(191) Question:- |
ਜਿਹੜੀ ਨਵੀਂ ਬੀੜ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾਈ, ਉਹ ਅੱਜ ਕਲ੍ਹ ਕਿੱਥੇ ਹੈ? ਕੀ ਇਸ ਬੀੜ ਦੀਆਂ ਨਕਲਾਂ ਵੀ ਤਿਆਰ ਕੀਤੀਆਂ ਗਈਆਂ ਸਨ? |
Answer:- |
ਜਦੋਂ ਗੁਰੂ ਅਰਜਨ ਦੇਵ ਜੀ ਨੇ 'ਆਦਿ ਗ੍ਰੰਥ' ਦੀ ਪਹਿਲੀ ਬੀੜ ਤਿਆਰ ਕਰਵਾਈ ਸੀ ਤਾਂ ਉਸ ਵੇਲੇ ਭਾਈ ਬੰਨੋ ਜੀ ਨੇ ਉਸਦਾ ਇਕ ਉਤਾਰਾ ਕੀਤਾ ਸੀ। ਹੋ ਸਕਦਾ ਹੈ ਕਿ ਉਸ ਬੀੜ ਦੀਆਂ ਕੁਝ ਹੋਰ ਨਕਲਾਂ ਵੀ ਤਿਆਰ ਹੋਈਆਂ ਹੋਣ ਜਿਨ੍ਹਾਂ ਵਿਚੋਂ ਕੁਝ ਨਕਲਾਂ ਨੂੰ ਦਸਮ ਪਿਤਾ ਨੇ ਨਵੀਂ ਬੀੜ ਤਿਆਰ ਕਰਨ ਲਈ ਵਰਤਿਆ ਹੋਵੇ। ਕਿਹਾ ਜਾਂਦਾ ਹੈ ਕਿ ਦਮਦਮਾ ਸਾਹਿਬ ਵਾਲੀ ਬੀੜ ਗੁਰੂ ਸਾਹਿਬ ਆਪਣੇ ਨਾਲ ਨਾਂਦੇੜ ਲੈ ਗਏ ਸਨ। ਇਸ ਬੀੜ ਨੂੰ ਹੀ ਗੁਰਿਆਈ ਦੀ ਬਖ਼ਸ਼ਿਸ਼ ਕੀਤੀ ਗਈ ਸੀ। ਇਸ ਬੀੜ ਦੀਆਂ ਵੀ ਨਕਲਾਂ ਉਸ ਸਮੇਂ ਹੀ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਸਨ। ਬਾਬਾ ਦੀਪ ਸਿੰਘ ਜੀ ਨੇ ਐਸੀਆਂ ਚਾਰ ਨਕਲਾਂ ਤਿਆਰ ਕਰਵਾਈਆਂ ਸਨ ਅਤੇ ਇਹ ਉਤਾਰੇ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਨਾਂਦੇੜ ਵਿਖੇ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਭੇਜ ਦਿੱਤੇ ਸਨ। ਇਕ ਉਤਾਰਾ ਦਮਦਮਾ ਸਾਹਿਬ ਹੀ ਸਥਾਪਿਤ ਕਰਵਾ ਦਿੱਤਾ ਸੀ।
ਜੋ ਦਮਦਮੀ ਬੀੜ ਹਜ਼ੂਰ ਸਾਹਿਬ ਗਈ ਸੀ, ਉਹ ਹੁਣ ਮੌਜੂਦ ਨਹੀਂ ਹੈ। ਇਕ ਵਿਚਾਰ ਅਨੁਸਾਰ ਉਸ ਨੂੰ ਹਜ਼ੂਰ ਸਾਹਿਬ ਤੋਂ ਲੜਾਈ ਵੇਲੇ ਕੋਈ ਚੁੱਕ ਕੇ ਲੈ ਗਿਆ ਸੀ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵੱਡੇ ਘੱਲੂਘਾਰੇ ਵੇਲੇ ਉਹ ਬੀੜ ਸਿੱਖਾਂ ਕੋਲ ਸੀ ਪਰ ਲੜਾਈ ਦੌਰਾਨ ਨਸ਼ਟ ਹੋ ਗਈ। ਉਸ ਤੋਂ ਬਾਅਦ ਜਦ ਤੱਕ ਛਾਪਾਖਾਨਾ ਨਹੀਂ ਆਇਆ ਜੋ ਵੀ ਹੱਥ-ਲਿਖਤ ਬੀੜਾਂ ਤਿਆਰ ਹੋਈਆਂ ਉਹ ਦਮਦਮਾ ਸਾਹਿਬ ਵਿਚ ਸਥਾਪਿਤ ਬੀੜ 'ਤੇ ਆਧਾਰਿਤ ਸਨ। ਛਪੀਆਂ ਬੀੜਾਂ ਵੀ ਹੁਣ ਇਹੀ ਬੀੜ ਦੇ ਆਧਾਰ 'ਤੇ ਛਪਦੀਆਂ ਹਨ ਤੇ ਪ੍ਰਵਾਣਿਤ ਹਨ।
ਕੁਝ ਹੱਥ ਲਿਖਤ ਬੀੜਾਂ ਬਾਰੇ
ਇਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਭਾਵੇਂ ਹੁਣ ਬੀੜਾਂ ਦੀ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਪ੍ਰਾਈਵੇਟ ਫਰਮਾਂ ਕਰਦੀਆਂ ਹਨ ਪਰ ਅਜੇ ਵੀ ਕੁਝ ਲੋਕ ਹੱਥ-ਲਿਖਤ ਬੀੜਾਂ ਤਿਆਰ ਕਰਦੇ ਰਹਿੰਦੇ ਹਨ। ਮਿਸਾਲ ਦੇ ਤੌਰ 'ਤੇ ਗਿਆਨੀ ਪ੍ਰਤਾਪ ਸਿੰਘ ਨੇ ਇਕ ਵੱਡੇ ਆਕਾਰ ਦੀ ਬੀੜ ਤਿਆਰ ਕੀਤੀ ਸੀ ਜਿਸ ਦੇ ਕੁਲ 1527 ਪੰਨੇ ਹਨ, ਜੋ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਉਪਰਲੀ ਮੰਜ਼ਿਲ 'ਤੇ ਪ੍ਰਕਾਸ਼ ਹੁੰਦੀ ਹੈ। ਡਾ. ਰਤਨ ਸਿੰਘ ਜੱਗੀ ਨੇ ਮਲੇਸ਼ੀਆ ਸ੍ਰੀ ਜਸਵੰਤ ਸਿੰਘ ਖੋਸਾ ਦੁਆਰਾ ਤਿਆਰ ਕੀਤੀ ਹੋਈ ਬੀੜ ਦਾ ਜ਼ਿਕਰ ਵੀ ਕੀਤਾ ਹੈ ਜੋ ਖੋਸਾ ਸਾਹਿਬ ਨੇ ਕਰੀਬਨ ਤਿੰਨ ਸਾਲ ਲਗਾ ਕੇ 1430 ਪੰਨਿਆਂ ਵਿਚ ਹੀ ਤਿਆਰ ਕੀਤੀ ਹੈ। ਇਸ ਜਾਣਕਾਰੀ ਅਨੁਸਾਰ ਇਸ ਬੀੜ ਨੂੰ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਦੇ ਮੌਕੇ 'ਤੇ ਅੰਮ੍ਰਿਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਰੱਖਿਆ ਹੈ। ਪਹਿਲਾਂ 1967 ਵਿਚ ਵੀ ਗੁਰਚਰਨ ਸਿੰਘ ਲੋਟੇ ਨੇ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਵਿਚ ਇਕ ਬੀੜ ਆਪਣੇ ਹੱਥਾਂ ਨਾਲ ਲਿਖ ਕੇ ਤਿਆਰ ਕੀਤੀ ਸੀ। ਐਸੀਆਂ ਅਨੇਕਾਂ ਬੀੜਾਂ ਹਨ, ਜੋ ਕਈ ਪਰਿਵਾਰਾਂ ਤੇ ਕਈ ਗੁਰਦੁਆਰਿਆਂ ਵਿਚ ਪਈਆਂ ਹਨ ਜਿਨ੍ਹਾਂ ਬਾਰੇ ਹਾਲੇ ਜ਼ਿਆਦਾ ਜਾਣਕਾਰੀ ਨਹੀਂ, ਜਿਵੇਂ ਔਰੰਗਾਬਾਦ ਮਹਾਰਾਸ਼ਟਰ ਭਾਈ ਦਇਆ ਸਿੰਘ ਦੀ ਯਾਦ ਵਿਚ ਗੁਰਦੁਆਰੇ ਵਿਚ ਦੋ ਬੀੜਾਂ ਹਨ। ਯੂ.ਪੀ. ਵਿਚ, ਆਜ਼ਮਗੜ੍ਹ ਦੇ ਇਕ ਗੁਰਦੁਆਰੇ ਵਿਚ ਦਸ ਤੋਂ ਉਤੇ ਅਜਿਹੀਆਂ ਬੀੜਾਂ ਹਨ। ਭਾਵੇਂ ਜੀ.ਬੀ. ਸਿੰਘ, ਡਾ. ਜੋਧ ਸਿੰਘ ਤੇ ਹੋਰ ਕਈ ਲੇਖਕਾਂ ਨੇ ਕਈ ਹੱਥ-ਲਿਖਤ ਬੀੜਾਂ ਦਾ ਜ਼ਿਕਰ ਕੀਤਾ ਹੈ। ਪਰ ਅਜੇ ਅਜਿਹੀਆਂ ਕਈ ਹੋਰ ਬੀੜਾਂ ਹੋਣਗੀਆਂ ਜੋ ਕੁਝ ਪਰਿਵਾਰਾਂ ਵਿਚ ਦੇਸ਼-ਵਿਦੇਸ਼ ਵਿਚ ਪਈਆਂ ਹੋਣਗੀਆਂ ਜਿਨ੍ਹਾਂ ਬਾਰੇ ਜਾਣਕਾਰੀ ਨਹੀਂ। ਇਸ ਪੱਖੋਂ ਖੋਜ ਕਰਨ ਲਈ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਹਨ। |
(192) Question:- |
ਤਲਵੰਡੀ ਸਾਬੋ ਤੋਂ ਗੁਰੂ ਜੀ ਕਿੱਥੇ ਗਏ? |
Answer:- |
ਕਿਹਾ ਜਾਂਦਾ ਹੈ ਕਿ ਜਦ ਔਰੰਗਜ਼ੇਬ ਨੂੰ ਜਫ਼ਰਨਾਮਾ ਮਿਲਿਆ ਤਾਂ ਉਸਦੇ ਮਨ 'ਤੇ ਬਹੁਤ ਅਸਰ ਹੋਇਆ। ਉਸ ਨੇ ਗੁਰੂ ਜੀ ਨੂੰ ਮਿਲਣ ਦੀ ਚਾਹ ਪ੍ਰਗਟਾ ਕੇ ਦੱਖਣ ਆਉਣ ਦਾ ਸੱਦਾ ਦਿੱਤਾ। ਗੁਰੂ ਜੀ ਦੱਖਣ ਲਈ ਰਵਾਨਾ ਹੋਏ ਪਰ ਹਾਲੇ ਰਾਜਸਥਾਨ ਵਿਚ ਬਗੌਰ ਦੇ ਅਸਥਾਨ 'ਤੇ ਹੀ ਸਨ ਕਿ ਉਨ੍ਹਾਂ ਨੂੰ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ। ਗੁਰੂ ਜੀ ਫਿਰ ਦਿੱਲੀ ਆ ਗਏ। ਉਸ ਸਮੇਂ ਔਰੰਗਜ਼ੇਬ ਦੇ ਪੁੱਤਰਾਂ ਦੀ ਗੱਦੀ ਲਈ ਜੰਗ ਚੱਲ ਰਹੀ ਸੀ। ਗੁਰੂ ਜੀ ਨੇ ਸ਼ਹਿਜ਼ਾਦਾ ਮੁਅਜ਼ਮ ਦਾ ਸਾਥ ਦਿੱਤਾ। ਸ਼ਹਿਜ਼ਾਦੇ ਦੀ ਬੇਨਤੀ 'ਤੇ ਆਪਣੀ ਕੁਝ ਸੈਨਾ ਵੀ ਉਸਦੀ ਮਦਦ ਲਈ ਭੇਜੀ।
ਗੁਰੂ ਜੀ ਦਾ ਬਹਾਦਰ ਸ਼ਾਹ ਦੀ ਮਦਦ ਕਰਨਾ
ਗੁਰੂ ਜੀ ਦੀ ਸੈਨਾ ਨੇ 8 ਜੂਨ 1707 ਨੂੰ ਹੋਈ ਜਾਜੂ ਦੀ ਲੜਾਈ ਵਿਚ ਹਿੱਸਾ ਲੈ ਕੇ ਸ਼ਹਿਜ਼ਾਦੇ ਨੂੰ ਜਿੱਤ ਦਿਲਵਾਈ। ਸ਼ਹਿਜ਼ਾਦਾ ਮੁਅਜ਼ਮ ਬਾਦਸ਼ਾਹ ਬਹਾਦੁਰ ਸ਼ਾਹ ਬਣ ਗਿਆ। ਉਸ ਨੇ ਗੁਰੂ ਜੀ ਨੂੰ ਆਗਰਾ ਆਉਣ ਦਾ ਸੱਦਾ ਦਿੱਤਾ। ਗੁਰੂ ਜੀ ਦੀ ਬਾਦਸ਼ਾਹ ਨਾਲ ਆਗਰਾ ਵਿਚ ਮੁਲਾਕਾਤ 23 ਜੁਲਾਈ 1707 ਨੂੰ ਹੋਈ। ਬਾਦਸ਼ਾਹ ਦੱਖਣ ਵਿਚ ਹੋਏ ਵਿਦਰੋਹ ਨੂੰ ਦਬਾਉਣ ਲਈ ਦੱਖਣ ਵੱਲ ਜਾ ਰਿਹਾ ਸੀ, ਉਸ ਨੇ ਗੁਰ ਜੀ ਨੂੰ ਵੀ ਆਪਣੇ ਨਾਲ ਚੱਲਣ ਦੀ ਬੇਨਤੀ ਕੀਤੀ। ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਕਿ ਉਹ ਜਾਣ ਤੇ ਗੁਰੂ ਜੀ ਬਾਅਦ ਵਿਚ ਆਉਣਗੇ। |
(193) Question:- |
ਹੇਠ ਲਿਖੀਆਂ ਸ਼ਖਸੀਅਤਾਂ ਬਾਰੇ ਜਾਣਕਾਰੀ ਦਿਓ:- (ੳ) ਭਾਈ ਘਨ੍ਹੱਈਆ ਜੀ, (ਅ) ਭਾਈ ਜੋਗਾ ਸਿੰਘ। |
Answer:- |
ਭਾਈ ਘਨ੍ਹੱਈਆ ਜੀ
ਭਾਈ ਘਨ੍ਹੱਈਆ ਜੀ ਸੇਵਾ ਦੀ ਉਹ ਮੂਰਤ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਆਨੰਦਪੁਰ ਦੀ ਲੜਾਈ ਵਿਚ ਹਰ ਸਿੱਖ ਤੇ ਮੁਸਲਮਾਨ ਨੂੰ ਇਕੋ ਜਿਹਾ ਸਮਝ ਕੇ ਪਾਣੀ ਪਿਲਾਉਂਦੇ ਸਨ। ਆਪ ਜੀ ਦੀ ਸੇਵਾ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਮਲ੍ਹਮ ਪੱਟੀ ਵੀ ਦਿੱਤੀ ਸੀ ਤਾਂ ਕਿ ਹਰੇਕ ਦੇ ਜ਼ਖ਼ਮਾਂ ਨੂੰ ਵੀ ਆਪ ਪੱਟੀ ਕਰ ਸਕਣ। ਇਸ ਗੱਲੋਂ ਭਾਈ ਘਨ੍ਹੱਈਆ ਜੀ ਅੱਜ ਦੀ ਦੁਨੀਆਂ ਵਿਚ ਚੱਲ ਰਹੇ 'ਰੈਡ ਕਰਾਸ ਮੂਵਮੈਂਟ' ਦੇ ਮੋਢੀ ਸਨ।
ਭਾਈ ਜੋਗਾ ਸਿੰਘ
ਭਾਈ ਜੋਗਾ ਸਿੰਘ ਇਕ ਪੂਰਨ ਗੁਰਸਿੱਖ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿਚ ਰਹਿੰਦੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਆਪ ਜੀ ਦੀਆਂ ਲਾਵਾਂ ਹੋ ਰਹੀਆਂ ਸਨ ਤਾਂ ਹਾਲੇ ਦੋ ਲਾਵਾਂ ਹੀ ਪੜ੍ਹੀਆਂ ਸਨ ਤਾਂ ਇਹਨਾਂ ਨੂੰ ਗੁਰੂ ਵੱਲੋਂ ਆਨੰਦਪੁਰ ਸਾਹਿਬ ਪਹੁੰਚਣ ਦਾ ਸੱਦਾ ਮਿਲਿਆ। ਆਪ ਜੀ ਉਸੇ ਵੇਲੇ ਹੀ ਆਨੰਦਪੁਰ ਸਾਹਿਬ ਗੁਰੂ ਜੀ ਨੂੰ ਮਿਲਣ ਲਈ ਤੁਰ ਪਏ। ਉਹਨਾਂ ਦੀ ਰਸਤੇ ਵਿਚ ਇਕ ਵੇਸਵਾ ਕੋਲ ਜਾਣ ਦੀ ਕਹਾਣੀ ਸੱਚੀ ਨਹੀਂ ਲੱਗਦੀ। ਜਿਹੜਾ ਆਦਮੀ ਗੁਰੂ ਦਾ ਹੁਕਮ ਮੰਨ ਕੇ ਆਪਣਾ ਵਿਆਹ ਛੱਡ ਸਕਦਾ ਹੈ ਉਹ ਕੋਈ ਭੈੜਾ ਕਾਰਾ ਕਰ ਹੀ ਨਹੀਂ ਸਕਦਾ। |
(194) Question:- |
'ਆਦਿ ਗ੍ਰੰਥ' ਤੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਵਿਚ ਕੀ ਫਰਕ ਸਨ।? |
Answer:- |
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੇਮਿਸਾਲ ਫੈਸਲਿਆਂ ਵਿਚੋਂ ਇਕ ਫੈਸਲਾ ਸੀ 'ਆਦਿ ਗ੍ਰੰਥ' ਦੀ ਨਵੀਂ ਬੀੜ ਨੂੰ ਗੁਰਿਆਈ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਰੂਪ ਵਿਚ ਸਥਾਪਿਤ ਕਰਨਾ। ਇਤਿਹਾਸਕਾਰਾਂ ਨੇ ਇਸ ਬਾਰੇ ਕਈ ਤਰ੍ਹਾਂ ਦੇ ਵੇਰਵੇ ਦਿੱਤੇ ਹਨ। ਪਰ ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਗੁਰ ਸਾਹਿਬ ਨੇ ਸਿੱਖਾਂ ਦੀ ਹਜ਼ੂਰੀ ਵਿਚ ਇਹ ਐਲਾਨ ਕੀਤਾ ਕਿ ਉਨ੍ਹਾਂ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ ਬਲਕਿ ਸ਼ਬਦ ਗੁਰੂ 'ਗੁਰੂ ਗ੍ਰੰਥ ਸਾਹਿਬ' ਹੀ ਗੁਰੂ ਹੋਣਗੇ। ਇਸ ਤਰ੍ਹਾਂ ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ, ਸਿੱਖਾਂ ਦੇ ਜੋਗੋ ਜੁਗ ਅਟੱਲ ਗੁਰੂ ਬਣ ਗਏ। ਸੋ ਸਭ ਤੋਂ ਵੱਡਾ ਫਰਕ 'ਆਦਿ ਗ੍ਰੰਥ' ਤੇ 'ਗੁਰੂ ਗ੍ਰੰਥ ਸਾਹਿਬ' ਵਿਚ ਇਹੀ ਹੈ ਕਿ ਜਿਥੇ 'ਆਦਿ ਗ੍ਰੰਥ' ਵਿਚ 35 ਰਚਣਹਾਰਿਆਂ ਦੀ ਬਾਣੀ 30 ਰਾਗਾਂ ਵਿਚ ਦਰਜ ਇਕ ਗ੍ਰੰਥ ਦੇ ਰੂਪ ਵਿਚ ਸੀ ਜਿਸ ਦੇ 975 ਪੰਨੇ ਸਨ, ਉਕੇ ਇਹ ਗ੍ਰੰਥ ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੋੜਣ ਤੋਂ ਬਾਅਦ 36 ਰਚਣਹਾਰਿਆਂ ਦੀ ਬਾਣੀ 31 ਰਾਗਾਂ ਵਿਚ 1430 ਪੰਨਿਆਂ 'ਤੇ ਦਰਜ ਹੈ ਉਹ ਸਾਰੇ ਸਿੱਖਾਂ ਲਈ ਸ਼ਬਦ ਗੁਰੂ ਹੈ। |
(195) Question:- |
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਪ੍ਰਦਾਨ ਕਰਨ ਤੋਂ ਬਾਅਦ ਜੋ ਪਹਿਲਾ ਹੁਕਮਨਾਮਾ ਆਇਆ। ਉਸ ਦੇ ਬਚਨ ਕੀ ਸਨ? |
Answer:- |
ਉਸ ਵਕਤ ਗੁਰੂ ਗ੍ਰੰਥ ਸਾਹਿਬ ਵਿਚੋਂ ਲਏ ਗਏ ਹੁਕਮਨਾਮੇ ਦੇ ਬੋਲ ਹੇਠ ਲਿਖੇ ਸਨ:
ਮਾਰੂ ਮਹਲਾ ੫॥
ਖੁਲਿਆ ਕਰਮੁ ਕ਼੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ ॥
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥1॥
ਅਬ ਮੋਹਿ ਜੀਵਨ ਪਦਵੀ ਪਾਈ ॥
ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥1॥ ਰਹਾਉ ॥
ਕਾਮੁ ਕ਼੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ ॥
ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥2॥
ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥
ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ ॥3॥
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥
ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ ॥4॥6॥ (ਅੰਗ 1000) |
(196) Question:- |
ਨਾਂਦੇੜ ਵਿਖੇ ਗੁਰੂ ਜੀ 'ਤੇ ਹੋਏ ਹਮਲੇ ਦਾ ਉਲੇਖ ਕਰੋ। ਉਨ੍ਹਾਂ ਦੇ ਅੰਤ ਸਮੇਂ 'ਤੇ ਉਨ੍ਹਾਂ ਨਾਲ ਕੌਣ ਲੋਕ ਸਨ? |
Answer:- |
ਸਰਹੰਦ ਦਾ ਸੂਬਾ ਵਜ਼ੀਰ ਖਾਂ ਜਿਸ ਨੇ ਛੋਟੇ ਸਾਹਿਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਇਸ ਗੱਲੋਂ ਡਰਿਆ ਹੋਇਆ ਸੀ ਕਿ ਗੁਰੂ ਜੀ ਦੇ ਬਾਦਸ਼ਾਹ ਨਾਲ ਅੱਛੇ ਸਬੰਧ ਹੋਣ ਕਰਕੇ ਕਿਤੇ ਉਸ ਵਿਰੁੱਧ ਕਾਰਵਾਹੀ ਨਾ ਹੋ ਜਾਵੇ। ਉਸਨੇ ਦੋ ਪਠਾਣ ਗੁਰੂ ਜੀ ਨੂੰ ਮਾਰਨ ਲਈ ਗੁਰੂ ਜੀ ਦੇ ਪਿੱਛੇ ਲਾ ਦਿੱਤੇ। ਇਨ੍ਹਾਂ ਵਿਚੋਂ ਇਕ ਨੇ ਮੌਕਾ ਦੇਖ ਕੇ ਗੁਰੂ ਜੀ 'ਤੇ ਛੁਰੇ ਦਾ ਵਾਰ ਕੀਤਾ। ਗਰੂ ਜੀ ਨੇ ਉਸੇ ਵੇਲੇ ਹੀ ਉਸ ਨੂੰ ਕ੍ਰਿਪਾਨ ਨਾਲ ਮਾਰ ਦਿੱਤਾ। ਦੂਜੇ ਪਠਾਣ ਨੂੰ ਵੀ ਸਿੰਘਾਂ ਨੇ ਮਾਰ ਦਿੱਤਾ। ਛੁਰੇ ਦਾ ਇਹ ਜ਼ਖਮ ਹੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਬਣਿਆ ਤੇ 7 ਅਕਤੂਬਰ 1708 ਨੂੰ ਆਪ ਜੀ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ 'ਆਦਿ ਗ੍ਰੰਥ' ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ 'ਗੁਰੂ ਗ੍ਰੰਥ ਸਾਹਿਬ' ਦੇ ਲੜ ਲਾ ਦਿੱਤਾ।
ਗਰੂ ਜੀ ਨਾਲ ਉਸ ਵੇਲੇ ਮਾਤਾ ਸਾਹਿਬ ਕੌਰ ਜੀ, ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਆਦਿਕ ਪ੍ਰਸਿੱਧ ਸਿੱਖਾਂ ਤੋਂ ਬਿਨਾਂ ਲਗਪਗ 300 ਘੋੜ ਸਵਾਰ ਵੀ ਸਨ। ਜੋਤੀ ਜੋਤ ਸਮਾਉਣ ਤੋਂ ਪਹਿਲੇ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਮਾਤਾ ਸਾਹਿਬ ਕੌਰ ਦੇ ਨਾਲ ਦਿੱਲੀ ਭੇਜ ਦਿੱਤਾ। ਜਿੱਥੇ ਮਾਤਾ ਸੁੰਦਰੀ ਜੀ ਪਹਿਲੇ ਤੋਂ ਹੀ ਸਨ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਤੇ ਹੋਰ ਸਿੱਖ ਗੁਰੂ ਜੀ ਦੇ ਸਸਕਾਰ ਤੋਂ ਬਾਅਦ ਪੰਜਾਬ ਚਲੇ ਗਏ। |
(197) Question:- |
ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਦਿੱਲੀ ਨਿਵਾਸ ਬਾਰੇ ਜਾਣਕਾਰੀ ਦਿਓ। |
Answer:- |
ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਮਾਤਾ ਬਣਾਇਆ ਸੀ, ਦਿੱਲੀ ਜਾਣ ਤੋਂ ਬਾਅਦ ਮਾਘ ਇਕਾਦਸ਼ੀ ਸੰਮਤ 1804 ਬਿਕ੍ਰਮੀ ਨੂੰ ਗੁਜ਼ਰ ਗਏ ਸਨ। ਮਾਤਾ ਸੁੰਦਰੀ ਜੀ ਨੇ ਬਾਅਦ ਵਿਚ ਕਾਫੀ ਸਾਲ ਪੰਥ ਦੀ ਰਹਿਨੁਮਾਈ ਕੀਤੀ। ਸਿੱਖਾਂ ਵਿਚ ਬੰਦਾ ਸਿੰਘ ਬਹਾਦਰ ਦੇ ਅਕਾਲ ਚਲਾਣੇ ਬਾਅਦ ਪਏ ਝਗੜੇ ਦਾ ਨਿਪਟਾਰਾ ਵੀ ਆਪ ਨੇ ਹੀ ਕਰਵਾਇਆ ਸੀ। |
(198) Question:- |
ਦਸਮ ਗ੍ਰੰਥ ਵਿਚ ਇਕੱਤਰਤ ਬਾਣੀਆਂ ਦਾ ਵੇਰਵਾ ਦਿਓ। |
Answer:- |
ਦਸਮ ਗ੍ਰੰਥ ਦੀਆਂ ਬਾਣੀਆਂ - ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀਆਂ ਨੂੰ ਭਾਈ ਮਨੀ ਸਿੰਘ ਜੀ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਕੱਤਰਤ ਕੀਤਾ। ਇਹ ਇਕੱਤਰਤ ਕੀਤੀ ਹੋਈ ਬਾਣੀ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਸਿੱਧ ਹੋਈ, ਜਿਸ ਵਿਚ 16 ਪ੍ਰਮੁੱਖ ਰਚਨਾਵਾਂ ਦੇ ਨਾਮ ਹਨ-ਜਾਪੁ ਸਾਹਿਬ, ਅਕਾਲ ਉਸਤਤਿ, ਬਚਿੱਤ੍ਰ ਨਾਟਕ, ਚੰਡੀ ਚਰਿਤ੍ਰ, ਚੰਡੀ ਚਰਿਤ੍ਰ ਦੂਜਾ, ਵਾਰ ਸ੍ਰੀ ਭਗਉਤੀ ਜੀ ਕੀ, ਗਿਆ ਪ੍ਰਬੋਧ, ਚੌਬੀਸ ਅਵਤਾਰ, ਸ਼ਸਤਰ ਨਾਮ ਮਾਲਾ ਪੁਰਾਣ, ਜ਼ਫਰਨਾਮਾ, ਚਰਿਤਰੋ ਪਾਖਿਆਨ, ਖਾਲਸਾ ਮਹਿਮਾ, ਸ਼ਬਦ ਹਜ਼ਾਰੇ ਤੇ ਤੇਤੀ ਸਵੱਈਏ। ਇਨਾਂ ਬਾਣੀਆਂ ਦੀ ਭਾਸ਼ਾ ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ, ਹਿੰਦੀ ਤੇ ਪੰਜਾਬੀ ਹੈ। ਇਹ ਸਾਰੀਆਂ ਬਾਣੀਆਂ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਲਮ ਦੇ ਧਨੀ ਵਜੋਂ ਪਰਮਾਨਿਤ ਕਰਦੀ ਹੈ। ਗੁਰੂ ਮਹਾਰਾਜ ਦਾ ਭਾਸ਼ਾ ਗਿਆਨ, ਰਾਗ ਗਿਆਨ, ਪੁਰਾਤਨ ਗ੍ਰੰਥ ਬਾਰੇ ਗਿਆਨ ਤੇ ਕਾਵਿ ਸ਼ੈਲੀ ਇੰਨੇ ਪ੍ਰਭਾਵਸ਼ਾਲੀ ਹਨ ਕਿ ਦੁਨੀਆਂ ਦਾ ਕੋਈ ਵੀ ਕਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਆਪ ਜੀ ਦੀਆਂ ਤਿੰਨ ਬਾਣੀਆਂ ਜਾਪੁ ਸਾਹਿਬ, ਸਵੱਈਏ ਤੇ ਚੌਪਈ ਸਾਹਿਬ ਸਿੱਖਾਂ ਦੀਆਂ ਨਿਤਨੇਮ ਦੀਆਂ ਪੰਜ ਬਾਣੀਆਂ ਵਿਚ ਸ਼ਾਮਲ ਹਨ। ਚੌਪਈ ਸਾਹਿਬ ਪਾਤਸ਼ਾਹੀ ੧0 ਸ਼ਾਮ ਦੀ ਬਾਣੀ ਰਹਰਾਸਿ ਨਾਲ ਪੜ੍ਹੀ ਜਾਂਦੀ ਹੈ। ਜਿਥੇ ਅਕਾਲ ਉਸਤਤਿ ਵਿਚ 2713 ਛੰਦ ਹਨ ਤੇ ਪਰਮਾਤਮਾ ਦੀ ਉਸਤਤਿ ਕੀਤੀ ਗਈ ਹੈ, ਉਥੇ ਖਾਲਸਾ ਮਹਿਮਾ ਵਿਚ ਖਾਲਸਾ ਪੰਥ ਦੀ ਮਹਿਮਾ ਗਾਈ ਗਈ ਹੈ। ਚੌਬੀਸ ਅਵਤਾਰ ਵਿਚ ਪੁਰਾਤਨ ਗ੍ਰੰਥ ਦੀਆਂ ਗਾਥਾਵਾਂ ਦਾ ਟੀਕਾ ਹੈ। ਬਚਿੱਤ੍ਰ ਨਾਟਕ ਗੁਰੂ ਜੀ ਦੇ ਆਪਣੇ ਜੀਵਨ ਦੀ ਝਲਕ ਪੇਸ਼ ਕਰਦਾ ਹੈ। ਸ਼ਬਦ ਹਜ਼ਾਰੇ ਦਸਮ ਪਿਤਾ ਦੀ ਪ੍ਰਭੂ ਅਰਾਧਨਾ ਦੀ ਬਾਣੀ ਹੈ। ਜਿਥੇ ਸ਼ਬਦ ਹਜ਼ਾਰਿਆਂ ਵਿਚ ਤਰ੍ਹਾਂ-ਤਰ੍ਹਾਂ ਦੇ ਰਾਗਾਂ ਦਾ ਇਸਤੇਮਾਲ ਹੈ, ਉਥੇ ਅਨੇਕਾਂ ਤਰ੍ਹਾਂ ਦੇ ਛੰਦ ਹੋਰ ਰਚਨਾਵਾਂ ਵਿਚ ਵਰਤੇ ਗਏ ਹਨ। |
(199) Question:- |
ਗੁਰੂ ਸਾਹਿਬ ਦੀਆਂ ਪ੍ਰਮੁੱਖ ਰਚਨਾਵਾਂ, ਜਾਪੁ ਸਾਹਿਬ, ਅਕਾਲ ਉਸਤਤਿ ਤੇ ਬਚਿੱਤ੍ਰ ਨਾਟਕ ਬਾਰੇ ਜਾਣਕਾਰੀ ਦਿਉ। |
Answer:- |
ਜਾਪੁ ਸਾਹਿਬ
ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿਚ ਜਪੁ ਜੀ ਸਾਹਿਬ ਨੂੰ ਸਭ ਤੋਂ ਪਹਿਲੀ ਬਾਣੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਤਰ੍ਹਾਂ ਦਸਮ ਗ੍ਰੰਥ ਸਾਹਿਬ ਵਿਚ ਜਾਪੁ ਸਾਹਿਬ ਨੂੰ ਪ੍ਰਥਮ ਸਥਾਨ ਦਿੱਤਾ ਗਿਆ ਹੈ। ਇਸ ਬਾਣੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ 199 ਛੰਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਿਸਮਾਂ ਵਿਚ ਦਿੱਤਾ ਗਿਆ ਹੈ। (ਕੁਝ ਵਿਦਵਾਨ 200 ਛੰਦ ਗਿਣਦੇ ਹਨ) ਪਰ ਜੋ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਹੈ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪਰਮਾਤਮਾ ਨੂੰ ਅਨੇਕ ਨਾਵਾਂ ਨਾਲ ਨਿਰਗੁਣ ਸਰੂਪ ਵਿਚ ਯਾਦ ਕਰਨਾ, ਉਨ੍ਹਾਂ ਵਿਚੋਂ ਬਹੁਤ ਸਾਰੇ ਨਾਂ ਵੀਰਤਾ ਦੇ ਗੁਣਾਂ ਨਾਲ ਸੰਬੰਧਿਤ ਹਨ। ਜਿਵੇਂ ਅਸਿਧੁਜ, ਅਸਿਕੇਤੁ। ਪਰਮਾਤਮਾ ਦੀ ਸਰਬ ਵਿਆਪਕਤਾ ਨੂੰ ਦਰਸਾਉਂਦੇ ਹੋਏ ਕਈ ਐਸੇ ਨਾਂ ਵੀ ਇਸਤੇਮਾਲ ਕੀਤੇ ਗਏ ਹਨ ਜੋ ਆਪਸ ਵਿਚ ਵਿਰੋਧੀ ਲੱਗਦੇ ਹਨ। ਜਿਵੇਂ ਕਿ ਪਰਮਾਤਮਾ ਨੂੰ ਕਲਿਆਣਕਾਰੀ ਅਤੇ ਕਠੋਰ ਕਰਮ ਕਰਨ ਵਾਲਾ ਇਕੋ ਸਤਰ ਵਿਚ ਦੱਸਿਆ ਗਿਆ ਹੈ, ''ਨਮੋ ਨਿਤ ਨਾਰਾਇਣੇ ਕ੍ਰੂਰ ਕਰਮੈ।।" ਇਸ ਤਰ੍ਹਾਂ ਹੀ ਪਰਮਾਤਮਾ ਅੰਧਕਾਰ ਵੀ ਹੈ ਤੇ ਤੇਜ਼ ਰੌਸ਼ਨੀ ਵੀ ਹੈ, ਉਹ ਸ਼ਾਂਤ ਰੂਪ ਵੀ ਹੈ ਤੇ ਕਲਹ ਕਰਤਾ ਵੀ ਹੈ। ਜੇ ਉਹ ਪਾਲਣਹਾਰਾ ਹੈ ਤਾਂ ਉਹ ਕਾਲ ਰੂਪ ਵੀ ਹੈ। ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਨੇ ਪਰਮਾਤਮਾ ਦੇ ਸਰੂਪ ਨੂੰ ਇਕ ਨਵਾਂ ਚਿੱਤ੍ਰਣ ਦਿੱਤਾ ਹੈ। ਪਰਮਾਤਮਾ ਬਾਰੇ ਜੋ ਮੁੱਖ ਸੰਕਲਪ ਹੈ ਉਹ ਉਹੀ ਹੈ ਜੋ ਗੁਰਬਾਣੀ ਵਿਚ ਹੈ ਕਿ ਪਰਮਾਤਮਾ ਦਾ ਕੋਈ ਚਕ੍ਰ ਚਿਹਨ, ਵਰਣ, ਜਾਤ-ਪਾਤ, ਰੂਪ ਰੰਗ, ਰੇਖ-ਭੇਖ ਆਦਿ ਨਹੀਂ ਹੈ। ਸੰਸਾਰ ਰਚਨਾ ਬਾਰੇ ਵੀ ਗੁਰੂ ਸਾਹਿਬ ਦਾ ਸੰਕਲਪ, ਗੁਰਬਾਣੀ ਦੇ ਸੰਕਲਪ ਪਰਮਾਤਮਾ ਦੇ ਇਕ ਤੋਂ ਅਨੇਕ ਹੋਣ ਨਾਲ ਹੀ ਸੰਬੰਧਿਤ ਹੈ। ਸੰਸਾਰ ਵਿਚ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਉਹ ਪਰਮਾਤਮਾ ਦਾ ਹੀ ਰੂਪ ਹੈ ਅਤੇ ਸਭ ਨੇ ਆਪਦੇ ਮੂਲ ਤੱਤ ਵਿਚ ਸਮਾਉਣਾ ਹੈ। ਗੁਰੂ ਸਾਹਿਬ ਸਪੱਸ਼ਟ ਤੌਰ 'ਤੇ ਦੱਸਦੇ ਹਨ ਕਿ ਉਹ ਸਰਬ ਸ਼ਕਤਮਾਨ 'ਅਨੇਕ ਹੈ ਫਿਰ ਏਕ ਹੈ।।' ਅਸਲ ਵਿਚ ਸਾਰਾ ਜਗਤ ਪਸਾਰਾ ਉਸ ਦੀ ਖੇਡ ਹੈ। ਉਹ ਬਾਜ਼ੀਗਰ ਵਾਂਗ ਆਪਣੀ ਖੇਡ ਲਈ ਸਾਰਾ ਪਸਾਰਾ ਕਰਦਾ ਹੈ ਤੇ ਜਦੋਂ ਖੇਡ ਖਤਮ ਹੋ ਜਾਂਦੀ ਹੈ ਉਸ ਪਸਾਰੇ ਨੂੰ ਸਮੇਟ ਵੀ ਲੈਂਦਾ ਹੈ-
ਏਕ ਮੂਰਤਿ ਅਨੇਕ ਦਰਸ਼ਨ ਕੀਨ ਰੂਪ ਅਨੇਕ।।
ਖੇਲ ਖੇਲ ਅਖੇਲ ਖੇਲਨ ਅੰਤੁ ਕੋ ਫਿਰ ਏਕ।।
ਗੁਰੂ ਸਾਹਿਬ ਨੇ ਜੋ ਸ਼ੈਲੀ ਆਪਣੀ ਇਸ ਮਹਾਨ ਰਚਨਾ ਵਿਚ ਵਰਤੀ ਹੈ ਉਸਦਾ ਇਕ ਪਹਿਲੂ ਹੈ 'ਨਮਸਤੰ' ਜਾਂ 'ਨਮੋ' ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਸੰਗੀਤਕ ਲੈਅ ਪੈਦਾ ਕਰਨਾ। ਇਕ ਛੰਦ ਵਿਚ 'ਕਿ' ਸ਼ਬਦ ਦਾ ਸੁੰਦਰ ਇਸਤੇਮਾਲ ਕਰਕੇ ਪਰਮਾਤਮਾ ਨੂੰ ਬਿਆਨ ਕੀਤਾ ਹੈ। ਭਗਵਤੀ ਛੰਦ ਦੀਆਂ ਇਨ੍ਹਾਂ ਖੂਬਸੂਰਤ ਸਤਰਾਂ ਵਿਚ ਵੀ ਇਕ ਅਚਰ ਸੰਗੀਤਕ ਲੈਅ ਹੈ-
ਕਿ ਸਾਹਿਬ ਦਿਮਾਗ ਹੈ।। ਕਿ ਹੁਸਨਲ ਚਿਰਾਗ ਹੈ।।
ਕਿ ਕਾਮਲ ਕਰੀਮ ਹੈ।। ਕਿ ਰਾਜਕ ਰਹੀਮ ਹੈ।।
ਸਿਰਫ ਸੰਗੀਤਕ ਲੈਅ ਨਾਲ ਹੀ ਰੌਚਕਤਾ ਨਹੀਂ ਪੈਦਾ ਕੀਤੀ ਗਈ ਬਲਕਿ ਜਲਦੀ-ਜਲਦੀ ਛੰਦ ਬਦਲਣ ਨਾਲ ਵੀ ਤੇ ਕਈ ਨਿੱਕੇ-ਨਿੱਕੇ ਇਕਹਿਰੇ ਛੰਦਾਂ ਨਾਲ ਵੀ ਉਪਾਸ਼ਕ ਦੇ ਮਨ ਵਿਚ ਭਗਤੀ ਪ੍ਰੇਮ ਦੀ ਤਾਂਘ ਪੈਦਾ ਕੀਤੀ ਗਈ ਹੈ। ਭਾਸ਼ਾ ਦੀ ਵਰਤੋਂ ਕਰਦੇ ਹੋਏ ਸੰਸਕ੍ਰਿਤ, ਅਰਬੀ, ਫਾਰਸੀ, ਤੇ ਹੋਰ ਧਰਮਾਂ ਨਾਲ ਸੰਬੰਧਿਤ ਸ਼ਬਦ ਇਸ ਤਰ੍ਹਾਂ ਵਰਤੇ ਗਏ ਹਨ ਕਿ ਸਾਰੇ ਉਪਾਸ਼ਕਾਂ ਦੀ ਭਾਵਾਤਮਿਕ ਏਕਤਾ ਪੈਦਾ ਹੋਵੇ। ਗੁਰੂ ਜੀ ਨੇ ਇਸ ਬਾਣੀ ਦੀ ਰਚਨਾ ਕਦੋਂ ਕੀਤੀ, ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਪਰ ਕਿਉਂਕਿ ਅੰਮ੍ਰਿਤਪਾਣ ਕਰਵਾਉਣ ਵੇਲੇ ਇਸ ਨੂੰ ਪੰਜ ਬਾਣੀਆਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ, ਇਸ ਤੋਂ ਲੱਗਦਾ ਹੈ ਕਿ ਖਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਹ ਰਚਨਾ ਉਚਾਰੀ ਹੋਵੇਗੀ। ਇਸ ਦੀ ਗਤੀ ਇੰਨੀ ਨਿਰੰਤਰ ਅਤੇ ਤੇਜ਼ੀ ਨਾਲ ਚੱਲਦੀ ਹੈ ਕਿ ਜਾਪਦਾ ਹੈ ਕਿ ਗੁਰੂ ਸਾਹਿਬ ਨੇ ਇਸ ਬਾਣੀ ਨੂੰ ਸਹਿਜ ਸੁਭਾਵਿਕ ਹੀ ਉਚਾਰਿਆ ਹੋਏਗਾ। ਹੁਣ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਇਹ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਵਿਚ ਸ਼ਾਮਿਲ ਹੈ।
ਅਕਾਲ ਉਸਤਤਿ, ਤ੍ਵ ਪ੍ਰਸਾਦਿ ਸਵੈਯੇ
ਦਸਮ ਗ੍ਰੰਥ ਸਾਹਿਬ ਵਿਚ ਜਾਪੁ ਸਾਹਿਬ ਤੋਂ ਬਾਅਦ ਜੋ ਬਾਣੀ ਅੰਕਿਤ ਹੈ, ਉਸ ਨੂੰ ਅਕਾਲ ਉਸਤਤਿ ਦੇ ਨਾਲ ਨਾਲ ਯਾਦ ਕੀਤਾ ਜਾਂਦਾ ਹੈ। ਅਸਲੀ ਵਿਚ ਅਕਾਲ ਉਸਤਤਿ ਦਾ ਨਾਂ ਗ੍ਰੰਥ ਵਿਚ ਬਾਣੀ ਉਪਰ ਨਹੀਂ ਆਉਂਦਾ। ਹੋ ਸਕਦਾ ਹੈ ਕਿ ਇਹ ਨਾਂ ਕਿਸੇ ਨੇ ਬਾਅਦ ਵਿਚ ਇਸ ਕਰਕੇ ਪ੍ਰਚੱਲਿਤ ਕੀਤਾ ਹੋਵੇ, ਕਿਉਂਕਿ ਪੁਰਾਤਨ ਬੀੜਾਂ ਵਿਚ ਕਿਤੇ-ਕਿਤੇ ਅਖੀਰ ਤੇ ਉਸਤਤਿ ਸੰਪੂਰਣੰ ਲਿਖਿਆ ਹੋਇਆ ਹੈ। ਇਹ ਨਾਮ ਕਈ ਰਚਨਾਵਾਂ ਨੂੰ ਮਿਲਾ ਕੇ ਸਮਿਲਿਤ ਰੂਪ ਵਿਚ ਦਿੱਤਾ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਉਹ ਦਸ ਸਵੈਯੇ ਵੀ ਸ਼ਾਮਿਲ ਹਨ ਜੋ ਅੰਮ੍ਰਿਤ ਸੰਚਾਰ ਦੀਆਂ ਪੰਜ ਬਾਣੀਆਂ ਵੇਲੇ ਉਚਾਰੇ ਜਾਂਦੇ ਹਨ। ਇਨ੍ਹਾਂ ਸਵੈਯਾਂ ਉਤੇ ਜੋ ਤ੍ਵ ਪ੍ਰਸਾਦਿ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਇਸ ਦਾ ਅਰਥ ਹੈ ਤੇਰੀ ਕਿਰਪਾ ਨਾਲ। ਇਸ ਸ਼ਬਦ ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸ਼ੁਰੂ ਕੀਤੀ। ਸੋ ਦਸਮ ਗ੍ਰੰਥ ਵਿਚ ਹੀ ਸਭ ਤੋਂ ਪਹਿਲਾਂ ਹੋਈ ਮਿਲਦੀ ਹੈ।
ਅਕਾਲ ਉਸਤਤਿ ਦੀਆਂ ਬਾਣੀਆਂ ਵਿਚ ਜੋ ਸ਼ੁਰੂ ਵਿਚ ਦਸਮ ਪਿਤਾ ਦੁਆਰਾ ਲਿਖਿਆ ਛੰਦ ਅੰਕਿਤ ਹੈ ਉਹ ਨਿਹੰਗ ਸਿੰਘਾਂ ਵਿਚ ਬਹੁਤ ਪ੍ਰਚੱਲਿਤ ਹੈ। ਉਹ ਛੰਦ ਇਸ ਤਰ੍ਹਾਂ ਹੈ-
ਅਕਾਲ ਪੁਰਖ ਦੀ ਰੱਛਾ ਹਮਨੈ।।
ਸਰਬ ਲੋਹ ਦੀ ਰੱਛਿਆ ਹਮਨੈ।।
ਸਰਬ ਕਾਲ ਜੀ ਦੀ ਰੱਛਿਆ ਹਮਨੈ।।
ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ।।
ਜਿਥੋਂ ਚੌਪਈ ਛੰਦ ਨਾਲ ਮੂਲ ਪਾਠ ਸ਼ੁਰੂ ਹੁੰਦਾ ਹੈ ਉਥੇ ਪਹਿਲੀ ਵਾਰ ਪ੍ਰਸਾਦਿ ਸ਼ਬਦ ਵਰਤਿਆ ਗਿਆ ਹੈ। ਪਹਿਲੇ 10 ਚੌਪਈਆਂ, ਫਿਰ 10 ਕਬਿੱਤ ਤੇ ਫਿਰ ਨਿਤਨੇਮ ਦੀਆਂ ਬਾਣੀਆਂ ਵਾਲੇ 10 ਸਵੈਯੇ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਤੋਂ ਇਲਾਵਾ 10 ਦੋਹਰੇ, 20 ਤੋਮਰ ਛੰਦ, 30 ਭੁਜੰਗ ਪ੍ਰਯਾਤ ਛੰਦ, 20 ਦੀਰਘ ਤਿਭੰਗੀ ਛੰਦ, 12 ਪਾਧੜੀ ਛੰਦ ਤੇ 14 ਕਬਿੱਤ ਵੀ ਇਨ੍ਹਾਂ ਉਸਤਤਿ ਦੀਆਂ ਬਾਣੀਆਂ ਵਿਚ ਸ਼ਾਮਿਲ ਹਨ। ਸਾਰੀ ਰਚਨਾ ਵਿਚ ਕੁੱਲ 271 ਤੇ ਅੱਧਾ ਛੰਦ ਹਨ ਜੋ 12 ਕਿਸਮ ਦੇ ਹਨ। ਇਨ੍ਹਾਂ ਵਿਚ ਵੀ ਗੁਰੂ ਜੀ ਨੇ ਜਾਪੁ ਸਾਹਿਬ ਵਾਂਗ ਕਈ ਵਾਰ ਛੰਦ ਪਰਿਵਰਤਣ ਕੀਤਾ ਹੈ। ਭਾਸ਼ਾ ਵਿਚ ਅਰਬੀ ਫਾਰਸੀ ਦੇ ਸ਼ਬਦਾਂ ਤੋਂ ਇਲਾਵਾ ਬ੍ਰਿਜ ਭਾਸ਼ਾ ਦੀ ਸ਼ਬਦਾਵਲੀ ਜ਼ਿਆਦਾ ਹੈ। ਸਮੁੱਚੀ ਰਚਨਾ ਵਿਚ ਗੁਰੂ ਜੀ ਨੇ ਪਰਮਾਤਮਾ ਦੀ ਉਸਤਤਿ ਕੀਤੀ ਹੈ ਤੇ ਪ੍ਰੇਮਾ ਭਗਤੀ ਨੂੰ ਸਾਰੇ ਕਰਮਾਂ ਤੋਂ ਉਤੇ ਦੱਸਿਆ ਹੈ।
ਬਚਿੱਤ੍ਰ ਨਾਟਕ
ਅਕਾਲ ਉਸਤਤਿ ਤੋਂ ਬਾਅਦ ਦਸਮ ਗ੍ਰੰਥ ਵਿਚ ਸੰਕਲਿਤ ਬਚਿੱਤ੍ਰ ਨਾਟਕ ਤੀਜੀ ਰਚਨਾ ਹੈ। ਭਾਵੇਂ ਇਹ ਨਾਮ ਵੀ ਸਮੂਹਿਕ ਤੌਰ 'ਤੇ ਕਈ ਰਚਨਾਵਾਂ ਨੂੰ ਦਿੱਤਾ ਗਿਆ ਹੈ ਅਤੇ ਇਹ ਇਕ ਐਸੀ ਵੱਡੀ ਰਚਨਾ ਹੈ ਜਿਸ ਦਾ ਵਿਸਤਾਰ ਦਸਮ ਗ੍ਰੰਥ ਦੇ 634 ਪੰਨਿਆਂ 'ਤੇ ਹੋਇਆ ਹੈ ਪਰ ਜੋ ਪ੍ਰਚੱਲਿਤ ਧਾਰਨਾ ਹੈ। ਉਸ ਅਨੁਸਾਰ ਬਚਿੱਤ੍ਰ ਨਾਟਕ ਸਿਰਫ ਉਸ ਰਚਨਾ ਨੂੰ ਕਿਹਾ ਜਾਂਦਾ ਹੈ ਜੋ ਦਸਮ ਪਿਤਾ ਦੀ ਸਵੈ-ਜੀਵਨ ਹੈ। ਜਿਥੇ ਪੂਰੇ ਬਚਿੱਤ੍ਰ ਨਾਟਕ ਵਿਚ ਪਰਮਾਤਮਾ ਦੁਆਰਾ ਪੈਦਾ ਕੀਤੀ ਹੋਈ ਵਚਿੱਤਰ ਲੀਲਾਵਾਂ ਦਾ ਜ਼ਿਕਰ ਕਰਦੇ ਹੋਏ ਵੱਖ-ਵੱਖ ਯੁੱਗਾਂ ਵਿਚ ਪ੍ਰਗਟ ਹੋਏ ਨਾਟਕਾਂ ਦੇ ਕਥਾ ਪ੍ਰਸੰਗ ਹਨ, ਉਥੇ ਸਵੈ-ਜੀਵਨੀ ਵਾਲੇ ਹਿੱਸੇ ਵਿਚ ਗੁਰੂ ਸਾਹਿਬ ਨੇ ਆਪਣੀ ਕਥਾ ਦਾ ਬਖਾਨ ਕੀਤਾ ਹੈ। ਇਸ ਰਚਨਾ ਦੇ ਕੁਲ 14 ਅਧਿਆਏ ਹਨ ਜਿਨ੍ਹਾਂ ਵਿਚੋਂ 471 ਛੰਦ ਹਨ। ਜਿੱਥੇ ਹੋਰ ਅਧਿਆਏ ਪੁਰਾਤਨ ਸਮਿਆਂ ਦੀ ਗੱਲ ਕਰਦੇ ਹਨ ਤੇ ਸੋਢੀਆਂ ਤੇ ਬੇਦੀਆਂ ਦੇ ਬਾਰੇ ਦੱਸਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਦੀ ਸਥਾਪਨਾ ਕਰਨ ਤੋਂ ਬਾਅਦ ਨੌਂ ਗੁਰੂਆਂ ਦੇ ਗੱਦੀ ਉਤੇ ਬਿਰਾਜਨ ਦਾ ਜ਼ਿਕਰ ਕਰਦੇ ਹਨ ਉਥੇ ਛੇਵੇਂ ਅਧਿਆਏ ਵਿਚ ਦਸਮ ਪਿਤਾ ਨੇ ਆਪਣੇ ਜਨਮ ਧਾਰਨ ਕਰਨ ਦੇ ਉਦੇਸ਼ ਅਤੇ ਸੰਸਾਰ ਵਿਚ ਕੀਤੇ ਹੋਏ ਕੰਮਾਂ ਵੱਲ ਸੰਕੇਤ ਕੀਤਾ ਹੈ। 14ਵੇਂ ਅਧਿਆਏ ਤੱਕ ਆਪਣੀ ਕਥਾ ਦਾ ਬਖਿਆਨ ਆਪ ਨੇ ਉਸ ਸਮੇਂ ਤੱਕ ਕੀਤਾ ਹੈ ਜਦੋਂ ਅਜੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਹੋਈ ਸੀ। ਇਸ ਦੌਰਾਨ ਲੜੇ ਹੋਏ ਯੁੱਧਾਂ ਦਾ ਚਿੱਤ੍ਰਣ ਬੜੇ ਸੁੰਦਰ ਢੰਗ ਨਾਲ ਕੀਤਾ ਗਿਆ ਹੈ। ਛੰਦ ਤੇ ਅਲੰਕਾਰਾਂ ਦਾ ਇਸਤੇਮਾਲ ਤੇ ਬ੍ਰਜ ਭਾਸ਼ਾ ਦੀ ਸੁੰਦਰ ਸ਼ਬਦਾਵਲੀ ਦੀ ਵਰਤੋਂ ਕਰਕੇ ਗੁਰੂ ਸਾਹਿਬ ਨੇ ਇਕ ਖੂਬਸੂਰਤ ਰਚਨਾ ਸਵੈ-ਜੀਵਨੀ ਦੇ ਰੂਪ ਵਿਚ ਸਾਨੂੰ ਦਿੱਤੀ ਹੈ। |
(200) Question:- |
ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਸ਼ਬਦਾਂ ਦੀ ਵੀ ਰਚਨਾ ਕੀਤੀ, ਉਨ੍ਹਾਂ ਬਾਰੇ ਦੱਸੋ। ਕੀ ਅਰਦਾਸ ਦੀਆਂ ਮੁੱਢਲੀਆਂ ਸੱਤਰਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੀ ਹਨ? |
Answer:- |
ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਬੇਮਿਸਾਲ ਜਰਨੈਲ ਤੇ ਸੂਰਮੇ ਸਨ ਉਥੇ ਹੀ ਇਕ ਉੱਚ ਕੋਟੀ ਦੇ ਵਿਦਵਾਨ ਵੀ ਸਨ। ਦਸਮ ਗ੍ਰੰਥ ਦੀਆਂ ਰਚਨਵਾਂ ਵਿਚ ਆਪ ਦੁਆਰਾ ਰਚਿਤ ਕੁਝ ਸ਼ਬਦ ਵੀ ਸ਼ਾਮਿਲ ਹਨ ਜੋ ਅਲੱਗ-ਅਲੱਗ ਰਾਗਾਂ ਵਿਚ ਅੰਕਿਤ ਹਨ। ਜਿਥੇ 9 ਸ਼ਬਦ ਰਾਗ ਰਾਮਕਲੀ, 3 ਰਾਗ ਦੇਵਗੰਧਾਰੀ, 2 ਰਾਗ ਸੋਰਠਿ, ਕਲਿਆਣ, ਤਿਲੰਗ ਤੇ ਬਿਲਾਵਲੁ ਵਿਚ 1-1 ਸ਼ਬਦ ਲਿਖੇ ਗਏ ਹਨ, ਉਥੇ ਦਸਵਾਂ ਸ਼ਬਦ ਖਿਆਲ (ਮਿਤ੍ਰ ਪਿਆਰੇ ਨੂੰ) ਵੀ ਇਨ੍ਹਾਂ ਸ਼ਬਦਾਂ ਵਿਚ ਗਿਣਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਵਿਚੋਂ ਕੁ ਸ਼ਬਦ ਜਿਵੇਂ 'ਰੇ ਮਨ ਐਸੋ ਕਰਿ ਸੰਨਿਆਸਾ' 'ਰੇ ਮਨ ਇਹ ਬਿਧਿ ਜੋਗੁ ਕਮਾਓ' ਤੇ 'ਪ੍ਰਭੁ ਜੂ ਤੋ ਕਹਿ ਲਾਜ ਹਮਾਰੀ'॥ ਜ਼ਿਆਦਾਤਰ ਸੁਣਨ ਨੂੰ ਮਿਲਦੇ ਹਨ। ਇਨ੍ਹਾਂ ਸ਼ਬਦਾਂ ਵਿਚ ਯੋਗ ਦੇ ਬਾਹਰਲੇ ਅਡੰਬਰਾਂ, ਪਖੰਡਾਂ ਤੇ ਵਾਸਨਾਵਾਂ ਦਾ ਤਿਆਗ ਕਰਕੇ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ।
ਚੰਡੀ ਦੀ ਵਾਰ
ਗੁਰੂ ਗੋਬਿੰਦ ਸਿੰਘ ਜੀ ਦੀ ਇਕ ਰਚਨਾ ਪੰਜਾਬੀ ਭਾਸ਼ਾ ਵਿਚ ਰਚੀ ਹੋਈ ਮਿਲਦੀ ਹੈ, ਜਿਸ ਨੂੰ ਵਾਰ ਦੁਰਗਾ ਕੀ ਜਾਂ ਚੰਡੀ ਦੀ ਵਾਰ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਕਰਕੇ ਜਾਣਿਆ ਜਾਂਦਾ ਹੈ। ਇਸ 'ਵਾਰ' ਦੀ ਜੋ ਪਹਿਲੀ ਪਉੜੀ ਮੰਗਲਾਚਰਣ ਵਜੋਂ ਲਿਖੀ ਗਈ ਹੈ, ਉਹ ਹੁਣ ਸਾਡੀ ਅਰਦਾਸ ਦੀਆਂ ਸ਼ੁਰੂ ਦੀਆਂ ਸਤਰਾਂ ਹਨ। ਇਹ ਸਤਰਾਂ 'ਪ੍ਰਿਥਮ ਭਗਉਤੀ ਸਿਮਰ ਕੈ' ਤੋਂ ਸ਼ੁਰੂ ਹੋ ਕੇ 'ਸਭ ਥਾਂਈ ਹੋਇ ਸਹਾਇ' ਤੱਕ ਚੱਲਦੀਆਂ ਹਨ। ਭਾਵੇਂ ਇਸ ਰਚਨਾ ਵਿਚ ਚੰਡੀ ਦਾ ਦੈਂਤਾਂ ਨਾਲ ਯੁੱਧ ਦਰਸਾਉਂਦੇ ਹੋਏ ਅਛਾਈ ਦੀ ਬੁਰਿਆਈ 'ਤੇ ਜਿੱਤ ਨੂੰ ਦਰਸਾਇਆ ਗਿਆ ਹੈ ਪਰ ਗੁਰੂ ਸਾਹਿਬ ਦੀ ਇਹ ਰਚਨਾ ਦੇ ਹੋਰ ਵੀ ਕਈ ਮਹੱਤਵਪੂਰਨ ਪੱਖ ਹਨ। ਪਹਿਲਾ ਪੱਖ ਹੈ ਇਸ ਦਾ ਪੰਜਾਬੀ ਭਾਸ਼ਾ ਵਿਚ ਹੋਣਾ, ਕਿਉਂਕਿ ਇਹੀ ਇਕ ਰਚਨਾ ਹੈ ਜੋ ਪੰਜਾਬੀ ਵਿਚ ਲਿਖੀ ਮਿਲਦੀ ਹੈ ਅਤੇ ਸਿੱਧਾ ਪੰਜਾਬੀ ਸਾਹਿਤ ਦੀਆਂ ਵਾਰਾਂ ਵਿਚ ਉੱਚ ਅਸਥਾਨ ਹੈ। ਚੰਡੀ ਦੀ ਵਾਰ ਵਿਚ ਕੁਲ 55 ਛੰਦ ਹਨ, ਇਕ ਦੋਹਰਾ ਤੇ ਬਾਕੀ ਸਭ ਪਉੜੀਆਂ ਹਨ, ਜਿਨ੍ਹਾਂ ਵਿਚ ਨਿਸ਼ਾਨੀ ਤੇ ਸਿਰਖੰਡੀ ਦੇ ਰੂਪ ਵਰਤੇ ਗਏ ਹਨ। ਸਰਲ ਭਾਸ਼ਾ ਵਿਚ ਤੇ ਸੁੰਦਰ ਅਲੰਕਾਰਾਂ ਨਾਲ ਸਜਾ ਕੇ ਜਿਸ ਤਰ੍ਹਾਂ ਯੁੱਧ ਵਰਨਣ ਕੀਤਾ ਗਿਆ ਹੈ ਇੰਝ ਜਾਪਦਾ ਹੈ ਜਿਵੇਂ ਸਾਰੇ ਦ੍ਰਿਸ਼ ਸਾਡੇ ਸਾਹਮਣੇ ਆ ਰਹੇ ਹੋਣ। ਨਿਹੰਗ ਸਿੰਘਾਂ ਵਿਚ ਇਸ ਬਾਣੀ ਦੇ ਪਾਠ ਦੀ ਖਾਸ ਮਹੱਤਤਾ ਹੈ। ਜਿਥੇ ਪੁਰਾਣੇ ਸਮੇਂ ਵਿਚ ਯੁੱਧਾਂ ਵੇਲੇ ਇਸ ਦਾ ਪਾਠ ਕੀਤਾ ਜਾਂਦਾ ਸੀ ਉਥੇ ਹੁਣ ਹਰ ਰੋਜ਼ ਅਰਦਾਸ ਵੇਲੇ ਇਸ ਦੀਆਂ ਮੰਗਲਾਚਰਣ ਦੀਆਂ ਸਤਰਾਂ ਨੂੰ ਬੋਲ ਕੇ ਸਾਰੇ ਸਿੱਖ ਇਸ ਰਚਨਾ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। |