• Call Us 9811758300, 9814748103, 01141447461, 01832500399

  • Mail Us wahgurusjsp@gmail.com

Question / Answers

(81) Question:- ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂਆਂ, ਸੰਤਾਂ ਭਗਤਾਂ ਤੇ ਹੋਰਨਾਂ ਦੀ ਬਾਣੀ ਕਿਸ ਤਰ੍ਹਾਂ ਇਕੱਠੀ ਕੀਤੀ? ਗੁਰੂ ਸਾਹਿਬ ਦੀ ਸੰਪਾਦਨ ਕਲਾ ਬਾਰੇ ਵੀ ਦੱਸੋ।
Answer:- ਭਾਵੇਂ ਇਸ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਚਲਿਤ ਹਨ ਕਿ ਗੁਰੂ ਸਾਹਿਬ ਨੇ ਬਾਣੀ ਇਕੱਠੀ ਕਿੱਥੋਂ ਤੇ ਕਿਸ ਤਰ੍ਹਾਂ ਕੀਤੀ, ਪਰ ਪ੍ਰੋ. ਸਾਹਿਬ ਸਿੰਘ ਤੇ ਹੋਰਨਾਂ ਦੀ ਇਸ ਪੱਖੋਂ ਖੋਜ ਤੋਂ ਬਾਅਦ ਹੁਣ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਬਾਣੀ ਰਚੀ ਤੇ ਆਪਣੀਆਂ ਉਦਾਸਆਂ ਦੌਰਾਨ ਜੋ ਬਾਣੀ ਹੋਰ ਸੰਤਾਂ ਭਗਤਾਂ ਦੀ ਇਕੱਠੀ ਕੀਤੀ, ਉਹ ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਵੇਲੇ ਸੌਂਪ ਦਿੱਤੀ। ਗੁਰੂ ਅੰਗਦ ਦੇਵ ਜੀ ਨੇ ਵੀ ਆਪਣੇ ਲਿਖੇ ਸਲੋਕ ਸਮੇਤ ਇਹ ਬਾਣੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ। ਗੁਰੂ ਅਮਰਦਾਸ ਜੀ ਨੇ ਸਾਰੀ ਇਕੱਠੀ ਹੋਈ ਬਾਣੀ ਤੇ ਆਪਣੀ ਬਾਣੀ ਦਾ ਸੰਕਲਨ ਤਿਆਰ ਕਰਵਾਉਣ ਲਈ ਆਪਣੇ ਪੋਤਰੇ ਸਹੰਸ ਰਾਮ ਨੂੰ ਸੌਂਪ ਦਿੱਤੀ। ਸਹੰਸ ਰਾਮ ਜੀ ਬਾਬਾ ਮੋਹਣ ਜੀ ਦੇ ਸਪੁੱਤਰ ਸਨ, ਸੋ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਇਸ ਸੰਕਲਨ ਦੀਆਂ ਪੋਥੀਆ ਦੀ ਜ਼ਰੂਰਤ ਪਈ ਤਾਂ ਉਨ੍ਹਾਂ ਨੇ ਇਹ ਪੋਥੀਆਂ ਬਾਬਾ ਮੋਹਣ ਜੀ ਤੋਂ ਪ੍ਰਾਪਤ ਕੀਤੀਆਂ।
ਬਾਬੇ ਮੋਹਨ ਵਾਲੀਆ ਪੋਥੀਆਂ
ਇਨ੍ਹਾਂ ਪੋਥੀਆਂ ਨੂੰ ਬਾਬੇ ਮੋਹਣ ਵਾਲੀਆਂ ਪੋਥੀਆ ਅਤੇ ਗੋਇੰਦਵਾਲ ਵਾਲੀਆਂ ਪੋਥੀਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਕੋਲ ਆਪਣੇ ਪਿਤਾ ਜੀ ਦੀ ਆਪਣੀ ਬਾਣੀ ਉਪਲਬਧ ਸੀ। ਸੋ ਇਸ ਤਰ੍ਹਾਂ ਜ਼ਿਆਦਾਤਰ ਬਾਣੀ ਗਰੂ ਘਰ ਵਿਚੋਂ ਹੀ ਪ੍ਰਾਪਤ ਹੋ ਗਈ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਦੂਰ-ਦੁਰਾਡੇ ਸੰਦੇਸ਼ ਭੇਜ ਕੇ ਸ਼ਰਧਾਲੂਆਂ ਤੋਂ, ਰਬਾਬੀਆਂ ਤੋਂ ਤੇ ਹੋਰ ਜਿੱਥੋਂ ਵੀ ਗੁਰੂ ਜਾਂ ਸੰਤਾਂ ਭਗਤਾਂ ਦੀ ਬਾਣੀ ਉਪਲਬਧ ਹੋਈ, ਹਾਸਲ ਕਰ ਲਈ। ਜਦੋਂ ਬਾਣੀ ਇਕੱਠੀ ਹੋ ਗਈ ਤਦ ਗੁਰੂ ਸਾਹਿਬ ਨੇ ਉਸ ਦੀ ਪੂਰੀ ਤਰ੍ਹਾਂ ਪੜਚੋਲ ਕਰਕੇ ਸੋਧ ਕੀਤੀ। ਕੁਝ ਐਸੇ ਸੰਤ ਕਵੀ ਜਿਨ੍ਹਾਂ ਦੀ ਬਾਣੀ ਗੁਰਮਤਿ ਅਸੂਲਾਂ ਦੇ ਅਨੁਕੂਲ ਨਹੀਂ ਸੀ, ਉਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਕੁਝ ਸੰਤ ਕਵੀ ਜਿਵੇਂ ਕਿ ਪੀਲੂ, ਦਮੋਦਰ ਤੇ ਸ਼ਾਹ ਹੁਸੈਨ ਇਸ ਮਾਪਦੰਡ 'ਤੇ ਇਸ ਲਈ ਖਰੇ ਨਹੀਂ ਉਤਰੇ ਕਿਉਂਕਿ ਕਿਸੇ ਨੇ ਮੂਰਤੀ ਪੂਜਾ ਦੀ ਗੱਲ ਕੀਤੀ ਤੇ ਕਿਸੀ ਨੇ ਔਰਤ ਦੀ ਨਿਖੇਧੀ ਕੀਤੀ ਜਾਂ ਢਹਿੰਦੀ ਕਲਾ ਨੂੰ ਦਰਸਾਇਆ, ਅਤੇ ਇਹ ਸਾਰੇ ਪੱਖ ਗੁਰੂ ਆਸ਼ੇ ਅਨੁਸਾਰ ਨਾ ਹੋਣ ਕਰਕੇ ਐਸੇ ਸੰਤ ਕਵੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅਸਥਾਨ ਨਹੀਂ ਪਾ ਸਕੀ। ਫਿਰ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਬਾਣੀਆਂ ਨੂੰ ਤਰਤੀਬ ਦਿੱਤੀ ਉਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਆਪ ਜੀ ਦੀ ਸੰਪਾਦਨ ਕਲਾ ਬੇਮਿਸਾਲ ਸੀ।
(82) Question:- ਗੁਰੂ ਸਾਹਿਬ ਨੇ ਕਿਸ ਤਰਤੀਬ ਨਾਲ ਬਾਣੀਆਂ ਨੂੰ ਅਸਥਾਨ ਦਿੱਤਾ? ਆਪ ਦੇ ਅੰਕ ਪਬੰਧ ਦਾ ਵੀ ਖੁਲਾਸਾ ਕਰੋ।
Answer:- ਗੁਰੂ ਅਰਜਨ ਦੇਵ ਜੀ ਦੀ ਸੰਪਾਦਨ ਕਲਾ ਸੱਚਮੁਚ ਬੇਮਿਸਾਲ ਸੀ। ਇਸ ਦਾ ਸਭ ਤੋਂ ਵੱਡਾ ਸਬੂਤ ਹੈ ਉਨ੍ਹਾਂ ਦਾ ਬਾਣੀਆਂ ਨੂੰ ਇਕ ਤਰਤੀਬ ਦੇਣਾ। ਸਾਰੀ ਬਾਣੀ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ। ਪਹਿਲੇ ਭਾਗ ਵਿਚ ਨਿਤਨੇਮ ਦੀਅ ਬਾਣੀਆਂ, ਦੂਜੇ ਭਾਗ ਵਿਚ ਕ੍ਰਮ ਅਨੁਸਾਰ 31 ਰਾਗਾਂ ਵਿਚ ਬਾਣੀ ਤੇ ਤੀਜੇ ਪਾਗ ਵਿਚ ਕੁਝ ਰਾਗ ਮੁਕਤ ਬਾਣੀਆਂ। ਰਾਗਾਂ ਵਾਲੀਆਂ ਬਾਣੀਆਂ ਰਾਗ ਦੀ ਤਰਤੀਬ ਅਨੁਸਾਰ ਹਨ ਤੇ ਹਰ ਤਰਤੀਬ ਹਰ ਰਾਗ ਵਿਚ ਇਕੋ ਜਿਹੀ ਹੈ। ਬਾਣੀਆਂ ਦੀ ਕਾਵਿ ਕਿਸਮਾਂ ਅਨੁਸਾਰ ਵੀ ਤਰਤੀਬ ਰੱਖੀ ਗਈ। ਸਭ ਤੋਂ ਪਹਿਲਾਂ ਸ਼ਬਦ ਫਿਰ ਅਸਟਪਦੀਆਂ ਤੇ ਉਨ੍ਹਾਂ ਤੋਂ ਬਾਅਦ ਵਿਸ਼ੇਸ਼ ਬਾਣੀਆਂ, ਛੰਤ, ਵਾਰਾਂ ਆਦਿ। ਮਾਰੂ ਰਾਗ ਵਿਚ ਅਸਟਪਦੀਆਂ ਤੋਂ ਬਾਅਦ ਸੋਹਿਲੇ ਆਏ ਹਨ ਬਾਣੀ ਦੇ ਰਚਣਹਾਰਿਆਂ ਨੂੰ ਵੀ ਕ੍ਰਮ ਅਨੁਸਾਰ ਰੱਖਿਆ ਹੈ, ਪਹਿਲੇ ਗੁਰੂ ਨਾਨਕ ਦੇਵ ਜੀ, ਫਿਰ ਗੁਰੂ ਅਮਰਦਾਸ ਜੀ, ਫਿਰ ਗੁਰੂ ਰਾਮਦਾਸ ਜੀ, ਫਿਰ ਪੰਜਵੇਂ ਗੁਰੂ ਤੇ ਬਾਅਦ ਵਿਚ ਨੋਂਵੇਂ ਗੁਰੁ ਸਾਹਿਬ ਜਿਨ੍ਹਾਂ ਦੀ ਬਾਣੀ ਦਸਮ ਪਿਤਾ ਨੇ ਆਦਿ ਗ੍ਰੰਥ ਵਿਚ ਸ਼ਾਮਿਲ ਕੀਤੀ ਸੀ। ਗੁਰੂ ਸਾਹਿਬਾਂ ਤੋਂ ਬਾਅਦ ਸੰਤ ਕਵੀਆਂ ਦੀਆਂ ਰਚਨਾਵਾਂ ਹਨ, ਜਿੰਨਾਂ ਵਿਚੋ ਸਭ ਤੋਂ ਪਹਿਲਾਂ ਕਬੀਰ ਜੀ ਨੂੰ ਅਸਥਾਨ ਦਿੱਤਾ ਗਿਆ ਹੈ।
ਗੁਰੂ ਸਾਹਿਬ ਦੁਆਰਾ ਦਿੱਤੀ ਤਰਤੀਬ ਵਿਚ ਉਨ੍ਹਾਂ ਦਾ ਅੰਕਣ ਪ੍ਰਬੰਧ ਵੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੇ ਹਰ ਸ਼ਬਦ, ਅਸਟਪਦੀ ਜਾਂ ਪਉੜੀ-ਸਲੋਕ ਦੇ ਅੰਤ ਉਤੇ ਸੰਖਿਆ-ਅੰਕ ਦਿੱਤਾ ਹੈ। ਅਤੇ ਨਾਲ-ਨਾਲ ਕੁਲ ਜੋੜ ਵੀ ਦਿੱਤਾ ਹੈ। ਇਸ ਤਰ੍ਹਾਂ ਪਦਿਆਂ ਆਦਿ ਦੀ ਗਿਣਤੀ ਨਿਸਚਿਤ ਕਰਕੇ ਰਲਿਆਂ ਦੀ ਸੰਭਾਵਨਾ ਖਤਮ ਕੀਤੀ ਹੈ। ਹਰ ਸ਼ਬਦ ਬਾਣੀ ਦੇ ਆਰੰਭ ਵਿਚ ਰਚੈਤਾ ਦੀ ਸੂਚਨਾ ਦਿੱਤੀ ਅਤੇ ਪੂਰਾ ਜਾਂ ਸੰਖਿਪਤ ਮੂਲ-ਮੰਤਰ ਵੀ ਲਿਖਿਆ।
(83) Question:- 'ਆਦਿ ਗ੍ਰੰਥ' ਸੰਪੂਰਨ ਹੋਣ ਤੋਂ ਬਾਅਦ ਕੀ ਕੀਤਾ ਗਿਆ? ਇਸ ਦੇ ਪ੍ਰਕਾਸ਼ ਕਰਨ ਬਾਰੇ ਵੇਰਵਾ ਦਿਉ। ਜਦ ਪਹਿਲੀ ਵਾਰ ਹੁਕਮਨਾਮਾ ਲਿਤਾ ਗਿਆ ਤਾਂ ਉਹ ਹੁਕਮਨਾਮਾ ਕਿਹੜਾ ਸੀ?
Answer:- ਗੁਰੂ ਅਰਜਨ ਦੇਵ ਜੀ ਨੇ 'ਆਦਿ ਗ੍ਰੰਥ' ਦੀ ਸਿਰਜਨਾ 15 ਅਗਸਤ 1604 ਨੂੰ ਸੰਪੂਰਨ ਕੀਤੀ। ਉਸ ਤੋਂ ਬਾਅਦ ਭਾਈ ਬੰਨੋ ਜੀ ਇਸ ਦੀ ਜਿਲਦਬੰਦੀ ਕਰਵਾਉਣ ਲਈ ਇਸ ਨੂੰ ਲਾਹੌਰ ਲੈ ਗਏ। 30 ਅਗਸਤ 1604 ਵਾਲੇ ਦਿਨ 'ਆਦਿ ਗ੍ਰੰਥ' ਨੂੰ ਇਕ ਸ਼ਾਨਦਾਰ ਨਗਰ ਕੀਰਤਨ ਦੁਆਰਾ ਰਾਮਸਰ ਤੋਂ ਹਰਿਮੰਦਰ ਸਾਹਿਬ ਲਿਆਂਦਾ ਗਿਆ। ਹਰਿਮੰਦਰ ਸਾਹਿਬ ਵਿਖੇ ਉਸ ਦਿਨ ਪਹਿਲੀ ਵਾਰ ਇਸ 'ਆਦਿ ਗ੍ਰੰਥ' ਦਾ ਪ੍ਰਕਾਸ਼ ਕੀਤਾ ਗਿਆ। ਭਾਈ ਬੁੱਢਾ ਜੀ ਨੇ ਪਹਿਲੇ ਗ੍ਰੰਥੀ ਥਾਪੇ ਜਾਣ ਦਾ ਮਾਣ ਪਾਇਆ ਤੇ ਹੁਕਮਨਾਮਾ ਲਿਆ। ਉਸ ਸਮੇਂ ਦਾ ਪਹਿਲਾ ਹੁਕਮਨਾਮਾ ਇਸ ਪ੍ਰਕਾਰ ਸੀ:-
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ।। ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ।। (ਅੰਗ 783)
(84) Question:- 'ਆਦਿ ਗ੍ਰੰਥ' ਦੀ ਪਹਿਲੀ ਬੀੜ ਦਾ ਪ੍ਰਕਾਸ਼ ਅੱਜ-ਕਲ੍ਹ ਕਿੱਥੇ ਹੁੰਦਾ ਹੈ। ਉਸ ਬੀੜ ਦੀ ਜਾਣਕਾਰੀ ਦਿਉ। ਭਾਈ ਬੰਨੋ ਦੀ ਬੀੜ ਬਾਰੇ ਰੌਸ਼ਨੀ ਪਾਉਂਦੇ ਹੋਏ ਦੱਸੋ ਕਿ ਇਹ ਪਹਿਲੀ ਬੀੜ ਤੋਂ ਕਿਸ ਤਰ੍ਹਾਂ ਭਿੰਨ ਸੀ?
Answer:- ਇਹ ਬੀੜ ਗੁਰ ਹਰਿਗੋਬਿੰਦ ਜੀ ਕੋਲ ਸੀ ਜਦ ਤੱਕ ਉਹ ਕਰਤਾਰਪੁਰ ਰਹੇ। ਜਦ ਗੁਰੂ ਹਰਿਗੋਬਿੰਦ ਜੀ ਕਰਤਾਰਪੁਰ ਤੋਂ ਕੀਰਤਪੁਰ ਗਏ, ਇਹ ਬੀੜ ਉਨ੍ਹਾਂ ਦੇ ਪੋਤੇ ਧੀਰਮਲ ਜੀ ਕੋਲ ਰਹਿ ਗਈ। ਧੀਰਮਲ ਜੀ ਨੇ ਉਸ ਤੋਂ ਬਾਅਦ ਇਹ ਬੀੜ ਕਦੀ ਕਿਸੀ ਨੂੰ ਨਹੀਂ ਦਿੱਤੀ ਤੇ ਅੱਜ ਤੱਕ ਇਹ ਉਨ੍ਹਾਂ ਦੀ ਸੰਤਾਨ ਪਾਸ ਕਰਤਾਰਪੁਰ ਹੀ ਬਿਰਾਜਮਾਨ ਹੈ।
ਇਹ ਬੀੜ ਜਿਲਦ ਬੰਦ ਹੈ ਤੇ ਇਸ ਵਿਚ 975 ਪੰਨੇ ਹਨ। ਪੰਨਾ 541 ਤੇ ਛੇਵੇਂ ਪਾਤਸ਼ਾਹ ਦੇ ਪਵਿੱਤਰ ਹਸਤਾਖਰ ਹਨ। ਸਾਰੀ ਬੀੜ ਇਕੋ ਹੱਥ ਤੇ ਸਿਆਹੀ ਨਾਲ ਲਿਖੀ ਹੋਈ ਹੈ ਤੇ ਪਹਿਲੇ ਚਾਰ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਦੀਆਂ ਤਾਰੀਖਾਂ ਵੀ ਉਸੇ ਸਿਆਹੀ ਵਿਚ ਉਸੇ ਹੱਥ ਦੁਆਰਾ ਲਿਖੀਆਂ ਹੋਈਆਂ ਹਨ। ਪੰਜਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦੀ ਤਿਥੀ ਅਲੱਗ ਸਿਆਹੀ ਵਿਚ ਹੈ ਜੋ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਿਖੀ ਗਈ ਹੋਵੇਗੀ।
ਭਾਈ ਬੰਨੋ ਵਾਲੀ ਬੀੜ
ਇਹ ਬੀੜ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੀ ਮੁੱਖ ਨਕਲ ਹੈ। ਲੱਗਦਾ ਹੈ ਕਿ ਇਹ ਨਕਲ ਉਸ ਵੇਲੇ ਕੀਤੀ ਗਈ ਜਦ ਭਾਈ ਬੰਨੋ ਜੀ ਪਹਿਲੀ ਬੀੜ ਨੂੰ ਜਿਲਦ ਬੰਨ੍ਹਵਾਉਣ ਵਾਸਤੇ ਲਾਹੌਰ ਲੈ ਗਏ ਸਨ। ਇਸ ਬੀੜ ਵਿਚ ਭਾਈ ਬੰਨੋ ਨੇ ਕੁਝ ਵਾਧੇ ਵੀ ਕੀਤੇ ਜਿਸ ਕਰਕੇ ਇਹ ਬੀੜ ਪਰਮਾਣਿਕ ਨਹੀਂ ਰਹੀ ਤੇ ਖਾਰੀ ਬੀੜ ਕਹਿਲਾਈ।
(85) Question:- ਗੁਰੂ ਅਰਜਨ ਦੇਵ ਜੀ ਨੂੰ ਕਿਸ ਗੁਰੂ ਸਾਹਿਬਾਨ ਨੇ ਬਾਣੀ ਦਾ ਬੋਹਿਥਾ ਕਿਹਾ ਸੀ? ਇਹ ਕਥਨ ਕਿਥੋਂ ਤੱਕ ਸੱਚ ਹੈ?
Answer:- ਗੁਰੂ ਅਰਜਨ ਦੇਵ ਜੀ ਬਾਰੇ ਇਹ ਭਵਿੱਖਬਾਣੀ ਉਨ੍ਹਾਂ ਦੇ ਨਾਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ। ਬਾਅਦ ਵਿਚ ਗੁਰੂ ਜੀ ਨੇ ਨਾ ਸਿਰਫ ਆਪ ਬਾਣੀ ਲਿਖੀ ਬਲਕਿ ਸਾਰੇ ਦੇਸ਼ ਵਿਚੋਂ ਉਪਲੱਬਧ ਬਾਣੀ ਦੀ ਪਰਖ ਪੜਚੋਲ ਕਰਕੇ ਉਸਨੂੰ ਆਦਿ ਗ੍ਰੰਥ ਵਿਚ ਸ਼ਾਮਿਲ ਕੀਤਾ। ਗੁਰੂ ਅਰਜਨ ਦੇਵ ਜੀ ਦਾ ਇਹ ਮਹਾਨ ਕੰਮ ਨਿਰਸੰਦੇਹ ਉਨ੍ਹਾਂ ਨੂੰ ਬਾਣੀ ਦਾ ਬੋਹਿਥਾ ਸਾਬਤ ਕਰਦਾ ਹੈ।
(86) Question:- ਗੁਰੂ ਅਰਜਨ ਦੇਵ ਜੀ ਦੀ ਬਾਣੀ ਬਾਰੇ ਵੇਰਵਾ ਦਿਉ।
Answer:- ਗਰੂ ਅਰਜਨ ਦੇਵ ਜੀ ਨੇ ਸਭ ਤੋਂ ਵੱਧ ਬਾਣੀ ਲਿਖੀ ਜੋ ਕਿ 30 ਰਾਗਾਂ ਵਿਚ 2218 ਅਨਮੋਲ ਸ਼ਬਦਾਂ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ। ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਸਾਰੀ ਬਾਣੀ ਦੀ ਅੱਧੀ ਬਾਣੀ ਨਾਲੋਂ ਵੱਧ ਹੈ। ਆਪ ਦੀਆਂ ਪ੍ਰਮੁੱਖ ਬਾਣੀਆਂ ਵਿਚ ਸ਼ਬਦ ਹਜ਼ਾਰੇ, ਬਾਰਹ ਮਾਹਾ ਤੇ ਸੁਖਮਨੀ ਸਾਹਿਬ ਹਨ। ਸੁਖਮਨੀ ਸੱਚਮੁਚ ਸੁਖਾਂ ਦੀ ਮਨੀ ਹੈ ਤੇ ਹਿਰਦੇ ਨੂੰ ਠੰਢ ਪਾਉਂਦੀ ਹੈ। ਇਹ ਆਤਮਾ ਤੇ ਸਰੀਰ ਦੋਨਾਂ ਨੂੰ ਨਿਰੋਗ ਬਣਾਉਂਦੀ ਹੈ।
(87) Question:- ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਬਾਰੇ ਜਾਣਕਾਰੀ ਦਿਉ।
Answer:- ਸੁਖਮਨੀ ਸਾਹਿਬ
ਸੁਖਮਨੀ ਸਾਹਿਬ ਵਿਚ 24 ਅਸਟਪਦੀਆਂ ਹਨ ਤੇ ਹਰ ਅਸਟਪਦੀ ਤੋਂ ਪਹਿਲਾਂ ਇਕ ਸਲੋਕ ਹੈ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਇਨਸਾਨ ਨੂੰ ਪ੍ਰਭੂ ਦੇ ਨਾਮ ਨਾਲ ਜੁੜ ਕੇ ਸੁੱਖਾਂ ਨੂੰ ਮਾਨਣ ਦਾ ਰਾਹ ਦੱਸਿਆ ਹੈ। ਉਨ੍ਹਾਂ ਅਨੁਸਾਰ ਪ੍ਰਭੂ ਦਾ ਨਾਮ ਹੀ ਸਭ ਸੁੱਖਾਂ ਦਾ ਖਜ਼ਾਨਾ ਹੈ ਤੇ ਇਹ ਨਾਮ ਭਗਤ ਜਨਾਂ ਦੇ ਮਨ ਵਿਚ ਰਹਿੰਦਾ ਹੈ। ਮਨ ਦੀ ਸ਼ੁੱਧਤਾ ਤੇ ਜ਼ੋਰ ਦਿੰਦੇ ਹੋਏ, ਮਨ ਨੂੰ ਟਿਕਾਉ ਵਿਚ ਲਿਆਉਣ ਲਈ ਸਭ ਤੋਂ ਵਧੀਆਂ ਸਾਧਨ ਨਾਮ ਸਿਮਰਨ, ਨਾਮ ਜਪਣ ਵਾਲੇ ਦੀ ਮਹਿਮਾ ਅਤ ਨਿਰੰਕਾਰ ਦੀ ਮਹਿਮਾ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਗੁਰੂ ਸਾਹਿਬ ਨੇ ਪਹਿਲੀ ਅਸਟਪਦੀ ਵਿਚ ਹੀ ਪ੍ਰਭੂ ਸਿਮਰਨ ਨਾਲ ਹਾਸਲ ਹੋਣ ਵਾਲੀਆਂ ਨਿਹਮਤਾਂ ਦਾ ਜ਼ਿਕਰ ਕੀਤਾ ਹੈ। ਦੂਸਰੀ ਅਸਟਪਦੀ ਵਿਚ ਵੀ ਪ੍ਰਭੂ ਨਾਮ ਦੀ ਮਹਿਮਾ ਨੂੰ ਬਿਆਨਿਆ ਗਿਆ ਹੈ। ਤੀਸਰੀ ਅਸਟਪਦੀ ਵਿਚ ਨਾਮ ਸਿਮਰਨ ਦੀ ਤੁਲਨਾ ਦੂਜੀਆਂ ਧਾਰਮਿਕ ਵਿਧੀਆਂ ਨਾਲ ਕਰਕੇ ਨਾਮ ਸਿਮਰਨ ਨੂੰ ਹੀ ਸਭ ਤੋਂ ਉਤਮ ਦੱਸਿਆ ਗਿਆ ਹੈ। ਜਿਥੇ ਚੌਥੀ ਅਸਟਪਦੀ ਪ੍ਰਭੂ ਅੱਗੇ ਉਸਦੀ ਕ੍ਰਿਪਾ ਲਈ ਅਰਦਾਸ ਹੈ, ਉਥੇ ਪੰਜਵੀਂ ਅਸਟਪਦੀ ਵਿਚ ਮਨੁੱਖ ਦੀ ਅਕ੍ਰਿਤਘਣਤਾ ਦਾ ਜ਼ਿਕਰ ਕੀਤਾ ਗਿਆ ਹੈ।
'ਗੋਬਿੰਦ ਭਜਨ ਬਿਨੁ ਬ੍ਰਿਥੇ ਸਭ ਕਾਮ' ਦਾ ਸਿੱਟਾ ਕੱਢਦੇ ਹੋਏ ਇਨਸਾਨ ਨੂੰ ਪ੍ਰਭੂ ਦੀ ਕ੍ਰਿਪਾਲਤਾ ਦਾ ਪਾਤਰ ਬਨਣ ਲਈ ਪ੍ਰੇਰਿਆ ਗਿਆ ਹੈ। ਅਗਲੀਆਂ ਕੁਝ ਅਸਟਪਦੀਆਂ ਉਨ੍ਹਾਂ ਢੰਗਾਂ ਨੂੰ ਬਿਆਨ ਕਰਦੀਆਂ ਹਨ ਜਿਨ੍ਹਾਂ ਨਾਲ ਪਰਮਾਤਮਾ ਦੀ ਕ੍ਰਿਪਾ ਪਾਈ ਜਾ ਸਕਦੀ ਹੈ। ਜਿਥੇ ਗੁਰੂ ਸਾਹਿਬ ਨੇ ਸਾਧ ਤੇ ਸੰਗ ਦੀ ਵਡਿਆਈ ਕੀਤੀ ਹੈ, ਉਥੇ ਬ੍ਰਹਮਗਿਆਨੀ ਦੀ ਵਿਆਖਿਆ ਵੀ ਕੀਤੀ ਹੈ। ਮਹਾਂਪੁਰਸ਼ਾਂ ਦੀ ਨਿੰਦਾ ਤੇ ਆਪਣੀ ਵਡਿਆਈ ਇਨਸਾਨ ਦੇ ਐਸੇ ਔਗੁਣ ਹਨ ਜੋ ਉਸਨੂੰ ਪਰਮਾਤਮਾ ਤੋਂ ਦੂਰ ਰੱਖਦੇ ਹਨ। ਮਨੁੱਖ ਕੀ ਟੇਕ ਨੂੰ ਬ੍ਰਿਥੀ ਦੱਸਦੇ ਹੋਏ ਗੁਰੂ ਸਾਹਿਬ ਨੇ ਮਨੁੱਖ ਨੂੰ ਸਭ ਤਰੀਕੇ ਛੱਡ ਕੇ ਪ੍ਰਭੂ ਦੀ ਬਖਸ਼ਿਸ਼ ਲੈਣ ਲਈ ਉਸ ਦੇ ਚਰਨਾਂ ਵਿਚ ਬੇਨਤੀ ਦਾ ਢੰਗ ਸੁਝਾਇਆ ਹੈ। ਜਿੱਥੇ 22ਵੀਂ ਅਸਟਪਦੀ ਪਰਮਾਤਮਾ ਦੀ ਸਰਬ ਵਿਆਪਕਤਾ ਦੇ ਪੱਖ ਨੂੰ ਉਜਾਗਰ ਕਰਦੀ ਹੈ ਅਤੇ ਮਨੁੱਖ ਨੂੰ ਉਸ ਵਾਹਿਗੁਰੂ ਦੇ ਗੁਣ ਗਾ ਕੇ 'ਇਹ ਲੋਕ ਸੁਖੀਏ ਪਰਲੋਕ ਸੁਹੇਲੇ' ਦਾ ਸੁਨੇਹਾ ਦਿੰਦੀ ਹੈ, ਉਥੇ 23ਵੀਂ ਅਸਟਪਦੀ ਮਨੁੱਖ ਨੂੰ ਵਾਹਿਗੁਰੂ ਦੇ ਮੇਲ ਮਿਲਾਪ ਦੇ ਗਿਆਨ ਦਾ ਚਾਨਣ ਪ੍ਰਗਟਾਵਾ ਕਰਦੀ ਹੈ। ਸੁਖਮਨੀ ਸਾਹਿਬ ਦੀ ਆਖਰੀ ਅਸਟਪਦੀ ਵਿਚ ਗੁਰੂ ਮਹਾਰਾਜ ਨੇ ਇਨਸਾਨ ਨੂੰ ਪੂਰੇ ਗੁਰੂ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਤੇ ਸੰਤ ਜਨਾਂ ਦੇ ਦੱਸੇ ਮਾਰਗ ਨਾਲ ਪ੍ਰਭ ਨੂੰ ਪ੍ਰਾਪਤ ਕਰਨ ਦੀ ਨਿਹਮਤ ਨੂੰ ਫੇਰ ਦੁਹਰਾਇਆ ਹੈ।
ਐਸਾ ਮਨੁੱਖ ਜਿਸ ਉਤੇ ਵਾਹਿਗੁਰੂ ਦੀ ਕ੍ਰਿਪਾ ਹੋ ਜਾਂਦੀ ਹੈ ਸਭ ਜੁਗਾਂ ਵਿਚ ਗਤੀ ਪਾਉਂਦਾ ਹੋਇਆ ਤੇ ਸੁਖਾਂ ਦੀ ਮਣੀ ਪ੍ਰਾਪਤ ਕਰਦਾ ਹੈ।
(88) Question:- ਬਾਰਹ ਮਾਹਾ ਤੋਂ ਕੀ ਭਾਵ ਹੈ? ਗੁਰੂ ਗ੍ਰੰਥ ਸਾਹਿਬ ਵਿਚ ਆਏ ਬਾਰਹ ਮਾਹਾ ਦੀ ਜਾਣਕਾਰੀ ਦਿਓ।
Answer:- ਗੁਰੂ ਨਾਨਕ ਦੇਵ ਜੀ ਦਾ ਬਾਰਹ ਮਾਹਾ
ਬਾਰਹ ਮਾਹਾ ਲੋਕ ਕਾਵਿ ਦਾ ਇਕ ਐਸਾ ਰੂਪ ਹੈ ਜਿਸ ਵਿਚ ਬਾਰ੍ਹਾਂ ਮਹੀਨਿਆਂ ਨੂੰ ਉਹਨਾਂ ਦੇ ਮੌਸਮ ਅੁਸਾਰ ਬਿਆਨ ਕਰਦੇ ਹੋਏ ਆਪਣੇ ਪ੍ਰੀਤਮ ਤੋਂ ਵਿਛੜੀ ਹੋਈ ਬ੍ਰਿਹਨੀ ਦੇ ਵਿਯੋਗ ਦਾ ਜ਼ਿਕਰ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਰਹ ਮਾਹਾ ਤੁਖਾਰੀ ਰਾਗ ਵਿਚ ਸ਼ਾਇਦ ਪੰਜਾਬੀ ਸਾਹਿਤ ਦਾ ਪਹਿਲਾ ਬਾਰਹ ਮਾਹਾ ਹੈ ਜਿਸ ਵਿਚ ਪਤੀ ਪਤਨੀ ਦਾ ਬਿੰਬ ਵਰਤ ਕੇ ਜੀਵ-ਆਤਮਾ ਨੂੰ ਪਰਮ-ਆਤਮਾ ਤੋਂ ਵਿਛੜੀ ਹੋਈ ਵਿਖਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਬਾਰਹ ਮਾਹਾ ਵਿਚ ਇਹ ਦਰਸਾਇਆ ਹੈ ਕਿ ਜੀਵ ਆਪਣੇ ਕੀਤੇ ਕਰਤਾਂ ਅਨੁਸਾਰ ਇਸ ਜੱਗ ਵਿਚ ਦੁੱਖ ਭੋਗਦਾ ਹੈ। ਜਦ ਜੀਵ ਤੇ ਸਤਿਗੁਰੂ ਦੀ ਕ੍ਰਿਪਾ ਹੁੰਦੀ ਹੈ ਤਾਂ ਉਸਨੂੰ ਇਹ ਗਿਆਨ ਹੋ ਜਾਦਾ ਹੈ ਤਾਂ ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ। ਜਿਹੜੇ ਜੀਵ ਗੁਰੂ ਉਪਦੇਸ਼ ਨੂੰ ਗ੍ਰਹਿਣ ਕਰਕੇ ਹਉਮੈ ਨੂੰ ਵਿਸਾਰਦੇ ਹਨ ਉਹਨਾਂ ਦੇ ਦੁਨਿਆਵੀ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ ਤੇ ਸਹਿਜ ਅਵੱਸਥਾ ਸ਼ੁਰੂ ਹੋ ਜਾਂਦੀ ਹੈ। ਗੁਰੂ ਜੀ ਨੇ ਕਈ ਤਰ੍ਹਾਂ ਦੇ ਅਲੰਕਾਰ ਵਰਤ ਕੇ ਸ਼ਬਦ ਚਿਤਰਾਂ ਦੁਆਰਾ ਇਸ ਵਿਚਾਰ ਦਾ ਬੜਾ ਹੀ ਸੁੰਦਰ ਵਰਨਣ ਕੀਤਾ ਹੈ। ਉਹਨਾਂ ਦੀ ਭਾਸ਼ਾ ਸੌਖੀ ਤੇ ਆਮ ਲੋਕਾਂ ਦੀ ਸਮਝ ਆਉਣ ਵਾਲੀ ਹੈ।
ਪੰਜਵੇਂ ਗੁਰੂ ਦਾ ਬਾਰਹ ਮਾਹਾ
ਗੁਰੂ ਅਰਜਨ ਦੇਵ ਜੀ ਨੇ ਦੂਸਰਾ ਬਾਰਹ ਮਾਹਾ ਲਿਖਿਆ ਜੋ ਕਿ ਮਾਝ ਰਾਗੁ ਵਿਚ ਹੈ। ਗੁਰੂ ਜੀ ਦੀ ਬੋਲੀ ਵੀ ਬਹੁਤ ਆਸਾਨ ਹੈ। ਗੁਰੂ ਅਰਜਨ ਦੇਵ ਜੀ ਨੇ ਜਨ ਸਧਾਰਨ ਨੂੰ ਫੋਕੇ ਕਰਮ-ਕਾਂਡਾਂ ਵਿਚੋਂ ਕੱਢ ਕੇ ਸੱਚੇ ਮਾਰਗ ਚਲਣ ਦਾ ਰਾਹ ਦੱਸਿਆ ਹੈ। ਉਹਨਾਂ ਦਾ ਕਥਨ ਹੈ, 'ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ' ਗੁਰੂ ਮਹਾਰਾਜ ਨੇ ਹਰ ਮਹੀਨੇ ਬਾਰੇ ਲਿਖਦਿਆਂ ਅੰਤਲੀ ਤੁਕ ਵਿਚ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਬਾਰਹ ਮਾਹਾ ਦਾ ਪਾਠ ਹਰ ਸੰਗਰਾਂਦ ਨੂੰ ਕੀਤਾ ਜਾਂਦਾ ਹੈ। ਇਸ ਤੋਂ ਇਹ ਨਾ ਸਮਝ ਲਿਆ ਜਾਵੇ ਕਿ ਗੁਰੂ ਜੀ ਨੇ ਕੇਵਲ ਸੰਗਰਾਂਦ ਵਾਲੇ ਦਿਨ ਹੀ ਨਾਮ ਜਪਣ ਲਈ ਆਖਿਆ ਹੈ। ਉਹਨਾਂ ਇਹ ਸਪੱਸ਼ਟ ਕੀਤਾ ਹੈ ਕਿ, 'ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ।।' ਜਦ ਉਸਦੀ ਕ੍ਰਿਪਾ ਬੰਦੇ 'ਤੇ ਹੋ ਜਾਂਦੀ ਹੈ ਤਾਂ ਉਸ ਲਈ ਸਭ ਦਿਨ ਇਕੋ ਜਿਹੇ ਹੁੰਦੇ ਹਨ:-
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ।।
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ।। (ਅੰਗ 136)
(89) Question:- ਭਾਈ ਮੰਝ ਜੀ ਤੇ ਭਾਈ ਸਾਲੋ ਜੀ ਕੌਣ ਸਨ? ਉਨ੍ਹਾਂ ਗੁਰੂ ਘਰ ਦੀ ਸੇਵਾ ਕਿਸ ਤਰ੍ਹਾਂ ਕੀਤੀ?
Answer:- ਭਾਈ ਮੰਝ ਜੀ
ਭਾਈ ਮੰਝ ਜੀ ਇਕ ਰਾਜਪੂਤ ਖਾਨਦਾਨ ਵਿਚੋਂ ਸਨ। ਆਪ ਜੀ ਸੁਲਤਾਨ ਸਖੀ ਸਰਵਰ ਦੇ ਚੇਲੇ ਸਨ। ਇਕ ਵਾਰ ਜਦੋਂ ਆਪ ਜੀ ਦੀ ਮੁਲਾਕਾਤ ਗੁਰੂ ਅਰਜਨ ਦੇਵ ਜੀ ਨਾਲ ਹੋਈ ਤਾਂ ਉਹ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਆਪ ਜੀ ਨੂੰ ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਣ ਦੀ ਸੇਵਾ ਦਿੱਤੀ ਗਈ ਸੀ। ਜਿਵੇਂ ਕਿ ਸਾਨੂੰ ਸਰੂਪ ਦਾਸ ਭੱਲਾ ਜੀ ਦੀ ਕਿਤਾਬ 'ਮਹਿਮਾ ਪ੍ਰਕਾਸ਼' ਵਿਚੋਂ ਪਤਾ ਲੱਗਦਾ ਹੈ ਕਿ ਇਕ ਵਾਰ ਆਪ ਲੱਕੜਾਂ ਲਿਆਉਂਦੇ ਹੋਏ ਖੂਹ ਵਿਚ ਡਿੱਗ ਪਏ। ਆਪ ਸਾਰੀ ਰਾਤ ਸਿੱਧੇ ਖੜ੍ਹੇ ਰਹੇ ਤੇ ਲੱਕੜਾਂ ਨੂੰ ਸਿਰ 'ਤੇ ਚੁੱਕੀ ਰੱਖਿਆ ਤਾਂ ਕਿ ਉਹ ਗਿੱਲੀਆਂ ਨਾ ਹੋ ਜਾਣ। ਸਵੇਰੇ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਤੇ ਉਹਨਾਂ ਭਾਈ ਮੰਝ ਜੀ ਨੂੰ ਖੂਹ ਵਿਚੋਂ ਕਢਵਾ ਕੇ ਉਸ ਦੀ ਸੇਵਾ ਦੀ ਸ਼ਲਾਘਾ ਕੀਤੀ। ਭਾਈ ਮੰਝ ਜੀ ਨੂੰ ਬਾਅਦ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਵੀ ਸੇਵਾ ਦਿੱਤੀ ਗਈ। ਆਪ ਜੀ ਇਹ ਪ੍ਰਚਾਰ ਪਿੰਡ ਕੰਗ ਵਿਚ ਕਰਦੇ ਸਨ, ਜਿੱਥੇ ਹੁਣ ਉਹਨਾਂ ਦੀ ਯਾਦ ਵਿਚ ਇਕ ਗੁਰਦੁਆਰਾ ਵੀ ਹੈ।
ਭਾਈ ਸਾਲੋ ਜੀ
ਭਾਈ ਸਾਲੋ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਇਕ ਅਨਿੰਨ ਸਿੱਖ ਸਨ। ਆਪ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਅੰਮ੍ਰਿਤਸਰ ਦੀ ਸਥਾਪਨਾ ਲਈ ਵੱਡੀ ਘਾਲ ਘਾਲੀ। ਹਰਿਮੰਦਰ ਸਾਹਿਬ ਦੀ ਸੇਵਾ ਵਿਚ ਵੀ ਆਪ ਦਾ ਯੋਗਦਾਨ ਸੀ। ਆਪ ਜੀ ਦਾ ਦੇਹਾਂਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਹੋਇਆ ਤੇ ਗੁਰੂ ਜੀ ਨੇ ਆਪ ਆਪਣੇ ਹੱਥੀਂ ਉਹਨਾਂ ਦਾ ਸਸਕਾਰ ਕੀਤਾ। ਉਹਨਾਂ ਦੀ ਯਾਦ ਵਿਚ ਗੁ: ਟੋਬਾ ਭਾਈ ਸਾਲੋ ਅੰਮ੍ਰਿਤਸਰ ਵਿਚ ਸਥਿਤ ਹੈ ਜਿੱਥੇ ਬਹੁਤ ਸਾਰੇ ਸ਼ਰਧਾਲੂ ਦਰਸ਼ਨ ਕਰਨ ਤੇ ਇਸ਼ਨਾਨ ਕਰਨ ਲਈ ਆਉਂਦੇ ਹਨ। ਕਈ ਔਰਤਾਂ ਸੰਤਾਨ ਪ੍ਰਾਪਤੀ ਲਈ ਉਸ ਟੋਬੇ ਵਿਚ ਇਸ਼ਨਾਨ ਕਰਕੇ ਮਨ-ਭਾਉਂਦੀ ਮੁਰਾਦ ਪਾਉਂਦੀਆਂ ਹਨ।
(90) Question:- ਗੁਰੂ ਜੀ ਦੀ ਸ਼ਹੀਦੀ ਦੇ ਕਾਰਨਾਂ ਨੂੰ ਦੱਸਦੇ ਹੋਏ, ਇਸਦੇ ਪ੍ਰਭਾਵ ਦੀ ਵੀ ਜਾਣਕਾਰੀ ਦਿਓ।
Answer:- ਗੁਰੂ ਅਰਜਨ ਦੇਵ ਜੀ ਦੇ ਸਮੇਂ ਗੁਰੂ ਘਰ ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ ਸੀ। 'ਆਦਿ ਗ੍ਰੰਥ' ਦੀ ਰਚਨਾ ਤੇ ਹਰਿਮੰਦਰ ਦਾ ਨਿਰਮਾਣ ਐਸੀਆਂ ਘਟਨਾਵਾਂ ਸਨ ਜਿਨ੍ਹਾਂ ਕਰਕੇ ਗੁਰੂ ਘਰ ਦੇ ਪ੍ਰੇਮੀ ਦੂਰੋਂ-ਦੂਰੋ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ ਤੇ ਇਲਾਹੀ ਬਾਣੀ ਦੇ ਪਾਠ ਤੇ ਕੀਰਤਨ ਦਾ ਆਨੰਦ ਮਾਨਣ ਲੱਗੇ। ਈਰਖਾਵਾਦੀਆਂ ਨੇ ਰਾਜ ਦਰਬਾਰ ਤੱਕ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ 1605 ਵਿਚ ਉਸਦਾ ਪੁੱਤਰ ਜਹਾਂਗੀਰ ਦਿੱਲੀ ਦੀ ਗੱਦੀ 'ਤੇ ਬੈਠਾ। ਉਹ ਕੰਨ ਦਾ ਕੱਚਾ ਸੀ ਤੇ ਗੁਰੂ ਜੀ ਦੇ ਵਿਰੁੱਧ ਗੱਲਾ ਸੁਣ ਕੇ ਵਿਰੋਧੀ ਭਾਵਨਾ ਰੱਖਣ ਲੱਗ ਗਿਆ ਸੀ। ਉਸਦੀ ਪੁਸਤਕ 'ਤੁਜ਼ਕੇ ਜਹਾਂਗੀਰੀ' ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ। ਜਦ ਗੁਰੂ ਜੀ ਨੇ ਸੰਗਤ ਦੇ ਕਹਿਣ ਤੇ ਗੁਰੂ ਹਰਿਗੋਬਿੰਦ ਸਾਹਿਬ ਲਈ ਚੰਦੂ ਲਾਹੌਰ ਦਾ ਰਿਸ਼ਤਾ ਠੁਕਰਾ ਦਿੱਤਾ ਤਾਂ ਚੰਦੂ ਵੀ ਉਨ੍ਹਾਂ ਦਾ ਵੈਰੀ ਹੋ ਗਿਆ। ਚੰਦੂ ਲਾਹੌਰ ਦਾ ਦੀਵਾਨ ਸੀ ਤੇ ਬਾਦਸ਼ਾਹ ਜਹਾਂਗੀਰ ਦੇ ਨੇੜੇ ਸੀ। ਜਦ ਸ਼ਹਿਜ਼ਾਦਾ ਖੁਸਰੋ ਨੇ ਜਹਾਂਗੀਰ ਦੇ ਵਿਰੁੱਧ ਬਗਾਵਤ ਕੀਤੀ ਤੇ ਸ਼ਹਿਜ਼ਾਦਾ ਗੁਰੂ ਜੀ ਨੂੰ ਮਿਲਣ ਆਇਆ ਤਾਂ ਗੁਰੂ ਵਿਰੋਧੀਆਂ ਨੇ ਇਹ ਗੱਲ ਧੁਮਾ ਦਿੱਤੀ ਕਿ ਗੁਰੂ ਜੀ ਨੇ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਕੀਤੀ ਸੀ। ਇਸ ਦੋਸ਼ ਦੇ ਅੰਤਰਗਤ ਗੁਰੂ ਜੀ ਨੂੰ ਸਜ਼ਾ ਦਿੱਤੀ ਗਈ ਤੇ 30 ਮਈ 1606 ਨੂੰ ਲਾਹੌਰ ਵਿਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਅਸਲ ਵਿਚ ਇਸ ਸ਼ਹੀਦੀ ਦਾ ਕਾਰਨ ਉਹ ਸਭ ਲੋਕ ਸਨ, ਜੋ ਗੁਰੂ ਜੀ ਤੋਂ ਈਰਖਾ ਕਰਦੇ ਸਨ। ਜਿਵੇਂ ਕਿ ਬਾਬਾ ਪ੍ਰਿਥੀ ਚੰਦ (ਗੁਰੂ ਜੀ ਦੇ ਵੱਡੇ ਭਰਾ ਜਿਨ੍ਹਾਂ ਨੂੰ ਗੁਰਗੱਦੀ ਨਹੀਂ ਸੀ ਮਿਲੀ) ਤੇ ਧਰਮ ਦੇ ਉਹ ਠੇਕੇਦਾਰ, ਮੌਲਵੀ ਪੰਡਿਤ ਆਦਿ ਜਿਨ੍ਹਾਂ ਨੂੰ ਗੁਰੂ ਜੀ ਦੀ ਵੱਧਦੀ ਹੋਈ ਲੋਕਪ੍ਰਿਯਤਾ ਪਸੰਦ ਨਹੀਂ ਸੀ। ਗੁਰੂ ਜੀ ਦੀ ਸ਼ਹੀਦੀ ਦਾ ਸਾਰੇ ਪੰਜਾਬ ਤੇ ਬਹੁਤ ਡੂੰਘਾ ਅਸਰ ਹੋਇਆ। ਸਿੱਖ ਧਰਮ ਵਿਚ ਭਗਤੀ ਨਾਲ ਸ਼ਕਤੀ ਦਾ ਜੋੜ ਹੋ ਗਿਆ ਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਜ਼ੁਲਮ ਵਿਰੁੱਧ ਲੜਨ ਦੀ ਨੀਤੀ ਨੂੰ ਆਪਣੀ ਧਰਮ ਨੀਤੀ ਦਾ ਇਕ ਅੰਗ ਬਣਾ ਲਿਆ। ਗੋਕਲ ਚੰਦ ਨਾਰੰਗ ਨੇ ਇਸ ਘਟਨਾ ਨੂੰ ਧਰਮ ਨੀਤੀ ਵਿਚ ਆਈ ਤਬਦੀਲੀ ਦਾ ਮੁੱਖ ਕਾਰਨ ਦੱਸਿਆ ਹੈ ਇਸ ਭਗਤੀ ਦੇ ਨਾਲ ਸ਼ਕਤੀ ਦੇ ਸੁਮੇਲ ਦੀ ਨੀਤੀ ਦਾ ਸਿਖਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਖਾਲਸਾ ਪੰਥ ਦੀ ਸਿਰਜਣਾ ਨਾਲ ਹੋਇਆ।