• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(171) Question:- ਕੀ ਖਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਅੰਮ੍ਰਿਤ ਦੀ ਕੋਈ ਰਸਮ ਸੀ?
Answer:- ਖਾਲਸਾ ਪੰਥ ਦੀ ਸਿਰਜਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਨਾਲ ਤਿਆਰ ਕੀਤੇ ਅੰਮ੍ਰਿਤ ਦੀ ਪ੍ਰਥਾ ਸ਼ੁਰੂ ਕੀਤੀ। ਪਹਿਲੇ ਗੁਰੂਆਂ ਵੇਲੇ ਚਰਨਾਮ੍ਰਿਤ ਦੇਣ ਦੀ ਮਰਯਾਦਾ ਸੀ।
(172) Question:- ਰਹਿਤ ਮਰਯਾਦਾ ਤੋਂ ਕੀ ਭਾਵ ਹੈ? ਰਹਿਤਨਾਮਿਆਂ ਨਾਲ ਜਾਣਕਾਰੀ ਕਰਵਾਓ।
Answer:- ਰਹਿਤ ਮਰਯਾਦਾ ਤੋਂ ਭਾਵ ਹੈ ਸਿੱਖ ਧਰਮ ਦੇ ਉਹ ਨਿਯਮ ਤੇ ਅਸੂਲ ਜਿਨ੍ਹਾਂ ਅਨੁਸਾਰ ਇਕ ਸਿੱਖ ਨੇ ਆਪਣਾ ਜੀਵਨ ਬਤੀਤ ਕਰਨਾ ਹੁੰਦਾ ਹੈ। ਗੁਰੂ ਜੀ ਨੇ ਆਪਣੀ ਬਾਣੀ ਤੇ ਹੁਕਮਨਾਮੇ ਨਾਲ ਇਹ ਰਹਿਤ ਮਰਯਾਦਾ ਮੁਕੱਰਰ ਕੀਤੀ ਸੀ। ਗੁਰੂ ਜੀ ਤੋਂ ਬਾਅਦ ਕਈ ਸਿੱਖਾਂ ਨੇ ਗੁਰੂ ਜੀ ਦੀਆਂ ਹਿਦਾਇਤਾਂ ਨੂੰ ਰਹਿਤਨਾਮਿਆਂ ਦੇ ਰੂਪ ਵਿਚ ਲਿਖਿਆ। ਕੁਝ ਪ੍ਰਸਿੱਧ ਰਹਿਤਨਾਮੇ ਲਿਖਣ ਵਾਲੇ ਲੇਖਕ ਸਨ: ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਸਿੰਘ, ਭਾਈ ਚੌਪਾ ਸਿੰਘ, ਭਾਈ ਦੇਸਾ ਸਿੰਘ ਆਦਿ। ਰਹਿਤਨਾਮਿਆਂ ਦਾ ਇਕ ਸੰਗ੍ਰਹਿ ਪਿਆਰਾ ਸਿੰਘ 'ਪਦਮ' ਨੇ ਤਿਆਰ ਕੀਤਾ ਸੀ ਤੇ ਫੇਰ ਭਾਈ ਚਤਰ ਸਿੰਘ ਜੀਵਨ ਸਿੰਘ ਅਮ੍ਰਿਤਸਰ ਦੁਆਰਾ 1974 ਵਿਚ ਪਹਿਲੀ ਵਾਰ ਛਾਪਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹਿਤਨਾਮਿਆਂ ਦੀ ਵੱਡੀ ਗਿਣਤੀ ਵੇਖ ਕੇ ਸਾਰੇ ਰਹਿਤਨਾਮਿਆਂ 'ਤੇ ਵਿਚਾਰ ਕਰਕੇ ਸਿੱਖ ਕੌਮ ਲਈ ਇਕ ਰਹਿਤ ਮਰਯਾਦਾ 1945 ਵਿਚ ਜਾਰੀ ਕੀਤੀ ਸੀ। ਫਰਵਰੀ 1998 ਵਿਚ ਇਸ ਦੀ ਨਵੀਂ ਐਡੀਸ਼ਨ ਛਾਪੀ ਗਈ ਸੀ। ਇਹ ਐਸ.ਜੀ.ਪੀ.ਸੀ. ਦੇ ਦਫਤਰ ਤੋਂ ਭੇਟਾ ਰਹਿਤ ਉਪਲੱਬਧ ਹੈ।
(173) Question:- ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਬਾਰੇ ਕੀ ਨਿਰਦੇਸ਼ ਦਿੱਤੇ?
Answer:- ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੱਕ ਮਸੰਦ ਪ੍ਰਥਾ ਵਿਚ ਗਿਰਾਵਟ ਆ ਗਈ ਸੀ। ਮਸੰਦ ਦਸਵੰਧ ਦੀ ਇਕੱਠੀ ਕੀਤੀ ਹੋਈ ਮਾਇਆ ਆਪਣੇ ਨਿਜੀ ਕੰਮਾਂ ਲਈ ਵਰਤ ਲੈਂਦੇ ਸਨ। ਗੁਰੂ ਘਰ ਤੱਕ ਬਹੁਤ ਘੱਟ ਮਾਇਆ ਪਹੁੰਚਦੀ ਸੀ। ਮਸੰਦਾਂ ਦੇ ਚਰਿੱਤਰ ਵਿਚ ਵੀ ਗਿਰਾਵਟ ਦੀਆਂ ਸ਼ਿਕਾਇਤਾਂ ਸਨ। ਕਈ ਮਸੰਦ ਮਾਇਆ ਦੇ ਮਾਣ ਕਰਕੇ ਆਪਣੇ ਆਪ ਨੂੰ ਕਰਤਾ ਧਰਤਾ ਸਮਝਣ ਲੱਗ ਪਏ ਸਨ ਤੇ ਹੰਕਾਰੀ ਹੋ ਗਏ ਸਨ। ਗੁਰੂ ਜੀ ਨੇ ਸਾਰੇ ਮਸੰਦਾਂ ਦਾ ਲੇਖਾ-ਜੋਖਾ ਦੇਖ ਕੇ ਸੰਗਤ ਸਾਹਮਣੇ ਉਨ੍ਹਾਂ ਨੂੰ ਯੋਗ ਸਜ਼ਾਵਾਂ ਦਿੱਤੀਆਂ ਤੇ ਅੱਗੋਂ ਤੋਂ ਮਸੰਦ ਪ੍ਰਥਾ ਨੂੰ ਖਤਮ ਕਰਕੇ ਸਿੱਖਾਂ ਨੂੰ ਸਿੱਧੇ ਸੰਪਰਕ ਕਰਨ ਤੇ ਪੈਸੇ ਭੇਜਣ ਦਾ ਆਦੇਸ਼ ਦਿੱਤਾ।
(174) Question:- ਕੀ ਖਾਲਸਾ ਪੰਥ ਦੀ ਸਿਰਜਣਾ ਬਾਅਦ ਗੁਰੂ ਜੀ ਦੇ ਪਹਾੜੀ ਰਾਜਿਆਂ ਨਾਲ ਸੰਬੰਧ ਚੰਗੇ ਰਹੇ?
Answer:- ਖਾਲਸਾ ਪਥ ਦੀ ਸਿਰਜਣਾ ਨੂੰ ਦੇਖਦੇ ਹੋਏ ਸਾਰੇ ਪਹਾੜੀ ਰਾਜੇ ਗੁਰੂ ਜੀ ਨਾਲ ਈਰਖਾ ਖਾਣ ਲੱਗੇ। ਉਨ੍ਹਾਂ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਗੁਰੂ ਜੀ ਵਿਰੁੱਧ ਸਰਹੰਦ ਦੇ ਨਵਾਬ ਅਤੇ ਔਰੰਗਜ਼ੇਬ ਤੋਂ ਸਹਾਇਤਾ ਮੰਗੀ। ਔਰੰਗਜ਼ੇਬ ਨੇ ਸਰਹੰਦ ਦੇ ਨਵਾਬ ਨੂੰ ਉਨ੍ਹਾਂ ਦੀ ਪੂਰੀ ਤਰ੍ਹਾਂ ਮਦਦ ਲਈ ਲਿਖ ਦਿੱਤਾ। 1700 ਈ: ਵਿਚ ਦੀਨਾ ਬੇਗ ਅਤੇ ਪੈਂਦੇ ਖਾਨ ਨਾਮੀ ਦੋ ਜਰਨੈਲਾਂ ਦੀ ਅਗਵਾਈ ਵਿਚ ਇਕ ਮੁਗਲ ਫ਼ੌਜ ਆਨੰਦਪੁਰ 'ਤੇ ਚੜ੍ਹ ਆਈ। ਆਨੰਦਪੁਰ ਦੇ ਖੁੱਲ੍ਹੇ ਮੈਦਾਨ ਵਿਚ ਲੜਾਈ ਹੋਈ। ਬਾਬਾ ਅਜੀਤ ਸਿੰਘ ਨੇ ਇਸ ਲੜਾਈ ਵਿਚ ਭਾਗ ਲਿਆ ਅਤੇ ਤਕੜੇ ਹੱਥ ਦਿਖਾਏ। ਪੈਂਦੇ ਖਾਨ ਨੇ ਗੁਰੂ ਜੀ ਨੂੰ ਸਿੱਧੇ ਮੁਕਾਬਲੇ ਲਈ ਵੰਗਾਰਿਆ। ਗੁਰੁ ਜੀ ਨੇ ਆਪਣੇ ਇਕ ਤੀਰ ਦਾ ਨਿਸ਼ਾਨਾ ਬਣਾ ਕੇ ਉਸਨੂੰ ਚਿੱਤ ਕਰ ਦਿੱਤਾ। ਦੀਨਾ ਬੇਗ ਸਖਤ ਜ਼ਖਮੀ ਹੋਇਆ ਅਤੇ ਮੁਗਲ ਫ਼ੌਜਾਂ ਭੱਜ ਗਈਆਂ।
(175) Question:- ਲੜਾਈਆਂ ਵਿਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਕੀ ਕੁਟਲ ਨੀਤੀ ਵਰਤੀ?
Answer:- ਉਪਰ ਲਿਖੀਆਂ ਲੜਾਈਆਂ ਵਿਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਜੀ ਨੂੰ ਲਿਖ ਭੇਜਿਆ ਕਿ ਉਹ ਥੋੜ੍ਹੇ ਦਿਨਾਂ ਲਈ ਆਨੰਦਪੁਰ ਸਾਹਿਬ ਤੋਂ ਚਲੇ ਜਾਣ ਤਾਂ ਇਸ ਨਾਲ ਪਹਾੜੀ ਰਾਜੇ ਸੰਤੁਸ਼ਟ ਹੋ ਜਾਣਗੇ ਤੇ ਅੱਗੇ ਤੋਂ ਕੋਈ ਲੜਾਈ ਨਹੀਂ ਹੋਵੇਗੀ। ਗੁਰੂ ਜੀ ਨੇ ਕੋਈ ਲੜਾਈ ਨਾ ਲੜਨ ਦੇ ਆਸ਼ੇ ਨਾਲ ਆਨੰਦਪੁਰ ਦਾ ਸਥਾਨ ਛੱਡ ਦਿੱਤਾ ਤੇ ਉਥੋਂ ਦੋ ਮੀਲ ਦੀ ਦੂਰੀ 'ਤੇ ਨਿਰਮੋਹੀ ਦੇ ਅਸਥਾਨ 'ਤੇ ਜਾ ਟਿਕੇ। ਪਰ ਪਹਾੜੀ ਰਾਜਿਆਂ ਦੀ ਨਿਯਤ ਠੀਕ ਨਹੀਂ ਸੀ ਤੇ ਉਹ ਆਪਣੇ ਵਾਅਦੇ ਤੋਂ ਮੁਕਰ ਗਏ। ਉਨ੍ਹਾਂ ਅਚਾਨਕ ਹੀ ਗੁਰੂ ਜੀ 'ਤੇ ਇਕ ਵੱਡਾ ਹਮਲਾ ਕਰ ਦਿੱਤਾ। ਗੁਰੂ ਜੀ ਨੇ ਆਪਣੇ ਤੀਰਾਂ ਤੇ ਸਿੰਘਾਂ ਨਾਲ ਜਿੱਤ ਪ੍ਰਾਪਤ ਕੀਤੀ।
(176) Question:- ਨਿਰਮੋਹੀ ਦੇ ਅਸਥਾਨ 'ਤੇ ਹੋਏ ਦੂਜੇ ਮੁਕਾਬਲੇ ਬਾਰੇ ਵੇਰਵਾ ਦਿਓ।
Answer:- ਪਹਾੜੀ ਰਾਜਿਆਂ ਨੇ ਇਕ ਵਾਰ ਫਿਰ ਸਰਹੰਦ ਦੇ ਨਵਾਬ ਦੀ ਅਗਵਾਈ ਹੇਠ ਗੁਰੂ ਜੀ 'ਤੇ ਹਮਲਾ ਕੀਤਾ ਪਰ ਮੂੰਹ ਦੀ ਖਾਧੀ। ਗੁਰੂ ਜੀ ਨੂੰ ਫਿਰ ਪੇਸ਼ਕਸ਼ ਕੀਤੀ ਗਈ ਕਿ ਅਗਰ ਉਹ ਕੁਝ ਸਮੇਂ ਲਈ ਬਸਾਲੀ ਚਲੇ ਜਾਣ ਤਾਂ ਪਹਾੜੀ ਰਾਜੇ ਸਮਝੌਤਾ ਕਰਨ ਲਈ ਤਿਆਰ ਹਨ। ਗੁਰੂ ਜੀ ਨੇ ਇਕ ਵਾਰ ਫਿਰ ਉਨ੍ਹਾਂ ਦੀ ਗੱਲ ਮੰਨ ਲਈ ਤੇ ਸ਼ਾਂਤੀ ਰੱਖਣ ਲਈ ਬਸਾਲੀ ਵੱਲ ਚਲ ਪਏ। ਹਾਲੇ ਗੁਰੁ ਜੀ ਬਸਾਲੀ ਪਹੁੰਚੇ ਹੀ ਨਹੀਂ ਸਨ ਕਿ ਧੋਖੇਬਾਜ਼ ਮੁਗਲ ਤੇ ਪਹਾੜੀ ਰਾਜੇ ਅਜਮੇਰ ਚੰਦ (ਭੀਮ ਚੰਦ ਦਾ ਪੁੱਤਰ) ਦੀਆਂ ਫ਼ੌਜਾਂ ਨੇ ਗੁਰੂ ਜੀ 'ਤੇ ਫਿਰ ਹਮਲਾ ਬੋਲ ਦਿੱਤਾ। ਗੁਰੂ ਜੀ ਇਕ ਵਾਰ ਫਿਰ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ ਤੇ ਫਿਰ ਆਨੰਦਪੁਰ ਸਾਹਿਬ ਆ ਗਏ।
(177) Question:- ਜਦ ਗੁਰੂ ਜੀ ਦੁਬਾਰਾ ਆਨੰਦਪੁਰ ਸਾਹਿਬ ਆਏ ਤਾਂ ਉਹਨਾਂ ਦੇ ਉਥੇ ਰਹਿਣ ਦੌਰਾਨ ਕੀ ਮਹੱਤਵਪੂਰਨ ਘਟਨਾਵਾਂ ਘਟੀਆਂ?
Answer:- ਗੁਰੂ ਸਾਹਿਬ ਜੀ ਦੇ ਆਨੰਦਪੁਰ ਛੱਡ ਕੇ ਚਲੇ ਜਾਣ ਤੋਂ ਬਾਅਦ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਸ਼ਹਿਰ ਦੀ ਹਾਲਤ ਖਰਾਬ ਕਰ ਦਿੱਤੀ ਸੀ। ਗੁਰੂ ਜੀ ਨੇ ਵਾਪਸ ਆ ਕੇ ਘਰਾਂ ਦੀਆਂ ਅਤੇ ਕਿਲ੍ਹਿਆਂ ਦੀਆਂ ਜ਼ਰੂਰੀ ਮੁਰੰਮਤਾਂ ਕਰਵਾਈਆਂ, ਬਾਗ ਬਗੀਚੇ ਠੀਕ ਕਰਵਾਏ ਤੇ ਸ਼ਹਿਰ ਨੂੰ ਫਿਰ ਤੋਂ ਵੱਸਣ ਯੋਗ ਹਾਲਤ ਵਿਚ ਕਰ ਦਿੱਤਾ। ਕਿਉਂਕਿ ਹੁਣ ਪਹਾੜੀ ਰਾਜਿਆਂ ਦੀ ਹਿੰਮਤ ਟੁੱਟ ਗਈ ਸੀ। ਉਨ੍ਹਾਂ ਨੇ ਵੀ ਗੁਰੂ ਜੀ ਕੋਲ ਆਪਣੇ ਦੂਤਾਂ ਰਾਹੀਂ ਸ਼ਾਂਤੀ ਤੇ ਦੋਸਤੀ ਦੇ ਸੁਨੇਹੇ ਭੇਜੇ। ਭਾਵੇਂ ਸ਼ਾਂਤੀ ਦਾ ਸਮਾਂ ਥੋੜ੍ਹਾ ਹੀ ਰਿਹਾ ਪਰ ਗੁਰੂ ਜੀ ਨੇ ਇਸ ਸਮੇਂ ਦੌਰਾਨ ਦੋਵੇਂ ਵੇਲੇ ਦੀਵਾਨ ਸਜਾ ਕੇ ਲੋਕਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ।
ਗੁਰੂ ਜੀ ਦੀ ਰਵਾਲਸਰ ਤੇ ਮੰਡੀ ਦੀ ਯਾਤਰਾ
ਰਾਜਾ ਅਜਮੇਰ ਚੰਦ ਨੇ ਆਪਣਾ ਦੂਤ ਭੇਜ ਕੇ ਗੁਰੂ ਜੀ ਨੂੰ ਰਵਾਲਸਰ ਆਉਣ ਦਾ ਸੱਦਾ ਦਿੱਤਾ। ਰਵਾਲਸਰ ਵਿਚ ਇਕ ਮੇਲਾ ਲੱਗਦਾ ਸੀ, ਜਿਸ ਦੇ ਉਪਲਕਸ਼ ਵਿਚ ਗੁਰੂ ਜੀ ਆਪਣੇ ਕੁਝ ਸੈਨਿਕਾਂ ਨੂੰ ਲੈ ਕੇ ਰਵਾਲਸਰ ਗਏ। ਉਥੇ ਹੋਰ ਵੀ ਪਹਾੜੀ ਰਾਜੇ ਆਏ ਹੋਏ ਸਨ, ਜਿਹੜੇ ਕਿ ਗੁਰੂ ਜੀ ਨੂੰ ਮਿਲ ਕੇ ਬੜੇ ਪ੍ਰਸੰਨ ਹੋਏ। ਰਵਾਲਸਰ ਦੇ ਅਸਥਾਨ 'ਤੇ ਅੱਜ-ਕੱਲ੍ਹ ਇਕ ਬਹੁਤ ਸੁੰਦਰ ਗੁਰਦੁਆਰਾ ਸਥਿਤ ਹੈ ਜੋ ਕਿ ਗੁਰੂ ਜੀ ਦੀ ਪਹਾੜੀ ਰਾਜਿਆਂ ਨਾਲ ਹੋਈ ਮੁਲਾਕਾਤ ਦਾ ਸਾਖਸ਼ੀ ਹੈ।
ਰਵਾਲਸਰ ਦੇ ਮੇਲੇ ਪਿਛੋਂ ਗੁਰੂ ਜੀ ਮੰਡੀ ਦੇ ਰਾਜਾ ਸਿੱਧ ਸੈਨ ਦੇ ਬੁਲਾਵੇ 'ਤੇ ਮੰਡੀ ਗਏ ਤੇ ਉਥੇ ਕੁਝ ਸਮਾਂ ਰਹੇ। ਮੰਡੀ ਬਿਲਾਸਪੁਰ ਜ਼ਿਲ੍ਹੇ ਵਿਚ ਹਿਮਾਚਲ ਪ੍ਰਦੇਸ਼ ਵਿਚ ਹੈ ਤੇ ਇਥੇ ਗੁਰੂ ਜੀ ਦੀਆਂ ਕਈ ਯਾਦਗਾਰਾਂ ਵੇਖਣ ਨੂੰ ਮਿਲਦੀਆ ਹਨ। ਗੁਰਦੁਆਰੇ ਵਿਚ ਗੁਰੂ ਜੀ ਦੇ ਵੇਲੇ ਦਾ ਇਕ ਪਲੰਘ ਤੇ ਇਕ ਰਬਾਬ ਵੀ ਇਥੇ ਮੌਜੂਦ ਹਨ। ਇਸ ਸ਼ਾਂਤੀ ਦੇ ਸਮੇਂ ਦੌਰਾਨ ਹੀ ਗੁਰੂ ਜੀ ਕੁਰਕੁਸ਼ੇਤਰ ਤੋਂ ਵਾਪਸ ਆਉਂਦੇ ਹੋਏ ਆਪਣੇ ਨਾਲ ਕੁਝ ਖਰੀਦੇ ਹੋਏ ਘੋੜੇ ਲਿਆ ਰਹੇ ਸਨ ਤਦ ਪਹਾੜੀ ਰਾਜਿਆਂ ਨੇ ਇਕ ਵਾਰੀ ਫਿਰ ਉਨ੍ਹਾਂ ਤੋਂ ਉਨ੍ਹਾਂ ਦੀਆ ਸੁਗਾਤਾਂ ਖੋਹਣ ਲਈ ਮੌਕਾ ਲੱਭ ਲਿਆ। ਉਸ ਵੇਲੇ ਮੁਲ ਸੈਨਾ ਦੇ ਦੋ ਜਰਨੈਲ ਸੈਦ ਬੇਗ ਤੇ ਅਲਫ ਖਾਂ ਇਸ ਇਲਾਕੇ ਵਿਚ ਆਏ ਹੋਏ ਸਨ। ਉਨ੍ਹਾਂ ਦੀਆਂ ਫ਼ੌਜਾਂ ਨਾਲ ਰਲ ਕੇ ਪਹਾੜੀ ਰਾਜਿਆਂ ਨੇ ਗੁਰੂ ਜੀ 'ਤੇ ਇਕ ਵਾਰ ਫਿਰ ਹਮਲਾ ਕਰ ਦਿੱਤਾ। ਸੈਦ ਬੇਗ ਸਿੱਖਾਂ ਦੀ ਬੀਰਤਾ ਤੋਂ ਇਨ੍ਹਾਂ ਪ੍ਰਭਾਵਤ ਹੋਇਆ ਕਿ ਉਹ ਗੁਰੂ ਜੀ ਦੇ ਅੱਗੇ ਸ਼ਰਧਾਲੂ ਬਣ ਕੇ ਝੁਕ ਗਿਆ। ਅਲਫ ਖਾਂ ਵੀ ਸਿੱਖਾਂ ਦੀ ਬਹਾਦਰੀ ਅੱਗੇ ਟਿਕ ਨਾ ਸਕਿਆ ਤੇ ਆਪਣੀ ਫ਼ੌਜ ਲੈ ਕੇ ਦਿੱਲੀ ਵਾਪਸ ਚਲਾ ਗਿਆ।
(178) Question:- ਸ਼ਾਹੀ ਫ਼ੌਜ ਦੁਆਰਾ ਆਨੰਦਪੁਰ ਸਾਹਿਬ ਦੇ ਘੇਰੇ ਦੀ ਵਿਥਿਆ ਬਿਆਨ ਕਰੋ।
Answer:- ਆਨੰਦਪੁਰ ਸਾਹਿਬ ਦਾ ਘੇਰਾ
ਜਦ ਪਹਾੜੀ ਰਾਜਿਆਂ ਦੀ ਗੁਰੂ ਜੀ ਅੱਗੇ ਕੋਈ ਵਾਹ ਨਹੀਂ ਚੱਲੀ ਤਾਂ ਉਨ੍ਹਾਂ ਨੇ ਬਾਦਸ਼ਾਹ ਔਰੰਗਜ਼ੇਬ ਤੱਕ ਪਹੁੰਚ ਕੀਤੀ ਤੇ ਉਸਨੂੰ ਗੁਰੂ ਜੀ ਤੋਂ ਖਤਰਾ ਦੱਸ ਕੇ ਭੜਕਾਇਆ। ਔਰੰਗਜ਼ੇਬ ਆਪ ਦੱਖਣ ਦੀਆਂ ਲੜਾਈਆਂ ਵਿਚ ਵਿਅਸਤ ਹੋਣ ਕਰਕੇ, ਉਸਨੇ ਲਾਹੌਰ ਦੇ ਗਵਰਨਰ ਤੇ ਸਰਹੰਦ ਦੇ ਫ਼ੌਜਦਾਰ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ। ਇਸ ਤਰ੍ਹਾਂ ਇਕ ਸਾਂਝੀ ਫ਼ੌਜ ਨੇ ਆਨੰਦਪੁਰ ਨੂੰ 1705 ਈ: ਵਿਚ ਘੇਰਾ ਪਾ ਲਿਆ। ਸਿੰਘਾਂ ਦਾ ਰਸਦ ਪਾਣੀ ਪਹੁੰਚਣ ਦਾ ਰਾਹ ਬੰਦ ਕਰ ਦਿੱਤਾ ਪਰ ਇਸ ਤੰਗੀ ਦੇ ਬਾਵਜੂਦ ਸਿੰਘ ਘਬਰਾਏ ਨਹੀਂ। ਬ੍ਰਿਛਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਰਹੇ। ਸਾਂਝੀ ਸੈਨਾ ਨੇ ਸ਼ਹਿਰ ਨੂੰ ਵੀ ਲੁੱਟ ਲਿਆ ਪਰ ਜਦ ਸਮਾਂ ਬਹੁਤ ਹੋ ਗਿਆ ਤਾਂ ਦੋਵੇਂ ਪਾਸੇ ਸੈਨਿਕ ਥੱਕ-ਟੁੱਟ ਗਏ। ਇਸ ਸਮੇਂ ਰਾਜਾ ਅਜਮੇਰ ਚੰਦ ਨੇ ਫਿਰ ਗੁਰੂ ਜੀ ਨੂੰ ਪੈਗਾਮ ਭੇਜਿਆ ਕਿ ਅਗਰ ਗੁਰੂ ਜੀ ਆਨੰਦਪੁਰ ਛੱਡ ਜਾਣ ਤਾਂ ਲੜਾਈ ਬੰਦ ਕਰ ਦਿੱਤੀ ਜਾਵੇਗੀ। ਇਹ ਵੀ ਯਕੀਨ ਦਿਵਾਇਆ ਗਿਆ ਕਿ ਬਾਹਰ ਜਾਣ ਵੇਲੇ ਗੁਰੂ ਜੀ ਤੇ ਸਿੱਖਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਗੁਰੂ ਜੀ ਪਹਾੜੀ ਰਾਜਿਆਂ ਨੂੰ ਅੱਗੇ ਅਜ਼ਮਾ ਚੁੱਕੇ ਸਨ। ਉਨ੍ਹਾਂ 'ਤੇ ਇਤਬਾਰ ਨਹੀਂ ਸੀ ਹੋ ਸਕਦਾ। ਫਿਰ ਇਕ ਪੈਗਾਮ ਔਰੰਗਜ਼ੇਬ ਵਲੋਂ ਆਇਆ। ਜਿੱਦਾਂ ਪਹਾੜੀ ਰਾਜੇ ਗਊ ਦੀ ਕਸਮ ਖਾਂਦੇ ਸਨ, ਇਸ ਪੈਗਾਮ ਵਿਚ ਬਾਦਸ਼ਾਹ ਨੇ ਕੁਰਾਨ ਦੀ ਕਸਮ ਖਾ ਕੇ ਗੁਰੂ ਜੀ ਨੂੰ ਯਕੀਨ ਦਿਵਾਇਆ ਸੀ ਕਿ ਸ਼ਾਂਤੀ ਹੋ ਸਕਦੀ ਹੈ ਅਗਰ ਗੁਰੂ ਜੀ ਆਪਣੇ ਸਿੰਘਾਂ ਤੇ ਪਰਿਵਾਰ ਨੂੰ ਲੈ ਕੇ ਆਨੰਦਪੁਰ ਤੋਂ ਚਲੇ ਜਾਣ। ਗੁਰੂ ਜੀ ਨੇ ਲੰਬੀ ਲੜਾਈ ਨੂੰ ਦੇਖਦੇ ਹੋਏ ਤੇ ਸਿੱਖਾਂ ਦੀ ਦੁੱਖ ਤੇ ਭੁੱਖ ਨਾਲ ਹੋਈ ਹਾਲਤ ਨੂੰ ਵਿਚਾਰਦੇ ਹੋਏ, ਇਕ ਵਾਰ ਫਿਰ ਦੁਸ਼ਮਣ 'ਤੇ ਭਰੋਸਾ ਕਰਨ ਦਾ ਫ਼ੈਸਲਾ ਕੀਤਾ। ਆਪ ਜੀ ਨੇ ਸਿੱਖਾਂ ਨੂੰ ਟੋਲਿਆਂ ਵਿਚ ਕੀਰਤਪੁਰ ਵਾਲੇ ਪਾਸੇ ਭੇਜਣਾ ਸ਼ੁਰੂ ਕੀਤਾ। ਗੁਰੂ ਜੀ ਨੇ ਆਪ ਆਪਣੇ ਪਰਿਵਾਰ ਸਮੇਤ 20-21 ਦਸੰਬਰ ਦੀ ਰਾਤ 1705 ਨੂੰ ਆਨੰਦਪੁਰ ਛੱਡ ਦਿੱਤਾ। ਜਾਣ ਤੋਂ ਪਹਿਲਾਂ ਆਪ ਨੇ ਯਾਦਗਾਰੀ ਅਸਥਾਨਾਂ ਦੀ ਦੇਖ-ਭਾਲ ਲਈ ਕੁਝ ਬੰਦਿਆਂ ਨੂੰ ਮੁਕੱਰਰ ਕੀਤਾ।
(179) Question:- ਕੀ ਗੁਰੂ ਜੀ ਦੇ ਆਨੰਦਪੁਰ ਛੱਡ ਜਾਣ ਬਾਅਦ ਸ਼ਾਂਤੀ ਹੋ ਗਈ?
Answer:- ਪਹਾੜੀ ਰਾਜੇ ਬੇਈਮਾਨ ਸਨ। ਅਜਮੇਰ ਚੰਦ ਤੇ ਸੂਬੇਦਾਰ ਵਜ਼ੀਰ ਖਾਂ ਨੇ ਸਲਾਹ ਕਰਕੇ ਗੁਰੂ ਜੀ ਦਾ ਪਿੱਛਾ ਕੀਤਾ ਤੇ ਸਰਸਾ ਨਦੀ 'ਤੇ ਘੇਰ ਲਿਆ। ਸਰਸਾ ਨਦੀ ਵਿਚ ਹੜ੍ਹ ਆਇਆ ਹੋਇਆ ਸੀ। ਸਿੱਖ ਕਈ ਦਿਨਾਂ ਦੇ ਭੁੱਖੇ ਪਿਆਸੇ ਸਨ। ਕਹਿਰ ਦੀ ਸਰਦੀ ਸੀ। ਇਨ੍ਹਾਂ ਸਾਰੇ ਕਾਰਨਾਂ ਕਰਕੇ ਜਦ ਸਿੱਖਾਂ ਨੇ ਸਰਸਾ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਸਾਰੇ ਡੁੱਬ ਕੇ ਮਰ ਗਏ। ਕੁਝ ਸਿੱਖ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਐਨੀ ਹਫੜਾ-ਦਫੜੀ ਮੱਚ ਗਈ ਸੀ ਕਿ ਗੁਰੂ ਜੀ ਦੇ ਪਰਿਵਾਰ ਵਿਚ ਵੀ ਵਿਛੋੜਾ ਪੈ ਗਿਆ।
(180) Question:- ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਨਾਮ ਦੱਸੋ, ਉਹ ਕਦੋਂ ਤੇ ਕਿੱਥੇ ਪੈਦਾ ਹੋਏ। ਜਦ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਤਾਂ ਕਿਹੜੇ ਸਾਹਿਬਜ਼ਾਦੇ ਨਾਲ ਰਹੇ?
Answer:- ਚਾਰ ਸਾਹਿਬਜ਼ਾਦੇ - ਗੁਰੂ ਜੀ ਦੇ ਚਾਰ ਸਾਹਿਬਜ਼ਾਦੇ ਸਨ। ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਮਾਤਾ ਸੁੰਦਰੀ ਜੀ ਦੀ ਕੁੱਖੋਂ 23 ਮਾਘ 1742 ਨੂੰ ਪਾਉਂਟਾ ਸਾਹਿਬ ਵਿਖੇ ਪੈਦਾ ਹੋਇਆ ਸੀ। ਬਾਕੀ ਦੇ ਤਿੰਨੋਂ ਸਾਹਿਬਜ਼ਾਦੇ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਮਾਤਾ ਜੀਤੋ ਜੀ ਦੀ ਕੁੱਖੋਂ ਸੰਮਤ 1747, 1753 ਤੇ ਸੰਮਤ 1755 ਨੂੰ ਆਨੰਦਪੁਰ ਸਾਹਿਬ ਵਿਖੇ ਪੈਦਾ ਹੋਏ ਸਨ। ਪਰਿਵਾਰ ਵਿਛੋੜੇ ਵੇਲੇ ਮਾਤਾ ਗੁਜਰੀ ਜੀ ਤੇ ਛੋਟੇ ਦੋ ਸਾਹਿਬਜ਼ਾਦੇ ਗੁਰੂ ਜੀ ਤੋਂ ਵਿਛੜ ਗਏ ਸਨ।