(21) Question:- |
ਪਹਿਲੀ ਉਦਾਸੀ ਦੌਰਾਨ ਗੁਰੂ ਜੀ ਪਾਕਪਟਨ 'ਤੇ ਕੀਰਤਪੁਰ ਦੇ ਅਸਥਾਨ ਤੇ ਕਿਹੜੇ ਮਹਾਂਪੁਰਸ਼ਾਂ ਨੂੰ ਮਿਲੇ ਸਨ? ਇਨ੍ਹਾਂ ਮੁਲਾਕਾਤਾਂ ਬਾਰੇ ਸੰਖੇਪ ਵਿਚ ਦੱਸੋ। |
Answer:- |
ਗੁਰੂ ਜੀ ਨੇ ਪਾਕਪਟਨ ਦੇ ਅਸਥਾਨ 'ਤੇ ਸ਼ੇਖ ਬ੍ਰਹਮ ਨਾਲ ਦੋ ਵਾਰ ਮੁਲਾਕਾਤ ਕੀਤੀ। ਇਹ ਬਹੁਤ ਹੀ ਪ੍ਰਸਿੱਧ ਮਹਾਂਪੁਰਸ਼ ਫਕੀਰ ਸਨ। ਗੁਰੂ ਜੀ ਨੇ ਉਸ ਨਾਲ ਗਿਆਨ ਗੋਸ਼ਟ ਕੀਤੀ ਤੇ ਕਈ ਸ਼ੰਕੇ ਨਵਿਰਤ ਕੀਤੇ। ਜਿਸ ਅਸਥਾਨ 'ਤੇ ਗੁਰੂ ਜੀ ਨੇ ਸ਼ੇਖ ਨਾਲ ਚਰਚਾ ਕੀਤੀ ਸੀ ਉਸ ਅਸਥਾਨ 'ਤੇ ਇਕ ਗੁਰਦੁਆਰਾ ਨਾਨਕਸਰ ਹੈ ਅਤੇ ਇਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਕੱਤਕ ਦੀ ਪੂਰਨਮਾਸ਼ੀ 'ਤੇ ਮੇਲਾ ਲੱਗਦਾ ਹੁੰਦਾ ਸੀ।
ਸਾਂਈਂ ਬੁੱਢਣ ਸ਼ਾਹ
ਸਾਂਈਂ ਬੁੱਢਣ ਸ਼ਾਹ ਜੀ ਇਕ ਵੱਡੀ ਉਮਰ ਦੇ ਫਕੀਰ ਸਨ। ਉਹ ਕੀਰਤਪੁਰ ਦੇ ਅਸਥਾਨ 'ਤੇ ਇਕ ਪਹਾੜੀ ਉਤੇ ਰਹਿੰਦੇ ਸਨ ਤੇ ਉਨ੍ਹਾਂ ਪਾਸ ਸ਼ੇਰ ਤੇ ਬੱਕਰੀਆਂ ਸਨ ਜੋ ਇਕੱਠੇ ਰਹਿੰਦੇ ਸਨ। ਜਦ ਸਾਂਈਂ ਜੀ ਨੇ ਗੁਰੂ ਜੀ ਨੂੰ ਦੱਸਿਆ ਕਿ ਉਹ ਬੰਦਗੀ ਕਰਨ ਲਈ ਇਕਾਂਤ ਵਿਚ ਰਹਿੰਦੇ ਹਨ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਨਸਾਨ ਦਾ ਮਨ ਹੀ ਇਕਾਂਤ ਹੈ ਤੇ ਨਾਮ ਸਿਮਰਨ ਕਰਨ ਵਾਲਾ ਇਨਸਾਨ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਜਿਸ ਜਗ੍ਹਾ 'ਤੇ ਗੁਰੂ ਜੀ ਜਾ ਕੇ ਬਿਰਾਜੇ ਸਨ ਉਥੇ ਅੱਜ-ਕੱਲ੍ਹ ਇਕ ਗੁਰਦੁਆਰਾ ਚਰਨ ਕਮਲ ਦੇ ਨਾਮ ਨਾਲ ਉਸਾਰਿਆ ਗਿਆ ਹੈ। ਇਸ ਅਸਥਾਨ ਤੋਂ ਦੋ ਮੀਲ ਦੂਰ ਸਾਂਈਂ ਬੁਢਣ ਸ਼ਾਹ ਜੀ ਦੀ ਕਬਰ ਪਹਾੜੀ ਉਤੇ ਬਣੀ ਹੋਈ ਹੈ। |
(22) Question:- |
ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਕਿਸ ਤਰ੍ਹਾਂ ਸਿੱਧੇ ਰਸਤੇ ਪਾਇਆ? |
Answer:- |
ਦੁਨੀ ਚੰਦ ਲਾਹੌਰ ਸ਼ਹਿਰ ਵਿਚ ਰਹਿੰਦਾ ਸੀ ਤੇ ਜਦ ਗੁਰੂ ਜੀ ਲਾਹੌਰ ਆਏ ਤਾਂ ਉਸ ਨੇ ਬ੍ਰਾਹਮਣਾਂ ਤੇ ਸੰਤਾਂ ਮਹਾਤਮਾਵਾਂ ਨੂੰ ਆਪਣੇ ਪਿਤਾ ਦਾ ਸ਼ਰਾਧ ਮਨਾਉਣ ਲਈ ਭੋਜਨ ਛਕਣ ਵਾਸਤੇ ਬੁਲਾਇਆ ਹੋਇਆ ਸੀ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਕਿਸੇ ਵੀ ਜੀਵ ਦੀ ਗਤੀ ਉਸ ਦੇ ਮਰਨ ਉਪਰੰਤ ਸ਼ਰਾਧ ਕਰਾਉਣ ਨਾਲ ਨਹੀਂ ਹੁੰਦੀ ਬਲਕਿ ਉਸ ਦੇ ਆਪਣੇ ਜੀਵਨ ਵਿਚ ਕੀਤੇ ਹੋਏ ਕਰਮਾਂ ਦੇ ਅਧਾਰ 'ਤੇ ਹੁੰਦੀ ਹੈ। ਚੰਗੇ ਕਰਮ ਕਰਨ ਵਾਲੇ ਇਨਸਾਨ ਤੇ ਪਰਮਾਤਮਾ ਨੂੰ ਯਾਦ ਰੱਖਣ ਵਾਲੇ ਇਨਸਾਨ ਸਦਾ ਗਤੀ ਪਾਉਂਦੇ ਹਨ। ਦੁਨੀ ਚੰਦ ਗੁਰੂ ਜੀ ਦੇ ਬਚਨਾਂ ਨਾਲ ਬਹੁਤ ਪ੍ਰਭਾਵਤ ਹੋਇਆ ਤੇ ਉਸ ਨੇ ਆਪਣੇ ਘਰ ਨੂੰ ਇਕ ਧਰਮਸ਼ਾਲਾ ਬਣਾ ਦਿੱਤਾ। |
(23) Question:- |
ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਦੌਰਾਨ ਕਿੰਨ੍ਹਾਂ-ਕਿੰਨ੍ਹਾਂ ਅਸਥਾਨਾਂ ਦੀ ਯਾਤਰਾ ਕੀਤੀ? |
Answer:- |
ਗੁਰੂ ਜੀ ਦੀ ਦੂਜੀ ਉਦਾਸੀ ਦੱਖਣ ਦਿਸ਼ਾ ਵੱਲ ਸੀ ਜਿਸ ਦੌਰਾਨ (1567 ਤੋਂ 1571) ਆਪ ਜੀ ਬੀਕਾਨੇਰ ਤੋਂ ਹੁੰਦੇ ਹੋਏ ਵਿੰਦਿਆਚਲ ਤੇ ਦੱਖਣੀ ਜੰਗਲਾਂ ਨੂੰ ਪਾਰ ਕਰਕੇ ਰਮੇਸ਼ਵਰ ਤਕ ਗਏ। ਰਮੇਸ਼ਵਰ ਤੋਂ ਸਮੁੰਦਰ ਪਾਰ ਕਰਕੇ ਆਪ ਜੀ ਸੰਗਲਾਦੀਪ (ਲੰਕਾ) ਪਹੁੰਚੇ। ਜਿਥੋਂ ਦਾ ਰਾਜਾ ਸ਼ਿਵਨਾਭ ਸੀ। ਵਾਪਸੀ ਵੇਲੇ ਆਪ ਜੀ ਮਸੂਰਪੁਰ ਦੇਸ਼ ਵਿਚ ਬੀਜਾਪੁਰ ਦੇ ਇਲਾਕੇ ਵਿਚੋਂ ਹੁੰਦੇ ਹੋਏ ਅਤੇ ਜੰਗਲਾਂ ਪਹਾੜਾਂ ਵਿਚੋਂ ਲੰਘਦੇ ਹੋਏ ਸਮੁੰਦਰ ਦੇ ਪੱਛਮੀ ਘਾਟ ਦੇ ਨਾਲ-ਨਾਲ ਬਹਾਵਲਪੁਰ ਤੱਕ ਆਏ। ਆਪ ਨੇ ਵਿੰਦਿਆਚਲ ਦੇ ਜੰਗਲਾਂ ਵਿਚ ਰਹਿਣ ਵਾਲੇ ਇਕ ਭੀਲ ਰਾਕਸ਼ ਜਿਸ ਦਾ ਨਾਂਮ ਕੌਡਾ ਸੀ, ਦਾ ਉਧਾਰ ਕੀਤਾ। ਰਾਜਾ ਸ਼ਿਵਨਾਭ ਨੂੰ ਵੀ ਸਤਿਸੰਗ ਕਰਨ ਦਾ ਉਪਦੇਸ਼ ਦਿੱਤਾ। ਜਿਸ ਅਨੁਸਾਰ ਉਸ ਨੇ ਉਥੇ ਇਕ ਧਰਮਸ਼ਾਲਾ ਬਣਵਾਈ। ਕਜਲੀ ਬਨ ਦੇ ਜੰਗਲ ਵਿਚ ਸਥਿਤ ਯੋਗੀਆਂ ਦੇ ਆਸ਼ਰਮ ਵਿਚ ਭਰਥਰੀ ਯੋਗੀ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਦੱਸਿਆ ਕਿ ਪਰਮਾਤਮਾ ਨੂੰ ਪਾਉਣ ਲਈ ਸਰੀਰ ਨੂੰ ਕਸ਼ਟ ਦੇਣ ਦੀ ਕੋਈ ਜ਼ਰੂਰਤ ਨਹੀਂ। ਨਾਮ ਸਿਮਰਨ ਤੇ ਸਿਫਤ ਸਾਲਾਹ ਕਰਕੇ ਹੀ, ਗ੍ਰਹਿਸਤ ਵਿਚ ਰਹਿੰਦੇ ਹੋਏ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗ੍ਰਹਿਸਤ ਵਿਚ ਰਹਿੰਦੇ ਹੋਏ ਪਰਮਾਤਮਾ ਨਾਲ ਜੁੜੇ ਰਹਿਣਾ ਹੀ ਰਾਜ ਯੋਗ ਹੈ। ਜਦ ਭਰਥਰੀ ਨੇ ਮਦਰਾ ਪੀ ਕੇ ਸਮਾਧੀ ਲਾਉਣ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਸਮਝਾਇਆ ਕਿ ਨਾ ਮਦਰਾ ਪੀਣ ਦੀ ਜ਼ਰੂਰਤ ਹੈ ਤੇ ਨਾ ਹੀ ਸਮਾਧੀ ਲਾਉਣ ਦੀ। ਪਰਮਤਾਮਾ ਦਾ ਗੁਣ-ਗਾਣ ਕਰਨ ਵਾਲਾ ਉਸ ਦੇ ਰੰਗ ਵਿਚ ਹੀ ਮਸਤ ਰਹਿੰਦਾ ਹੈ। ਉਸ ਦਾ ਪ੍ਰੇਮ-ਰਸ ਹੀ ਉਸ ਦੀ ਮਦਰਾ ਹੈ। ਗੁਰੂ ਜੀ ਦਾ ਉਚਾਰਿਆ ਹੋਇਆ ਸ਼ਬਦ ਰਾਗੁ ਆਸਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 360 'ਤੇ ਇਸ ਤਰ੍ਹਾਂ ਸ਼ੁਸ਼ੋਭਿਤ ਹੈ:-
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ।।
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ।।
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ।।
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ।। ਰਹਾਉ।। (ਅੰਗ 360)
|
(24) Question:- |
ਕੌਡਾ ਭੀਲ ਕੌਣ ਸੀ ਤੇ ਗੁਰੂ ਜੀ ਨੇ ਕਿਸ ਤਰ੍ਹਾਂ ਉਸ ਦਾ ਉਧਾਰ ਕੀਤਾ? |
Answer:- |
ਕੌਡਾ ਜੰਗਲ ਵਿਚ ਰਹਿਣ ਵਾਲਾ ਇਕ ਆਦਮਖੋਰ ਰਾਖਸ਼ ਸੀ। ਜਦ ਗੁਰੂ ਜੀ ਵਿੰਦਿਆਚਲ ਦੇ ਹੇਠਾਂ ਜੰਗਲਾਂ ਵਿਚੋਂ ਜਾ ਰਹੇ ਸਨ ਤਾਂ ਕੌਡੇ ਨੇ ਮਰਦਾਨੇ ਨੂੰ ਫੜ ਲਿਆ ਸੀ। ਉਹ ਉਸ ਨੂੰ ਤੇਲ ਵਿਚ ਤਲ ਕੇ ਖਾਣਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਉਸ ਦੀ ਕੜਾਹੀ ਨੂੰ ਠੰਢਾ ਕਰ ਦਿੱਤਾ ਕੌਡੇ ਨੇ ਗੁਰੂ ਜੀ ਦੀ ਆਤਮਿਕ ਸ਼ਕਤੀ ਨੂੰ ਪਛਾਣ ਕੇ ਉਨ੍ਹਾਂ ਤੋਂ ਮਾਫੀ ਮੰਗੀ ਤੇ ਅੱਗੋ ਤੋਂ ਚੰਗਾ ਜੀਵਨ ਜਿਊਣ ਦਾ ਵਾਅਦਾ ਕੀਤਾ। ਗੁਰੂ ਜੀ ਨੇ ਉਸਨੂੰ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਚੰਗਾ ਇਨਸਾਨ ਬਣਾ ਦਿੱਤਾ। |
(25) Question:- |
ਕੀ ਗੁਰੂ ਨਾਨਕ ਸਾਹਿਬ ਲੰਕਾ ਗਏ ਸਨ? |
Answer:- |
ਪ੍ਰਾਣ ਸੰਗਲੀ ਬਾਰੇ
ਗੁਰੂ ਜੀ ਦੇ ਲੰਕਾ ਜਾਣ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ। ਭਾਈ ਕਾਨ੍ਹ ਸਿੰਘ ਨਾਭਾ ਦੱਸਦੇ ਹਨ ਕਿ ਲੰਕਾ ਦੇ ਦੌਰੇ ਦਾ ਜ਼ਿਕਰ ਸਭ ਤੋਂ ਪਹਿਲਾਂ 'ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ' ਵਿਚ ਆਇਆ ਜਿਸ ਦਾ ਕਰਤਾ ਭਾਈ ਪੈੜਾ ਸੀ। ਭਾਈ ਸੰਤੋਖ ਸਿੰਘ ਅਨੁਸਾਰ ਭਾਈ ਪੈੜਾ ਨੂੰ ਗੁਰੂ ਅਰਜਨ ਦੇਵ ਜੀ ਨੇ ਲੰਕਾ ਭੇਜਿਆ ਸੀ ਤਾਂਕਿ ਉਹ ਉਥੋਂ ਗੁਰੂ ਨਾਨਕ ਦੁਆਰਾ ਰਚਿਤ 'ਪ੍ਰਾਨ ਸੰਗਲੀ' ਲਿਆਉਣ। 'ਹਕੀਕਤ' ਤੋਂ ਬਾਅਦ ਲੰਕਾ ਦੇ ਦੌਰੇ ਦੀ ਗੱਲ ਜਨਮ ਸਾਖੀਆਂ ਵਿਚ ਆਈ। ਸਮੇਂ ਨਾਲ ਲੰਕਾ ਜਾਣ ਵਾਲੀ ਸਾਖੀ ਦਾ ਵਿਸਥਾਰ ਐਨਾ ਵੱਧ ਗਿਆ ਕਿ ਇਸ ਵਿਚ ਕਈ ਕਰਾਮਾਤਾਂ ਦਾ ਜ਼ਿਕਰ ਹੋਣ ਲੱਗਾ। ਕਈ ਲੇਖਕਾਂ ਨੇ ਕਰਾਮਾਤਾਂ ਤੇ ਅਦਭੁਤ ਕਹਾਣੀਆਂ ਨੂੰ ਦੇਖਦੇ ਹੋਏ ਲੰਕਾ ਜਾਣ ਬਾਰੇ ਸ਼ੰਕਾ ਜ਼ਾਹਰ ਕੀਤੀ। ਡਬਲਿਯੂ.ਐਚ. ਮੈਕਲੋਡ ਨੇ ਨਿਰਣਾ ਕੀਤਾ ਕਿ ਗੁਰੂ ਜੀ ਲੰਕਾ ਨਹੀਂ ਗਏ। ਪਰ ਹੁਣ ਤੱਕ ਹੋਈ ਖੋਜ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਮੈਕਲੋਡ ਦਾ ਕਥਨ ਠੀਕ ਨਹੀਂ। ਭਾਵੇਂ ਉਹ ਕਰਾਮਾਤਾਂ ਤੇ ਅਦਭੁੱਤ ਕਹਾਣੀਆਂ ਵਧਾ ਚੜ੍ਹਾ ਕੇ ਦੱਸੀਆਂ ਹਨ, ਪਰ ਗੁਰੂ ਜੀ ਲੰਕਾ ਗਏ ਸਨ। ਇਹ ਗੱਲ ਉਥੇ ਮਿਲੇ ਸਬੂਤਾਂ ਤੋਂ ਤੇ ਉਥੋਂ ਦੇ ਲਿਖਾਰੀਆਂ ਦੇ ਲੇਖਾਂ ਤੋਂ ਸਾਬਤ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਡਾ. ਸੇਵਾਰਤਨ ਦੁਆਰਾ ਲਿਖੀ ਪੁਸਤਕ 'ਐਨ ਆਉਟਲਾਈਨ ਹਿਸਟਰੀ ਐਡ ਪ੍ਰਿੰਸੀਪਲਜ ਔਫ ਹਿੰਦੂਜ' ਜੋ ਕੋਲੰਬੋ ਵਿਚ 1964 ਵਿਚ ਛਪੀ ਸੀ, ਇਸ ਪੱਖੋਂ ਜ਼ਿਕਰ ਕਰਦੀ ਹੈ। |
(26) Question:- |
ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਕਿਸ ਦਿਸ਼ਾ ਵਿਚ ਗਏ ਤੇ ਉਨ੍ਹਾਂ ਨੇ ਕਿਹੜੇ-ਕਿਹੜੇ ਅਸਥਾਨਾਂ ਦੀ ਯਾਤਰਾ ਕੀਤੀ? |
Answer:- |
ਗੁਰੂ ਨਾਨਕ ਦੇਵ ਜੀ ਆਪਣੀ ਇਸ ਉਦਾਸੀ ਉਪਰੰਤ (1526 ਤੋਂ 1528) ਦੋ ਸਾਲ ਉੱਤਰ ਦਿਸ਼ਾ ਵੱਲ ਗਏ। ਆਪ ਨੇ ਕਸ਼ਮੀਰ ਵਿਚ ਮਟਨ ਸਾਹਿਬ ਦੇ ਅਸਥਾਨ ਤੋਂ ਹੁੰਦੇ ਹੋਏ ਸੁਮੇਰ ਪਰਬਤ, ਨੇਪਾਲ, ਸਿੱਕਮ ਤੇ ਭੂਟਾਨ ਤੋਂ ਹੁੰਦੇ ਹੋਏ ਤਿੱਬਤ ਤੱਕ ਦੀ ਯਾਤਰਾ ਕੀਤੀ। ਆਪ ਜੰਮੂ ਵਾਪਸ ਆ ਕੇ, ਜਸਰੌਟਾ, ਮਾਧੋਪੁਰ, ਸੁਜਾਨਪੁਰ ਤੇ ਪਠਾਨਕੋਟ ਰਾਹੀਂ ਸੁਲਤਾਨਪੁਰ ਆਪਣੀ ਭੈਣ ਬੇਬੇ ਨਾਨਕੀ ਪਾਸ ਆ ਕੇ ਰੁਕੇ। ਆਪ ਜੀ ਦੇ ਸੁਲਤਾਨਪੁਰ ਠਹਿਰਣ ਦੌਰਾਨ ਆਪ ਜੀ ਦੀ ਭੈਣ ਤੇ ਭਣਵੱਈਆ ਦੋਵੇਂ ਗੁਜ਼ਰ ਗਏ। ਉਹਨਾਂ ਦੇ ਦਾਹ ਸੰਸਕਾਰ ਕਰਕੇ ਆਪ ਸੰਮਤ 1575 ਵਿਚ ਕਰਤਾਰਪੁਰ ਵੱਲ ਚਲੇ ਗਏ। |
(27) Question:- |
ਗੁਰੂ ਜੀ ਨੇ ਆਪਣੀ ਚੌਥੀ ਉਦਾਸੀ ਸਮੇਂ ਕਿਨ੍ਹਾਂ-ਕਿਨ੍ਹਾਂ ਅਸਥਾਨਾਂ ਦੀ ਯਾਤਰਾ ਕੀਤੀ ਤੇ ਇਸ ਦੌਰਾਨ ਵਾਪਰੀਆਂ ਖਾਸ ਘਟਨਾਵਾਂ ਦਾ ਜ਼ਿਕਰ ਕਰੋ। |
Answer:- |
ਗੁਰੂ ਜੀ ਦੀ ਚੌਥੀ ਉਦਾਸੀ ਸੰਮਤ 1574-1579 ਤਕ ਸੀ। ਜਿਸ ਦੌਰਾਨ ਆਪ ਨੇ ਪੱਛਮ ਦੇ ਕੁਝ ਇਲਾਕਿਆਂ ਦੀ ਯਾਤਰਾ ਕੀਤੀ। ਆਪ ਜੀ ਰੋਹਤਾਸ ਗਏ ਜਿੱਥੇ ਕੰਨ ਪਾਟੇ ਯੋਗੀਆਂ ਦਾ ਡੇਰਾ ਸੀ, ਆਪ ਨੇ ਉਨ੍ਹਾਂ ਨੂੰ ਨਿਰੰਕਾਰ ਦੇ ਨਾਮ ਨਾਲ ਬਿਰਤੀ ਜੋੜ ਕੇ ਸੱਚੇ ਯੋਗੀ ਬਨਣ ਦਾ ਉਪਦੇਸ਼ ਦਿੱਤਾ। ਚੌਥੀ ਉਦਾਸੀ ਦੌਰਾਨ ਗੁਰੂ ਜੀ ਦੀ ਸਭ ਤੋਂ ਮਹੱਤਵਪੂਰਨ ਯਾਤਰਾ ਮੱਕੇ ਦੀ ਸੀ। ਜਿੱਥੇ ਜਾ ਕੇ ਆਪ ਕਾਬੇ ਵੱਲ ਪੈਰ ਕਰ ਕੇ ਸੌਂ ਗਏ ਤੇ ਜਦ ਹਾਜੀਆਂ ਨੇ ਉਨ੍ਹਾਂ ਨੂੰ ਗੁੱਸੇ ਨਾਲ ਘਸੀਟ ਕੇ ਦੂਸਰੇ ਪਾਸੇ ਕੀਤਾ ਤਾਂ ਇਕ ਅਜੀਬ ਕੌਤਕ ਵਾਪਰਿਆ। ਜਿੱਥੇ-ਜਿੱਥੇ ਉਹ ਗੁਰੂ ਜੀ ਦੇ ਪੈਰ ਕਰਦੇ ਸਨ ਉਨ੍ਹਾਂ ਨੂੰ ਉਧਰ ਹੀ ਮੱਕਾ ਨਜ਼ਰ ਆਉਂਦਾ ਸੀ। ਭਾਈ ਗੁਰਦਾਸ ਜੀ ਨੇ ਇਸ ਯਾਤਰਾ ਦਾ ਜ਼ਿਕਰ ਆਪਣੀ ਪਹਿਲੀ ਵਾਰ ਦੀ 32ਵੀਂ ਪਉੜੀ ਵਿਚ ਇਸ ਤਰ੍ਹਾਂ ਕੀਤਾ ਹੈ-
ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ।
ਟੰਗੋਂ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ।
ਹੋਇ ਹੈਰਾਨੁ ਕਰੇਨਿ ਜੁਹਾਰੀ। (ਵਾਰ 1, ਪਉੜੀ 32)
ਮੱਕੇ ਤੋਂ ਬਗਦਾਦ ਵੱਲ
ਮੱਕੇ ਤੋ ਚਲ ਕੇ ਆਪ ਮਦੀਨਾ ਹੁੰਦੇ ਹੋਏ ਬਗਦਾਦ ਪਹੁੰਚੇ, ਜਿੱਥੇ ਆਪ ਨੇ ਪੀਰ ਬਹਿਲੋਲ ਨਾਲ ਚਰਚਾ ਕਰਕੇ ਉਸਨੂੰ ਉਪਦੇਸ਼ ਦਿੱਤਾ। ਗੁਰੂ ਜੀ ਇਰਾਕ ਦੇ ਸ਼ਹਿਰ ਬਗਦਾਦ ਤੋਂ ਚਲ ਕੇ ਤਹਿਰਾਨ, ਤੁਰਕਿਸਤਾਨ, ਤਾਸ਼ਕੰਦ, ਸਮਰਕੰਦ ਅਤੇ ਬੁਖਾਰਾ ਤੋਂ ਹੁੰਦੇ ਹੋਏ ਅਫਗਾਨਿਸਤਾਨ ਦੇ ਸ਼ਹਿਰ ਕਾਬਲ ਪੁੱਜੇ। ਕਾਬਲ ਤੋਂ ਗਰੂ ਜੀ ਖੈਬਰ ਦੱਰੇ ਤੋਂ ਲੰਘ ਕੇ ਪਿਸ਼ਾਵਰ ਆਏ ਤੇ ਫਿਰ ਨੁਸ਼ਹਿਰੇ ਦੇ ਰਸਤੇ ਹਸਨ ਅਬਦਾਲ ਪਹੁੰਚੇ। ਹਸਨ ਅਬਦਾਲ 'ਤੇ ਵਾਪਰੀ 'ਵਲੀ ਕੰਧਾਰੀ' ਵਾਲੀ ਘਟਨਾ ਬਹੁਤ ਪ੍ਰਸਿੱਧ ਹੈ। |
(28) Question:- |
ਵਲੀ ਕੰਧਾਰੀ ਕੌਣ ਸੀ ਤੇ ਉਸਨੂੰ ਗੁਰੂ ਜੀ ਨੇ ਕਿਸ ਤਰ੍ਹਾਂ ਸਿੱਧੇ ਰਸਤੇ ਪਾਇਆ? |
Answer:- |
ਵਲੀ ਕੰਧਾਰੀ ਇਕ ਹੰਕਾਰੀ ਫਕੀਰ ਸੀ। ਜਿਸ ਨੇ ਜਪ ਤਪ ਕਰਕੇ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ। ਜਦ ਗੁਰੂ ਜੀ ਨੇ ਉਸਦੇ ਪਹਾੜ 'ਤੇ ਵੱਸੇ ਹੋਏ ਦਰੇ ਦੇ ਹੇਠਾਂ ਆਪਣਾ ਡੇਰਾ ਲਗਾਇਆ ਤਾਂ ਉਸਨੂੰ ਇਹ ਗੱਲ ਚੰਗੀ ਨਹੀਂ ਲੱਗੀ। ਇਕ ਦਿਨ ਮਰਦਾਨੇ ਨੂੰ ਪਿਆਸ ਲੱਗੀ ਤਾਂ ਗੁਰੂ ਜੀ ਨੇ ਉਸਨੂੰ ਪਾਣੀ ਲੈਣ ਲਈ ਵਲੀ ਕੰਧਾਰੀ ਕੋਲ ਭੇਜਿਆ। ਵਲੀ ਕੰਧਾਰੀ ਦੇ ਡੇਰੇ ਦੇ ਕੋਲ ਹੀ ਪਾਣੀ ਦਾ ਇਕ ਚਸ਼ਮਾ ਸੀ। ਪਰ ਜਦ ਮਰਦਾਨਾ ਪਾਣੀ ਪੀਣ ਲਈ ਉਥੇ ਪਹੁੰਚਿਆ ਤਾਂ ਵਲੀ ਕੰਧਾਰੀ ਨੇ ਉਸਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਮਰਦਾਨੇ ਦੇ ਹੇਠਾਂ ਆ ਜਾਣ ਤੇ ਗੁਰੂ ਜੀ ਨੇ ਉਸਦੀ ਪਾਣੀ ਦੀ ਪਿਆਸ ਬੁਝਾਉਣ ਲਈ ਇਕ ਪੱਥਰ ਹਟਾ ਕੇ ਨਵਾਂ ਚਸ਼ਮਾ ਚਾਲੂ ਕਰ ਲਿਆ। ਵਲੀ ਕੰਧਾਰੀ ਨੂੰ ਬਹੁਤ ਕ੍ਰੋਧ ਆਇਆ ਤੇ ਉਸਨੇ ਚਟਾਨ ਦਾ ਇਕ ਟੁਕੜਾ ਗੁਰੂ ਜੀ ਵਲ ਰੇੜ੍ਹ ਦਿੱਤਾ। ਗੁਰੂ ਜੀ ਨੇ ਉਹ ਚਟਾਨ ਆਪਣੇ ਪੰਜੇ ਨਾਲ ਰੋਕ ਲਈ ਜਿਸ ਤੋਂ ਵਲੀ ਕੰਧਾਰੀ ਨੂੰ ਉਹਨਾਂ ਦੀ ਸ਼ਕਤੀ ਬਾਰੇ ਗਿਆਨ ਹੋ ਗਿਆ। ਉਹ ਪਹਾੜੀ ਤੋਂ ਹੇਠ ਉਤਰ ਕੇ ਆਇਆ ਤੇ ਗੁਰੂ ਜੀ ਤੋਂ ਮੁਆਫੀ ਮੰਗ ਕੇ ਅੱਗੋਂ ਤੋਂ ਨਿਰਮਾਣਤਾ ਦੇ ਰਸਤੇ 'ਤੇ ਚੱਲਣ ਲੱਗ ਪਿਆ।
ਗੁਰੂ ਜੀ ਦੇ ਲੱਗੇ ਹੋਏ ਹੱਥ ਦਾ ਪੰਜੇ ਵਾਲਾ ਪੱਥਰ ਅਜੇ ਤੱਕ ਮੌਜੂਦ ਹੈ ਤੇ ਉਸ ਅਸਥਾਨ 'ਤੇ ਗੁਰਦੁਆਰਾ ਪੰਜਾ ਸਾਹਿਬ ਇਸ ਘਟਨਾ ਦੀ ਯਾਦਗਾਰ ਹੈ। ਇਹ ਗੁਰਦੁਆਰਾ ਹਸਨ ਅਬਦਾਲ ਦੇ ਸਥਾਨ 'ਤੇ ਹੁਣ ਪਾਕਿਸਤਾਨ ਵਿਚ ਹੈ ਪਰ ਹਾਲੇ ਵੀ ਹਰ ਸਾਲ ਸਿੱਖ ਯਾਤਰੀ ਭਾਰਤ ਤੋਂ ਤੇ ਹੋਰ ਦੇਸ਼ਾਂ ਤੋਂ ਇਥੇ ਦਰਸ਼ਨਾਂ ਲਈ ਆਉਂਦੇ ਹਨ। ਵਿਸਾਖੀ ਦਾ ਪੁਰਬ ਇਥੇ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ। |
(29) Question:- |
ਅਚੱਲ ਦਾ ਅਸਥਾਨ ਕਿੱਥੇ ਹੈ ਤੇ ਉਸ ਅਸਥਾਨ 'ਤੇ ਗੁਰੂ ਜੀ ਦੇ ਜੀਵਨ ਦੀ ਕਿਹੜੀ ਘਟਨਾ ਵਾਪਰੀ? |
Answer:- |
ਅਚੱਲ ਦਾ ਅਸਥਾਨ ਬਟਾਲਾ ਸ਼ਹਿਰ ਕੋਲ ਹੈ। ਉਨ੍ਹਾਂ ਦਿਨਾਂ ਵਿਚ ਸ਼ਿਵਰਾਤਰੀ ਵਾਲੇ ਦਿਨ ਹਰ ਸਾਲ ਇਸ ਅਸਥਾਨ 'ਤੇ ਇਕ ਮੇਲਾ ਲੱਗਦਾ ਸੀ ਜਿਸ ਵਿਚ ਸਿੱਧਾਂ ਯੋਗੀਆਂ ਦਾ ਬਹੁਤ ਵੱਡਾ ਇਕੱਠ ਹੁੰਦਾ ਸੀ। ਆਪਣੀਆਂ ਚਾਰ ਉਦਾਸੀਆਂ ਖਤਮ ਹੋਣ ਤੋਂ ਬਾਅਦ ਗੁਰੂ ਜੀ ਮੇਲੇ ਵਾਲੇ ਅਸਥਾਨ 'ਤੇ ਗਏ ਤੇ ਉਥੇ ਆਏ ਯੋਗੀਆਂ ਨਾਲ ਵਾਰਤਾਲਾਪ ਕੀਤੀ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਤੋਂ ਸਾਨੂੰ ਇਸ ਬਾਰੇ ਪੂਰੀ ਤਰ੍ਹਾਂ ਪਤਾ ਲੱਗਦਾ ਹੈ। ਗੁਰੂ ਜੀ ਆਪ ਵੀ ਆਪਣੀ ਬਾਣੀ 'ਸਿੱਧ ਗੋਸਟਿ' ਵਿਚ ਰਾਗ 'ਰਾਮਕਲੀ' ਵਿਚ ਇਸ ਦਾ ਵਰਨਣ ਕੀਤਾ ਹੈ। |
(30) Question:- |
ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਧ ਗੋਸਟਿ ਬਾਰੇ ਵਿਵਰਣ ਦਿਉ। ਗੁਰੂ ਨਾਨਕ ਦੇਵ ਜੀ ਨੇ ਸਿਧ ਗੋਸਟਿ ਕਰਕੇ ਸਿੱਧਾਂ ਨੂੰ ਕੀ ਉਪਦੇਸ਼ ਦਿੱਤਾ? |
Answer:- |
ਸਿੱਧ ਗੋਸਟਿ ਰਾਗ ਰਾਮਕਲੀ ਵਿਚ ਗੁਰੂ ਨਾਨਕ ਦੇਵ ਜੀ ਦੀ ਸਿਧਾਂਤਕ ਵਿਚਾਰਾਂ ਵਾਲੀ ਇਕ ਮਹੱਤਵਪੂਰਨ ਰਚਨਾ ਹੈ। ਇਹ ਵਾਰਤਾਲਾਪ ਸਿੱਧਾਂ ਨਾਲ ਕਿਥੇ ਹੋਏ, ਇਸ ਬਾਰੇ ਵਿਚਾਰਾਂ ਵਿਚ ਭਿੰਨਤਾ ਹੈ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਜੀ ਸਿੱਧਾਂ ਨੂੰ ਗੋਰਖ ਹਟੜੀ ਅਸਥਾਨ ਤੇ ਮਿਲੇ, ਪਰ ਇਕ ਹੋਰ ਵਿਚਾਰ ਜੋ ਭਾਈ ਗੁਰਦਾਸ ਜੀ ਨਾਲ ਮਿਲਦਾ ਹੈ, ਉਸ ਅਨੁਸਾਰ ਸ਼ਿਵਰਾਤਰੀ ਦੇ ਮੇਲੇ 'ਤੇ ਅਚੱਲ ਬਟਾਲਾ ਦੇ ਅਸਥਾਨ 'ਤੇ ਸਿੱਧ ਗੁਰੂ ਨਾਲ ਗੋਸਟਿ ਕਰਨ ਲਈ ਇਕੱਠੇ ਹੋਏ। ਇਸ ਗੋਸਟਿ ਦਾ ਪ੍ਰਸ਼ਨ ਉਤਰ ਢੰਗ ਬਹੁਤ ਪ੍ਰਭਾਵਸ਼ਾਲੀ ਹੈ ਤੇ ਗੁਰਮਤਿ ਦੇ ਗ੍ਰਹਿਸਤ ਜੀਵਨ ਜਿਊਣ ਦੇ ਆਦਰਸ਼ ਨੂੰ ਉਜਾਗਰ ਕਰਦਾ ਹੈ।
ਗੁਰੂ ਜੀ ਨੇ ਸੱਚੇ ਯੋਗ ਦਾ ਰਸਤਾ ਦੱਸਦੇ ਹੋਏ ਯੋਗੀਆਂ ਸਿੱਧਾਂ ਦੇ ਧਾਰਮਿਕ ਪ੍ਰਤੀਕਾਂ, ਅਡੰਬਰਾਂ ਤੇ ਰੂੜੀਆਂ ਦਾ ਖੰਡਨ ਕੀਤਾ ਹੈ। ਇਸ ਬਾਣੀ ਵਿਚ 735 ਪਦੇ ਹਨ ਤੇ 24 ਪਦੇ ਰਹਾਉੁ ਦੇ ਹਨ। ਪਹਿਲੇ 185 ਪਦੇ ਚਾਰ ਤੁਕਾਂ ਵਾਲੇ ਹਨ ਤੇ ਬਾਕੀ ਛੇ-ਛੇ ਤੁਕਾਂ ਵਾਲੇ ਹਨ। ਗੁਰੂ ਜੀ ਨੇ ਉੱਤਰ ਬੜੇ ਸਪੱਸ਼ਟ ਤੇ ਸਾਧ ਭਾਸ਼ਾ ਵਿਚ ਦਿੱਤੇ ਹਨ, ਮਿਸਾਲ ਦੇ ਤੌਰ 'ਤੇ ਜਦ ਸਿੱਧ ਪੁੱਛਦੇ ਹਨ ਕਿ ਉਨ੍ਹਾਂ ਦਾ ਗੁਰ ਕੌਣ ਹੈ ਤਾਂ ਗੁਰੂ ਜੀ ਜਵਾਬ ਦਿੰਦੇ ਹਨ:-
ਸਬਦੁ ਗੁਰੂ ਸੁਰਤਿ ਧੁਨਿ ਚੇਲਾ।। (ਅੰਗ 943)
ਭਾਵ ਕਿ ਸ਼ਬਦ ਗੁਰੂ ਹੈ ਤੇ ਉਸ ਨਾਲ ਜੁੜੀ ਸੁਰਤਿ ਚੇਲਾ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਜੁਗੋ ਜੁਗ ਅਟੱਲ ਪਰਮੇਸ਼ਵਰ ਹੀ ਗੁਰੂ ਹੈ। ਜਦ ਸਿੱਧਾਂ ਨੇ ਪੁੱਛਿਆ ਕਿ ਸ਼ਬਦ ਕਿਹੜਾ ਹੈ ਤੇ ਕਿਥੇ ਹੈ, ਤਾਂ ਗੁਰੂ ਜੀ ਦਾ ਉੱਤਰ ਸੀ:-
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ।।
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ।। (ਅੰਗ 946)
ਸ਼ਬਦ ਨਾਮ ਹੈ, ਪ੍ਰਭੂ ਦਾ ਨਾਮ, ਤੇ ਨਾਮ ਜਪਣ ਬਿਨਾਂ ਜੋਗ ਕਮਾਇਆ ਨਹੀਂ ਜਾ ਸਕਦਾ। ਜੋ ਨਾਮ ਵਿਚ ਰੱਤੇ ਹੋਏ ਹਨ, ਉਹੀ ਸੁਖੀ ਹਨ। ਨਾਮ ਦੀ ਮਹਿਮਾ ਤੇ ਗ੍ਰਹਿਸਤ ਵਿਚ ਰਹਿ ਕੇ ਨਾਮ ਜਪਣ ਨਾਲ ਮੁਕਤੀ ਪਾਉਣ ਦਾ ਢੰਗ ਦੱਸਣ ਵਾਲੀ ਇਹ ਰਚਨਾ ਸਿੱਖ ਧਰਮ ਦੇ ਫਲਸਫੇ ਦਾ ਸੁੰਦਰ ਤੇ ਸਪੱਸ਼ਟ ਵਿਵਰਣ ਹੈ।
ਗੁਰੂ ਜੀ ਨੇ ਸਿੱਧਾਂ ਨੂੰ ਗ੍ਰਹਿਸਤ ਵਿਚ ਰਹਿ ਕੇ ਸਿੱਧੀ ਪ੍ਰਾਪਤ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਨੂੰ ਸਮਝਾਇਆ ਕਿ ਜਿਵੇਂ ਪਾਣੀ ਵਿਚ ਉਗਿਆ ਹੋਇਆ ਕਮਲ ਦਾ ਫੁੱਲ ਤੇ ਪਾਣੀ ਵਿਚ ਤਰਦੀ ਹੋਈ ਮੁਰਗਾਬੀ ਦੇ ਖੰਭ ਪਾਣੀ ਤੋਂ ਉਤਾਂਹ ਰਹਿੰਦੇ ਹਨ, ਇਸ ਤਰ੍ਹਾਂ ਹੀ ਸੰਸਾਰ ਦੇ ਮਨੁੱਖ ਸੰਸਾਰ ਵਿਚ ਵਿਚਰਦੇ ਹੋਏ ਵੀ ਉਸ ਪ੍ਰਭੂ ਨਾਲ ਜੁੜੇ ਰਹਿ ਸਕਦੇ ਹਨ। ਗੁਰੂ ਸਾਹਿਬ ਦੇ ਹੇਠ ਲਿਖੇ ਸ਼ਬਦ ਇਸ ਗੱਲ ਦਾ ਦਿਸ਼ਾ ਨਿਰਦੇਸ਼ ਕਰਦੇ ਹਨ:-
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ।।
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੈ।।
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ।।
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ।। (ਅੰਗ 938)
|