰਮਨ ਸੈਨਾ ਦਾ ਪਲੜਾ ਭਾਰੀ ਸੀ ਤੇ ਅੰਗਰੇਜ਼ਾਂ ਦੀ ਹਾਲਤ ਖਰਾਬ। ਜਦ ਇਹ ਫੈਸਲਾ ਕੀਤਾ ਗਿਆ ਕਿ ਅੰਗਰੇਜ਼ਾਂ ਦੀ ਮਦਦ ਲਈ ਭਾਰਤ ਤੋਂ ਸੈਨਿਕ ਭੇਜੇ ਜਾਣ ਤਾਂ ਪੰਜਾਬ ਦੀਆਂ ਕਈ ਪਲਟਨਾਂ ਭੇਜਣ ਦਾ ਫੈਸਲਾ ਕੀਤਾ ਗਿਆ। ਫਰਾਂਸ ਦੇ ਮਰਸਿਲੀਜ਼ ਸ਼ਹਿਰ ਵਿਚ ਜਦ 26 ਸਤੰਬਰ 1914 ਨੂੰ 15ਵੀਂ ਲੁਧਿਆਣਾ ਸਿੱਖ ਬਟਾਲੀਅਨ ਦੇ ਸਿੱਖ ਸੈਨਿਕ ਪੁੱਜੇ, ਤਦ ਉਨ੍ਹਾਂ ਨੂੰ ਦੇਖ ਕੇ ਫਰਾਂਸ ਦੇ ਲੋਕ ਬਹੁਤ ਖੁਸ਼ ਹੋਏ ਤੇ ਸੁੱਖ ਦਾ ਸਾਹ ਲਿਆ। 27 ਸਤੰਬਰ ਨੂੰ ਹੋਰ ਪਲਟਣਾਂ ਵੀ ਪੁੱਜ ਗਈਆਂ ਜਿਨਾਂ ਵਿਚ 47ਵੀਂ ਸਿੱਖ ਬਟਾਲੀਅਨ ਵੀ ਸੀ।
ਲੰਬੇ ਉੱਚੇ ਸਿੱਖ ਨੌਜਵਾਨ ਸਭ ਨੂੰ ਹੈਰਾਨ ਕਰ ਰਹੇ ਸਨ। ਚੌੜੀਆਂ ਛਾਤੀਆਂ, ਦਾੜ੍ਹੀਆਂ ਤੇ ਸਿਰਾਂ 'ਤੇ ਪੱਗਾਂ ਵਾਲੇ ਇਹ ਲੋਕ ਉਥੋਂ ਦੇ ਲੋਕਾਂ ਨੂੰ ਆਪਣੇ ਤੋਂ ਵੱਡੇ ਨਜ਼ਰ ਆਉਂਦੇ ਸਨ। ਕਈ ਔਰਤਾਂ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਤੇ ਕਈਆਂ ਨੇ ਚੁੰਮਿਆ। ਲੋਕ ਉਨ੍ਹਾਂ ਦੇ ਪਿੱਛੇ-ਪਿੱਛੇ ਉਨ੍ਹਾਂ ਦੇ ਕੈਂਪਾਂ ਤੱਕ ਗਏ ਤਾਂ ਕਿ ਉਨ੍ਹਾਂ ਨੂੰ ਕੰਮ ਕਰਦੇ ਦੇਖਣ ਤੇ ਉਨ੍ਹਾਂ ਦੇ ਕੰਮ ਆ ਸਕਣ। ਉਥੋਂ ਦੇ ਲੋਕਾਂ ਦਾ ਭਰੋਸਾ ਵਧ ਗਿਆ ਤੇ ਉਨ੍ਹਾਂ ਦੇ ਇਸ ਦੇ ਵਿਸ਼ਵਾਸ ਨੂੰ ਸਿੱਖਾਂ ਨੇ ਆਪਣੀ ਬਹਾਦਰੀ ਦਿਖਾ ਕੇ ਪੂਰਾ ਕੀਤਾ। ਲੜਾਈ ਯਪਰਸ ਦੀ ਸੀ ਜਾਂ ਨਿਉਵੇ ਚੈਪਲ ਦੀ, ਹਰ ਜਗ੍ਹਾ ਸਿੱਖ ਡੱਟ ਕੇ ਲੜੇ। ਸੁਰੰਗਾਂ ਵਿਚ ਰਹੇ, ਚਿੱਕੜ ਵਿਚ ਰਹੇ, ਪਰ ਹਿੰਮਤ ਨਹੀਂ ਛੱਡੀ। ਆਪਣੇ ਮੁਲਕ ਤੋਂ ਹਜ਼ਾਰਾਂ ਮੀਲ ਦੂਰ ਵਿਦੇਸ਼ੀਆਂ ਦੀ ਧਰਤੀ 'ਤੇ ਆਪਣੇ ਨਮਕ ਨੂੰ ਹਲਾਲ ਕਰਦੇ ਹੋਏ ਮਰ ਗਏ ਪਰ ਆਪਣੀ ਆਣ ਬਾਨ ਤੇ ਮਰਯਾਦਾ ਨਾਲ ਰਹੇ। ਅੱਜ ਵੀ ਸੈਂਕੜੇ ਸ਼ਹੀਦ ਸਿੰਘਾਂ ਦੇ ਨਾਮ ਵਿਦੇਸ਼ ਵਿਚ ਬਣੇ ਸਮਾਰਕਾਂ 'ਤੇ ਦੇਖੇ ਜਾ ਸਕਦੇ ਹਨ। ਹਵਾਲਦਾਰ ਗੱਜਣ ਸਿੰਘ, ਸਿਪਾਹੀ ਰੂਪ ਸਿੰਘ, ਸਿਪਾਹੀ ਪੂਰਨ ਸਿੰਘ ਤੇ ਈਸ਼ਰ ਸਿੰਘ ਸਾਰਿਆਂ ਨੂੰ ਬਹਾਦਰੀ ਦੇ ਉੱਚ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ। ਐਸੇ ਸਿੰਘਾਂ ਦੀ ਯਾਦ ਵਿਚ ਅੱਜ ਵੀ ਹਰ ਸਾਲ (ਬੈਲਜ਼ੀਅਮ ਵਿਚ) ਜਲੂਸ ਕੱਢਿਆ ਜਾਂਦਾ ਹੈ। ਇਹ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਫਰਾਂਸੀਸੀਆਂ ਲਈ ਸਿੱਖਾਂ ਨੇ ਜਾਨਾਂ ਦਿੱਤੀਆਂ ਸਨ, ਅੱਜ ਉਸੇ ਫਰਾਂਸ ਦੇਸ਼ ਵਿਚ ਸਕੂਲਾਂ ਵਿਚ ਉਨ੍ਹਾਂ ਨੂੰ ਦਸਤਾਰ ਸਜਾਉਣ ਦੀ ਰੋਕ ਹੈ। ਸਿੱਖ ਆਪਣੀ ਧਾਰਮਿਕ ਪਹਿਚਾਣ ਲਈ ਉਥੇ ਜਦੋ ਜਹਿਦ ਕਰ ਰਹੇ ਹਨ।
ਗੈਲੀਪੋਲੀ ਦੀ ਜੰਗ
ਸਿੱਖ ਪਹਿਲੀ ਵੱਡੀ ਜੰਗ ਵਿਚ ਸਿਰਫ਼ ਜਰਮਨਾਂ ਵਿਰੁੱਧ ਹੀ ਨਹੀਂ ਲੜੇ ਬਲਕਿ ਤੁਰਕਾਂ ਵਿਰੁੱਧ ਵੀ ਘਮਸਾਨ ਯੁੱਧ ਕੀਤੇ। ਗੈਲੀਪੋਲੀ ਦੀ ਜੰਗ ਨੂੰ ਕਦੀ ਵੀ ਨਹੀਂ ਭੁਲਾਇਆ ਜਾ ਸਕਦਾ। ਇਹ ਲੜਾਈ ਜੂਨ ਦੇ ਪਹਿਲੇ ਹਫਤੇ 1915 ਵਿਚ ਲੜੀ ਗਈ ਸੀ। ਸਿੱਖਾਂ ਨੂੰ ਤੁਰਕਾਂ ਤੋਂ 2 ਸੁਰੰਗ ਲਾਈਨਾਂ ਖਾਲੀ ਕਰਾਉਣ ਦਾ ਕੰਮ ਦਿੱਤਾ ਗਿਆ ਸੀ ਤੇ ਸਿੰਘਾਂ ਨੇ ਆਪਣੀ ਜਾਨ 'ਤੇ ਖੇਡਦੇ ਇਹ ਕੰਮ ਨੇਪਰੇ ਚਾੜ੍ਹਿਆ। ਜਨਰਲ ਹੈਮਿਲਟਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਸਿੱਖਾਂ ਨੇ ਬਗੈਰ ਕਿਸੇ ਘਬਰਾਹਟ ਜਾਂ ਥਕਾਵਟ ਦਿਖਾਏ ਜਿਸ ਤਰ੍ਹਾਂ 11 ਤੇ 13 ਨੰਬਰ ਦੀਆਂ ਇਹ ਸੁਰੰਗਾਂ ਲਾਈਨਾਂ ਤੁਰਕਾਂ ਤੋਂ ਆਜ਼ਾਦ ਕਰਵਾਈਆਂ ਸਨ, ਉਹੋ ਜਿਹੀ ਬਹਾਦਰੀ ਦੀ ਮਿਸਾਲ ਕਿਤੇ ਨਹੀਂ ਮਿਲਦੀ। 14ਵੀਂ ਸਿੱਖ ਬਟਾਲੀਅਨ ਦੇ ਸੈਨਿਕਾਂ ਦਾ ਇਹ ਕਾਰਨਾਮਾ ਪਹਿਲੀ ਵੱਡੀ ਜੰਗ ਦੀ ਇਕ ਬਹੁਤ ਵੱਡੀ ਉਪਲਬਧੀ ਸੀ। ਆਰ.ਏ. ਸੇਵੋਰੀ ਜੋ ਉਸ ਵੇਲੇ ਸੈਕਿੰਡ ਲੈਫਟੀਨੈਂਟ ਸੀ ਤੇ ਬਾਅਦ ਵਿਚ ਲੈਫਟੀਨੈਂਟ ਜਨਰਲ ਬਣ ਕੇ ਰਿਟਾਇਰ ਹੋਇਆ ਸੀ, ਨੇ ਸਿੱਖ ਦੀ ਤਾਰੀਫ਼ ਕਰਦੇ ਹੋਏ ਉਦੇ ਸਿੰਘ ਦੇ ਨਾਮ ਦਾ ਖਾਸ ਜ਼ਿਕਰ ਕੀਤਾ ਸੀ ਜਿਸ ਨੇ 3-4 ਜੂਨ ਨੂੰ ਹੋਈ ਇਸ ਘਮਸਾਨ ਜੰਗ ਵਿਚ ਉਸ ਦੀ ਜਾਨ ਬਚਾਈ ਸੀ। ਜਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੌਤ ਦੇ ਬਿਲਕੁਲ ਨਜ਼ਦੀਕ ਸੀ ਤਾਂ ਬਟਾਲੀਅਨ ਦਾ ਇਹ ਤਗੜਾ ਪਹਿਲਵਾਨ ਸਿੱਖ ਫੁਰਤੀ ਨਾਲ ਉਸ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਸੁਰੱਖਿਅਤ ਜਗ੍ਹਾ 'ਤੇ ਲੈ ਗਿਆ ਸੀ।
ਜਦ ਸੇਵੋਰੀ 1968 ਵਿਚ ਬਟਾਲੀਅਨ ਦੀ ਇਕ ਕਲਰ ਸੈਰੀਮਨੀ 'ਤੇ ਖਾਸ ਮਹਿਮਾਨ ਵਜੋਂ ਭਾਰਤ ਆਇਆ ਸੀ ਤਾਂ ਉਥੇ ਉਸ ਦੀ ਮੁਲਾਕਾਤ ਗੈਲੀਪੋਲੀ ਦੇ ਇਕ ਹੋਰ ਬਹਾਦਰ ਸਿੱਖ ਭੋਲਾ ਸਿੰਘ ਨਾਲ ਹੋਈ। ਲਾਂਸਨਾਇਕ ਭੋਲਾ ਸਿੰਘ ਵੀ ਇਸ ਲੜਾਈ ਵਿਚ ਜ਼ਖਮੀ ਹੋ ਗਿਆ ਸੀ ਉਥੇ ਸੇਵੋਰੀ ਨੇ ਇਕ ਵਾਰ ਫੇਰ ਸਿੱਖਾਂ ਦੀ ਬਹਾਦਰੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਤੇ ਉਸ ਵੇਲੇ ਦੀ ਅਪਣੀ ਬਟਾਲੀਅਨ ਫਿਉਜਲਰ ਵਲੋਂ ਇਕ ਚਾਂਦੀ ਦੀ ਯਾਦਗਾਰੀ ਪਲੇਟ ਵੀ ਦਿੱਤੀ ਜੋ ਉਨ੍ਹਾਂ ਲਈ ਇਕ ਸਦੀਵੀ ਯਾਦਗਾਰ ਬਣ ਕੇ ਰਹੇਗੀ। ਸੇਵੋਰੀ ਨੇ ਅੰਤ ਵਿਚ 'ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।' ਦਾ ਜੈਕਾਰਾ ਛੱਡ ਕੇ ਸਿੱਖਾਂ ਦੇ ਮਨ ਨੂੰ ਮੋਹ ਲਿਆ।
ਦੂਸਰੀ ਵੱਡੀ ਜੰਗ
ਦੂਸਰੀ ਵੱਡੀ ਜੰਗ ਵਿਚ ਵੀ ਸਿੱਖ ਅੰਗਰੇਜ਼ਾਂ ਵਲੋਂ ਮਿਸਰ ਵਿਚ ਅਤੇ ਮਲਾਯਾ ਵਿਚ ਬੜੀ ਬਹਾਦਰੀ ਨਾਲ ਲੜੇ। ਜਿੱਥੇ ਮਿਸਰ ਵਿਚ ਜਰਮਨਾਂ ਨਾਲ ਮੁਕਾਬਲਾ ਸੀ ਉਥੇ ਮਲਾਯਾ ਵਿਚ ਜਾਪਾਨੀ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੇ ਸਨ। ਮਲਾਯਾ ਵਿਚ ਨਿਯੋਰ ਦੀ ਲੜਾਈ ਵਿਚ ਸਿੱਖਾਂ ਨੇ ਜਿੰਨੇ ਜਾਪਾਨੀ ਮਾਰੇ ਸਨ, ਉਹ ਇਸ ਵੱਡੀ ਜੰਗ ਦੀ ਖਾਸ ਖਬਰ ਸੀ। ਸਿੱਖਾਂ ਦੀ 5ਵੀਂ ਬਟਾਲੀਅਨ ਦਾ ਇਹ ਕਾਰਨਾਮਾ ਉਨ੍ਹਾਂ ਲਈ ਬਹੁਤ ਸਨਮਾਨ ਲੈ ਕੇ ਆਇਆ। ਬਾਅਦ ਵਿਚ ਏਹੀ ਬਟਾਲੀਅਨ ਸਿੰਗਾਪੁਰ ਭੇਜੀ ਗਈ ਸੀ ਤੇ ਉਥੇ ਵੀ ਉਨ੍ਹਾਂ ਨੂੰ ਜਾਪਾਨੀਆਂ ਨਾਲ ਟੱਕਰ ਲੈਣੀ ਪਈ। ਇਕ ਜਗ੍ਹਾ ਜਿੱਥੇ ਜੰਗਲ ਤੇ ਝਾੜੀਆਂ ਤੋਂ ਇਲਾਵਾ ਕੁਝ ਵੀ ਨਹੀਂ ਸੀ, ਨਾ ਕੋਈ ਰਸਤਾ ਪਤਾ ਸੀ, ਜਾਪਾਨੀਆਂ ਨੇ ਸਿੰਘਾਂ 'ਤੇ ਮੁਸਲਮਾਨਾਂ ਦੀ ਮਿਲੀ-ਜੁਲੀ ਬਟਾਲੀਅਨ ਨੂੰ ਘੇਰ ਕੇ ਉਨ੍ਹਾਂ 'ਤੇ ਬਰੂਦ ਦੀ ਬਾਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਸਤਿ ਸ੍ਰੀ ਅਕਾਲ ਤੇ ਯਾ ਅਲੀ ਦੇ ਜੈਕਾਰੇ ਗੁੰਜਾਉਂਦੇ ਹੋਏ ਸਾਡੇ ਜਵਾਨ ਜਪਾਨੀਆਂ ਨੂੰ ਟੁੱਟ ਕੇ ਪੈ ਗਏ। ਅੱਧੇ ਘੰਟੇ ਦੀ ਲੜਾਈ ਬਾਅਦ ਜਾਪਾਨੀ ਉਥੋਂ ਹੱਟ ਗਏ। ਸਿੱਖਾਂ ਦੀ 11ਵੀਂ ਰੈਜੀਮੈਂਟ ਨੇ ਵੀ ਜਪਾਨੀਆਂ ਨਾਲ ਰੰਗੂਨ ਵਿਚ ਲੋਹਾ ਲਿਆ। ਰੰਗੂਨ ਤੋਂ ਇੰਫਾਲ ਜਾਂਦੇ ਹੋਏ ਜੋ ਲੜਾਈ ਅੰਗ ਲਾਤੋਨਵੀ ਦੇ ਅਸਥਾਨ 'ਤੇ ਹੋਈ ਉਸਨੇ ਦੂਜੀ ਵੱਡੀ ਜੰਗ ਦਾ ਰੁਖ਼ ਹੀ ਬਦਲ ਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਅੰਗਰੇਜ਼ ਤੇ ਉਨ੍ਹਾਂ ਦੇ ਸਾਥੀਆਂ ਦੀ ਜਿੱਤ ਦੇ ਆਸਾਰ ਸਪੱਸ਼ਟ ਰੂਪ ਵਿਚ ਨਜ਼ਰ ਆਉਣ ਲੱਗੇ।
ਨਾਇਕ ਨੰਦ ਸਿੰਘ ਤੇ ਹੋਰ ਸਿੱਖਾਂ ਨੂੰ ਸਨਮਾਨ
ਨਾਇਕ ਨੰਦ ਸਿੰਘ ਦੀ ਬਹਾਦਰੀ ਦੀ ਕਹਾਣੀ ਤਾਂ ਇਸ ਜੰਗ ਦੀਆਂ ਖਾਸ ਉਪਲਬਧੀਆਂ ਵਿਚ ਗਿਣੀ ਜਾਂਦੀ ਹੈ। ਉਸ ਨੇ ਅਰਕਾਨ ਦੇ ਇਲਾਕੇ ਵਿਚ ਪੈਂਦੀ ਕਲਮਾਜਿਨ ਘਾਟੀ ਵਿਚ ਇਕੱਲੇ ਨੇ 7 ਜਾਪਾਨੀਆਂ ਨੂੰ ਮਾਰ ਕੇ ਲਾਈਨਾਂ ਖਾਲੀ ਕਰਵਾਈਆਂ ਸਨ। ਉਸ ਨੇ ਜਿਸ ਤਰ੍ਹਾਂ ਭਾਰੀ ਬੰਬਾਰੀ ਦੇ ਬਾਵਜੂਦ ਰੇਂਗ ਕੇ ਇਨ੍ਹਾਂ ਤੇ ਕਬਜ਼ਾ ਕੀਤਾ ਸੀ, ਉਸ ਬਹਾਦਰੀ ਦੇ ਕਾਰਨਾਮੇ ਵਜੋਂ ਉਸ ਨੂੰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਸ. ਕਰਮਜੀਤ ਸਿੰਘ ਜੱਜ ਨੂੰ ਵੀ ਵਿਕਟੋਰੀਆ ਕਰਾਸ ਦਿੱਤਾ ਗਿਆ ਸੀ। ਉਹ 15ਵੀਂ ਪੰਜਾਬ ਰੈਜੀਮੈਂਟ ਦੀ ਚੌਥੀ ਬਟਾਲੀਅਨ ਵਿਚ ਲੈਫਟੀਨੈਂਟ ਸੀ। ਹੋਰ ਸਿੱਖਾਂ ਵਿਚ ਜਿਨਾਂ ਨੂੰ ਸਨਮਾਨ ਦਿੱਤੇ ਗਏ ਸ੍ਰੀ ਪ੍ਰਕਾਸ਼ ਸਿੰਘ ਤੇ ਨਾਇਕ ਗਿਆਨ ਸਿੰਘ ਦੇ ਨਾਮ ਵਰਨਣ ਯੋਗ ਹਨ। ਦੋਨਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਵਿਕਟੋਰੀਆ ਕਰਾਸ ਦਿੱਤਾ ਗਿਆ ਸੀ।
ਬਹਾਦਰੀ ਨਾਲ ਲੜਨ ਤੋਂ ਇਲਾਵਾ ਸਿੱਖਾਂ ਨੇ ਆਪਣੇ ਸਾਥੀਆਂ ਨੂੰ ਬਚਾਉਣ ਦਾ ਜੋ ਕੰਮ ਕੀਤਾ, ਉਸਦੀ ਸ਼ਲਾਘਾ ਜਿੰਨੀ ਕੀਤੀ ਜਾਏ ਘੱਟ ਹੈ। ਜਦ ਵੀ ਕਿਸੇ ਵੱਡੇ ਅਫਸਰ ਦੀ ਜਾਨ ਖਤਰੇ ਵਿਚ ਹੁੰਦੀ ਸੀ ਤਾਂ ਉਸ ਨਾਲ ਜੁੜੇ ਹੋਏ ਸਿੱਖ ਸਿਪਾਹੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਸ ਨੂੰ ਬਚਾਉਂਦੇ ਸਨ। ਕੈਪਟਨ ਮਾਨਕ ਸ਼ਾਹ ਜੋ ਬਾਅਦ ਵਿਚ ਭਾਰਤੀ ਫ਼ੌਜ ਦਾ ਚੀਫ਼ ਬਣਿਆ, ਇਸ ਦੂਸਰੀ ਵੱਡੀ ਜੰਗ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸਦੇ ਅਰਦਲੀ ਸ੍ਰ. ਮੇਹਰ ਸਿੰਘ ਨੇ ਜ਼ਖਮੀ ਤੇ ਬੇਹੋਸ਼ੀ ਦੀ ਹਾਲਤ ਵਿਚ ਚੁੱਕ ਕੇ ਝਾੜੀਆਂ ਵਿਚ ਦੁਸ਼ਮਨਾਂ ਤੋਂ ਛਿਪਾਇਆ। ਜਦ ਮਾਨਕ ਸ਼ਾਹ ਨੂੰ ਹੋਸ਼ ਆਇਆ ਤਾਂ ਉਸਨੇ ਜਵਾਨ ਮੇਹਰ ਸਿੰਘ ਨੂੰ ਕਿਹਾ ਕਿ ਉਹ ਤੇ ਹੁਣ ਬਚ ਨਹੀਂ ਸਕਦਾ, ਸੋ ਉਹ ਆਪਣੇ ਪਰਿਵਾਰ ਕੋਲ ਚਲਾ ਜਾਵੇ। ਮੇਹਰ ਸਿੰਘ ਨੇ ਜਵਾਬ ਦਿੱਤਾ ਕਿ ਜਦ ਤੱਕ ਉਸ ਦੀਆਂ ਰਗਾਂ ਵਿਚ ਖੂਨ ਦੌੜਦਾ ਹੈ ਉਹ ਕੈਪਟਨ ਨੂੰ ਛੱਡ ਕੇ ਨਹੀਂ ਜਾਵੇਗਾ। ਰਾਤੋ-ਰਾਤ ਮੇਹਰ ਸਿੰਘ ਨੇ ਕੈਪਟਲ ਸੈਮ ਨੂੰ ਫੀਲਡ ਹਸਪਤਾਲ ਪਹੁੰਚਾਇਆ ਜਿੱਥੇ ਟੈਂਟ ਵਿਚ ਇਕ ਆਸਟ੍ਰੇਲੀਆ ਸਰਜਨ ਨੇ ਕੈਪਟਨ ਦੇ ਪੇਟ, ਫੇਫੜਿਆਂ ਤੇ ਲਿਵਰ ਵਿਚੋਂ 6 ਗੋਲੀਆਂ ਕੱਢ ਕੇ ਸਫਲ ਅਪ੍ਰੇਸ਼ਨ ਕੀਤਾ।
ਦੁਸ਼ਮਨਾਂ ਦੀ ਕੈਦ ਵਿਚ
ਬਹੁਤ ਸਾਰੇ ਸਿੱਖ ਦੁਸ਼ਮਨ ਦੁਆਰਾ ਫੜੇ ਵੀ ਜਾਂਦੇ ਸਨ ਤੇ ਉਥੇ ਉਨ੍ਹਾਂ ਨੂੰ ਬਹੁਤ ਤਕਲੀਫਾਂ ਦਿੱਤੀਆਂ ਜਾਂਦੀਆਂ ਸਨ। ਪਰ ਸਿੱਖਾਂ ਨੇ ਕਦੀ ਕੋਈ ਕਮਜ਼ੋਰੀ ਨਹੀਂ ਦਿਖਾਈ ਤੇ ਆਪਣੀ ਇਮਾਨਦਾਰੀ ਤੇ ਦ੍ਰਿੜ੍ਹ ਰਹੇ। ਇਸ ਸੰਦਰਭ ਵਿਚ ਹਰਬਖਸ਼ ਸਿੰਘ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਇਸ ਮਹਾਂ ਯੁੱਧ ਵਿਚ ਉਹ ਪੰਜਵੀਂ ਸਿੱਖ ਬਟਾਲੀਅਨ ਦੀ ਕੰਪਨੀ ਦਾ ਕਮਾਂਡਰ ਸੀ। ਮਲਾਯਾ ਵਿਚ ਉਹ ਐਨਾ ਜ਼ਖਮੀ ਹੋ ਗਿਆ ਸੀ ਕਿ ਉਸਦੇ ਸਰੀਰ ਵਿਚ ਪਾਈ ਲੋਹੇ ਦੀ ਪਲੇਟ ਉਮਰ ਭਰ ਉਸ ਨੂੰ ਇਸ ਘਟਨਾ ਦੀ ਯਾਦ ਕਰਾਉਂਦੀ ਰਹੀ। ਜਦ ਜਨਰਲ ਪਰਸੀਵਲ ਨੇ ਜਪਾਨੀਆਂ ਦਾ ਬੰਦੀ ਬਣ ਗਿਆ। ਤਿੰਨ ਸਾਲ ਉਸ ਜੇਲ੍ਹ ਵਿਚ ਬੜੀ ਤਕਲੀਫ਼ ਦੇ ਸਾਲ ਸਨ। ਨਾ ਖਾਣ ਨੂੰ ਠੀਕ ਖੁਰਾਕ ਤੇ ਨਾ ਕੋਈ ਸਹੂਲਤ। 1945 ਵਿਚ ਕੈਦ ਵਿਚੋਂ ਰਿਹਾਅ ਹੋਣ ਤੋਂ ਬਾਅਦ ਉਸ ਨੂੰ ਕਾਫੀ ਦੇਰ ਹਸਪਤਾਲ ਰਹਿ ਕੇ ਸਰੀਰਕ ਤੇ ਮਾਨਸਿਕ ਤਕਲੀਫਾਂ ਦਾ ਇਲਾਜ ਕਰਵਾਉਣ ਪਿਆ। ਬਾਅਦ ਵਿਚ ਜਨਰਲ ਹਰਬਖਸ਼ ਸਿੰਘ ਭਾਰਤੀ ਸੈਨਾ ਦਾ ਬੇਹਤਰੀਨ ਕਮਾਂਡਰ ਸਾਬਤ ਹੋਇਆ। ਸੋ ਹਰ ਪੱਖੋਂ ਦੋਨੋਂ ਵੱਡੀਆਂ ਜੰਗਾਂ ਵਿਚ ਸਿੱਖਾਂ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਸੀ।
(22) Question:- ਜੇ ਸਿੱਖ ਅੰਗਰੇਜ਼ਾਂ ਲਈ ਲੜ ਰਹੇ ਸਨ ਤਾਂ ਕੀ ਉਨ੍ਹਾਂ ਦਾ ਯੋਗਦਾਨ ਭਾਰਤ ਦੀ ਸੁਤੰਤਰਤਾ ਦੀ ਲੜਾਈ ਵਿਚ ਕੁਝ ਨਹੀਂ ਸੀ?
Answer:- ਇਸ ਛੋਟੀ ਜਿਹੀ ਸਿੱਖਾਂ ਦੀ ਕੌਮ ਦੀ ਇਹ ਗੱਲ ਹੀ ਕਮਾਲ ਦੀ ਹੈ ਕਿ ਉਨ੍ਹਾਂ ਨੇ ਹਰ ਜਗ੍ਹਾ ਬੇ-ਮਿਸਾਲ ਕੰਮ ਤੇ ਕੁਰਬਾਨੀਆਂ ਕਰ ਕੇ ਭਾਰਤ ਦੇ ਇਤਿਹਾਸ ਵਿਚ ਅਪਣੇ ਲਈ ਇਕ ਨਵੇਕਲੀ ਜਗ੍ਹਾ ਬਣਾਈ। ਜਿੱਥੇ ਸੈਨਿਕ ਆਪਣੇ ਮਾਲਕਾਂ ਲਈ ਕਮਾਲ ਦਾ ਲੜੇ, ਉਥੇ ਹੀ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜਨ ਵਿਚ ਵੀ ਪਿੱਛੇ ਨਹੀਂ ਰਹੇ। ਸੱਚ ਤਾਂ ਇਹ ਹੈ ਕਿ ਮਹਾਰਾਜ ਸਿੰਘ ਤੇ ਬਾਬਾ ਰਾਮ ਸਿੰਘ ਵਰਗੇ ਸਿੱਖ ਇਸ ਲੜਾਈ ਦੇ ਮੋਢੀ ਸਨ। ਕੂਕਿਆਂ ਦੀ ਕੁਰਬਾਨੀ ਦੇਸ਼ ਦੀ ਆਜ਼ਾਦੀ ਲਈ ਹੀ ਤਾਂ ਸੀ। ਜਲ੍ਹਿਆਂ ਵਾਲੇ ਬਾਗ ਵਿਚ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਮਰਨ ਵਾਲੇ ਲੋਕਾਂ ਵਿਚ ਜ਼ਿਆਦਾ ਗਿਣਤੀ ਸਿੱਖਾਂ ਦੀ ਸੀ। ਇਸ ਕਾਂਡ ਨੇ ਆਜ਼ਾਦੀ ਦੀ ਲਹਿਰ ਨੂੰ ਤੇਜ਼ ਕਰ ਦਿੱਤਾ। ਸ੍ਰ. ਊਧਮ ਸਿੰਘ ਨੇ ਇੰਗਲੈਂਡ ਜਾ ਕੇ ਇਸ ਸਾਕੇ ਦੇ ਹੁਕਮ ਦੇਣ ਵਾਲੇ ਡਾਇਰ ਨੂੰ ਮਾਰ ਕੇ ਬਦਲਾ ਲਿਆ ਤੇ ਫਾਂਸੀ ਦੀ ਸਜ਼ਾ ਪਾਈ। ਭਗਤ ਸਿੰਘ ਨੇ ਅਸੈਂਬਲੀ ਵਿਚ ਬੰਬ ਸੁੱਟਿਆ ਤੇ ਸ਼ਾਹੀ ਖਜ਼ਾਨੇ ਨੂੰ ਲੁੱਟ ਕੇ ਅੰਗਰੇਜ਼ਾਂ ਨੂੰ ਦੇਸ਼ ਛੱਡ ਕੇ ਜਾਣ ਲਈ ਕਿਹਾ ਤੇ ਆਪਣੇ 2 ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਆਪਣੇ ਚਾਚਾ ਸ੍ਰ. ਅਜੀਤ ਸਿੰਘ ਦਾ ਦਿੱਤਾ ਗੀਤ 'ਮੇਰਾ ਰੰਗ ਦੇ ਬਸੰਤੀ ਚੋਲਾ' ਗਾਉਂਦੇ ਹੋਏ ਚਿਹਰੇ 'ਤੇ ਮੁਸਕਰਾਹਟ ਲੈ ਕੇ ਫਾਂਸੀ 'ਤੇ ਝੂਲ ਗਿਆ। ਸ. ਅਜੀਤ ਸਿੰਘ ਨੇ ਪੰਜਾਬੀਆਂ ਨੂੰ 'ਪੱਗੜੀ ਸੰਭਾਲ ਜੱਟਾ' ਦਾ ਗੀਤ ਦੇ ਕੇ ਆਜ਼ਾਦੀ ਨਾਲ ਆਪਣੇ ਸਨਮਾਨ ਭਰੇ ਜੀਵਨ ਲਈ ਪ੍ਰੇਰਿਆ ਸੀ। ਸ੍ਰ. ਅਜੀਤ ਸਿੰਘ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਕੇ ਰੰਗੂਨ ਭੇਜ ਦਿੱਤਾ ਸੀ। ਬੱਬਰ ਅਕਾਲੀ ਕਿਸ਼ਨ ਸਿੰਘ ਗੜਗੱਜ ਤੇ ਈਸ਼ਰ ਸਿੰਘ ਵੀ ਆਜ਼ਾਂਦੀ ਲਈ ਫਾਂਸੀ 'ਤੇ ਚੜ੍ਹ ਗਏ ਸਨ।
ਕਾਮਾਗਾਟਾ ਮਾਰੂ
ਵਿਦੇਸ਼ਾਂ ਵਿਚ ਵੀ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕੀਤਾ। ਸਾਨ ਫਰਾਂਸਿਸਕੋ ਵਿਚ ਗਦਰ ਮੂਵਮੈਂਟ ਸ਼ੁਰੂ ਕਰ ਕੇ ਗਦਰ ਨਾਂ ਦਾ ਪੇਪਰ ਅਮਰੀਕਾ, ਕੈਨੇਡਾ, ਸ਼ੰਘਾਈ, ਹਾਂਗਕਾਂਗ, ਸਿੰਗਾਪੁਰ, ਮਲਾਇਆ ਤੇ ਹੋਰ ਕਈ ਦੇਸ਼ਾਂ ਵਿਚ ਵੰਡਿਆ। ਬਾਬਾ ਸੋਹਨ ਸਿੰਘ ਭਕਨਾ, ਭਾਈ ਕੇਸਰ ਸਿੰਘ, ਭਾਈ ਹਰਨਾਮ ਸਿੰਘ ਅਤੇ ਬਾਬਾ ਭਗਤ ਸਿੰਘ ਬਿਲਗਾ ਆਦਿ ਅਜਿਹੇ ਗਦਰੀ ਸਨ ਜਿਨ੍ਹਾਂ ਨੇ ਆਜ਼ਾਦੀ ਦੀ ਲਹਿਰ ਦੀ ਗੂੰਜ ਹਿੰਦੁਸਤਾਨ ਤੋਂ ਬਾਹਰ ਕਈ ਦੇਸ਼ਾਂ ਵਿਚ ਪਹੁੰਚਾਈ। ਇਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਬਾਬਾ ਭਗਤ ਸਿੰਘ ਬਿਲਗਾ 102 ਵਰ੍ਹਿਆਂ ਦੀ ਲੰਮੀ ਉਮਰ ਬਾਅਦ ਥੋੜੇ ਦਿਨ ਹੋਏ ਹੁਣੇ ਇੰਗਲੈਂਡ ਵਿਚ ਗੁਜ਼ਰ ਗਏ ਸਨ। ਸ੍ਰ. ਕਰਤਾਰ ਸਿੰਘ ਸਰਾਭਾ ਬਰਕਲੇ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਸ ਨੇ ਪੜ੍ਹਾਈ ਛੱਡ ਕੇ ਗਦਰ ਮੂਵਮੈਂਟ ਵਿਚ ਹਿੱਸਾ ਲਿਆ ਤੇ 19 ਸਾਲ ਦੀ ਛੋਟੀ ਜਿਹੀ ਉਮਰ ਵਿਚ ਹੀ ਫਾਂਸੀ 'ਤੇ ਚੜ੍ਹਾਇਆ ਗਿਆ।
ਕਾਮਾਗਾਟਾ ਮਾਰੂ ਬਾਬਾ ਗੁਰਦਿੱਤ ਸਿੰਘ ਦਾ ਉਹ ਜਹਾਜ਼ ਸੀ ਜਿਸ ਦਾ ਕੈਨੇਡਾ ਵਿਚ ਗੋਲੀਆਂ ਨਾਲ ਸਵਾਗਤ ਕੀਤਾ ਗਿਆ ਸੀ। ਇਸ ਜਹਾਜ਼ ਦੇ ਸ਼ਹੀਦਾਂ ਦੀ ਕਹਾਣੀ ਆਜ਼ਦੀ ਦੀ ਪ੍ਰਾਪਤੀ ਲਈ ਲਹੂ-ਭਿੱਜੀ ਘਟਨਾ ਹੈ। ਜਦ ਦੂਜੀ ਵੱਡੀ ਜੰਗ ਚੱਲ ਰਹੀ ਸੀ ਤਾਂ ਜਨਰਲ ਮੋਹਨ ਸਿੰਘ ਨੇ 'ਆਜ਼ਾਦ ਹਿੰਦ ਫ਼ੌਜ' ਦੀ ਸਥਾਪਨਾ ਕੀਤੀ ਤੇ ਇਸ ਵਿਚ ਸ਼ਾਮਿਲ ਹੋਣ ਵਾਲੇ ਵੀ ਜ਼ਿਆਦਾਤਰ ਸਿੱਖ ਸਨ। ਜਿਨ੍ਹਾਂ ਨੂੰ ਜਲਾਵਤਨ ਕੀਤਾ ਗਿਆ ਬਰਮਾ, ਸਿੰਗਾਪੁਰ, ਜਾਂ ਕਾਲੇ ਪਾਣੀ, ਉਨ੍ਹਾਂ ਵਿਚੋਂ ਬਹੁਤ ਸਿੱਖ ਸਨ। ਇਹ ਵੀ ਅੰਦਾਜ਼ਾ ਹੈ ਕਿ 126 ਵਿਅਕਤੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਉਨ੍ਹਾਂ ਵਿਚੋਂ 93 ਸਿੱਖ ਸਨ।
(23) Question:- ਗੁਰਦੁਆਰਾ ਸੁਧਾਰ ਲਹਿਰ ਬਾਰੇ ਜਾਣਕਾਰੀ ਦਿਉ। ਕੀ ਇਹ ਲਹਿਰ ਆਜ਼ਾਦੀ ਦੀ ਲੜਾਈ ਦਾ ਹਿੱਸਾ ਸੀ?
Answer:- ਸਿੱਖਾਂ ਦੁਆਰਾ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਮੂਵਮੈਂਟ ਦੀ ਆਜ਼ਾਦੀ ਦੀ ਲਹਿਰ ਦਾ ਹੀ ਇਕ ਅੰਗ ਸੀ। ਜਿਹੜੇ ਗੁਰਦੁਆਰਿਆਂ ਦੀ ਦੇਖ-ਭਾਲ ਕਰਦੇ ਸਨ ਉਹ ਉਨ੍ਹਾਂ ਨੂੰ ਆਪਣੀ ਜਾਇਦਾਦ ਸਮਝਣ ਲੱਗ ਗਏ ਸਨ। ਇਹ ਸਭ ਪੁਜਾਰੀ ਤੇ ਮਹੰਤ ਬਜਾਏ ਧਰਮ ਪ੍ਰਚਾਰ ਦੇ ਗੁਰਦੁਆਰਿਆਂ ਦੀ ਕੁਵਰਤੋਂ ਕਰ ਰਹੇ ਸਨ। ਅੰਗਰੇਜ਼ ਸਰਕਾਰ ਇਨ੍ਹਾਂ ਨੂੰ ਸ਼ਹਿ ਦੇਂਦੀ ਸੀ ਤਾਂ ਕਿ ਗੁਰਦੁਆਰਿਆਂ 'ਤੇ ਉਸਦਾ ਦਬਦਬਾ ਬਣਿਆ ਰਹੇ। 1920 ਤੋਂ ਲੈ ਕੇ 1925 ਤੱਕ ਸਿੰਘਾਂ ਨੇ ਮੋਰਚੇ ਲਾਏ, ਕੁਰਬਾਨੀਆਂ ਦਿੱਤੀਆਂ ਤੇ ਗੁਰਦੁਆਰੇ ਇਨ੍ਹਾਂ ਸੁਆਰਥੀਆਂ ਤੇ ਸਰਕਾਰੀ ਪਿੱਠੂਆਂ ਤੋਂ ਮੁਕਤ ਕਰਾਏ। ਮਿਸਾਲ ਦੇ ਤੌਰ 'ਤੇ ਜਦ 1921 ਵਿਚ ਅਕਾਲੀ ਨੇਤਾ ਬਾਬਾ ਖੜਕ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਹਰਿਮੰਦਰ ਸਹਿਬ ਦੀਆਂ ਚਾਬੀਆਂ ਦਿੱਤੀਆਂ ਤਦ ਮਹਾਤਮਾ ਗਾਂਧੀ ਨੇ ਵਧਾਈ ਦੀ ਤਾਰ ਦਿੱਤੀ ਜਿਸ ਵਿਚ ਲਿਖਿਆ ਸੀ ਕਿ ਆਜ਼ਾਦੀ ਦੀ ਲੜਾਈ ਦੀ ਪਹਿਲੀ ਜੰਗ ਜਿੱਤੀ ਗਈ ਹੈ।
ਸਾਕਾ ਨਨਕਾਣਾ ਸਾਹਿਬ
ਮਹੰਤਾਂ ਵਿਚੋਂ ਸਭ ਤੋਂ ਜ਼ਿਆਦਾ ਆਯਾਸ਼ ਤੇ ਦੁਰਾਚਾਰੀ ਸੀ ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ। ਜੋ ਕਈ ਤਰ੍ਹਾਂ ਦੇ ਕੁਕਰਮ ਕਰ ਚੁੱਕਾ ਸੀ। 5 ਅਕਤੂਬਰ 1920 ਨੂੰ ਸਿਆਲਕੋਟ ਦੇ ਗੁਰਦੁਆਰੇ ਬਾਬੇ ਦੀ ਬੇਰ ਨੂੰ ਆਜ਼ਾਦ ਕਰਵਾ ਕੇ, 12 ਅਕਤੂਬਰ 1920 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਚਾਬੀਆਂ ਲੈ ਕੇ, ਸਿੰਘਾਂ ਨੇ ਮਹੰਤ ਨਰੈਣ ਦਾਸ ਵਿਰੁੱਧ ਮਤਾ ਪਾਸ ਕੀਤਾ। ਨਰੈਣ ਦਾਸ ਨੇ ਬਜਾਏ ਸਹਿਯੋਗ ਦੇਣ ਦੇ ਸਿੰਘਾਂ ਵਿਰੁੱਧ ਗੁੰਡੇ ਇਕੱਠੇ ਕਰ ਲਏ ਤੇ ਜਦੋਂ 20 ਜਨਵਰੀ 1921 ਨੂੰ ਭਾਈ ਲਛਮਣ ਸਿੰਘ ਆਪਣਾ ਜੱਥਾ ਲੈ ਕੇ ਉਥੇ ਪਹੁੰਚੇ, ਤਾਂ ਉਨ੍ਹਾਂ 'ਤੇ ਗੋਲੀਆਂ ਦੀ ਬੌਛਾੜ ਕਰਵਾ ਦਿਤੀ। ਜਦੋ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਨੇ ਨਰੈਣ ਦਾਸ ਨੂੰ ਇਸ ਕਾਰੇ ਤੋਂ ਰੋਕਣ ਲਈ ਕੋਸ਼ਿਸ਼ ਕੀਤੀ ਤਾਂ ਮਹੰਤ ਨੇ ਦਲੀਪ ਸਿੰਘ ਨੂੰ ਆਪ ਗੋਲੀ ਮਾਰ ਦਿੱਤੀ ਤੇ ਵਰਿਆਮ ਸਿੰਘ ਨੂੰ ਗੁੰਡਿਆਂ ਨੇ ਮਾਰ ਦਿੱਤਾ। ਭਾਈ ਲਛਮਣ ਸਿੰਘ ਬਾਬਾ ਜੀ ਦੇ ਤਾਬੇ ਬੈਠੇ ਸ਼ਹੀਦ ਹੋ ਗਏ ਤਾਂ ਉਨ੍ਹਾਂ ਦੀ ਦੇਹ ਨੂੰ ਜੰਡ ਦੇ ਬ੍ਰਿਛ ਨਾਲ ਬੰਨ੍ਹ ਕੇ ਸਾੜਿਆ ਗਿਆ। ਇਸ ਘਟਨਾ ਨੇ ਸਾਰੇ ਹਾਹਾਕਾਰ ਮਚਾ ਦਿੱਤੀ ਤੇ ਅਨੇਕਾਂ ਸਿੱਖ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕਮਿਸ਼ਨਰ ਕਿੰਗ ਨੇ ਗੁਰਦੁਆਰੇ ਦਾ ਕਬਜ਼ਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ੍ਰ. ਹਰਬੰਸ ਸਿੰਘ ਅਟਾਰੀਵਾਲੇ ਨੂੰ ਹੋਰ ਮੈਂਬਰਾਂ ਦੀ ਮੌਜੂਦਗੀ ਵਿਚ ਦੇ ਦਿੱਤਾ।
ਗੁਰੂ ਕਾ ਬਾਗ ਦਾ ਮੋਰਚਾ ਇਕ ਹੋਰ ਮਹੰਤ ਜਿਸ ਨਾਲ ਸਿੱਖਾਂ ਨੂੰ ਟੱਕਰ ਲੈਣੀ ਪਈ, ਉਹ ਸੀ ਮਹੰਤ ਸੁੰਦਰ ਦਾਸ ਉਦਾਸੀ, ਜਿਸ ਕੋਲ ਗੁਰੂ ਕਾ ਬਾਗ ਤੇ ਬਾਉਲੀ ਸਾਹਿਬ, ਘੁਕੇਵਾਲੀ ਪਿੰਡ (ਅੰਮ੍ਰਿਤਸਰ ਤੋਂ 20 ਕਿਲੋਮੀਟਰ) ਦਾ ਕਬਜ਼ਾ ਸੀ। ਉਸਨੇ ਸਿੱਖਾਂ ਨੂੰ ਲੰਗਰ ਲਈ ਲੱਕੜ ਕੱਟਣ ਤੋਂ ਮਨ੍ਹਾ ਕੀਤਾ ਅਤੇ ਪੁਲਿਸ ਵਿਚ ਰਿਪੋਰਟ ਕਰ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਸਿੰਘਾਂ ਨੇ ਮੋਰਚਾ ਲਾ ਕੇ ਜੱਥੇ ਭੇਜਣੇ ਸ਼ੁਰੂ ਕੀਤੇ। ਸਿੰਘਾਂ ਨੂੰ ਪੁਲਿਸ ਦੀਆਂ ਲਾਠੀਆਂ ਸਹਿਣੀਆਂ ਪਈਆਂ। ਜੇਲ੍ਹ ਵਿਚ ਪਾਏ ਗਏ ਪਰ ਮੋਰਚਾ ਚੱਲਦਾ ਰਿਹਾ।
ਪੰਜਾ ਸਾਹਿਬ ਦਾ ਦੁਖਾਂਤ
30 ਅਕਤੂਬਰ 1922 ਨੂੰ ਜਦ ਗੱਡੀ ਕੈਦੀ ਸਿੰਘਾਂ ਨੂੰ ਅੱਟਕ ਜੇਲ੍ਹ ਵਿਚ ਬੰਦ ਕਰਨ ਲਈ ਲਿਜਾ ਰਹੀ ਸੀ, ਤਦ ਪੰਜਾ ਸਾਹਿਬ ਸਟੇਸ਼ਨ 'ਤੇ ਸਿੰਘ ਉਨ੍ਹਾਂ ਲਈ ਲੰਗਰ ਲੈ ਕੇ ਆਏ। ਸਿੰਘਾਂ ਦੀ ਉਥੇ ਗੱਡੀ ਰੋਕਣ ਦੀ ਬੇਨਤੀ ਜਦ ਠੁਕਰਾ ਦਿੱਤੀ ਗਈ ਤਾਂ ਸਿੰਘ ਪਟੜੀ 'ਤੇ ਲੇ ਗਏ ਤੇ ਗੱਡੀ ਨੂੰ ਰੁਕਣਾ ਹੀ ਪਿਆ। ਲੇਟੇ ਹੋਏ ਸਿੰਘਾਂ ਵਿਚੋਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਸ਼ਹੀਦ ਹੋ ਗਏ ਤੇ ਹੋਰ ਪੰਜ ਜ਼ਖਮੀ ਹੋ ਗਏ। ਆਖਿਰ ਇਹ ਮੋਰਚਾ ਵੀ ਜਿੱਤਿਆ ਗਿਆ, ਜਦ ਸਰ ਗੰਗਾ ਰਾਮ ਨੇ 17 ਨਵੰਬਰ 1922 ਨੂੰ ਮਹੰਤ ਤੋਂ ਜ਼ਮੀਨ ਪਟੇ 'ਤੇ ਲੈ ਕੇ ਸਿੱਖਾਂ ਨੂੰ ਦੇ ਦਿੱਤੀ ਅਤੇ ਸਾਰੇ ਗ੍ਰਿਫਤਾਰ ਅਕਾਲੀ ਛੱਡ ਦਿੱਤੇ ਗਏ।
ਜੈਤੋ ਦਾ ਮੋਰਚਾ
ਗੁਰਦੁਆਰਾ ਸੁਧਾਰ ਲਹਿਰ ਦਾ ਆਖਰੀ ਮਹੱਤਵਪੂਰਨ ਮੋਰਚਾ ਸੀ ਜੈਤੋ ਦਾ ਮੋਰਚਾ। ਨਾਭੇ ਦਾ ਮਹਾਰਾਜਾ ਰਿਪੁਦਮਨ ਸਿੰਘ ਗੁਰਦੁਆਰਾ ਲਹਿਰ ਮੂਵਮੈਂਟ ਦਾ ਹਾਮੀ ਤੇ ਅੰਗਰੇਜ਼ਾਂ ਦਾ ਵਿਰੋਧੀ ਸੀ। ਸੋ ਅੰਗਰੇਜ਼ਾਂ ਨੇ ਉਸ ਨੂੰ ਗੱਦੀ ਤੋਂ ਲਾਹ ਕੇ ਸਜ਼ਾ ਦੇਣੀ ਚਾਹੀ, ਪਰ ਸਿੰਘਾਂ ਨੇ ਉਸ ਦੇ ਹੱਕ ਵਿਚ ਆਵਾਜ਼ ਉਠਾਈ ਤੇ ਗੁਰਦੁਆਰਾ ਗੰਗਸਰ ਜੈਤੋ ਵਿਖੇ ਅਖੰਡ ਪਾਠ ਰੱਖ ਦਿੱਤਾ। ਅੰਗਰੇਜ਼ ਸਰਕਾਰ ਨੇ ਅਖੰਡ ਪਾਠ ਵਿਚ ਵਿਘਨ ਪਾਇਆ ਤੇ ਗੁਰਦੁਆਰੇ ਆਉਣ 'ਤੇ ਮਨਾਹੀ ਲਾ ਦਿੱਤੀ। ਸਿੰਘਾਂ ਨੇ ਆਪਣੀਆਂ ਮੰਗਾਂ ਮਨਾਉਣ ਲਈ 25-25 ਸਿੰਘਾਂ ਦੇ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ। ਸਭ ਤੋਂ ਵੱਡਾ ਜੱਥਾ 9 ਫਰਵਰੀ 1924 ਨੂੰ ਜੱਥੇ ਦਾਰ ਊਧਮ ਸਿੰਘ ਗੋਹਲਵੜ੍ਹ ਦੀ ਜੱਥੇ ਦਾਰੀ ਅਧੀਨ ਅਕਾਲ ਤਖ਼ਤ ਸਾਹਿਬ ਤੋਂ ਤੁਰਿਆ ਤੇ 21 ਫਰਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਜੈਤੋ ਪਹੁੰਚਿਆ। ਜੈਤੋ ਉਨ੍ਹਾਂ ਦਿਨਾਂ ਵਿਚ ਨਾਭਾ ਦੀ ਸਟੇਟ ਵਿਚ ਸੀ। ਸਰਕਾਰ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਜਿਸ ਕਰਕੇ 50 ਤੋਂ ਜ਼ਿਆਦਾ ਸ਼ਹੀਦ ਹੋ ਗਏ ਤੇ ਕਈ ਜ਼ਖਮੀ ਹੋ ਗਏ। ਬਾਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜੱਥੇ ਫਿਰ ਵੀ ਜੈਤੋ ਆਉਂਦੇ ਰਹੇ, ਬਲਕਿ ਵਿਦੇਸ਼ਾਂ ਤੋਂ ਵੀ ਸਿੰਘਾਂ ਨੇ ਆ ਕੇ ਇਸ ਅੰਦੋਲਨ ਵਿਚ ਹਿੰਸਾ ਲਿਆ। ਆਖਰ 7 ਜੁਲਾਈ 1925 ਨੂੰ ਗੁਰਦੁਆਰਾ ਐਕਟ ਪਾਸ ਹੋਇਆ, ਲਾਗੂ 1 ਨਵੰਬਰ 1925 ਤੋਂ ਕੀਤਾ। ਜਿਸ ਅਨੁਸਾਰ ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਆ ਗਿਆ। 9 ਜੁਲਾਈ ਨੂੰ ਅਖੰਡ ਪਾਠ ਰੱਖਣ ਦੀ ਖੁੱਲ੍ਹ ਮਿਲ ਗਈ, ਅਖੰਡ ਪਾਠਾਂ ਦੀ ਲੜੀ ਚਲਾਈ ਗਈ ਤੇ ਗ੍ਰਿਫਤਾਰ ਸਿੰਘ ਸਾਰੇ ਆਜ਼ਾਦ ਹੋ ਗਏ।
ਉਪਰੋਕਤ ਚਰਚਾ ਤੋਂ ਇਹ ਸਪੱਸ਼ਟ ਹੈ ਕਿ ਪੂਰੀ ਗੁਰਦੁਆਰਾ ਸੁਧਾਰ ਲਹਿਰ ਅੰਗਰੇਜ਼ਾਂ ਦੇ ਵਿਰੁੱਧ ਸੀ। ਸਿੱਖਾਂ ਤਂ ਇਲਾਵਾ ਹੋਰ ਧਰਮਾਂ ਤੇ ਪਾਰਟੀਆਂ ਦੇ ਲੋਕਾਂ ਨੇ ਇਸ ਵਿਚ ਪੂਰਾ ਸਹਿਯੋਗ ਦਿੱਤਾ। ਸੋ ਇਸ ਅੰਦੋਲਨ ਨੂੰ ਆਜ਼ਾਦੀ ਦੀ ਲੜਾਈ ਦਾ ਹਿੱਸਾ ਹੀ ਸਮਝਣਾ ਚਾਹੀਦਾ ਹੈ।
(24) Question:- ਗੁਰਦੁਆਰਾ ਸੁਧਾਰ ਲਹਿਰ, ਸਿੰਘ ਸਭਾ ਲਹਿਰ ਤੋਂ ਕਿਸ ਤਰ੍ਹਾਂ ਅਲੱਗ ਸੀ?
Answer:- ਜਦ ਅੰਗਰੇਜ਼ਾਂ ਨੇ 1849 ਵਿਚ ਪੰਜਾਬ 'ਤੇ ਕਬਜ਼ਾ ਕਰ ਲਿਆ ਤਾਂ ਕਰਿਸ਼ਚਨ ਮਿਸ਼ਨਰੀਆਂ ਨੇ ਧੜਾ-ਧੜ ਲੋਕਾਂ ਨੂੰ ਈਸਾਈ ਬਣਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਢੰਗ ਮੁਸਲਿਮ ਰਾਜਿਆਂ ਵਾਲਾ ਨਹੀਂ ਸੀ ਬਲਕਿ ਉਨ੍ਹਾਂ ਨੇ ਪ੍ਰਚਾਰ ਨਾਲ ਲੋਕਾਂ ਨੂੰ ਐਸੇ ਫਾਇਦੇ ਗਿਣਾਏ ਕਿ ਬਹੁਤ ਸਾਰੇ ਲੋਕ ਉਨ੍ਹਾਂ ਵੱਲ ਆਕਰਸ਼ਿਤ ਹੋ ਗਏ। ਉਸ ਵੇਲੇ ਜ਼ਰੂਰਤ ਸੀ ਲੋਕਾਂ ਨੂੰ ਸਮਝਾਉਣ ਦੀ, ਸਿਖਿਆ ਦੇਣ ਦੀ, ਆਪਣੀ ਸਭਿਅਤਾ, ਆਪਣੇ ਧਰਮ ਬਾਰੇ ਦੱਸਣ ਦੀ, ਪਰ ਇਸ ਦੀ ਘਾਟ ਕਰਿਸ਼ਚਨਾਂ ਨੂੰ ਫਾਇਦਾ ਪਹੁੰਚਾ ਰਹੀ ਸੀ। ਸਿੱਖ ਬੁੱਧੀਜੀਵੀ ਵੀ ਚਿੰਤਤ ਸਨ ਤੇ ਇਕ ਦਿਨ ਜਦ ਇਹ ਖਬਰ ਆਈ ਕਿ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀ ਇਸਾਈ ਬਣ ਗਏ ਹਨ ਤਾਂ 28 ਜੁਲਾਈ 1873 ਨੂੰ ਸ੍ਰ. ਠਾਕੁਰ ਸਿੰਘ ਸੰਧਾਵਾਲੀਏ ਨੇ ਇਕ ਬੈਠਕ ਬੁਲਾਈ ਤੇ ਨਤੀਜੇ ਵਜੋਂ ਅੰਮ੍ਰਿਤਸਰ ਸਿੰਘ ਸਭਾ ਦਾ ਗਠਨ ਹੋਇਆ।
ਇਸ ਸਾਰੀ ਲਹਿਰ ਦਾ ਮੁੱਖ ਮੰਤਵ ਵਿੱਦਿਆ ਦਾ ਪਸਾਰ ਕਰਨਾ ਸੀ, ਸੋ ਖੂਬ ਸਾਹਿਤ ਛਾਪਿਆ ਗਿਆ। ਸਕੂਲ ਕਾਲਜ ਖੋਲ੍ਹੇ ਗਏ, ਜਿਨਾਂ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵੀ ਸੀ। ਧਰਮ ਪ੍ਰਚਾਰ ਲਈ ਕਈ ਟਰੈਕਟ ਸੋਸਾਇਟੀਆਂ ਬਣਾਈਆਂ ਗਈਆਂ। ਗੁਰਬਾਣੀ ਦੀ ਵਿਆਖਿਆ ਕਰਨ ਲਈ ਟਕਸਾਲਾਂ ਬਣੀਆਂ, ਪੰਜਾਬ ਵਿਚ ਕਈ ਰਸਾਲੇ ਤੇ ਪੇਪਰ ਸ਼ੁਰੂ ਕੀਤੇ, ਜਿਵੇਂ ਕਿ ਖਾਲਸਾ ਸਮਾਚਾਰ। ਸਿੱਖ ਇਤਿਹਾਸ ਦੀ ਖੋਜ ਲਈ ਉਪਰਾਲੇ ਸ਼ੁਰੂ ਹੋ ਗਏ। ਜਿਨ੍ਹਾਂ ਪ੍ਰਮੱਖ ਬੰਦਿਆਂ ਦਾ ਸਬੰਧ ਇਸ ਲਹਿਰ ਨਾਲ ਰਿਹਾ ਉਨ੍ਹਾਂ ਵਿਚ ਗਿਆਨੀ ਗਿਆਲ ਸਿੰਘ, ਪ੍ਰੋ. ਤਾਰਾ ਸਿੰਘ ਨਰੋਤਮ, ਸ੍ਰ. ਠਾਕਰ ਸਿੰਘ ਸੰਧਾਵਾਲੀਆ, ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਗਿਆਨੀ ਹਜ਼ਾਰਾ ਸਿੰਘ, ਡਾ. ਚਰਨ ਸਿਘ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ, ਡਾ. ਗੰਡਾ ਸਿੰਘ, ਪ੍ਰੋ. ਪੂਰਨ ਸਿੰਘ ਤੇ ਡਾ. ਭਾਈ ਵੀਰ ਸਿੰਘ ਦੇ ਨਾਮ ਪ੍ਰਮੁੱਖ ਹਨ। ਜਿਨ੍ਹਾਂ ਵਿਚੋਂ ਬਹੁਤ ਸਾਰੇ ਵਿਦਵਾਨ ਸਨ ਜਿਨ੍ਹਾਂ ਨੇ ਨਾ ਸਿਰਫ ਕਰਿਸ਼ਚਨ ਧਰਮ ਦੇ ਪ੍ਰਚਾਰਕਾਂ ਦਾ ਸਾਹਮਣਾ ਕੀਤਾ ਬਲਕਿ ਸਵਾਮੀ ਦਯਾਨੰਦ ਦੁਆਰਾ ਚਲਾਈ ਹਿੰਦੂ ਲਹਿਰ ਆਰੀਆ ਸਮਾਜ ਨਾਲ ਵੀ ਮੁਕਾਬਲਾ ਕੀਤਾ।
ਗਿਆਨੀ ਦਿੱਤ ਸਿੰਘ
ਮਿਸਾਲ ਦੇ ਤੌਰ 'ਤੇ ਗਿਆਨੀ ਦਿੱਤ ਸਿੰਘ ਇਕ ਵਿਦਵਾਨ, ਕਵੀ ਤੇ ਉਤਮ ਵਕਤਾ ਸਨ। ਆਰੀਆ ਸਮਾਜ ਲਹਿਰ ਦੇ ਬਾਨੀ ਸਵਾਮੀ ਦਯਾਨੰਦ ਨੂੰ ਇਨ੍ਹਾਂ ਨੇ ਤਿੰਨ ਵਾਰ ਸ਼ਾਸਤਰਾਂ 'ਤੇ ਬਹਿਸ ਵਿਚ ਪਛਾੜਿਆ ਸੀ ਤੇ ਸਿੱਖ ਧਰਮ ਦੀ ਵਡਿਆਈ ਉਜਾਗਰ ਕੀਤੀ ਸੀ। ਗਿਆਨੀ ਜੀ ਨੇ ਕਾਵਿ ਰੂਪ ਵਿਚ ਸ਼ਹੀਦ ਸਿੰਘਾਂ ਦੇ ਪ੍ਰਸੰਗ ਲਿਖੇ। ਭਾਈ ਕਾਨ੍ਹ ਸਿੰਘ ਨਾਭਾ ਨੇ ਸਿੱਖਾਂ ਲਈ ਮਹਾਨ ਕੋਸ਼ ਤਿਆਰ ਕੀਤਾ। ਜਦ ਸਮਾਜੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿੱਖ ਹਿੰਦੂਆਂ ਦੀ ਹੀ ਇਕ ਸ਼ਾਖ ਹਨ, ਤਾਂ ਭਾਈ ਕਾਨ੍ਹ ਸਿੰਘ ਨੇ 1898 ਵਿਚ ਇਕ ਟਰੈਕਟ ਲਿਖਿਆ 'ਹਮ ਹਿੰਦੂ ਨਹੀਂ' ਜਿਸ ਨਾਲ ਉਨ੍ਹਾਂ ਨੇ ਸਿੰਘ ਸਭਾ ਲਹਿਰ ਦਾ ਮੁੱਦਾ ਸਪੱਸ਼ਟ ਕੀਤਾ ਕਿ ਸਿੱਖ ਦੀ ਆਪਣੀ ਅਲੱਗ ਪਹਿਚਾਣ ਹੈ ਤੇ ਹੋਂਦ ਹੈ। ਪ੍ਰੋ. ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਆਕਰਣ ਬਾਰੇ ਲਿਖ ਕੇ ਉਸ ਪੱਖੋਂ ਬਾਣੀ ਦਾ ਟੀਕਾ ਕੀਤਾ।
ਭਾਈ ਵੀਰ ਸਿੰਘ
ਸਭ ਤੋਂ ਵੱਧ ਜੋ ਨਾਮ ਇਸ ਲਹਿਰ ਨਾਲ ਜੁੜਿਆ ਹੋਇਆ ਹੈ, ਉਹ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਦਾ। ਭਾਈ ਸਾਹਿਬ ਉੱਚ ਕੋਟੀ ਦੇ ਵਿਦਵਾਨ, ਪ੍ਰਵਕਤਾ ਤੇ ਸਾਹਿਤਕਾਰ ਸਨ। ਆਪ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਵਿਚ ਲਾ ਕੇ ਸਿੰਘ ਸਭਾ ਲਹਿਰ ਨੂੰ ਅਪਾਰ ਸਫਲਤਾ ਦਿਵਾਈ। ਆਪ ਜੀ ਦੀਆਂ ਸਾਰੀਆਂ ਪੁਸਤਕਾਂ ਭਾਵੇਂ ਉਹ ਗੁਰ ਜੀਵਨੀਆਂ ਹੋਣ (ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ, ਗੁਰੂ ਕਲਗੀਧਰ ਚਮਤਕਾਰ, ਨਾਵਲ ਹੋਣ (ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ) ਜਾਂ ਛੋਟੀਆਂ ਵੱਡੀਆਂ ਕਾਵਿ ਰਚਨਾਵਾਂ, ਸਭ ਵਿਚ ਆਪ ਦਾ ਸਿੱਖ ਧਰਮ ਪ੍ਰਤੀ ਪ੍ਰੇਮ ਝਲਕਦਾ ਹੈ। ਏਹੀ ਨਹੀਂ ਸਿੱਖ ਧਰਮ ਦੇ ਕਈ ਮਹੱਤਵਪੂਰਨ ਅਦਾਰਿਆਂ ਦੇ ਜਨਮਦਾਤਿਆਂ ਵਿਚੋਂ ਸਨ ਭਾਈ ਵੀਰ ਸਿੰਘ। ਸੈਂਟਰਲ ਖਾਲਸਾ ਯਤੀਮਖਾਨਾ, ਸਿੱਖ ਐਜੂਕੇਸ਼ਨਲ ਕਮੇਟੀ, ਸੈਂਟਰਲ ਖਾਲਸਾ ਪ੍ਰਚਾਰਕ ਵਿਦਿਆਲਾ, ਗੁਰਦੁਆਰਾ ਹੇਮਕੁੰਟ ਟਰੱਸਟ, ਸੈਂਟਰਲ ਸੂਰਮਾ ਸਿੰਘ ਆਸ਼ਰਮ, ਪੰਜਾਬ ਐਂਡ ਸਿੰਧ ਬੈਂਕ ਆਦਿ, ਉਨ੍ਹਾਂ ਦੇ ਸਿੱਖ ਧਰਮ ਪ੍ਰਤੀ ਪਿਆਰ ਤੇ ਸਿੰਘ ਸਭ ਤੇ ਚੀਫ਼ ਖਾਲਸਾ ਦੀਵਾਨ ਲਈ ਕੀਤੀਆਂ ਅਪਾਰ ਸੇਵਾਵਾਂ ਕਰਕੇ ਹੋਂਦ ਵਿਚ ਆਏ।
ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਸਬੰਧ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਨਾਲ ਸਬੰਧਿਤ ਸੀ ਤੇ ਸਿੰਘ ਸਭਾ ਲਹਿਰ ਦਾ ਸਬੰਧ ਸਿੱਖਾਂ ਨੂੰ ਗਿਆਨ ਦੇ ਕੇ ਆਪਣੇ ਧਰਮ ਪ੍ਰਤੀ ਜਾਗਰੂਕ ਕਰਨਾ ਸੀ। ਦੋਨੋਂ ਲਹਿਰਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਸਿੱਖਾਂ ਨੂੰ ਰਾਜਨੀਤਿਕ, ਧਾਰਮਿਕ ਤੇ ਸਭਿਆਚਾਰਕ ਗੁਲਾਮੀ ਤੋਂ ਆਜ਼ਾਦੀ ਵੱਲ, ਹਨ੍ਹੇਰੇ ਤੋਂ ਚਾਨਣੇ ਵੱਲ ਤੇ ਇਸ ਤਰ੍ਹਾਂ ਆਪਣੇ ਦੇਸ਼ ਦੀ ਆਜ਼ਾਦੀ ਦੀ ਰਾਹ 'ਤੇ ਲਿਜਾਣਾ ਸੀ।
(25) Question:- ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨਾਲ ਵਾਪਰੀਆਂ ਮੁਖ ਘਟਨਾਵਾਂ ਕਿਹੜੀਆ ਸਨ? ਸੰਖੇਪ ਵਿਚ ਬਿਆਨ ਕਰੋ।
Answer:- ਪੰਜਾਬੀ ਸੂਬੇ ਦਾ ਮਸਲਾ - ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਸ਼ਾ ਦੇ ਆਧਾਰ 'ਤੇ ਪ੍ਰਾਂਤਾਂ ਦੀ ਪੁਨਰ ਹੱਦਬੰਦੀ ਕਰਨ ਦਾ ਮਸਲਾ ਭਖਿਆ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਵੱਖਰਾ ਪ੍ਰਾਂਤ ਬਨਾਉਣ ਦੀ ਮੰਗ ਕੀਤੀ। ਜਦ 1954 ਵਿਚ ਪਹਿਲੀ ਵਾਰ ਪੰਜਾਬੀ ਸੂਬੇ ਦੀ ਗੱਲ ਹੋਈ ਤਾਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਭੀਮ ਚੰਦ ਸੱਚਰ ਨੇ ਪੰਜਾਬੀ ਸੂਬੇ ਦੇ ਨਾਹਰੇ 'ਤੇ ਪਾਬੰਦੀ ਲਗਾ ਦਿੱਤੀ। ਮਾਸਟਰ ਤਾਰਾ ਸਿੰਘ ਤੇ ਹੋਰ ਅੰਦੋਲਨਕਾਰੀ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ। ਜਦ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਵੀ ਸਰਕਾਰ ਦੇ ਰੁਖ਼ ਵਿਚ ਕੋਈ ਤਬਦੀਲੀ ਨਹੀਂ ਆਈ। 1960 ਵਿਚ ਅੰਦੋਲਨ ਜ਼ੋਰ ਪਕੜ ਗਿਆ ਤੇ ਕਈ ਹੋਰ ਪਾਰਟੀਆਂ ਨੇ ਪੰਜਾਬੀ ਸੂਬੇ ਦਾ ਸਮਰਥਨ ਕੀਤਾ। ਬਹੁਤ ਸਾਰੇ ਜੱਥੇ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਗ੍ਰਿਫਤਾਰੀਆਂ ਦੇਣ ਲੱਗੇ। 12 ਜੂਨ 1960 ਨੂੰ ਇਸ ਮੰਗ ਲਈ ਮਰਨ ਵਰਤ ਰੱਖਿਆ ਪਰ ਮਾਸਟਰ ਤਾਰਾ ਸਿੰਘ ਦੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਹੋਈ ਗੱਲਬਾਤ ਦੇ ਆਧਾਰ 'ਤੇ 9 ਜਨਵਰੀ ਨੂੰ ਏਹ ਵਰਤ ਖੋਲ੍ਹ ਦਿੱਤਾ। ਮਾਸਟਰ ਤਾਰਾ ਸਿੰਘ ਨੇ ਜਦ ਦੇਖਿਆ ਕਿ ਸਰਕਾਰ ਇਹ ਮੰਗ ਨਹੀਂ ਮੰਨ ਰਹੀ ਸੀ ਤਾਂ ਉਨ੍ਹਾਂ ਨੇ 15 ਅਗਸਤ 1961 ਨੂੰ ਮਰਨ ਵਰਤ ਰੱਖਿਆ ਜੋ ਫਿਰ ਅਸ਼ਵਾਸਨ ਤੋਂ ਬਾਅਦ 1 ਅਕਤੂਬਰ ਨੂੰ 48ਵੇਂ ਦਿਨ ਖੋਲ੍ਹਿਆ ਗਿਆ।
ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ
ਜਦ ਚੀਨ ਤੇ ਪਾਕਿਸਤਾਨ ਦੀਆਂ ਲੜਾਈਆਂ ਵਿਚ ਸਿੱਖਾਂ ਨੇ ਦੇਸ਼ ਲਈ ਜਾਨਾਂ ਦੇ ਕੇ ਦੇਸ਼ ਦੀ ਆਣ ਬਾਣ ਦੀ ਰੱਖਿਆ ਕੀਤੀ ਤਾਂ ਸਰਕਾਰ ਦਾ ਰਵੱਈਆ ਨਰਮ ਪੈ ਗਿਆ। ਨਹਿਰੂ ਜੀ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਬਹੁਤ ਥੋੜ੍ਹਾ ਸਮਾਂ ਮਿਲਿਆ ਤੇ ਜਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਤਦ ਉਸ ਨੇ 15 ਅਗਸਤ 1966 ਨੂੰ ਪੰਜਾਬੀ ਰੀਓਗੇਨਾਈਜ਼ੇਸ਼ਨ ਐਕਟ ਪਾਸ ਕਰਵਾ ਕੇ ਪੰਜਾਬੀ ਸੂਬੇ ਨੂੰ 1 ਨਵੰਬਰ 1966 ਤੋਂ ਹੋਂਦ ਵਿਚ ਲਿਆਂਦਾ। ਪੰਜਾਬੀ ਸੂਬਾ ਤਾਂ ਬਣ ਗਿਆ, ਪਰ ਕਈ ਮੰਗਾਂ ਲਟਕੀਆਂ ਰਹਿ ਗਈਆਂ। ਅੰਬਾਲਾ, ਕਰਨਾਲ, ਸਿਰਸਾ ਆਦਿ ਜ਼ਿਲ੍ਹੇ ਨਹੀਂ ਦਿੱਤੇ ਗਏ। ਚੰਡੀਗੜ੍ਹ ਪੰਜਾਬ ਨੂੰ ਵੀ ਨਹੀਂ ਦਿੱਤਾ ਗਿਆ ਤੇ ਕੁਲ ਮਿਲਾ ਕੇ ਪੰਜਾਬ ਨੂੰ ਬਹੁਤ ਘੱਟ ਮਿਲਿਆ। ਚੰਡੀਗੜ੍ਹ ਦੀ ਮੰਗ ਤਾਂ ਕਈ ਵਾਰ ਬਾਅਦ ਵਿਚ ਵੀ ਚੁੱਕੀ ਗਈ। ਸ੍ਰ. ਦਰਸ਼ਨ ਸਿੰਘ ਫੇਰੂਮਾਨ ਨੇ 15 ਅਗਸਤ 1969 ਨੂੰ ਇਸ ਲਈ ਮਰਨ ਵਰਤ ਰੱਖਿਆ ਤੇ 74 ਦਿਨ ਇਸ ਵਰਤ 'ਤੇ ਰਹਿੰਦੇ ਹੋਏ ਆਪ 27 ਅਕਤੂਬਰ 1969 ਨੂੰ ਸਵਰਗਵਾਸ ਹੋ ਗਏ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਪਹਿਲੇ ਵਾਲਾ ਪੰਜਾਬ ਸੁੰਗੜ ਕੇ ਬਹੁਤ ਛੋਟਾ ਪੰਜਾਬ ਰਹਿ ਗਿਆ। ਜਿਸ ਦਾ ਉਸ ਵੇਲੇ ਰਕਬਾ ਕਰੀਬਨ 50,000 ਵਰਗ ਕਿਲੋਮੀਟਰ ਦਾ ਸੀ ਤੇ 11 ਸੂਬੇ ਸਨ। ਸਮੇਂ-ਸਮੇਂ ਸਿਰ ਇਸ ਪੰਜਾਬ ਵਿਚ ਸਰਕਾਰਾਂ ਬਦਲਦੀਆ ਰਹੀਆਂ, ਕਦੀ ਕਾਂਗਰਸ ਤੇ ਕਦੀ ਅਕਾਲੀ। ਸਭ ਤੋਂ ਪਹਿਲਾਂ ਮੁੱਖ ਮੰਤਰੀ ਬਣੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੋ ਰਾਜਨੀਤਿਕ ਆਗੂ ਹੋਣ ਤੋਂ ਇਲਾਵਾ ਪੰਜਾਬੀ ਦੇ ਮਸ਼ਹੂਰ ਕਵੀ ਵੀ ਸਨ। ਆਪ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਤੇ 1952 ਤੋਂ 1966 ਤੱਕ ਲੋਕ ਸਭਾ ਦੇ ਮੈਂਬਰ ਵੀ ਰਹੇ। ਮੁੱਖ ਮੰਤਰੀ ਦੇ ਤੌਰ 'ਤੇ ਆਪ ਦਾ ਸਮਾਂ ਇੰਨਾ ਥੋੜ੍ਹਾ ਸੀ ਕਿ ਆਪ ਕੋਈ ਖਾਸ ਪ੍ਰਾਪਤੀ ਨਹੀਂ ਕਰ ਸਕੇ। ਪਰ ਆਪ ਇਕ ਸਾਹਿਤਕਾਰ ਪਹਿਲੇ ਸਨ ਜਿਸ ਖੇਤਰ ਵਿਚ ਆਪ ਨੇ ਬਹੁਤ ਨਾਮਣਾ ਖੱਟਿਆ। ਜਿਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਐਵਾਰਡ ਤੇ ਪਦਮ-ਵਿਭੂਸ਼ਣ ਆਪ ਨੂੰ ਮਰਨ ਉਪਰਾਂਤ ਦਿੱਤੇ ਗਏ। ਸ੍ਰ. ਗੁਰਨਾਮ ਸਿੰਘ ਦੀ ਸਰਕਾਰ ਵੀ ਥੋੜ੍ਹੀ ਦੇਰ ਹੀ ਰਹੀ ਅਤੇ ਫਿਰ ਮੁੱਖ ਮੰਤਰੀ ਬਣੇ ਸ੍ਰ. ਲਛਮਣ ਸਿੰਘ ਗਿੱਲ। ਭਾਵੇਂ ਇਨ੍ਹਾਂ ਦੀ ਸਰਕਾਰ ਵੀ ਸਿਰਫ 9 ਮਹੀਨੇ ਹੀ ਚੱਲੀ ਪਰ ਉਸ ਦੌਰਾਨ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਉਣ ਵਾਲਾ ਬਿੱਲ ਪਾਸ ਕੀਤਾ ਗਿਆ। ਸ੍ਰ. ਸੁਰਜੀਤ ਸਿੰਘ ਬਰਨਾਲਾ ਜੋ ਤਾਮਿਲਨਾਡੂ ਦੇ ਗਵਰਨਰ ਵੀ ਰਹੇ, ਵੀ ਕੁਝ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਰਹੇ। ਜੋ ਮੁੱਖ ਮੰਤਰੀ ਪੂਰਾ ਸਮਾਂ ਆਪਣੀ ਸਰਕਾਰ ਚਲਾ ਸਕੇ ਉਨਾਂ ਵਿਚ ਗਿਆਨੀ ਜ਼ੈਲ ਸਿੰਘ, ਸ੍ਰੀ ਬੇਅੰਤ ਸਿੰਘ, ਸ੍ਰ. ਪ੍ਰਕਾਸ਼ ਸਿੰਘ ਬਾਦਲ, ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਆਉਂਦੇ ਹਨ।
ਦਿੱਲੀ ਵਿਚ ਸਿੱਖਾਂ ਨੇ ਗੁਰਦੁਆਰਾ ਸੀਸ ਗੰਜ ਨਾਲ ਲੱਗਦੀ ਕੋਤਵਾਲੀ ਲਈ ਵੀ ਮੋਰਚਾ ਲਾਇਆ। ਜਥੇਦਾਰ ਸੰਤੋਖ ਸਿੰਘ ਨੇ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਆਖਰ ਵਿਚ ਸਮਝੌਤਾ ਕਰ ਕੇ ਕੋਤਵਾਲੀ ਦਾ ਅੱਧਾ ਹਿੱਸਾ 1971 ਵਿਚ ਖਰੀਦ ਲਿਆ ਗਿਆ, ਬਾਕੀ ਦਾ ਅੱਧਾ 1983 ਵਿਚ ਸਰਕਾਰ ਨੇ ਖੁਦ ਹੀ ਦੇ ਦਿੱਤਾ।
ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ
1974 ਵਿਚ ਆਜ਼ਾਦ ਭਾਰਤ ਦੇ ਸਿੱਖ ਇਤਿਹਾਸ ਵਿਚ ਇਕ ਮਹੱਤਵਪੂਰਨ ਘਟਨਾ ਵਾਪਰੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਵੈਸੇ ਤਾਂ 1923 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਅਧੀਨ 11 ਮੈਂਬਰਾਂ ਦੀ ਇਕ ਕਮੇਟੀ ਦਿੱਲੀ ਵਿਚ ਬਣਾਈ ਗਈ ਸੀ ਜੋ ਦਿੱਲੀ ਦੇ ਗੁਰਦੁਆਰਿਆਂ ਦੀ ਦੇਖ-ਰੇਖ ਕਰਦੀ ਸੀ। ਪਰ ਜਦ 1971 ਵਿਚ ਦਿੱਲੀ ਗੁਰਦੁਆਰਾ ਐਕਟ ਪਾਸ ਹੋਇਆ ਤਾਂ ਉਸ ਦੀ ਲੋਅ ਵਿਚ 1974 ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਥਾਪਨਾ ਕੀਤੀ ਗਈ। ਇਹ ਕਮੇਟੀ ਜਿੱਥੇ ਦਿੱਲੀ ਦੇ ਗੁਰਦੁਆਰਿਆਂ ਦੀ ਦੇਖ-ਰੇਖ ਕਰਦੀ ਹੈ ਉਥੇ ਹੀ ਕਈ ਸਕੂਲ, ਕਾਲਜ, ਟ੍ਰੇਨਿੰਗ ਸਕੂਲ ਅਤੇ ਹਸਪਤਾਲਾਂ ਦੀ ਦੇਖਭਾਲ ਕਰਦੀ ਹੈ। ਇਸ ਕਮੇਟੀ ਦੇ ਹੁਣ ਤੱਕ ਕਈ ਮੰਨੇ-ਪ੍ਰਮੰਨੇ ਸਿੱਖ ਪ੍ਰਧਾਨ ਰਹੇ ਹਨ, ਜਿਨ੍ਹਾਂ ਨੇ ਸਿੱਖ ਸਮਾਜ ਦੀ ਉਨਤੀ ਤੇ ਪੰਜਾਬੀ ਭਾਸ਼ਾ ਲਈ ਕੰਮ ਕੀਤਾ ਹੈ। ਸ੍ਰ. ਪਰਮਜੀਤ ਸਿੰਘ ਸਰਨਾ 6 ਵਾਰ ਇਸ ਦੀ ਪ੍ਰਧਾਨਗੀ ਦੇ ਅਹੁਦੇ 'ਤੇ ਰਹੇ।
20ਵੀ ਸਦੀ ਦੇ ਆਖਰੀ ਤਿੰਨ ਦਹਾਕੇ ਪੰਜਾਬ ਲਈ ਬੜੀ ਕਸ਼ਮਕਸ਼ ਦਾ ਸਮਾਂ ਰਹੇ। ਜਦ 1975 ਵਿਚ ਦੇਸ਼ ਵਿਚ ਐਮਰਜੈਂਸੀ ਲਗਾਈ ਗਈ ਤਾਂ ਸ੍ਰੀਮਤੀ ਇੰਦਰਾ ਗਾਂਧੀ ਦੇ ਸਭ ਤੋਂ ਵੱਡੇ ਵਿਰੋਧੀਆਂ ਵਿਚ ਸਨ ਅਕਾਲੀ ਜੋ ਪੰਜਾਬ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਸਨ। ਇਕ ਅੰਦਾਜ਼ੇ ਦੇ ਹਿਸਾਬ ਨਾਲ 1,40,000 ਲੋਕ ਜੋ ਗ੍ਰਿਫਤਾਰ ਹੋਏ ਉਨ੍ਹਾਂ ਵਿਚੋਂ 60,000 ਸਿੱਖ ਸਨ।
ਨਿਰੰਕਾਰੀਆਂ ਨਾਲ ਤਕਰਾਰ
ਬੇ-ਇਨਸਾਫੀ ਦੇ ਵਿਰੁੱਧ ਆਵਾਜ਼ ਉਠਾਉਣ ਲਈ ਸਿੱਖਾਂ ਨੂੰ ਬੜੀਆਂ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ, ਪਰ ਜਿਸ ਤਰ੍ਹਾਂ ਕਹਾਵਤ ਹੈ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਸਿੱਖ ਜੂਝਦੇ ਰਹੇ। ਜਦ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਨਾਲ ਝੜਪ ਹੋ ਗਈ ਤਾਂ ਭਾਈ ਰਣਧੀਰ ਸਿੰਘ ਦੇ ਅਖੰਡ ਕੀਰਤਨੀ ਜੱਥੇ ਦੇ ਕੁਝ ਸਿੰਘ ਨਿਰੰਕਾਰੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ। ਸਿੱਖਾਂ ਅਨੁਸਾਰ ਸੰਤ ਨਿਰੰਕਾਰੀ ਸਿੱਖ ਗੁਰੂਆਂ ਬਾਰੇ ਤੇ ਸਿੱਖ ਧਰਮ ਬਾਰੇ ਅਪਸ਼ਬਦ ਇਸਤੇਮਾਲ ਕਰਦੇ ਸਨ। ਸਰਕਾਰੀ ਇਹ ਪ੍ਰਾਪਤ ਸੰਤ ਨਿਰੰਕਾਰੀ ਤੇ ਸਿੱਖਾਂ ਦੀ ਤਕਰਾਰ ਵੱਧਦੀ ਗਈ ਤੇ ਆਖਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਹੋਰ ਧਾਰਮਿਕ ਨੇਤਾਵਾਂ ਦੇ ਉਭਾਰ ਕਾਰਨ ਪੰਜਾਬ ਵਿਚ ਹਾਲਾਤ ਐਸੇ ਬਣ ਗਏ ਕਿ ਸਰਕਾਰ ਬਜਾਏ ਉਨ੍ਹਾਂ ਨੂੰ ਸੰਭਾਲਣ ਦੇ ਸਿੱਖਾਂ ਵਿਰੁਧ ਕਾਰਵਾਈ ਕਰਨ ਲੱਗ ਪਈ।
ਸਾਕਾ ਨੀਲਾ ਤਾਰਾ
5 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਹੋਰ ਅਨੇਕਾਂ ਗੁਰਦੁਆਰਿਆਂ 'ਤੇ ਸੈਨਾ ਦੁਆਰਾ ਕੀਤੀ ਕਾਰਵਾਈ ਜਿਸ ਨੂੰ ਸਾਕਾ ਨੀਲਾ ਤਾਰਾ ਕਿਹਾ ਜਾਂਦਾ ਹੈ, ਐਸੀ ਕਾਰਵਾਈ ਦਾ ਸਿਖ਼ਰ ਸੀ। ਸਰਕਾਰ ਨੇ ਨੀਲੀ ਦਸਤਾਰ ਸਜਾਉਣ ਵਾਲੇ ਲੋਕਾਂ ਨੂੰ ਸੋਧਣ ਲਈ ਕਰਵਾਏ ਗਏ ਇਸ ਸਾਕੇ ਦਾ ਮੁੱਖ ਉਦੇਸ਼ ਇਹ ਦੱਸਿਆ ਕਿ ਸੰਤ ਭਿੰਡਰਾਂਵਾਲੇ ਦੀਆਂ ਸਰਗਰਮੀਆਂ ਅਤਿਵਾਦੀ ਸਨ, ਸੋ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਦਰਬਾਰ ਸਾਹਿਬ ਤੋਂ ਖਦੇੜ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਨਾ ਸੀ। ਪਰ ਇਸ ਕਾਰਵਾਈ ਨਾਲ ਦੁਨੀਆਂ ਦੇ ਸਾਰੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਇਹ ਗੱਲ ਠੀਕ ਹੈ ਕਿ ਕੁਝ ਲੋਕਾਂ ਦੀਆਂ ਗਤੀਵਿਧੀਆਂ ਪਾਕਿਸਤਾਨ ਦੁਆਰਾ ਭੜਕਾ ਕੇ ਗਲਤ ਢੰਗ ਅਪਨਾ ਕੇ ਕਾਰਵਾਈਆਂ ਕੀਤੀਆਂ ਗਈਆਂ ਹੋਣ ਪਰ ਇਸ ਨਾਲ ਸਾਰੇ ਸਿੱਖ ਅਤਿਵਾਦੀ ਤਾਂ ਨਹੀਂ ਕਹੇ ਜਾ ਸਕਦੇ। 1982 ਦੀਆਂ ਦਿੱਲੀ ਵਿਚ ਕਰਵਾਈਆਂ ਗਈਆਂ ਏਸ਼ੀਅਨ ਖੇਡਾਂ ਵੇਲੇ ਹਰਿਆਣੇ ਵਿਚੋਂ ਸਿੱਖਾਂ ਨੂੰ ਨਿਕਲਣ ਵੇਲੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਸੀ। ਐਸੀਆਂ ਸਾਰੀਆਂ ਕਾਰਵਾਈਆਂ ਨੇ ਸਿੱਖਾਂ ਦੇ ਦਿਲਾਂ ਨੂੰ ਏਨਾਂ ਦੁਖੀ ਕੀਤਾ ਕਿ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਜਿਸ ਦਾ ਇਲਜ਼ਾਮ ਉਸ ਦੇ ਸਿੱਖ ਬਾਡੀਗਾਰਡਾਂ 'ਤੇ ਲੱਗਾ।
1984 ਦੇ ਦੰਗੇ
ਉਸ ਤੋਂ ਬਾਅਦ 1 ਨਵੰਬਰ ਤੋਂ 5 ਨਵੰਬਰ ਤੱਕ ਵਾਪਰੀਆਂ ਘਟਨਾਵਾਂ ਬੇਹੱਦ ਸ਼ਰਮਨਾਕ ਸੀ। ਹਜ਼ਾਰਾਂ ਸਿੱਖਾਂ ਨੂੰ ਨਿਰਦੋਸ਼ ਕਤਲ ਕਰ ਦਿੱਤਾ ਗਿਆ। ਦਿੱਲੀ, ਕਾਨ੍ਹਪੁਰ, ਤੇ ਹੋਰ ਕਈ ਨਗਰਾਂ 'ਚ ਉਨ੍ਹਾਂ ਦੇ ਗਲ੍ਹਾਂ 'ਚ ਟਾਇਰ ਪਾ ਕੇ ਪੈਟ੍ਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਗਿਆ। ਉਸ ਤੋਂ ਬਾਅਦ ਪੰਜਾਬ ਵਿਚ ਖਾੜਕੂ ਬਿਰਤੀ ਦਾ ਐਸਾ ਪਸਾਰ ਹੋਇਆ ਕਿ ਥੰਮ੍ਹਣ ਦਾ ਨਾਂ ਨਾ ਲਵੇ। ਜਦ ਸ੍ਰ. ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਨੇ ਸ੍ਰ. ਕੇ.ਪੀ.ਐਸ. ਗਿੱਲ ਦੇ ਹੇਠ ਪੁਲਿਸ ਤਸ਼ੱਦਦ ਕੀਤਾ ਤੇ ਉਗਰਵਾਦੀਆਂ ਨਾਲ ਕਈ ਬੇਦੋਸ਼ੇ ਲੋਕ ਵੀ ਮਾਰੇ ਗਏ ਤਾਂ ਹਾਲਾਤ ਬਦਲਣੇ ਸ਼ੁਰੂ ਹੋਏ। ਵੀਹਵੀਂ ਸਦੀ ਦੇ ਅੰਤ ਤੱਕ ਜਿੱਥੇ ਪੰਜਾਬ ਦੇ ਹਾਲਾਤ ਸੁਧਰੇ ਉਥੇ ਸਿੱਖਾਂ ਦੀਆਂ ਮੁਸ਼ਕਲਾਂ ਵੀ ਕੁਝ ਘਟੀਆਂ। ਜਦੋਂ ਬੀ.ਜੇ.ਪੀ. ਸਰਕਾਰ ਸੈਂਟਰ ਵਿਚ ਸੱਤਾ ਵਿਚ ਆਈ ਤਾਂ ਅਕਾਲੀ ਉਸ ਦੇ ਸਹਿਯੋਗੀ ਸਨ। ਕੁਝ ਬੁੱਧੀਜੀਵੀਆਂ ਨੇ ਤੇ ਬਿਠਾਏ ਹੋਏ ਕਮਿਸ਼ਨਾਂ ਨੇ ਸਿੱਖਾਂ ਨਾਲ ਹੋਈਆਂ ਜ਼ਿਆਦਤੀਆ ਵੱਲ ਲੋਕਾਂ ਦਾ ਧਿਆਨ ਦਿਵਾਇਆ। ਕਾਂਗਰਸ ਨੂੰ ਵੀ ਹੌਲੀ-ਹੌਲੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਸਿੱਖਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕੀਤੀ। ਫੇਰ 2004 ਵਿਚ ਜੂਨ ਵਿਚ ਜਦ ਕਾਂਗਰਸ ਨੂੰ ਸੈਂਟਰ ਵਿਚ ਸਰਕਾਰ ਬਨਾਉਣ ਦਾ ਮੌਕਾ ਮਿਲਿਆ ਤਾਂ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸ੍ਰ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਸਿੱਖਾਂ ਲਈ ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਸੀ ਕਿ ਇਕ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ।
ਸ੍ਰ. ਮਨਮੋਹਨ ਸਿੰਘ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ
ਸ੍ਰ. ਮਨਮੋਹਨ ਸਿੰਘ ਲਈ ਇਕ ਗੱਲ ਕਹਿਣੀ ਜ਼ਰੂਰੀ ਹੈ ਕਿ ਉਹ ਪ੍ਰਧਾਨ ਮੰਤਰੀ ਆਪਣੀ ਇਮਾਨਦਾਰੀ, ਮਿਹਨਤ, ਲਿਆਕਤ ਤੇ ਤਜਰਬੇ ਦੇ ਆਧਾਰ 'ਤੇ ਬਣਾਏ ਗਏ ਸਨ ਨਾ ਕਿ ਇਸ ਲਈ ਕਿ ਉਹ ਸਿੱਖ ਸਨ। ਆਪ ਨੇ ਆਪਣੀ ਕਾਬਲੀਅਤ ਅਲੱਗ-ਅਲੱਗ ਪਦਵੀਆਂ 'ਤੇ ਕੰਮ ਕਰ ਕੇ ਸਾਬਤ ਕੀਤੀ ਸੀ। ਆਪ ਰਿਜ਼ਰਵ ਬੈਂਕ ਦੇ ਗਵਰਨਰ, ਪਲੈਨਿੰਗ ਕਮਿਸ਼ਨ ਦੇ ਵਾਇਸ ਚੇਅਰਮੈਨ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਤੋਂ ਬਾਅਦ ਨਰਸਿਮ੍ਹਾਂ ਰਾਓ ਪ੍ਰਧਾਨ ਮੰਤਰੀ ਨਾਲ ਪੰਜ ਸਾਲ ਦੇਸ਼ ਦੇ ਖਜ਼ਾਨਾ ਮੰਤਰੀ ਰਹੇ। ਜਦ ਆਪ ਖਜ਼ਾਨਾ ਮੰਤਰੀ ਸਨ ਤਾਂ ਆਪ ਨੇ ਹੀ ਨਵੀਂ ਆਰਥਿਕ ਨੀਤੀ ਨਾਲ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਪਾਇਆ ਸੀ। ਪ੍ਰਧਾਨ ਮੰਤਰੀ ਦਾ ਪੰਜ ਸਾਲ ਦਾ ਸਮਾਂ ਦੇਸ਼ ਦੀ ਤਰੱਕੀ ਵਾਲਾ ਹੀ ਰਿਹਾ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਆਰਥਿਕ ਪੱਖ ਤੋਂ ਦੇਸ਼ ਨੂੰ ਅਮੀਰ ਬਣਾਇਆ ਹੈ। ਉਥੇ ਹੀ ਅਮਰੀਕਾ ਨਾਲ ਨਿਊਕਲਰ ਸੰਧੀ ਕਰ ਕੇ ਐਨਰਜੀ ਤੇ ਹੋਰ ਖੇਤਰਾਂ ਵਿਚ ਦੇਸ਼ ਦੇ ਭਵਿੱਖ ਨੂੰ ਉਮੀਦ ਪੂਰਨ ਬਣਾਇਆ ਹੈ। ਪਾਰਲੀਮੈਂਟ ਦੀਆਂ 2009 ਦੀਆਂ ਚੋਣਾਂ ਵਿਚ ਕਾਂਗਰਸ ਨੇ ਫਿਰ ਸ੍ਰ. ਮਨਮੋਹਨ ਸਿੰਘ ਨੂੰ ਹੀ ਆਪਣਾ ਪ੍ਰਧਾਨ ਮੰਤਰੀ ਉਮੀਦਵਾਰ ਘੋਸ਼ਿਤ ਕੀਤਾ ਸੀ। ਜਦੋਂ ਇਸ ਚੋਣ ਦੇ ਹੈਰਾਨੀ ਜਨਮ ਨਤੀਜਿਆਂ ਨੇ ਕਾਂਗਰਸ ਨੂੰ ਬਹੁਤ ਮਜ਼ਬੂਤ ਸਥਿਤੀ ਵਿਚ ਜਿਤਾਇਆ, ਨਤੀਜੇ ਵਜੋਂ, ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਸ੍ਰ. ਮਨਮੋਹਨ ਸਿੰਘ ਵਰਗੇ ਸੱਚੇ ਤੇ ਸੁੱਚੇ ਇਨਸਾਨ ਨੂੰ ਪ੍ਰਧਾਨ ਮੰਤਰੀ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਅਗਲੇ 5 ਸਾਲ ਲਈ ਵੀ ਮਿਲ ਗਿਆ। ਜੋ ਮੰਤਰੀ ਚੁਣੇ ਗਏ ਹਨ, ਉਨ੍ਹਾਂ ਵਿਚ ਜਿੱਥੇ ਸ੍ਰ. ਐਮ.ਐਸ. ਗਿੱਲ ਜੋ ਕਿ ਪਹਿਲੇ ਆਈ.ਏ.ਐਸ. ਅਤੇ ਫਿਰ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਰਹੇ ਹਨ, ਸ਼ਾਮਿਲ ਕੀਤੇ ਗਏ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਵਿਦੇਸ਼ ਰਾਜ ਮੰਦਰੀ ਵਜੋਂ ਕੇਂਦਰ ਦੀ ਰਕਾਰ ਵਿਚ ਸ਼ਾਮਲ ਕੀਤੇ ਗਏ।
(26) Question:- ਦੇਸ਼ ਦੀ ਆਜ਼ਾਦੀ ਤੋਂ ਬਾਅਦ, ਆਜ਼ਾਦੀ ਨੂੰ ਬਚਾਉਣ ਲਈ ਸਿੱਖਾਂ ਦਾ ਕੀ ਯੋਗਦਾਨ ਸੀ?
Answer:- ਦੇਸ਼ ਦੀ ਵੰਡ - ਦੇਸ਼ ਦੀ ਆਜ਼ਾਦੀ ਜਿੱਥੇ ਸਾਰੇ ਹਿੰਦੁਸਤਾਨੀਆਂ ਲਈ ਖੁਸ਼ੀ ਲੈ ਕੇ ਆਈ ਉਥੇ ਬੰਗਾਲ ਤੇ ਪੰਜਾਬ ਦੇ ਲੋਕਾਂ ਲਈ ਬਟਵਾਰੇ ਦੀਆਂ ਔਕੜਾਂ ਵੀ ਲੈ ਕੇ ਆਈ। ਪੰਜਾਬ ਦੀ ਜੇ ਗੱਲ ਕਰੀਏ ਤਾਂ ਪੰਜਾਬ ਦਾ ਬਹੁਤ ਹੀ ਕੀਮਤੀ ਤੇ ਵੱਡਾ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ ਤੇ ਮੁਸਲਮਾਨਾਂ ਨੇ ਉਥੇ ਸਿੱਖਾਂ ਦੀਆਂ ਜਾਇਦਾਦਾਂ ਖੋਹ ਲਈਆਂ ਤੇ ਵੱਡੀ ਗਿਣਤੀ ਵਿਚ ਉਨ੍ਹਾਂ ਦਾ ਕਤਲੇਆਮ ਕਰ ਦਿੱਤਾ। ਲਾਸ਼ਾਂ ਦੀਆਂ ਭਰੀਆਂ ਗੱਡੀਆਂ ਜਦ ਅੰਮ੍ਰਿਤਸਰ ਪਹੁੰਚਦੀਆਂ ਸਨ ਤਾਂ ਜਾਪਦਾ ਸੀ ਜਿਵੇਂ ਸਿੱਖਾਂ ਨੇ ਆਪਣਾ ਬਹੁਤ ਕੁਝ ਆਜ਼ਾਦੀ ਲੈਣ ਲਈ ਗਵਾ ਦਿੱਤਾ ਸੀ। ਕਸ਼ਮੀਰ ਦੀ ਸਟੇਟ ਨੇ ਹਾਲੇ ਫੈਸਲਾ ਵੀ ਨਹੀਂ ਸੀ ਕੀਤਾ ਕਿ ਭਾਰਤ ਨਾਲ ਮਿਲਣਾ ਹੈ ਕਿ ਪਾਕਿਸਤਾਨ ਨਾਲ, ਕਿ ਨਵੇਂ ਬਣੇ ਗੁਆਂਢੀ ਮੁਲਕ ਨੇ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਲਈ ਉਸ 'ਤੇ 27 ਅਕਤੂਬਰ 1947 ਨੂੰ ਹਮਲਾ ਕਰ ਦਿੱਤਾ।
ਪਾਕਿਸਤਾਨ ਦਾ ਪਹਿਲਾ ਹਮਲਾ
ਕਸ਼ਮੀਰ ਨੇ ਹਿੰਦੁਸਤਾਨ ਨਾਲ ਮਿਲਣ ਦਾ ਫੈਸਲਾ ਕੀਤਾ ਤੇ ਮਦਦ ਮੰਗੀ। ਭਾਰਤ ਦੀ ਸਰਕਾਰ ਨੇ ਸਿੱਖ ਰੈਜੀਮੈਂਟ ਨੂੰ ਪਾਕਿਸਤਾਨੀਆਂ ਵਿਰੁੱਧ ਲੜਨ ਲਈ ਭੇਜਿਆ। ਕਰਨਲ ਸ੍ਰ. ਹਰਬਖਸ਼ ਸਿੰਘ ਨੇ ਮਹੱਤਵਪੂਰਨ ਰਹਿਨੁਮਾਈ ਕਰਦੇ ਹੋਏ ਪਾਕਿਸਤਾਨੀਆਂ ਨੂੰ ਜੋ ਕਿ ਸ੍ਰੀਨਗਰ ਦੇ ਨੇੜੇ ਤੱਕ ਪੁੱਜ ਗਏ ਸਨ, ਸਾਰੇ ਕਸ਼ਮੀਰ ਵਿਚੋਂ ਖਦੇੜ ਦਿੱਤਾ। ਪਹਾੜਾਂ 'ਤੇ ਸੈਨਿਕ ਤੇ ਸਾਮਾਨ ਭੇਜਣਾ ਬਹੁਤ ਮੁਸ਼ਕਲ ਸੀ ਅਤੇ ਇਹ ਮੁਸ਼ਕਲ ਕੰਮ ਬਾਬਾ ਮੇਹਰ ਸਿੰਘ ਨੇ ਕੀਤਾ ਜਿਸ ਨੇ ਬੜੀ ਮੁਸ਼ਕਲ ਹਾਲਾਤ ਵਿਚ ਬਗੈਰ ਕਿਸੀ ਏਅਰਪੋਰਟ ਸਹੂਲਤ ਦੇ ਤੇ ਖਰਾਬ ਮੌਸਮ ਤੇ ਚੱਲਦੀਆਂ ਗੋਲੀਆਂ ਵਿਚ ਆਪਣਾ ਸੈਨਿਕਾਂ ਤੇ ਸਮਾਨ ਦਾ ਭਰਿਆ ਡਕੋਟਾ ਉਤਾਰ ਦਿੱਤਾ।
ਚੀਨ ਦਾ ਹਮਲਾ
ਪਾਕਿਸਤਾਨ ਤੋਂ ਬਾਅਦ ਜਦ ਚੀਨ ਨੇ 'ਹਿੰਦੀ ਚੀਨੀ ਭਾਈ ਭਾਈ' ਦਾ ਨਾਅਰਾ ਲਾਉਂਦੇ ਹੋਏ ਅਚਾਨਕ 1962 ਵਿਚ ਸਾਡੇ 'ਤੇ ਹਮਲਾ ਕਰ ਦਿੱਤਾ, ਉਸ ਵੇਲੇ ਸਾਡੀ ਫ਼ੌਜੀ ਸਥਿਤੀ ਐਨੀ ਚੰਗੀ ਨਹੀਂ ਸੀ, ਨਾ ਸਮਾਨ ਨਾ ਹਥਿਆਰ ਤੇ ਨਾ ਚੀਨੀਆਂ ਵਰਗੀ ਤਿਆਰੀ। ਭਾਵੇਂ ਅਸੀਂ ਜੰਗ ਜਿੱਤ ਨਹੀਂ ਸਕੇ ਤੇ ਸਾਡੀ ਕਾਫੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਕਰ ਲਿਆ, ਪਰ ਸਾਡੇ ਜਵਾਨਾਂ ਨੇ ਲੜਨ ਵਿਚ ਕੋਈ ਕਮੀ ਨਹੀਂ ਦਿਖਾਈ। ਉਨ੍ਹਾਂ ਦਾ ਹੌਂਸਲਾ ਤੇ ਹਿੰਮਤ ਉੱਚੇ ਦਰਜੇ ਦੇ ਸਨ, ਖਾਸ ਕਰ ਕੇ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਿਖਾਈ। ਜੇ ਫਸਟ ਸਿਖਸ ਦੇ ਜੋਗਿੰਦਰ ਸਿੰਘ ਨੇ 'ਬੋਲੇ ਸੋ ਨਿਹਾਲ' ਦੇ ਨਾਅਰੇ ਨਾਲ ਟੋਰਾ ਪੈਂਗਲਾ ਦੀ ਚੌਕੀ ਤੇ ਡੱਟ ਕੇ ਮੁਕਾਬਲਾ ਕੀਤਾ, ਤਾਂ ਨਾਲ ਦੀਆਂ ਚੌਕੀਆਂ ਤੇ ਹਵਾਲਦਾਰ ਸਰੂਪ ਸਿੰਘ, ਲਾਂਸ ਨਾਇਕ ਪਿਆਰਾ ਸਿੰਘ ਤੇ ਲਾਂਸ ਨਾਇਕ ਬਚਨਾ ਸਿੰਘ ਨੇ ਬਹੁਤ ਸਾਰੇ ਚੀਨੀ ਸੈਨਿਕਾਂ ਨੂੰ ਬਗੈਰ ਚੰਗੇ ਹਥਿਆਰਾਂ ਦੇ ਹੀ ਮਾਰ ਮੁਕਾਇਆ। ਵਾਲੋਰੀ ਦੇ ਮੁਕਾਬਲੇ ਵਿਚ 24 ਅਕਤੂਬਰ 1967 ਨੂੰ ਤਾਂ ਸਿੱਖਾਂ ਨੇ ਚੀਨੀਆਂ ਨੂੰ ਨਾਨੀ ਯਾਦ ਕਰਾ ਦਿੱਤੀ। ਚੀਨ ਨਾਲ ਲੜਾਈ ਦਾ ਹੀਰੋ ਸੀ ਕੇਵਲ ਸਿੰਘ ਜਿਸਨੇ ਆਪਣੀ ਬੰਦੂਕ ਨਾਲ ਹੀ ਆਹਮਣੇ ਸਾਹਮਣੇ ਲੜਦੇ ਹੋਏ ਕਈ ਚੀਨੀ ਮਾਰ ਦਿੱਤੇ। ਟਾਈਗਰ ਮਊਕ ਦੀ ਇਸ ਲੜਾਈ ਵਿਚ ਲੜ ਵਾਲੇ ਇਸ ਬਹਾਦਰ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਆ ਗਿਆ। ਕਈ ਸਿੱਖ ਐਥਲੀਟ ਵੀ ਚੀਨ ਨਾਲ ਲੜਦੇ ਹੋਏ ਸ਼ਹੀਦ ਹੋ ਗਏ।
ਪਾਕਿਸਤਾਨ ਦੇ ਹੋਰ ਹਮਲੇ
ਆਜ਼ਾਦ ਭਾਰਤ 'ਤੇ ਪਾਕਿਸਤਾਨ ਨੇ 1947 ਵਿਚ ਵੀ ਨਹੀਂ ਬਲਕਿ 1965 ਤੇ 1971 ਵਿਚ ਵੀ ਵੱਡੀ ਪੱਧਰ 'ਤੇ ਹਮਲੇ ਕੀਤੇ ਤੇ ਕਈ ਛੋਟੇ ਹਮਲੇ ਕਰਕੇ ਸਾਡੇ ਜਵਾਨਾਂ ਨੂੰ ਲਲਕਾਰਿਆ। ਪਰ ਹਰ ਵਾਰ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ। 1965 ਦੀ ਲੜਾਈ ਦਾ ਹੀਰੋ ਸੀ ਲੈ. ਜਨਰਲ ਹਰਬਖਸ਼ ਸਿੰਘ ਜਿਸ ਦੇ ਬਾਰੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਕਿ ਭਾਰਤ ਨੂੰ ਉਸ ਵਰਗੇ ਕਈ ਜਰਨੈਲ ਚਾਹੀਦੇ ਹਨ। ਇਛੋਗਿਲ ਦਰਿਆ ਦੇ ਕੰਢੇ 'ਤੇ ਬਰਕੀ ਦੇ ਅਸਥਾਨ 'ਤੇ ਸਿੱਖਾਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਅਸਮਾਨ ਗੂੰਜਾ ਦਿੱਤਾ ਸੀ। ਬਰਕੀ ਨੂੰ ਜਿੱਤਣ ਵਾਲੇ ਸ੍ਰ. ਅਜੀਤ ਸਿੰਘ, ਹਵਲਦਾਰ ਅਜਮੇਰ ਸਿੰਘ ਤੇ ਲਾਂਸ ਨਾਇਕ ਪ੍ਰੀਤਮ ਸਿੰਘ ਨੂੰ ਮਰਨੋਂ ਉਪਰੰਤ ਮਹਾਂਵੀਰ ਚੱਕਰ ਤੇ ਵੀਰ ਚੱਕਰ ਦੇ ਸਨਮਾਨ ਦਿੱਤੇ ਗਏ ਸਨ। ਰਾਜਾ ਹਿੱਲ ਦੀ ਜਿੱਤ ਤੋਂ ਬਾਅਦ ਸਿੱਖਾਂ ਨੇ ਗੁਰੂ ਸਾਹਿਬ ਦੁਆਰਾ ਦਿੱਤੇ ਨਾਅਰੇ 'ਨਿਸਚੈ ਕਰ ਆਪਣੀ ਜੀਤ ਕਰੂੰ' ਨੂੰ ਸੱਚ ਕਰਦੇ ਹੋਏ ਭੰਗੜਾ ਪਾਇਆ। ਸਿਆਲਕੋਟ ਵਿਚ ਲੜੀਆਂ ਜੰਗਾਂ ਦਾ ਹੀਰੋ ਸੀ ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ ਜਿਸ ਦੀ ਡਿਵੀਜ਼ਨ ਨੇ ਪਹਿਲੇ ਦਿਨ ਹੀ ਦੁਸ਼ਮਣ ਦੇ ਤਾਕਤਵਰ 69 ਟੈਂਕ ਬਰਬਾਦ ਕਰ ਦਿੱਤੇ।
ਮੇਜਰ ਭੁਪਿੰਦਰ ਸਿੰਘ
1965 ਦੀ ਲੜਾਈ ਵਿਚ ਅਨੇਕਾਂ ਸਿੱਖਾਂ ਦੇ ਨਾਂ ਬਹਾਦਰੀ ਦੀਆਂ ਕਹਾਣੀਆਂ ਨਾਲ ਜੁੜ ਗਏ, ਭਾਵੇਂ ਸਾਰੇ ਨਾਂ ਤੇ ਕਹਾਣੀਆਂ ਇਥੇ ਦੇਣਾ ਮੁਮਕਿਨ ਨਹੀਂ। ਮੇਜਰ ਭੁਪਿੰਦਰ ਸਿੰਘ ਦੀ ਗੱਲ ਕਰਨੀ ਬਣਦੀ ਹੈ। ਮੇਜਰ ਸਾਹਿਬ ਬੜੀ ਬਹਾਦਰੀ ਨਾਲ ਲੜਨ ਤੋਂ ਬਾਅਦ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਸਨ ਜਦ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਰ ਸ਼ਾਸਤਰੀ ਮਿਲਣ ਗਏ। ਮੇਜਰ ਸਾਹਿਬ ਨੇ ਪੂਰੇ ਜੋਸ਼ ਨਾਲ ਉਨ੍ਹਾਂ ਨੂੰ ਲੜਾਈ ਬਾਰੇ ਦੱਸਿਆ, ਜਿਸ ਨਾਲ ਸ਼ਾਸਤਰੀ ਜੀ ਦੇ ਮਨ 'ਤੇ ਸਿੱਖਾਂ ਦੀ ਵੀਰਤਾ ਦੀ ਸਾਖ ਜੰਮ ਗਈ। ਜਦ ਮੇਜਰ ਭੁਪਿੰਦਰ ਸਿੰਘ ਹਸਪਤਾਲ ਵਿਚ ਚਲ ਵੱਸੇ ਤਾਂ ਸ਼ਾਸਤਰੀ ਜੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਜਦ ਤੱਕ ਮੇਜਰ ਭੁਪਿੰਦਰ ਸਿੰਘ ਵਰਗੇ ਜਵਾਨ ਭਾਰਤ ਕੋਲ ਹਨ ਸਾਡੇ ਬਾਰਡਰ ਸੁਰੱਖਿਅਤ ਹਨ। ਸ਼ਾਇਦ ਸਿੱਖ ਦੀ ਖੇਤਾਂ ਵਿਚ ਮਿਹਨਤ ਤੇ ਜੰਗ ਦੇ ਮੈਦਾਨ ਵਿਚ ਹਿੰਮਤ ਤੇ ਬਹਾਦਰੀ ਦਾ ਹੀ ਅਸਰ ਸੀ ਕਿ ਸ਼ਾਸਤਰੀ ਜੀ ਨੇ ਦੇਸ਼ ਨੂੰ ਨਵਾਂ ਨਾਅਰਾ ਦਿੱਤਾ, 'ਜੈ ਜਵਾਨ, ਜੈ ਕਿਸਾਨ'।
ਜਰਨੈਲ ਜੇ.ਐਸ. ਅਰੋੜਾ
1971 ਦੀ ਭਾਰਤ ਪਾਕਿਸਤਾਨ ਜੰਗ ਜਿਥੇ ਬੰਗਲਾ ਦੇਸ਼ ਦੀ ਜਨਮਦਾਤੀ ਸਿੱਧ ਹੋਈ, ਉਥੇ ਹੀ ਜਨਰਲ ਜੇ.ਐਸ. ਅਰੋੜਾ ਦੀ ਸ਼ਾਨਦਾਰ ਜਿੱਤ ਦੀ ਅਮਰ ਕਹਾਣੀ ਬਣ ਗਈ। ਅੱਠਵੀਂ ਤੇ ਨੌਵੀਂ ਬਟਾਲੀਅਨ ਦੇ ਬਹਾਦਰ ਸਿੱਖ ਜਿਥੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਤੱਕ ਚਲੇ ਗਏ ਸਨ, ਉਥੇ ਹੀ ਉਨ੍ਹਾਂ ਨੇ 4 ਦਸੰਬਰ 1971 ਨੂੰ ਛੰਬ ਦੇ ਇਲਾਕੇ ਵਿਚ ਮੰਡਿਆਲਾ ਨੂੰ ਬਚੋਉਣ ਦਾ ਅਸੰਭਵ ਕਾਰਨਾਮਾ ਕਰ ਦਿਖਾਇਆ। ਕਈ ਸਿੱਖ ਸੂਰਬੀਰਾਂ ਨੂੰ ਮਹਾਵੀਰ ਚੱਕਰ ਦੇ ਸਨਮਾਨ ਦਿੱਤੇ ਗਏ।
ਮੇਜਰ ਕੁਲਦੀਪ ਸਿੰਘ ਚਾਂਦਪੁਰੀ
ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਬਹਾਦਰੀ ਦੀ ਕਹਾਣੀ ਬਾਅਦ ਵਿਚ ਹਿੰਦੀ ਫਿਲਮ 'ਬਾਰਡਰ' ਵਿਚ ਦੁਨੀਆਂ ਨੂੰ ਦੱਸੀ ਗਈ। ਰਾਜਸਥਾਨ ਵਿਚ ਲੌਂਗੇਵਾਲਾ ਦੇ ਅਸਥਾਨ 'ਤੇ 5 ਦਸੰਬਰ 1971 ਨੂੰ ਚਾਂਦਪੁਰੀ ਨੇ ਜੋ ਲੀਡਰਸ਼ਿਪ ਤੇ ਬਹਾਦਰੀ ਦਿਖਾ ਕੇ ਆਪਣੀ ਟੁਕੜੀ ਨੂੰ ਜਿੱਤ ਦਿਵਾਈ ਉਸ ਲਈ ਉਸਨੂੰ ਮਹਾਂਵੀਰ ਚੱਕਰ ਦਿੱਤਾ ਗਿਆ ਸੀ। ਲੜਾਈ ਦਾ ਅੰਤ ਉਸ ਵੇਲੇ ਹੋਇਆ, ਜਦ 90,000 ਪਾਕਿਸਤਾਨੀ ਸੈਨਿਕਾਂ ਨੇ 16 ਦਸੰਬਰ ਨੂੰ ਜਰਨੈਲ ਜੇ.ਐਸ. ਅਰੋੜਾ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਤੇ ਪਾਕਿਸਤਾਨੀ ਜਰਨੈਲ ਨਿਆਜ਼ੀ ਨੇ ਹਾਰ ਮੰਨ ਲਈ। ਸਿੱਟੇ ਵਜੋਂ ਬੰਗਲਾ ਦੇਸ਼ ਇਕ ਨਵਾਂ ਦੇਸ਼ ਹੋਂਦ ਵਿਚ ਆਇਆ।
ਸੂਬੇਦਾਰ ਬਾਨਾ ਸਿੰਘ
ਭਾਵੇਂ ਪਾਕਿਸਤਾਨ 1947, 1965 ਤੇ 1971 ਵਿਚ ਬੁਰੀ ਤਰ੍ਹਾਂ ਹਾਰਿਆ, ਪਰ ਕਸ਼ਮੀਰ ਨੂੰ ਇਕ ਮਸਲਾ ਬਣਾਉਂਦੇ ਹੋਏ ਉਹ ਹਮੇਸ਼ਾਂ ਹੀ ਭਾਰਤ 'ਤੇ ਛੋਟੇ ਮੋਟੇ ਹਮਲੇ ਕਰਦਾ ਰਿਹਾ। ਇਨ੍ਹਾਂ ਹਮਲਿਆਂ ਦੌਰਾਨ ਵੀ ਸਿੱਖਾਂ ਦੀ ਬਹਾਦਰੀ ਬੇਮਿਸਾਲ ਰਹੀ। ਮਿਸਾਲ ਦੇ ਤੌਰ 'ਤੇ ਸਿਆਚਿਨ ਵਿਚ ਨਾਇਬ ਸੂਬੇਦਾਰ ਬਾਨਾ ਸਿੰਘ ਨੇ ਜਿਸ ਤਰ੍ਹਾਂ 21000 ਫੁੱਟ ਉੱਚੀ ਬਰਫ਼ ਨਾਲ ਢੱਕੀ ਹੋਈ ਪੋਸਟ ਨੂੰ ਪਾਕਿਸਤਾਨ ਤੋਂ ਖਾਲੀ ਕਰਵਾਇਆ, ਉਹ ਬੇਮਿਸਾਲ ਸੀ। ਉਸ ਅਸਥਾਨ 'ਤੇ ਸਭ ਤੋਂ ਉੱਚੀ ਚੋਟੀ ਦਾ ਨਾਂ ਬਾਨਾ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਤੇ ਉਸ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਆ ਗਿਆ। ਕਾਰਗਿਲ ਦੀ ਲੜਾਈ ਵਿਚ ਵੀ ਇਕ ਸਿੱਖ ਬਟਾਲੀਅਨ ਦੇ ਛੋਟੀ ਉਮਰ ਦੇ ਸਿੱਖ ਜਵਾਨਾਂ ਨੇ ਸ਼ਹੀਦੀਆਂ ਦੇ ਕੇ ਦੇਸ਼ ਦੀ ਆਨ ਬਾਨ ਦੀ ਰਾਖੀ ਕੀਤੀ। ਪਾਕਿਸਤਾਨ ਨੇ ਨਾ ਸਿਰਫ ਸਾਡੇ 'ਤੇ ਹਮਲੇ ਕੀਤੇ ਬਲਕਿ ਸਾਡੇ ਦੇਸ਼ ਵਿਚ ਉਗਰਵਾਦ ਫੈਲਾਉਣ ਦਾ ਮੰਦਾ ਕਾਰਾ ਵੀ ਕੀਤਾ। ਪੰਜਾਬ ਵਿਚ ਉਗਰਵਾਦ ਫੈਲਾਉਣ ਵਿਚ ਉਸਦਾ ਹੀ ਹੱਥ ਸੀ, ਪਰ ਕੇ.ਪੀ.ਐਸ. ਗਿੱਲ ਨੇ ਪੁਲੀਸ ਮੁਖੀ ਦੇ ਤੌਰ 'ਤੇ ਇਸ ਨੂੰ ਦਬਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਹੁਣ ਵੀ ਭਾਵੇਂ ਕਸ਼ਮੀਰ ਹੋਵੇ ਜਾਂ ਭਾਰਤ ਦਾ ਹੋਰ ਕੋਈ ਹਿੱਸਾ, ਜਿੱਥੇ ਕਿਥੇ ਵੀ ਇਹ ਸਮੱਸਿਆ ਜੋਰ ਫੜਦੀ ਹੈ, ਸਿੱਖਾਂ ਨੂੰ ਉਨ੍ਹਾਂ ਦੀ ਇਮਾਨਦਾਰੀ, ਦੇਸ਼-ਭਗਤੀ ਤੇ ਬਹਾਦਰੀ ਕਰਕੇ ਇਸ ਨੂੰ ਦਬਾਉਣ ਲਈ ਯਾਦ ਕੀਤਾ ਜਾਂਦਾ ਹੈ। ਪਰ ਅੱਜ ਹਾਲਤ ਇਹ ਹੈ ਕਿ ਉਗਰਵਾਦ ਦਾ ਮਸਲਾ ਦੁਨੀਆਂ ਦਾ ਸਭ ਤੋਂ ਵੱਡਾ ਮਸਲਾ ਬਣ ਗਿਆਹੈ। ਤਾਲਿਬਾਨ ਇਸ ਉਗਰਵਾਦ ਦਾ ਸਭ ਤੋਂ ਭਿਆਨਕ ਚਿਹਰਾ ਬਣ ਕੇ ਉਭਰਿਆ ਹੈ। ਪਾਕਿਸਤਾਨ ਵਿਚ ਤਾਲਿਬਾਨ ਨੇ ਥੋੜ੍ਹੇ ਜਿਹੇ ਉਥੇ ਰਹਿੰਦੇ ਸਿੱਖ ਪਰਿਵਾਰਾਂ ਦੇ ਘਰ ਜਲਾ ਦਿੱਤੇ ਹਨ ਤੇ ਉਨ੍ਹਾਂ ਦੇ ਘਰ ਤੋੜ ਦਿੱਤੇ ਹਨ ਉਨ੍ਹਾਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨੀ ਸਾਰਿਆਂ ਦਾ ਫ਼ਰਜ਼ ਹੈ।