• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(211) Question:- ਗੁਰੂ ਗ੍ਰੰਥ ਸਾਹਿਬ ਵਿਚ ਕਿਹੜੀ ਭਾਸ਼ਾ ਵਰਤੀ ਗਈ ਹੈ?
Answer:- ਗੁਰੂ ਗ੍ਰੰਥ ਸਾਹਿਬ 20 ਭਾਰਤੀ ਭਾਸ਼ਾਵਾਂ ਦਾ ਖਜ਼ਾਨਾ ਹੈ, ਭਾਵੇਂ ਇਸ ਵਿਚ ਮੁੱਖ ਰੂਪ ਵਿਚ ਸੰਤ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਪਰ ਕਈ ਜਗ੍ਹਾ 'ਤੇ ਪੰਜਾਬੀ, ਹਿੰਦੀ, ਮਰਾਠੀ, ਅਰਬੀ ਤੇ ਫਾਰਸੀ ਦਾ ਇਸਤੇਮਾਲ ਦੇਖਣ ਨੂੰ ਮਿਲਦਾ ਹੈ। ਕਈ ਭਾਸ਼ਾਵਾਂ ਦੇ ਵੱਖਰੇ-ਵੱਖਰੇ ਰੂਪ ਵੀ ਦੇਖੇ ਜਾ ਸਕਦੇ ਹਨ। ਮਿਸਾਲ ਦੇ ਤੌਰ 'ਤੇ ਪੂਰਬੀ ਹਿੰਦੀ ਤੇ ਪੱਛਮੀ ਹਿੰਦੀ ਦੀਆਂ ਉਪ-ਭਾਸ਼ਾਵਾਂ ਕਈ ਸੰਤ ਕਵੀਆਂ ਨੇ ਇਸਤੇਮਾਲ ਕੀਤੀਆਂ ਹਨ। ਪੰਜਾਬੀ ਦੇ ਵੀ ਕਈ ਰੂਪ ਜਿਵੇਂ ਲਹਿੰਦੀ ਤੇ ਸਿੰਧੀ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਵਿਚ ਦੇਖਣ ਨੂੰ ਮਿਲਦੇ ਹਨ। ਸੰਸਕ੍ਰਿਤ ਦਾ ਇਸਤੇਮਾਲ ਸਹਸਕ੍ਰਿਤੀ ਸਲੋਕਾਂ ਵਿਚ, ਗਾਥਾ ਸਲੋਕਾਂ ਵਿਚ ਤੇ ਜੈਤਸਰੀ ਕੀ ਵਾਰ ਵਿਚ ਆਏ ਸਲੋਕਾਂ ਵਿਚ ਦੇਖਿਆ ਜਾ ਸਕਦਾ ਹੈ। ਗੁਰੂਆਂ ਨੇ ਤੇ ਸੰਤ ਕਵੀਆਂ ਨੇ ਕੁਝ ਐਸੇ ਸ਼ਬਦ ਵੀ ਵਰਤੇ ਹਨ ਜਿਹੜੇ ਕਿ ਉਨਾਂ ਦੁਆਰਾ ਘੜੇ ਗਏ ਹਨ। ਮਿਸਾਲ ਦੇ ਤੌਰ 'ਤੇ ਚੌਥੇ ਗੁਰੂ ਨੇ ਕਲਿਆਨ ਰਾਗੁ ਵਿਚ ਤਰਵਰ ਸ਼ਬਦ ਦੀ ਥਾਂ 'ਤੇ ਤਰੋਵਰ ਸ਼ਬਦ ਵਰਤਿਆ ਹੈ। ਭਾਵੇਂ ਕਈ ਭਾਰਤੀ ਭਾਸ਼ਾਵਾਂ ਦਾ ਸੁਮੇਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਹੈ ਪਰ ਇਸ ਗ੍ਰੰਥ ਦੀ ਹੋਂਦ ਵਿਚ ਆਉਣ ਤੋਂ ਬਾਅਦ ਸਭ ਤੋਂ ਜ਼ਿਆਦਾ ਪਹਿਚਾਣ ਪੰਜਾਬੀ ਭਾਸ਼ਾ ਨੂੰ ਮਿਲੀ। ਗੁਰੂਆਂ ਦੁਆਰਾ ਬਾਣੀ ਨੂੰ ਇਸ ਭਾਸ਼ਾ ਵਿਚ ਲਿਖ ਕੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਇਕ ਬੋਲਣ ਵਾਲੀ ਭਾਸ਼ਾ ਤੋਂ ਸਾਹਿਤਕ ਭਾਸ਼ਾ ਬਣਾ ਦਿੱਤਾ।
(212) Question:- ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕਿਹੜੇ ਛੰਦ ਤੇ ਕਾਵਿ ਰੂਪ ਵਰਤੇ ਗਏ ਹਨ?
Answer:- ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਤਰ੍ਹਾਂ-ਤਰ੍ਹਾਂ ਦੇ ਛੰਦ ਵਰਤੇ ਗਏ ਹਨ, ਜਿਨ੍ਹਾਂ ਨੂੰ ਪਉੜੀ, ਸ਼ਬਦ, ਸਲੋਕੁ, ਸਵੱਈਏ ਆਦਿ ਦਾ ਨਾਮ ਦਿੱਤਾ ਗਿਆ ਹੈ। ਕਾਵਿ ਰੂਪ ਵਿਚ ਸ਼ਬਦ, ਵਾਰਾਂ, ਬਾਰਹ ਮਾਹਾ, ਦੋਹੇ ਆਦਿ ਵਰਤੇ ਗਏ ਹਨ। ਕੁਝ ਰਚਨਾਵਾਂ ਦੇ ਆਪਣੇ ਹੀ ਨਾਮ ਹਨ, ਜਿਵੇਂ ਪਟੀ, ਬਾਵਨ ਅੱਖਰੀ, ਸਦ, ਅਨੰਦੁ, ਸੁਖਮਨੀ, ਸੋਹਿਲਾ, ਆਰਤੀ, ਅਲਾਹਣੀਆਂ, ਘੋੜੀਆਂ, ਦਿਨ ਰੈਣ, ਵਣਜਾਰਾ, ਬਿਰਹੜੇ, ਕਰਹਲੇ, ਸੁਚਜੀ, ਕੁਚਜੀ ਅਤੇ ਗੁਣਵੰਤੀ। ਸੋਦਰੁ ਤੇ ਸੋ ਪੁਰਖੁ ਦੇ ਸਿਰਲੇਖ ਵਾਲੇ ਸ਼ਬਦ ਵੱਡੀਆਂ ਬਾਣੀਆਂ ਵਿਚ ਸ਼ਾਮਲ ਕੀਤੇ ਗਏ ਹਨ।
(213) Question:- ਪਉੜੀ ਤੋਂ ਕੀ ਭਾਵ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕਿਹੜੀਆਂ ਮਹੱਤਵਪੂਰਨ ਰਚਨਾਵਾਂ ਹਨ ਜਿਨ੍ਹਾਂ ਵਿਚ ਪਉੜੀ ਸ਼ਬਦ ਵਰਤਿਆ ਗਿਆ ਹੈ?
Answer:- ਗੁਰਬਾਣੀ ਵਿਚ ਪਉੜੀ ਸ਼ਬਦ ਇਕ ਪਹਿਰੇ ਲਈ ਇਸਤੇਮਾਲ ਕੀਤਾ ਗਿਆ ਹੈ। ਜਿਸ ਤਰ੍ਹਾਂ ਇਕ-ਇਕ ਪਉੜੀ ਚੜ੍ਹ ਕੇ ਇਨਸਾਨ ਉਚਾਈ 'ਤੇ ਪਹੁੰਚਦਾ ਹੈ, ਇਸ ਤਰ੍ਹਾਂ ਹੀ ਇਕ-ਇਕ ਪਉੜੀ ਵਿਚ ਖਿਆਲਾਂ ਨੂੰ ਪ੍ਰਗਟਾ ਕੇ ਉਨ੍ਹਾਂ ਨੂੰ ਖਿਆਲ ਦੀ ਬੁਲੰਦੀ 'ਤੇ ਲਿਆਂਦਾ ਗਿਆ ਹੈ। ਮਿਸਾਲ ਦੇ ਤੌਰ 'ਤੇ ਜਪੁਜੀ ਸਾਹਿਬ ਵਿਚ 38 ਪਉੜੀਆਂ ਹਨ। ਹਰ ਪਉੜੀ ਵਿਚ ਦਿੱਤਾ ਵਿਚਾਰ ਪਿਛਲੀ ਪਉੜੀ ਦੇ ਵਿਚਾਰ ਨੂੰ ਅੱਗੇ ਲਿਜਾਂਦਾ ਹੋਇਆ ਸਾਨੂੰ ਇਨਸਾਨ ਦੇ ਜੀਵਨ ਦੇ ਸਭ ਤੋਂ ਉਚੇ ਲਖਸ਼ ਸੱਚਖੰਡ ਨੂੰ ਪਾਉਣ ਤਕ ਲੈ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਪਉੜੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਪਉੜੀ ਨੂੰ ਨਿਸ਼ਾਨੀ ਛੰਦ ਵੀ ਕਿਹਾ ਗਿਆ ਹੈ।
(214) Question:- ਪਦੁ ਕੀ ਹੁੰਦੇ ਹਨ ਤੇ ਕਿੰਨੇ ਪ੍ਰਕਾਰ ਦੇ ਪਦੁ ਗੁਰੂ ਗ੍ਰੰਥ ਸਾਹਿਬ ਵਿਚ ਇਸਤੇਮਾਲ ਕੀਤੇ ਗਏ ਹਨ?
Answer:- ਗੁਰੂ ਗ੍ਰੰਥ ਸਾਹਿਬ ਵਿਚ ਹਰ ਸ਼ਬਦ ਨੂੰ ਕੁਝ ਹਿੱਸਿਆਂ ਵਿਚ ਵੰਡਿਆ ਹੈ। ਹਰ ਹਿੱਸੇ ਨੂੰ ਇਕ ਪਦੁ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਹ ਪਦੁ ਇਕ ਤੁਕ ਦੇ, ਦੋ ਤੁਕਾਂ ਦੇ, ਤਿੰਨ ਤੁਕਾਂ ਦੇ, ਤੇ ਅੱਠ ਤੁਕਾਂ ਦੇ ਵੀ ਹਨ। ਸ੍ਰ. ਸੁਰਿੰਦਰ ਸਿੰਘ ਕੋਹਲੀ ਨੇ ਆਪਣੀ ਪੁਸਤਕ 'A Critical Study on Adi Granth' ਵਿਚ ਇਸ ਸਿਲਸਿਲੇ ਵਿਚ ਜੋ ਮਿਸਾਲਾਂ ਦਿੱਤੀਆਂ ਹਨ ਉਹ ਹੇਠਾਂ ਲਿਖੀਆਂ ਹਨ:-
ਇਕ ਤੁਕ
ਜੀਵਤ ਦੀਸੈ ਤਿਸੁ ਸਰਪਰ ਮਰਣਾ।।
ਮੁਆ ਹੋਵੈ ਤਿਸੁ ਨਿਹਚਲੁ ਰਹਣਾ।। (ਅੰਗ 374)
ਦੋ ਤੁਕ
1. ਉਨ ਕੈ ਸੰਗਿ ਤੂ ਕਰਤੀ ਕੇਲ।। ਉਨ ਕੈ ਸੰਗਿ ਹਮ ਤੁਮ ਸੰਗਿ ਮੇਲ।।
ਉਨ ਕੈ ਸੰਗਿ ਤੁਮ ਸਭੁ ਕੋਊ ਲੋਰੈ।। ਓਸੁ ਬਿਨਾ ਕੋਊ ਮੁਖੁ ਨਹੀਂ ਜੋਰੈ।। (ਅੰਗ 390)
2. ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।। (ਅੰਗ 479)
ਤਿੰਨ ਤੁਕ
ਕਿਸੁ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ।।
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ।।
ਨਿਰਭਉੁ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ।।
ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ।।
ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ।।
ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ।। (ਅੰਗ 608)
(215) Question:- ਅਸਟਪਦੀ ਤੇ ਸੋਹਿਲਾ ਕੀ ਹੁੰਦੇ ਹਨ? ਇਨ੍ਹਾਂ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿਚ ਕਿੱਥੇ ਕੀਤੀ ਗਈ ਹੈ?
Answer:- ਅਸਟਪਦੀ ਦਾ ਅਰਥ ਹੈ ਅੱਠ ਪਦੁ ਤੇ ਸੋਹਿਲੇ ਦਾ ਅਰਥ ਹੈ ਸੋਲ੍ਹਾਂ ਪਦ ਵਾਲਾ ਸ਼ਬਦ। ਅਸਟਪਦੀ ਦਾ ਇਸਤੇਮਾਲ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਕੀਤਾ ਹੈ ਜਿਸ ਵਿਚ 24 ਅਸਟਪਦੀਆਂ ਹਨ। ਸੋਹਿਲੇ ਦਾ ਇਸਤੇਮਾਲ ਕੇਵਲ ਮਾਰੂ ਰਾਗ ਵਿਚ ਕੀਤਾ ਗਿਆ ਹੈ।
(216) Question:- ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਬਿੰਬ ਅਲੰਕਾਰਾਂ ਬਾਰੇ ਰੌਸ਼ਨੀ ਪਾਓ।
Answer:- ਗੁਰੂ ਗ੍ਰੰਥ ਸਾਹਿਬ ਵਿਚ ਤਰ੍ਹਾਂ-ਤਰ੍ਹਾਂ ਦੇ ਬਿੰਬ ਤੇ ਅਲੰਕਾਰ ਵਰਤੇ ਗਏ ਹਨ। ਇਨਸਾਨ ਨੂੰ ਰੱਬ ਨੂੰ ਪਾਉਣ ਦਾ ਢੰਗ ਦੱਸਣ ਲਈ ਤੇ ਇਕ ਸਫ਼ਲ ਜੀਵਨ ਜਿਊਣ ਲਈ ਕੁਦਰਤ ਵਿਚੋਂ ਅਤੇ ਆਮ ਜ਼ਿੰਦਗੀ ਵਿਚੋਂ ਕਈ ਮਿਸਾਲਾਂ ਦੇਂਦੇ ਹੋਏ ਸਮਝਾਇਆ ਗਿਆ ਹੈ। ਮਿਸਾਲ ਦੇ ਤੌਰ 'ਤੇ ਸੂਰਜ ਤੇ ਚੰਦ ਦੀ ਰੌਸ਼ਨੀ ਨੂੰ ਗੁਰੂ ਬਿਨਾਂ ਹਨ੍ਹੇਰਾ ਦੱਸਦੇ ਹੋਏ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ:-
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ।।
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ।। (ਅੰਗ 463)
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਤੋਂ ਵਿਛੋੜਾ ਉਸ ਤਰ੍ਹਾਂ ਹੀ ਹੈ ਜਿਵੇਂ ਪਤੀ ਦਾ ਘਰ ਨਾ ਆਉਣਾ ਤੇ ਪਤਨੀ ਦਾ ਉਸ ਬਿਨਾਂ ਬਿਜਲੀ ਦੀ ਚਮਕ ਤੋਂ ਡਰ ਜਾਣਾ। ਆਪ ਜੀ ਨੇ ਆਪਣੇ ਬਾਰਹ ਮਾਹਾ ਵਿਚ ਇਸ ਅਵਸਥਾ ਨੂੰ ਬਿਆਨ ਕੀਤਾ ਹੈ। ਆਮ ਜ਼ਿੰਦਗੀ ਵਿਚੋਂ ਮਿਸਾਲਾਂ ਦੇਂਦੇ ਹੋਏ ਨਿਮਰਤਾ ਦਾ ਗੁਣ ਗਾਉਣ ਲਈ ਸਿੰਬਲ ਰੁੱਖ ਨੂੰ ਇਕ ਬੇਕਾਰ ਰੁੱਖ ਦੱਸਿਆ ਗਿਆ ਹੈ। ਇਨਸਾਨ ਨੂੰ ਜ਼ਿੰਦਗੀ ਜਿਊਂਦੇ ਹੋਏ ਕਮਲ ਦੇ ਫੁੱਲ ਵਾਂਗੂੰ ਚਿੱਕੜ ਤੋਂ ਉਤੇ ਰਹਿ ਕੇ ਪਰਮਾਤਮਾ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਗਿਆ ਹੈ। ਸਾਰੀ ਬਾਣੀ ਵਿਚ ਪਹਿਲੇ ਗੁਰੂ ਨੇ ਪਰਮਾਤਮਾ ਨੂੰ ਪਤੀ ਮੰਨਦੇ ਹੋਏ ਇਨਸਾਨ ਨੂੰ ਪਤਨੀ ਦੇ ਰੂਪ ਵਿਚ ਦਰਸਾਇਆ ਹੈ।
(217) Question:- ਗੁਰੂ ਗ੍ਰੰਥ ਸਾਹਿਬ ਵਿਚ ਮਹਲਾ, ਰਹਾਉ ਤੇ ਘਰ ਸ਼ਬਦ ਕਈ ਵਾਰੀ ਇਸਤੇਮਾਲ ਕੀਤੇ ਗਏ ਹਨ। ਇਨ੍ਹਾਂ ਬਾਰੇ ਜਾਣਕਾਰੀ ਦਿਉ।
Answer:- ਮਹਲਾ ਸ਼ਬਦ ਦਾ ਇਸਤੇਮਾਲ ਇਹ ਦੱਸਦਾ ਹੈ ਕਿ ਇਹ ਰਚਨਾ ਕਿਹੜੇ ਗੁਰੂ ਸਾਹਿਬ ਦੀ ਹੈ, ਜਿਵੇਂ ਮਹਲਾ ੫ ਨੂੰ ਤੋਂ ਭਾਵ ਹੈ ਪੰਜਵੇਂ ਗੁਰੂ ਦੀ ਰਚਨਾ। ਰਹਾਉ ਤੋਂ ਭਾਵ ਹ 'ਠਹਿਰਾਓ'। ਰਹਾਉ ਵਾਲੇ ਅਸਥਾਨ 'ਤੇ ਸਾਨੂੰ ਰੁਕਣ ਲਈ ਕਿਹਾ ਜਾਂਦਾ ਹੈ ਭਾਵ ਇਸਦਾ ਸੰਕੇਤ ਹੁੰਦਾ ਹੈ ਕਿ ਇਸ ਪਦ ਨੂੰ ਗਹੁ ਨਾਲ ਵਿਚਾਰਿਆ ਜਾਵੇ। ਕਿਉਂਕਿ ਇਸ ਪਦ ਵਿਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਚਉਪਦਿਆਂ ਜਾਂ ਅਸਟਪਦੀਆਂ ਦੇ ਪਹਿਲੇ ਪਦੇ ਤੋਂ ਪਹਿਲਾਂ ਜਾਂ ਬਾਅਦ ਆਮ ਤੌਰ 'ਤੇ ਇਕ ਜਾਂ ਦੋ ਤੁਕਾਂ ਰਹਾਉ ਦੀਆਂ ਮਿਲਦੀਆਂ ਹਨ। ਕਈ ਵੱਡੀਆਂ ਬਾਣੀਆਂ ਵਿਚ ਵੀ ਰਹਾਉ ਦੀਆਂ ਤੁਕਾਂ ਮਿਲਦੀਆ ਹਨ ਜਿਵੇਂ ਸੁਖਮਨੀ, ਸਿੱਧ ਗੋਸਟਿ, ਓਅੰਕਾਰ ਆਦਿ। ਉਥੇ ਉਸ ਬਾਣੀ ਦਾ ਕੇਂਦਰੀ ਭਾਵ ਉਸ ਤੁਕ ਵਿਚ ਹੁੰਦਾ ਹੈ ਜਿਵੇਂ ਕਿ ਸੁਖਮਨੀ ਸਾਹਿਬ ਵਿਚ ਰਹਾਉ ਦੀ ਤੁਕ ਹੈ।
ਸੁਖਮਨੀ ਸੁਖ ਅੰਮ੍ਰਿਤ ਪ੍ਰਭੁ ਨਾਮੁ।। ਭਗਤ ਜਨਾ ਕੈ ਮਨਿ ਬਿਸ੍ਰਾਮ।।
ਕਈ ਸ਼ਬਦਾਂ ਵਿਚ ਇਕ ਤੋਂ ਜ਼ਿਆਦਾ ਵੀ ਰਹਾਉ ਲਿਖੇ ਮਿਲਦੇ ਹਨ। ਮਿਸਾਲ ਦੇ ਤੌਰ 'ਤੇ ਅੰਗ 371 ਉਤੇ ਸਾਨੂੰ ਆਸਾ ਮਹਲਾ ੫ ਵਾਲੇ ਸ਼ਬਦ ਵਿਚ ਰਹਾਉ ਦੂਜਾ, ਚੌਥੇ ਪਦੇ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ। ਇਥੇ ਰਹਾਉ ਦੂਜੇ ਵਿਚ ਪਹਿਲੇ ਰਹਾਉ ਦਾ ਜਵਾਬ ਹੈ, ਜਿਥੇ ਪਹਿਲੇ ਰਹਾਉ ਵਿਚ ਇਸਤਰੀ ਹਾਵੀ ਹੋ ਕੇ ਉਲਝਣਾਂ ਖੜ੍ਹੀਆਂ ਕਰ ਦਿੰਦੀ ਹੈ ਉਥੇ ਦੂਜੇ ਰਹਾਉ ਵਿਚ ਇਹੀ ਇਸਤਰੀ ਹੁਕਮ ਵਿਚ ਚੱਲਣ ਵਾਲੀ ਸਾਥਣ ਬਣ ਜਾਂਦੀ ਹੈ। ਅੰਗ 374 'ਤੇ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਜਿਸ ਵਿਚ ਪੰਚਪਦੇ ਹਨ, ਰਹਾਉ ਦੂਜਾ ਆਉਂਦਾ ਹੈ ਇਥੇ ਇਸਦਾ ਕੰਮ ਹੈ ਪੰਜਵੇਂ ਪਦੇ ਦੀ ਅਸਥਾਈ ਦੇ ਤੌਰ 'ਤੇ ਗਾਏ ਜਾਣਾ ਕਿਉਂਕਿ ਅੰਗ 5 ਵਿਚ ਭਾਵ ਅਲੱਗ ਹੈ। ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਦੂਜਾ ਰਹਾਉ, ਕਈ ਵਾਰ ਭਾਵ ਦੀ ਪੁਸ਼ਟੀ ਕਰਦਾ ਹੈ, ਕਈ ਵਾਰੀ ਸਪੱਸ਼ਟਤਾ ਕਰਦਾ ਹੈ ਜੋ ਪਹਿਲੇ ਰਹਾਉ ਵਿਚ ਆਏ ਹਨ। ਜਿਥੇ ਚਾਰ ਰਹਾਉ ਆਏ ਹਨ, ਜਿਵੇਂ ਅੰਗ 738 'ਤੇ ਜਿੱਥੇ ਪਹਿਲੇ ਤਿੰਨ ਇਕੋ ਭਾਵ ਦੇ ਧਾਰਨੀ ਹਨ ਤੇ ਚੌਥਾ ਰੱਬੀ ਨੇਮ-ਵਿਧਾਨ ਨੂੰ ਦ੍ਰਿੜ ਕਰਵਾਉਂਦਾ ਹੈ। ਜ਼ਿਆਦਾ ਤੋਂ ਜ਼ਿਆਦਾ ਛੇ ਰਹਾਉ ਵੀ ਦੇਖਣ ਨੂੰ ਮਿਲਦੇ ਹਨ ਜਿਵੇਂ ਗੁਰੂ ਰਾਮਦਾਸ ਜੀ ਦੀ ਸ੍ਰੀ ਰਾਗ ਵਿਚ ਰਚਨਾ ਵਣਜਾਰਾ ਵਿਖੇ। ਇਸ ਰਚਨਾ ਦੇ ਛੇ ਅੰਕ ਹਨ। ਹਰ ਅੰਕ ਦੀਆਂ ਪੰਜ ਤੁਕਾਂ ਤੋਂ ਬਾਅਦ ਦੋ ਸਤਰਾਂ ਦਾ ਰਹਾਉ ਵੱਖਰਾ-ਵੱਖਰਾ ਹੈ। ਇਸ ਤੋਂ ਭਾਵ ਹੈ ਕਿ ਗਾਇਨ ਕਰਨ ਵਾਲੇ ਸੱਜਣ ਸਾਰਾ ਸ਼ਬਦ ਗਾਉਂਦੇ ਸਮੇਂ ਇਕ ਰਹਾਉ ਨਾ ਦੁਹਰਾਉਣ ਬਲਕਿ ਹਰ ਇਕ ਅੰਕ ਦੇ ਮਗਰੋਂ ਉਸ ਅੰਕ ਦਾ ਰਹਾਉ ਗਾਇਨ ਕਰਨ।
ਗੁਰੂ ਗ੍ਰੰਥ ਸਾਹਿਬ ਵਿਚ 1 ਤੋਂ ਲੈ ਕੇ 17 ਘਰ ਮੁਖ ਸਿਰਲੇਖਾਂ ਦੇ ਨਾਲ-ਨਾਲ ਦਰਜ ਹਨ। ਇਹਨਾਂ ਘਰਾਂ ਨੂੰ ਸਮਝਣ ਲਈ ਸੰਗੀਤ ਦੇ ਸਤ ਮੂਲ ਸੁਰਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਮਿਸਾਲ ਲਈ-
ਸਾ ਰੇ ਗਾ ਮਾ ਪਾ ਧਾ ਨੀ
ਇਹ ਸੱਤੇ ਸੁਰ ਸ਼ੁਧ ਹਨ। ਇਹਨਾਂ ਵਿਚੋਂ ਸਾ ਅਤੇ ਪਾ ਦੋ ਸੁਰ ਅਚਲ ਹਨ ਜੋ ਨਾ ਵੱਧਦੇ ਹਨ, ਨਾ ਘਟਦੇ ਹਨ, ਸਦਾ ਇਕੋ ਜਿਹੇ ਰਹਿੰਦੇ ਹਨ। ਬਾਕੀ ਪੰਜ ਸੁਰ ਹਨ:-
ਰੇ ਗਾ ਮਾ ਧਾ ਨੀ
ਇਹਨਾਂ ਵਿਚੋਂ ਮਾ ਸ਼ੁੱਧ ਤੀਬਰ ਹੈ। ਬਾਕੀ ਦੇ ਚਾਰੇ ਸ਼ੁੱਧ ਕੋਮਲ ਹਨ। ਸਪੱਸ਼ਟ ਹੈ ਕਿ ਇਹ ਪੰਜੇ ਸੁਰ ਵਧਣ ਘਟਣ ਵਾਲੇ ਹਨ:-
ਰੇ ਗਾ ਧਾ ਨੀ ਇਹ ਚਾਰੇ ਅਤਿ ਕੋਮਲ, ਕੋਮਲ, ਸ਼ੁੱਧ ਕੋਮਲ ਹਨ:-
ਫਲਸਰੂਪ 1 x 3=12 (ਕੋਮਲ)
1 x 3=3 (ਤੀਬਰ, ਤਰਤੀਬਰ, ਕੋਮਲ)
+2=17 ਅਚਲ ਸੁਰ
ਕੁਲ ਸੁਰ ਜਾਂ ਘਰ 17 (12+3+2)
ਕੁਲ ਮਿਲਾ ਕੇ, ਰਾਗ ਦੀ ਪ੍ਰਧਾਨ ਸੁਰ ਦਾ ਸੰਕੇਤਕ ਜਾਂ ਪਰਿਭਾਸ਼ਕ ਸ਼ਬਦ ਹੈ, ਘਰ।
(218) Question:- ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਹਿੱਸੇ ਵਿਚ ਆਈਆਂ ਰਾਗ-ਮੁਕਤ ਬਾਣੀਆ ਬਾਰੇ ਚਰਚਾ ਕਰੋ।
Answer:- ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪੁ ਜੀ ਸਾਹਿਬ ਨਾਲ ਸ਼ੁਰੂ ਹੁੰਦੀ ਹੈ ਜਿਸ ਦਾ ਜ਼ਿਕਰ ਅਲੱਗ ਸਵਾਲ ਵਿਚ ਕੀਤਾ ਗਿਆ ਹੈ। ਉਸ ਤੋਂ ਬਾਅਦ ਆਉਣ ਵਾਲੀਆ ਬਾਣੀਆਂ ਨਿਤਨੇਮ ਦੀਆਂ ਰਹਿਰਾਸ ਤੇ ਸੋਹਲਾ ਦੀਆਂ ਬਾਣੀਆਂ ਹਨ।
ਰਹਿਰਾਸ ਵਿਚ ਨੌ ਸ਼ਬਦ ਹਨ ('ਸੋ ਦਰੁ ਤੋਂ ਲੈ ਕੇ 'ਸਰਣਿ ਪਰੇ ਕੀ ਰਾਖਹੁ ਸਰਮਾ' ਤਕ) ਬੇਨਤੀ ਚੌਪਈ ਪਾਤਸ਼ਾਹੀ 10 ('ਹਮਰੀ ਕਰੋ ਹਾਥ ਦੈ ਰੱਛਾ' ਤੋਂ ਲੈ ਕੇ 'ਦੁਸ਼ਟ ਦੋਖ ਤੇ ਲੇਹੁ ਬਚਾਈ' ਤਕ, ਸਵੈਯਾ 'ਪਾਇ ਗਹੇ ਜਬ ਤੇ ਤੁਮਰੇ' ਅਤੇ ਦੋਹਰਾ 'ਸਗਲ ਦੁਆਰ ਕਉ ਛਾਡਿ ਕੈ') ਅਨੰਦੁ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇਕ ਪਉੜੀ ਰਹਿਰਾਸ ਦਾ ਹਿੱਸਾ ਹਨ। ਮੁੰਦਾਵਣੀ ਤੇ ਸਲੋਕ ਮਹਲਾ ਨੂੰ 'ਤੇਰਾ ਕੀਤਾ ਜਾਤੋ ਨਾਹੀ।।' ਤਕ ਰਹਿਰਾਸ ਦਾ ਪਾਠ ਹੁੰਦਾ ਹੈ।
ਰਹਿਰਾਸ ਦੀ ਬਾਣੀ ਜਪੁ ਜੀ ਸਾਹਿਬ ਤੋਂ ਬਾਅਦ ਆਏ ਸੋਦਰੁ ਦੇ ਸ਼ਬਦ ਨਾਲ ਸ਼ੁਰੂ ਹੁੰਦੀ ਹੈ। ਜਦ ਪੰਜਵੇਂ ਗੁਰੂ ਨੇ ਸ਼ਾਮ ਵੇਲੇ ਰਹਿਰਾਸ ਸਾਹਿਬ ਦੇ ਪਾਠ ਦੀ ਪ੍ਰਥਾ ਸ਼ੁਰੂ ਕੀਤੀ ਉਦੋਂ ਇਸ ਨੂੰ 'ਸੋਦਰੁ' ਨਾਂ ਨਾਲ ਯਾਦ ਕੀਤਾ ਜਾਂਦਾ ਸੀ, ਜਿਵੇਂ ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ। (ਭਾਈ ਗੁਰਦਾਸ 6-3) ਉਦੋਂ ਇਸ ਵਿਚ ਕੇਵਲ ਦੋ ਸ਼ਬਦ-ਜੁੱਟ ਸਨ। ਇਕ ਜੁੱਟ ਦਾ ਨਾਂ 'ਸੋਦਰੁ' ਸੀ ਅਤੇ ਦੂਜੇ ਦਾ 'ਸੋ ਪੁਰਖੁ' ਜੁਟ ਵਿਚ ਪੰਜ ਸ਼ਬਦ ਹਨ, ਜਿਨ੍ਹਾਂ ਵਿਚੋਂ ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ, ਚੌਥਾ ਗੁਰੂ ਰਾਮਦਾਸ ਜੀ ਦਾ ਅਤੇ ਪੰਜਵਾਂ ਗੁਰੂ ਅਰਜਨ ਦੇਵ ਜੀ ਦਾ ਹੈ। 'ਸੋ ਪੁਰਖੁ' ਜੁਟ ਦੇ ਚਾਰ ਸ਼ਬਦਾਂ ਵਿਚ ਪਹਿਲਾ ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹੈ, ਤੀਜਾ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਚੌਥਾ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੈ। ਇਨ੍ਹਾਂ ਸ਼ਬਦਾਂ ਤੋਂ ਬਾਅਦ ਕਬਿਯੋ ਬਾਚ ਬੇਨਤੀ ਚੌਪਈ ਪਾ: 10 ਹਮਰੀ ਕਰੋ ਹਾਥ ਦੈ ਰੱਛਾ ਤੋਂ ਲੈ ਕੇ ਦੁਸ਼ਟ ਦੂਤ ਤੇ ਲੇਹੁ ਬਚਾਈ, ਤੇ ਉਸ ਤੋਂ ਬਾਅਦ ਸਵੇਯਾ 'ਪਾਂਇ ਗਹੇ ਜਬ ਤੇ ਤੁਮਰੇ' ਅਤੇ ਇਸ ਤੋਂ ਬਾਅਦ 'ਸਗਲ ਦੁਆਰ ਕੋ ਛਾਡਿ ਕੈ' ਤੇ ਅਨੰਦੁ ਸਾਹਿਬ ਦੀਆਂ ਛੇ ਪਉੜੀਆਂ (ਪਹਿਲੀਆਂ ਪੰਜ ਤੇ ਆਖਰੀ ਪਉੜੀ) ਉਪਰੰਤ ਮੁੰਦਾਵਣੀ ਤੇ ਸਲੋਕ ਮਹਲਾ ਨੂੰ ਤੇਰਾ ਕੀਤਾ ਜਾਤੋ ਨਾਹੀ, ਰਹਿਰਾਸ ਸਾਹਿਬ ਦਾ ਹਿੱਸਾ ਹਨ।
ਰਹਿਰਾਸ ਸ਼ਬਦ ਰਹਿ ਤੇ ਅਤੇ ਰਾਸ ਸੰਯੁਕਤ ਰੂਪ ਹੈ ਜਿਸ ਦਾ ਅਰਥ ਹੈ ਬੇਨਤੀ ਕਰਨਾ। ਭਾਵੇਂ ਐਸਾ ਕੋਈ ਸਿਰਲੇਖ ਇਸ ਬਾਣੀ ਵਿਚ ਨਹੀਂ ਦਿੱਤਾ ਗਿਆ ਪਰ ਇੰਝ ਜਾਪਦਾ ਹੈ ਜਿਵੇਂ ਸ਼ਬਦ ਦਾ ਇਸਤੇਮਾਲ ਚੌਥੇ ਪਾਤਸ਼ਾਹ ਦੇ ਗੂਜਰੀ ਰਾਗ ਵਿਚ ਉਚਾਰੇ ਪਦ ਦੇ ਰਹਾਉ ਵਿਚ ਹੋਣ ਕਰਕੇ ਇਸ ਬਾਣੀ ਦਾ ਇਹ ਨਾ ਪੈ ਗਿਆ। ਇਥੇ ਇਹ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਰਹਿਰਾਸ ਤੇ ਉਸ ਤੋਂ ਬਾਅਦ ਆਉਣ ਵਾਲੀ ਬਾਣੀ 'ਸੋਹਿਲਾ' ਦੇ ਸਾਰੇ ਸ਼ਬਦ ਰਾਗਾਂ ਵਿਚ ਫਿਰ ਆਉਦੇ ਹਨ। ਸੋ ਜਿਥੇ ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰ ਦਰਜ ਹਨ ਉਥੇ ਸੋਦਰੁ ਦੀ ਬਾਣੀ ਜਪੁ ਜੀ ਸਾਹਿਬ ਵਿਚ ਵੀ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਜਗ੍ਹਾ ਅੰਕਿਤ ਹੈ।
ਸੋਹਿਲਾ ਦੀ ਨਿਤਨੇਮ ਦੀ ਬਾਣੀ ਦਾ ਜਿਸ ਦਾ ਪਾਠ ਰਾਤ ਨੂੰ ਸੌਂਣ ਵੇਲੇ ਕੀਤਾ ਜਾਂਦਾ ਹੈ, ਉਨ੍ਹਾਂ 3 ਬਾਣੀਆਂ ਵਿਚੋਂ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਵਾਲੀਆਂ ਬਾਣੀਆਂ ਸ਼ੁਰੂ ਹੋਣ ਤੋਂ ਪਹਿਲੇ ਅੰਕਿਤ ਹਨ। ਇਹ ਬਾਣੀ 5 ਸ਼ਬਦਾਂ ਦਾ ਸਮੂਹ ਹੈ ਜਿਸ ਵਿਚ ਪਹਿਲੇ ਤਿੰਨ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਹਨ, ਚੌਥਾ ਗੁਰੂ ਰਾਮਦਾਸ ਜੀ ਦਾ, ਪੰਜਵਾਂ ਸ਼ਬਦ ਕਰਉ ਬੇਨੰਤੀ ਵਾਲਾ ਪੰਚਮ ਪਾਤਸ਼ਾਹ ਦਾ ਹੈ। ਬਾਣੀ ਦਾ ਨਾਂ ਸੋਹਿਲਾ ਹੈ ਜਿਸ ਦਾ ਭਾਵ ਹੈ ਮੰਗਲ ਦਾ ਗੀਤ। ਇਸ ਨੂੰ ਜ਼ਿਆਦਾਤਰ ਕੀਰਤਨ ਸੋਹਿਲਾ ਕਹਿੰਦੇ ਹਨ, ਉਹ ਸ਼ਾਇਦ ਇਸ ਲਈ ਕਿ ਪਹਿਲੇ ਸ਼ਬਦ ਦੀ ਪਹਿਲੀ ਤੁਕ ਵਿਚ ਕੀਰਤਿ ਸ਼ਬਦ ਆਇਆ ਹੈ ਜਿਸ ਦਾ ਭਾਵ ਹੈ ਕੀਰਤਨ ਕਰਨਾ, ਪ੍ਰਭੂ ਦੀ ਮਹਿਮਾ ਗਾਉਣਾ। ਭਾਈ ਗੁਰਦਾਸ ਜੀ ਨੇ ਕੀਰਤਿ ਸ਼ਬਦ ਨੂੰ ਸੋਹਿਲਾ ਤੋਂ ਪਹਿਲਾ ਸਥਾਨ ਦਿੱਤਾ:-
'ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵਡੰਦੇ।'
ਉਸ ਤੋਂ ਬਾਅਦ ਇਸ ਬਾਣੀ ਦਾ ਨ ਕੀਰਤਨ ਸੋਹਿਲਾ ਪ੍ਰਚੱਲਿਤ ਹੋਇਆ।
(219) Question:- ਗੁਰੂ ਗ੍ਰੰਥ ਸਾਹਿਬ ਵਿਚ ਆਏ 31 ਰਾਗਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿਉ।
Answer:- ਗੁਰੂ ਗ੍ਰੰਥ ਸਾਹਿਬ ਵਿਚ ਜੋ 31 ਰਾਗ ਹਨ ਉਨ੍ਹਾਂ ਦਾ ਕ੍ਰਮ ਤੇ ਅੰਕ ਉੱਤੇ ਦਿੱਤੇ ਜਾ ਚੁੱਕੇ ਹਨ। ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ। ਤੇ ਉਸਦਾ ਪਹਿਲਾ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਦਿੱਤੀ ਬਾਣੀਆਂ ਦੀ ਤਰਤੀਬ ਦੇ ਅਨੁਕੂਲ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਹੈ, ਜਿਸ ਦੇ ਬੋਲ ਹਨ :-
ਮੋਤੀ ਤ ਮੰਦਰ ਊਸਰਹਿ ਰਤਨੀ ਦਾ ਹੋਹਿ ਜੜਾਉ।। (ਅੰਗ 14)
ਇਸ ਸ਼ਬਦ ਤੋਂ ਬਾਅਦ ਵਾਲਾ ਸ਼ਬਦ ਨੰ. 2 ਹੈ :-
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ।। (ਅੰਗ 14)
ਇਨ੍ਹਾਂ ਦੋਨਾਂ ਸ਼ਬਦਾਂ ਦਾ ਇਕ ਖਾਸ ਪਹਿਲੂ ਇਹ ਹੈ ਕਿ ਇਨ੍ਹਾਂ ਵਿਚ ਹਰ ਪਦੇ ਦੀ ਆਖਰੀ ਤੁਕ ਦੁਹਰਾਈ ਗਈ ਹੈ। ਪਹਿਲੇ ਸ਼ਬਦ ਵਿਚ ਇਹ ਤੁਕ ਹੈ:-
ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੈ ਨਾਉ।। (ਅੰਗ 14)
ਦੂਜੇ ਸ਼ਬਦ ਵਿਚ ਦੁਹਰਾਉ ਵਾਲੀ ਤੁੱਕ ਹੈ
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡ ਆਖਾ ਨਾਉ।। (ਅੰਗ 14)
ਇਸ ਪਹਿਲੇ ਰਾਗ ਵਿਚ ਪਹਿਲੇ, ਤੀਜੇ, ਚੌਥੇ ਤੇ ਪੰਜਵੇਂ ਗੁਰੂ ਸਾਹਿਬ ਦੀ ਬਾਣੀ ਹੈ ਤੇ ਚਾਰ ਭਗਤਾਂ ਦੀ ਬਾਣੀ ਹੈ, ਕਬੀਰ ਜੀ, ਤਿਰਲੋਚਨ ਜੀ, ਬੈਣੀ ਜੀ ਤੇ ਰਵਿਦਾਸ ਜੀ। ਜਿਥੇ ਪਹਿਲੇ ਰਾਗ ਵਿਚ ਗੁਰੂ ਅਮਰਦਾਸ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਹੈ ਉਥੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਜ਼ਿਆਦਾ ਬਾਣੀ ਰਾਗ ਆਸਾ ਵਿਚ ਹੈ। ਗੁਰੂ ਰਾਮਦਾਸ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਰਾਗ ਗਉੜੀ ਵਿਚ ਹੈ, ਜੋ ਪਹਿਲਾ ਰਾਗ ਹੈ ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਆਉਂਦੀ ਹੈ। ਗੁਰੂ ਅਰਜਨ ਦੇਵ ਜੀ ਦੀ ਵੀ ਸਭ ਤੋਂ ਜ਼ਿਆਦਾ ਬਾਣੀ ਰਾਗ ਗਉੜੀ ਵਿਚ ਹੀ ਹੈ। ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਜ਼ਿਆਦਾ ਸ਼ਬਦ (12 ਸ਼ਬਦ) ਰਾਗ ਸੋਰਠਿ ਵਿਚ ਹਨ। ਜਿਸ ਵਿਚ ਭਗਤ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਤ੍ਰਿਲੋਚਨ ਜੀ, ਸੈਣ ਜੀ, ਪੀਪਾ ਜੀ ਤੇ ਧੰਨਾ ਜੀ ਦੀ ਬਾਣੀ ਹੈ। ਸਾਰੇ ਬਾਣੀਕਾਰਾਂ ਦੀ ਬਾਣੀ ਦਾ ਜ਼ਿਕਰ ਕਰਦੇ ਹੋਏ ਅਲੱਗ-ਅਲੱਗ ਰਾਗਾਂ ਵਿਚ ਉਨ੍ਹਾਂ ਦੀ ਕਿੰਨੀ ਬਾਣੀ ਹੈ, ਇਸ ਬਾਰੇ ਚਰਚਾ ਹੋਈ ਹੈ। ਇਸ ਬਾਰੇ ਇਕ ਚਾਰਟ ਵੀ ਇਥੇ ਦਿੱਤਾ ਜਾ ਰਿਹਾ ਹੈ ਜੋ ਧਰਮ ਪ੍ਰਚਾਰ ਕਮੇਟੀ, ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪਿਆ ਗਿਆ ਹੈ।
(220) Question:- ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਤੋਂ ਬਾਅਦ ਆਈਆਂ ਬਾਣੀਆਂ ਬਾਰੇ ਚਰਚਾ ਕਰੋ।
Answer:- ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਮੁਕਤ ਬਾਣੀਆਂ ਦੀ ਸ਼ੁਰੂਆਤ ਪੰਨਾ 1353 ਤੋਂ ਸਹਸਕ੍ਰਿਤੀ ਸਲੋਕਾਂ ਨਾਲ ਹੁੰਦੀ ਹੈ। ਸਹਸਕ੍ਰਿਤੀ ਸ਼ਬਦ ਸੰਸਕ੍ਰਿਤ ਸ਼ਬਦ ਦਾ ਪ੍ਰਾਕਿਤ ਰੂਪ ਹੈ ਤੇ ਅਸਲ ਵਿਚ ਇਹ ਭਾਸ਼ਾ ਪਾਲੀ ਤੇ ਪ੍ਰਾਕਿਤ ਨੂੰ ਸੰਸਕ੍ਰਿਤ ਨਾਲ ਸੰਯੋਗ ਕਰ ਕੇ ਬਣੀ ਹੈ। ਇਨ੍ਹਾਂ ਸਲੋਕਾਂ ਵਿਚ 4 ਸਲੋਕ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਪਹਿਲਾ, ਤੀਜਾ ਤੇ ਚੌਥਾ ਆਸਾ ਦੀ ਵਾਰ ਦੀ 14ਵੀਂ ਪਉੜੀ ਨਾਲ ਦਰਜ ਹਨ। ਆਸਾ ਦੀ ਵਾਰ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਵਿਚੋਂ ਤੀਜਾ ਤੇ ਚੌਥਾ ਗੁਰੂ ਅੰਗਦ ਦੇਵ ਜੀ ਦੇ ਹਨ। ਦੂਜਾ ਸਲੋਕ ਮਾਝ ਕੀ ਵਾਰ ਦੀ 23ਵੀਂ ਪਉੜੀ ਨਾਲ ਗੁਰੂ ਅੰਗਦ ਦੇਵ ਜੀ ਦੇ ਨਾਂ ਅਧੀਨ ਦਰਜ ਹੈ।
ਸਲੋਕ ਸਹਸਕ੍ਰਿਤੀ
ਗੁਰੂ ਅਰਜਨ ਦੇਵ ਜੀ 67 ਸਲੋਕ ਇਸ ਸਿਰਲੇਖ ਹੇਠ ਦਰਜ ਹਨ। ਸਾਰੇ ਸਲੋਕਾਂ ਵਿਚ ਪ੍ਰਮਾਤਮਾ ਦੀ ਕ੍ਰਿਪਾ ਅਤੇ ਗੁਰੂ ਦੀ ਅਗਵਾਈ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਨਾਲ ਹੀ ਵਿਅਕਤੀ ਸਾਧ ਸੰਗਤ ਵਿਚ ਜਾ ਕੇ ਨਾਮ ਸਿਮਰਨ ਕਰਦਾ ਹੈ-
ਕਿਰਪਾ ਕਰੰਤ ਗੋਬਿੰਦ ਗੋਪਾਲਹ ਸਗਲੰ ਰੋਗ ਖੰਡਣਹ।।
ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ।। (ਅੰਗ 1359)
ਇਨ੍ਹਾਂ ਸਲੋਕਾਂ ਵਿਚ ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਸੰਬੋਧਨ ਕਰਦੇ ਹੋਏ 'ਹੇ' ਸ਼ਬਦ ਦਾ ਇਸਤੇਮਾਲ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਹੈ, ਜਿਵੇਂ:-
ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥
ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥
ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥
ਅਕਰਣੰ ਕਰੋਤਿ ਅਖਾਦਿ ਖਾਦੰ ਅਸਾਜੰ ਸਾਜਿ ਸਮਜਯਾ ॥
ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗਾ੍ਪਿਤ ਨਾਨਕ ਹਰਿ ਨਰਹਰਹ ॥48॥
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥
ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ ॥
ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥
ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥
ਬੈਦੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ ॥49॥(ਅੰਗ 1358)
ਗਾਥਾ ਸਲੋਕ
ਸਲੋਕ ਸਹਿਸਕ੍ਰਿਤੀ ਤੋਂ ਬਾਅਦ ਆਉਣ ਵਾਲੀ ਬਾਣੀ ਗਾਥਾ ਵਿਚ ਪੰਚਮ ਪਿਤਾ ਨੇ ਇਹ ਹੀ ਭਾਸ਼ਾ ਵਰਤੀ ਹੈ। ਪ੍ਰਕ੍ਰਿਤ ਵਿਚ ਗਾਥਾ ਤੋਂ ਭਾਵ ਹੈ ਕਥਾ ਪ੍ਰਸੰਗ, ਪਰ ਇਥੇ ਇਹ ਛੰਦ ਰੂਪ ਵਿਚ ਵਰਤਿਆ ਗਿਆ ਹੈ। ਇਸ ਰਚਨਾ ਵਿਚ 24 ਪਦੇ ਹਨ ਅਤੇ ਇਨ੍ਹਾਂ ਵਿਚ ਦੋ ਤੋਂ ਚਾਰ ਤੁਕਾਂ ਹਨ ਪਰ ਗਾਥਾ ਛੰਦ ਵਾਲੀ ਸਮਾਨਤਾ ਤੇ ਲੱਛਣ ਨਹੀਂ ਹਨ। ਗੁਰੂ ਸਾਹਿਬ ਨੇ ਆਪਣੇ ਵਿਸ਼ੇ ਨੂੰ ਪ੍ਰਗਟਾਉਣ ਲਈ ਛੰਦ ਵਾਲੀਆਂ ਬੰਦਸ਼ਾਂ ਤੋਂ ਮੁਕਤ ਹੋ ਕੇ ਲਿਖਿਆ ਹੈ। ਵਿਸ਼ਾ ਉਹ ਹੀ ਹੈ ਕਿ ਸਾਧ ਸੰਗਤ ਵਿਚ ਜਾ ਕੇ ਜੋ ਹਰਿ ਨਾਮ ਦਾ ਸਿਮਰਨ ਕਰਦੇ ਹਨ, ਉਹ ਆਵਾਗਵਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ।
ਫੁਨਹੇ
ਗਾਥਾ ਦੀ ਤਰ੍ਹਾਂ 'ਫੁਨਹਾ' ਵੀ ਇਕ ਛੰਦ ਹੈ ਤੇ ਇਸ ਨਾਂ ਦੀ ਬਾਣੀ ਵੀ ਪੰਚਮ ਪਿਤਾ ਨੇ ਗਾਥਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤੀ ਹੈ। 'ਫੁਨਹਾ' ਸੰਸਕ੍ਰਿਤ ਦੇ ਪੁਨਹ ਸ਼ਬਦ ਦਾ ਤਦਭਵ ਰੂਪ ਹੈ ਜਿਸ ਦਾ ਮਤਲਬ ਹੈ ਫਿਰ ਤੋਂ ਜਾਂ ਦੁਬਾਰਾ। ਗੁਰੂ ਸਾਹਿਬ ਨੇ ਚਾਰ-ਚਾਰ ਤੁਕਾਂ ਵਾਲੇ 23 ਪਦੇ ਇਸ ਰਚਨਾ ਵਿਚ ਦਰਜ ਕੀਤੇ ਹਨ ਤੇ ਛੰਦ ਦੀ ਬਣਤਰ ਅਨੁਸਾਰ 'ਹਰਿਹਾਂ' ਸ਼ਬਦ ਬਾਰ-ਬਾਰ ਵਰਤਿਆ ਹੈ, ਜਿਵੇਂ ਕਿ:-
ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ।।
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ।।
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ
ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ।।Á।। (ਅੰਗ 1361-62)
ਚਉਬੋਲੇ
ਫੁਨਹੇ ਦੀ ਬਾਣੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ 11 ਚਉਬੋਲੇ ਹਨ। ਚਉਬੋਲਾ ਇਕ ਵਿਸ਼ੇਸ਼ ਛੰਦ ਹੈ ਜਿਸ ਬਾਰੇ ਵਿਦਵਾਨਾਂ ਨੇ ਅਲੱਗ-ਅਲੱਗ ਪਰਿਭਾਸ਼ਾ ਦਿੱਤੀ ਹੈ, ਜਿਵੇਂ ਕਿ ਇਹ ਚੌਪਈ ਦਾ ਇਕ ਭੇਦ ਹੈ, ਚਾਰ ਤੁਕਾਂ ਵਾਲਾ ਸਵੈਯਾ ਹੈ ਜਾਂ ਅੜਿਲ ਛੰਦ ਦਾ ਇਕ ਭੇਦ ਹੈ। ਕੁਝ ਵਿਦਵਾਨ ਇਸ ਦੀ ਭਾਸ਼ਾ ਤੇ ਸੰਗੀਤ ਪੱਖੋਂ ਵੀ ਪਰਿਭਾਸ਼ਾ ਦਿੰਦੇ ਹਨ। ਬ੍ਰਜ ਭਾਸ਼ਾ ਵਿਚ ਲਿਖੇ ਹੋਏ ਚਉਬੋਲਿਆਂ ਵਿਚ ਗੁਰੂ ਅਰਜਨ ਦੇਵ ਜੀ ਨੇ ਅਧਿਆਤਮਕ ਪ੍ਰੇਮ ਦੀ ਗੱਲ ਕੀਤੀ ਹੈ। ਸੱਚਾ ਸਧਿਆਤਮਕ ਪ੍ਰੇਮ ਝੂਠੇ ਸਰੀਰਕ ਪ੍ਰੇਮ ਨਾਲੋਂ ਅਲੱਗ ਹੈ। ਇਹ ਪ੍ਰੇਮ ਭਗਤੀ ਦਾ ਪ੍ਰਤੀਕ ਹੈ ਤੇ ਆਤਮਾ ਦੀ ਤ੍ਰਿਪਤੀ ਕਰਦਾ ਹੈ। ਇਹ ਪਰਮ ਅਨੰਦ ਦੀ ਅਵੱਸਥਾ ਹੈ।
ਚਉਬੋਲਿਆਂ ਤੋਂ ਬਾਅਦ ਭਗਤ ਕਬੀਰ ਜੀ ਦੇ ਸਲੋਕ ਹਨ, ਜਿਨ੍ਹਾਂ ਤੋਂ ਬਾਅਦ ਬਾਬਾ ਫਰੀਦ ਜੀ ਦੇ ਸਲੋਕ ਹਨ ਤੇ ਉਨ੍ਹਾਂ ਉਪਰੰਤ ਗੁਰੂ ਅਰਜਨ ਦੇਵ ਜੀ ਦੇ ਤੇ ਭੱਟਾਂ ਦੇ ਅਲੱਗ-ਅਲੱਗ ਗੁਰੂਆਂ ਬਾਰੇ ਸਵੈਯੇ ਹਨ। ਇਨ੍ਹਾਂ ਸਾਰੀਆਂ ਬਾਣੀਆਂ ਦਾ ਜ਼ਿਕਰ ਹੋਰ ਅਸਥਾਨਾਂ 'ਤੇ ਆ ਚੁੱਕਾ ਹੈ। ਮੁੰਦਾਵਣੀ ਤੋਂ ਪਹਿਲਾਂ ਆਖਰੀ ਬਾਣੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਹਨ ਜਿਨ੍ਹਾਂ ਬਾਰੇ ਵੀ ਅਸੀਂ ਅਲੱਗ ਪ੍ਰਸ਼ਨ ਵਿਚ ਗੱਲ ਕਰ ਚੁੱਕੇ ਹਾਂ। ਨੌਵੇਂ ਮਹਲੇ ਦੇ ਸਲੋਕਾਂ ਤੋਂ ਪਹਿਲਾਂ ਜੋ ਬਾਣੀ ਆਉਂਦੀ ਹੈ ਉਸਦਾ ਸਿਰਲੇਖ ਹੈ 'ਸਲੋਕ ਵਾਰਾਂ ਤੋਂ ਵਧੀਕ'।
ਸਲੋਕ ਵਾਰਾਂ ਤੋਂ ਵਧੀਕ
ਆਦਿ ਗ੍ਰੰਥ ਦੇ ਅੰਤ ਤੇ ਰਾਗ ਮੁਕਤ ਬਾਣੀਆਂ ਵਿਚ ਕਈ ਐਸੇ ਸਲੋਕ ਰਹਿ ਗਏ ਸਨ ਜੋ ਵਾਰਾਂ ਨਾਲ ਨਹੀਂ ਲਗਾਏ ਜਾ ਸਕੇ। ਐਸੇ 152 ਸਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਨੇ 'ਸਲੋਕ ਵਾਰਾਂ ਤੇ ਵਧੀਕ' ਸਿਰਲੇਖ ਹੇਠ ਦਰਜ ਕੀਤਾ। ਇਨ੍ਹਾਂ ਸਲੋਕਾਂ ਵਿਚ ਗੁਰੂ ਨਾਨਕ ਦੇਵ ਜੀ ਦੇ 33, ਗੁਰੂ ਅਮਰਦਾਸ ਜੀ ਦੇ 67, ਗੁਰੂ ਰਾਮਦਾਸ ਜੀ ਦੇ 30 ਤੇ ਪੰਚਮ ਪਿਤਾ ਦੇ 22 ਸਲੋਕ ਹਨ। ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਵਿਚ ਸਲੋਕ (28ਵਾਂ ਲਾਹੌਰ ਸਹਰੁ ਅੰਮ੍ਰਿਤਸਰੁ ਸਿਫਤੀ ਦਾ ਘਰੁ।।) ਗੁਰੂ ਅਮਰਦਾਸ ਜੀ ਦਾ ਹੈ ਜੋ ਪਹਿਲੇ ਪਾਤਸ਼ਾਹ ਦੇ 22ਵੇਂ ਸਲੋਕ (ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ।।') ਦੇ ਭਾਵ ਨੂੰ ਵਿਸਤਾਰਨ ਲਈ ਗੁਰੂ ਅਰਜਨ ਦੇਵ ਜੀ ਨੇ ਇਥੇ ਦਰਜ ਕੀਤਾ ਹੈ। ਸਾਰੇ ਸਲੋਕ ਦੋ ਦੋ ਤੁਕਾਂ ਦੇ ਹਨ। ਇਨ੍ਹਾਂ ਸਲੋਕਾਂ ਦਾ ਵਿਸ਼ਾ ਵਸਤੂ ਉਹ ਹੀ ਹੈ ਜੋ ਸਾਰੀ ਗੁਰਬਾਣੀ ਵਿਚ ਹੈ, ਵਿਸ਼ੇ ਵਿਕਾਰਾਂ ਤੇ ਵਸਤੂਆਂ ਦਾ ਮੋਹ ਤਿਆਗ ਕੇ ਪਰਮਾਤਮਾ ਨਾਲ ਸੱਚਾ ਪਿਆਰ ਕਰਨਾ। ਐਸਾ ਪਿਆਰ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ ਅਤੇ ਐਸੇ ਪਿਆਰ ਕਰਨ ਵਾਲੇ ਹੀ ਜਿਉਂਦੇ ਜੀ ਮੁਕਤ ਹੋ ਜਾਂਦੇ ਹਨ। ਐਸੇ ਲੋਕਾਂ ਕੋਲ ਸ਼ਬਦ ਦਾ ਐਸਾ ਭੰਡਾਰ ਹੁੰਦਾ ਹੈ ਕਿ ਉਹ ਕਦੇ ਮੁੱਕਦਾ ਹੀ ਨਹੀ। ਗੁਰੂ ਸਾਹਿਬ ਐਸੀ ਸਥਿਤੀ ਨੂੰ ਇੰਜ ਬਿਆਨ ਕਰਦੇ ਹਨ:-
ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲੁ।।
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨਿ ਮਾਲੁ।। (ਅੰਗ 1426)
ਗੁਰੂ ਅਰਜਨ ਦੇਵ ਜੀ ਦਾ 22ਵਾਂ ਸਲੋਕ ਤੇ ਇਸ ਬਾਣੀ ਦਾ ਆਖਰੀ ਸਲੋਕ ਇਸ ਵਿਚਾਰ ਨੂੰ ਇਸ ਤਰ੍ਹਾਂ ਦੁਹਰਾਉਂਦਾ ਹੈ ਕਿ ਜਦ ਸੱਚਾ ਪਾਤਸ਼ਾਹ ਮਿੱਤਰ ਬਣ ਜਾਂਦਾ ਹੈ ਤਾਂ ਉਸ ਕੋਲ ਬੈਠ ਕੇ ਸਾਧਕ ਦੀ ਸੁੰਦਰਤਾ ਭਾਵ ਮਾਣ-ਸਨਮਾਨ ਵਿਚ ਵਾਧਾ ਹੁੰਦਾ ਹੈ। ਇਹ ਸਲੋਕ ਆਮ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਸਮੇਂ ਉਚਾਰਨ ਕੀਤਾ ਜਾਂਦਾ ਹੈ:-
ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੇ ਸਾਹੁ।।
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ।। (ਅੰਗ 1426)