(41) Question:- |
ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਬਾਰੇ ਬਹੁਤ ਕਿਹਾ ਤੇ ਲਿਖਿਆ ਗਿਆ ਹੈ। ਇਸ ਬਾਰੇ ਸੰਖੇਪ ਵਿਚ ਵਿਚਾਰ ਦਿਉ। |
Answer:- |
ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਬਾਰੇ ਗੁਰੂ ਸਾਹਿਬਾਂ ਨੇ, ਇਤਿਹਾਸਕਾਰਾਂ ਨੇ ਤੇ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਹੈ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਾਰੇ ਗੁਰੂਆਂ ਦੁਆਰਾ ਆਪਣੀ ਬਾਣੀ 'ਨਾਨਕ' ਦੇ ਨਾਮ ਹੇਠਾਂ ਲਿਖਣਾ ਉਨ੍ਹਾਂ ਦੀ ਗੁਰੂ ਜੀ ਦੀ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਦਾ ਪ੍ਰਗਟਾਅ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਸਾਰੀ ਬਾਣੀ ਆਪ ਦੀ ਮਹਾਨਤਾ ਦਾ ਪ੍ਰਤੀਕ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਦੀ ਇਸ ਮਹਾਨਤਾ ਨੂੰ ਤੇ ਵੱਧ ਰਹੇ ਪ੍ਰਤਾਪ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ-
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ।।
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ।। (ਅੰਗ 611)
ਭੱਟਾਂ ਨੇ ਆਪਣੇ ਸਵੱਈਏ ਲਿਖਦੇ ਹੋਏ ਗੁਰੂ ਜੀ ਨੂੰ ਰਾਜ ਯੋਗ ਪਾਉਣ ਦੀ ਪਦਵੀ ਦਿੱਤੀ ਹਨ। ਭੱਟ ਕਲ੍ਹ ਲਿਖਦੇ ਹਨ-
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ।। (ਅੰਗ 1389)
ਸਾਰੇ ਹੀ ਇਤਿਹਾਸਕਾਰਾਂ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਕ ਨਵੀਂ ਕ੍ਰਾਂਤੀ ਲਿਆਂਦੀ। ਕੌਮ ਨੂੰ ਜਗਾਇਆ ਤੇ ਇਨਸਾਨੀਅਤ ਅਤੇ ਸਰਬੱਤ ਦੇ ਭਲੇ ਨੂੰ ਨਵੇਂ ਧਰਮ ਦੇ ਸੁਨਹਿਰੀ ਅਸੂਲ ਬਣ ਕੇ ਦੁਨੀਆਂ ਨੂੰ ਇਕ ਵੱਡਮੁੱਲੀ ਦੇਣ ਦਿੱਤੀ। ਬਹੁਤ ਸਾਰੇ ਲੇਖਕਾਂ ਨੇ ਤੇ ਭਾਈ ਗੁਰਦਾਸ ਜੀ ਤੋਂ ਲੈ ਕੇ ਅੱਜ ਤੱਕ ਕਈ ਭਾਸ਼ਾਵਾਂ ਦੇ ਕਵੀਆਂ ਨੇ ਜਿਨ੍ਹਾਂ ਵਿਚ ਰਵਿੰਦਰ ਨਾਥ ਟੈਗੋਰ ਵੀ ਸ਼ਾਮਿਲ ਹਨ, ਗੁਰੂ ਜੀ ਨੂੰ ਇਕ ਬਹੁਤ ਹੀ ਮਹਾਨ ਸ਼ਖ਼ਸੀਅਤ ਦੱਸਿਆ ਹੈ। ਇਸ ਸਦੀ ਦੇ ਮਸ਼ਹੂਰ ਕਵੀ ਇਕਬਾਲ ਨੇ ਆਪਣੀ ਇਕ ਇਤਿਹਾਸਕ ਨਜ਼ਮ ਵਿਚ ਗੁਰੂ ਜੀ ਬਾਰੇ ਇਸ ਤਰ੍ਹਾਂ ਲਿਖਿਆ ਹੈ-
ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦੇ-ਕਾਮਲ ਨੇ ਜਗਾਇਆ ਖਾਬ ਸੇ। (ਪੁਸਤਕ, 'ਬਾਂਗਿ ਦਰਾਂ' ਵਿਚੋਂ)
|
(42) Question:- |
ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਭਾਰਤ ਤੇ ਪਾਕਿਸਤਾਨ ਵਿਚ ਕਿਹੜੇ ਪ੍ਰਮੁੱਖ ਗੁਰਦੁਆਰੇ ਹਨ? ਕੀ ਆਪ ਜੀ ਨਾਲ ਸਬੰਧਿਤ ਕੋਈ ਗੁਰਦੁਆਰਾ ਹੋਰ ਕਿਸੀ ਦੇਸ਼ ਵਿਚ ਵੀ ਹੈ। |
Answer:- |
ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਲੰਬੀਆਂ ਯਾਤਰਾਵਾਂ ਕੀਤੀਆਂ, ਇਸ ਕਰਕੇ ਆਪ ਜੀ ਨਾਲ ਸਬੰਧਤ ਗੁਰਦੁਆਰੇ ਭਾਰਤ ਦੇ ਹਰ ਕੋਨੇ ਵਿਚ ਫੈਲੇ ਹੋਏ ਹਨ। ਕਸ਼ਮੀਰ ਵਿਚ ਅਨੰਤਨਾਗ, ਮਟਨ ਤੇ ਬੀਰਵਾਹਾ ਦੇ ਅਸਥਾਨਾਂ 'ਤੇ ਆਪ ਦੀ ਯਾਤਰਾ ਦੀ ਗਵਾਹੀ ਭਰਦੇ ਗੁਰਦੁਆਰੇ ਮੌਜੂਦ ਹਨ। ਦਿੱਲੀ ਵਿਚ ਗੁਰਦੁਆਰਾ ਨਾਨਕ ਪਿਆਉ ਤੇ ਗੁ: ਮਜਨੂੰ ਦਾ ਟਿੱਲਾ ਆਪ ਦੀ ਯਾਦਗਾਰ ਹਨ। ਹਰਿਆਣਾ ਵਿਚ ਕੁਰਕੁਸ਼ੇਤਰ, ਪਿਹੋਵਾ ਤੇ ਕਰਨਾਲ ਤੇ ਯੂ.ਪੀ. ਵਿਚ ਮਥਰਾ, ਬਨਾਰਸ ਤੇ ਹਰਿਦੁਆਰ ਵਿਚ ਵੀ ਪਹਿਲੀ ਪਾਤਸ਼ਾਹੀ ਦੇ ਗੁਰਦੁਆਰੇ ਹਨ। ਯੂ.ਪੀ ਵਿਚ ਸਭ ਤੋਂ ਪ੍ਰਸਿੱਧ ਗੁਰਦੁਆਰੇ ਨਾਨਕ ਮਤਾ ਦੇ ਲਾਗਲੇ ਇਲਾਕੇ ਵਿਚ ਹਨ ਤੇ ਇਨ੍ਹਾਂ ਦਾ ਜ਼ਿਕਰ ਪਹਿਲੇ ਆ ਚੁੱਕਾ ਹੈ। ਗੁਰੂ ਨਾਨਕ ਦੇਵ ਜੀ ਦੇ ਕੁਝ ਹੋਰ ਪ੍ਰਸਿੱਧ ਗੁਰਦੁਆਰੇ ਕਰਨਾਟਕਾ ਵਿਚ ਬਿਦਰ ਦੇ ਅਸਥਾਨ 'ਤੇ ਅਤੇ ਪੰਜਾਬ ਵਿਚ ਬਟਾਲਾ ਤੇ ਸੁਲਤਾਨਪੁਰ ਦੇ ਅਸਥਾਨ 'ਤੇ ਹਨ। ਬਿਦਰ ਦੇ ਅਸਥਾਨ 'ਤੇ ਗੁਰੂ ਜੀ ਨੇ ਪੀਰ ਜਲਾਲਦੀਨ ਨਾਲ ਗੋਸ਼ਟਿ ਕੀਤੀ ਤੇ ਉਸਦੀ ਪਾਣੀ ਦੀ ਕਮੀ ਦੀ ਸ਼ਿਕਾਇਤ ਤੇ ਇਕ ਪੱਥਰ ਹਟਾ ਕੇ ਪਾਣੀ ਦਾ ਇਕ ਚਸ਼ਮਾ ਵਗਾ ਦਿੱਤਾ। ਬਟਾਲਾ ਤੇ ਸੁਲਤਾਨਪੁਰ ਦੇ ਗੁਰਧਾਮਾਂ ਦਾ ਜ਼ਿਕਰ ਅੱਗੇ ਹੋ ਚੁੱਕਾ ਹੈ।
ਕਿਉਂਕਿ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਉਸ ਹਿੱਸੇ ਵਿਚ ਪੈਦਾ ਹੋਏ ਸਨ ਜੋ ਹੁਣ ਪਾਕਿਸਤਾਨ ਵੱਲ ਚਲਾ ਗਿਆ ਹੈ, ਇਸ ਕਰਕੇ ਉਨ੍ਹਾਂ ਨਾਲ ਸੰਬੰਧਤ ਬਹੁਤ ਸਾਰੇ ਗੁਰਦੁਆਰੇ ਪਾਕਿਸਤਾਨ ਵਿਚ ਹਨ। ਨਨਕਾਣਾ ਸਾਹਿਬ ਦੇ ਬਹੁਤ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਅੱਗੇ ਕੁਝ ਸਵਾਲਾਂ ਦੇ ਜਵਾਬ ਵਿਚ ਕਰ ਚੁੱਕੇ ਹਾਂ, ਸਿਰਫ ਇਥੇ ਨਾਮ ਦੱਸੇ ਜਾ ਰਹੇ ਹਨ, ਗੁ: ਜਨਮ ਅਸਥਾਨ, ਗੁ: ਬਾਲ ਲੀਲ੍ਹਾ, ਗੁ: ਪੱਟੀ ਸਾਹਿਬ, ਗੁ: ਕਿਆਰਾ ਸਿਹਬ, ਗੁ: ਮਾਲ ਜੀ ਸਾਹਿਬ ਤੇ ਗੁ: ਤੰਬੂ ਸਾਹਿਬ (ਇਥੇ ਗੁਰੂ ਜੀ ਸੱਚਾ ਸੌਦਾ ਕਰਕੇ ਆਉਣ ਤੋਂ ਬਾਅਦ ਆਪਣੇ ਪਿਤਾ ਜੀ ਤੋਂ ਛੁਪ ਕੇ ਬੈਠੇ ਸਨ), ਗੁ: ਪੰਜਾ ਸਾਹਿਬ ਹਸਨ ਅਬਦਾਲ, ਐਮਨਾਬਾਦ ਵਿਚ ਗੁ: ਰੋੜੀ ਸਾਹਿਬ, ਗੁ: ਚੱਕੀ ਸਾਹਿਬ ਤੇ ਖੂਹੀ ਭਾਈ ਲਾਲੋ ਜੀ ਤੇ ਦੀਪਾਲਪੁਰ ਵਿਚ ਨਾਨਕਿਆਣਾ, ਕੁਝ ਹੋਰ ਪ੍ਰਸਿੱਧ ਗੁਰਦੁਆਰੇ ਹਨ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਹਨ ਤੇ ਪਾਕਿਸਤਾਨ ਵਿਚ ਰਹਿ ਗਏ ਹਨ।
ਇਰਾਕ ਦੀ ਰਾਜਧਾਨੀ ਬਗਦਾਦ ਵਿਚ ਇਕ ਕਮਰਾ ਗੁਰੂ ਜੀ ਨਾਲ ਸਬੰਧਤ ਦੱਸਿਆ ਜਾਂਦਾ ਹੈ, ਪਰ ਉਥੇ ਕੋਈ ਗੁਰਦੁਆਰਾ ਨਹੀਂ ਹੈ। ਅਫਗਾਨਿਸਤਾਨ ਵਿਚ ਪਹਿਲੇ ਕਾਬਲ ਵਿਚ ਇਕ ਗੁਰਦੁਆਰਾ ਦੱਸਿਆ ਜਾਂਦਾ ਸੀ, ਪਰ ਹੁਣ ਕੋਈ ਗੁਰਦੁਆਰਾ ਨਹੀਂ। ਜਲਾਲਾਬਾਦ ਵਿਚ ਇਕ ਗੁ: ਚਸ਼ਮਾ ਸਾਹਿਬ ਗੁਰੂ ਜੀ ਦੀ ਉਥੋਂ ਦੀ ਯਾਤਰਾ ਦੀ ਯਾਦਗਾਰ ਹੈ। ਬੰਗਲਾ ਦੇਸ਼ ਵਿਚ ਢਾਕਾ, ਚਿੱਟਾਗਾਂਵ ਤੇ ਸਿਲਹਟ ਦੇ ਅਸਥਾਨਾਂ 'ਤੇ ਦੇਸ਼ ਦੀ ਵੰਡ ਤੋਂ ਪਹਿਲੇ ਗੁਰਦੁਆਰੇ ਸਨ ਪਰ ਬਾਅਦ ਵਿਚ ਉਹ ਚਾਲੂ ਹਾਲਤ ਵਿਚ ਨਹੀਂ ਰਹੇ। ਪਿਛਲੀ ਸਦੀ ਦੇ ਆਖਰੀ ਦਹਾਕਿਆਂ ਵਿਚ ਬੰਗਾਲ, ਬਿਹਾਰ ਦੇ ਸਿੱਖਾਂ ਦੇ ਉਧਮ ਸਦਕਾ ਢਾਕਾ ਵਿਚ ਗੁਰਦੁਆਰਾ ਨਾਨਕ ਸ਼ਾਹੀ ਨੂੰ ਮੁਰੰਮਤ ਕਰਵਾ ਕੇ ਖੂਬਸੂਰਤ ਬਣਾਇਆ ਗਿਆ। ਹੁਣ ਭਾਵੇਂ ਉਥੇ ਜ਼ਿਆਦਾ ਸਿੱਖ ਨਹੀਂ ਰਹਿੰਦੇ ਪਰ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਤੇ ਵਿਸਾਖੀ ਮਨਾਏ ਜਾਂਦੇ ਹਨ। ਇਸ ਗੁਰਦੁਆਰੇ ਨੂੰ ਨਵੇਂ ਸਿਰੇ ਤੋਂ ਬਣਾਉਣ ਵਿਚ ਜਿੰਨਾਂ ਨੇ ਬਹੁਤ ਘਾਲਣਾ ਘਾਲੀ, ਉਨਾਂ ਵਿਚ ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਸ: ਜੋਗਿੰਦਰ ਸਿੰਘ ਜੋਗੀ ਤੇ 'ਸਿੱਖ ਰਿਵੀਊ' ਮੈਗਜ਼ੀਨ ਦੇ ਮੁੱਖ ਐਡੀਟਰ ਕੈਪਟਨ ਭਾਗ ਸਿੰਘ ਦੇ ਨਾਮ ਵਰਣਨਯੋਗ ਹਨ।
|
(43) Question:- |
ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਤੇ ਉਨ੍ਹਾਂ ਦੇ ਮਾਤਾ ਪਿਤਾ ਕੌਣ ਸਨ? ਉਨਾਂ ਦੇ ਵਿਆਹ ਤੇ ਸੰਤਾਨ ਬਾਰੇ ਵੀ ਜਾਣਕਾਰੀ ਦਿਓ। |
Answer:- |
ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ, 1504 ਈਸਵੀ ਨੂੰ ਪਿੰਡ ਮੱਤੇ ਨਾਂਗੇ ਦੀ ਸਰਾਂ ਵਿਚ ਹੋਇਆ। ਇਸ ਜਗ੍ਹਾ ਦਾ ਨਾਮ ਹੁਣ ਨਾਂਗੇ ਦੀ ਸਰਾਂ ਹੈ ਤੇ ਇਹ ਅਸਥਾਨ ਮੁਕਤਸਰ ਤੋਂ 10 ਮੀਲ ਕੋਟਕਪੂਰੇ ਦੀ ਸੜਕ ਉਤੇ ਹੈ। ਇਸ ਅਸਥਾਨ ਤੇ ਹੁਣ ਇਕ ਸੁੰਦਰ ਗੁਰਦੁਆਰਾ ਸੁਭਾਇਮਾਨ ਹੈ। ਗੁਰੂ ਜੀ ਦੇ ਪਿਤਾ ਜੀ ਦਾ ਨਾਮ ਫੇਰੂ ਮਲ ਤ੍ਰੇਹਨ ਤੇ ਮਾਤਾ ਜੀ ਦਾ ਨਾਂ ਮਾਤਾ ਸਭਰਾਈ ਜੀ ਸੀ। ਗੁਰੂ ਅੰਗਦ ਦੇਵ ਜੀ ਦੀ ਸ਼ਾਦੀ ਸੰਨ 1519 ਵਿਚ ਖਡੂਰ ਨਿਵਾਸੀ ਸ੍ਰੀ ਦੇਵੀ ਚੰਦ ਖੱਤਰੀ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਈ। ਆਪ ਜੀ ਦੇ ਦੋ ਸਪੁੱਤਰ ਦਾਤੂ ਜੀ ਤੇ ਦਾਸੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਰਮੋ ਜੀ ਤੇ ਬੀਬੀ ਅਨੋਖੀ ਜੀ ਸਨ। |
(44) Question:- |
ਗੁਰੂ ਅੰਗਦ ਦੇਵ ਜੀ ਦਾ ਮਿਲਾਪ ਗੁਰੂ ਨਾਨਕ ਦੇਵ ਜੀ ਨਾਲ ਕਦੋਂ ਤੇ ਕਿਸ ਤਰ੍ਹਾਂ ਹੋਇਆ? ਗੁਰੂ ਜੀ ਨੂੰ ਗੁਰਿਆਈ ਮਿਲਣ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਕਿਥੇ ਆਉਂਦਾ ਹੈ? |
Answer:- |
ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਸੀ, ਵੇਸ਼ਨੋਂ ਦੇਵੀ ਦੇ ਪੁਜਾਰੀ ਸਨ ਤੇ ਹਰ ਸਾਲ ਸੰਗਤ ਨਾਲ ਦੇਵੀ ਦੇ ਦਰਸ਼ਨ ਨੂੰ ਜਾਇਆ ਕਰਦੇ ਸਨ। ਇਕ ਵਾਰੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੋਏ ਰਸਤੇ ਵਿਚ ਕਰਤਾਰਪੁਖ਼ਰ ਰੁਕੇ ਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ। ਇਹ ਘਟਨਾ ਸੰਮਤ 1580 ਦੀ ਹੈ। ਉਸ ਤੋਂ ਬਾਅਦ ਭਾਈ ਲਹਿਣਾ ਗੁਰੂ ਘਰ ਨਾਲ ਇਸ ਤਰ੍ਹਾਂ ਜੁੜ ਗਏ ਫਿਰ ਗੁਰੂ ਘਰ ਦੀ ਸੇਵਾ ਵਿਚ ਹੀ ਆਪਣਾ ਸਾਰਾ ਸਮਾਂ ਬਿਤਾਉਣ ਲੱਗੇ। ਭਾਈ ਲਹਿਣਾ ਦੀ ਸੇਵਾ ਨੇ ਗੁਰੂ ਨਾਨਕ ਦੇਵ ਜੀ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਗੱਦੀ ਭਾਈ ਲਹਿਣਾ ਜੀ ਨੂੰ ਯੋਗ ਸਮਝ ਕੇ ਦੇ ਦਿੱਤੀ। ਸੱਤੇ ਤੇ ਬਲਵੰਡ ਦੁਆਰਾ ਲਿਖੀ ਹੋਈ ਰਾਮਕਲੀ ਕੀ ਵਾਰ ਵਿਚ ਹੇਠ ਲਿਖੀਆਂ ਸਤਰਾਂ ਇਸ ਗਲ ਦਾ ਹੁੰਗਾਰਾ ਭਰਦੀਆਂ ਹਨ:-
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ।।
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ।। (ਅੰਗ 967)
|
(45) Question:- |
ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਕਦੋਂ ਤੇ ਕਿਸ ਤਰ੍ਹਾਂ ਆਏ? ਉਨ੍ਹਾਂ ਦੇ ਉਥੇ ਨਿਵਾਸ ਬਾਰੇ ਜਾਣਕਾਰੀ ਦਿਉ। |
Answer:- |
ਬਾਬਰ ਦੇ ਹਮਲੇ ਵੇਲੇ ਪਿੰਡ ਮੱਤੇ ਨਾਂਗੇ ਦੀ ਸਰਾਂ ਉਜੜਨ ਤੋਂ ਬਾਅਦ ਲਹਿਣਾ ਜੀ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਤਦ ਆਪ ਕਰਤਾਰਪੁਰ ਹੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿਚ ਲੀਨ ਰਹੇ। ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦਾ ਤਿਲਕ ਲਗਾ ਕੇ ਆਪ ਜੀ ਨੂੰ ਫੇਰ ਖਡੂਰ ਸਾਹਿਬ ਭੇਜ ਦਿੱਤਾ। ਗਰੂ ਗੱਦੀ ਦੀ ਪ੍ਰਾਪਤੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆਪਣੇ ਭੂਆ ਜੀ ਮਾਈ ਭਰਾਈ ਦੇ ਘਰ ਆ ਕੇ ਰਹੇ। ਆਪ ਜੀ ਇਕ ਇਕਾਂਤ ਜਗ੍ਹਾ 'ਤੇ ਬੈਠ ਕੇ ਸਿਮਰਨ ਕਰਦੇ ਰਹਿੰਦੇ ਸਨ। ਜਦ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਏ ਤਦ ਵੀ ਆਪ ਕੁਝ ਸਮਾਂ ਵੈਰਾਗ ਵਿਚ ਰਹੇ। ਹੌਲੀ-ਹੌਲੀ ਸੰਗਤਾਂ ਖਡੂਰ ਸਾਹਿਬ ਆਉਣ ਲੱਗ ਪਈਆਂ ਅਤੇ ਗੁਰੂ ਜੀ ਦੇ ਦਰਸ਼ਨਾਂ ਦੀਆਂ ਚਾਹਵਾਨ ਹੋ ਗਈਆਂ। ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ। ਉਸ ਉਪਰੰਤ ਗੁਰੂ ਜੀ ਸੰਗਤ ਵਿਚ ਆਉਣ ਲਗ ਪਏ ਤੇ ਗੁਰ ਨਾਨਕ ਦੇਵ ਜੀ ਦੀ ਉਪਦੇਸ਼ਾਂ ਦਾ ਪ੍ਰਚਾਰ ਕਰਨ ਲੱਗੇ।
ਗੁਰੂ ਜੀ ਦੇ ਧਰਮ ਪ੍ਰਤੀ ਕੰਮ
ਭਾਵੇਂ, ਗੁਰੂ ਨਾਨਕ ਦੇਵ ਜੀ ਨੇ ਪੰਗਤ ਤੇ ਸੰਗਤ ਦੀ ਪ੍ਰਥਾ ਕਰਤਾਰਪੁਰ ਸ਼ੁਰੂ ਕਰ ਦਿੱਤੀ ਸੀ, ਪਰ ਲੰਗਰ ਪ੍ਰੰਪਰਾ ਨੂੰ ਮਜ਼ਬੂਤ ਕਰਨ ਦਾ ਸਿਹਰਾ ਗੁਰੂ ਅੰਗਦ ਦੇਵ ਜੀ ਨੂੰ ਜਾਂਦਾ ਹੈ। ਗੁਰੂ ਜੀ ਨੇ ਪੰਗਤ ਵਿਚ ਬੈਠ ਕੇ ਆਪ ਪ੍ਰਸ਼ਾਦ ਛਕਣਾ ਸ਼ੁਰੂ ਕੀਤਾ ਜਿਸ ਨਾਲ ਸਭ ਲੋਕਾਂ ਵਿਚ ਊਚ-ਨੀਚ ਦਾ ਫਰਕ ਮਿਟਾ ਕੇ ਪੰਗਤ ਵਿਚ ਬੈਠ ਕੇ ਲੰਗਰ ਛੰਕਣ ਦਾ ਰਿਵਾਜ ਸ਼ੁਰੂ ਹੋਇਆ। ਮਾਤਾ ਖੀਵੀ ਜੀ ਲੰਗਰ ਦੇ ਸਾਰੇ ਇੰਤਜ਼ਾਮ ਨੂੰ ਦੇਖਦੇ ਸਨ। ਖਡੂਰ ਸਾਹਿਬ ਵਿਖੇ ਗੁਰੂ ਜੀ ਨੇ ਬੱਚਿਆਂ ਅਤੇ ਜਵਾਨਾਂ ਵਿਚ ਖੇਡਾਂ ਤੇ ਕੁਸ਼ਤੀਆਂ ਦੀ ਸ਼ੁਰੂਆਤ ਵੀ ਕੀਤੀ। ਜਿਸ ਅਸਥਾਨ 'ਤੇ ਗੁਰੂ ਜੀ ਇਹ ਖੇਡਾਂ ਤੇ ਕੁਸ਼ਤੀਆਂ ਵੇਖਦੇ ਸਨ ਤੇ ਭਾਗ ਲੈਣ ਵਾਲਿਆਂ ਨੂੰ ਇਨਾਮ ਦੇਂਦੇ ਸਨ, ਉਹ ਅਸਥਾਨ ਅੱਜ ਵੀ ਮੱਲ ਅਖਾਡੇ ਦੇ ਨਾਮ ਨਾਲ ਪ੍ਰਸਿੱਧ ਹੈ। |
(46) Question:- |
ਖਡੂਰ ਸਾਹਿਬ ਵਿਖੇ ਰਹਿੰਦੇ ਇਕ ਤਪੇ ਦੀ ਈਰਖਾ ਦੀ ਪ੍ਰਚੱਲਿਤ ਕਹਾਣੀ 'ਤੇ ਰੌਸ਼ਨੀ ਪਾਓ। ਇਸ ਕਹਾਣੀ ਤੋਂ ਗੁਰੂ ਅੰਗਦ ਦੇਵ ਜੀ ਦੇ ਸੁਭਾਅ ਬਾਰੇ ਕੀ ਪਤਾ ਲੱਗਦਾ ਹੈ? |
Answer:- |
ਖਡੂਰ ਸਾਹਿਬ ਵਿਚ ਇਕ ਤਪਾ ਰਹਿੰਦਾ ਸੀ ਜੋ ਗੁਰੂ ਅੰਗਦ ਦੇਵ ਜੀ ਨਾਲ ਈਰਖਾ ਕਰਦਾ ਸੀ। ਇਕ ਵਾਰ ਜਦ ਖਡੂਰ ਸਾਹਿਰ ਵਿਖੇ ਮੀਂਹ ਨਾ ਪਿਆ ਤਾਂ ਉਸ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦ ਤਕ ਗੁਰੂ ਜੀ ਖਡੂਰ ਸਾਹਿਬ ਵਿਚ ਰਹਿਣਗੇ ਮੀਂਹ ਨਹੀਂ ਪਵੇਗਾ। ਉਸਨੇ ਲੋਕਾਂ ਨੂੰ ਗੁਰੂ ਜੀ ਨੂੰ ਖਡੂਰ ਸਾਹਿਰ ਵਿਚੋਂ ਕੱਢਣ ਨੂੰ ਕਿਹਾ। ਜਦ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪ ਹੀ ਕੁਝ ਦਿਨਾਂ ਲਈ ਪਿੰਡ ਤੋਂ ਬਾਹਰ ਚਲੇ ਗਏ। ਪਰ ਛੇਤੀ ਹੀ ਲੋਕਾਂ ਨੂੰ ਤਪੇ ਦੀ ਅਸਲੀਅਤ ਦਾ ਪਤਾ ਲੱਗ ਗਿਆ ਤਾਂ ਉਹ ਸੰਗਤ ਦੀ ਸ਼ਕਲ ਵਿਚ ਜਾ ਕੇ ਭਰੋਵਾਲ ਤੋਂ ਗੁਰੂ ਜੀ ਨੂੰ ਵਾਪਿਸ ਲੈ ਆਏ। ਇਸ ਘਟਨਾ ਤੋਂ ਗੁਰੂ ਜੀ ਦੇ ਸ਼ਾਂਤ ਸੁਭਾਅ ਦਾ ਪਤਾ ਲੱਗਦਾ ਹੈ। ਆਪ ਆਪਣੇ ਵੈਰੀ ਤੇ ਮਿੱਤਰ ਨੂੰ ਇਕੋ ਜਿਹਾ ਸਮਝਦੇ ਸਨ ਤੇ ਸਦਾ ਅਨੰਦ ਅਵੱਸਥਾ ਵਿਚ ਰਹਿੰਦੇ ਸਨ। |
(47) Question:- |
ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ? |
Answer:- |
ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰਾਂ ਦਾ ਵਿਕਾਸ ਕੀਤਾ ਤੇ ਲੰਗਰ ਦੀ ਪ੍ਰਥਾ ਨੂੰ ਮਜ਼ਬੂਤ ਕੀਤਾ। ਦੂਸਰੀ ਪਾਤਸ਼ਾਹੀ ਨੇ 63 ਸਲੋਕ ਵੀ ਉਚਾਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਭਾਈ ਪੈੜੇ ਮੋਖੇ ਪਾਸੋਂ ਸੰਮਤ 1601 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਤੇ ਪਹਿਲੇ ਗੁਰੂ ਜੀ ਦੀ ਬਾਣੀ ਇਕੱਤਰ ਕਰਵਾ ਕੇ ਲਿਖਵਾਈ। |
(48) Question:- |
ਗੁਰੂ ਅੰਗਦ ਦੇਵ ਜੀ ਦੀ ਰਚੀ ਹੋਈ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ ਉਸਦਾ ਵੇਰਵਾ ਦਿਓ। |
Answer:- |
ਗੁਰੂ ਅੰਗਦ ਦੇਵ ਜੀ ਨੇ ਸਿਰਫ 63 ਸਲੋਕ ਹੀ ਲਿਖੇ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਸ਼ੁਸ਼ੋਭਿਤ ਹਨ, ਜਿਵੇਂ ਕਿ ਆਸਾ ਦੀ ਵਾਰ। ਇਹਨਾਂ ਸਲੋਕਾਂ ਵਿਚ ਜਿੱਥੇ ਆਪ ਨੇ ਪਰਮਾਤਮਾ ਦੀ ਮਹਿਮਾ ਗਾ ਕੇ ਇਨਸਾਨ ਨੂੰ ਉਸ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਉਥੇ ਈ ਐਸੀਆਂ ਹਿਦਾਇਤਾਂ ਵੀ ਦਿੱਤੀਆਂ ਜੋ ਜ਼ਿੰਦਗੀ ਨੂੰ ਵਧੀਆ ਢੰਗ ਦੇ ਨਾਲ ਜਿਊਣ ਲਈ ਮਾਰਗ-ਦਰਸ਼ਨ ਕਰਦੀਆਂ ਹਨ। ਜਿਵੇਂ ਕਿ:-
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ।।
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ।। (ਅੰਗ 474)
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ।। (ਅੰਗ 1238)
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ।। (ਅੰਗ 787)
|
(49) Question:- |
ਗੁਰੂ ਅੰਗਦ ਦੇਵ ਜੀ ਦੀ ਬਾਣੀ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਬਾਰੇ ਦੱਸੋ। |
Answer:- |
ਗੁਰੂ ਅੰਗਦ ਦੇਵ ਜੀ ਉਤੇ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਬਹੁਤ ਪ੍ਰਭਾਵ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਸਲੋਕਾਂ ਦਾ ਆਸ਼ਾ ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਨਾਲ ਮਿਲਦਾ ਹੈ। ਕਈ ਸਲੋਕਾਂ ਦੇ ਤਾਂ ਸ਼ਬਦ ਵੀ ਲਗਭਗ ਉਹੀ ਹਨ, ਜੋ ਗੁਰੂ ਨਾਨਕ ਪਾਤਸ਼ਾਹ ਦੇ ਸਲੋਕਾਂ ਦੇ ਹਨ, ਜਿਵੇਂ :-
ਸਲੋਕ ਪਵਣੁ ਗੁਰੂ ਪਾਣੀ ਪਿਤਾ
'ਪਵਣੁ ਗੁਰੂ ਪਾਣੀ ਪਿਤਾ' ਜੋ ਗੁਰੂ ਨਾਨਕ ਦੇਵ ਜੀ ਵਲੋਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਗ 8 'ਤੇ ਦਰਜ ਹੈ, ਨੂੰ 'ਪਉਣ ਗੁਰੂ' ਕਰਕੇ ਗੁਰੂ ਅੰਗਦ ਦੇਵ ਜੀ ਨੇ ਲਿਖਿਆ ਹੈ ਅਤੇ ਸ਼ਬਦ ਦੇ ਅੰਤ ਵਿਚ ('ਹੋਰ') ਕੇਤੀ ਛੁਟੀ ਨਾਲਿ' ਲਿਖ ਕੇ 'ਹੋਰ' ਸ਼ਬਦ ਦਾ ਵਾਧਾ ਕੀਤਾ ਹੈ। 'ਦਿਵਸੁ ਰਾਤਿ ਦੁਇ ਦਾਈ ਦਾਇਆ' ਨੂੰ ('ਦਿਨਸ') ਰਾਤਿ ਦਾਈ ਦਾਇਆ' ਲਿਖਿਆ ਹੈ। ਗੁਰੂ ਅੰਗਦ ਦੇਵ ਜੀ ਦਾ ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 146 'ਤੇ ਸ਼ੁਸ਼ੋਭਿਤ ਹੈ। |
(50) Question:- |
'ਸਤੈ ਬਲਵੰਡਿ ਦੀ ਵਾਰ' ਵਿਚ ਮਾਤਾ ਖੀਵੀ ਜੀ ਬਾਰੇ ਕੀ ਕਿਹਾ ਗਿਆ ਹੈ? ਇਸ ਵਾਰ ਵਿਚ ਗੁਰੂ ਜੀ ਦੀ ਆਪਣੀ ਸ਼ਖਸੀਅਤ ਕਿਸ ਤਰ੍ਹਾਂ ਝਲਕਦੀ ਹੈ? |
Answer:- |
ਮਾਤਾ ਖੀਵੀ ਜੀ ਦੀ ਵਡਿਆਈ ਸੱਤੇ ਤੇ ਬਲਵੰਡ ਦੀ ਰਾਮਕਲੀ ਕੀ ਵਾਰ ਵਿਚ ਕੀਤੀ ਗਈ ਹੈ। ਭਾਈ ਬਲਵੰਡ ਦੱਸਦੇ ਹਨ ਕਿ ਮਾਤਾ ਖੀਵੀ ਜੀ ਬਹੁਤ ਨੇਕ ਜਨ ਸਨ ਤੇ ਲੰਗਰ ਦੀ ਸੇਵਾ ਲੋਕਾਂ ਨੂੰ ਅੰਮ੍ਰਿਤ ਭਰੀ ਖੀਰ ਖਵਾ ਕੇ ਕਰਿਆ ਕਰਦੇ ਸਨ। ਹੇਠ ਲਿਖੀਆਂ ਸਤਰਾਂ ਇਸ ਸਿਲਸਿਲੇ ਵਿਚ ਮਹੱਤਵਪੂਰਨ ਹਨ:-
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ।।
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ।। (ਅੰਗ 967)
ਇਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਮਾਤਾ ਖੀਵੀ ਜੀ ਗੁਰੂ ਘਰ ਦੀ ਇਕੋ ਹੀ ਔਰਤ ਹਨ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ।
ਭਾਈ ਬਲਵੰਡ ਗੁਰੂ ਅੰਗਦ ਸਾਹਿਬ ਦੀ ਹਸਤੀ ਦੇ ਪ੍ਰਭਾਵ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਜਨਮ ਜਨਮਾਂਤਰਾਂ ਦੀ ਮੈਲ ਲਹਿ ਜਾਂਦੀ ਹੈ ਤੇ ਮਨੁੱਖ ਨਿਰਮਲ ਹੋ ਜਾਂਦਾ ਹੈ:
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ।।
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ।। (ਅੰਗ 967)
|