• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(141) Question:- ਗੁਰੂ ਤੇਗ ਬਹਾਦਰ ਨੇ ਹੋਰ ਕਿਨ੍ਹਾਂ ਅਸਥਾਨਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਯਾਤਰਾਵਾਂ ਦਾ ਕੀ ਮੰਤਵ ਸੀ?
Answer:- ਗੁਰੂ ਜੀ ਨੇ ਕਈ ਅਸਥਾਨਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਯਾਤਰਾਵਾਂ ਦਾ ਮੁੱਖ ਮੰਤਵ ਧਰਮ ਪ੍ਰਚਾਰ ਕਰਨਾ ਸੀ। ਆਪ ਨੇ ਆਗਰਾ, ਇਟਾਵਾ, ਅਲਾਹਬਾਦ, ਕਾਂਸ਼ੀ, ਗਯਾ, ਪਟਨਾ ਤੇ ਅਸਾਮ ਦੀ ਯਾਤਰਾ ਕੀਤੀ। ਗੁਰੂ ਜੀ ਆਗਰਾ, ਇਟਾਵਾ ਦੇ ਰਸਤੇ ਹੁੰਦੇ ਹੋਏ ਇਲਾਹਬਾਦ ਪਹੁੰਚ ਗਏ। ਇਸ ਅਸਥਾਨ 'ਤੇ ਜਿਸ ਨੂੰ ਉਸ ਵੇਲੇ ਪ੍ਰਯਾਗਰਾਜ ਕਿਹਾ ਜਾਂਦਾ ਸੀ, ਗੁਰੂ ਜੀ ਨੇ 6 ਮਹੀਨੇ ਨਿਵਾਸ ਕੀਤਾ। ਇਸ ਦੀ ਯਾਦ ਵਿਚ ਇਸ ਸ਼ਹਿਰ ਵਿਚ ਮਹੱਲਾ 'ਅਹੀਆਪੁਰ' ਇਕ 'ਪੱਕੀ ਸੰਗਤ' ਦੇ ਨਾਂ ਨਾਲ ਇਕ ਗੁਰਦੁਆਰਾ ਸ਼ੁਸ਼ੋਭਿਤ ਹੈ। ਇਸ ਤੋਂ ਬਾਅਦ ਗੁਰੂ ਜੀ ਕਾਂਸ਼ੀ ਗਏ ਤੇ ਇਸ ਤੋਂ ਬਾਅਦ 'ਗਯਾ' ਤੇ ਪਟਨਾ ਵਿਖੇ ਨਿਵਾਸ ਕੀਤਾ। ਗੁਰੂ ਜੀ ਮਾਤਾ ਨਾਨਕੀ ਤੇ ਆਪਣੇ ਮਹਿਲ ਪਟਨਾ ਵਿਖੇ ਠਹਿਰਾ ਗਏ ਤੇ ਆਪ ਉਸ ਤੋਂ ਬਾਅਦ ਢਾਕਾ ਤੇ ਫਿਰ ਧੂਬੜੀ ਗਏ, ਧੂਬੜੀ ਦੇ ਅਸਥਾਨ ਉਹਨਾਂ ਨੂੰ ਇਕ ਆਸਾਮੀ ਰਾਜਾ ਮਿਲਣ ਆਇਆ। ਜਿਸ ਦੇ ਘਰ ਕੋਈ ਸੰਤਾਨ ਨਹੀਂ ਸੀ। ਜਦ ਗੁਰੂ ਜੀ ਦੇ ਵਰਦਾਨ ਨਾਲ ਉਸ ਦੇ ਘਰ ਪੁੱਤਰ ਹੋਇਆ ਤਾਂ ਉਹ ਅਨੰਦਪੁਰ ਸਾਹਿਬ ਗੁਰੂ ਜੀ ਨੂੰ ਮਿਲਣ ਵਾਸਤੇ ਗਿਆ ਸੀ।
(142) Question:- ਬਾਬਾ ਸੂਰਜ ਮੱਲ ਕੌਣ ਸੀ ਤੇ ਉਹ ਗੁਰੂ ਤੇਗ ਬਹਾਦਰ ਜੀ ਤੋਂ ਕਿਉਂ ਈਰਖਾ ਕਰਦਾ ਸੀ?
Answer:- ਬਾਬਾ ਸੂਰਜ ਮੱਲ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਸਨ ਤੇ ਜਦ ਗੁਰੂ ਜੀ ਨੂੰ ਗਿਰਆਈ ਮਿਲੀ ਤਾਂ ਬਾਬਾ ਸੂਰਜ ਮੱਲ ਜੀ ਦੇ ਪੋਤਰੇ ਗੁਲਾਬ ਰਾਇ ਤੇ ਸਿਆਮ ਚੰਦ ਗੁਰੂ ਜੀ ਨਾਲ ਈਰਖਾ ਵਾਲਾ ਵਰਤਾਓ ਕਰਨ ਲੱਗ ਪਏ। ਇਸ ਵਰਤਾਓ ਕਾਰਨ ਹੀ ਗੁਰੂ ਜੀ ਨੇ ਕੀਰਤਪੁਰ ਛੱਡ ਦਿੱਤਾ ਤੇ ਪਿੰਡ ਮਾਖੋਵਾਲ ਜਾ ਕੇ ਡੇਰਾ ਲਾਇਆ। ਪਿੰਡ ਮਾਖੋਵਾਲ ਇਕ ਉਜੜਿਆ ਹੋਇਆ ਪਿੰਡ ਸੀ ਤੇ ਇਸ ਅਸਥਾਨ 'ਤੇ ਗੁਰੂ ਜੀ ਨੇ ਇਕ ਨਗਰ ਵਸਾਇਆ ਜੋ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ।
(143) Question:- ਕੀ ਈਰਖਾ ਕਰਨ ਵਾਲਿਆਂ ਨੇ ਗਰੂ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਸ਼ਾਂਤੀ ਨਾਲ ਰਹਿਣ ਦਿੱਤਾ?
Answer:- ਗੁਰੂ ਜੀ ਕੇਵਲ ਤੇ ਮਹੀਨੇ ਹੀ ਅੰਦਪੁਰ ਸਾਹਿਬ ਰਹੇ ਤੇ ਉਸ ਤੋਂ ਬਾਅਦ ਈਰਖਾਵਾਦੀਆਂ ਤੋਂ ਦੂਰ ਆਪਣੀ ਮਾਤਾ ਨਾਨਕੀ ਜੀ, ਮਹਿਲ ਗੁਜਰੀ ਜੀ ਅਤੇ ਉਹਨਾਂ ਦੇ ਭਾਈ ਕ੍ਰਿਪਾਲ ਚੰਦ ਜੀ ਤੇ ਹੋਰ ਸ਼ਰਧਾਲੂਆਂ ਸਮੇਤ ਪ੍ਰਚਾਰ ਕਰਨ ਲਈ ਯਾਤਰਾ ਤੇ ਨਿਕਲ ਗਏ।
(144) Question:- ਰਾਜਾ ਰਾਮ ਸਿੰਘ ਕੌਣ ਸੀ? ਤੇ ਉਸ ਦਾ ਆਸਾਮ ਦੇ ਕਾਮਰੂਪ ਪ੍ਰਗਣੇ ਦੇ ਰਾਜੇ ਨਾਲ ਕੀ ਵੈਰ ਸੀ?
Answer:- ਕਾਮਰੂਪ ਪ੍ਰਗਣੇ ਦਾ ਰਾਜਾ ਔਰੰਗਜ਼ੇਬ ਦੀ ਦਿੱਲੀ ਸਰਕਾਰ ਨੂੰ ਮਾਮਲਾ ਨਹੀਂ ਸੀ ਭੇਜਦਾ। ਇਸ ਲਈ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਜੈਪੁਰੀਏ ਨੂੰ ਉਸ 'ਤੇ ਹਮਲਾ ਕਰਨ ਲਈ ਭੇਜਿਆ। ਗੁਰੂ ਜੀ ਉਸ ਸਮੇਂ ਉਥੇ ਬਿਰਾਜਮਾਨ ਸਨ ਤੇ ਉਹਨਾਂ ਨੇ ਦੋਹਾਂ ਰਾਜਿਆਂ ਦੀ ਸੁਲ੍ਹਾ ਕਰਵਾ ਦਿੱਤੀ। ਇਸ ਤੋਂ ਬਾਅਦ ਗੁਰੂ ਜੀ ਧੂਬੜੀ ਤੋਂ ਬਾਅਦ ਢਾਕਾ, ਚਿੱਟਾਗਾਂਗ ਆਦਿ ਸ਼ਹਿਰਾਂ ਅਤੇ ਨਗਰਾਂ ਦੀਆਂ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਕਲਕੱਤਾ ਤੇ ਜਗਨਨਾਥ ਪੁਰੀ ਹੁੰਦੇ ਹੋਏ ਪਟਨਾ ਵਾਪਸ ਆ ਗਏ। ਪਟਨਾ ਤੋਂ ਬਨਾਰਸ, ਅਯੁੱਧਿਆ, ਲਖਨਊ, ਮਥਰਾ ਤੇ ਲਖਨੌਰ ਹੁੰਦੇ ਹੋਹੇ ਅਨੰਦਪੁਰ ਸਾਹਿਬ ਵਾਪਸ ਪਹੁੰਚ ਗਏ।
(145) Question:- ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ ਵਿਚ ਆ ਕੇ ਕਸ਼ਮੀਰੀ ਪੰਡਤਾਂ ਦੀ ਵਿਥਿਆ ਬਿਆਨ ਕਰੋ।
Answer:- ਜਦ ਔਰੰਗਜ਼ੇਬ ਨੇ ਹਿੰਦੂਆਂ 'ਤੇ ਜ਼ੁਲਮ ਕਰਕੇ ਉਨ੍ਹਾਂ ਨੂੰ ਜ਼ਬਰੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਹਰ ਇਲਾਕੇ ਵਿਚ ਉਸ ਦੇ ਹਾਕਮਾਂ ਨੇ ਹਿੰਦੂਆਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ। ਕਸ਼ਮੀਰ ਵਿਚ ਔਰੰਗਜ਼ੇਬ ਦੇ ਹਾਕਮ ਸ਼ੇਰ ਅਫ਼ਗਾਨ ਖਾਂ ਨੇ ਲੋਕਾਂ ਨੂੰ ਇਤਨਾ ਸਤਾਇਆ ਕਿ ਕਸ਼ਮੀਰੀ ਪੰਡਿਤ ਆਪਣੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ। ਪੰਡਤਾਂ ਦੇ ਇਸ ਜੱਥੇ ਦਾ ਨੇਤਾ ਪੰਡਤ ਕਿਰਪਾ ਰਾਮ ਸੀ। ਜਦ ਗੁਰੂ ਤੇਗ ਬਹਾਦਰ ਜੀ ਉਨ੍ਹਾਂ ਦੀ ਫਰਿਆਦ ਸੁਣ ਕੇ ਇਸ ਨਤੀਜੇ 'ਤੇ ਪਹੁੰਚੇ ਕਿ ਕਿਸੇ ਮਹਾਂਪੁਰਖ ਦੀ ਕੁਰਬਾਣੀ ਹੀ ਇਸ ਜ਼ੁਲਮ ਨੂੰ ਰੋਕ ਸਕਦੀ ਹੈ ਤਾਂ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਇ ਨੇ ਇਹ ਕਿਹਾ ਕਿ ਆਪ ਜੀ ਤੋਂ ਵੱਡਾ ਹੋਰ ਕਿਹੜਾ ਮਹਾਂਪੁਰਖ ਹੈ, ਤੇ ਕਸ਼ਮੀਰੀ ਪੰਡਿਤਾਂ ਦਾ ਮਸਲਾ ਹੱਲ ਕਰ ਦਿੱਤਾ। ਉਨ੍ਹਾਂ ਨੇ ਪੰਡਿਤਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੇ ਉਹ ਗੁਰੂ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਮੁਸਲਮਾਨ ਹੋ ਜਾਣਗੇ।
(146) Question:- ਔਰੰਗਜ਼ੇਬ ਨੇ ਗੁਰੂ ਜੀ ਨੂੰ ਕੀ ਕਿਹਾ ਜਿਸ ਕਰਕੇ ਉਨ੍ਹਾਂ ਨੂੰ ਕੁਰਬਾਨੀ ਦੇਣੀ ਪਈ?
Answer:- ਔਰੰਗਜ਼ੇਬ ਨੇ ਗੁਰੂ ਜੀ ਨੂੰ ਮੁਸਲਮਾਨ ਬਨਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਉਹ ਕੋਈ ਕਰਾਮਾਤ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
(147) Question:- ਗੁਰੂ ਜੀ ਨਾਲ ਗਏ ਹੋਏ ਜੋ ਸਿੱਖ ਸ਼ਹੀਦ ਕੀਤੇ ਗਏ ਉਹਨਾਂ ਬਾਰੇ ਜਾਣਕਾਰੀ ਦਿਉ।
Answer:- ਗੁਰੂ ਜੀ ਦੇ ਨਾਲ ਤਿੰਨ ਸਿੱਖਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੇ ਨਾਮ ਸਨ: ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਇਨ੍ਹਾਂ ਤਿੰਨਾਂ ਸਿੱਖਾਂ ਨੂੰ ਗੁਰੂ ਜੀ ਤੋਂ ਇਕ ਦਿਨ ਪਹਿਲਾਂ 10 ਨਵੰਬਰ 1675 ਨੂੰ ਸ਼ਹੀਦ ਕੀਤਾ ਗਿਆ ਸੀ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ ਪਰ ਉਹ ਬੜੀ ਸ਼ਾਂਤੀ ਨਾਲ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦ ਹੋਏ। ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਦੇ ਛੋਟੇ ਭਾਈ ਸਨ। ਇਨ੍ਹਾਂ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ।
(148) Question:- ਗੁਰੂ ਸਾਹਿਬ ਜੀ ਦੀ ਸ਼ਹਾਦਤ ਕਦੋਂ ਤੇ ਕਿਥੇ ਹੋਈ? ਆਪ ਜੀ ਦੇ ਸੀਸ ਤੇ ਧੜ ਦਾ ਸਸਕਾਰ ਕਿਥੇ ਤੇ ਕਿਸ ਤਰ੍ਹਾਂ ਕੀਤਾ ਗਿਆ?
Answer:- ਗੁਰੂ ਜੀ ਨੂੰ 11 ਨਵੰਬਰ 1675 ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸੀਸ ਕਤਲ ਕਰਕੇ ਸ਼ਹੀਦ ਕੀਤਾ ਗਿਆ। ਉਸ ਅਸਥਾਨ ਤੇ ਹੁਣ ਗੁਰਦੁਆਰਾ ਸੀਸ ਗੰਜ ਸ਼ੁਸ਼ੋਭਿਤ ਹੈ। ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਮੁਗਲ ਪਹਿਰੇਦਾਰਾਂ ਦੀ ਨਜ਼ਰ ਬਚਾ ਕੇ ਚੁੱਕ ਕੇ ਲੈ ਗਏ ਸਨ। ਗੁਰੂ ਜੀ ਦੇ ਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਕੀਤਾ ਗਿਆ, ਜਿੱਥੇ ਸਥਿਤ ਇਸ ਗੁਰਦੁਆਰੇ ਦਾ ਨਾਂ ਵੀ ਸੀਸ ਗੰਜ ਪ੍ਰਸਿੱਧ ਹੈ। ਭਾਈ ਜੈਤਾ ਜੀ ਪਿਛੋਂ ਅੰਮ੍ਰਿਤ ਛਕ ਕੇ ਜੀਵਨ ਸਿੰਘ ਜੀ ਕਹਿਲਾਏ ਅਤੇ ਗੁਰੂ ਜੀ ਨਾਲ ਹੀ ਰਹੇ। ਧੜ ਚੁਕਣ ਦੀ ਸੇਵਾ ਭਾਈ ਲੱਖੀ ਸ਼ਾਹ ਵਣਜਾਰਾ ਦੇ ਪਰਿਵਾਰ ਨੇ ਕੀਤੀ। ਜਦ ਜ਼ੋਰ ਦੀ ਹਨੇਰੀ ਆਈ ਤਾਂ ਪਹਿਰੇਦਾਰਾਂ ਦੀ ਨਜ਼ਰ ਬਚਾ ਕੇ ਧੜ ਨੂੰ ਆਪਣੇ ਗੱਡੇ 'ਤੇ ਰੱਖ ਇਹ ਪਰਿਵਾਰ ਪੁਰਾਣੀ ਦਿੱਲੀ ਦੀ ਦੱਖਣ ਦਿਸ਼ਾ ਵਲ ਜਿੱਥੇ ਉਨ੍ਹਾਂ ਦੀਆਂ ਝੁਗੀਆਂ-ਝੌਂਪੜੀਆ ਸਨ ਲੈ ਗਿਆ। ਉਥੇ ਜਾ ਕੇ ਆਪਣੀਆਂ ਝੁਗੀਆਂ-ਝੌਂਪੜੀਆਂ ਨੂੰ ਜਲਾ ਕੇ ਸਰੀਰ ਦਾ ਸਸਕਾਰ ਵੀ ਕਰ ਦਿੱਤਾ। ਹੁਣ ਇਥੇ ਸਥਿਤ ਗੁਰਦੁਆਰਾ ਰਕਾਬ ਗੰਜ ਉਸ ਸਿੱਖ ਪਰਿਵਾਰ ਦੀ ਯਾਦ ਕਰਾਉਂਦਾ ਹੈ।
(149) Question:- ਗੁਰੂ ਤੇਗ ਬਹਾਦਰ ਜੀ ਦੀ ਰਚੀ ਹੋਈ ਬਾਣੀ ਦਾ ਵੇਰਵਾ ਦਿਓ।
Answer:- ਗੁਰੂ ਤੇਗ ਬਹਾਦਰ ਜੀ ਦੀ ਉਚਾਰੀ ਹੋਈ ਬਾਣੀ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਅਖੀਰ ਵਿਚ ਸ਼ਾਮਲ ਕਰ ਲਈ ਸੀ। ਉਸ ਵਿਚ 59 ਸ਼ਬਦ ਤੇ 57 ਸਲੋਕ ਹਨ। ਗੁਰੂ ਤੇਗ ਬਹਾਦਰ ਜੀ ਨੇ ਰਾਗੁ ਜੈਜਾਵੰਤੀ ਵਿਚ ਵੀ ਬਾਣੀ ਰਚੀ ਤੇ ਇਸ ਰਾਗੁ ਵਿਚ ਸਿਰਫ ਉਨ੍ਹਾਂ ਦੀ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਆਪ ਜੀ ਦੀ ਬਾਣੀ ਵੈਰਾਗਮਈ ਹੈ। ਜ਼ਿੰਦਗੀ ਦੀ ਅਸਲੀਅਤ ਨੂੰ ਸਮਝਣ ਤੇ ਮੌਤ ਨੂੰ ਮਨ ਵਿਚ ਵਸਾਉਣ ਦਾ ਸੁਨੇਹਾ ਦਿੰਦੀ ਹੈ। ਆਪ ਜੀ ਦੇ ਸਲੋਕ ਇਹ ਪ੍ਰਗਟਾਉਂਦੇ ਹਨ ਕਿ ਇਨਸਾਨ ਨੂੰ ਨਾ ਕਿਸੇ ਨੂੰ ਡਰਾਉਣ ਦੀ ਤੇ ਨਾ ਕਿਸੇ ਤੋਂ ਡਰਨ ਦੀ ਜ਼ਰੂਰਤ ਹੈ। ਆਪ ਜੀ ਕਹਿੰਦੇ ਹਨ:-
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। (ਅੰਗ 1427)
(150) Question:- ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੀ ਕੁਰਬਾਨੀ ਬਾਰੇ ਕੀ ਵਚਨ ਕੀਤੇ ਹਨ।
Answer:- ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤ੍ਰ ਨਾਟਕ ਵਿਚ ਆਪਣੇ ਪਿਤਾ ਜੀ ਦੀ ਕੁਰਬਾਨੀ ਦਾ ਬਿਆਨ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ:-
ਧਰਮ ਹੇਤ ਸਾਕਾ ਜਿਨਿ ਕੀਆ।।
ਸੀਸੁ ਦੀਆ ਪਰੁ ਸਿਰਰੁ ਨ ਦੀਆ।।....
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ।।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ।।